ਓਵਰ ਡੋਜ਼ ਨਾਲ ਮੌਤਾਂ ਦੀ ਗਿਣਤੀ ਵਧੀ
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਵਿੱਚ 25 ਲੱਖ ਤੋਂ ਵੱਧ ਲੋਕ ਨਸ਼ੇ ਦੀ ਆਦਤ ਦਾ ਸ਼ਿਕਾਰ ਹਨ। ਅਖ਼ਬਾਰੀ ਰਿਪੋਰਟਾਂ ਅਨੁਸਾਰ ਨਸ਼ੇ ਦੀ ਓਵਰ ਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ 2017 ਤੋਂ 2021 ਤੱਕ ਦੇ ਚਾਰ ਸਾਲਾਂ ਵਿੱਚ ਨਸ਼ੇ ਨਾਲ 320 ਮੌਤਾਂ ਹੋਈਆਂ।
2020 ਵਿੱਚ ਕਰੋਨਾ ਕਰਕੇ ਜ਼ੀਰੋ ਅੰਕੜਾ ਵਿਖਾਇਆ ਗਿਆ ਹੈ, ਜਦਕਿ 2022 ਤੋਂ ਹੁਣ ਤੱਕ 20 ਮਹੀਨਿਆਂ ਵਿੱਚ ਨਸ਼ੇ ਕਾਰਨ 310 ਮੌਤਾਂ ਹੋ ਚੁੱਕੀਆਂ ਹਨ। ਐਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ ਨਸ਼ਿਆਂ ਨਾਲ ਮਾਲਵਾ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਇੱਥੇ ਪਿਛਲੇ 19 ਮਹੀਨਿਆਂ ਵਿੱਚ 222 ਲੋਕਾਂ ਦੀ ਮੌਤ ਹੋਈ ਹੈ।
ਇਕੱਲੇ ਫਿਰੋਜ਼ਪੁਰ ਵਿੱਚ ਹੀ 56 ਵਿਅਕਤੀਆਂ ਦੀ ਨਸ਼ੇ ਕਾਰਨ ਜਾਨ ਚਲੀ ਗਈ ਹੈ। ਮੋਗਾ ਜ਼ਿਲ੍ਹੇ ਵਿੱਚ 47 ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ਵਿੱਚ ਦੋ ਸਾਲਾਂ ਦੌਰਾਨ 32 ਲੋਕ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਹਨ। ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਨਸ਼ੇ ਨਾਲ ਮਰਨ ਵਾਲੇ ਬਹੁਗਿਣਤੀ ਲੋਕਾਂ ਵਿੱਚ 18 ਤੋਂ 30 ਸਾਲ ਦੇ ਨੌਜਵਾਨ ਹਨ। 2017 ਤੋਂ 2021 ਦਰਮਿਆਨ ਨਸ਼ਿਆਂ ਨਾਲ ਹੋਈਆਂ 320 ਮੌਤਾਂ ਵਿਚੋਂ 14 ਤੋਂ 18 ਸਾਲ ਦੀ ਉਮਰ ਦੇ ਚਾਰ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਪਏ ਹਨ। 136 ਮੌਤਾਂ 18 ਤੋਂ 30 ਸਾਲਾਂ ਦੇ ਨੌਜਵਾਨਾਂ ਦੀਆਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 30 ਤੋਂ 40 ਸਾਲ ਦੇ 62 ਲੋਕਾਂ ਦੀ ਮੌਤ ਨਸ਼ੇ ਨਾਲ ਹੋਈ ਹੈ। ਨਸ਼ੇ ਦੀ ਓਵਰ ਡੋਜ਼ ਨਾਲ ਮਰਨ ਵਾਲੇ 8 ਵਿਅਕਤੀ 45 ਤੋਂ ਸੱਠ ਸਾਲ ਦੀ ਉਮਰ ਦੇ ਹਨ। ਇਸ ਤੋਂ ਇਲਾਵਾ 60 ਸਾਲ ਤੋਂ ਉਪਰ ਦੇ ਲੋਕਾਂ ਦੀਆਂ ਮੌਤਾਂ ਵੀ ਨਸ਼ੇ ਦੀ ਓਵਰ ਡੋਜ਼ ਨਾਲ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਵਿੱਚ 25 ਲੱਖ ਤੋਂ ਵੱਧ ਲੋਕ ਨਸ਼ੇ ਦੀ ਲਪੇਟ ਵਿੱਚ ਹਨ। ਜ਼ਿਲ੍ਹਾ ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਦੀ ਸਥਿਤੀ ਜ਼ਿਆਦਾ ਚਿੰਤਾਜਨਕ ਹੈ। 2022-2023 ਵਿਚਕਾਰ ਇਨ੍ਹਾਂ ਜ਼ਿਲਿ੍ਹਆਂ ਵਿੱਚ 235 ਲੋਕ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 2022 ਵਿੱਚ ਮੋਗਾ, ਫਿਰੋਜ਼ਪੁਰ ਅਤੇ ਬਠਿੰਡਾ ਵਿੱਚ ਕ੍ਰਮਵਾਰ 37, 35, 22 ਲੋਕਾਂ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋਈ। ਸਾਲ 2023 ਵਿੱਚ ਇਨ੍ਹਾਂ ਹੀ ਜ਼ਿਲਿ੍ਹਆਂ ਵਿੱਚ ਕ੍ਰਮਵਾਰ 10, 21, 10 ਲੋਕਾਂ ਦੀ ਮੌਤ ਹੋਈ। ਪਿਛਲੇ ਇੱਕ ਸਾਲ ਵਿੱਚ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲਿ੍ਹਆਂ ਵਿੱਚ 42 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਇਨ੍ਹਾਂ ਦਾਵਿਆਂ ਦੇ ਐਨ ਵਿਚਕਾਰ ਹੋ ਰਿਹਾ ਹੈ, ਜਦੋਂ ਆਖਿਆ ਜਾ ਰਿਹਾ ਹੈ ਕਿ 5 ਜੁਲਾਈ 2022 ਤੋਂ ਹੁਣ ਤੱਕ 3003 ਵੱਡੇ ਸਮਗਲਰਾਂ ਸਮੇਤ ਕੁੱਲ 20979 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ 15434 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 1864 ਵਪਾਰਕ ਤਸਕਰੀ ਨਾਲ ਸਬੰਧਤ ਹਨ। ਪੁਲਿਸ ਨੇ ਸੂਬਾ ਭਰ ਦੇ ਨਸ਼ਾ ਪ੍ਰਭਾਵਤ ਇਲਾਕਿਆਂ ਵਿੱਚ ਮੁਹਿੰਮਾਂ ਚਲਾ ਕੇ 1510.55 ਕਿਲੋਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਸਿੱਟੇ ਵਜੋਂ 15 ਮਹੀਨਿਆਂ ਵਿੱਚ 1658.05 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਇਸ ਬਰਾਮਦਗੀ ਤੋਂ ਇਲਾਵਾ ਪੰਜਾਬ ਵਿੱਚੋਂ 924.29 ਕਿੱਲੋ ਅਫੀਮ, 986.06 ਕਿੱਲੋ ਗਾਂਜਾ, 470.91 ਕੁਇੰਟਲ ਭੁੱਕੀ ਅਤੇ 92.03 ਲੱਖ ਗੋਲੀਆਂ, ਟੀਕੇ ਅਤੇ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਿਛਲੇ ਪੰਦਰਾਂ ਮਹੀਨਿਆਂ ਵਿੱਚ 15.81 ਕਰੋੜ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਵੇਂ ਹੀ ਪਿਛਲੇ ਪੰਦਰਾਂ ਮਹੀਨਿਆਂ ਵਿੱਚ 111 ਵੱਡੇ ਤਸਕਰਾਂ ਦੀਆਂ 88.3 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜਬਤ ਕੀਤੀਆਂ ਗਈਆਂ ਹਨ। ਪੰਜਾਬ ਅਤੇ ਭਾਰਤ ਸਰਕਾਰ ਅਨੁਸਾਰ ਇਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਹੈਰੋਇਨ ਤੇ ਹੋਰ ਸਿੰਥੈਟਿਕ ਨਸ਼ਿਆਂ ਦੇ ਮੁੱਖ ਸਪਲਾਇਰ ਦੇਸ਼ ਹਨ। ਜਿਸ ਰਸਤੇ ਨਸ਼ਾ ਆਉਂਦਾ ਹੈ, ਉਸ ਨੂੰ ਗੋਲਡਨ ਕ੍ਰੇਸੈਂਟ ਦਾ ਨਾਂ ਦਿੱਤਾ ਜਾਂਦਾ ਹੈ। ਉਂਝ ਰਾਜਸਥਾਨ ਦੀ ਸਰਹੱਦ ਵੀ ਪਾਕਿਸਤਾਨ ਨਾਲ ਲੱਗਦੀ ਹੈ। ਸਵਾਲ ਉਠਦਾ ਹੈ ਕਿ ਪਾਕਿਸਤਾਨ ਤੋਂ ਨਸ਼ਾ ਰਾਜਸਥਾਨ ਵਿੱਚ ਕਿਉਂ ਨਹੀਂ ਪਹੁੰਚਦਾ? ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਰਾਜਾਂ ਵਿੱਚ ਅਫੀਮ ਅਤੇ ਡੋਡਿਆਂ ਆਦਿ ‘ਤੇ ਬੈਨ ਨਹੀਂ ਹੈ। ਬਹੁਤੀ ਅਫੀਮ, ਡੋਡੇ ਇਨ੍ਹਾਂ ਰਾਜਾਂ ਵੱਲੋਂ ਪੰਜਾਬ ਵਿੱਚ ਆਉਂਦੇ ਹਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਤੋਂ ‘ਆਪ’ ਦੀ ਸੀਟ ਉਪਰ ਜਿੱਤੇ ਪਾਰਲੀਮੈਂਟ ਮੈਂਬਰ ਧਰਮਵੀਰ ਗਾਂਧੀ ਨੇ ਅਫੀਮ ਅਤੇ ਭੰਗ ਨੂੰ ਪਾਬੰਦੀ ਤੋਂ ਮੁਕਤ ਕਰਨ ਲਈ ਕਿਹਾ ਸੀ। ਉਨ੍ਹਾਂ ਅਨੁਸਾਰ ਅਫੀਮ, ਭੰਗ ਅਤੇ ਡੋਡਿਆਂ ਦਾ ਨਸ਼ਾ ਉਨਾ ਖਤਰਨਾਕ ਨਹੀਂ, ਜਿੰਨੇ ਨਵੇਂ ਕੈਮੀਕਲ ਨਸ਼ੇ ਖਤਰਨਾਕ ਹਨ। ਇਨ੍ਹਾਂ ਨੂੰ ਇੱਕ ਵਾਰ ਲੱਗਾ ਬੰਦਾ ਸਿੱਧਾ ਮੌਤ ਦੇ ਮੂੰਹ ਵਿੱਚ ਜਾਂਦਾ ਹੈ। ਉਨ੍ਹਾਂ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਵੀ ਵਕਾਲਤ ਕੀਤੀ ਸੀ। ਧਰਮਵੀਰ ਗਾਂਧੀ ਅਨੁਸਾਰ ਇਸ ਨਾਲ ਇੱਕ ਪਾਸੇ ਤਾਂ ਪੰਜਾਬ ਵਿੱਚ ਕੈਮੀਕਲ ਨਸ਼ਿਆਂ ਦੀ ਮਾਰ ਘਟੇਗੀ, ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਭਰਵੀਂ ਆਮਦਨ ਹੋਣੀ ਸ਼ੁਰੂ ਹੋਵੇਗੀ।
ਬੱਸ ਵਿੱਚ ਸਿਗਰਟ ਪੀਣ ‘ਤੇ ਪੰਦਰਾਂ ਹਜ਼ਾਰ ਦਾ ਜ਼ੁਰਮਾਨਾ
ਜਨਤਕ ਥਾਂਵਾਂ ‘ਤੇ ਸਿਗਰਟ ਪੀਣਾ ਕਾਨੂੰਨੀ ਅਪਰਾਧ ਹੈ। ਇਸ ‘ਤੇ ਛੋਟੇ ਮੋਟੇ ਜ਼ੁਰਮਾਨੇ ਦੀ ਵੀ ਤਜਵੀਜ਼ ਹੈ। ਹਰਿਆਣਾ ਸਟੇਟ ਟਰਾਂਸਪੋਰਟ ਦੇ ਡਰਾਈਵਰਾਂ ਵੱਲੋਂ ਸਿਗਰਟ ਪੀਣ ‘ਤੇ ਅਸ਼ੋਕ ਕੁਮਾਰ ਪਰਜਾਪਤੀ ਵੱਲੋਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿੱਚ ਤਿੰਨ ਵੱਖ-ਵੱਖ ਕੇਸ ਕਰ ਦਿੱਤੇ ਗਏ। ਇਸ ‘ਤੇ ਫੈਸਲਾ ਦਿੰਦਿਆਂ ਖਪਤਕਾਰ ਕਮਿਸ਼ਨ ਨੇ ਸ਼ਿਕਾਇਤ ਕਰਨ ਵਾਲੀ ਸਵਾਰੀ ਨੂੰ ਹਰ ਕੇਸ ਵਿੱਚ 5-5 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਬੱਸਾਂ ਵਿੱਚ ਸਿਗਰਟ ਪੀਣ ਕਾਰਨ ਹਰਿਆਣਾ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਨੂੰ 15 ਹਜ਼ਾਰ ਰੁਪਏ ਜ਼ੁਰਮਾਨਾ ਭੁਗਤਣਾ ਪਿਆ। ਪਰਜਾਪਤੀ ਨੇ ਦੋਸ਼ ਲਾਇਆ ਕਿ ਵੱਖ-ਵੱਖ ਮੌਕਿਆਂ ‘ਤੇ ਤਿੰਨ ਬੱਸਾਂ ਵਿੱਚ ਸਫਰ ਕਰਨ ਵੇਲੇ ਸਾਥੀ ਸਵਾਰੀਆਂ ਅਤੇ ਡਰਾਈਵਰ ਕੰਡਕਟਰਾਂ ਵੱਲੋਂ ਸਿਗਰਟ ਪੀਣ ਕਰਕੇ ਉਸ ਨੂੰ ਬੇਹੱਦ ਘੁਟਣ, ਪ੍ਰੇਸ਼ਾਨੀ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪਿਆ। ਇਹ ਫੈਸਲਾ ਜਸਟਿਸ ਸੁਦੀਪ ਆਹਲੂਵਾਲੀਆ ਵੱਲੋਂ 17 ਅਕਤੂਬਰ ਨੂੰ ਦਿੱਤਾ ਗਿਆ।