ਉਜਾਗਰ ਸਿੰਘ
ਫੋਨ: +91-9417813072
ਪੰਜਾਬੀ ਪੱਤਰਕਾਰੀ ਵਿੱਚ ਸਾਹਿਤਕ ਸ਼ਬਦਾਵਲੀ ਦੀਆਂ ਫੁੱਲਝੜੀਆਂ ਰਾਹੀਂ ਵਿਅੰਗ ਦੇ ਤੁਣਕੇ ਲਗਾਉਣ ਵਾਲੇ ਨਾਮਵਰ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਫੋਰ ਇਨ ਵਨ ਯਾਨਿ ਪੱਤਰਕਾਰ, ਲੇਖਕ, ਪੇਂਟਰ ਅਤੇ ਗਾਇਕ ਸਨ। ਪੰਜਾਬੀ ਪੱਤਰਕਾਰੀ ਵਿੱਚ ਉਹ ਨਵਾਂ ਕੀਰਤੀਮਾਨ ਸਥਾਪਤ ਕਰ ਗਏ ਹਨ। ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ਲਗਪਗ ਅੱਧੀ ਸਦੀ ਆਪਣੇ ਵਡਮੁੱਲੇ ਵਿਚਾਰਾਂ ਵਾਲੀਆਂ ਸੰਪਾਦਕੀਆਂ, ਲੇਖਾਂ ਅਤੇ ਖ਼ਬਰਾਂ ਰਾਹੀਂ ਪੰਜਾਬੀਆਂ ਨੂੰ ਆਪਣੇ ਜਮਹੂਰੀ ਹੱਕਾਂ ਲਈ ਲਾਮਬੰਦ ਹੋਣ ਲਈ ਪ੍ਰੇਰਦੇ ਰਹੇ।
ਉਹ ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਠੋਸ ਇਰਾਦੇ ਵਾਲੇ ਪ੍ਰੰਤੂ ਹਸਮੁੱਖ ਸੁਭਾਅ ਦੇ ਮਾਲਕ ਸਨ, ਜੋ ਨੌਜਵਾਨ ਪੱਤਰਕਾਰਾਂ ਲਈ ਹਮੇਸ਼ਾ ਪ੍ਰੇਰਨਾ-ਸਰੋਤ ਬਣੇ ਰਹਿਣਗੇ। ਉਨ੍ਹਾਂ ਨੇ ਅਨੇਕਾਂ ਨੌਜਵਾਨ ਪੱਤਰਕਾਰਾਂ ਨੂੰ ਪੱਤਰਕਾਰੀ ਦੀ ਗੁੜ੍ਹਤੀ ਦੇ ਕੇ ਨਿਰਪੱਖਤਾ ਨਾਲ ਪੱਤਰਕਾਰੀ ਕਰਨ ਦੀ ਸਿੱਖਿਆ ਦਿੱਤੀ। ਅੱਜ ਉਨ੍ਹਾਂ ਦੇ ਬਣਾਏ ਦਰਜਨਾਂ ਤੋਂ ਵੱਧ ਪੱਤਰਕਾਰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ‘ਨਵਾਂ ਜ਼ਮਾਨਾ’ ਅਖ਼ਬਾਰ ਨੂੰ ਉਨ੍ਹਾਂ ਦੇ ਸਮੇਂ ਪੱਤਰਕਾਰੀ ਦੀ ਨਰਸਰੀ ਦੇ ਤੌਰ `ਤੇ ਜਾਣਿਆਂ ਜਾਂਦਾ ਸੀ। ਉਹ ਇੱਕ ਸੁਹਿਰਦ ਤੇ ਨੇਕ ਇਨਸਾਨ ਸਨ। ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਅਮਲੇ ਤੋਂ ਕੰਮ ਕਰਵਾਉਣ ਸਮੇਂ ਉਨ੍ਹਾਂ ਕਦੇ ਵੀ ਸਖ਼ਤੀ ਨਹੀਂ ਵਰਤੀ, ਸਗੋਂ ਹਰ ਕੰਮ ਚੁਟਕਲਿਆਂ, ਲਤੀਫ਼ਿਆਂ ਅਤੇ ਹਾਸੇ-ਠੱਠਿਆਂ ਦੀਆਂ ਛਹਿਬਰਾਂ ਲਾਉਂਦਿਆਂ ਸਹਿਜੇ ਹੀ ਕਰਵਾ ਲੈਂਦੇ ਸਨ। ਸਹਿਜ ਰਹਿਣਾ ਅਤੇ ਸਟਾਫ਼ ਨੂੰ ਸਹਿਜ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ਕਿਸੇ ਵੀ ਕੰਮ ਨੂੰ ਜਲਦਬਾਜ਼ੀ ਵਿੱਚ ਨਹੀਂ ਸਨ ਕਰਦੇ। ਉਹ ਫੁਰਤੀਲੇ ਬਹੁਤ ਸਨ। ਕਾਫ਼ੀ ਸਮਾਂ ਉਹ ਨਵਾਂ ਜ਼ਮਾਨਾ ਅਖ਼ਬਾਰ ਦੇ ਦਫ਼ਤਰ ਵਿੱਚ ਹੀ ਰਹਿੰਦੇ ਰਹੇ ਸਨ। ਉਨ੍ਹਾਂ ਦਾ ਆਪਣੇ ਕਿੱਤੇ ਵਿੱਚ ਮੁਹਾਰਤ ਹਾਸਲ ਕਰਨ ਦਾ ਮੁੱਖ ਕਾਰਨ ਉਨ੍ਹਾਂ ਦਾ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੀਆਂ ਪੁਸਤਕਾਂ ਪੜ੍ਹਦੇ ਰਹਿਣਾ ਸੀ, ਜਿਸ ਕਰਕੇ ਉਨ੍ਹਾਂ ਦੀ ਸ਼ਬਦਾਵਲੀ ਦਾ ਭੰਡਾਰ ਵਿਸ਼ਾਲ ਹੁੰਦਾ ਰਿਹਾ।
ਸ. ਜ਼ੀਰਵੀ ਨੇ ਆਪਣਾ ਪੱਤਰਕਾਰੀ ਦਾ ਕੈਰੀਅਰ 1954-55 ਵਿੱਚ ‘ਲੋਕ ਯੁਗ’ ਪੇਪਰ ਦੀ ਸੰਪਾਦਨਾ ਤੋਂ ਸ਼ੁਰੂ ਕੀਤਾ। ਦੋ ਸਾਲ ਉਹ ਇਹ ਪੇਪਰ ਪ੍ਰਕਾਸ਼ਿਤ ਕਰਦੇ ਰਹੇ, ਪ੍ਰੰਤੂ ਆਰਥਿਕ ਮਜਬੂਰੀਆਂ ਕਰਕੇ ਦੋ ਸਾਲ ਬਾਅਦ ਉਨ੍ਹਾਂ ਇਹ ਪੇਪਰ ਬੰਦ ਕਰ ਦਿੱਤਾ। ਫਿਰ ਉਨ੍ਹਾਂ ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ਸਬ-ਐਡੀਟਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਖ਼ਬਰਾਂ ਅਤੇ ਲੇਖਾਂ ਦੇ ਸਿਰਲੇਖ ਬਣਾਉਣ ਦੇ ਵੀ ਉਨ੍ਹਾਂ ਨੂੰ ਮਾਹਿਰ ਗਿਣਿਆਂ ਜਾਂਦਾ ਸੀ। ਭਾਵੇਂ ਉਹ ਆਪਣੀ ਪਾਰਟੀ ਅਤੇ ਅਖ਼ਬਾਰ ਦੀ ਨੀਤੀ ਪ੍ਰਤੀ ਬਚਨਵੱਧ ਸਨ, ਪ੍ਰੰਤੂ ਉਹ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਖ਼ਬਰਾਂ ਅਤੇ ਲੇਖ ਲਗਾਉਣ ਨੂੰ ਤਰਜ਼ੀਹ ਦਿੰਦੇ ਸਨ। ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਅਤੇ ਖ਼ਬਰਾਂ ਪ੍ਰਕਾਸ਼ਿਤ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰਦੇ ਸਨ। ਉਹ ਅਖ਼ਬਾਰ ਵਿੱਚ ਸਨਸਨੀਖੇਜ ਖ਼ਬਰਾਂ ਲਾਉਣ ਤੋਂ ਵੀ ਪ੍ਰਹੇਜ ਕਰਦੇ ਸਨ। ਉਨ੍ਹਾਂ ਦੀ ਅਨੁਵਾਦ ਕਰਨ ਦੀ ਕਲਾ ਵੀ ਕਮਾਲ ਦੀ ਸੀ। ਅੱਜ ਕਲ੍ਹ ਤਾਂ ਭਾਵੇਂ ਕੰਪਿਊਟਰ ਆ ਗਏ ਹਨ, ਪ੍ਰੰਤੂ ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਸਬ-ਐਡੀਟਰ ਹੀ ਕਰਦੇ ਸਨ। ਟੈਲੀਪ੍ਰਿੰਟਰ ਦਾ ਜ਼ਮਾਨਾ ਸੀ। ਖ਼ਬਰਾਂ ਅੰਗਰੇਜ਼ੀ ਵਿੱਚ ਟੈਲੀਪ੍ਰਿੰਟਰ ‘ਤੇ ਆਉਂਦੀਆਂ ਸਨ, ਤੁਰੰਤ ਉਨ੍ਹਾਂ ਦਾ ਅਨੁਵਾਦ ਕਰਨਾ ਹੁੰਦਾ ਸੀ। ਸੁਰਜਨ ਸਿੰਘ ਜ਼ੀਰਵੀ ਬਹੁਤ ਤੇਜੀ ਨਾਲ ਅਤੇ ਸਹੀ ਅਨੁਵਾਦ ਕਰਦੇ ਸਨ। ਉਹ ਦ੍ਰਿੜ੍ਹਤਾ, ਅਨੁਸ਼ਾਸਨ, ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੇ ਮੁਜੱਸਮਾ ਸਨ। ਇਸ ਕਰਕੇ ਉਨ੍ਹਾਂ ਨੂੰ ‘ਅਨੁਵਾਦ ਕਰਨ ਵਾਲੀ ਮਸ਼ੀਨ’ ਕਿਹਾ ਜਾਂਦਾ ਸੀ।
ਸੁਰਜਣ ਜ਼ੀਰਵੀ ਭਾਰਤੀ ਕਮਿਊਨਿਸਟ ਪਾਰਟੀ ਦੇ ਸਰਗਰਮ ਕਾਰਕੁੰਨ ਸਨ। ਪੰਜਾਬੀ ਭਾਵੇਂ ਉਨ੍ਹਾਂ 9ਵੀਂ ਕਲਾਸ ਤੋਂ ਹੀ ਪੜ੍ਹਨੀ ਸ਼ੁਰੂ ਕੀਤੀ ਸੀ, ਪ੍ਰੰਤੂ ਉਨ੍ਹਾਂ ਦੇ ਸੰਪਾਦਕੀ ਅਤੇ ਲੇਖਾਂ ਦੀ ਸ਼ਬਦਾਵਲੀ ਪੰਜਾਬੀ ਦੇ ਪ੍ਰਬੁੱਧ ਲਿਖਾਰੀ ਹੋਣ ਦਾ ਪ੍ਰਮਾਣ ਦਿੰਦੀ ਸੀ। ਸੁਰਜਨ ਜ਼ੀਰਵੀ ਇੱਕ ਸੁਲਝੇ ਹੋਏ ਪੱਤਰਕਾਰ ਹੋਣ ਦੇ ਨਾਲ ਬੁੱਧੀਜੀਵੀ ਲੇਖਕ ਵੀ ਸਨ, ਜਿਨ੍ਹਾਂ ਦੀਆਂ ਦੋ ਪੁਸਤਕਾਂ ‘ਇਹ ਹੈ ਬਾਰਬੀ ਸੰਸਾਰ’ ਅਤੇ ‘ਆਓ ਸੱਚ ਜਾਣੀਏਂ’ ਹਨ। ‘ਇਹ ਹੈ ਬਾਰਬੀ ਸੰਸਾਰ’ ਪੁਸਤਕ ਪਾਠਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ। ਇਨ੍ਹਾਂ ਦੋਹਾਂ ਪੁਸਤਕਾਂ ਦੇ ਵਿਸ਼ੇ ਬੜੇ ਖ਼ਤਰਨਾਕ ਹਨ, ਪ੍ਰੰਤੂ ਉਨ੍ਹਾਂ ਨੂੰ ਬਹੁਤ ਹੀ ਸਲੀਕੇ ਨਾਲ ਲਿਖਿਆ ਗਿਆ ਹੈ।
ਸੁਰਜਨ ਸਿੰਘ ਜ਼ੀਰਵੀ ਦੇ ਵਿਅੰਗਾਂ ਦੇ ਤੀਰ ਵੀ ਤਿੱਖੇ, ਪ੍ਰੰਤੂ ਸਹਿਣਯੋਗ ਹੁੰਦੇ ਸਨ। ਉਹ ਨਿਡਰ ਹੋ ਕੇ ਲੇਖ ਲਿਖਦੇ ਸਨ, ਭਾਵੇਂ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ‘ਇਹ ਹੈ ਬਾਰਬੀ ਸੰਸਾਰ’ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਸਿਲੇਬਸ ਵਿੱਚ ਲਗਾਈ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਲੇਖ ਤੇ ਸੰਪਾਦਕੀਆਂ ਲਿਖੀਆਂ, ਪ੍ਰੰਤੂ ਕੁਝ ਉਨ੍ਹਾਂ ਦੇ ਲੇਖ ਚਰਚਾ ਦਾ ਵਿਸ਼ਾ ਬਣ ਰਹੇ, ਜਿਨ੍ਹਾਂ ਵਿੱਚ ‘ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ’, ‘ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ’, ‘ਖ਼ੂਬਸੂਰਤੀ ਦੇ ਮੁਖੌਟੇ ਪਿੱਛੇ ਲੁਕੀ ਦਰਿੰਦਗੀ’, ‘ਦੋ ਗੱਲਾਂ’, ‘ਮੇਰੀ ਪੱਤਰਕਾਰੀ ਦੇ ਰੰਗ’ ਅਤੇ ‘ਸਾਡਾ ਦੇਸ਼ ਬੀਮਾਰ ਹੈ’ ਆਦਿ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ।
ਉਨ੍ਹਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਵਰਕਰ ਹੋਣ ਦੇ ਨਾਤੇ ਰੂਸ ਦੀ ਦੋ ਵਾਰ ਯਾਤਰਾ ਵੀ ਕੀਤੀ। ਪੰਜਾਬੀ ਸੂਬੇ ਦੇ ਮੋਰਚੇ ਵਿੱਚ ਵੀ ਉਹ ਕਾਫ਼ੀ ਸਰਗਰਮ ਰਹੇ, ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ। ਉਨ੍ਹਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਨਿਵਾਜਿਆ ਸੀ। ਇਕਬਾਲ ਮਾਹਲ ਅਤੇ ਜੋਗਿੰਦਰ ਕਲਸੀ ਨੇ ਸੁਰਜਨ ਸਿੰਘ ਜ਼ੀਰਵੀ ਦੇ ਪੱਤਰਕਾਰੀ ਵਿੱਚ ਪਾਏ ਯੋਗਦਾਨ ਲਈ ‘ਵਿਯਨਜ਼ ਆਫ਼ ਪੰਜਾਬ’ ਨਾਮ ਦੀ ਦਸਤਾਵੇਜ਼ੀ ਫਿਲਮ ਬਣਾਈ ਹੈ। ਉਨ੍ਹਾਂ ਨੂੰ ਕੈਨੇਡਾ ਦੀ ਵਿਰਾਸਤ ਪੀਸ ਸੰਸਥਾ ਵੱਲੋਂ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਵੀ ਕੀਤਾ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਜਗਜੀਤ ਸਿੰਘ ਆਨੰਦ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਸੀ।
ਸੁਰਜਨ ਜ਼ੀਰਵੀ ਦਾ ਜਨਮ ਪਿਤਾ ਬਲਵੰਤ ਸਿੰਘ ਠੇਕੇਦਾਰ ਅਤੇ ਮਾਤਾ ਹਰਨਾਮ ਕੌਰ ਦੇ ਘਰ ਪਹਿਲੀ ਦਸੰਬਰ 1929 ਨੂੰ ਹੋਇਆ ਸੀ। ਉਹ ਦੋ ਭਰਾ ਅਤੇ ਚਾਰ ਭੈਣਾਂ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਸਾਹਿਤਕ ਰੁਚੀਆਂ ਵਾਲਾ ਅਤੇ ਕਲਾ ਪ੍ਰੇਮੀ ਸੀ। ਉਨ੍ਹਾਂ ਦਾ ਭਰਾ ਜਗਜੀਤ ਸਿੰਘ ਜ਼ੀਰਵੀ ਪੰਜਾਬੀ ਕਵੀ ਤੇ ਸੁਰੀਲਾ ਗਾਇਕ ਸੀ। ਉਨ੍ਹਾਂ ਦੇ ਬਹਿਨੋਈ ਡਾ. ਜਸਵੰਤ ਸਿੰਘ ਨੇਕੀ ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ ਅਤੇ ਪੰਜਾਬੀ ਦੇ ਚੋਟੀ ਦੇ ਕਵੀ ਸਨ। ਸੁਰਜਨ ਜ਼ੀਰਵੀ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਜੀਰਾ ਵਿੱਚ ਕੀਤੀ ਸੀ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਥੋੜ੍ਹਾ ਸਮਾਂ ਪੰਜਾਬ ਸਰਕਾਰ ਦੇ ਸਿਵਲ ਸਪਲਾਈ ਵਿਭਾਗ ਵਿੱਚ ਨੌਕਰੀ ਵੀ ਕੀਤੀ। ਉਨ੍ਹਾਂ ਦੀ ਸੋਚ ਨੂੰ ਸਰਕਾਰੀ ਨੌਕਰੀ ਰਾਸ ਨਹੀਂ ਆਈ। ਉਸ ਤੋਂ ਬਾਅਦ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਗਏ। ਪਾਰਟੀ ਲਈ ਉਨ੍ਹਾਂ ਦ੍ਰਿੜ੍ਹਤਾ ਅਤੇ ਬਚਨਵੱਧਤਾ ਨਾਲ ਕੰਮ ਕੀਤਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਵਫ਼ਾਦਾਰ ਜਰਨੈਲ ਦੀ ਤਰ੍ਹਾਂ ਕੰਮ ਕਰਦੇ ਰਹੇ। ਉਨ੍ਹਾਂ ਨੂੰ ‘ਨਵਾਂ ਜ਼ਮਾਨਾ’ ਅਖ਼ਬਾਰ ਦੀ ਦਿੱਖ ਅਤੇ ਛਪਾਈ ਸੁਚੱਜੇ ਢੰਗ ਨਾਲ ਕਰਵਾਉਣ ਦਾ ਮਾਣ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਅਖ਼ਬਾਰ ਬੁਲੰਦੀਆਂ ‘ਤੇ ਪਹੁੰਚਿਆ। ਸੰਪਾਦਕ ਦੇ ਤੌਰ ‘ਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਦਾ ਪ੍ਰਮਾਣ ਉਨ੍ਹਾਂ ਦੀਆਂ ਸੰਪਾਦਕੀਆਂ ਤੋਂ ਪਤਾ ਲਗਦਾ ਸੀ। ਸ਼ੁਰੂ ਵਿੱਚ ਸੁਰਜਨ ਜ਼ੀਰਵੀ ਕਵਿਤਾਵਾਂ ਵੀ ਲਿਖਦੇ ਰਹੇ। ਇਸ ਕਰਕੇ ਉਨ੍ਹਾਂ ਦੀ ਵਾਰਤਕ ਦੀ ਸ਼ੈਲੀ ਵੀ ਕਾਵਿਕ ਹੁੰਦੀ ਸੀ। ਗ਼ਜ਼ਲਾਂ ਤੇ ਗੀਤ ਗਾਉਣ ਦਾ ਸ਼ੌਕ ਸੀ। ਉਹ ਵਿਹਲੇ ਸਮੇਂ ਗੀਤ ਗੁਣਗੁਣਾਉਂਦੇ ਰਹਿੰਦੇ ਸਨ। ਉਹ ਪੇਂਟਿੰਗ ਵੀ ਕਰਦੇ ਸਨ। ਉਨ੍ਹਾਂ ਨੂੰ ਗੁੱਸਾ ਬਿਲਕੁਲ ਹੀ ਨਹੀਂ ਆਉਂਦਾ ਸੀ। ਉਹ ਸ਼ਾਂਤ ਸੁਭਾਅ ਦੇ ਮਾਲਕ ਸਨ। ਕਿਸੇ ਵੀ ਉਲਝਣ ਜਾਂ ਔਖੇ ਸਮੇਂ ਆਪਣੀ ਛੁਰਲੀ ਛੱਡ ਕੇ ਵਾਤਾਵਰਨ ਨੂੰ ਸੁਖਾਵਾਂ ਬਣਾ ਦਿੰਦੇ ਸਨ। ਅਸਧਾਰਨ ਗੱਲ ਨੂੰ ਵੀ ਸਾਧਾਰਨ ਢੰਗ ਨਾਲ ਲਿਖਣ ਦੇ ਮਾਹਿਰ ਸਨ। 22 ਮਾਰਚ 1960 ਨੂੰ ਉਨ੍ਹਾਂ ਦਾ ਪਿਆਰ ਵਿਆਹ ਅੰਮ੍ਰਿਤ ਨਾਲ ਹੋਇਆ। ਅੰਮ੍ਰਿਤ ਬੀ.ਏ., ਬੀ.ਐਡ ਅਧਿਆਪਕ ਸੀ। ਸੁਰਜਨ ਜ਼ੀਰਵੀ ਭਾਰਤੀ ਕਮਿਊਨਿਸਟ ਪਾਰਟੀ ਦਾ ਹੋਲ ਟਾਈਮ ਵਰਕਰ ਸੀ। ਵਿਆਹ ਦੇ ਮੌਕੇ ਉਸ ਨੂੰ ਸਿਰਫ 50 ਰੁਪਏ ਮਹੀਨਾ ਮਿਲਦਾ ਸੀ। ਲੋੜਾਂ ਘਟਾ ਕੇ ਘੱਟ ਆਮਦਨ ਨਾਲ ਗੁਜ਼ਾਰਾ ਕਰਨ ਦੀ ਕਲਾ ਸੁਰਜਨ ਜ਼ੀਰਵੀ ਤੋਂ ਸਿੱਖਣੀ ਚਾਹੀਦੀ ਹੈ। ਉਨ੍ਹਾਂ ਨੇ ਸਬਰ ਸੰਤੋਖ ਨਾਲ ਆਪਣਾ ਜੀਵਨ ਸਫਰ ਪੂਰਾ ਕੀਤਾ। ਅਧਿਆਪਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਵੀ ਸੁਰਜਨ ਜ਼ੀਰਵੀ ਦੇ ਨਾਲ ਹੀ ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ਬਤੌਰ ਸਬ-ਐਡੀਟਰ ਕੰਮ ਕੀਤਾ। ਕੈਨੇਡਾ ਪਰਵਾਸ ਕਰਨ ਤੋਂ ਬਾਅਦ ਅੰਮ੍ਰਿਤ ਉਥੇ ਸੈਟਲਮੈਂਟ ਕਾਊਂਸਲਰ ਵਜੋਂ ਵੀ ਸਰਗਰਮ ਰਹੇ। ਉਨ੍ਹਾਂ ਦੇ ਇੱਕ ਲੜਕੀ ਸੀਰਤ ਹੈ। ਇਸ ਸਮੇਂ ਸੁਰਜਨ ਜ਼ੀਰਵੀ ਟਰਾਂਟੋ ਵਿਖੇ ਆਪਣੀ ਪਤਨੀ ਅੰਮ੍ਰਿਤ ਲੜਕੀ ਸੀਰਤ ਅਤੇ ਜਵਾਈ ਨਵਤੇਜ ਸਿੰਘ ਨਾਲ ਰਹਿ ਰਹੇ ਸਨ। ਦੇਸ਼ ਦੀ ਵਿਗੜਦੀ ਹਾਲਤ ਬਾਰੇ ਉਹ ਕਾਫ਼ੀ ਚਿੰਤਾਤੁਰ ਸਨ। ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਦੀ ਫਰਾਖਦਿਲੀ ਅਤੇ ਹਾਸੇ-ਮਖੌਲ ਦੀ ਪ੍ਰਵਿਰਤੀ ਬਿਮਾਰੀ ਦੌਰਾਨ ਵੀ ਬਰਕਰਾਰ ਰਹੀ। ਸ਼ਾਇਰੀ ਦੇ ਸ਼ੌਕੀਨ ਸਨ, ਹਮੇਸ਼ਾ ਸ਼ੇਅਰ ਸੁਣਾਉਂਦੇ ਰਹਿੰਦੇ ਸਨ। ਸੁਰਜਨ ਸਿੰਘ ਜ਼ੀਰਵੀ 1990 ਵਿੱਚ ਪਰਿਵਾਰ ਸਮੇਤ ਕੈਨੇਡਾ ਪਰਵਾਸ ਕਰ ਗਏ ਸਨ। 33 ਸਾਲ ਕੈਨੇਡਾ ਵਿੱਚ ਪਰਵਾਸ ਕਰਨ ਤੋਂ ਬਾਅਦ ਉਹ 24 ਅਕਤੂਬਰ 2023 ਨੂੰ ਟੋਰਾਂਟੋ ਵਿਖੇ ਸਵਰਗ ਸਿਧਾਰ ਗਏ।