‘ਹੋਪ ਇਨੀਸ਼ੀਏਟਿਵ’ ਸਰਕਾਰ ਦਾ ਹਾਂਮੁਖੀ ਪ੍ਰਭਾਵ ਕਾਇਮ ਰੱਖਣ ਦਾ ਯਤਨ
ਜੇ. ਐਸ. ਮਾਂਗਟ
ਚੰਡੀਗੜ੍ਹ: ਬੀਤੀ 18 ਅਕਤੂਬਰ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਹੋਰ ਮੰਤਰੀਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਲੈ ਕੇ ਹਰਿਮੰਦਰ ਸਾਹਿਬ ਵਿਖੇ ਨਸ਼ਾ ਵਿਰੋਧੀ ‘ਦਾ ਹੋਪ ਇਨੀਸ਼ੀਏਟਿਵ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤਕਰੀਬਨ 35 ਹਜ਼ਰ ਵਿਦਿਆਰਥੀ ਅਤੇ ਵਿਦਿਆਰਥਣਾਂ ਪੀਲੀਆਂ ਪੱਗਾਂ ਅਤੇ ਪੀਲੇ ਦੁੱਪਟੇ ਲਈਂ ਅਰਦਾਸ ਵਿੱਚ ਸ਼ਾਮਲ ਹੋਏ।
ਭਾਵੇਂ ਇਹ ਐਕਸ਼ਨ ਸਰਕਾਰ ਨੇ ਉਦੋਂ ਲਿਆ, ਜਦੋਂ ਪੰਜਾਬ ਵਿੱਚ ਨਸ਼ਿਆਂ ਖਾਸ ਕਰਕੇ ਕੈਮੀਕਲ ਨਸ਼ਿਆਂ ਦਾ ਪਸਾਰਾ ਵਧਣ ਵਾਲੇ ਪਾਸੇ ਤੁਰ ਪਿਆ ਹੈ। ਇਸ ਮੁੱਦੇ ਨੇ ਕੁਝ ਸਮਾਂ ਪਹਿਲਾਂ ਉਦੋਂ ਸੋਸ਼ਲ ਮੀਡੀਆ ਖੇਤਰ ਵਿੱਚ ਸੁਰਖੀਆਂ ਮੱਲੀਆਂ ਜਦੋਂ ਮਾਨਸਾ ਵਿੱਚ ਇੱਕ ਨੌਜੁਆਨ ਪਰਮਿੰਦਰ ਸਿੰਘ ‘ਝੋਟਾ’ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਰਵਾਈ ਕਰਦਿਆਂ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਦਾਅਵਾ ਕੀਤਾ। ਉਸ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਦੇ ਦੌਰ ਵਿੱਚ ਨਸ਼ਾ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਉਸ ਦੇ ਕਥਨ ਅਨੁਸਾਰ ਸਕੂਲੀ ਬੱਚੇ, ਇੱਥੋਂ ਤੱਕ ਕਿ ਕੁੜੀਆਂ ਵੀ ਨਸ਼ੇ ਦੀ ਮਾਰ ਹੇਠ ਆਉਣ ਲੱਗੀਆਂ ਹਨ। ਆਪਣੀ ਇਸ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਝੋਟਾ ਕਈ ਨਸ਼ਾ ਵੇਚਣ ਵਾਲਿਆਂ ਨਾਲ ਛਿੱਤਰ ਪੌਲਾ ਵੀ ਹੋ ਜਾਂਦਾ। ਨਸ਼ਾ ਵੇਚਣ ਵਾਲੇ ਕਿਸੇ ਮੈਡੀਕਲ ਦੁਕਾਨ ਦੇ ਮਾਲਕ ਦੇ ਗਲ ਵਿੱਚ ਉਸ ਨੇ ਛਿੱਤਰਾਂ ਦਾ ਹਾਰ ਪਾ ਕੇ ਪ੍ਰੇਡ ਕਰਵਾ ਦਿੱਤੀ। ਇਸ ਘਟਨਾ ਨੂੰ ਆਧਾਰ ਬਣਾ ਮਾਨਸਾ ਜ਼ਿਲ੍ਹੇ ਦੀ ਪੁਲਿਸ ਨੇ ਉਸ ਦਾ ਘਰ ਹਾਰਡ ਕੋਰ ਕਰੀਮੀਨਲਾਂ ਵਾਂਗ ਘੇਰਿਆ ਅਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ। ਇਸ ਕੇਸ ਨਾਲ ਨਸ਼ੇ ਦੇ ਪਸਾਰੇ ਦਾ ਮੁੱਦਾ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਦੇ ਕੇਂਦਰ ਵਿੱਚ ਆ ਗਿਆ।
ਫਿਰ ਤਰਨਤਾਰਨ ਖੇਤਰ ਵਿੱਚ ਨਜਾਇਜ਼ ਰੇਤ ਖਣਨ ਦਾ ਮੁੱਦਾ ਸਾਹਮਣੇ ਆਇਆ, ਜਿਸ ਵਿੱਚ ਇੱਕ ‘ਆਪ’ ਐਮ.ਐਲ.ਏ. ਦੇ ਰਿਸ਼ਤੇਦਾਰ ਸ਼ਾਮਲ ਸਨ। ਸਥਾਨਕ ਪੁਲਿਸ ਵਲੋਂ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਰੱਟਾ ਵੀ ਅਖਬਾਰਾਂ ਦੀ ਸੁਰਖੀਆਂ ਬਣ ਗਿਆ। ਹੁਣ ਇਹ ਤੱਥ ਵੀ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਕਿ ਖਣਨ ਵਿੱਚੋਂ 20,000 ਕਰੋੜ ਦੀ ਸਾਲਾਨਾ ਆਮਦਨ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਵੀ ਖਣਨ ਦੇ ਕਾਲੇ ਧੰਦੇ ਨੂੰ, ਨਾ ਸਿਰਫ ਰੋਕਣ ਵਿੱਚ ਨਾਕਾਮਯਾਬ ਰਹੀ ਸਗੋਂ ਇਸ ਦੇ ਵਿਧਾਨ ਸਭਾ ਮੈਂਬਰਾਂ ਦੇ ਇਸ ਵਿੱਚ ਸ਼ਾਮਲ ਹੋਣ ਦਾ ਸੱਚ ਵੀ ਸਾਹਮਣੇ ਆ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਵੀ ਗੈਰ-ਕਾਨੂੰਨੀ ਖਣਨ ਕਰਵਾਉਣ ਦੇ ਕਥਿਤ ਦੋਸ਼ ਲੱਗੇ ਹਨ। ਉਪਰੋਕਤ ਘਟਨਾਵਾਂ ਦੱਸਦੀਆਂ ਹਨ ਕਿ ਪੌਣੇ ਕੁ ਦੋ ਸਾਲ ਦਾ ਸਮਾਂ ਬੀਤਣ ਪਿੱਛੋਂ ਹੀ ‘ਕੱਟੜ ਇਮਾਨਦਾਰਾਂ ਦੀ ਸਰਕਾਰ’ ਕਾਲੇ ਲੂਣ ਦੀਆਂ ਖਾਣਾਂ ਵਿੱਚ ਲੂਣ ਹੋਣ ਵੱਲ ਵਧ ਰਹੀ ਹੈ। ਇਸ ਦੇ ਬਾਵਜੂਦ ਕਿ ‘ਆਪ’ ਕੋਲ ਸਰਕਾਰ ਹਾਲੇ, ਅੱਧ-ਪਚੱਧੀ ਸਟੇਟ ਦਿੱਲੀ ਅਤੇ ਪੰਜਾਬ ਵਿੱਚ ਹੀ ਹੈ। ਦਿੱਲੀ ਦੇ ਤਖਤ ਦੀ ਟੀਸੀ ‘ਤੇ ਪਹੁੰਚਣ ਦਾ ਪੈਂਡਾ ਹਾਲੇ ਬਹੁਤ ਦੂਰ ਹੈ; ਜਿਸ ‘ਤੇ ਸਿਰਫ ਖਾਲੀ ਇਸ਼ਤਿਹਾਰ ਬਾਜ਼ੀ ਦੀ ਬੱਕੀ ‘ਤੇ ਸਵਾਰ ਹੋ ਕੇ ਨਹੀਂ ਪਹੁੰਚਿਆ ਜਾਣਾ। ਇੱਕ ਨਵੀਂ ਪਾਰਟੀ ਨੂੰ ਆਪਣੇ ਪ੍ਰਚਾਰ ਨਾਲ ਮੇਲ ਖਾਂਦੀ ਕਾਰਗੁਜ਼ਾਰੀ ਦੇ ਟੈਸਟ ਵਿੱਚੋਂ ਵੀ ਗੁਜ਼ਰਨਾ ਪਵੇਗਾ, ਪਰ ਬਹੁਤ ਅਲੱੜ੍ਹ ਉਮਰ ਵਿੱਚ ਹੀ ਆਮ ਆਦਮੀ ਪਾਰਟੀ ਨੇ ਪੁਰਾਣੀਆਂ ਪਾਰਟੀਆਂ ਦੀ ਭ੍ਰਿਸ਼ਟਾਚਾਰ ਨਾਲ ਲੱਥਪੱਥ ਲੀਹ ਫੜਨ ਵਾਲਾ ਚਾਲਾ ਫੜ ਲਿਆ ਹੈ। ਆਪਣੇ ਭ੍ਰਿਸ਼ਟ ਕਾਡਰ ਦੀ ਰਾਖੀ ਕਰਨ ਦੇ ਰਾਹ ਵੀ ਤੁਰ ਪਈ ਹੈ। ਤਰਨਤਾਰਨ ਵਾਲਾ ਖਣਨ ਕਿੱਸਾ ਇਸ ਦੀ ਉਦਾਹਰਣ ਹੈ, ਜਿੱਥੇ ਗੈਰ-ਕਾਨੂੰਨੀ ਖਣਨ ਨੂੰ ਰੋਕਣ ਵਾਲੇ ਪੁਲਿਸ ਅਫਸਰ ਦਾ ਤਬਾਦਲ ਕਰ ਦਿੱਤਾ ਗਿਆ ਹੈ। ਇਸ ਦਾ ਕੀ ਅਰਥ ਲਈਏ? ਖਣਨ ਵਾਲੀ ਰੇਤਲੀ ਨਦੀ ਵੀ ਸੱਤਾ ਦੀਆਂ ਪਹਾੜੀ ਪੌੜੀਆਂ ਚੜ੍ਹਨ ਲੱਗੀ ਹੈ। ਇਹੋ ਜਿਹਾ ਹੀ ਸਵਾਲ ਨਸ਼ੇ ਦਾ ਹੈ। ਕੀ ਨਸ਼ੇ ਨਾਲ ਪੰਜਾਬ ਦੀ ਜਵਾਨੀ ਦਾ ਨਸਲਘਾਤ ਜਾਰੀ ਰੱਖਣ ਦੇ ਕਾਰੋਬਾਰ ਵਿੱਚ ਨਵੀਂ ਪਾਰਟੀ ਵੀ ਸ਼ਾਮਲ ਹੋ ਗਈ ਹੈ? ‘ਹੋਪ ਇਨੀਸ਼ੀਏਟਵ’ ਵਰਗੇ ਉਪਰਾਲੇ ਆਪਣੀ ਡਿੱਗ ਰਹੀ ਸ਼ਾਖ ਨੂੰ ਠੁੰਮਣਾ ਦੇਣ ਲਈ ਹਨ? ਜੇ ਨਹੀਂ, ਤਾਂ ਉਪਰੋਕਤ ਮਾਮਲਿਆਂ ‘ਤੇ ਪੰਜਾਬ ਸਰਕਾਰ ਨੂੰ ਗੰਭੀਰ ਕਦਮ ਚੁੱਕਣੇ ਪੈਣਗੇ। ਕਾਨੂੰਨ ਦਾ ਡੰਡਾ ਸਿਰਫ ਬਿਗਾਨਿਆਂ ਲਈ ਨਹੀਂ, ਆਪਣਿਆਂ ਖਿਲਾਫ ਵੀ ਖੜਕਾਉਣਾ ਪਵੇਗਾ। ਇਸ ਦੇ ਉਲਟ ਤੁਰਿਆਂ ਸਿਆਸੀ ਵਾਟ ਅਯਾਸ਼ ਤੇ ਹੋ ਸਕਦੀ ਹੈ, ਲੰਮੀ ਨਹੀਂ।
ਯਾਦ ਰਹੇ, 1993-94 ਵਿੱਚ ਪੰਜਾਬ ਅੰਦਰ ਖਾੜਕੂ ਲਹਿਰ ਦੇ ਪਤਨ ਤੋਂ ਬਾਅਦ ਦੋ ਬੀਮਾਰੀਆਂ ਇੱਕ ਲਹਿਰ ਦੇ ਰੂਪ ਵਿੱਚ ਫੈਲੀਆਂ। ਇੱਕ ਪਾਸੇ ਸਰਕਾਰੀ ਸਰਪ੍ਰਸਤੀ ਵਿੱਚ ਮੜ੍ਹੀਆਂ-ਮਸਾਣਾਂ, ਮਜ਼ਾਰਾਂ ਅਤੇ ਅਖੌਤੀ ਪੀਰਾਂ-ਫਕੀਰਾਂ ਦੀਆਂ ਥਾਂਵਾਂ-ਕੁਥਾਂਵਾਂ ‘ਤੇ ਗਾਉਣ ਵਾਲਿਆਂ ਤੇ ਗਾਉਣ ਵਾਲੀਆਂ ਦੇ ਮੇਲੇ ਲੱਗਣ ਲੱਗੇ, ਦੂਜੇ ਪਾਸੇ ਇੱਕ ਔਖੇ ਦੌਰ ਦੀ ਭੰਨੀ ਪੰਜਾਬ ਦੀ ਰੂਹ ਨਸ਼ੇ ਨਾਲ ਸੁਸਤਾਉਣ ਲੱਗੀ। ਹੌਲੀ ਹੌਲੀ ਇਹ ਸੁਸਤੀ ਜ਼ਮੀਰਾਂ ਨੂੰ ਸੁਲਾ ਦੇਣ ਵਾਲੀ ਗੂੜ੍ਹੀ ਨੀਂਦ ਦੇ ਹਵਾਲੇ ਹੋ ਗਈ। ਬਾਅਦ ਵਿੱਚ ਮੌਤ ਨੂੰ ਗਲੇ ਲਗਾਉਣ ਤੱਕ ਚਲੀ ਗਈ। ਨਸ਼ਾ ਹਰ ਉੱਖੜੀ ਜਵਾਨ ਰੂਹ ਦੀ ਪਨਾਹਗਾਹ ਬਣ ਗਿਆ ਅਤੇ ਇਸ ਪਨਾਹਗਾਹ ਵਿੱਚ ਨਵੇਂ-ਨਵੇਂ ਉਭਰੇ ਗਾਇਕਾਂ ਦੀਆਂ ਵਿਗੜੈਲ ਹੇਕਾਂ ਉਨ੍ਹਾਂ ਦੀ ਪਿੱਠ ਥਾਪੜਨ ਲੱਗੀਆਂ।
ਮਾਰਚ 2017 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਪ੍ਰਾਪਤ ਹੋ ਗਿਆ ਸੀ। ਇਸ ਵਾਰ ਦੀ ਚੋਣ ਮੁਹਿੰਮ ਵਿੱਚ ਨਸ਼ਾ ਵੱਡਾ ਮੁੱਦਾ ਬਣ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਮੁਹਿੰਮ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ ਸੀ। ਇਸ ਜਿੱਤ ਤੋਂ ਪਹਿਲਾਂ ਚੱਲੀ ਚੋਣ ਮੁਹਿੰਮ ਵਿੱਚ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਫੈਲੇ ਕੈਮੀਕਲ ਨਸ਼ਿਆਂ ਦਾ ਮੁੱਦਾ ਅਤੇ ਮਾਲਵੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮੁੱਖ ਮੁੱਦੇ ਬਣ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ ਵਿੱਚ ਲੈ ਕੇ ਬੇਅਦਬੀ ਦੇ ਮੁੱਦੇ ‘ਤੇ ਇਨਸਾਫ ਦੇਣ ਅਤੇ ਨਸ਼ੇ ਦੇ ਪਸਾਰੇ ਨੂੰ ਸਰਕਾਰ ਬਣਨ ਦੇ ਪਹਿਲੇ ਛੇ ਮਹੀਨੇ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ, ਪਰ ਇਹ ਦੋਨੋਂ ਵਾਅਦੇ ਵਫਾ ਨਾ ਹੋਏ।
ਫਿਰ ਇਸੇ ਦੌਰਾਨ ਲੱਗੇ ਕਿਸਾਨ ਮੋਰਚੇ ਨੇ ਸਾਰੀ ਸਿਆਸਤ ਇੱਕ ਸਮੇਂ ਬੇਅਸਰ ‘ਤੇ ਬੇਪਰਦ ਕਰ ਦਿੱਤੀ। ਪੰਜਾਬ ਦੇ ਕਿਸਾਨਾਂ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਹੋਰ ਲੋਕਾਂ ਅਤੇ ਜਵਾਨੀ ਦੇ ਚਿਹਰਿਆਂ ਉੱਪਰ ਇੱਕ ਖੇੜਾ ਦਿਸਣ ਲੱਗਾ। ਲੱਗਾ ਜਿਵੇਂ ਪੰਜਾਬ ਨਿਰਾਸ਼ਾ ਅਤੇ ਨਸ਼ਿਆਂ ਦੀ ਅੰਨ੍ਹੀ ਗੁਫਾ ਵਿੱਚੋਂ ਬਾਹਰ ਆ ਗਿਆ ਹੋਵੇ। ਨਸ਼ਿਆਂ ਕਾਰਨ ਮੌਤਾਂ ਦੀਆਂ ਖ਼ਬਰਾਂ ਘਟਣ ਲੱਗੀਆਂ, ਜਵਾਨੀ ਨੂੰ ਜਿਵੇਂ ਜਿਊਣ ਦਾ ਆਹਰ ਮਿਲ ਗਿਆ ਹੋਵੇ। ਮੌਜੂਦਾ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਕੁਝ ਹੀ ਮਹੀਨੇ ਪਹਿਲਾਂ ਇਹ ਕਿਸਾਨ ਮੋਰਚਾ ਆਪਣੇ ਟੀਚੇ ‘ਤੇ ਪੁੱਜਾ ਅਤੇ ਪੰਜਾਬ ਵਿੱਚ ਕਿਸੇ ਸਿਆਸੀ ਬਦਲ ਦੀ ਆਸ ਪਨਪਣ ਲੱਗੀ, ਪਰ ਮੋਰਚਾ ਖਤਮ ਹੁੰਦਿਆਂ ਹੀ ਕਿਸਾਨ ਆਗੂ ਖੱਖੜੀਆਂ ਕਰੇਲੇ ਹੋ ਗਏ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਇੱਕ ਧਿਰ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ, ਪਰ ਬਾਅਦ ਵਿੱਚ ਰਾਜੇਵਾਲ ਦੇ ਨਾਲ ਲੱਗੇ ਗਰੁੱਪ ਹੌਲੀ-ਹੌਲੀ ਕਿਰਨ ਲੱਗੇ ਅਤੇ ਅਖੀਰ ਵਿੱਚ ਉਹ ਇਕੱਲਾ ਹੀ ਰਹਿ ਗਿਆ। ਜੁੰਡੀ ਦੇ ਯਾਰ ਪੱਤਰੇ ਵਾਚ ਗਏ ਸਨ ਅਤੇ ਚੋਣਾਂ ਵਾਲੀ ਬਾਜੀ ਆਮ ਆਦਮੀ ਪਾਰਟੀ ਦੇ ਹੱਥ ਲੱਗ ਗਈ। ਰਵਾਇਤੀ ਪਾਰਟੀਆਂ ਵਿਰੁੱਧ ਲੋਕਾਂ ਦੀ ਬੇਚੈਨੀ ‘ਆਪ’ ਲਈ ਨਿਆਮਤ ਸਿੱਧ ਹੋਈ। ਇਸ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਇਨਸਾਫ ਅਤੇ ਨਸ਼ੇ ਨੂੰ ਜੜ੍ਹਾਂ ਤੋਂ ਪੁੱਟਣ ਦੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸਨ। ਬੋਲਣ ਅਤੇ ਟੋਟਕੇ ਘੜਨ ਦੀ ਕਲਾ ਦੇ ਮਾਹਿਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ, ਪਰ ਇਸ ਸਰਕਾਰ ਦੇ ਪੌਣੇ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਉਪਰੋਕਤ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ। ਇਨਸਾਫ ਦੀ ਉਡੀਕ ਦਾ ਅੰਤ ਹੁੰਦਾ ਹਾਲੇ ਵੀ ਵਿਖਾਈ ਨਹੀਂ ਦੇ ਰਿਹਾ।