ਸਿਹਤ ਲਈ ਜਾਣਕਾਰੀ
ਡਾ. ਹਰਬੰਸ ਕੌਰ ਦਿਓਲ
“ਚੰਨੀਏ, ਅੰਦਰ ਲੰਘ ਆ। ਆਹ ਤਾਂ ਬਹੁਤ ਹੀ ਚੰਗਾ ਕੀਤਾ ਤੂੰ ਆ ਗਈ, ਮੈਂ ਤਾਂ ਕਈ ਸੁਨੇਹੇ ਭੇਜੇ ਸੀ ਤੇਰੇ ਵੱਲ। ਮੇਰੀਆਂ ਤਾਂ ਅੱਖਾਂ ਤਰਸ ਗਈਆਂ ਤੈਨੂੰ ਦੇਖਣ ਨੂੰ, ਅੱਜ ਖੁੱਲ੍ਹ ਕੇ ਗੱਲਾਂ ਕਰਨੀਆਂ ਨੇ ਮੈਂ ਤੇਰੇ ਨਾਲ।… ਪ੍ਰੀਤ ਵਧੀਆ ਜਿਹੀ ਚਾਹ ਬਣਾ ਕੇ ਲਿਆ ਮੇਰੀ ਧੀ ਲਈ।” ਚਾਚੀ ਨੇ ਇੱਕੋ ਸਾਹ ਵਿੱਚ ਕਿਹਾ।
“ਚਾਚੀ ਸੁੱਖ-ਸਾਂਦ ਹੈ? ਮੈਨੂੰ ਤਾਂ ਕੰਮਾਂ ਨੇ ਐਨਾ ਘੇਰਿਆ, ਬਸ ਵਿਹਲ ਹੀ ਨਹੀਂ ਮਿਲੀ।” ਚੰਨੀ ਨੇ ਦੇਹਲੀ ਲੰਘਦਿਆਂ ਕਿਹਾ।
“ਕੀ ਦੱਸਾਂ! ਮੈਨੂੰ ਤਾਂ ਪ੍ਰੀਤ ਦਾ ਫਿਕਰ ਵੱਢ ਵੱਢ ਖਾਈ ਜਾਂਦਾ, ਸਮਝ ਨਹੀਂ ਆਉਂਦਾ ਕਿੱਥੋਂ ਸ਼ੁਰੂ ਕਰਾਂ!… ਲੈ ਸੁਣ, ਮੈਂ ਗਈ ਸੀ ਪੇਕਿਆਂ ਨੂੰ, ਕਈ ਮਹੀਨੇ ਲੱਗ ਗਏ ਉੱਥੇ।”
“ਆਹਾ! ਚਾਚੀ ਤਾਂ ਵੋਕੇਸ਼ਨ `ਤੇ ਜਾ ਕੇ ਆਈ ਐ।”
“ਨੀਂ ਕੇਸ਼ਨ ਕੂਸਨ ਕਾਹਦੀ! ਮੈਂ ਤਾਂ ਕਿਸ਼ਨੇ ਵੀਰੇ ਦੀ ਖਬਰ ਨੂੰ ਗਈ ਸੀ, ਜਾ ਕੇ ਫਸ ਗਈ। ਭਾਬੀ ਨੇ ਜ਼ਬਰਦਸਤੀ ਰੋਕ ਲਿਆ, ਕਹਿੰਦੀ ਥੋੜ੍ਹੇ ਦਿਨਾਂ ਲਈ ਹੱਥ ਵਟਾ ਕੇ ਜਾਈਂ। ਇੱਕ ਹਫਤਾ, ਦੋ ਹਫਤੇ, ਮਹੀਨੇ- ਦਿਨਾਂ ਦੇ ਨਿਕਲਦਿਆਂ ਪਤਾ ਹੀ ਨਹੀਂ ਲੱਗਿਆ। ਦੋ-ਤਿੰਨ ਮਹੀਨੇ ਲੰਘ ਗਏ, ਸ਼ੁਕਰ ਰੱਬ ਦਾ, ਵੀਰਾ ਠੀਕ ਐ ਹੁਣ। ਜਿੱਦਣ ਮੁੜ ਕੇ ਆਈ, ਘਰ ਵੜਦੀ ਨੂੰ ਹਨੇਰਾ ਹੋ ਗਿਆ ਸੀ। ਵਿਹੜੇ ਵਿੱਚ ਵੱਡਾ ਸਾਰਾ ਡਰੰਮ ਜਿਹਾ ਪਿਆ ਸੀ। ਮੈਨੂੰ ਰਾਤ ਨੂੰ ਦਿਸਦਾ ਘੱਟ ਐ। ਚਿੱਤ ਵਿੱਚ ਆਇਆ, ਮੁੰਡੇ ਨੇ ਇਹ ਕੀ ਬੇ-ਅਕਲੀ ਕੀਤੀ ਹੈ, ਵਿਹੜੇ ਦੇ ਵਿਚਾਲੇ ਹੀ ਰੱਖ ਦਿੱਤਾ। ਜਦੋਂ ਮੈਂ ਅੱਗੇ ਨੂੰ ਹੋਈ ਤਾਂ ਥੋੜ੍ਹੀ ਹਿਲਜੁਲ ਹੋਈ, ਫਿਰ ਆਵਾਜ਼ ਆਈ। ਉਹ ਨਿਕਲੀ ਪ੍ਰੀਤ। ਮੈਂ ਤਾਂ ਸੁੰਨ ਜਿਹੀ ਹੋ ਗਈ, ਪ੍ਰੀਤ ਦਾ ਤਾਂ ਪ੍ਰੀਤਾ ਬਣ ਗਿਆ ਦੋ-ਤਿੰਨ ਮਹੀਨੇ ਵਿੱਚ। ਸੱਚੀਂ! ਬਿਲਕੁਲ ਭੜੋਲਾ ਲੱਗਦੀ ਸੀ।
ਰੱਬ ਜਾਣੇ ਕੀ ਕੀ ਖਾਂਦੀ ਰਹੀ ਸੀ ਇਹ!
ਚੰਨੀ, ਹੁਣ ਇਹਦਾ ਕੀ ਬਣੂ? ਇਸ ਉਮਰ `ਚ ਹੀ ਇਹਦਾ ਇਹ ਹਾਲ ਹੈ?” ਮੱਥੇ `ਤੇ ਹੱਥ ਮਾਰ ਕੇ ਚਾਚੀ ਨੇ ਕਿਹਾ।
“ਮੈਂ ਤਾਂ ਬਹੁਤ ਡਰ ਗਈ। ਲੈ ਕੇ ਗਈ ਡਾਕਦਾਰ ਦੇ, ਆਹ ਆਪਣੇ ਨੇੜੇ ਈ ਹੈ ਉਹ! ਕਹਿੰਦਾ, ਇਹਦੀ ਚਰਬੀ ਵਧਦੀ ਹੈ ਅਤੇ ਖੂਨ `ਚ ਸ਼ੂਗਰ ਵਧੀ ਹੋਈ ਹੈ। ਜੜੀ-ਬੂਟੀ ਕੋਈ ਦਿੱਤੀ ਨਹੀਂ। ਇਹ ਤਾਂ ਦੇਖਣ ਤੋਂ ਪਤਾ ਲੱਗਦਾ ਇਹਦੀ ਚਰਬੀ ਵਧਦੀ ਐ, ਤੂੰ ਕਿਹੜਾ ਤੀਰ ਮਾਰਿਆ? ਮੈਂ ਕਿਹਾ ਉਹਨੂੰ, ਮੈਂ ਤਾਂ ਡੋਰ ਤੇਰੇ `ਤੇ ਛੱਡ`ਤੀ, ਕਰ ਕੁਝ ਇਹਦਾ!” ਚਾਚੀ ਨੇ ਸਾਰੀ ਵਾਰਤਾ ਸੁਣਾ ਦਿੱਤੀ।
“ਦੀਦੀ ਮੈਂ ਤਾਂ ਖਾਣਾ ਵੀ ਅੱਧਾ ਕਰ ਦਿੱਤਾ ਏ ਅਤੇ ਰੋਜ਼ ਇੱਕ ਮੀਲ ਤੋਂ ਜ਼ਿਆਦਾ ਤੁਰਦੀ ਹਾਂ, ਕੋਈ ਫ਼ਰਕ ਈ ਨਹੀਂ ਪੈ ਰਿਹਾ।” ਪ੍ਰੀਤ ਨੇ ਮੇਜ਼ `ਤੇ ਡਰਦੀ ਡਰਦੀ ਨੇ ਚਾਹ ਰੱਖਦਿਆਂ ਕਿਹਾ।
“ਚੰਨੀਏ, ਸਾਰਾ ਦਿਨ ਚਰਦੀ ਰਹਿੰਦੀ ਹੈ, ਜਦੋਂ ਦੇਖੋ ਫਰਿਜ `ਚ ਵੜੀ ਹੁੰਦੀ ਹੈ। ਤੁਰਦੀ ਦੀ ਧਮਕ ਗੁਆਂਢੀਆਂ ਦੇ ਸੁਣਦੀ ਹੋਣੀ ਹੈ? ਮੈਂ ਕਿਹਾ, ਤੂੰ ਤਾਂ ਫਰਸ਼ ਵਿੱਚ ਟੋਏ ਪਾ ਦੇਣੇ ਨੇ, ਮੂੰਹ `ਤੇ ਤਾਂ ਕਾਬੂ ਹੈ ਨਹੀਂ ਭੋਰਾ!” ਚਾਚੀ ਦੇ ਬੋਲਾਂ ਵਿੱਚ ਫਿਕਰ ਵੀ ਸੀ।
“ਆ ਬੈਠ, ਆਪਾਂ ਇਹਦਾ ਹੱਲ ਕੱਢੀਏ।” ਚੰਨੀ ਨੂੰ ਪ੍ਰੀਤ ਦੀ ਬੇਵਸੀ ਦਾ ਅਹਿਸਾਸ ਹੋ ਰਿਹਾ ਸੀ।
“ਇਹ ਤਾਂ ਬਿਮਾਰੀ ਹੈ, ਇਸ ਨੂੰ ਮੈਟਾਬੌਲਿਕ ਸਿੰਡਰੋਮ (Metabolic Syndrome) ਕਹਿੰਦੇ ਨੇ। ਇਸ ਦਾ ਕਾਰਨ ਹੈ ਕਿ ਇਨਸੁਲਿਨ (Insulin) ਆਪਣਾ ਕੰਮ ਕਰਨ ਦੇ ਅਸਮਰਥ ਹੋ ਜਾਂਦੀ ਹੈ, ਜਿਸ ਨੂੰ ਇਨਸੁਲਿਨ ਰਜਿਸਟੈਂਸ (Insulin Resistance) ਕਹਿੰਦੇ ਹਨ, ਜੋ ਸਾਰੀ ਬਿਮਾਰੀਆਂ ਦੀ ਜੜ ਹੈ। ਜੇ ਆਪਾਂ ਸਿਹਤਮੰਦ (Healthy) ਖੁਰਾਕ ਖਾਈਏ ਤਾਂ ਖੁਰਾਕ ਹਜ਼ਮ ਹੋ ਕੇ ਖੂਨ ਵਿੱਚ ਚਲੀ ਜਾਂਦੀ ਹੈ। ਜ਼ਿਆਦਾ ਤੌਰ `ਤੇ ਗੁਲੂਕੋਜ਼ ਬਣ ਕੇ ਇਨਸੁਲਿਨ ਇਸ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਦੇ ਸੈੱਲਾਂ ਤੱਕ ਪਹੁੰਚਾ ਦਿੰਦੀ ਹੈ। ਜੋ ਫਾਲਤੂ ਹੁੰਦੀ ਹੈ, ਉਹ ਲਿਵਰ ਵਿੱਚ ਜਮ੍ਹਾਂ ਹੋ ਜਾਂਦੀ ਹੈ- ਗਲਾਈਕੋਜਨ ਜਾਂ ਫੈਟ ਬਣ ਕੇ। ਜਦੋਂ ਆਪਾਂ ਨਹੀਂ ਖਾਂਦੇ ਜਾਂ ਕਸਰਤ ਵੇਲੇ ਜਾਂ ਨੀਂਦ ਵੇਲੇ ਇਹ ਸਟੋਰ ਕੀਤੀ ਫੈਟ ਅਤੇ ਗਲਾਈਕੋਜਨ ਸਰੀਰ ਨੂੰ ਐਨਰਜੀ ਦਿੰਦੀ ਹੈ। ਜੇ ਆਪਾਂ ਅਲਟਰਾਰਿਫਾਇੰਡ (Ultrarefined) ਖੁਰਾਕ ਖਾਈਏ ਜਾਂ ਜ਼ਰੂਰਤ ਤੋਂ ਜ਼ਿਆਦਾ ਜਾਂ ਮੁੜ-ਮੁੜ ਕੇ ਖਾਂਦੇ ਜਾਈਏ ਅਤੇ ਆਪਣੀਆਂ ਅੰਤੜੀਆਂ ਦੇ ਚੰਗੇ ਕੀਟਾਣੂ ਆਪਣਾ ਕੰਮ ਕਰਨ ਦੇ ਕਾਬਿਲ ਨਾ ਹੋਣ ਤਾਂ ਜ਼ਿਆਦਾ ਫੈਟ ਲਿਵਰ ਵਿੱਚ, ਚਮੜੀ ਦੇ ਥੱਲੇ ਅਤੇ ਪੇਟ ਵਿੱਚ ਜਮ੍ਹਾਂ ਹੋ ਜਾਂਦੀ ਹੈ ਤੇ ਫੈਟੀ ਲਿਵਰ ਆਪਣਾ ਕੰਮ ਨਹੀਂ ਨਿਭਾਅ ਸਕਦਾ।”
“ਦੀਦੀ ਇਸ ਕਰਕੇ ਕੀ ਦਿੱਕਤ ਆਉਂਦੀ ਏ?”
“ਪ੍ਰੀਤ, ਜੋ ਸਰੀਰ ਵਿੱਚ ਟੌਕਸਨਜ਼ (Toxins) ਹੁੰਦੀਆਂ ਹਨ, ਉਹ ਬਾਹਰ ਨਹੀਂ ਨਿਕਲਦੀਆਂ ਅਤੇ ਮੈਟਾਬੋਲਿਸਮ `ਤੇ ਭਾਰੀ ਅਸਰ ਹੁੰਦੈ। ਜਿਉਂ ਜਿਉਂ ਚਰਬੀ ਜਮ੍ਹਾਂ ਹੁੰਦੀ ਜਾਂਦੀ ਹੈ, ਬੰਦਾ ਮੋਟਾ ਹੋਈ ਜਾਂਦੈ। ਇਸ ਉੱਤੇ ਕਾਬੂ ਨਾ ਕਰੀਏ ਤਾਂ ਹੋਰ ਬਿਮਾਰੀਆਂ- ਜਿਸ ਤਰ੍ਹਾਂ ਸ਼ੂਗਰ, ਕੋਲੈਸਟਰੋਲ (Cholesterol) ਬਲੱਡ ਪ੍ਰੈਸ਼ਰ, ਜੋੜਾਂ ਦੀਆਂ, ਦਿਲ ਦੀਆਂ ਅਤੇ ਕੈਂਸਰ ਵਗੈਰਾ ਹੋ ਜਾਂਦੀਆਂ ਹਨ। ਸ਼ੂਗਰ ਜ਼ਿਆਦਾ ਹੋਣ ਕਰਕੇ ਸਰੀਰ ਵਿੱਚ ਇਨਫਲੇਮੇਸ਼ਨ ਹੁੰਦੀ ਹੈ, ਜੋ ਇਹ ਬਿਮਾਰੀਆਂ ਦੀ ਜੜ ਹੈ।”
“ਕਰ ਲੈ ਘਿਉ ਨੂੰ ਭਾਂਡਾ! ਹੋਰ ਖਾਹ ਬਰਫੀ ਤੇ ਜਲੇਬੀਆਂ! ਇਹ ਤਾਂ ਮਾਰੀ ਐ ਜੀਭ ਦੇ ਸਵਾਦਾਂ ਨੇ, ਇਹਨੂੰ ਕੋਈ ਬਿਮਾਰੀ ਬਮੂਰੀ ਨ੍ਹੀਂ ਹੈ। ਤੂੰ ਇਹਦੇ ਮੂੰਹ `ਤੇ ਲਾ ਦੇ ਜ਼ਿੱਪਰ, ਫਿਰ ਦੇਖ ਸ਼ੂਗਰ ਸ਼ਾਗਰ ਕਿੱਥੇ ਜਾਂਦੀ ਏ! ਮੇਰੀ ਤਾਂ ਕੋਈ ਗੱਲ ਇਹਦੇ ਪੱਲੇ ਨਹੀਂ ਪੈਂਦੀ, ਤੂੰ ਹੀ ਕਰ ਕੋਈ ਹੀਲਾ।” ਕਹਿ ਕੇ ਚਾਚੀ ਉਠ ਚਲੀ।
“ਚਾਚੀ ਇਹ ਤਾਂ ਠੀਕ ਤਰੀਕਾ ਨਹੀਂ, ਇਸ ਨੂੰ ਆਪਣੀ ਮਦਦ ਦੀ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੈ। ਇਸ ਲੈਵਲ `ਤੇ ਆ ਕੇ ਬੰਦਾ ਬੇਵਸ ਹੋ ਜਾਂਦਾ, ਕਿਉਂਕਿ ਸਰੀਰ ਦੇ ਵੱਖਰੇ ਵੱਖਰੇ ਹਾਰਮੋਨਜ਼ (Hormones) ਬੇਕਾਬੂ ਹੋ ਜਾਂਦੇ ਨੇ।” ਚੰਨੀ ਨੇ ਚਾਚੀ ਨੂੰ ਕਿਹਾ।
“ਚੰਗਾ, ਚੰਗਾ! ਤੂੰ ਤਾਂ ਇਹਦਾ ਹੀ ਪਾਸਾ ਲੈਣਾ। ਮੈਂ ਭਾਗੋ ਦੇ ਹੋ ਕੇ ਆਉਂਦੀ ਆਂ, ਦੇਖ ਇਹਦੇ ਭੇਜੇ `ਚ ਕੁਝ ਵੜਦਾ ਐ!”
“ਸੁਣ ਪ੍ਰੀਤ, ਸਿਹਤ ਦੇ ਚਾਰ ਥੰਮ੍ਹ ਹੁੰਦੇ ਨੇ: ਵਧੀਆ ਖੁਰਾਕ, ਰੋਜ਼ਾਨਾ ਐਕਸਰਸਾਈਜ਼, ਤਣਾਅ (Stress) ਨੂੰ ਘਟਾਉਣਾ ਅਤੇ ਸੱਤ-ਅੱਠ ਘੰਟੇ ਸੌਣਾ ਜ਼ਰੂਰੀ ਹੈ। ਸੌਣ ਵੇਲੇ ਦਿਮਾਗ ਅਤੇ ਸਰੀਰ ਦੀ ਮੁਰੰਮਤ (Repair) ਹੁੰਦੀ ਹੈ।”
“ਦੀਦੀ, ਮੈਂ ਸਭ ਕੁਝ ਕਰਨ ਲਈ ਤਿਆਰ ਹਾਂ। ਮੇਰੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਮੈਨੂੰ ਹਰ ਦੋ-ਤਿੰਨ ਘੰਟਿਆਂ ਬਾਅਦ ਐਨੀ ਭੁੱਖ ਲੱਗਦੀ ਹੈ ਤੇ ਮੇਰਾ ਕਾਬੂ ਨਹੀਂ ਰਹਿੰਦਾ।”
“ਮੈਨੂੰ ਪਤਾ ਏ, ਇਹ ਸਭ ਤੇਰੀ ਖੁਰਾਕ ਅਤੇ ਤੇਰੀ ਅੰਤੜੀਆਂ ਦੇ ਚੰਗੇ ਕੀਟਾਣੂਆਂ (Gut Microbiome) ਨਾਲ ਸੰਬੰਧਿਤ ਹੈ।”
“ਦੀਦੀ ਇਹ ਕੀਟਾਣੂ ਕੀ ਹੁੰਦੇ ਨੇ?”
“ਇਹ ਤੁਹਾਡੀ ਖੁਰਾਕ ਦੀ ਨਾਲੀ ਦੇ ਅਖੀਰਲੇ ਹਿੱਸੇ ਵਿੱਚ ਰਹਿੰਦੇ ਨੇ, ਇਹ ਕੋਈ 39 ਟ੍ਰਿਲੀਅਨ ਦੀ ਗਿਣਤੀ ਵਿੱਚ ਹਨ। ਇਹ ਆਪਣੀ ਸਿਹਤ ਲਈ ਬਹੁਤ ਲਾਭਦਾਇਕ ਕੰਮ ਕਰਦੇ ਹਨ, ਜਿਵੇਂ:
1. ਹਾਨੀਕਾਰਕ ਕੀਟਾਣੂਆਂ ਉੱਤੇ ਕਾਬੂ ਰੱਖਦੇ ਨੇ।
2. ਇਮਿਊਨ ਸਿਸਟਮ (Immune System) ਨੂੰ ਜਬਰਦਸਤ ਬਣਾਉਂਦੇ ਨੇ।
3. Fiber ਤੋਂ Short Chain Fatty Acid ਬਣਾ ਕੇ ਸਰੀਰ ਵਿੱਚ ਵਿਟਾਮਿਨ ‘ਬੀ` ਅਤੇ ‘ਕੇ` ਬਣਾਉਂਦੇ ਹਨ।
4. ਦਿਮਾਗ ਤੋਂ ਆਪਾਂ ਨੂੰ ਖੁਸ਼ ਕਰਨ ਵਾਲੇ ਹਾਰਮੋਨ ਪੈਦਾ ਕਰਨ ਲਈ ਸਿਗਨਲ ਭੇਜਦੇ ਹਨ।
5. ਭਾਰ ਤੇ ਸ਼ੂਗਰ ਨੂੰ ਠੀਕ ਲੈਵਲ ਉੱਤੇ ਰੱਖਦੇ ਹਨ।
ਜੇ ਉਹ ਆਪਣਾ ਕੰਮ ਸਹੀ ਨਾ ਕਰਨ ਤਾਂ ਇਹ ਸਭ ਕੁਝ ਰੁਕ ਜਾਂਦਾ ਹੈ। ਇਨ੍ਹਾਂ ਨੂੰ ਬੱਚਿਆਂ ਵਾਂਗ ਪਾਲਣਾ ਪੈਂਦਾ ਹੈ; ਪਾਲਣਾ ਹੀ ਨਹੀਂ, ਖੁਸ਼ ਰੱਖਣਾ ਚਾਹੀਦਾ ਹੈ। ਜੇ ਉਹ ਖੁਸ਼ ਅਤੇ ਸਿਹਤਮੰਦ ਹੋਣਗੇ ਤਾਂ ਤੁਸੀਂ ਵੀ ਖੁਸ਼ ਰਹੋਗੇ, ਸਿਹਤਮੰਦ ਰਹਿ ਕੇ।”
“ਪਹਿਲਾਂ ਮਾਂ-ਪਿਓ ਨੂੰ ਖੁਸ਼ ਕਰਨਾ, ਫਿਰ ਸੱਸ ਨੂੰ (ਜੋ ਨਾ ਮੁਮਕਿਨ ਹੈ), ਫਿਰ ਘਰ ਵਾਲੇ ਨੂੰ, ਹੁਣ ਇਨ੍ਹਾਂ ਨੂੰ! ਪ੍ਰੀਤ ਦੀ ਤਾਂ ਵਾਰੀ ਕਟੀ ਗਈ, ਆਉਣੀ ਨ੍ਹੀਂ।” ਪ੍ਰੀਤ ਨੇ ਹੱਸ ਕੇ ਕਿਹਾ।
“ਸੁਣ ਅੱਗੇ, ਇਨ੍ਹਾਂ ਚੰਗੇ ਕੀਟਾਣੂਆਂ ਨੂੰ ਖੁਸ਼ ਕਰਨਾ ਤਾਂ ਸੌਖਾ ਈ ਹੈ, ਇਨ੍ਹਾਂ ਨੂੰ ਫਾਈਬਰ ਵਾਲੀ ਖੁਰਾਕ ਅਤੇ ਫਰਮੈਂਟਡ ਫੂਡ (Fermented Food) ਦਿੰਦੇ ਰਵੋ, ਬਸ ਉਨ੍ਹਾਂ ਦੇ ਪੌਂ ਬਾਰਾਂ!”
“ਦੀਦੀ, ਮੈਂ ਕਾਗਜ਼ `ਤੇ ਲਿਖ ਲੈਨੀਂ ਆਂ, ਯਾਦ ਨਹੀਂ ਰਹਿਣਾ ਸਾਰਾ ਕੁਝ।”
“ਤਿਆਰ ਹੈ ਪ੍ਰੀਤ? ਚਲ ਲਿੱਖ, ਇਹ ਖੁਰਾਕ ਤੇਰੇ ਲਈ ਅਤੇ ਤੇਰੇ ਕੀਟਾਣੂਆਂ ਲਈ ਫਾਇਦੇਮੰਦ ਹੈ:
1. ਹੋਲ ਫੂਡਸ, ਜਿਹੜੇ ਘੱਟ ਪ੍ਰੋਸੈਸ ਕੀਤੇ ਹੋਣ, ਉਹ ਬਹੁਤ ਚੰਗੇ ਹਨ।
2. ਗੂੜ੍ਹੇ ਹਰੇ ਰੰਗ ਵਾਲੀਆਂ ਪੱਤੇਦਾਰ ਸਬਜ਼ੀਆਂ।
3. ਰੰਗ-ਬਰੰਗੇ ਫਲ ਤੇ ਸਬਜ਼ੀਆਂ ਅਤੇ ਮਸ਼ਰੂਮ ਤੇ ਐਵਾਕਾਡੋ ਆਦਿ।
4. ਬੈਰੀਜ਼, ਬਰੋਕਲੀ, ਗੋਭੀ, ਕੀਵੀ, ਸੇਬ, ਨਾਸ਼ਪਾਤੀ।
5. ਫਿਸ਼, ਅੰਡੇ; ਹਲਦੀ, ਲਸਣ, ਪਿਆਜ।
6. ਹੋਲ ਬੀਨਜ਼, ਕੀਨਵਾ ਬਰਾਊਨ ਚੌਲ਼।
7. ਚਾਹ, ਕੌਫੀ Cow Diary ਤੋਂ ਬਿਨਾ।
8. ਨਟਸ, ਸੀਡਸ।
9. ਫਰਮੈਂਟਡ ਫੂਡ (Fermented Food) ਜਿਵੇਂ- ਸਾਵਰਕਰਾਉਟ, ਕਾਫੀਅਰ (Kafir), ਦਹੀਂ, ਆਚਾਰ, ਕਿਮਚੀ, ਟੈਮਪੈਹ, ਮੀਜ਼ੋ।”
“ਦੀਦੀ ਇਨ੍ਹਾਂ ਵਿੱਚ ਮੇਰੀ ਪਸੰਦ ਦਾ ਤਾਂ ਕੁਝ ਵੀ ਨਹੀਂ।”
“ਪ੍ਰੀਤ ਅਗਲੀ ਲਿਸਟ ਵੱਲ ਵੀ ਬਹੁਤ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਇਹ ਖੁਰਾਕ ਖਾਣ ਨਾਲ ਤੇਰੇ ਚੰਗੇ ਕੀਟਾਣੂ ਮਰ ਜਾਂਦੇ ਨੇ। ਸੋ ਹਾਨੀਕਾਰਕ ਖੁਰਾਕ ਵਿੱਚ ਹਨ:
ਚੀਨੀ ਹਰ ਤਰ੍ਹਾਂ ਦੀ, ਮੈਦੇ ਦੀਆਂ ਬਣੀਆਂ ਚੀਜ਼ਾਂ, ਬਰੈਡ, ਪਾਸਤਾ, ਕੁਕੀਜ਼, ਕੇਕ, ਮਿਠਾਈਆਂ, ਤਲੀਆਂ ਚੀਜ਼ਾਂ, ਚਿੱਟੇ ਚੌਲ, ਸੋਢਾ, ਐਨਰਜੀ ਡਰਿੰਕਸ, ਜੂਸ, ਹਾਈ ਫਰੋਕਟੋਜ ਕੌਰਨ ਸਿਰਪ, ਜਿਹਦੇ ਨਾਲ ਫੈਟੀ ਲਿਵਰ ਬਣ ਜਾਂਦਾ; ਪੈਕ ਕੀਤੇ ਫੂਡ ਵਿਸ਼ੇਸ਼ ਕਰ ਕੇ ਜਿਨ੍ਹਾਂ ਉੱਤੇ ਇਨਗਰੀਡੀਐਨਟਸ (Ingredients) ਦੀ ਲੰਮੀ ਲਿਸਟ ਹੋਵੇ, ਪ੍ਰੋਸੈਸਡ ਮੀਟਸ ਜਿਵੇਂ ਸਲਾਮੀ ਅਤੇ ਹੌਟ ਡੋਗਜ਼, ਬਟਰਡ ਪੌਪ ਕੌਰਨਜ਼ ਜਾਂ ਵੈਜੀਟੇਬਲ ਤੇਲ, ਤਲਿਆ ਭੋਜਨ ਤੇ ਇਨਸਟੈਂਟ ਫੂਡਜ਼ ਅਤੇ ਉਹ ਖੁਰਾਕ ਇਸਤੇਮਾਲ ਨਾ ਕਰੋ, ਜਿਸ ਵਿੱਚ ਪੈਸਟੀਸਾਈਡਸ additives, coloring, antibiotics ਸ਼ਾਮਲ ਕੀਤੇ ਹੋਣ।”
“ਦੀਦੀ, ਇਹ ਸਭ ਕੁਝ ਜੋ ਸਿਹਤ ਲਈ ਹਾਨੀਕਾਰਕ ਹੈ, ਕਿਉਂ ਸਾਰੇ ਸਟੋਰ ਇਨ੍ਹਾਂ ਨਾਲ ਭਰੇ ਪਏ ਨੇ?”
“ਕਿਉਂਕਿ ਖਾਣੇ ਵਾਲੀਆਂ ਕੰਪਨੀਆਂ ਖੁਰਾਕ ਨੂੰ ਮਿੱਠਾ ਅਟਰੈਕਟਿਵ ਬਣਾ ਕੇ ਅਤੇ ਇਨ੍ਹਾਂ ਨੂੰ ਲੰਮੀ ਮਿਆਦ ਵਾਲਾ ਬਣਾ ਕੇ ਜ਼ਿਆਦਾ ਮੁਨਾਫਾ ਆਪਣੀ ਜੇਬ ਵਿੱਚ ਪਾ ਸਕਦੀਆਂ ਹਨ।…ਜਦੋਂ ਖੁਰਾਕ ਖਰੀਦਣੀ ਹੈ, ਕੋਸ਼ਿਸ਼ ਕਰੋ ਜਿੰਨੀ ਵੀ ਕੁਦਰਤੀ ਜਾਂ ਤਾਜ਼ਾ ਹੋਵੇ, ਖਰੀਦੋ। ਜੇ ਪੈਕੇਜ ਵਾਲੀ ਖੁਰਾਕ ਲੈਣੀ ਪੈ ਜਾਵੇ, ਲੇਵਲ ਪੜ੍ਹ ਕੇ ਧਿਆਨ ਨਾਲ ਦੇਖ ਕੇ ਹੀ ਲਵੋ।”
“ਕੀ ਖਾਣਾ ਬਣਾਉਣ ਵੇਲੇ ਕਿਸੇ ਕਿਸਮ ਦਾ ਖਿਆਲ ਰੱਖਣਾ ਚਾਹੀਦਾ ਹੈ?”
“ਹਾਂ ਪ੍ਰੀਤ, ਖੁਰਾਕ ਜਾਂ ਭੋਜਨ ਹੋ ਸਕੇ ਘਰ ਹੀ ਬਣਾਓ। ਬਣਾਉਣ ਸਮੇਂ ਥੋੜ੍ਹੇ ਸਮੇਂ ਤੇ ਘੱਟ ਤਾਪਮਾਨ ਉੱਤੇ। ਜੇ ਹੋ ਸਕੇ ਕੁਝ ਤਰੀਕੇ ਇਹ ਅਪਨਾਓ, ਜਿਵੇਂ: Steaming, Oven, Sauteing, Blanching ਬਿਹਤਰ ਹੈ।
ਪਰ ਗਰਿਲ ਕਰਨਾ ਅਤੇ ਫਰਾਈ ਕਰਨਾ ਖਤਰਨਾਕ ਹੈ, ਕਿਉਂਕਿ ਏਜ਼ ਉਤਪਾਦ (AGE: Advanced Glycation End products) ਬਣ ਜਾਂਦੀਆਂ ਹਨ, ਜੋ ਕੈਂਸਰ ਕਰਦੀਆਂ ਹਨ।”
“ਤੇਲ ਕਿਹੜਾ ਚੰਗਾ ਐ?”
“ਐਵਾਕਾਡੋ, ਕੋਕੋਨਟ, ਸੈਸਮੀ ਅਤੇ ਕਲੇਰੀਫਾਈਡ ਬਟਰ ਚੰਗੇ ਹਨ। ਵੈਜੀਟੇਬਲ ਤੇਲ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ। ਔਲਿਵ ਤੇਲ ਬਹੁਤ ਅੱਛਾ ਹੈ ਸੈਲਡ ਵਗੈਰਾ ਲਈ, ਰੂਮ ਟੈਂਪਰੇਚਰ `ਤੇ। ਫਰਾਈ ਕਰਨ ਲਈ ਨਹੀਂ।”
“ਚਲੋ ਦੀਦੀ ਹੁਣ ਖਾਣ ਵੱਲ।”
“ਖਾਣਾ ਜ਼ਿਆਦਾ ਘਰ ਵਿੱਚ ਹੀ ਬਣਾ ਕੇ ਖਾਣਾ ਚੰਗਾ ਹੈ ਪਰਿਵਾਰ ਵਿੱਚ ਬੈਠ ਕੇ। ਟੀ.ਵੀ. ਅਤੇ ਸੈਲਫੋਨ ਬੰਦ ਕਰਕੇ, ਆਰਾਮ ਨਾਲ, ਰੱਬ ਦਾ ਸ਼ੁਕਰ ਕਰਕੇ, ਖੁਸ਼ੀ ਖੁਸ਼ੀ ਗੱਲਾਂ ਕਰਦੇ ਖਾਣਾ ਚਾਹੀਦਾ ਹੈ। ਖਾਣ ਤੋਂ 20-30 ਮਿੰਟ ਪਹਿਲਾਂ ਪਾਣੀ ਪੀਓ, ਸ਼ੂਗਰ ਸਪਾਈਕ ਘੱਟ ਕਰਨ ਲਈ।
ਖਾਣਾ ਸ਼ੁਰੂ ਕਰਨ ਵੇਲੇ ਐਪਲ ਸਾਈਡਰ ਵਿਨੇਗਰ ਇੱਕ ਚਮਚ ਪਾਣੀ ਵਿੱਚ ਪਾ ਕੇ ਸਟਰਾਅ ਨਾਲ ਪੀ ਲਵੋ, ਜੇ ਜ਼ਿਆਦਾ ਖੱਟਾ ਲੱਗਦਾ ਹੈ ਤਾਂ ਸਲਾਦ ਦੇ ਨਾਲ ਲੈ ਸਕਦੇ ਹੋ। ਨੌ ਇੰਚ ਪਲੇਟ ਲੈ ਕੇ ਅੱਧੀ ਪਲੇਟ ਸਲਾਦ ਨਾਲ ਭਰ ਲਓ, ਆਪਣੀ ਮਰਜ਼ੀ ਦਾ ਰੋਜ਼ ਬਦਲ ਕੇ ਹਰੀਆਂ, ਪੱਤੇ ਵਾਲੀਆਂ ਅਤੇ ਰੰਗ-ਬਰੰਗੀਆਂ ਸਬਜ਼ੀਆਂ ਨਾਲ। ਚੌਥੇ ਹਿੱਸੇ ਵਿੱਚ ਪ੍ਰੋਟੀਨ ਅਤੇ ਫੈਟ ਕਰੀਬ ਤਿੰਨ ਔਂਸ ਮੀਟ ਜਾਂ ਟੋਫੂ, ਫਿਸ਼, ਪਨੀਰ ਸੋਇ ਜਾਂ ਅੰਡੇ; ਬੀਨਸ ਜਾਂ ਲੈਨਟਲਜ਼ ਪਾ ਲਵੋ। ਅਖੀਰਲੇ ਚੌਥੇ ਹਿੱਸੇ ਵਿੱਚ ਬਰਾਊਨ ਚੌਲ ਜਾਂ ਕੀਨਵਾ ਜਾਂ ਇੱਕ ਪੀਸ ਸਾਵਰ ਡੋਅ ਬਰੈਡ ਵਗੈਰਾ ਲੈ ਸਕਦੇ ਹੋ।
ਚੀਜ਼, ਦਹੀਂ, ਨਟਸ ਅਤੇ ਸੀਡ ਦਾ ਇਸਤੇਮਾਲ ਕਰ ਸਕਦੇ ਹੋ। ਖਾਣ ਤੋਂ ਬਾਅਦ 15-20 ਮਿੰਟ ਲਈ ਹਲਕੀ-ਫੁਲਕੀ ਕਸਰਤ ਕਰਨ ਨਾਲ ਵੀ ਸ਼ੂਗਰ ਸਪਾਈਕ ਘਟ ਜਾਂਦੀਆਂ ਹਨ। ਜਦੋਂ ਵੀ ਖਾਂਦੇ ਹੋ ਸ਼ੂਗਰ ਅਤੇ ਉਹਦੇ ਕਰਕੇ ਇਨਸੁਲਿਨ ਉੱਪਰ ਜਾਂਦੀ ਹੈ। ਇਨਸੁਲੀਨ ਭਾਰ ਵਧਾ ਦਿੰਦੀ ਹੈ। ਜਿੰਨੀ ਵਾਰੀ ਇਨਸੁਲਿਨ ਉੱਤੇ ਜਾਏਗੀ ਉਨਾ ਜ਼ਿਆਦਾ ਚਾਂਸ ਹੈ ਭਾਰ ਵਧਣ ਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਨੈਕ ਨਾ ਖਾਓ ਅਤੇ ਆਪਣਾ ਖਾਣਾ ਜੋ ਖਾਣਾ ਹੈ, ਉਹ ਦੋ ਜਾਂ ਤਿੰਨ ਮੇਨ ਮੀਲ ਵਿੱਚ ਵੰਡ ਕੇ 8-9 ਘੰਟਿਆਂ ਦੇ ਵਿੱਚ ਹੀ ਖਾਓ- ਜਿਵੇਂ ਸਵੇਰੇ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹੀ। ਅੱਗੇ ਪਿੱਛੇ ਨਹੀਂ ਖਾਣਾ। ਖੁਰਾਕ ਘੱਟ ਕਾਰਬ ਵਾਲੀ ਹੋਣੀ ਚਾਹੀਦੀ। ਜ਼ਿਆਦਾ ਸਬਜ਼ੀਆਂ, ਦਿਨ ਵਿੱਚ ਇੱਕ-ਦੋ ਫਲ ਅਤੇ ਪ੍ਰੋਟੀਨ ਤੇ ਹੈਲਦੀ ਫੈਟ ਜਿਵੇਂ ਔਲਿਵ ਤੇਲ, ਫਿਸ਼ ਤੁਹਾਡੇ ਲਈ ਚੰਗੀ ਹੈ। ਸਬਜ਼ੀਆਂ ਅਤੇ ਫਲ ਜਿਹੜੇ ਪੀਲ ਕਰਨ (ਛਿੱਲਣ) ਤੋਂ ਬਿਨਾਂ ਖਾਣੇ ਨੇ ਉਹ ਔਰਗੈਨਿਕ ਹੀ ਖਾਣੇ ਚੰਗੇ ਨੇ। ਸਬਜ਼ੀਆਂ ਅਤੇ ਫਲ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ। ਹਫਤੇ ਵਿੱਚ ਇੱਕ ਵਾਰੀ ਜੇ 24 ਘੰਟੇ ਦਾ ਵਰਤ ਰੱਖੀਏ ਤਾਂ ਬਹੁਤ ਲਾਭਦਾਇਕ ਹੈ। ਪਾਣੀ, ਚਾਹ ਜਾਂ ਕੌਫੀ ਪੀ ਸਕਦੇ ਹੋ; ਉਸ ਵੇਲੇ ਖਾਣਾ ਬੰਦ ਕਰ ਦਿਓ, ਜਦੋਂ ਤੁਸੀਂ 80% ਫੁੱਲ ਮਹਿਸੂਸ ਕਰਦੇ ਹੋ।”
“ਦੀਦੀ ਇਹ ਤਾਂ ਬਹੁਤ ਸਾਰੀਆਂ ਗੱਲਾਂ ਯਾਦ ਰੱਖਣੀਆਂ ਪੈਣੀਆਂ, ਚੰਗਾ ਹੋਇਆ ਮੈਂ ਲਿਖ ਲਿਆ।”
“ਬਾਕੀ ਦੀਆਂ ਗੱਲਾਂ ਅਗਲੀ ਵਾਰੀ, ਇਸ ਵਾਰੀ ਇੰਨਾ ਹੀ ਬਹੁਤ ਹੈ। ਤੂੰ ਪ੍ਰੀਤ ਚੜ੍ਹਦੀ ਕਲਾ ਵਿੱਚ ਰਹਿਣੈਂ, ਫਿਕਰ ਨਹੀਂ ਕਰਨਾ, ਸਭ ਠੀਕ ਹੋ ਜਾਣਾ। ਆਪਾਂ ਰਲ-ਮਿਲ ਕੇ ਗੱਡੀ ਫਿਰ ਪਟੜੀ ਉੱਤੇ ਲੈ ਆਉਣੀ ਹੈ। ਗੁੱਡ ਲੱਕ! ਮੈਂ ਚਲਦੀ ਆਂ ਹੁਣ।”
—
ਨੋਟ: ਇਸ ਲੇਖ ਵਿਚਲੇ ਤੱਥ ਸਿਰਫ ਜਾਣਕਾਰੀ ਲਈ ਛਾਪੇ ਜਾ ਰਹੇ ਹਨ। ਕਿਸੇ ਵੀ ਤਰ੍ਹਾਂ ਦਾ ਘਰੇਲੂ ਆਹਰ-ਪਾਹਰ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਜ਼ਰੂਰ ਕਰੋ।