ਚੌਂਕੀ, ਚੌਂਕਾ, ਚੌਕੀਦਾਰ

Uncategorized

ਪਰਮਜੀਤ ਸਿੰਘ ਢੀਂਗਰਾ
ਫੋਨ: +91-9417358120
ਚੌਮਾਸਾ, ਚੌਂਕੀ, ਚੌਕੀਦਾਰ ਸ਼ਬਦਾਂ ਵਿੱਚ ਧੁਨੀ ਸਮਾਨਤਾ ਨਜ਼ਰ ਆਉਂਦੀ ਹੈ ਭਾਵੇਂ ਅਰਥ ਭਿੰਨ ਹਨ। ਤਿੰਨਾਂ ਸ਼ਬਦਾਂ ਵਿੱਚ `ਚੌ` ਸਾਂਝਾ ਹੈ। ਇਸੇ ਕਰਕੇ ਇਨ੍ਹਾਂ ਤਿੰਨਾਂ ਦੀ ਆਪਸ ਵਿੱਚ ਸਕੀਰੀ ਹੈ। ਇਨ੍ਹਾਂ ਦੇ ਮੂਲ ਵਿੱਚ ਸੰਸਕ੍ਰਿਤ ਸ਼ਬਦ `ਚਤੁਰੑ` ਹੈ। ਇਹਦਾ ਅਰਥ ਹੈ- ਚਾਰ ਦੀ ਗਿਣਤੀ। ਇਸੇ ਤੋਂ ਬਣਿਆ ਹੈ-`ਚਤੁਸ਼ੱਕ`, ਜਿਸਦਾ ਅਰਥ ਹੈ- ਚਾਰ ਕੋਨਿਆਂ ਵਾਲਾ, ਚਾਰ ਦਾ ਇਕੱਠ ਜਾਂ ਚੌਕੋਰ ਵਸਤੂ।

ਚਤੁਸ਼ੱਕ ਤੋਂ ਚੌਂਕੀ ਦਾ ਵਿਕਾਸਕ੍ਰਮ ਇਸ ਪ੍ਰਕਾਰ ਬਣਦਾ ਹੈ-`ਚਤੁਸ਼ੱਕ~ ਚਊਕਖਅੰ~ ਚਊਕਕਅੰ~ ਚਊਕੱਕਾ~ ਚਉਕਾ~ ਚੌਕੀ/ਚੌਂਕੀ, ਚੌਕ, ਚੌਂਕਾ, ਚੌਕੋਰ, ਚੌਕੋਣ, ਚੌਗੁਣਾ, ਚੌਂਕਣਾ, ਚੌਸਾ ਵਰਗੇ ਸ਼ਬਦ ਇਸੇ ਲੜੀ-ਪ੍ਰਬੰਧ ਵਿੱਚ ਬੱਝੇ ਹੋਏ ਹਨ। ਲੱਕੜ, ਪੱਥਰ, ਲੋਹੇ, ਚਾਂਦੀ ਦੇ ਚਾਰ ਪਾਵਿਆਂ ਵਾਲੇ ਤਖ਼ਤ ਜਾਂ ਆਸਣ ਨੂੰ ਚੌਂਕੀ ਕਿਹਾ ਜਾਂਦਾ ਹੈ।
ਪੰਜਾਬੀ ਕੋਸ਼ਾਂ ਅਨੁਸਾਰ ਚੌਂਕੀ ਦਾ ਅਰਥ ਹੈ- ਕੁਰਸੀ, ਚੌਰਸ ਨੀਵਾਂ ਤਖ਼ਤਾ, ਲੱਕੜ ਦੀ ਪੀੜ੍ਹੀ, ਖਾਣ-ਪੀਣ ਦੀਆਂ ਚੀਜ਼ਾਂ ਸਾਂਭ ਕੇ ਰੱਖਣ ਵਾਲੀ ਛੋਟੀ ਜਿਹੀ ਅਲਮਾਰੀ, ਥਾਣਾ, ਗਾਰਦ, ਪੁਲਿਸ ਦਾ ਅੱਡਾ, ਡਾਕ ਦਾ ਅੱਡਾ, ਰਾਗੀਆਂ ਦੀ ਮੰਡਲੀ, ਚੁੰਗੀਖਾਨਾ, ਖਾਸ ਤੀਰਥਾਂ ਦੀ ਯਾਤਰਾ (ਜਿਵੇਂ ਹਰ ਪੁੰਨਿਆ `ਤੇ ਦਰਬਾਰ ਸਾਹਿਬ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਲਈ ਚੌਂਕੀ ਚੜ੍ਹਦੀ ਹੈ), ਜਗਰਾਤਾ (ਸ਼ੇਰਾਂ ਵਾਲੀ ਮਾਤਾ ਦੀ ਚੌਂਕੀ), ਰੋਟੀ ਖਾਣ ਵਾਲਿਆਂ ਦੀ ਸਿੱਧੀ ਕਤਾਰ, ਸਾਜ਼ਾਂ ਜਾਂ ਕੀਰਤਨ ਦੁਆਰਾ ਕੀਤੀ ਜਾਣ ਵਾਲੀ ਸੰਗੀਤ ਗੋਸ਼ਟੀ ਆਦਿ। ਚੌਂਕੀ ਕਰਨਾ- ਰਾਗੀਆਂ ਦਾ ਮਿਲ ਕੇ ਗਾਉਣਾ, ਚੌਕੀ ਚੜ੍ਹਨਾ- ਥਾਣੇ ਚੜ੍ਹਨਾ, ਚੌਕੀ ਦੇਣਾ- ਰਾਖੀ ਕਰਨਾ, ਚੌਕੀ ਪਹਿਰਾ- ਪਹਿਰੇਦਾਰੀ, ਚੌਕੀ ਬਹਾਉਣਾ-ਰੋਟੀ ਖਾਣ ਵਾਲਿਆਂ ਨੂੰ ਇੱਕ ਸੇਧ ਵਿੱਚ ਬਿਠਾਉਣਾ, ਦੰਡ ਵਜੋਂ ਕਿਸੇ ਥਾਂ ਥਾਣਾ ਨਿਯੁਕਤ ਕਰਨਾ, ਚੌਕੀ ਬਦਲਣਾ- ਗਾਰਦ ਬਦਲਣੀ, ਚੌਕੀ ਭੰਨਣਾ- ਮਹਿਸੂਲ ਦਿੱਤੇ ਬਿਨਾ ਚੋਰੀ ਮਾਲ ਲੈ ਜਾਣਾ, ਚੌਕੀ ਭਰਨਾ-ਦੇਵਤੇ ਨੂੰ ਕੁਝ ਭੇਟ ਕਰਨਾ, ਗੁਰੂ, ਪੀਰ ਦੀ ਥਾਂ `ਤੇ ਜਾ ਕੇ ਪੂਜਾ ਜਾਂ ਕੀਰਤਨ ਕਰਨਾ, ਕਿਸੇ ਦੇ ਦਰ `ਤੇ ਪਹਿਰੂ ਵਾਂਗ ਹਾਜ਼ਰ ਰਹਿਣਾ, ਭੁੰਜੇ ਸੌਣਾ, ਮਹਿਸੂਲ ਦੇਣਾ, ਨਜ਼ਰ ਨਿਆਜ਼ ਦੇਣਾ ਆਦਿ।
ਮੰਜੀ ਜਾਂ ਚਾਰਪਾਈ ਨਾਲ ਵੀ ਇਹਦੀ ਸਕੀਰੀ ਹੈ। ਪੁਰਾਣੇ ਜ਼ਮਾਨੇ ਵਿੱਚ ਪਹਿਰੇਦਾਰ ਲਈ ਲੱਕੜ ਦਾ ਇੱਕ ਚੌਕੋਰ ਤਖ਼ਤ ਹੁੰਦਾ ਸੀ, ਜਿਸਨੂੰ ਆਮ ਤੌਰ `ਤੇ ਚੌਰਾਹੇ ਵਿੱਚ ਡਾਹ ਦਿਤਾ ਜਾਂਦਾ ਸੀ ਤਾਂ ਕਿ ਚਾਰੇ ਦਿਸ਼ਾਵਾਂ ਵਿੱਚ ਨਿਗਰਾਨੀ ਰੱਖੀ ਜਾ ਸਕੇ। ਇਸ ਤਖ਼ਤ ਨੂੰ ਬਾਅਦ ਵਿੱਚ ਚੌਕੀ ਕਿਹਾ ਜਾਣ ਲੱਗਾ। ਜਿਹੜੇ ਪਹਿਰੂਏ ਇਥੇ ਤਾਇਨਾਤ ਕੀਤੇ ਜਾਂਦੇ ਸਨ, ਉਨ੍ਹਾਂ ਨੂੰ ਚੌਕੀਦਾਰ ਜਾਂ ਪਹਿਰੇਦਾਰ ਕਿਹਾ ਜਾਂਦਾ ਸੀ। ਅੱਜ ਕੱਲ੍ਹ ਇਹਦੇ ਲਈ ਚੌਕਸੀ ਸ਼ਬਦ ਵੀ ਵਰਤਿਆ ਜਾਣ ਲੱਗਾ ਹੈ। ਹੁਣ ਚੌਕੀਦਾਰ ਲਈ ਚੌਕਸੀ ਵਰਤਣੀ ਜ਼ਰੂਰੀ ਹੈ ਤੇ ਚੌਕਸ ਰਹਿਣ ਲਈ ਚੌਕੰਨਾ ਹੋਣਾ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਨੂੰ ਘੋਖੀਏ ਤਾਂ ਇਨ੍ਹਾਂ ਦੇ ਮੂਲ ਵਿੱਚ ਚਤੁਰਾਈ ਪਈ ਨਜ਼ਰ ਆਉਂਦੀ ਹੈ।
ਪੰਜਾਬੀ ਵਿੱਚ ਚੌਂਕ ਜਾਂ ਚੌਕ, ਚੌਂਕੀ ਨਾਲ ਬਹੁਤ ਸਾਰੀ ਲੋਕਧਾਰਾ ਜੁੜੀ ਨਜ਼ਰ ਆਉਂਦੀ ਹੈ, ਜੋ ਇਹਦੇ ਮਹੱਤਵ ਨੂੰ ਦ੍ਰਿੜਾਉਂਦੀ ਹੈ। ਚੌਕੀ- ਲੱਕੜ ਦੀ ਬਣੀ ਪੱਟੜੀ, ਜੋ ਉਪਰੋਂ ਚੌਰਸ ਸ਼ਕਲ ਦੀ ਹੁੰਦੀ ਹੈ ਤੇ ਹੇਠਾਂ ਚਾਰ ਪੈਰ ਲੱਗੇ ਹੁੰਦੇ ਹਨ। ਵਿਆਹ ਜਾਂ ਮੰਗਲ ਕਾਰਜਾਂ ਵੇਲੇ ਵਰ/ਕੰਨਿਆ ਨੂੰ ਚੌਂਕੀ `ਤੇ ਬਿਠਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਇਹਦੇ ਲਈ ਚੌਂਕ ਵੀ ਪੂਰਿਆ ਜਾਂਦਾ ਸੀ, ਉਸ ਉਪਰ ਚੌਂਕੀ ਜਾਂ ਪੱਟੜਾ ਰੱਖ ਦਿੱਤਾ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਅਮੀਰ ਲੋਕ, ਸੰਤ, ਗੁਰੂ, ਧਾਰਮਿਕ ਲੋਕ ਚੌਂਕੀ `ਤੇ ਬਹਿ ਕੇ ਕੀਰਤਨ ਕਰਦੇ ਜਾਂ ਉਪਦੇਸ਼ ਦਿੰਦੇ ਸਨ। ਗੁੜਗਾਓਂ ਵਾਲੇ ਪਾਸੇ ਮਿਊ ਜਾਤੀ ਵਿੱਚ ਚੌਂਕੀ ਚੜ੍ਹਨ ਦੀ ਇੱਕ ਰਸਮ ਵਿਆਹ ਤੋਂ ਬਾਅਦ ਘਰ ਆਉਣ ਵੇਲੇ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ ਚੌਂਕ ਦਾ ਵੀ ਵਿਸ਼ੇਸ਼ ਮਹੱਤਵ ਹੈ। ਚੌਂਕ ਦਾ ਅਰਥ ਹੈ, ਜਿਥੇ ਚਾਰ ਰਸਤੇ ਮਿਲਦੇ ਹੋਣ। ਅੰਧਵਿਸ਼ਵਾਸੀ ਚੌਰਾਹਿਆਂ ਤੇ ਚੌਂਕਾਂ ਵਿੱਚ ਟੂਣਾ ਕਰਦੇ ਸਨ। ਹਿੰਦੂਆਂ ਵਿੱਚ ਮੰਗਲ ਕਾਰਜਾਂ ਸਮੇਂ ਆਟੇ ਦਾ ਚੌਂਕ ਬਣਾ ਕੇ ਪੂਰਿਆ ਜਾਂਦਾ ਹੈ। ਇਸ ਵਿੱਚ ਆਟੇ ਨਾਲ ਗ੍ਰਹਿ ਤੇ ਸਵਾਸਤਿਕ ਦਾ ਚਿੰਨ੍ਹ ਬਣਾ ਕੇ ਓਮ ਲਿਖਿਆ ਜਾਂਦਾ ਹੈ ਤੇ ਇਹਦੀ ਪੂਜਾ ਕੀਤੀ ਜਾਂਦੀ ਹੈ। ਮੁੰਡਣ ਸੰਸਕਾਰ ਸਮੇਂ ਆਟੇ ਦੇ ਚੌਂਕ `ਤੇ ਚੌਂਕੀ ਰੱਖ ਕੇ ਮੁੰਡੇ ਨੂੰ ਬਿਠਾਇਆ ਜਾਂਦਾ ਹੈ। ਵਿਆਹ ਸਮੇਂ ਵੀ ਹਿੰਦੂਆਂ ਵਿੱਚ ਲਾੜੇ-ਲਾੜੀ ਨੂੰ ਚੌਂਕ `ਤੇ ਬਿਠਾਇਆ ਜਾਂਦਾ ਹੈ। ਚੌਂਕ ਔਰਤਾਂ ਦਾ ਇੱਕ ਗਹਿਣਾ ਵੀ ਹੈ, ਜੋ ਸਿਰ `ਤੇ ਸਜਾਇਆ ਜਾਂਦਾ ਹੈ। ਵਿਆਹ ਨਾਲ ਸਬੰਧਤ ਰੀਤ ਵਿੱਚ ਲਾੜੇ ਦੀ ਮਾਂ ਨਹਾ ਕੇ ਨਵੇਂ ਕੱਪੜੇ ਪਾ ਕੇ ਉਸ ਚੌਂਕ `ਤੋਂ ਲੰਘਦੀ ਹੈ, ਜਿਥੇ ਲਾੜੇ ਦੇ ਵਿਆਹ ਦੀਆਂ ਰੀਤਾਂ ਕੀਤੀਆਂ ਹੁੰਦੀਆਂ ਹਨ। ਫਿਰ ਆਪਣੇ ਹੱਥਾਂ ਨਾਲ ਆਟੇ ਦਾ ਚੌਂਕ ਮਿਟਾ ਦਿੰਦੀ ਹੈ ਤੇ ਦਰਵਾਜ਼ੇ `ਤੇ ਪੰਜੇ ਦਾ ਨਿਸ਼ਾਨ ਲਾਉਂਦੀ ਹੈ। ਜੇ ਮਾਂ ਤੋਂ ਬਿਨਾ ਕੋਈ ਹੋਰ ਲੰਘ ਜਾਵੇ ਤਾਂ ਇਸ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ।
ਆਮ ਤੌਰ `ਤੇ ਘਰ ਵਿੱਚ ਰੋਟੀ ਪਕਾਉਣ ਤੇ ਖਾਣ ਵਾਲੀ ਥਾਂ ਨੂੰ ਚੌਂਕਾ ਕਿਹਾ ਜਾਂਦਾ ਹੈ। ਇਹਦੇ ਲਈ ਸਾਂਝਾ ਸ਼ਬਦ ਚੁੱਲ੍ਹਾ-ਚੌਂਕਾ ਵੀ ਪ੍ਰਚਲਤ ਹੈ। ਵਿਹੜੇ ਦੀ ਇੱਕ ਖਾਸ ਨੁੱਕਰ ਵਿੱਚ ਚਾਰ ਕਾਰਾਂ ਵਾਹ ਲਈਆਂ ਜਾਂਦੀਆਂ ਹਨ ਤੇ ਉਸ ਥਾਂ ਨੂੰ ਗਾਂ ਦੇ ਗੋਹੇ ਨਾਲ ਲਿੰਬ-ਪੋਚ ਲਿਆ ਜਾਂਦਾ ਹੈ। ਇਸ ਥਾਂ ਨੂੰ ਚੌਂਕਾ ਕਿਹਾ ਜਾਂਦਾ ਹੈ। ਚੌਂਕੇ ਅੰਦਰ ਅਗਨੀ, ਜਲ ਤੇ ਅੰਨ ਦੇਵਤੇ ਦਾ ਵਾਸ ਮੰਨਿਆ ਜਾਂਦਾ ਹੈ, ਜਿਸ ਕਰਕੇ ਇਹਨੂੰ ਹਮੇਸ਼ਾਂ ਪਵਿੱਤਰ ਰੱਖਿਆ ਜਾਂਦਾ ਹੈ। ਮਾਹਵਾਰੀ ਤੇ ਜਣੇਪੇ ਦੇ ਦਿਨਾਂ ਵਿੱਚ ਔਰਤਾਂ ਚੌਂਕੇ ਅੰਦਰ ਪੈਰ ਨਹੀਂ ਪਾਉਂਦੀਆਂ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਚੌਂਕੇ ਵਿੱਚ ਚਮੜੇ ਦੀ ਜੁੱਤੀ ਨਹੀਂ ਲਿਜਾਈ ਜਾਂਦੀ।
ਗੁਰਬਾਣੀ ਵਿੱਚ ਇਹਦੇ ਲਈ ‘ਚਉਕਾ` ਸ਼ਬਦ ਵਰਤਿਆ ਗਿਆ ਹੈ- “ਦੇ ਕੈ ਚਉਕਾ ਕਢੀ ਕਾਰ” (ਵਾਰ ਆਸਾ), “ਗੋਬਰੁ ਜੂਠਾ ਚਉਕਾ ਜੂਠਾ” (ਭਗਤ ਕਬੀਰ ਜੀ), “ਬਹਿ ਚਉਕੈ ਪਾਇਆ” (ਵਾਰ ਆਸਾ) ਭਾਵ ਜਨੇਊ ਚਉਕੇ ਵਿੱਚ ਬਹਿ ਕੇ ਪਾਇਆ। ਚੌਂਕਾ ਨਵਾਂ ਕਰਨਾ- ਵਿਆਹ ਮਗਰੋਂ ਦੀ ਰੀਤ, ਜਦੋਂ ਵਹੁਟੀ ਪਹਿਲੀ ਵਾਰ ਚੌਂਕੇ ਚੜ੍ਹਦੀ ਹੈ ਤੇ ਮਿੱਠੇ ਚੌਲ ਜਾਂ ਕੜਾਹ ਬਣਾਉਂਦੀ ਹੈ। ਚੌਂਕੇ ਚੜ੍ਹਨਾ- ਜਣੇਪੇ ਮਗਰੋਂ ਦੀ ਰੀਤ ਜਦੋਂ ਤੇਰਾਂ ਦਿਨਾਂ ਮਗਰੋਂ ਜੱਚਾ ਨਹਾ ਕੇ ਚੌਂਕੇ ਪੈਰ ਪਾਉਂਦੀ ਹੈ ਤੇ ਖਿਚੜੀ ਰਿੰਨਦੀ ਹੈ। ਚੌਂਕੇ ਪਾਉਣਾ- ਝਾੜਾ ਕਰਨ ਵੇਲੇ ਜੋਗੀ ਤੇ ਚੇਲੇ ਇੱਕ ਵੱਡਾ ਮੁਰੱਬਾ ਬਣਾ ਕੇ ਵਿੱਚ ਲਕੀਰਾਂ ਨਾਲ ਛੋਟੇ ਛੋਟੇ ਮੁਰੱਬੇ ਬਣਾਉਂਦੇ ਹਨ, ਇਨ੍ਹਾਂ ਨੂੰ ਚੌਂਕੇ ਪਾਉਣਾ ਕਿਹਾ ਜਾਂਦਾ ਹੈ। ਚੌਂਕੇ ਨਾਲ ਕਈ ਅਖਾਣ ਮੁਹਾਵਰੇ ਵੀ ਜੁੜੇ ਹੋਏ ਹਨ: ਚੌਂਕਾ ਹੋਣਾ- ਪੋਚਾ ਫੇਰਨਾ, ਚੌਂਕਾ ਪਾਉਣਾ-ਗੋਹੇ,ਮਿੱਟੀ ਨਾਲ ਲਿੰਬਣਾ,ਚੌਂਕਾ ਫਿਰ ਜਾਣਾ-ਤਬਾਹ ਹੋ ਜਾਣਾ, ਚੌਂਕਾ ਫੇਰ ਦੇਣਾ- ਖਤਮ ਕਰਨਾ, ਚੌਕਿਓਂ ਨਿਕਲੀ ਨੀਚਾਂ ਜੋਗੀ, ਚੌਕਿਓਂ ਲਹਿਣਾ- ਭਿਟਿਆ ਜਾਣਾ, ਚੌਂਕੇ ਧਲਵਾਵਣ- ਮੁਰਦਾ ਨਹਾਉਣਾ, ਚੌਂਕਾ ਭਾਂਡਾ। ਇਹ ਚੌਂਕਾ ਸ਼ਬਦ ਵੀ ਚਤੁਸ਼ੱਕ ਤੋਂ ਹੀ ਬਣਿਆ ਹੈ।
ਪ੍ਰਚੀਨ ਕਾਲ ਵਿੱਚ ਭਾਰਤੀ ਸਭਿਆਚਾਰ ਵਿੱਚ ਪਾਕ-ਕਰਮ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ। ਪਰਮਾਤਮਾ ਨੂੰ ਭੋਗ ਲੁਆਏ ਬਿਨਾ ਅੰਨ ਨਹੀਂ ਸੀ ਖਾਧਾ ਜਾਂਦਾ। ਇਸੇ ਕਰਕੇ ਅੰਨ੍ਹ ਪਕਾਉਣ ਵਾਲੀ ਥਾਂ ਨੂੰ ਪਵਿੱਤਰ ਰੱਖਿਆ ਜਾਂਦਾ ਸੀ। ਇਸ ਪਵਿੱਤਰ ਥਾਂ ਨੂੰ ਹੀ ਚੌਂਕਾ ਕਿਹਾ ਜਾਂਦਾ ਸੀ। ਇਸ ਤਰ੍ਹਾਂ ਸਪਸ਼ਟ ਹੈ ਕਿ ਸ਼ਬਦ ਅੰਗਲੀਆਂ ਸੰਗਲੀਆਂ ਜੋੜਦੇ ਵਿਭਿੰਨ ਅਰਥਾਂ ਤੇ ਸੱਭਿਆਚਾਰਕ ਮਦਾਂ ਵਿੱਚ ਵੱਟ ਜਾਂਦੇ ਹਨ। ਜਿਵੇਂ ਜਿਵੇਂ ਕੋਈ ਸਮਾਜ ਸੱਭਿਆਚਾਰ ਆਪਣੀਆਂ ਲੋੜਾਂ ਲਈ ਸ਼ਬਦਾਂ ਵੱਲ ਝਾਕਦਾ ਹੈ ਤਾਂ ਉਹ ਗਲਵੱਕੜੀ ਖੋਲ੍ਹ ਕੇ ਨਵੇਂ ਅਰਥਾਂ ਵਿੱਚ ਢਲ ਜਾਂਦੇ ਹਨ। ਇਹੀ ਸ਼ਬਦਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ।

Leave a Reply

Your email address will not be published. Required fields are marked *