ਸ਼ਿਕਾਗੋ: ਗੁਰਦੁਆਰਾ ਪੈਲਾਟਾਈਨ ਵਿਖੇ ਪੱਤਝੜ ਮੌਸਮ ਦੀ ਨਿਸ਼ਕਾਮ ਕਾਰਸੇਵਾ ਲੰਘੀ 21 ਅਕਤੂਬਰ ਨੂੰ ਸਵੇਰੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਗੁਰੂਘਰ ਵਿਖੇ ਸ਼ੁਰੂ ਹੋਈ, ਜਿਸ ਦੌਰਾਨ ਸੰਗਤ ਨੇ ਯਥਾਯੋਗ ਸੇਵਾ ਕਰ ਕੇ ਮਿੱਥੀ ਸੇਵਾ ਵਿੱਚ ਹੱਥ ਵਟਾਇਆ। ਇਸ ਸਾਲ ਦੀ ਇਹ ਤੀਜੀ ਵੱਡੀ ਕਾਰਸੇਵਾ ਸੀ। ਇਹ ਕਾਰਸੇਵਾ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਸੀ
ਅਤੇ ਕਾਰਸੇਵਾ ਜਥੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਸਾਲ ਪੱਤਝੜ ਦੀ ਕਾਰਸੇਵਾ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਇਆ ਕਰੇਗੀ। ਗੁਰੂਘਰ ਵਿੱਚ ਵੱਡੀਆਂ ਮੌਸਮੀ ਸਾਲਾਨਾ ਕਾਰਸੇਵਾਵਾਂ ਤੋਂ ਇਲਾਵਾ ਰੋਜ਼ਮੱਰ੍ਹਾ ਕਾਰਸੇਵਾ ਦਾ ਨਿੱਕਾ-ਮੋਟਾ ਅਮਲ ਵੀ ਜਾਰੀ ਰਹਿੰਦਾ ਹੈ।
ਸਾਰਾ ਦਿਨ ਚੱਲੀ ਕਾਰਸੇਵਾ ਦੌਰਾਨ ਗੁਰੂ ਦਰਬਾਰ ਹਾਲ ਵਿੱਚ ਜੇਰੇ ਨਿਗਰਾਨੀ ਧਾਰਮਿਕ ਸਕੱਤਰ ਸ. ਤਰਲੋਚਨ ਸਿੰਘ ਮੁਲਤਾਨੀ, ਕਾਰਸੇਵਾ ਜਥੇ ਦੇ ਮੈਂਬਰਾਨ ਤੇ ਗੁਰੂਘਰ ਦੇ ਭਾਈ ਸਾਹਿਬਾਨ ਦੇ ਯੋਗਦਾਨ ਨਾਲ ਦਰਵਾਜ਼ੇ, ਖਿੜਕੀਆਂ, ਅਖੰਡ ਪਾਠ ਦੇ ਕਮਰੇ ਦੀ ਡੂੰਘੀ ਸਾਫ-ਸਫਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਅਖੰਡ ਪਾਠ ਦਾ ਨਵਾਂ ਖੁੱਲ੍ਹਾ ਕਮਰਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਅਖੰਡ ਪਾਠ ਕਰਵਾਉਣ ਵਾਲੇ ਪਰਿਵਾਰ ਬੈਠ ਕੇ ਗੁਰਬਾਣੀ ਸੁਣ ਸਕਦੇ ਹਨ। ਵਧ ਰਹੀ ਸੰਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਉਪਰਾਲਾ ਸ਼ਲਾਘਾਯੋਗ ਹੈ।
ਇਸੇ ਦੌਰਾਨ ਰੁੱਖਾਂ, ਪੌਦਿਆਂ ਦੀ ਸਾਫ-ਸਫ਼ਾਈ ਅਤੇ ਕਟਾਈ ਕੀਤੀ ਗਈ। ਰਸੋਈ ਵਿੱਚ ਡਰੇਨ ਹੋਲ ਅਤੇ ਜਰੂਰੀ ਮੁਰੰਮਤ ਕੀਤੀ ਗਈ। ਗੁਰੂ ਘਰ ਦੀ ਇਮਾਰਤ ਦੀ ਬਾਹਰੋਂ ਝਾੜ-ਪੂੰਝ, ਖਿੜਕੀਆਂ-ਦਰਵਾਜ਼ੇ ਅਤੇ ਸ਼ੀਸ਼ਿਆਂ ਦੀ ਡੂੰਘੀ ਸਾਫ-ਸਫ਼ਾਈ ਸਮੇਤ ਘਾਹ ਦੀ ਕੱਟ-ਕਟਾਈ ਤੇ ਦੇਖ-ਭਾਲ ਅਤੇ ਗੁਰੂਘਰ ਦੇ ਸਾਹਮਣੇ ਫੁੱਲਾਂ ਦੀਆਂ ਕਿਆਰੀਆਂ ਦੀ ਸੇਵਾ ਸੰਭਾਲ ਕੀਤੀ ਗਈ।
ਕਾਰਸੇਵਾ ਜਥੇ ਦੇ ਮੋਢੀ ਮੈਂਬਰ ਸ. ਸਤਨਾਮ ਸਿੰਘ ਔਲਖ ਅਨੁਸਾਰ ਗੁਰੂਘਰ ਦੀ ਨਿਸ਼ਕਾਮ ਕਾਰਸੇਵਾ ਸਾਲ 2008 ਤੋਂ ਚਲਦੀ ਆ ਰਹੀ ਹੈ, ਜਿਸ ਦੌਰਾਨ ਸੰਗਤ ਦੇ ਲੱਖਾਂ ਡਾਲਰਾਂ ਦੀ ਬਚਤ ਹੋਈ ਹੈ, ਕਿਉਂਕਿ ਗੁਰੂਘਰ ਨਾਲ ਸਬੰਧਤ ਜਿਹੜੇ ਕੰਮ ਕਾਰਸੇਵਾ ਦੌਰਾਨ ਨਿਪਟਾ ਲਏ ਜਾਂਦੇ ਹਨ, ਜੇ ਉਹ ਕੰਮ ਬਾਹਰੋਂ ਵਰਕਰ ਬੁਲਾ ਕੇ ਕਰਵਾਏ ਜਾਣ ਤਾਂ ਵੱਡੀ ਰਕਮ ਉਤਾਰਨੀ ਪੈਂਦੀ ਹੈ। ਸੰਗਤੀ ਰੂਪ ਵਿੱਚ ਕਾਰਸੇਵਾ ਕਰਦਿਆਂ ਸਹਿਚਾਰ ਵੀ ਬਣਿਆ ਰਹਿੰਦਾ ਹੈ ਅਤੇ ਕਿਸੇ ਵੀ ਕੰਮ ਵਿੱਚ ਮੁਹਾਰਤ ਵਾਲੇ ਸੇਵਾਦਾਰ ਦੀ ਸਲਾਹ ਨਾਲ ਟੁੱਟ-ਭੱਜ ਜਾਂ ਮੁਰੰਮਤ ਦਾ ਕੰਮ ਹੱਥੀਂ ਤੇ ਸਸਤੇ ਵਿੱਚ ਕਰ ਲਿਆ ਜਾਂਦਾ ਹੈ।
ਸ. ਔਲਖ ਨੇ ਦੱਸਿਆ ਕਿ ਸੇਵਾਦਾਰ ਸ. ਨਰਦੀਪ ਸਿੰਘ ਨੇ ਵਰਕਸ਼ਾਪ ਵਿੱਚ ਕਾਰਸੇਵਾ ਵਿੱਚ ਵਰਤੋਂ ਹੋਣ ਵਾਲੇ ਸਾਰੇ ਸੰਦਾਂ ਦੀ ਮੁਰੰਮਤ, ਸਾਫ-ਸਫ਼ਾਈ ਤੇ ਤਿੱਖੇ ਕਰ ਸੇਵਾ ਵਾਸਤੇ ਤਿਆਰ ਕੀਤੇ। ਸੰਗਤ ਲਈ ਚਾਹ-ਸੋਡਾ, ਫਲ ਤੇ ਲੰਗਰ-ਪਾਣੀ ਦੇ ਉਚੇਚੇ ਪ੍ਰਬੰਧ ਤੋਂ ਇਲਾਵਾ ਪੀਜ਼ਾ ਵੀ ਵਰਤਾਇਆ ਗਿਆ। ਇਸੇ ਦੌਰਾਨ ਸੇਵਾਦਾਰ ਬੀਬੀਆਂ ਤੇ ਬੰਦਿਆਂ ਦੀ ਵੱਖ-ਵੱਖ ਗਰੁੱਪ ਫੋਟੋ ਵੀ ਖਿੱਚੀ ਗਈ। ਸੇਵਾ ਕਰਦਿਆਂ ਦੀਆਂ ਤਸਵੀਰਾਂ ਵੀ ਕਾਰਸੇਵਾ ਦੇ ਵ੍ਹੱਟਸਐਪ ਗਰੁੱਪ ਵਿੱਚ ਨਾਲੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ।