ਗੁਰਦੁਆਰਾ ਗੁਰੂ ਨਾਨਕ ਸੁਸਾਇਟੀ, ਹੈਮਿਲਟਨ ਵਿੱਚ ਜਨਰਲ ਇਜਲਾਸ ਸੱਦਣ ਲਈ ਦਸਤਖਤ ਮੁਹਿੰਮ

Uncategorized

*ਪਾਠ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਵੱਧ ਪੰਨੇ ਪਲਟਣ ਦਾ ਮਾਮਲਾ*

ਕੁਲਜੀਤ ਦਿਆਲਪੁਰੀ

ਸਿਨਸਿਨੈਟੀ, ਓਹਾਇਓ: ਗੁਰਦੁਆਰਾ ਗੁਰੂ ਨਾਨਕ ਸੁਸਾਇਟੀ, ਹੈਮਿਲਟਨ ਦੇ ਹੈੱਡ ਗ੍ਰੰਥੀ ਵੱਲੋਂ ਗੁਰੂ ਘਰ ਵਿੱਚ ਅਖੰਡ ਪਾਠ ਦੌਰਾਨ ਬਿਨਾ ਪੜ੍ਹਿਆਂ ਗੁਰੂ ਗ੍ਰੰਥ ਸਾਹਿਬ ਦੇ 49 ਪੰਨੇ ਪਲਟਣ ਦਾ ਮਾਮਲਾ ਪਿਛਲੇ ਕਰੀਬ ਡੇਢ ਮਹੀਨੇ ਤੋਂ ਚਰਚਾ ਵਿੱਚ ਆਇਆ ਹੋਇਆ ਹੈ। ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਗੁਰਦੁਆਰਾ ਸਾਹਿਬ ਨਾਲ ਜੁੜੀ ਸੰਗਤ ਦੇ ਕੁਝ ਮੈਂਬਰਾਂ ਨੇ ਇਸ ਗੱਲੋਂ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਇਸ ਮਾਮਲੇ ਬਾਰੇ ਫੈਸਲਾ ਜਨਰਲ ਇਜਲਾਸ ਸੱਦ ਕੇ ਸੰਗਤ ਦੀ ਰਾਏ ਨਾਲ ਕਰਨਾ ਚਾਹੀਦਾ ਹੈ।

ਇਸ ਮਾਮਲੇ ਨੂੰ ਕੁਝ ਸੰਗਤ ਮੈਂਬਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪਾਠ ਦਾ ਨਿਰਾਦਰ ਕਰਾਰ ਦਿੱਤਾ ਹੈ, ਜਦਕਿ ਸਣੇ ਕਮੇਟੀ ਦੇ ਪ੍ਰਧਾਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਅਖੰਡ ਪਾਠ ਦਾ ਖੰਡਨ ਹੋਇਆ ਹੈ, ਬੇਅਦਬੀ ਨਹੀਂ।
ਹੁਣ ਇਸ ਮਾਮਲੇ ਨੂੰ ਲੈ ਕੇ ਜਨਰਲ ਇਜਲਾਸ ਸੱਦਣ ਸਬੰਧੀ ਸੰਗਤ ਦੇ ਦੋ ਮੈਂਬਰਾਂ- ਰਣਜੀਤ ਸਿੰਘ ਅਤੇ ਪਲਵਿੰਦਰ ਸਿੰਘ ਘੁਮਾਣ ਵੱਲੋਂ ਇੱਕ ਪਟੀਸ਼ਨ ਉਤੇ ਸੰਗਤ ਦੇ ਦਸਤਖਤ ਕਰਵਾਏ ਜਾ ਰਹੇ ਹਨ ਅਤੇ ਇਸ ਲਈ ਮਿਥੇ ਆਖਰੀ ਦਿਨ 5 ਨਵੰਬਰ 2023, ਐਤਵਾਰ ਤੱਕ ਦਸਤਖਤ ਕੀਤੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਸੰਗਤ ਦੇ ਕੁੱਲ ਮੈਂਬਰਾਂ ਵਿੱਚੋਂ ਇੱਕ ਤਿਹਾਈ ਮੈਂਬਰਾਂ ਵੱਲੋਂ ਪਟੀਸ਼ਨ ਉਤੇ ਦਸਤਖਤ ਕਰਨ ਉਪਰੰਤ ਜਨਰਲ ਇਜਲਾਸ ਬੁਲਾਏ ਜਾਣ ਸਬੰਧੀ ਫੈਸਲਾ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਗੁਰੂ ਘਰ ਵਿੱਚ ਚੱਲ ਰਹੇ ਅਖੰਡ ਪਾਠ ਦੌਰਾਨ 9 ਸਤੰਬਰ 2023 ਨੂੰ ਰਾਤ ਵੇਲੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਰੌਲ਼ ਲਾਉਣ ਦੀ ਸੇਵਾ ਨਿਭਾਅ ਰਹੇ ਸਨ, ਪਰ ਪਾਠ ਕਰਦਿਆਂ ਇੱਕ ਪੰਨਾ ਪਲਟਣ ਦੀ ਥਾਂ ਉਨ੍ਹਾਂ ਕੁਝ ਪੰਨੇ ਬਿਨਾ ਗੁਰਬਾਣੀ ਦਾ ਪਾਠ ਕੀਤਿਆਂ ਪਲਟ ਦਿੱਤੇ। ਪਾਠ ਸੁਣ ਰਹੇ ਇੱਕ ਮਹਿਮਾਨ ਸੰਗਤ ਮੈਂਬਰ ਨੂੰ ਸ਼ੱਕ ਹੋਇਆ ਕਿ ਕੁਝ ਗੜਬੜ ਹੋਈ ਹੈ, ਜੋ ਤਰਤੀਬਬੱਧ ਪਾਠ ਦੀ ਲੈਅ ਉਖੜ ਗਈ ਹੈ। ਬਾਅਦ ਵਿੱਚ ਉਸ ਨੇ ਇਹ ਮਾਮਲਾ ਕੁਝ ਕਮੇਟੀ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਸੋਹਲ, ਪਹਿਲਾਂ ਕਮੇਟੀ ਵਿੱਚ ਰਹੇ ਇੱਕ ਹੋਰ ਸੰਗਤ ਮੈਂਬਰ ਤੀਰਥ ਸਿੰਘ, ਸਾਬਕਾ ਖਜ਼ਾਨਚੀ ਰੁਪਿੰਦਰ ਸਿੰਘ ਅਤੇ ਦਸਤਖਤ ਮੁਹਿੰਮ ਦੇ ਪਟੀਸ਼ਨ ਕਰਤਾ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਗ੍ਰੰਥੀ ਸਿੰਘ ਨੇ ਤੇਜ ਤੇਜ ਪਾਠ ਕਰਨ ਦੀ ਦਲੀਲ ਦੇ ਕੇ ਭੁਲੇਖਾ ਲੱਗ ਜਾਣ ਦੀ ਸਫਾਈ ਦਿੱਤੀ, ਪਰ ਜਦੋਂ ਇਸ ਸਭ ਦੇ ਨਿਤਾਰੇ ਲਈ ਵੀਡੀਓ ਰਿਕਾਰਡਿੰਗ ਦੇਖੀ ਗਈ ਤਾਂ ਸਾਰਾ ਮਾਮਲਾ ਸਾਫ ਹੋ ਗਿਆ। ਪਾਠ ਕਰਦਿਆਂ ਗ੍ਰੰਥੀ ਸਿੰਘ 49 ਪੰਨੇ ਅੱਗੇ ਪਹੁੰਚ ਗਏ ਸਨ। ਅਖੰਡ ਪਾਠ ਦੌਰਾਨ ਉਹ ਪੰਨਾ 1033 ਦਾ ਪਾਠ ਕਰ ਰਹੇ ਸਨ ਅਤੇ ਇੱਕ ਪੰਨਾ ਪਲਟਾਉਣ ਦੀ ਥਾਂ ਇੱਕੋ ਵਾਰ ਕਈ ਪੰਨੇ ਪਲਟ ਕੇ ਪੰਨਾ 1082 ਉਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਭਾਈ ਅਮਰੀਕ ਸਿੰਘ ਗੁਰੂ ਘਰ ਵਿਖੇ ਪਿਛਲੇ ਕਰੀਬ 16 ਸਾਲਾਂ ਤੋਂ ਸੇਵਾ ਨਿਭਾਅ ਰਹੇ ਹਨ, ਪਰ ਉਨ੍ਹਾਂ ਵੱਲੋਂ ਅਜਿਹਾ ਕੀਤੇ ਜਾਣ ਨਾਲ ਸੰਗਤ ਦੇ ਇੱਕ ਹਿੱਸੇ ਵਿੱਚ ਕਾਫੀ ਨਿਰਾਸ਼ਾ ਹੈ। ਦੂਜੇ ਪਾਸੇ ਕਮੇਟੀ ਦੇ ਪ੍ਰਧਾਨ ਅਨੁਸਾਰ ਭਾਈ ਸਾਹਿਬ ਗੁਰਬਾਣੀ ਦੇ ਗਿਆਤਾ ਹਨ ਅਤੇ ਉਨ੍ਹਾਂ ਦਾ ਸੰਗਤ ਵਿੱਚ ਕਿਰਦਾਰ ਉਚਾ ਤੇ ਸਤਿਕਾਰਯੋਗ ਹੈ।
ਜਦੋਂ ਮਾਮਲਾ ਹੋਰ ਕਮੇਟੀ ਮੈਂਬਰਾਂ ਅਤੇ ਸੰਗਤ ਦੇ ਕੁਝ ਮੈਂਬਰਾਂ ਦੇ ਧਿਆਨ ਵਿੱਚ ਆ ਗਿਆ ਤਾਂ ਇਸ ਸਬੰਧੀ ਹੋਈਆਂ ਬੈਠਕਾਂ ਵਿੱਚ ਗ੍ਰੰਥੀ ਸਿੰਘ ਤੋਂ ਮੁਆਫੀਨਾਮਾ ਅਤੇ ਅਸਤੀਫਾ ਲੈ ਲਏ ਜਾਣ `ਤੇ ਸਹਿਮਤੀ ਬਣੀ, ਪਰ ਬਾਅਦ ਵਿੱਚ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਇਸ ਨੂੰ ਕਿਸੇ ਤਰੀਕੇ ਨਜਿੱਠਣ ਦੀਆਂ ਚਾਰਾਜੋਈਆਂ ਸ਼ੁਰੂ ਹੋ ਗਈਆਂ। ਇਸ ਮਾਮਲੇ ਵਿੱਚ ਗ੍ਰੰਥੀ ਸਿੰਘ ਨੂੰ ਇੱਕ ਮੌਕਾ ਹੋਰ ਦੇਣ ਅਤੇ ਉਸ ਦੀਆਂ ਸੇਵਾਵਾਂ ਖਤਮ ਕਰਨ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਤੇ ਸੰਗਤ ਮੈਂਬਰਾਂ ਵਿੱਚ ਮਤਭੇਦ ਉਭਰ ਆਏ ਹਨ।
ਜਾਣਕਾਰੀ ਅਨੁਸਾਰ ਇੱਕ ਧਿਰ ਇਸ ਗੱਲ ਨੂੰ ਲੈ ਕੇ ਬਜ਼ਿੱਦ ਹੈ ਕਿ ਅਕਾਲ ਤਖਤ ਤੋਂ ਜਾਰੀ ਰਹਿਤ ਮਰਿਆਦਾ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਗ੍ਰੰਥੀ ਸਿੰਘ ਇਸ ਤਰ੍ਹਾਂ ਨਾ ਕਰ ਸਕੇ, ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੋਵੇ। ਗ੍ਰੰਥੀ ਸਿੰਘ ਨੂੰ ਧਾਰਮਿਕ ਸੇਵਾ ਲਾਉਣ ਤੋਂ ਇਲਾਵਾ ਇੱਕ ਮਹੀਨੇ ਲਈ ਮੁਅੱਤਲ ਕਰਨ ਦੀ ਮੰਗ ਵੀ ਉੱਠੀ ਸੀ। ਦੂਜੀ ਧਿਰ ਇਹ ਚਾਹ ਰਹੀ ਹੈ ਕਿ ਜੇ ਗ੍ਰੰਥੀ ਸਿੰਘ ਨੇ ਗਲਤੀ ਮੰਨ ਲਈ ਹੈ ਤਾਂ ਉਸ ਨੂੰ ਧਾਰਮਿਕ ਤਨਖਾਹ ਲਾ ਕੇ ਇੱਕ ਮੌਕਾ ਦੇ ਦਿੱਤਾ ਜਾਵੇ। ਦੱਸਿਆ ਗਿਆ ਹੈ ਕਿ ਇਸ ਕਸ਼ਮਕਸ਼ ਦੌਰਾਨ ਹੀ ਪੰਜ ਪਿਆਰਿਆਂ ਵੱਲੋਂ ਗ੍ਰੰਥੀ ਸਿੰਘ ਨੂੰ ਤਨਖਾਹੀਆ ਕਰਾਰ ਦੇਣ ਅਤੇ ਫਿਰ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਸੰਗਤ ਨੂੰ ਮਾਮਲੇ ਬਾਰੇ ਈਮੇਲ ਜਾਰੀ ਕਰਨ ਦੀ ਕਵਾਇਦ ਹੋਈ।
ਦੂਜੇ ਪਾਸੇ ਜਨਰਲ ਇਜਲਾਸ ਸੱਦਣ ਲਈ ਯਤਨਸ਼ੀਲ ਸੰਗਤ ਮੈਂਬਰਾਂ ਦੀ ਦਲੀਲ ਹੈ ਕਿ ਰਹਿਤ ਮਰਿਆਦਾ ਅਨੁਸਾਰ ਕੁਰਹਿਤ ਹੋਣ ਉਤੇ ਸਬੰਧਤ ਜ਼ਿੰਮੇਵਾਰ ਧਿਰ ਨੂੰ ਪਹਿਲਾਂ ਸੰਗਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਸਬੰਧੀ ਫੈਸਲਾ ਲੈਣ ਲਈ ਪੰਜ ਪਿਆਰੇ ਵੀ ਸੰਗਤ ਵਿੱਚੋਂ ਹੀ ਲਏ ਜਾਂਦੇ ਹਨ। ਪਟੀਸ਼ਨ ਵਾਲੀ ਧਿਰ ਦਾ ਇਹ ਵੀ ਕਹਿਣਾ ਹੈ ਕਿ ਗ੍ਰੰਥੀ ਸਿੰਘ ਦੇ ਮਾਮਲੇ ਸਬੰਧੀ ਪੰਜ ਪਿਆਰਿਆਂ ਵੱਲੋਂ ਲਏ ਫੈਸਲੇ ਉਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਸਾਰਾ ਮਾਮਲਾ ਕਮੇਟੀ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਬਿਲਕੂ ਦੇ ਧਿਆਨ ਵਿੱਚ ਵੀ ਸੀ।
ਇਸ ਮਾਮਲੇ ਸਬੰਧੀ ਸੰਪਰਕ ਕਰਨ ਉੱਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਛਪਾਲ ਸਿੰਘ ਸਹੋਤਾ ਨੇ ਕਿਹਾ ਕਿ ਗ੍ਰੰਥੀ ਸਿੰਘ ਨੂੰ ਪੰਜ ਪਿਆਰਿਆਂ ਅਤੇ ਕਮੇਟੀ ਵੱਲੋਂ ਵੱਖਰੇ ਵੱਖਰੇ ਤੌਰ `ਤੇ ਤਨਖਾਹ (ਸੇਵਾ) ਲਾਈ ਗਈ ਹੈ ਤੇ ਭਾਈ ਸਾਹਿਬ ਇਨ੍ਹਾਂ ਨੂੰ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਜਾਣ-ਬੁੱਝ ਕੇ ਗਲਤੀ ਕੀਤੀ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਗਲਤੀ ਬੇਅਦਬੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਗਲਤੀ ਮੰਨ ਵੀ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਜੇ ਵਿਸ਼ੇਸ਼ ਜਨਰਲ ਇਜਲਾਸ (ਆਮ ਇਜਲਾਸ ਨਹੀਂ) ਲਈ ਕੁੱਲ ਮੈਂਬਰਾਂ ਵਿੱਚੋਂ ਇੱਕ ਤਿਹਾਈ ਮੈਂਬਰ ਦਸਤਖਤ ਕਰ ਦੇਣ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਪਟੀਸ਼ਨ ਕਰਤਾਵਾਂ ਅਨੁਸਾਰ ਉਨ੍ਹਾਂ ਨਾਲ ਜੁੜੇ ਸੰਗਤ ਮੈਂਬਰਾਂ ਦਾ ਮੁੱਖ ਮਕਸਦ ਜਨਰਲ ਬਾਡੀ ਦੀ ਮੀਟਿੰਗ ਬੁਲਾਏ ਜਾਣਾ ਹੈ ਤਾਂ ਜੋ ਮਾਮਲਾ ਗੁਰੂ ਘਰ ਦੀ ਸਾਰੀ ਸੰਗਤ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਅਗਲੇ ਕਦਮਾਂ ਬਾਰੇ ਸੰਗਤ ਦੀ ਅਹਿਮ ਰਾਏ ਲੈ ਕੇ ਭਵਿੱਖ ਵਿੱਚ ਕਥਿਤ ਤੌਰ `ਤੇ ਅਜਿਹੀਆਂ ਕੁਤਾਹੀਆਂ ਨੂੰ ਸੰਭਾਵੀ ਤੌਰ `ਤੇ ਰੋਕਿਆ ਜਾ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਜਨਰਲ ਇਜਲਾਸ ਬੁਲਾਏ ਜਾਣ ਦਾ ਮਤਲਬ ਭਾਈ ਅਮਰੀਕ ਸਿੰਘ ਦਾ ਅਪਮਾਨ ਕਰਨਾ ਨਹੀਂ ਹੈ, ਸਗੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਰੱਖੇ ਜਾਣ ਲਈ ਸੰਗਤੀ ਰੂਪ ਵਿੱਚ ਫੈਸਲਾ ਲੈਣ ਦਾ ਹੈ। ਉਨ੍ਹਾਂ ਹੋਰ ਸਪਸ਼ਟ ਕੀਤਾ ਕਿ ਪਟੀਸ਼ਨ ਉੱਤੇ ਦਸਤਖਤ ਕਰਵਾਉਣ ਦੀ ਕਾਰਵਾਈ “ਪੰਜ ਪਿਆਰਿਆਂ ਦੇ ਰੂਪ ਵਿੱਚ ਲਏ ਫੈਸਲੇ ਦਾ” ਵਿਰੋਧ ਕਰਨਾ ਨਹੀਂ ਹੈ, ਸਗੋਂ ਮਾਮਲੇ ਨੂੰ ਪ੍ਰਸ਼ਾਸਨਿਕ ਪੱਧਰ ਉੱਤੇ ਵਿਚਾਰਿਆ ਜਾਣਾ ਹੈ ਅਤੇ ਰਹਿਤ ਮਰਿਆਦਾ ਦੀਆਂ ਤਰਮੀਮਾਂ ਉੱਤੇ ਪਹਿਰਾ ਦੇਣਾ ਹੈ। ਜਾਣਕਾਰੀ ਅਨੁਸਾਰ ਖਬਰ ਲਿਖੇ ਜਾਣ ਤੱਕ ਪਟੀਸ਼ਨ ਉੱਤੇ ਕਰੀਬ ਸਵਾ ਦੋ ਸੌ ਸੰਗਤ ਮੈਂਬਰਾਂ ਦੇ ਦਸਤਖਤ ਹੋ ਚੁੱਕੇ ਹਨ।
ਪਟੀਸ਼ਨ ਉਤੇ ਦਸਤਖਤ ਕਰਵਾਉਣ ਵਾਲੇ ਸੰਗਤ ਮੈਂਬਰਾਂ ਵੱਲੋਂ ਇਸ ਗੱਲ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਸ ਮਾਮਲੇ ਸਬੰਧੀ ਅੰਤਿਮ ਫੈਸਲਾ ਸਮੁੱਚੀ ਸੰਗਤ ਦੀ ਸਹਿਮਤੀ ਨਾਲ ਲਿਆ ਜਾਵੇ, ਜਿਸ ਲਈ ਜਨਰਲ ਇਜਲਾਸ ਸੱਦਣਾ ਜ਼ਰੂਰੀ ਹੈ। ਫਿਲਹਾਲ ਪਟੀਸ਼ਨ ਉਤੇ ਸੰਗਤ ਦੇ ਦਸਤਖਤਾਂ ਦਾ ਅਮਲ ਜਾਰੀ ਹੈ। ਕਮੇਟੀ ਪ੍ਰਧਾਨ ਰਛਪਾਲ ਸਿੰਘ ਸਹੋਤਾ ਅਨੁਸਾਰ ਦਸਤਖਤਾਂ ਵਾਲੀ ਪਟੀਸ਼ਨ ਮਿਲਣ `ਤੇ ਪਹਿਲਾਂ ਕਮੇਟੀ ਵੱਲੋਂ ਤਸਦੀਕ ਕੀਤਾ ਜਾਵੇਗਾ ਕਿ ਸਭ ਕੁਝ ਦਰੁਸਤ ਹੈ ਕਿ ਨਹੀਂ! ਉਸ ਪਿੱਛੋਂ ਕੋਰਮ ਪੂਰਾ ਹੋਣ ਦੀ ਸੂਰਤ ਵਿੱਚ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰ ਹਨ, ਜੋ ਇਸ ਸਾਲ ਦੇ ਸ਼ੁਰੂ ਵਿੱਚ ਪਰਚੀ ਕੱਢਣ ਦੀ ਵਿਧੀ ਰਾਹੀਂ ਚੁਣੇ ਗਏ ਸਨ। ਇਸ ਮਾਮਲੇ ਵਿੱਚ ਕਮੇਟੀ ਦੇ ਕੁਝ ਮੈਂਬਰ ਕਥਿਤ ਤੌਰ `ਤੇ ਗ੍ਰੰਥੀ ਸਿੰਘ ਦੀ ਹਮਾਇਤ ਉਤੇ ਹੋਣ ਦੀ ਵੀ ਚਰਚਾ ਹੈ, ਜਦਕਿ ਪਹਿਲਾਂ ਉਹੀ ਸ਼ਖਸ ਸਬੰਧਤ ਮਾਮਲੇ ਬਾਰੇ ਹੋਈਆਂ ਬੈਠਕਾਂ ਦੌਰਾਨ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਗ੍ਰੰਥੀ ਸਿੰਘ ਖਿਲਾਫ ਬਣਦੀ ਕਾਰਵਾਈ ਕਰਨ ਦੇ ਵਿਚਾਰ `ਤੇ ਸਹਿਮਤ ਸਨ। ਵੀਡੀਓ ਰਿਕਾਰਡਿੰਗ ਦੇ ਆਧਾਰ `ਤੇ ਕਥਿਤ ਕੁਤਾਹੀ ਕਰਨ ਬਾਰੇ ਗ੍ਰੰਥੀ ਸਿੰਘ ਤੋਂ ਗਲਤੀਨਾਮਾ ਲਿਖਾਉਣ ਅਤੇ ਨੈਤਿਕਤਾ ਦੇ ਆਧਾਰ `ਤੇ ਅਸਤੀਫਾ ਲੈਣ ਦੀ ਵੀ ਵਿਚਾਰ ਹੋਈ ਸੀ। ਗਲਤੀ ਮੰਨ ਲਏ ਜਾਣ `ਤੇ ਸੰਗਤ ਵਿੱਚ ਮਾੜਾ ਪ੍ਰਭਾਵ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੂੰ ਪਹਿਲਾਂ ਸਿਰਫ ਕੀਰਤਨ ਕਰਨ ਦੀ ਆਗਿਆ ਹੀ ਦਿੱਤੀ ਗਈ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਤੋਂ ਵਰਜਿਆ ਗਿਆ ਸੀ। ਗ੍ਰੰਥੀ ਸਿੰਘ ਨੂੰ ਅਖੰਡ ਪਾਠ ਕਰਵਾਉਣ ਵਾਲੇ ਪਰਿਵਾਰ ਤੋਂ ਮੁਆਫੀ ਮੰਗਣ ਅਤੇ ਦੋ ਸਹਿਜ ਪਾਠ ਕਰਨ- ਇੱਕ ਪਰਿਵਾਰ ਦੇ ਘਰ ਅਤੇ ਦੂਜਾ ਸਹਿਜ ਪਾਠ ਗੁਰਦੁਆਰਾ ਸਾਹਿਬ ਵਿਖੇ ਕਰਨ ਦਾ ਫੈਸਲਾ ਸੁਣਾਇਆ ਗਿਆ। ਤਨਖਾਹ ਦੇ ਰੂਪ ਵਿੱਚ ਹੋਰ ਸੇਵਾ ਵੀ ਲਾਈ ਗਈ। ਸੰਗਤ ਦੇ ਕੁਝ ਮੈਂਬਰਾਂ ਵੱਲੋਂ ਇਸ ਮਾਮਲੇ `ਤੇ ਲਏ ਗਏ ਫੈਸਲੇ ਉੱਤੇ ਅਸਹਿਮਤੀ ਪ੍ਰਗਟਾਉਂਦਿਆਂ ਜਨਰਲ ਇਜਲਾਸ ਸੱਦਣ ਲਈ ਪਟੀਸ਼ਨ ਉੱਤੇ ਦਸਤਖਤ ਕਰਵਾਏ ਜਾਣ ਦੀ ਕਵਾਇਦ ਸ਼ੁਰੂ ਹੋਈ।
ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਗ੍ਰੰਥੀ ਸਿੰਘ ਦੇ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਨਾਲ ਉਹ ਸਹਿਮਤ ਨਹੀਂ ਹਨ, ਕਿਉਂਕਿ ਸਾਰੇ ਕਮੇਟੀ ਮੈਂਬਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ। ਉਨ੍ਹਾਂ ਇਸ ਗੱਲ ਉਤੇ ਇਤਰਾਜ਼ ਜਤਾਇਆ ਹੈ ਕਿ ਕਮੇਟੀ ਦੇ ਕੁਝ ਮੋਹਰੀਆਂ ਵੱਲੋਂ ਉਨ੍ਹਾਂ (ਸੋਹਲ) ਨੂੰ ਸਟੇਜ ਤੋਂ ਆਪਣੀ ਗੱਲ ਨਹੀਂ ਰੱਖਣ ਦਿੱਤੀ ਗਈ। ਉਨ੍ਹਾਂ ਸਪਸ਼ਟ ਕਿਹਾ ਕਿ ਉਹ ਜਨਰਲ ਇਜਲਾਸ ਲਈ ਪਟੀਸ਼ਨ ਉਤੇ ਦਸਤਖਤ ਕਰਵਾ ਰਹੇ ਸੰਗਤ ਮੈਂਬਰਾਂ ਨੂੰ ਪੂਰਾ ਸਹਿਯੋਗ ਦੇਣਗੇ। ਚਰਚਾ ਅਨੁਸਾਰ ਪੰਜ ਪਿਆਰਿਆਂ ਵਿੱਚ ਸ਼ਾਮਲ ਸੰਗਤ ਦੇ ਤਿੰਨ ਵਿੱਚੋਂ ਇੱਕ ਮੈਂਬਰ ਹਰਵਿੰਦਰ ਸਿੰਘ ਢਿੱਲੋਂ ਨੂੰ ਸਾਰੇ ਮਾਮਲੇ ਦੀ ਅਸਲ ਜਾਣਕਾਰੀ ਮੌਕੇ ਉਤੇ ਹੀ ਹੋਈ, ਕਿਉਂਕਿ ਪੰਜ ਪਿਆਰਿਆਂ ਵਿੱਚ ਦੋ ਕਮੇਟੀ ਮੈਂਬਰ ਅਤੇ ਤਿੰਨ ਮੈਂਬਰ ਸੰਗਤ ਵਿੱਚੋਂ ਲਏ ਸਨ।
ਮਾਮਲਾ ਭਖਦਾ ਦੇਖ ਕੇ ਇਸ ਬਾਰੇ ਗੁਰੂ ਘਰ ਦੀ ਸਟੇਜ ਤੋਂ ਹਾਜ਼ਰ ਸੰਗਤ ਨੂੰ ਜਾਣੂ ਕਰਵਾਇਆ ਗਿਆ। ਇਸ ਸਬੰਧੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸੰਗਤ ਨੂੰ ਇੱਕ ਈਮੇਲ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਮਾਮਲੇ ਬਾਰੇ ਵੇਰਵਾ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਛਪਾਲ ਸਿੰਘ ਸਹੋਤਾ ਕਮੇਟੀ ਦੇ ਪ੍ਰਧਾਨ ਹਨ, ਜਦਕਿ ਕਮਲ ਸਿੰਘ ਸਕੱਤਰ ਤੇ ਗੁਰਬੀਰ ਸਿੰਘ ਖਜ਼ਾਨਚੀ ਹਨ।

Leave a Reply

Your email address will not be published. Required fields are marked *