ਕੈਨੇਡਾ ਵਿੱਚ ਪੰਜਾਬੀਆਂ ਦੀ ਗੱਲ

Uncategorized

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਭਾਰਤੀ ਪੰਜਾਬ ਦੇ ਲੋਕ ਇਹ ਮੰਨਦੇ ਹਨ ਕਿ ਕੈਨੇਡਾ ਇੱਕ ਖ਼ੁਸ਼ਹਾਲ ਮੁਲਕ ਹੈ ਤੇ ਇਹ ਮੁਲਕ ਉੱਥੇ ਜਾਣ ਵਾਲੇ ਪੰਜਾਬੀਆਂ ਦੇ ਜੀਵਨ ਨੂੰ ਖ਼ੁਸ਼ਹਾਲ ਤੇ ਸੁੱਖਾਂ ਭਰਿਆ ਬਣਾ ਸਕਦਾ ਹੈ। ਇਸੇ ਆਸ ਜਾਂ ਮੁਗ਼ਾਲਤੇ ‘ਚ ਹਰ ਮਹੀਨੇ ਸੈਂਕੜੇ ਪੰਜਾਬੀ ਨੌਜਵਾਨ ਪੜ੍ਹਾਈ ਦੇ ਨਾਂ ਉਤੇ ਅਤੇ ਕਈ ਹੋਰ ਪੰਜਾਬੀ ਕਿਸਾਨ, ਕਾਰੋਬਾਰੀ, ਡਾਕਟਰ, ਇੰਜੀਨੀਅਰ ਤੇ ਹੋਰ ਪ੍ਰੋਫ਼ੈਸ਼ਨਲਜ਼ ਆਪਣੀ ਜਨਮ ਭੋਇੰ ਛੱਡ ਕੇ ਕੈਨੇਡਾ ‘ਚ ਪਰਵਾਸ ਹੰਢਾਉਣ ਦੇ ਰਾਹ ਪੈ ਰਹੇ ਹਨ।

ਇੱਕ ਕੌੜਾ ਸੱਚ ਇਹ ਵੀ ਹੈ ਕਿ ਕੈਨੇਡਾ ਵੀ ਹੁਣ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਜਾ ਰਿਹਾ ਹੈ ਤੇ ਉੱਥੇ ਜਾ ਕੇ ਕਰਨ ਲਈ ਕੋਈ ਢੰਗ ਦਾ ਕੰਮ ਲੱਭਣਾ ਹੁਣ ਆਸਾਨ ਨਹੀਂ ਰਿਹਾ ਹੈ। ਵਰਤਮਾਨ ਸਮੇਂ ‘ਚ ਕੈਨੇਡਾ ਜਾ ਰਹੇ ਪੰਜਾਬ ਵਾਸੀਆਂ ਨੂੰ ਉੱਥੇ ਜਾ ਕੇ ਹੱਡ-ਭੰਨ੍ਹਵੀਂ ਮਿਹਨਤ ਨਾਲ ਕਮਾਈ ਕਰਕੇ ਆਪਣਾ ਗ਼ੁਜ਼ਾਰਾ ਸੌਖਾ ਕਰਨ ਅਤੇ ਪਿੱਛੇ ਪੰਜਾਬ ‘ਚ ਰਹਿੰਦੇ ਪਰਿਵਾਰਕ ਜੀਆਂ ਨੂੰ ਵੱਖ-ਵੱਖ ਕਾਰਜਾਂ ਲਈ ਪੈਸੇ ਭੇਜਣ ਦਾ ਸਿਲਸਿਲਾ ਹੁਣ ਕਾਫੀ ਔਖਾ ਹੁੰਦਾ ਜਾ ਰਿਹਾ ਹੈ। ਕਈ ਨੌਜਵਾਨ ਉੱਥੇ ਜਾ ਕੇ ਨਿਤ ਦਿਨ ਔਖੇ ਹੁੰਦੇ ਹਾਲਾਤ ਕਰਕੇ ਆਪਣੇ ਸੁਫ਼ਨਿਆਂ ਨੂੰ ਇੱਕ ਇੱਕ ਕਰਕੇ ਟੁੱਟਦਾ ਹੋਇਆ ਵੇਖ ਰਹੇ ਹਨ। ਕੁਝ ਪਰਵਾਸੀ ਤਾਂ ਅੱਜ ਕੈਨੇਡਾ ਨੂੰ ‘ਮਿੱਠੀ ਜੇਲ੍ਹ’ ਮੰਨਦੇ ਹਨ, ਜਿੱਥੇ ਨਾ ਤਾਂ ਰਹਿਣਾ ਸੌਖਾ ਰਹਿ ਗਿਆ ਹੈ ਤੇ ਨਾ ਹੀ ਪਿੱਛੇ ਮੁੜ੍ਹਿਆ ਜਾ ਰਿਹਾ ਹੈ।
ਕੈਨੇਡਾ ਦਾ ਕੁੱਲ ਰਕਬਾ 99,84,670 ਵਰਗ ਕਿਲੋਮੀਟਰ ਹੈ, ਜਿਸ ਵਿੱਚੋਂ 90,93,507 ਵਰਗ ਕਿਲੋਮੀਟਰ ਰਕਬਾ ਜ਼ਮੀਨੀ ਖੇਤਰ ਹੈ ਤੇ ਕੁੱਲ ਰਕਬੇ ਦਾ ਲਗਪਗ 12 ਫ਼ੀਸਦੀ ਹਿੱਸਾ ਜਲ ਖੇਤਰ ਹੈ। ਇਹ ਦੇਸ਼ ਰਕਬੇ ਪੱਖੋਂ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਸਾਲ 2021 ਦੀ ਜਨਗਣਨਾ ਅਨੁਸਾਰ ਕੈਨੇਡਾ ਦੀ ਕੁੱਲ ਆਬਾਦੀ 3,65,66,248 ਸੀ, ਜਦੋਂ ਕਿ ਮਾਰਚ 2023 ਤੱਕ ਇਹ ਆਬਾਦੀ 3,95,66,248 ਦੇ ਅੰਕੜੇ ਤੱਕ ਪੁੱਜ ਚੁੱਕੀ ਸੀ। ਇੱਥੇ ਵੱਸੋਂ ਦੀ ਘਣਤਾ 4.2 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਕਰੀਬ ਬਣਦੀ ਹੈ। ਇੱਥੇ ਪ੍ਰਤੀ ਵਿਅਕਤੀ ਸਾਲਾਨਾ ਆਮਦਨ 60,177 ਡਾਲਰ ਦੇ ਕਰੀਬ ਹੈ ਤੇ ਸਾਲ 2023 ਦੌਰਾਨ ਕੁੱਲ ਅਨੁਮਾਨਤ ਜੀ.ਡੀ.ਪੀ. 2.385 ਟ੍ਰਿਲੀਅਨ ਡਾਲਰ ਦੱਸਿਆ ਜਾਂਦਾ ਹੈ।
ਕੈਨੇਡਾ `ਚ ਰਹਿ ਰਹੇ ਪੰਜਾਬੀਆਂ ਦੀ ਆਬਾਦੀ ਦੀ ਜੇ ਗੱਲ ਕੀਤੀ ਜਾਵੇ ਤਾਂ ਸਾਲ 2021 ਦੀ ਜਨਗਣਨਾ ਅਨੁਸਾਰ ਇਹ 9,42,170 ਦੱਸੀ ਗਈ ਸੀ, ਜਿਸ ਵਿੱਚੋਂ ਉਂਟਾਰੀਓ ਵਿੱਚ 3,97865, ਬ੍ਰਿਟਿਸ਼ ਕੋਲੰਬੀਆ ਵਿੱਚ 3,15000 ਅਤੇ ਅਲਬਰਟਾ ਇਲਾਕੇ ਵਿੱਚ 1,26385 ਪੰਜਾਬੀ ਲੋਕ ਵੱਸਦੇ ਸਨ। ਕੈਨੇਡਾ ਦੇ ਨਿਊਨਾਵਤ ਖੇਤਰ ਵਿੱਚ ਵੱਸਣ ਵਾਲੇ ਪੰਜਾਬੀਆਂ ਦੀ ਕੁੱਲ ਗਿਣਤੀ 50 ਤੋਂ ਵੀ ਘੱਟ ਹੈ, ਜਦੋਂ ਕਿ ਪੰਜਾਬੀਆਂ ਦੀ ਸਭ ਤੋਂ ਵੱਧ ਵੱਸੋਂ ਉਂਟਾਰੀਓ ਇਲਾਕੇ ‘ਚ ਹੈ। ਸਾਲ 2021 ਦੀ ਜਨਗਣਨਾ ਮੁਤਾਬਿਕ ਕੈਨੇਡਾ ਵਿਖੇ ਪੰਜਾਬੀ ਭਾਸ਼ਾ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਸਾਲ 2001 ਦੀ ਜਨਗਣਨਾ ਅਨੁਸਾਰ ਇੱਥੇ ਰਹਿਣ ਵਾਲੇ ਪੰਜਾਬੀਆਂ ਵਿੱਚੋਂ 86 ਫ਼ੀਸਦੀ ਦੇ ਕਰੀਬ ਪੰਜਾਬੀਆਂ ਦਾ ਸਿੱਖ ਧਰਮ ‘ਚ ਵਿਸ਼ਵਾਸ਼ ਸੀ ਤੇ ਬਾਕੀ 14 ਫ਼ੀਸਦੀ ਪੰਜਾਬੀ ਲੋਕ ਹੋਰ ਧਰਮਾਂ ਨਾਲ ਸਬੰਧਤ ਸਨ।
ਇਤਿਹਾਸ ਦੇ ਵਰਕੇ ਫ਼ਰੋਲਿਆਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਪਹਿਲੀ ਵਾਰ ਸੰਨ 1897 ਦੇ ਕਰੀਬ ਕੈਨੇਡਾ ਦੀ ਧਰਤੀ ‘ਤੇ ਬ੍ਰਿਟਿਸ਼ ਕੋਲੰਬੀਆ ਇਲਾਕੇ ਵਿੱਚ ਕਦਮ ਰੱਖਿਆ ਸੀ ਤੇ ਇਥੇ ਆਏ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਜੰਗਲੀ ਲੱਕੜੀ ਨਾਲ ਸਬੰਧਤ ਕਾਰੋਬਾਰ ਵਿੱਚ ਸ਼ਮੂਲੀਅਤ ਕੀਤੀ ਸੀ। ਅਸਲ ਵਿੱਚ ਇਥੇ ਪੁੱਜੇ ਇਹ ਪੰਜਾਬੀ ਲੋਕ ਭਾਰਤ ਤੋਂ ਇੰਗਲੈਂਡ ਗਏ ਸੈਨਿਕ ਸਨ, ਜਿਨ੍ਹਾਂ ਨੂੰ ਮਹਾਰਾਣੀ ਵਿਕਟੋਰੀਆ ਦੇ ਡਾਇਮੰਡ ਜੁਬਲੀ ਸਮਾਗਮਾਂ ਦੀ ਖ਼ੁਸ਼ੀ ਵਿੱਚ ਸੈਰ-ਸਫ਼ਰ ਲਈ ਕੈਨੇਡਾ ਭੇਜਿਆ ਗਿਆ ਸੀ। ਦਰਅਸਲ ਇਹ ਪੰਜਾਬੀ ਹੀ ਕੈਨੇਡਾ ਵਿੱਚ ਆ ਕੇ ਵੱਸਣ ਵਾਲੇ ਦੱਖਣੀ-ਏਸ਼ੀਆ ਮੂਲ ਦੇ ਪਹਿਲੇ ਵਿਅਕਤੀ ਸਨ। ਇਥੇ ਆਏ ਇਨ੍ਹਾਂ ਚੰਦ ਸੈਨਿਕਾਂ ਤੋਂ ਬਾਅਦ ਕੁਝ ਹੋਰ ਪੰਜਾਬੀਆਂ ਨੇ ਵੀ ਕੈਨੇਡਾ ਦਾ ਰੁਖ਼ ਕਰ ਲਿਆ ਤੇ ਸੰਨ 1900 ਤੱਕ ਭਾਵ ਤਿੰਨ ਸਾਲ ਦੇ ਅੰਦਰ-ਅੰਦਰ ਇਥੇ ਪੰਜਾਬੀਆਂ ਦੀ ਸੰਖਿਆ ਸੌ ਦੇ ਕਰੀਬ ਹੋ ਗਈ ਸੀ, ਜੋ ਅਗਲੇ ਛੇ ਸਾਲਾਂ ਵਿੱਚ 15 ਗੁਣਾਂ ਵਧ ਕੇ ਸੰਨ 1906 ਵਿੱਚ 1500 ਹੋ ਗਈ ਸੀ। ਸੰਨ 1902 ਵਿੱਚ ਪੰਜਾਬੀਆਂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ‘ਚ ਪੈਂਦੇ ‘ਗੋਲਡਨ’ ਸ਼ਹਿਰ ਵਿੱਚ ਸਥਿਤ ‘ਕੋਲੰਬੀਆ ਰਿਵਰ ਲੰਬਰ ਕੰਪਨੀ’ ਵਿੱਚ ਕੰਮ ਕਰਨ ਲਈ ਪਹਿਲੀ ਵਾਰ ਆਮਦ ਕੀਤੀ ਸੀ। ਇਥੇ ਆਉਂਦਿਆਂ ਹੀ ਆਪਣੀ ਸਖ਼ਤ ਮਿਹਨਤ ਕਰਨ ਦੀ ਆਦਤ ਤੇ ਸਿਰੜੀ ਸੁਭਾਅ ਦੀ ਬਦੌਲਤ ਪੰਜਾਬੀਆਂ ਨੇ ਖੇਤੀਬਾੜੀ ਅਤੇ ਜੰਗਲੀ ਲੱਕੜੀ ਦੇ ਕਾਰੋਬਾਰ ਦੇ ਖੇਤਰ ਵਿੱਚ ਆਪਣੀ ਵੱਡੀ ਥਾਂ ਬਣਾ ਲਈ ਸੀ। ਇਥੇ ਆ ਕੇ ਵੱਸਣ ਵਾਲੇ ਪੰਜਾਬੀਆਂ ਨੇ ਸੰਨ 1905 ਵਿੱਚ ਕੈਨੇਡਾ ਅਤੇ ਉੱਤਰੀ ਅਮਰੀਕਾ ਦੇ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਦਿੱਤੀ ਸੀ।
ਸਭ ਤੋਂ ਪਹਿਲੀ ਤੇ ਵੱਡੀ ਸੱਭਿਆਚਾਰਕ ਮੁਸ਼ਕਿਲ ਪੰਜਾਬੀਆਂ ਨੂੰ ਸੰਨ 1907 ਵਿੱਚ ਦਰਪੇਸ਼ ਆਈ ਸੀ, ਜਦੋਂ ਇੱਕ ਪੰਜਾਬੀ ਸਿੱਖ ਦਾ ਦੇਹਾਂਤ ਹੋ ਗਿਆ ਸੀ ਤੇ ਕੈਨੇਡਾ ਦੇ ਪਾਦਰੀਆਂ ਨੇ ਉੱਥੇ ਉਸ ਸਿੱਖ ਦਾ ਅੰਤਿਮ ਸਸਕਾਰ ਸਿਵਾ ਜਲਾ ਕੇ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਤੋਂ ਇਲਾਵਾ ਉਸ ਸਿੱਖ ਨੂੰ ਉੱਥੇ ਦਫ਼ਨਾਉਣ ਦੀ ਆਗਿਆ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ। ਇਸ ਧਰਮ ਸੰਕਟ ਦੇ ਮਾਰੇ ਪੰਜਾਬੀਆਂ ਨੇ ਦੂਰ ਕਿਸੇ ਜੰਗਲ ‘ਚ ਜਾ ਕੇ ਉਸ ਸਿੱਖ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਸੀ। ਇਸ ਘਟਨਾ ਨੇ ਉੱਥੇ ਵੱਸਦੇ ਪੰਜਾਬੀਆਂ ਨੂੰ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਸੀ ਕਿ ਉਨ੍ਹਾਂ ਦੀ ਵੱਸੋਂ ਵਾਲੇ ਇਲਾਕੇ ਵਿੱਚ ਉਨ੍ਹਾਂ ਦਾ ਕੋਈ ਨਾ ਕੋਈ ਵੱਡਾ ਧਾਰਮਿਕ ਸਥਾਨ ਅਤੇ ਸ਼ਮਸ਼ਾਨਘਾਟ ਕੈਨੇਡਾ ਵਿੱਚ ਹੋਣਾ ਹੀ ਚਾਹੀਦਾ ਹੈ।
ਇਸ ਉਪਰੰਤ ਪੰਜਾਬੀਆਂ ਨੇ ਇਥੇ ਹੋਰ ਧਾਰਮਿਕ ਸਥਾਨ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ, ਜਿਸਦੇ ਤਹਿਤ ਸੰਨ 1908 ਵਿੱਚ ਵੈਨਕੂਵਰ ਦੇ ਕਿਟਸੀਲਾਨੋ ਖੇਤਰ ‘ਚ ਪੰਜਾਬੀਆਂ ਨੇ ਆਪਣੇ ਦੂਜੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਦਿੱਤੀ ਸੀ, ਜਿਸਨੂੰ ਕਿ ਸੰਨ 1970 ਵਿੱਚ ਢਾਹ ਕੇ ਰੌਸ ਸਟਰੀਟ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਬੜੀ ਹੀ ਮਹੱਤਵਪੂਰਨ ਤੇ ਦਿਲਚਸਪ ਗੱਲ ਹੈ ਕਿ ਸੰਨ 1911 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਇਲਾਕੇ ‘ਚ ਬਣਾਏ ਗਏ ਗੁਰਦੁਆਰਾ ‘ਗੁਰਸਿੱਖ ਟੈਂਪਲ’ ਨੂੰ ਸੰਨ 2002 ਵਿੱਚ ‘ਕੈਨੇਡਾ ਦੇ ਇਤਿਹਾਸਕ ਮਹੱਤਵ ਵਾਲੇ ਮਹੱਤਵਪੂਰਨ ਸਥਾਨਾਂ ਦੀ ਸੂਚੀ’ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।
ਕੈਨੇਡਾ ਵਿੱਚ ਪੰਜਾਬੀਆਂ ਬਾਰੇ ਇੱਕ ਦਿਲਚਸਪ ਤੱਥ ਇਹ ਵੀ ਰਿਹਾ ਹੈ ਕਿ ਸੰਨ 1906 ਵਿੱਚ ਇਥੇ ਪੰਜਾਬੀਆਂ ਦੀ ਗਿਣਤੀ 1500 ਸੀ, ਜੋ ਕਿ ਸੰਨ 1907 ਵਿੱਚ 4700 ਹੋ ਗਈ, ਪਰ ਸੰਨ 1914 ਵਿੱਚ ਇਹ ਗਿਣਤੀ ਘਟ ਕੇ ਕੇਵਲ 2000 ਹੀ ਰਹਿ ਗਈ ਸੀ। ਇਸਦਾ ਕਾਰਨ ਇਥੇ ਪੰਜਾਬੀਆਂ ਨਾਲ ਨਸਲੀ ਵਿਤਕਰਾ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਜਾਣਾ ਸੀ। ਸੰਨ 1914 ਵਿੱਚ ਹੀ ਕਾਮਾਗਾਟਾ ਮਾਰੂ ਕਾਂਡ ਵੀ ਇਸੇ ਨਸਲੀ ਭੇਦਭਾਵ ਕਰਕੇ ਵਾਪਰਿਆ ਸੀ, ਜਿਸ ਵਿੱਚ ਸਮੁੰਦਰੀ ਜਹਾਜ਼ ‘ਤੇ ਸਵਾਰ 374 ਯਾਤਰੀਆਂ ਵਿੱਚੋਂ ਸਿਰਫ 24 ਯਾਤਰੀਆਂ ਨੂੰ ਕੈਨੇਡਾ ‘ਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਸੀ ਤੇ ਬਾਕੀ ਬਚੇ 352 ਯਾਤਰੀਆਂ ਜਿਨ੍ਹਾਂ ਵਿੱਚ 337 ਪੰਜਾਬੀ ਸਿੱਖ, 27 ਪੰਜਾਬੀ ਮੁਸਲਿਮ ਅਤੇ 12 ਪੰਜਾਬੀ ਹਿੰਦੂ ਸਨ, ਨੂੰ ਵਾਪਸ ਭਾਰਤ ਪਰਤਣ ਲਈ ਆਖ਼ ਦਿੱਤਾ ਗਿਆ ਸੀ। ਸੰਨ 1991 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਪੰਜਾਬੀਆਂ ਦੀ ਸੰਖਿਆ 1,67930 ਸੀ, ਜੋ ਕਿ ਸੰਨ 1996 ਵਿੱਚ ਵਧ ਕੇ 2,48695, ਸੰਨ 2016 ਵਿੱਚ 6,68240 ਅਤੇ ਸੰਨ 2021 ਵਿੱਚ 9,42170 ਹੋ ਗਈ ਸੀ, ਜੋ ਕਿ ਉਸ ਵੇਲੇ ਕੈਨੇਡਾ ਦੀ ਕੁੱਲ ਆਬਾਦੀ ਦਾ 2.6 ਫ਼ੀਸਦੀ ਦੇ ਕਰੀਬ ਬਣਦਾ ਸੀ।
ਸੰਨ 1925 ਵਿੱਚ ਕੈਨੇਡਾ ਗਏ ਸ. ਨਿਰੰਜਨ ਸਿੰਘ ਗਰੇਵਾਲ ਨੂੰ ਪੰਝੀ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੰਨ 1950 ਵਿੱਚ ਸਰਕਾਰੀ ਅਹੁਦਾ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਸ਼ਖ਼ਸ ਹੋਣ ਦਾ ਸ਼ਰਫ਼ ਹਾਸਿਲ ਹੋਇਆ ਸੀ। ਆਪਣੀ ਕਾਬਲੀਅਤ ਦੇ ਬਲਬੂਤੇ ਉਨ੍ਹਾਂ ਨੂੰ ਸੰਨ 1952 ਵਿੱਚ ‘ਬੋਰਡ ਆਫ਼ ਕਮਿਸ਼ਨਰਜ਼’ ਵਿੱਚ ਦੁਬਾਰਾ ਚੁਣ ਲਿਆ ਗਿਆ ਸੀ ਤੇ ਸੰਨ 1954 ਵਿੱਚ ਉਨ੍ਹਾਂ ਨੂੰ ‘ਮਿਸ਼ਨ’ ਇਲਾਕੇ ਦਾ ਮੇਅਰ ਨਿਯੁਕਤ ਕਰ ਦਿੱਤਾ ਗਿਆ ਸੀ, ਜੋ ਕਿ ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਸੀ। ਸੰਨ 1956 ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਸਿਰਫ ਧਮਕੀਆਂ ਹੀ ਨਹੀਂ ਮਿਲੀਆਂ, ਸਗੋਂ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਘਰ ਸਮੇਤ ਉਨ੍ਹਾਂ ਦੀਆਂ ਛੇ ਮਿੱਲਾਂ ਨੂੰ ਅੱਗ ਵੀ ਲਾ ਦਿੱਤੀ ਗਈ ਸੀ। 17 ਜੁਲਾਈ 1957 ਨੂੰ ਸਿਆਟਲ ਦੇ ਇੱਕ ਹੋਟਲ ਵਿੱਚ ਸ. ਨਿਰੰਜਨ ਸਿੰਘ ਗਰੇਵਾਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗੀ ਸੀ। ਪੁਲਿਸ ਵੱਲੋਂ ਇਸ ਘਟਨਾ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸ ਕੇ ਕੇਸ ਬੰਦ ਕਰ ਦਿੱਤਾ ਗਿਆ ਸੀ, ਜਦੋਂ ਕਿ ਗਰੇਵਾਲ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਸੀ।
ਸ. ਨਿਰੰਜਨ ਸਿੰਘ ਗਰੇਵਾਲ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਮਿਸ਼ਨ ਸ਼ਹਿਰ ਵਿਖੇ ਇੱਕ ਸੜਕ ਦਾ ਨਾਂ ‘ਗਰੇਵਾਲ ਸਟਰੀਟ’ ਰੱਖ ਦਿੱਤਾ ਗਿਆ ਸੀ ਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵ ਬੈਰਟ ਨੇ ਕਿਹਾ ਸੀ, “ਹਰੇਕ ਬੱਚੇ ਨੂੰ ਉਨ੍ਹਾਂ ਚੁਣੌਤੀਆਂ ਬਾਰੇ ਪੜ੍ਹਨਾ ਤੇ ਜਾਣਨਾ ਚਾਹੀਦਾ ਹੈ, ਜਿਨ੍ਹਾਂ ਦਾ ਸਾਹਮਣਾ ਗਰੇਵਾਲ ਨੇ ਕੀਤਾ ਸੀ।” ਯਾਦ ਰਹੇ, ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿੱਚ ਦੱਖਣੀ ਵੈਨਕੂਵਰ ਇਲਾਕੇ ਵਿੱਚ ‘ਪੰਜਾਬੀ ਮਾਰਕੀਟ’ ਬਣ ਚੁੱਕੀ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਭਾਗ ਵਿੱਚ ਸਥਿਤ ‘ਪ੍ਰਿੰਸ ਜਾਰਜ’ ਨਾਮਕ ਆਰਥਿਕ ਗਤੀਵਿਧੀਆਂ ਦਾ ਕੇਂਦਰ ਪੰਜਾਬੀਆਂ ਦੀ ਆਮਦ ਨਾਲ ਸਰਾਬੋਰ ਹੋ ਚੁੱਕਾ ਸੀ।
ਸੰਨ 1967 ਵਿੱਚ ਕੈਨੇਡਾ ਸਰਕਾਰ ਨੇ ਕੁਝ ਨਿਯਮਾਂ ਵਿੱਚ ਵਿਸ਼ੇਸ਼ ਫ਼ੇਰਬਦਲ ਕੀਤਾ ਸੀ, ਜਿਸ ਕਰਕੇ ਇਥੇ ਪੰਜਾਬੀਆਂ ਦੀ ਆਮਦ ਵਿੱਚ ਚੋਖਾ ਵਾਧਾ ਹੋਇਆ ਸੀ। ਸੰਨ 1970 ਤੋਂ ਬਾਅਦ ਪੰਜਾਬੀਆਂ ਦਾ ਗਲਬਾ ਉੱਤਰੀ ਡੈਲਟਾ, ਪੂਰਬੀ ਰਿਚਮੰਡ ਅਤੇ ਸਰੀ ਆਦਿ ਇਲਾਕਿਆਂ ਵਿੱਚ ਵਧਣਾ ਸ਼ੁਰੂ ਹੋ ਗਿਆ ਸੀ। ਸੰਨ 1986 ਵਿੱਚ ਭਾਰਤੀ ਮੂਲ ਦੇ ਸ. ਮਨਮੋਹਨ ਸਿੰਘ (ਮੋਅ) ਸਹੋਤਾ ਨੂੰ ਕੈਨੇਡਾ ਦੀ ਸੰਸਦ ਦਾ ਮੈਂਬਰ ਚੁਣਿਆ ਗਿਆ ਸੀ। ਸੰਨ 1955 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਡੰਕਨ ਸ਼ਹਿਰ ਵਿਖੇ ਜਨਮੇ ਸ. ਸਹੋਤਾ ਪਹਿਲੇ ਦੱਖਣ-ਏਸ਼ੀਆਈ ਕੈਨੇਡੀਅਨ ਐਮ.ਪੀ. ਸਨ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਕੈਨੇਡਾ ਦਾ ਉਂਟਾਰੀਓ ਖਿੱਤਾ ਪੰਜਾਬੀਆਂ ਦੀ ਆਬਾਦੀ ਨਾਲ ਭਰਪੂਰ ਹੋਣਾ ਸ਼ੁਰੂ ਹੋ ਗਿਆ ਸੀ। ਸਾਲ 2011 ਦੀ ਜਨਗਣਨਾ ਅਨੁਸਾਰ ਮੈਟਰੋ ਵੈਨਕੂਵਰ ਵਿਖੇ ਘਰਾਂ ‘ਚ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਕੁੱਲ ਵੱਸੋਂ ਦਾ 5.5 ਫ਼ੀਸਦੀ ਸੀ, ਜਦੋਂ ਕਿ ਸਰੀ ਵਾਸੀਆਂ ‘ਚੋਂ 21.3 ਫ਼ੀਸਦੀ ਲੋਕ ਘਰਾਂ ‘ਚ ਪੰਜਾਬੀ ਬੋਲੀ ਹੀ ਬੋਲਦੇ ਸਨ। ਸਾਲ 2021 ਵਿੱਚ ਹੋਈ ਜਨਗਣਨਾ ਦੇ ਅੰਕੜਿਆਂ ਅਨੁਸਾਰ ਪੰਜਾਬੀ ਭਾਸ਼ਾ ਕੈਨੇਡਾ ਵਿੱਚ ਬੋਲੀਆਂ ਜਾਣ ਵਾਲੀਆਂ ਹੋਰ ਭਾਸ਼ਾਵਾਂ ਵਿੱਚ ਚੌਥੇ ਸਥਾਨ ‘ਤੇ ਸੀ ਤੇ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਵਿੱਚ ਇਹ ਵਾਧਾ ਪਿਛਲੀ ਜਨਗਣਨਾ ਵਿੱਚ ਦਰਜ ਪੰਜਾਬੀ ਬੋਲਣ ਵਾਲਿਆਂ ਦੇ ਮੁਕਾਬਲੇ 49 ਫ਼ੀਸਦੀ ਜ਼ਿਆਦਾ ਸੀ। ਉਸ ਵੇਲੇ ਦੇ ਅੰਕੜਿਆਂ ਅਨੁਸਾਰ ਤੀਜੇ ਨੰਬਰ ‘ਤੇ ਖੜ੍ਹੀ ਚੀਨੀ ਭਾਸ਼ਾ 5.3 ਲੱਖ ਲੋਕਾਂ ਵੱਲੋਂ ਬੋਲੀ ਜਾਂਦੀ ਸੀ, ਜਦੋਂ ਕਿ ਚੌਥੇ ਨੰਬਰ ‘ਤੇ ਆਈ ਪੰਜਾਬੀ ਨੂੰ ਬੋਲਣ ਵਾਲਿਆਂ ਦੀ ਸੰਖਿਆ 5.2 ਲੱਖ ਸੀ- ਭਾਵ ਅੰਤਰ ਬਹੁਤ ਹੀ ਥੋੜ੍ਹਾ ਸੀ।
ਪੰਜਾਬੀਆਂ ਦੀ ਕੈਨੇਡਾ ਵਿੱਚ ਚੜ੍ਹਤ ਨੂੰ ਇਥੋਂ ਵੀ ਮਾਪਿਆ ਜਾ ਸਕਦਾ ਹੈ ਕਿ ਸੰਨ 2015 ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ 19 ਭਾਰਤੀ ਮੂਲ ਦੇ ਸੰਸਦ ਮੈਂਬਰਾਂ ਵਿੱਚੋਂ 18 ਪੰਜਾਬੀ ਸਨ, ਜਿਨ੍ਹਾਂ ਵਿੱਚ ਲਿਬਰਲ ਪਾਰਟੀ ਵੱਲੋਂ ਖੜ੍ਹੇ ਕੀਤੇ 18 ਪੰਜਾਬੀ ਉਮੀਦਵਾਰਾਂ ਵਿੱਚੋਂ 14 ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਖੜ੍ਹੇ ਕੀਤੇ 19 ਪੰਜਾਬੀ ਉਮੀਦਵਾਰਾਂ ਵਿੱਚੋਂ ਸਿਰਫ 4 ਹੀ ਜਿੱਤ ਹਾਸਿਲ ਕਰ ਸਕੇ ਸਨ। ਸਾਲ 2019 ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਵਾਲੇ ਭਾਰਤੀ ਮੂਲ ਦੇ 20 ਉਮੀਦਵਾਰਾਂ ਵਿੱਚੋਂ 19 ਪੰਜਾਬ ਨਾਲ ਸਬੰਧਤ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਸ਼ਰਫ਼ ਸ. ਹਰਜੀਤ ਸਿੰਘ ਸੱਜਣ, ਸ. ਨਵਦੀਪ ਬੈਂਸ, ਬਾਰਦਿਸ਼ ਚੱਗਰ ਨੂੰ ਹਾਸਿਲ ਹੋ ਚੁੱਕਾ ਹੈ ਤੇ ਬਾਰਦਿਸ਼ ਚੱਗਰ ਨੂੰ ਤਾਂ ਕੈਨੇਡਾ ਦੇ ਇਤਿਹਾਸ ਵਿੱਚ ‘ਹਾਊਸ ਆਫ਼ ਕਾਮਨਜ਼ ਵਿੱਚ ਪਹਿਲੀ ਮਹਿਲਾ ਆਗੂ’ ਹੋਣ ਦਾ ਸਰਫ਼ ਵੀ ਹਾਸਿਲ ਹੋਇਆ ਹੈ। ਟਿਮ ਉੱਪਲ, ਅਰਪਣ ਖੰਨਾ ਅਤੇ ਜਸਰਾਜ ਹੇਲਾਂ ਤੋਂ ਬਾਅਦ ਉਹ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਤੀਜੇ ਪੰਜਾਬੀ ਐਮ.ਪੀ. ਹਨ। ਪੰਜਾਬੀਆਂ ਲਈ ਫ਼ਖ਼ਰ ਦੀ ਇੱਕ ਹੋਰ ਗੱਲ ਇਹ ਵੀ ਹੈ ਕਿ ਬੀਤੀ 30 ਜੂਨ ਨੂੰ ਪੰਜਾਬੀ ਮੂਲ ਦੇ ਸ. ਬਲਤੇਜ ਸਿੰਘ ਢਿੱਲੋਂ ਨੂੰ ਵੱਕਾਰੀ ਸੰਸਥਾ ‘ਵਰਕਸੇਫ਼ ਬੋਰਡ ਆਫ਼ ਡਾਇਰੈਕਟਰਜ਼’ ਦਾ ਤਿੰਨ ਵਰਿ੍ਹਆਂ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ. ਬਲਤੇਜ ਸਿੰਘ ਨੂੰ ਜਿੱਥੇ ‘ਰਾਇਲ ਕੈਨੇਡੀਅਨ ਮਾਊਂਟਡ ਪੁਲਿਸ’ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਹੋਣ ਦਾ ਸ਼ਰਫ਼ ਹਾਸਿਲ ਹੈ, ਉੱਥੇ ਹੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਫਲਸਰੂਪ ਉਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈਥ-2 ਵੱਲੋਂ ਗੋਲਡਨ ਅਤੇ ਡਾਇਮੰਡ ਜੁਬਲੀ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਥੇ ਇਹ ਦਿਲਚਸਪ ਤੱਥ ਵੀ ਦੱਸਣਾ ਬਣਦਾ ਹੈ ਕਿ ਵਰਤਮਾਨ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਕੈਨੇਡਾ ਗਏ 2,26450 ਭਾਰਤੀ ਵਿਦਿਆਰਥੀਆਂ ਵਿੱਚੋਂ 70 ਹਜ਼ਾਰ ਵਿਦਿਆਰਥੀ ਪੰਜਾਬ ਤੋਂ ਸਨ, ਜੋ ਕਿ 20 ਫ਼ੀਸਦੀ ਦੇ ਕਰੀਬ ਬਣਦਾ ਹੈ। ਆਰਥਿਕ ਮਾਹਿਰਾਂ ਵੱਲੋਂ ਦਿੱਤੇ ਗਏ ਇੱਕ ਅੰਦਾਜ਼ੇ ਮੁਤਾਬਿਕ ਹਰ ਸਾਲ ਪੰਜਾਬ ਦਾ 27 ਹਜ਼ਾਰ ਕਰੋੜ ਰੁਪਿਆ ਕੈਨੇਡਾ ਪੁੱਜ ਰਿਹਾ ਹੈ ਤੇ ਹਰ ਬੀਤਦੇ ਸਾਲ ਨਾਲ ਇਹ ਰਕਮ ਵਧਦੀ ਜਾ ਰਹੀ ਹੈ। ਇਹ ਅੰਕੜੇ ਭਾਰਤ ਸਰਕਾਰ ਅਤੇ ਖ਼ਾਸ ਕਰਕੇ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ ਕਿ ਅਸੀਂ ਪਰਵਾਸ ਦੇ ਮਾਰਗ ਰਾਹੀਂ ਸਿਰਫ ਆਪਣੇ ਦੇਸ਼ ਦੇ ਹੋਣਹਾਰ ਨੌਜੁਆਨਾਂ ਨੂੰ ਹੀ ਬੇਗਾਨੇ ਮੁਲਕਾਂ ‘ਚ ਨਹੀਂ ਭੇਜ ਰਹੇ ਹਾਂ, ਸਗੋਂ ਉਹ ਵੱਡਾ ਵਿੱਤੀ ਸਰਮਾਇਆ ਵੀ ਕੈਨੇਡਾ ਦੀ ਝੋਲੀ ਪਾ ਰਹੇ ਹਾਂ, ਜੋ ਸਾਡੇ ਦੇਸ਼ ਜਾਂ ਸਾਡੇ ਸੂਬੇ ਦੇ ਵਿਕਾਸ ‘ਚ ਕੰਮ ਆ ਸਕਦਾ ਸੀ। ਪੰਜਾਬੀਆਂ ਦੀ ਕੈਨੇਡਾ ਜਾਂ ਹੋਰ ਵਿਦੇਸ਼ੀ ਮੁਲਕਾਂ ‘ਚ ਜਾ ਕੇ ਵੱਸਣ ਦੀ ਜੋ ਹੋੜ ਲੱਗੀ ਹੋਈ ਹੈ, ਉਹ ਪੰਜਾਬ ਨੂੰ ਆਰਥਿਕ ਤੇ ਬੌਧਿਕ ਕੰਗਾਲੀ ਦੇ ਨਾਲ ਨਾਲ ਵੱਡੀ ਤਬਾਹੀ ਵੱਲ ਵੀ ਧੱਕ ਰਹੀ ਹੈ, ਜਿਸ ਬਾਰੇ ਪੰਜਾਬ ਬਚਾਉਣ ਲਈ ਚਿੰਤਤ ਸਮੂਹ ਸਮਾਜਿਕ, ਆਰਥਿਕ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੂੰ ਸਿਰ ਜੋੜ ਕੇ ਯੋਜਨਾਬੰਦੀ ਕਰਨ ਅਤੇ ਉਚਿਤ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਕੇਵਲ ਫ਼ੋਕੇ ਸਰਕਾਰੀ ਦਮਗਜ਼ਿਆਂ ਜਾਂ ਦਾਅਵਿਆਂ ਨੇ ਪੰਜਾਬ ਜਾਂ ਪੰਜਾਬੀਆਂ ਦਾ ਕੁਝ ਨਹੀਂ ਸਆਰਨਾ ਹੈ!

Leave a Reply

Your email address will not be published. Required fields are marked *