“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਮੀਰਾ ਸ਼ਾਹ, ਕੱਟੂ ਸ਼ਾਹ ਅਤੇ ਮਾਤਾ ਕੌਲਾਂ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਮੀਰਾ ਸ਼ਾਹ
ਮੀਰਾ ਸ਼ਾਹ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਜੀ ਦਾ ਪਲੇਠਾ ਚੇਲਾ ਸੀ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਮਹਾਰਾਜ ਨਾਲ ਉਸਦਾ ਬਹੁਤ ਸਨੇਹ ਸੀ। ਉੱਥੋਂ ਹੀ ਮੀਰਾ ਸ਼ਾਹ ਗੁਰੂ ਤੇਗ਼ ਬਹਾਦਰ ਜੀ ਦਾ ਸ਼ਰਧਾਲੂ ਬਣਿਆ। ਮੀਰਾ ਸ਼ਾਹ ਗੁਰੂ ਤੇਗ਼ ਬਹਾਦਰ ਜੀ ਨੂੰ ਅਨੰਦਪੁਰ ਸਾਹਿਬ ਵੀ ਮਿਲਣ ਆਇਆ ਸੀ।
ਢਾਡੀ ਅਬਦੁੱਲਾ ਤੇ ਨੱਥਾ
ਅਬਦੁੱਲਾ ਆਪਣੇ ਭਰਾ ਨੱਥੇ ਨਾਲ ਸੂਰਮਿਆਂ ਦੀਆਂ ਵਾਰਾਂ ਗਾ ਕੇ ਫ਼ੌਜਾਂ ਵਿੱਚ ਜੋਸ਼ ਭਰਦਾ ਸੀ। ਇਸੇ ਤਰ੍ਹਾਂ ਬਸੰਤ ਪੰਚਮੀ ਦੇ ਦਿਹਾੜੇ ਮੌਕੇ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਦੀਆਂ ਧੁਨਾਂ ਅਤੇ ਹੋਰ ਵੀ ਬਹੁਤ ਸਾਰੀਆਂ ਬੀਰ ਰਸ ਵਾਰਾਂ ਗਾਉਣੀਆਂ ਆਰੰਭੀਆਂ ਸਨ। ਦੱਸਦੇ ਹਨ ਕਿ ਇਨ੍ਹਾਂ ਦਾ ਲਗਭਗ ਦੋ ਮਹੀਨਿਆਂ ਵਿੱਚ ਗਾਇਨ ਮੁੱਕਿਆ। ਦੋਵੇਂ ਭਰਾਵਾਂ ਨੇ ਗੁਰੂ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਵਿੱਚ ਪੂਰਾ ਸਾਥ ਦਿੱਤਾ। ਇਹ ਆਪ ਵੀ ਮੈਦਾਨ-ਏ-ਜੰਗ ਵਿੱਚ ਉਤਰਦੇ ਅਤੇ ਜੰਗ ਮੁੱਕਣ ਉਪਰੰਤ ਸੂਰਮਿਆਂ ਨੂੰ ਜੋਸ਼ੀਲੀਆਂ ਵਾਰਾਂ ਸੁਣਾ ਕੇ ਖ਼ੁਸ਼ ਕਰਦੇ। ਇਹ ਮੀਰ ਆਲਮ ਘਰਾਣੇ ਨਾਲ ਸਬੰਧ ਰੱਖਦੇ ਸਨ। ਸਮੇਂ ਦੀ ਸਰਕਾਰ ਵੇਲੇ ਤਾਂ ਸਦਾ ਬੇ-ਖ਼ੌਫ਼ ਰਹੇ ਤੇ ਦਲੇਰੀ ਨਾਲ ਗੁਰੂ ਸਾਹਿਬ ਦਾ ਸਾਥ ਦਿੱਤਾ।
ਗੁਰਬਿਲਾਸ ਛੇਵੀਂ ਪਾਤਸ਼ਾਹੀ ਦੇ ਅੱਠਵੇਂ ਅਧਿਆਏ ਵਿੱਚ ਵੀ ਇਨ੍ਹਾਂ ਬਾਰੇ ਉੱਕਰਿਆ ਮਿਲਦਾ ਹੈ। ਜਿਵੇਂ:
ਸਾਹਿਬ ਬੱਢੇ ਅਸ ਕਰਾਂ, ਸੁਨੋ ਪ੍ਰਭ ਸੁਖ ਪਾਇ।
ਸ਼ੁਤਰੀ ਔਰ ਨਿਸਾਨ ਕੋ ਢਾਡੀ ਲੇਹੁ ਮੰਗਾਇ।
ਢਾਡੀ ਲੇਹੁ ਮੰਗਾਇ ਰਹੈ ਸੁਰ ਸਿੰਘ ਗੁਰ ਸਦਨਾ।
ਅਬਦੁੱਲ ਤਾ ਕਾ ਨਾਮ, ਰਹੈ ਮਨ ਮੋਹ ਸੋ ਮਦਨਾ।
ਬੁੱਢੇ ਬਚ ਸੁਨ ਸਿੱਖ ਪਠਯੋ, ਗੁਰੂ ਪ੍ਰਭ ਸੁਖ ਪਾਇ।
ਸ਼ੁਤਰੀ ਨਿਸ਼ਾਨ ਮੰਗਾਇਉ, ਅਬਦੁਲ ਮੰਗਾਇ॥ 30॥
ਕੱਟੂ ਸ਼ਾਹ
ਕੱਟੂ ਸ਼ਾਹ ਮੋਢੀ ਸਿੱਖਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਸ ਪਾਸੋਂ ਵਿਦਾਇਗੀ ਲੈਣ ਉਪਰੰਤ ਹੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀਨਗਰ ਨੂੰ ਗਏ ਸਨ। ਕੱਟੂ ਸ਼ਾਹ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਕਸ਼ਮੀਰ ਇਲਾਕੇ ਦੇ ਆਦਰਸ਼ਾਂ ਨੂੰ ਪ੍ਰਚਾਰਨ ਵਾਸਤੇ ਨਿਯੁਕਤ ਕੀਤਾ ਸੀ। ਇਹ ਆਪ ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ, ਜੋ ਕਸ਼ਮੀਰੀ ਮੁਸਲਮਾਨ ਸੀ। ਇਹ ਜ਼ਿਆਦਾ ਸੂਫ਼ੀਆਂ ਤੇ ਸੰਤਾਂ ਦੀ ਸੰਗਤ ਕਰਦਾ ਸੀ। ਜਦੋਂ ਗੁਰੂ ਸਾਹਿਬ ਨੇ ਇਸ ਕੋਲ਼ ਠਹਿਰ ਕੀਤੀ ਸੀ ਤਾਂ ਇਸ ਨੇ ਗੁਰੂ ਜੀ ਦੀ ਤਨੋਂ-ਮਨੋਂ ਪੂਰੀ ਸੇਵਾ ਕੀਤੀ ਸੀ। ਉਂਝ ਇਸ ਦਾ ਮੇਲ 1621 ਦੇ ਕਰੀਬ ਹੋਇਆ ਮਿਲਦਾ ਹੈ।
ਕਾਫ਼ੀ ਮਸ਼ਹੂਰ ਹੈ ਕਿ ਇਕ ਵਾਰ ਇੱਕ ਸਿੱਖ ਗੁਰੂ ਜੀ ਲਈ ਸ਼ਹਿਦ ਲੈ ਕੇ ਹਾਜ਼ਰ ਹੋਇਆ। ਕੱਟੂ ਸ਼ਾਹ ਨੇ ਉਸ ਪਾਸੋਂ ਸ਼ਹਿਦ ਮੰਗਿਆ ਤਾਂ ਉਸ ਨੇ ਕਿਹਾ, “ਜਿੰਨਾ ਸਮਾਂ ਉਹ ਗੁਰੂ ਜੀ ਨੂੰ ਭੇਟਾ ਨਹੀਂ ਕਰ ਦਿੰਦਾ, ਓਨਾ ਸਮਾਂ ਉਹ ਸ਼ਹਿਦ ਨਹੀਂ ਦੇਵੇਗਾ। ਉਹ ਫਲਾਂ ਨੂੰ ਜੂਠੇ ਨਹੀਂ ਕਰਨਾ ਚਾਹੁੰਦਾ।” ਜਦੋਂ ਉਸ ਸਿੱਖ ਨੇ ਸ਼ਹਿਦ ਵਾਲਾ ਬਰਤਨ ਗੁਰੂ ਸਾਹਿਬ ਨੂੰ ਭੇਟ ਕੀਤਾ ਤਾਂ ਉਨ੍ਹਾਂ ’ਚੋਂ ਬਦਬੂ ਆ ਰਹੀ ਸੀ। ਗੁਰੂ ਜੀ ਨੇ ਸ਼ਹਿਦ ਨੂੰ ਦੇਖਦਿਆਂ ਕਿਹਾ, “ਕਿਹੋ ਜਿਹਾ ਸ਼ਹਿਦ ਲੈ ਆਇਆਂ…।” ਉਸ ਨੂੰ ਹੈਰਾਨੀ ਹੋਈ। ਗੁਰੂ ਜੀ ਫੇਰ ਬੋਲੇ, “ਜਦੋਂ ਮੈਂ ਤੇਰੇ ਤੋਂ ਮੰਗਿਆ ਸੀ, ਓਦੋਂ ਤਾਂ ਤੂੰ ਦਿੱਤਾ ਨਹੀਂ, ਹੁਣ ਕਿਸ ਲਈ ਲੈ ਕੇ ਆਇਆ ਐਂ…।” ਤਾਂ ਸਿੱਖ ਬੋਲਿਆ, “ਗੁਰੂ ਜੀ ਆਪ ਜੀ ਨੇ ਮੇਰੇ ਪਾਸੋਂ ਸ਼ਹਿਦ ਕਦੋਂ ਮੰਗਿਆ ਸੀ…?” ਗੁਰੂ ਜੀ ਬੋਲੇ, “ਕੱਟੂ ਸ਼ਾਹ, ਜੋ ਮੰਗ ਰਿਹਾ ਸੀ ਉਹ ਮੈਂ ਹੀ ਮੰਗ ਰਿਹਾ ਸੀ। ਗ਼ਰੀਬ ਵਿੱਚ ਹੀ ਪਰਮਾਤਮਾ ਹੁੰਦਾ ਹੈ।” ਸਿੱਖ ਸੇਵਕ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਜੀ ਨੇ ਇਸ ਸੇਵਕ ਨੂੰ ਕੱਟੂ ਸ਼ਾਹ ਪਾਸੋਂ ਮਾਫ਼ੀ ਮੰਗਣ ਲਈ ਕਿਹਾ।
ਮਾਤਾ ਕੌਲਾਂ
ਮਾਤਾ ਕੌਲਾਂ ਦਾ ਅਸਲ ਨਾਮ ਕਮਲਾ ਸੀ ਤੇ ਇਹ ਕਾਜ਼ੀ ਹਾਸ਼ਮ ਦੀ ਸਪੁੱਤਰੀ ਸੀ। ਮਾਤਾ ਕੌਲਾਂ ਮੁੱਢਲੇ ਸਮੇਂ ਦੌਰਾਨ ਸਾਈਂ ਮੀਆਂ ਮੀਰ ਦੀ ਸੰਗਤ ’ਚ ਰਹੀ ਤੇ ਉਸੇ ਸਮੇਂ ਇਸ ਨੂੰ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ। ਉਥੋਂ ਹੀ ਇਸ ਦੇ ਦਿਲ ਅੰਦਰ ਗੁਰਬਾਣੀ ਪ੍ਰਤੀ ਮੋਹ ਜਾਗਿਆ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋ ਕੇ ਆਏ ਤਾਂ ਸਾਈਂ ਮੀਆਂ ਮੀਰ ਜੀ ਕੋਲ਼ ਰਹੇ, ਜਿੱਥੇ ਮਾਤਾ ਕੌਲਾਂ ਨੂੰ ਗੁਰੂ ਸਾਹਿਬ ਦੀ 22 ਦਿਨ ਆਓ-ਭਗਤ ਕਰਨ ਦਾ ਸਬੱਬ ਪ੍ਰਾਪਤ ਹੋਇਆ। ਜਦੋਂ ਗੁਰੂ ਜੀ ਨੇ ਸਾਈਂ ਜੀ ਤੋਂ ਵਿਦਾਈ ਲਈ ਤਾਂ ਮਾਤਾ ਕੌਲਾਂ ਉੱਥੇ ਹਾਜ਼ਰ ਨਹੀਂ ਸੀ। ਜਦੋਂ ਮਾਤਾ ਕੌਲਾਂ ਨੂੰ ਗੁਰੂ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਕੂਚ ਕਰਨ ਬਾਰੇ ਪਤਾ ਚੱਲਿਆ ਤਾਂ ਉਹ ਗਸ਼ ਖਾ ਕੇ ਡਿੱਗ ਪਈ, ਉਹ ਜਦੋਂ ਅੱਖ ਪੱਟਦੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਦਾ ਨਾਂ ਅਲਾਪਦੀ। ਇਸ ਬਾਰੇ ਸਾਈਂ ਜੀ ਨੂੰ ਖ਼ਬਰ ਹੋਈ ਤਾਂ ਉਨ੍ਹਾਂ ਨੇ ਮਾਤਾ ਕੌਲਾਂ ਨੂੰ ਗੁਰੂ ਸਾਹਿਬ ਕੋਲ਼ ਭੇਜਣਾ ਮੁਨਾਸਿਬ ਸਮਝਿਆ। ਸਾਈਂ ਜੀ ਦੇ ਸੇਵਕ ਮਾਤਾ ਕੌਲਾਂ ਨੂੰ ਪਾਲਕੀ ’ਚ ਬਿਠਾ ਕੇ ਗੁਰੂ ਸਾਹਿਬ ਕੋਲ਼ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਏ, ਨਾਲ ਹੀ ਸਾਈਂ ਜੀ ਨੇ ਸੇਵਕਾਂ ਹੱਥ ਖ਼ਤ ਲਿਖ ਘੱਲਿਆ।
ਰਾਹ ’ਚ ਪਾਲਕੀ ਆਉਂਦੀ ਦੇਖ ਗੁਰੂ ਜੀ ਹੈਰਾਨ ਹੋਏ, ਸਾਈਂ ਜੀ ਦੇ ਸੇਵਕਾਂ ਨੇ ਖ਼ਤ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁਰਦ ਕੀਤਾ ਤਾਂ, ਗੁਰੂ ਜੀ ਖ਼ਤ ਪੜ੍ਹ ਕੇ ਪਾਲਕੀ ਦਾ ਪੜਦਾ ਚੁੱਕ ਕੇ ਬੋਲੇ, “ਦੱਸੋ ਬੀਬੀ ਤੇਰੀ ਕੀ ਸੇਵਾ ਕਰਾਂ?” ਬੀਬੀ ਕੌਲਾਂ ਨੇ ਬੇਬਾਕੀ ਨਾਲ ਉੱਤਰ ਦਿੱਤਾ, “ਮੈਨੂੰ ਆਪਣੇ ਵਰਗਾ ਸੂਰਬੀਰ ਪੁੱਤਰ ਬਖ਼ਸ਼ ਦਿਓ…।” ਗੁਰੂ ਜੀ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਗੰਭੀਰ ਹੋਏ। ਅੰਤਰ ਧਿਆਨ ਹੋਣ ਪਿੱਛੋਂ ਮਾਤਾ ਕੌਲਾਂ ਦੇ ਚਰਨ ਸਪਰਸ਼ ਕਰਕੇ ਬੋਲੇ, “ਅੱਜ ਤੋਂ ਬਾਅਦ ਮੈਂ ਤੁਹਾਡਾ ਪੁੱਤਰ ਤੇ ਤੁਸੀਂ ਮੇਰੀ ਮਾਤਾ ਓਂ…।” ਇਸੇ ਘਟਨਾ ਕਰਕੇ ਇਤਿਹਾਸ ਵਿੱਚ ‘ਕਮਲਾ’ ਨੂੰ ਮਾਤਾ ਕੌਲਾਂ ਕਰਕੇ ਜਾਣਿਆ ਜਾਂਦਾ ਹੈ।
ਮਾਤਾ ਕੌਲਾਂ ਉਸੇ ਦਿਨੋਂ ਗੁਰੂ ਘਰ ਦੀ ਪੱਕੀ ਸੇਵਕ ਬਣ ਗਈ। ਮਾਤਾ ਕੌਲਾਂ ਕੋਲ਼ ਜੋ ਸਾਈਂ ਮੀਆਂ ਮੀਰ ਜੀ ਵੱਲੋਂ ਸੰਭਾਲੇ ਗਹਿਣੇ ਸਨ, ਸਾਰੇ ਗੁਰੂ ਸਾਹਿਬ ਨੂੰ ਸੌਂਪਦਿਆਂ ਕਿਹਾ, “ਕਿਸੇ ਨੇਕ ਕਾਰਜ ਵਿੱਚ ਵਰਤ ਲਿਓ…।” ਗੁਰੂ ਜੀ ਨੇ ਉਹ ਗਹਿਣੇ ਕੋਟੂਮੱਲ ਸ਼ਾਹੂਕਾਰ ਦੀ ਹੱਟੀ ਵਿੱਚ ਜਮ੍ਹਾਂ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਦੇ ਨਾਮ ਥੱਲੇ ਇਕ ਸਰੋਵਰ ਬਣਾਉਣ ਦਾ ਹੁਕਮ ਦਿੱਤਾ, ਜਿਸ ਦੀ ਉਸਾਰੀ ਲਗਭਗ ਤਿੰਨ ਵਰ੍ਹੇ ਚਲਦੀ ਰਹੀ। ਇਸ ਨੂੰ ਅੱਜ ਵੀ ਕੌਲਸਰ ਜਾਂ ਕੌਲਾਂ ਵਾਲ਼ਾ ਟੋਭਾ ਵੀ ਕਿਹਾ ਜਾਂਦਾ ਹੈ ਤੇ ਨਾਲ ਇਹ ਵੀ ਬੋਲ ਉਚਾਰੇ ਕਿ ਹਰ ਸਿੱਖ ਦੀ ਯਾਤਰਾ ਤਾਂ ਹੀ ਸਫ਼ਲ ਹੋਵੇਗੀ ਜੇ ਹਰਿਮੰਦਰ ਸਾਹਿਬ ਤੋਂ ਪਹਿਲਾਂ ਕੌਲਸਰ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰੇਗਾ। ਅੱਜ ਵੀ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ਜਾਣ ਵਾਲੀ ਸੰਗਤ ਪਹਿਲਾਂ ਕੌਲਸਰ ਸਰੋਵਰ ਵਿੱਚ ਇਸ਼ਨਾਨ ਕਰਦੀ ਹੈ। ਮਾਤਾ ਕੌਲਾਂ 1629 ਈ. ਵਿੱਚ ਕਰਤਾਰਪੁਰ ਵਿੱਚ ਰੱਬ ਨੂੰ ਪਿਆਰੀ ਹੋ ਗਈ, ਜਿਸ ਦੀ ਯਾਦ ਵਿੱਚ ਕਰਤਾਰਪੁਰ ਵਿਖੇ ਗੁਰੂ ਘਰ ਉਸਰਿਆ ਹੋਇਆ ਹੈ।