‘ਫਲਾਈਂਗ ਬਰਡ ਆਫ਼ ਏਸ਼ੀਆ’ ਅਬਦੁਲ ਖ਼ਾਲਿਕ

Uncategorized

ਖਿਡਾਰੀ ਪੰਜ-ਆਬ ਦੇ-2
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾਵੇਗੀ। ਹਥਲੇ ਲੇਖ ਵਿੱਚ ਲਹਿੰਦੇ ਪੰਜਾਬ ਦੇ ਅਥਲੀਟ ‘ਪਰਿੰਦਾ-ਏ-ਏਸ਼ੀਆ’ ਯਾਨਿ ਅਬਦੁਲ ਖ਼ਾਲਿਕ ਬਾਰੇ ਵੇਰਵਾ ਪੇਸ਼ ਹੈ। ਪਾਕਿਸਤਾਨ ਖੇਡ ਅੰਬਰ ਦਾ ਚਮਕਦਾ ਸਿਤਾਰਾ ਹੋਣ ਕਾਰਨ ਅਬਦੁਲ ਖ਼ਾਲਿਕ ਉਤੇ ਪੂਰੇ ਦੇਸ਼ ਨੂੰ ਮਾਣ ਰਿਹਾ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਭਾਰਤ ਵਿੱਚ ਜੋ ਰੁਤਬਾ ਮਿਲਖਾ ਸਿੰਘ ਨੂੰ ਹਾਸਲ ਹੈ, ਉਹ ਪਾਕਿਸਤਾਨ ਵਿੱਚ ਅਬਦੁਲ ਖ਼ਾਲਿਕ ਨੂੰ ਹੈ। ਮਿਲਖਾ ਸਿੰਘ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਫਲਾਈਂਗ ਸਿੱਖ (ਉਡਣਾ ਸਿੱਖ) ਦਾ ਖਿਤਾਬ ਦਿੱਤਾ ਤਾਂ ਅਬਦੁਲ ਖ਼ਾਲਿਕ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ‘ਫਲਾਈਂਗ ਬਰਡ ਆਫ਼ ਏਸ਼ੀਆ’ (ਪਰਿੰਦਾ-ਏ-ਏਸ਼ੀਆ) ਦਾ ਖਿਤਾਬ ਦਿੱਤਾ। ਮਿਲਖਾ ਸਿੰਘ ਦੇ ਜੀਵਨ ਉਪਰ ਬਣੀ ਫਿਲਮ ‘ਭਾਗ ਮਿਲਖਾ ਭਾਗ’ ਦਾ ਕਲਾਈਮੈਕਸ ਦ੍ਰਿਸ਼ ਦੋਵਾਂ ਮਹਾਨ ਅਥਲੀਟਾਂ ਵਿਚਾਲੇ ਪਾਕਿਸਤਾਨ ਵਿੱਚ ਹੋਈ ਹਿੰਦ-ਪਾਕਿ ਅਥਲੈਟਿਕਸ ਮੀਟ ਦੀ 200 ਮੀਟਰ ਦੌੜ ਫਿਲਮਾਇਆ ਗਿਆ। ਫਰਾਟਾ ਦੌੜਾਂ ਵਿੱਚ ਅਬਦੁਲ ਖ਼ਾਲਿਕ ਨੇ ਹੀ ਭਾਰਤੀ ਮਹਾਂਦੀਪ ਦੇ ਅਥਲੀਟਾਂ ਦਾ ਪਰਚਮ ਕੌਮਾਂਤਰੀ ਪੱਧਰ ਉਤੇ ਲਹਿਰਾਇਆ। ਖ਼ਾਲਿਕ ਜਦੋਂ ਟਰੈਕ ਉਤੇ ਦੌੜਦਾ ਸੀ ਤਾਂ ਵਾਵਰੋਲਾ ਹੀ ਬਣ ਜਾਂਦਾ ਸੀ। ਉਹ ਹਵਾ ਨੂੰ ਚੀਰਦਾ ਵਿਰੋਧੀ ਅਥਲੀਟਾਂ ਨੂੰ ਵੱਡੇ ਫਰਕ ਨਾਲ ਹਰਾਉਂਦਾ। ਉਹ ਇੱਕ ਦਹਾਕਾ ਅਥਲੈਟਿਕਸ ਟਰੈਕ ਉਤੇ ਛਾਇਆ ਰਿਹਾ। ਏਸ਼ਿਆਈ ਖੇਡਾਂ ਵਿੱਚ ਉਸ ਨੇ ਦੋ ਸੋਨੇ ਦੇ ਤਮਗ਼ਿਆਂ ਸਣੇ ਕੁੱਲ ਪੰਜ ਤਮਗ਼ੇ ਜਿੱਤੇ, ਜਦੋਂ ਕਿ ਆਪਣੇ ਖੇਡ ਕਰੀਅਰ ਵਿੱਚ ਕੁੱਲ 63 ਤਮਗ਼ੇ ਜਿੱਤੇ, ਜਿਨ੍ਹਾਂ ਵਿੱਚ 36 ਸੋਨੇ, 15 ਚਾਂਦੀ ਤੇ 12 ਕਾਂਸੀ ਦੇ ਤਮਗ਼ੇ ਸ਼ਾਮਲ ਹਨ।
ਅਬਦੁਲ ਖ਼ਾਲਿਕ ਦਾ ਜਨਮ 23 ਮਾਰਚ 1933 ਨੂੰ ਪਾਕਿਸਤਾਨ ਦੇ ਪੰਜਾਬ ਦੇ ਚਕਵਾਲ ਜ਼ਿਲੇ ਦੇ ਪਿੰਡ ਜੰਡ ਅਵਾਨ ਵਿਖੇ ਮਾਸਟਰ ਸਜਾਵਲ ਖਾਨ ਦੇ ਘਰ ਹੋਇਆ ਸੀ। ਠੀਕ ਉਸ ਦੇ ਜਨਮ ਵਾਲੇ ਦਿਨ ਤੋਂ ਦੋ ਸਾਲ ਪਹਿਲਾਂ 1931 ਵਿੱਚ 23 ਮਾਰਚ ਨੂੰ ਲਾਹੌਰ ਦੀ ਜੇਲ੍ਹ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਅਬਦੁਲ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਮਿਡਲ ਸਕੂਲ ਹੰਸੋਲਾ ਵਿਖੇ ਹਾਸਲ ਕੀਤੀ। 1947 ਵਿੱਚ ਦੇਸ਼ ਦੀ ਵੰਡ ਹੋ ਗਈ ਅਤੇ ਰੈੱਡ ਕਲਿੱਫ ਦੀ ਖਿੱਚੀ ਲਾਈਨ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਤੇ ਨਾਲ ਹੀ ਦੋ ਸੂਬਿਆਂ ਪੰਜਾਬ ਤੇ ਬੰਗਾਲ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਭਾਰਤ ਵਾਲੇ ਪੰਜਾਬ ਨੂੰ ਪੂਰਬੀ ਪੰਜਾਬ ਜਾਂ ਚੜ੍ਹਦਾ ਪੰਜਾਬ ਆਖਿਆ ਜਾਣ ਲੱਗਾ ਅਤੇ ਪਾਕਿਸਤਾਨ ਵਿਚਲੇ ਪੰਜਾਬ ਨੂੰ ਪੱਛਮੀ ਪੰਜਾਬ ਜਾਂ ਲਹਿੰਦਾ ਪੰਜਾਬ ਕਹਿਣ ਲੱਗੇ। ਅੱਗੇ ਜਾ ਕੇ ਭਾਰਤ ਦਾ ਵੱਡਾ ਅਥਲੀਟ ਬਣਿਆ ਲਹਿੰਦੇ ਪੰਜਾਬ ਤੋਂ ਉਜੜ ਕੇ ਚੜ੍ਹਦੇ ਪੰਜਾਬ ਵਿੱਚ ਗਿਆ।
1948 ਵਿੱਚ ਪਾਕਿਸਤਾਨ ਨੂੰ ਹੋਂਦ ਵਿੱਚ ਆਇਆਂ ਇੱਕ ਸਾਲ ਹੋਇਆ ਸੀ। ਨਵੀਆਂ ਪ੍ਰਤਿਭਾਵਾਂ ਦੀ ਤਲਾਸ਼ ਕਰਕੇ ਤਰਾਸ਼ੀਆਂ ਜਾ ਰਹੀਆਂ ਸਨ। ਦੋਵੇਂ ਪੰਜਾਬਾਂ ਦਾ ਸ਼ਾਇਦ ਹੀ ਕੋਈ ਅਜਿਹਾ ਬਾਸ਼ਿੰਦਾ ਹੋਵੇ, ਜਿਸ ਨੇ ਛੋਟੇ ਹੁੰਦਿਆਂ ਕਬੱਡੀ ਨਾ ਖੇਡੀ ਹੋਵੇ। 15 ਵਰਿ੍ਹਆਂ ਦਾ ਖ਼ਾਲਿਕ ਆਪਣੇ ਜੱਦੀ ਪਿੰਡ ਪੀਰ ਪੰਜਾਲ ਨੇੜੇ ਕਬੱਡੀ ਖੇਡ ਰਿਹਾ ਸੀ। ਪਾਕਿਸਤਾਨ ਸੈਨਾ ਦੇ ਬ੍ਰਿਗੇਡੀਅਰ ਸੀ.ਐਚ.ਐਮ. ਰੋਡਮ ਨੇ ਅਬਦੁਲ ਨੂੰ ਕਬੱਡੀ ਖੇਡਦਿਆਂ ਉਸ ਦੀ ਫੁਰਤੀ ਦੇਖ ਕੇ ਫੌਜ ਵਿੱਚ ਭਰਤੀ ਹੋਣ ਲਈ ਆਖਿਆ। ਇਹ ਕਹਾਣੀ ਵੀ ਉਸ ਦੀ ਮਿਲਖਾ ਸਿੰਘ ਨਾਲ ਮੇਚ ਖਾਂਦੀ ਹੈ। ਮਿਲਖਾ ਸਿੰਘ ਵੀ ਰੋਜ਼ੀ ਰੋਟੀ ਖਾਤਰ ਸਿਕੰਦਰਾਬਾਦ ਵਿਖੇ ਫੌਜ ਵਿੱਚ ਭਰਤੀ ਹੋਇਆ, ਜਿੱਥੋਂ ਉਸ ਦੇ ਜੀਵਨ ਨੂੰ ਨਵੀਂ ਦਿਸ਼ਾ ਮਿਲੀ। ਖ਼ਾਲਿਕ ਅਟਕ ਸੈਂਟਰ ਵਿੱਚ ਭਰਤੀ ਹੋ ਗਿਆ। ਉਸ ਨੇ ਹਾਈ ਸਕੂਲ ਦੀ ਸਿੱਖਿਆ ਫੌਜ ਦੀ ਨੌਕਰੀ ਦੌਰਾਨ ਕੀਤੀ। ਫੌਜ ਦੇ ਖੇਡ ਵਿਭਾਗ ਨੇ ਉਸ ਨੂੰ ਫਰਾਟਾ ਦੌੜਾਕ ਵਜੋਂ ਸ਼ਿੰਗਾਰਨਾ ਸ਼ੁਰੂ ਕੀਤਾ। ਫੌਜ ਦੀਆਂ ਖੇਡਾਂ ਤੋਂ ਕੌਮੀ ਖੇਡਾਂ ਤੱਕ ਆਪਣੀ ਛਾਪ ਛੱਡਦਿਆਂ ਉਸ ਨੇ ਪਾਕਿਸਤਾਨ ਦੀ ਅਥਲੈਟਿਕਸ ਟੀਮ ਵਿੱਚ ਜਗਾਹ ਬਣਾ ਲਈ।
21 ਵਰਿ੍ਹਆਂ ਦੀ ਉਮਰੇ ਅਬਦੁਲ ਖ਼ਾਲਿਕ 1954 ਵਿੱਚ ਮਨੀਲਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਗਿਆ। ਪਹਿਲੇ ਵੱਡੇ ਏਸ਼ੀਅਨ ਮੁਕਾਬਲੇ ਵਿੱਚ ਹੀ ਉਹ ਹਨੇਰੀ ਵਾਂਗ ਵਗਿਆ। 100 ਮੀਟਰ ਫਰਾਟਾ ਦੌੜ ਵਿੱਚ ਖ਼ਾਲਿਕ ਨੇ 10.6 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਏਸ਼ੀਅਨ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਏਸ਼ੀਆ ਦਾ ਸਭ ਤੋਂ ਤੇਜ਼ ਵਿਅਕਤੀ ਬਣਨ ਵਾਲੇ ਖ਼ਾਲਿਕ ਨੂੰ ਏਸ਼ੀਆ ਦਾ ਤੂਫ਼ਾਨ ਆਖਿਆ ਜਾਣ ਲੱਗਾ। ਉਸ ਦੀ ਬਦੌਲਤ ਪਾਕਿਸਤਾਨ ਦੀ 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਵੀ ਚਾਂਦੀ ਦਾ ਤਮਗ਼ਾ ਜਿੱਤ ਲਿਆ। ਇਸੇ ਸਾਲ ਉਸ ਨੇ ਇੰਗਲੈਂਡ ਵਿਖੇ ਹੋਈ ਤਿਕੋਣੀ ਮੀਟ ਵਿੱਚ ਵੀ 100 ਮੀਟਰ ਦੀ ਦੌੜ ਜਿੱਤ ਲਈ। 1956 ਵਿੱਚ ਉਸ ਨੇ ਮੈਲਬਰਨ ਵਿਖੇ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਉਸ ਨੇ ਤਿੰਨ ਈਵੈਂਟਾਂ- 100 ਮੀਟਰ, 200 ਮੀਟਰ ਅਤੇ 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਹਿੱਸਾ ਲਿਆ। ਓਲੰਪਿਕਸ ਦੇ ਮੰਚ ਉਤੇ ਉਸ ਨੇ 100 ਤੇ 200 ਮੀਟਰ- ਦੋਵੇਂ ਦੌੜਾਂ ਜਿੱਤ ਕੇ ਸੈਮੀ ਫ਼ਾਈਨਲ ਤੱਕ ਜਗਾਹ ਬਣਾਈ, ਜਿੱਥੇ ਉਹ ਦੋਵਾਂ ਦੌੜਾਂ ਵਿੱਚ ਚੌਥੇ ਸਥਾਨ ਉਤੇ ਰਿਹਾ। 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਵੀ ਪਾਕਿਸਤਾਨ ਦੀ ਟੀਮ ਸੈਮੀ ਫ਼ਾਈਨਲ ਤੱਕ ਪੁੱਜੀ। ਮੈਲਬਰਨ ਓਲੰਪਿਕਸ ਵਿੱਚ ਅਬਦੁਲ ਖ਼ਾਲਿਕ ਸਮੇਂ ਦੇ ਹਿਸਾਬ ਨਾਲ ਸੱਤਵੇਂ ਨੰਬਰ ਉਤੇ ਸੀ।
ਸਾਲ 1956 ਵਿੱਚ ਦਿੱਲੀ ਵਿਖੇ ਭਾਰਤ-ਪਾਕਿਸਤਾਨ ਅਥਲੈਟਿਕਸ ਮੀਟ ਹੋਈ, ਜਿਸ ਵਿੱਚ ਅਬਦੁਲ ਖ਼ਾਲਿਕ ਫੇਰ ਹਨੇਰੀ ਵਾਂਗ ਵਗਿਆ ਕਿ 100 ਮੀਟਰ ਦੌੜ ਵਿੱਚ 10.4 ਸਕਿੰਟ ਦਾ ਸਮਾਂ ਕੱਢ ਕੇ ਆਪਣਾ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਏਸ਼ੀਅਨ ਰਿਕਾਰਡ ਕਾਇਮ ਕੀਤਾ। ਖ਼ਾਲਿਕ ਨੇ ਦੋਹਰੀ ਮੱਲ ਮਾਰਦਿਆਂ 200 ਮੀਟਰ ਦੌੜ ਵਿੱਚ ਵੀ 21.4 ਸਕਿੰਟ ਦਾ ਸਮਾਂ ਕੱਢ ਕੇ ਨਵੇਂ ਏਸ਼ੀਅਨ ਰਿਕਾਰਡ ਨਾਲ ਦੂਜਾ ਸੋਨ ਤਮਗ਼ਾ ਜਿੱਤਿਆ। 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਪਾਕਿਸਤਾਨ ਟੀਮ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਉਸ ਵੇਲੇ ਭਾਰਤ ਦੇ ਤੱਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਖ਼ਾਲਿਕ ਨੂੰ ‘ਫਲਾਈਂਗ ਬਰਡ ਆਫ਼ ਏਸ਼ੀਆ’ ਦਾ ਨਾਮ ਦਿੱਤਾ। ਖ਼ਾਲਿਕ ਦੀ ਏਸ਼ੀਆ ਵਿੱਚ ਪੂਰੀ ਚੜ੍ਹਤ ਹੋ ਗਈ ਅਤੇ ਹੁਣ ਵੇਲਾ ਸੀ ਏਸ਼ੀਆ ਤੋਂ ਬਾਹਰ ਨਾਮਣਾ ਖੱਟਣ ਦਾ। ਸਾਲ 1956 ਵਿੱਚ ਹੀ ਜਰਮਨੀ ਵਿਖੇ ਹੋਈ ਵਿਸ਼ਵ ਮਿਲਟਰੀ ਖੇਡਾਂ ਵਿੱਚ 100 ਤੇ 200 ਮੀਟਰ ਦੌੜ ਵਿੱਚ ਦੋ ਕਾਂਸੀ ਦੇ ਤਮਗ਼ੇ ਜਿੱਤੇ। ਇੰਗਲੈਂਡ ਵਿਖੇ ਹੋਏ ਤਿੰਨ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ 100 ਮੀਟਰ ਦੌੜ ਵਿੱਚ ਦੋ ਵਾਰ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਇਡਨਬਰਗ ਵਿਖੇ ਹੋਈਆਂ ਹਾਈਲੈਂਡ ਗੇਮਜ਼ ਵਿੱਚ ਵੀ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਆਸਟਰੇਲੀਆ ਵਿੱਚ ਹੋਏ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੋ ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਸਾਲ 1957 ਵਿੱਚ ਇੰਗਲੈਂਡ ਵਿਖੇ ਹੋਈਆਂ ਸੱਤ ਵੱਖ-ਵੱਖ ਮੀਟਾਂ ਵਿੱਚ ਸੱਤ ਸੋਨ ਤਮਗ਼ੇ ਜਿੱਤੇ। ਤਹਿਰਾਨ ਵਿਖੇ ਹੋਈ ਪਾਕਿਸਤਾਨ-ਇਰਾਨ ਮੀਟ ਵਿੱਚ ਤਿੰਨ ਦੌੜਾਂ ਵਿੱਚ ਸੋਨ ਤਮਗ਼ੇ ਜਿੱਤ ਕੇ ਗੋਲਡਨ ਹੈਟਟ੍ਰਿਕ ਪੂਰੀ ਕੀਤੀ। ਏਥਨਜ਼ ਵਿਖੇ ਹੋਈਆਂ ਵਿਸ਼ਵ ਮਿਲਟਰੀ ਖੇਡਾਂ ਵਿੱਚ ਚਾਂਦੀ ਅਤੇ ਇਡਨਬਰਗ ਵਿਖੇ ਹੋਈਆਂ ਹਾਈਲੈਂਡ ਗੇਮਜ਼ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।
ਅਬਦੁਲ ਖ਼ਾਲਿਕ 1958 ਵਿੱਚ ਟੋਕੀਓ ਵਿਖੇ ਹੋਈਆਂ ਤੀਜੀਆਂ ਏਸ਼ਿਆਈ ਖੇਡਾਂ ਵਿੱਚ ਬੁਲੰਦ ਹੌਸਲਿਆਂ ਨਾਲ ਨਿੱਤਰਿਆ ਅਤੇ 100 ਮੀਟਰ ਦੌੜ ਵਿੱਚ ਸੋਨ ਤਮਗ਼ਾ ਜਿੱਤ ਕੇ ਲਗਾਤਾਰ ਦੂਜੀ ਵਾਰ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ ਬਣਿਆ। ਇੱਥੇ ਵੀ ਉਹ ਤੂਫ਼ਾਨ ਬਣ ਕੇ ਟਰੈਕ ਉਤੇ ਝੁਲਿਆ। 200 ਮੀਟਰ ਦੌੜ ਵਿੱਚ ਉਸ ਦਾ ਮੁਕਾਬਲਾ ਭਾਰਤ ਦੇ ਮਿਲਖਾ ਸਿੰਘ ਨਾਲ ਸੀ, ਜਿਸ ਨੇ 400 ਮੀਟਰ ਦੌੜ ਵਿੱਚ ਪਹਿਲਾਂ ਹੀ ਸੋਨ ਤਮਗ਼ਾ ਜਿੱਤ ਲਿਆ ਸੀ। ਹੁਣ 200 ਮੀਟਰ ਦੌੜ ਨੇ ਫੈਸਲੇ ਕਰਨਾ ਸੀ ਕਿ ਕਿਹੜਾ ਅਥਲੀਟ ਡਬਲ ਗੋਲਡ ਜਿੱਤ ਕੇ ਜਾਂਦਾ ਹੈ। ਦੋਵਾਂ ਵਿਚਕਾਰ ਬਹੁਤ ਫਸਵੀਂ ਟੱਕਰ ਵਾਲੀ ਦੌੜ ਹੋਈ ਕਿ ਦੋਵਾਂ ਨੇ ਇੱਕੋ ਵੇਲੇ ਫਿਨਿਸ਼ਿੰਗ ਲਾਈਨ ਪਾਰ ਕੀਤੀ। ਮਿਲਖਾ ਸਿੰਘ ਦੌੜ ਪੂਰੀ ਕਰਕੇ ਡਿੱਗ ਗਿਆ ਅਤੇ ਅਬਦੁਲ ਖ਼ਾਲਿਕ ਆਪਣੇ ਆਪ ਨੂੰ ਜੇਤੂ ਸਮਝ ਕੇ ਖੁਸ਼ ਹੋ ਰਿਹਾ ਸੀ। ਦੌੜ ਦਾ ਨਤੀਜਾ ਆਖਰ ਫੋਟੋ ਫਿਨਿਸ਼ ਰਾਹੀਂ ਕੱਢਿਆ ਅਤੇ ਸਕਿੰਟ ਦੇ 10ਵੇਂ ਹਿੱਸੇ ਨਾਲ ਮਿਲਖਾ ਸਿੰਘ ਜੇਤੂ ਰਿਹਾ। ਹਾਲਾਂਕਿ ਦੋਵਾਂ ਨੇ ਇੱਕੋ ਵੇਲੇ ਲਾਈਨ ਪਾਰ ਕੀਤੀ ਸੀ, ਪਰ ਮਿਲਖਾ ਸਿੰਘ ਦੇ ਸਰੀਰ ਦਾ ਇੱਕ ਹਿੱਸਾ ਅਬਦੁਲ ਨਾਲੋਂ ਪਹਿਲਾਂ ਲਾਈਨ ਨੂੰ ਛੂਹਿਆ ਸੀ। ਅਬਦੁਲ ਨੇ 4 ਗੁਣਾਂ 100 ਮੀਟਰ ਦੌੜ ਵਿੱਚ ਆਪਣੀ ਟੀਮ ਲਈ ਕਾਂਸੀ ਦਾ ਤਮਗ਼ਾ ਜਿੱਤਿਆ।
ਟੋਕੀਓ ਏਸ਼ਿਆਈ ਖੇਡਾਂ ਤੋਂ ਬਾਅਦ ਅਬਦੁਲ ਖ਼ਾਲਿਕ ਨੇ ਸਕਾਟਲੈਂਡ, ਇੰਗਲੈਂਡ, ਆਇਰਲੈਂਡ, ਸਵੀਡਨ, ਵੇਲਜ਼ ਆਦਿ ਮੁਲਕਾਂ ਵਿੱਚ ਹੋਈਆਂ ਵੱਖ-ਵੱਖ ਮੀਟਾਂ ਵਿੱਚ 8 ਸੋਨੇ, 7 ਚਾਂਦੀ ਤੇ 5 ਕਾਂਸੀ ਦੇ ਤਮਗ਼ੇ ਜਿੱਤੇ। 1960 ਵਿੱਚ ਅਬਦੁਲ ਖ਼ਾਲਿਕ ਤੇ ਉਸ ਦਾ ਭਰਾ ਅਬਦੁਲ ਮਲਿਕ ਵੀ ਪਾਕਿਸਤਾਨ ਅਥਲੈਟਿਕਸ ਟੀਮ ਦਾ ਹਿੱਸਾ ਸੀ। ਦੋਵੇਂ ਅਬਦੁਲ ਭਰਾਵਾਂ ਨੇ 4 ਗੁਣਾਂ 100 ਮੀਟਰ ਦੌੜ ਵਿੱਚ ਹਿੱਸਾ ਲਿਆ। ਖ਼ਾਲਿਕ ਨੇ 100 ਤੇ 200 ਮੀਟਰ ਦੌੜਾਂ ਵਿੱਚ ਵੀ ਹਿੱਸਾ ਲੈਂਦਿਆਂ ਦੂਜੀ ਹੀਟ ਤੱਕ ਸਫਰ ਤੈਅ ਕੀਤਾ। ਅਬਦੁਲ ਖ਼ਾਲਿਕ ਤੇ ਮਿਲਖਾ ਸਿੰਘ ਵਿਚਕਾਰ ਟੋਕੀਓ ਏਸ਼ਿਆਈ ਖੇਡਾਂ ਤੋਂ ਬਾਅਦ 1960 ਵਿੱਚ ਪਾਕਿਸਤਾਨ ਵਿਖੇ ਹੋਈ ਭਾਰਤ-ਪਾਕਿਸਤਾਨ ਅਥਲੈਟਿਕਸ ਮੀਟ ਦੇ 200 ਮੀਟਰ ਦੌੜ ਵਿੱਚ ਮੁਕਾਬਲਾ ਦੇਖਣ ਨੂੰ ਮਿਲਿਆ। ਇੱਥੇ ਵੀ ਅਬਦੁਲ ਨੇ 100 ਮੀਟਰ ਅਤੇ ਮਿਲਖਾ ਸਿੰਘ ਨੇ 400 ਮੀਟਰ ਦੌੜ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ। 200 ਮੀਟਰ ਦੌੜ ਵਿੱਚ ਦੋਵਾਂ ਦੇ ਮੁਕਾਬਲੇ ਨੂੰ ਬਹੁਤ ਪ੍ਰਚਾਰਿਆ ਗਿਆ ਸੀ। ਇਸੇ ਦੌੜ ਉਤੇ ‘ਭਾਗ ਮਿਲਖਾ ਭਾਗ’ ਫ਼ਿਲਮ ਦਾ ਕਲਾਈਮੈਕਸ ਦ੍ਰਿਸ਼ ਫ਼ਿਲਮਾਇਆ ਗਿਆ ਹੈ। ਮਿਲਖਾ ਸਿੰਘ ਅੱਗੇ ਏਸ਼ੀਆ ਦਾ ਤੂਫ਼ਾਨ ਕਹਿ ਕੇ ਅਬਦੁਲ ਖ਼ਾਲਿਕ ਨੂੰ ਵੱਡੀ ਚੁਣੌਤੀ ਦੱਸਿਆ ਜਾ ਰਿਹਾ ਸੀ। ਉਹ ਦੌੜ ਮਿਲਖਾ ਸਿੰਘ ਦੀ ਓਲੰਪਿਕਸ ਤੋਂ ਵੱਧ ਇਤਿਹਾਸਕ ਹੋ ਨਿਬੜੀ, ਜਦੋਂ ਉਸ ਨੇ ਵੱਡੇ ਫਰਕ ਨਾਲ ਅਬਦੁਲ ਖ਼ਾਲਿਕ ਨੂੰ ਹਰਾਇਆ। ਖ਼ਾਲਿਕ ਨੂੰ ਹਰਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ, ਇਸੇ ਲਈ ਉਸ ਵੇਲੇ ਸਟੇਡੀਅਮ ਵਿੱਚ ਮੌਜੂਦ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਮਿਲਖਾ ਸਿੰਘ ਨੂੰ ਆਖਿਆ ਸੀ ਕਿ ਉਸ ਨੇ ਦੌੜ ਨੂੰ ਦੌੜ ਕੇ ਨਹੀਂ, ਬਲਕਿ ਉੱਡ ਕੇ ਪੂਰਾ ਕੀਤਾ ਹੈ ਅਤੇ ਮਿਲਖਾ ਸਿੰਘ ਨੂੰ ਉਹ ਮਾਣ ਨਾਲ ਫਲਾਈਂਗ ਸਿੱਖ ਦਾ ਖਿਤਾਬ ਦਿੰਦੇ ਹਨ। ਇਸ ਤੋਂ ਬਾਅਦ ਅਬਦੁਲ ਖ਼ਾਲਿਕ ਨੇ ਇੰਗਲੈਂਡ ਮਿਸਰ, ਹਾਲੈਂਡ ਤੇ ਮਲੇਸ਼ੀਆ ਵਿਖੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਚਾਰ ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ।
ਅਬਦੁਲ ਖ਼ਾਲਿਕ ਨੇ ਸਰਗਰਮ ਅਥਲੀਟ ਵਜੋਂ ਸੰਨਿਆਸ ਲੈਣ ਤੋਂ ਬਾਅਦ ਪੰਜ ਸਾਲ ਪਾਕਿਸਤਾਨੀ ਫੌਜ ਦੀ ਅਥਲੈਟਿਕਸ ਟੀਮ, ਦੋ ਸਾਲ ਪੰਜਾਬ ਦੀ ਟੀਮ ਅਤੇ ਪੰਜ ਸਾਲ ਪਾਕਿਸਤਾਨ ਸਪੋਰਟਸ ਟਰੱਸਟ ਦੀ ਟੀਮ ਦੇ ਕੋਚ ਵਜੋਂ ਸੇਵਾਵਾਂ ਨਿਭਾਈਆਂ। ਪਾਕਿਸਤਾਨ ਸਰਕਾਰ ਨੇ ਉਸ ਨੂੰ ਆਪਣੇ ਸਰਵਉੱਚ ਸਨਮਾਨ ‘ਪਰਾਈਡ ਆਫ਼ ਪ੍ਰਫਾਰਮੈਂਸ’ ਨਾਲ ਸਨਮਾਨਿਆ। ਪਾਕਿਸਤਾਨ ਫੌਜ ਵਿੱਚ ਸਰਵਿਸ ਕਰਦਿਆਂ 1971 ਭਾਰਤ-ਪਾਕਿਸਤਾਨ ਯੁੱਧ ਵੇਲੇ ਜਦੋਂ ਜਨਰਲ ਏ।ਏ। ਨਿਆਜ਼ੀ ਦੀ ਅਗਵਾਈ ਵਾਲੀ 93 ਹਜ਼ਾਰ ਪਾਕਿਸਤਾਨ ਫੌਜ ਨੇ ਭਾਰਤੀ ਸੈਨਾ ਅੱਗੇ ਸਰੰਡਰ ਕੀਤਾ ਤਾਂ ਅਬਦੁਲ ਖ਼ਾਲਿਕ ਵੀ ਇਨ੍ਹਾਂ ਵਿੱਚ ਸ਼ਾਮਲ ਸੀ। ਉਹ ਪਹਿਲਾਂ ਗਵਾਲੀਅਰ ਜੇਲ੍ਹ ਵਿੱਚ ਰਿਹਾ ਅਤੇ ਫੇਰ ਮੇਰਠ ਦੀ ਜੇਲ੍ਹ ਵਿੱਚ। ਭਾਰਤ ਦੀ ਜੇਲ੍ਹ ਵਿੱਚ ਬਾਕੀ ਪਾਕਿਸਤਾਨੀ ਸੈਨਿਕਾਂ ਨਾਲ ਬੰਦ ਅਬਦੁਲ ਖ਼ਾਲਿਕ ਬਾਰੇ ਜਦੋਂ ਉਸ ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪਤਾ ਲੱਗਿਆ ਤਾਂ ਭਾਰਤ ਸਰਕਾਰ ਨੇ ਇਕੱਲੇ ਖ਼ਾਲਿਕ ਨੂੰ ‘ਏਸ਼ੀਆ ਦਾ ਮਹਾਨ ਅਥਲੀਟ’ ਵਜੋਂ ਸਤਿਕਾਰ ਕਰਦਿਆਂ ਰਿਹਾਅ ਕਰਨ ਦਾ ਫੈਸਲਾ ਕੀਤਾ। ਅਬਦੁਲ ਖ਼ਾਲਿਕ ਨੇ ਉਸ ਵੇਲੇ ਆਪਣੇ-ਆਪ ਨੂੰ ਖਿਡਾਰੀ ਨਹੀਂ ਬਲਕਿ ਫੌਜੀ ਸਮਝ ਕੇ ਇਹ ਪੇਸ਼ਕਸ਼ ਠੁਕਰਾਉਂਦਿਆਂ ਕਿਹਾ ਕਿ ਉਹ ਇਕੱਲਾ ਨਹੀਂ, ਬਲਕਿ ਆਪਣੇ ਸਾਥੀ ਸੈਨਿਕਾਂ ਨਾਲ ਹੀ ਰਿਹਾਅ ਹੋਵੇਗਾ। ਇੰਝ ਖ਼ਾਲਿਕ ਨੇ ਆਪਣੇ ਦਾਨਿਸ਼ਮੰਦ ਸੁਭਾਅ ਕਰਕੇ ਵੀ ਦਿਲ ਜਿੱਤੇ।
ਉਂਝ ਉਸ ਵੇਲੇ ਇੱਕ ਹੋਰ ਘਟਨਾ ਵੀ ਵਾਪਰੀ। ਖ਼ਾਲਿਕ ਨੂੰ ਜਦੋਂ ਬਾਕੀ ਪਾਕਿਸਤਾਨ ਜੰਗੀ ਸੈਨਿਕਾਂ ਵਾਂਗ ਪੁੱਛਿਆ ਗਿਆ ਕਿ ਉਹ ਭਾਰਤ ਵਿੱਚ ਆਪਣੇ ਕਿਸੇ ਜਾਣਕਾਰ ਨੂੰ ਕੋਈ ਸੁਨੇਹਾ ਭੇਜਣਾ ਚਾਹੁੰਦਾ ਹੈ ਤਾਂ ਅਬਦੁਲ ਖ਼ਾਲਿਕ ਨੇ ਅਕਾਸ਼ਵਾਣੀ ਦੀ ਉਰਦੂ ਸੇਵਾ ਰਾਹੀਂ ਸਿਰਫ਼ ਤਿੰਨ ਭਾਰਤੀ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੇ ਉਹ ਮਿਲਣਾ ਚਾਹੁਣ ਤਾਂ ਮਿਲਣ ਆ ਸਕਦੇ ਹਨ। ਇਹ ਤਿੰਨੇ ਭਾਰਤੀ ਅਥਲੀਟ ਸਨ। ਮਿਲਖਾ ਸਿੰਘ, ਪ੍ਰਦੁੱਮਣ ਸਿੰਘ ਤੇ ਗੁਰਬਚਨ ਸਿੰਘ ਰੰਧਾਵਾ ਵੀ ਏਸ਼ੀਆ ਦੇ ਚੋਟੀ ਦੇ ਅਥਲੀਟ ਸਨ ਅਤੇ ਅਬਦੁਲ ਖ਼ਾਲਿਕ ਦੇ ਸਮਕਾਲੀ ਰਹੇ ਸਨ। ਪ੍ਰਦੁੱਮਣ ਸਿੰਘ ਖੁਦ ਭਾਰਤੀ ਫੌਜ ਦੀ ਸੇਵਾ ਕਰਦਾ ਹੋਣ ਕਰਕੇ ਆਪਣੀ ਨੌਕਰੀ ਕਾਰਨ ਮਿਲਣ ਨਾ ਆ ਸਕਿਆ। ਹਾਲਾਂਕਿ ਪ੍ਰਦੁੱਮਣ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਵਡੇਰੀ ਉਮਰੇ ਪ੍ਰਦੁੱਮਣ ਸਿੰਘ ਨੂੰ ਇਸ ਗੱਲ ਉਤੇ ਬਹੁਤ ਅਫਸੋਸ ਸੀ ਕਿ ਉਹ ਆਪਣੇ ਸਾਥੀ ਪਾਕਿਸਤਾਨੀ ਅਥਲੀਟ ਨੂੰ ਮਿਲਣ ਨਹੀਂ ਜਾ ਸਕਿਆ। ਮਿਲਖਾ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਵੀ ਮੁਲਾਕਾਤ ਕੀਤੀ ਅਤੇ ਗੁਰਬਚਨ ਸਿੰਘ ਰੰਧਾਵਾ ਨੇ ਮਿਲ ਕੇ ਜੇਲ੍ਹ ਸੁਪਰਡੈਂਟ ਨੂੰ ਆਪਣੇ ਸਾਥੀ ਅਥਲੀਟ ਦਾ ਉਚੇਚਾ ਖਿਆਲ ਰੱਖਣ ਲਈ ਕਿਹਾ।
ਅਬਦੁਲ ਖ਼ਾਲਿਕ ਨੇ ਇੱਕ ਵਾਰ ਹੈਲਸਿੰਕੀ ਵਿਖੇ ਕਿਸੇ ਮੀਟ ਵਿੱਚ ਮੁਕਾਬਲਾ ਜਿੱਤਿਆ ਤਾਂ ਤਮਗ਼ਾ ਪਹਿਨਾਉਣ ਵੇਲੇ ਪ੍ਰਬੰਧਕਾਂ ਕੋਲ ਪਾਕਿਸਤਾਨ ਤਰਾਨੇ ਦੀ ਧੁਨ ਨਹੀਂ ਸੀ। ਉਸ ਵੇਲੇ ਤਰਾਨਾ ਨਾ ਵਜਾਏ ਜਾਣ ਕਾਰਨ ਖ਼ਾਲਿਕ ਨੇ ਲੁੱਡੀ ਪਾ ਕੇ ਜਿੱਤ ਦਾ ਜਸ਼ਨ ਮਨਾਇਆ। ਇੱਕ ਵਾਰ ਕਿਸੇ ਮੀਟ ਦੌਰਾਨ ਪ੍ਰਬੰਧਕਾਂ ਵੱਲੋਂ ਉਸ ਦਾ ਨਾਮ ਭੁੱਲੇ ਜਾਣ ਉਤੇ ਅਬਦੁਲ ਖ਼ਾਲਿਕ ਨੂੰ ‘ਮਿਸਟਰ ਪਾਕਿਸਤਾਨ’ ਕਹਿ ਕੇ ਪੁਕਾਰਿਆ ਗਿਆ। ਅਬਦੁਲ ਖ਼ਾਲਿਕ ਨੇ ਉਸੇ ਵੇਲੇ ਪ੍ਰਬੰਧਕਾਂ ਨੂੰ ਆਪਣਾ ਨਾਮ ਦੱਸ ਕੇ ਉਨ੍ਹਾਂ ਦੀ ਗਲਤੀ ਦਰੁੱਸਤ ਕਰਵਾਈ। 100 ਮੀਟਰ ਦੌੜ ਵਿੱਚ ਉਸ ਦਾ ਸਰਵੋਤਮ ਸਮਾਂ 10.2 ਸਕਿੰਟ ਹੈ, ਜਦੋਂ ਕਿ 200 ਮੀਟਰ ਵਿੱਚ 20.8 ਸਕਿੰਟ ਹੈ। ਜਵਾਨੀ ਵਿੱਚ ਕਬੱਡੀ ਖੇਡਦਾ ਅਬਦੁਲ ਜੇਕਰ ਉਸ ਵੇਲੇ ਦੇ ਇੱਕ ਫੌਜੀ ਅਫਸਰ ਦੀ ਨਜ਼ਰ ਨਾ ਚੜ੍ਹਦਾ ਤਾਂ ਅੱਜ ਅਥਲੈਟਿਕਸ ਖੇਡ ਆਪਣੇ ਮਹਾਨ ਅਥਲੀਟ ਤੋਂ ਵਾਂਝੀ ਰਹਿ ਜਾਂਦੀ। ਅਬਦੁਲ ਖ਼ਾਲਿਕ 10 ਮਾਰਚ 1988 ਨੂੰ 55 ਵਰਿ੍ਹਆਂ ਦੀ ਉਮਰੇ ਰਾਵਲਪਿੰਡੀ ਵਿਖੇ ਸਦੀਵੀ ਵਿਛੋੜਾ ਦੇ ਗਿਆ। ਦੋਵੇਂ ਮੁਲਕਾਂ- ਭਾਰਤ ਤੇ ਪਾਕਿਸਤਾਨ ਵਿੱਚ ਹੁਣ ਤੱਕ ਉਸ ਵਰਗਾ ਫਰਾਟਾ ਦੌੜਾਕ ਪੈਦਾ ਨਹੀਂ ਹੋਇਆ। ਅਬਦੁਲ ਖ਼ਾਲਿਕ ਪਾਕਿਸਤਾਨ ਖੇਡ ਅੰਬਰ ਦਾ ਚਮਕਦਾ ਸਿਤਾਰਾ ਹੋਣ ਕਾਰਨ ਉਸ ਉਤੇ ਪੂਰੇ ਦੇਸ਼ ਨੂੰ ਮਾਣ ਰਿਹਾ। ਲਹਿੰਦੇ ਪੰਜਾਬ ਦੇ ਇਸ ਮਹਾਨ ਅਥਲੀਟ ਦਾ ਪੁੱਤਰ ਮੁਹੰਮਦ ਇਜਾਜ਼ ਵੀ ਪਾਕਿਸਤਾਨ ਦੀ ਅਥਲੈਟਿਕਸ ਦਾ ਕੋਚ ਰਿਹਾ ਹੈ।

Leave a Reply

Your email address will not be published. Required fields are marked *