ਨੀਲ ਦਾ ਵਿਸਥਾਰ

Uncategorized

ਪਰਮਜੀਤ ਢੀਂਗਰਾ
ਫੋਨ:+91-9417358120
ਰੰਗਾਂ ਦਾ ਸੰਸਾਰ ਬੜਾ ਅਦਭੁੱਤ ਹੈ। ਮੂਲ ਰੂਪ ਵਿੱਚ ਸੱਤ ਰੰਗ ਮੰਨੇ ਗਏ ਹਨ, ਪਰ ਕਈ ਭਾਸ਼ਾਵਾਂ ਵਿੱਚ ਇਨ੍ਹਾਂ ਦੀ ਗਿਣਤੀ ਪੰਜ ਜਾਂ ਛੇ ਵੀ ਹੈ। ਅੱਜ ਦੇ ਡਿਜੀਟਲ ਜੁੱਗ ਨੇ ਸੱਤਾਂ ਰੰਗਾਂ ਦੇ ਹਜ਼ਾਰਾਂ ਰੰਗ ਬਣਾ ਦਿੱਤੇ ਹਨ। ਇਸ ਲਈ ਕਈ ਵਾਰ ਕਿਸੇ ਖਾਸ ਰੰਗ ਨੂੰ ਚੁਣਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਜੇ ਕੁਦਰਤ ਦੀ ਗੱਲ ਕਰੀਏ ਤਾਂ ਇਸ ਵਿੱਚ ਦੋ ਰੰਗਾਂ ਦਾ ਸਭ ਤੋਂ ਵੱਧ ਪਾਸਾਰਾ ਹੈ। ਇੱਕ ਹੈ ਹਰਾ ਰੰਗ, ਜੋ ਬਨਸਪਤੀ ਦਾ ਹੈ ਅਤੇ ਦੂਜਾ ਨੀਲਾ, ਜੋ ਸਮੁੰਦਰਾਂ ਤੇ ਅਕਾਸ਼ ਦਾ ਹੈ।

ਨੀਲਾ ਰੰਗ ਬਣਿਆ ਹੈ ਨੀਲ ਤੋਂ। ਇਸ ਦੀ ਧਾਤੂ ਹੈ-ਨੀਲੑ। ਨੀਲਾ ਰੰਗ ਭਾਵੇਂ ਜਿੰਨਾ ਮਰਜੀ ਖੁਸ਼ਨੁਮਾ ਹੋਵੇ, ਪਰ ਨੀਲ ਦੇ ਅਰਥ ਦੇ ਨਾਲ ਨਾਲ ਇਹਦਾ ਇੱਕ ਨਾਂ ਕਾਲਾ ਜਾਂ ਸੁਰਮਈ ਵੀ ਹੈ। ਇਸੇ ਲਈ ਸੰਸਕ੍ਰਿਤ ਵਿੱਚ ਸੁਰਮੇ ਲਈ ਨੀਲਾਂਜਨਮੑ ਜਾਂ ਨੀਲਾਂਜਨਾ ਨਾਂ ਵੀ ਵਰਤੇ ਜਾਂਦੇ ਹਨ। ਸੰਸਕ੍ਰਿਤ ਵਿੱਚ ਬੱਦਲ ਨੂੰ ਅਭਰ ਕਿਹਾ ਜਾਂਦਾ ਹੈ। ਇਹੀ ਅਭਰ ਫਾਰਸੀ ਵਿੱਚ ਅਬਰ ਭਾਵ ਨੀਲਾ ਹੋ ਜਾਂਦਾ ਹੈ। ਸਿਆਹ ਕਾਲੇ ਬੱਦਲਾਂ ਨੂੰ ਸੰਸਕ੍ਰਿਤ ਵਿੱਚ ਨੀਲਾਭਰ ਕਿਹਾ ਜਾਂਦਾ ਹੈ। ਇੱਥੇ ਨੀਲੇ ਦਾ ਅਰਥ ਕਾਲਾ ਹੀ ਹੈ। ਕਾਲੇ ਨਮਕ ਲਈ ਵੀ ਨੀਲਕਮੑ ਸ਼ਬਦ ਦੀ ਵਰਤੋਂ ਹੁੰਦੀ ਹੈ।
ਨੀਲ, ਅਸਲ ਵਿੱਚ ਇੱਕ ਪੌਦੇ ਵਿਚੋਂ ਨਿਕਲਣ ਵਾਲਾ ਪਦਾਰਥ। ਪੁਰਾਣੇ ਸਮਿਆਂ ਵਿੱਚ ਨੀਲੇ ਰੰਗ ਲਈ ਨੀਲ ਦੇ ਪੌਦੇ ਦੀ ਵਰਤੋਂ ਹੁੰਦੀ ਸੀ। ਸੰਸਕ੍ਰਿਤ ਵਿੱਚ ਨੀਲ ਦੇ ਪੌਦੇ ਨੂੰ ਨੀਲਿਕਾ ਜਾਂ ਨੀਲੀ ਕਿਹਾ ਜਾਂਦਾ ਹੈ। ਭਾਰਤ ਵਿੱਚ ਨੀਲ ਦੀ ਪੈਦਾਵਾਰ ਪੂਰਬੀ ਪ੍ਰਦੇਸ਼ਾਂ ਖਾਸ ਕਰਕੇ ਬਿਹਾਰ, ਬੰਗਾਲ ਤੇ ਉੜੀਸਾ ਵਿੱਚ ਹੁੰਦੀ ਹੈ। ਅਰਬੀ ਵਪਾਰੀ ਭਾਰਤ ਵਿੱਚ ਕਿਸੇ ਸਮੇਂ ਨੀਲ ਖਰੀਦਣ ਲਈ ਆਉਂਦੇ ਸਨ ਤੇ ਉਹ ਅੱਗੋਂ ਯੂਰਪੀ ਮੁਲਕਾਂ ਨੂੰ ਵੇਚਦੇ ਸਨ। ਭਾਰਤੀ ਮਸਾਲਿਆਂ ਤੇ ਮਲਮਲ ਵਾਂਗ ਨੀਲ ਵੀ ਪੱਛਮੀ ਮੁਲਕਾਂ ਵਿੱਚ ਮਸ਼ਹੂਰ ਸੀ। ਅੰਗਰੇਜ਼ਾਂ ਨੇ ਜਦੋਂ ਕਲਕੱਤੇ ਵਿੱਚ ਕੋਠੀਆਂ ਬਣਵਾਈਆਂ, ਤਦੋਂ ਈਸਟ ਇੰਡੀਆ ਕੰਪਨੀ ਮੁੱਖ ਰੂਪ ਵਿੱਚ ਨੀਲ ਦਾ ਵਪਾਰ ਹੀ ਕਰਦੀ ਸੀ। ਇਸੇ ਲਈ ਅੰਗਰੇਜ਼ਾਂ ਨੂੰ ਨਿਲਹੇ ਸਾਹਿਬ ਕਿਹਾ ਜਾਂਦਾ ਸੀ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਨੀਲ ਦਾ ਬੜਾ ਮਹੱਤਵਪੂਰਨ ਸਥਾਨ ਹੈ। ਬਿਹਾਰ ਦੇ ਨੇਪਾਲ ਨਾਲ ਲਗਵੇਂ ਜ਼ਿਲ੍ਹੇ ਚੰਪਾਰਨ ਵਿੱਚ ਨੀਲ ਦੀ ਭਰਪੂਰ ਕਾਸ਼ਤ ਹੁੰਦੀ ਸੀ। ਇਸ ਸਥਾਨ ਦਾ ਨਾਂ ਚੰਪਕ ਦੇ ਰੁੱਖਾਂ ਦੀ ਬਹੁਤਾਤ ਕਰਕੇ ਚੰਪਕ+ਅਰਣਯ= ਚੰਪਕਾਰਨਯ ਪਿਆ, ਜੋ ਘਸਦਾ ਘਸਦਾ ਚੰਪਾਰਨ ਹੋ ਗਿਆ। ਚੰਪਕ ਜਾਂ ਚੰਪਾ ਦੇ ਰੁੱਖਾਂ ਨੂੰ ਪੀਲੇ ਰੰਗ ਦੇ ਸੁਗੰਧਿਤ ਫੁੱਲ ਲਗਦੇ ਹਨ, ਜੋ ਵਾਲਾਂ ਨੂੰ ਸ਼ਿੰਗਾਰਨ ਲਈ ਵਰਤੇ ਜਾਂਦੇ ਹਨ। ਇਹ ਵੀ ਦਿਲਚਸਪ ਤੱਥ ਹੈ ਕਿ ਪੁਰਾਤਨ ਸਮਿਆਂ ਵਿੱਚ ਚੰਪਾ ਦੇ ਪੀਲੇ ਫੁੱਲਾਂ ਦੀ ਬਜਾਏ ਪ੍ਰਸਿੱਧ ਚੰਪਾਰਨ ਆਧੁਨਿਕ ਸਮਿਆਂ ਵਿੱਚ ਨੀਲ ਦੇ ਫੁੱਲਾਂ ਕਰਕੇ ਮਸ਼ਹੂਰ ਹੋ ਗਿਆ।
ਦੱਖਣੀ ਅਫਰੀਕਾ ਦੀ ਯਾਤਰਾ ਤੋਂ ਪਰਤਣ `ਤੇ ਜਦੋਂ ਮਹਾਤਮਾ ਗਾਂਧੀ ਨੇ ਨੀਲ ਦੇ ਕਾਸ਼ਤਕਾਰਾਂ `ਤੇ ਨਿਲਹੇ ਸਾਹਿਬਾਂ ਦੇ ਜ਼ੁਲਮਾਂ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਚੰਪਾਰਨ ਦੀ ਯਾਤਰਾ ਕੀਤੀ ਤੇ ਅੰਗਰੇਜ਼ੀ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਹ ਮੁਹਿੰਮ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ। ਨੀਲ ਨੂੰ ਅੰਗਰੇਜ਼ੀ ਵਿੱਚ ਇੰਡੀਗੋ ਕਹਿੰਦੇ ਹਨ। ਇਕ ਪ੍ਰਸਿੱਧ ਭਾਰਤੀ ਏਅਰ ਲਾਈਨ ਦਾ ਨਾਂ ਵੀ ਇੰਡੀਗੋ ਹੈ। ਇਹਦਾ ਸਬੰਧ ਇੰਡੀਆ ਭਾਵ ਭਾਰਤ ਨਾਲ ਹੈ। ਅੱਜ ਕੱਲ੍ਹ ਇੰਡੀਆ ਤੇ ਭਾਰਤ ਨਾਂਵਾਂ ਵਿੱਚ ਬੜਾ ਵਾਦ-ਵਿਵਾਦ ਚੱਲ ਰਿਹਾ ਹੈ। ਜਿਹੜੇ ਕਹਿ ਰਹੇ ਹਨ ਕਿ ਇੰਡੀਆ ਦਾ ਕੋਈ ਅਰਥ ਨਹੀਂ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ। ਇੰਡੀਗੋ ਬਣਿਆ ਹੈ ਗਰੀਕ ਭਾਸ਼ਾ ਦੇ ਸ਼ਬਦ ਇੰਡੀਕੋਨ ਅਥਵਾ ਇੰਡੀਕੋਸ ਤੋਂ, ਜਿਸ ਦਾ ਅਰਥ ਹੈ ਨੀਲ ਦਾ ਪੌਦਾ। ਇੱਥੋਂ ਹੀ ਇੰਡੀਆ ਬਣਿਆ ਹੈ।
ਇੰਡੀਆ ਦੀ ਇੱਕ ਹੋਰ ਵਿਓਤਪਤੀ ਗਰੀਕ ਦੇ ਇੰਡਸ ਤੋਂ ਵੀ ਮੰਨੀ ਜਾਂਦੀ ਹੈ। ਅਸਲ ਵਿੱਚ ਸਿੰਧ ਦਰਿਆ ਦਾ ਗਰੀਕ ਉਚਾਰਨ ਇੰਡਸ ਹੈ। ਸਪੈਨਿਸ਼ ਤੇ ਡੱਚ ਜ਼ਬਾਨਾਂ ਵਿੱਚ ਇੰਡੀਕੋਨ ਤੋਂ ਇੰਡੀਗੋ ਬਣਿਆ। ਅੰਗਰੇਜ਼ਾਂ ਤੋਂ ਪਹਿਲਾਂ ਪੁਰਤਗਾਲੀ ਕਲਕੱਤੇ ਵਿੱਚ ਕੋਠੀਆਂ ਬਣਾ ਚੁੱਕੇ ਸਨ। ਡੱਚ ਭਾਸ਼ਾ ਤੋਂ ਹੀ ਪੁਰਤਗਾਲੀ ਵਿੱਚ ਇਹ ਇੰਡੀਗੋ ਸ਼ਬਦ ਗਿਆ ਤੇ ਫਿਰ ਅੰਗਰੇਜ਼ੀ ਵਿੱਚ ਸਮਾਅ ਗਿਆ। ਸੰਸਕ੍ਰਿਤ ਨੀਲ ਹੀ ਉਰਦੂ- ਫਾਰਸੀ ਵਿੱਚ ਵੀ ਪ੍ਰਚਲਤ ਹੈ। ਵਿਓਤਪਤੀ ਕੋਸ਼ ਅਨੁਸਾਰ ਨੀਲ ਇੱਕ ਤਰ੍ਹਾਂ ਦਾ ਨੀਲਾ ਰੰਗ, ਜੋ ਇੱਕ ਪੌਦੇ ਤੋਂ ਪ੍ਰਾਪਤ ਹੁੰਦਾ ਹੈ; ਸੱਟ ਨਾਲ ਸਰੀਰ `ਤੇ ਪਿਆ ਦਾਗ, ਅਨੀਲ; ਨਿਲੰਬਰੀ; ਲਿਲਾਰੀ, ਨੀਲੋਫਰ-ਨੀਲ ਕਮਲ, ਨੀਲੋਫਰੀ-ਨੀਲੇ ਰੰਗ ਦਾ, ਪੰਜਾਬੀ ਕੋਸ਼ ਅਨੁਸਾਰ-ਨੀਲ; ਮਿਸਰ ਦਾ ਇੱਕ ਪ੍ਰਸਿੱਧ ਦਰਿਆ, ਰਾਮਚੰਦਰ ਜੀ ਦੀ ਸੈਨਾ ਦਾ ਇੱਕ ਬੰਦਰ; ਪੁਰਾਣਾਂ ਅਨੁਸਾਰ ਇਲਾਵਿ੍ਰਤ ਖੰਡ ਦਾ ਇੱਕ ਪਹਾੜ, ਜੋ ਰਮਯਕ ਵਰਸ ਦੀ ਹੱਦ ਉਪਰ ਹੈ; ਨੌਂ ਨਿਧੀਆਂ ਵਿੱਚੋਂ ਇੱਕ, ਨੀਲੇ ਰੰਗ ਦਾ ਇੱਕ ਰਤਨ ਭਾਵ ਨੀਲਮ, ਹਜ਼ਾਰ ਅਰਬ ਸੰਖਿਆ, ਵਿਸ਼, ਜ਼ਹਿਰ, ਵੱਟ, ਬਰੋਟਾ ਆਦਿ। ਇਸ ਦੇ ਕੁਨਬੇ ਦੇ ਕਈ ਹੋਰ ਸ਼ਬਦ ਮਿਲਦੇ ਹਨ-ਨੀਲਸਬੰਦ-ਨੀਲਘਿਰੀਆ ਨਾਂ ਦਾ ਪੌਦਾ, ਨੀਲਹਾਰਾ-ਲਿਲਾਰੀ, ਨੀਲਕਮਲ, ਨੀਲ ਕੰਵਲ, ਨੀਲ ਕੀਲ-ਨੀਲਕੰਠ ਨਾਂ ਦਾ ਪੰਛੀ (ਨੀਲਕੰਠ ਭਾਰਤੀ ਸੰਦਰਭ ਵਿੱਚ ਇੱਕ ਪੰਛੀ ਨਹੀਂ ਹੈ, ਇਹ ਇੱਕ ਭਾਵਨਾ ਹੈ, ਵਿਸ਼ਵਾਸ ਦਾ ਪ੍ਰਤੀਕ ਹੈ। ਖੁੱਲ੍ਹੇ ਅਸਮਾਨ ਦੇ ਹੇਠਾਂ ਉਡਾਣ ਭਰਦੇ ਹੋਏ ਇਸਦੀ ਸੁੰਦਰਤਾ ਅਤੇ ਅਜ਼ੂਰਦਾਰ ਚਮਕ, ਇਸਦੇ ਖੰਭਾਂ ਦੀ ਪੇਸ਼ਕਸ਼ ਇੱਕ ਬਹੁਤ ਹੀ ਰੂਹਾਨੀ ਦ੍ਰਿਸ਼ ਹੈ); ਨੀਲਗਰ-ਰੰਗਰੇਜ, ਨੀਲਗੂੰ-ਨੀਲ ਵਰਗਾ, ਨੀਲੱਤਣ-ਨੀਲੀ ਭਾ, ਨੀਲ ਨੈਣੀ-ਨੀਲੀਆਂ ਜਾਂ ਬਿੱਲੀਆਂ ਅੱਖਾਂ ਵਾਲੀ; ਨੀਲ ਬਸਤਰ-“ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ॥” (ਰਾਗ ਆਸਾ)
ਨੀਲ ਬਸਨ, ਨੀਲੰਬਰ-ਨੀਲੇ ਕੱਪੜਿਆਂ ਵਾਲਾ, ਨੀਲ ਬੜੀ-ਫੋੜਿਆਂ ਲਈ ਵਰਤੀ ਜਾਣ ਵਾਲੀ ਨੀਲ ਤੋਂ ਬਣੀ ਦਵਾਈ, ਨੀਲ ਵਲਾਇਤੀ, ਨੀਲਕ-ਇੱਕ ਪ੍ਰਕਾਰ ਦਾ ਨੀਲੇ ਰੰਗ ਦਾ ਚੋਗਾ, ਨੀਲ ਕੰਠ-ਸ਼ਿਵ ਜੀ ਦਾ ਇੱਕ ਨਾਂ; ਨੀਲਕੰਠੀ-ਇੱਕ ਬੂਟੀ ਜੋ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ; ਨੀਲਕੰਠ-ਇੱਕ ਪੌਦਾ ਜੋ ਹਿਮਾਲਿਆ ਦੀਆਂ ਢਲਾਨਾਂ `ਤੇ ਹੁੰਦਾ, ਜਿਸਨੂੰ ਨੀਲੇ ਫੁੱਲ ਲੱਗਦੇ ਹਨ ਤੇ ਇਸ ਦੀਆਂ ਜੜ੍ਹਾਂ ਤੋਂ ਦਵਾਈਆਂ ਬਣਦੀਆਂ ਹਨ; ਨੀਲ ਕੱਤੇਈ-ਗਿੱਦੜ ਤਮਾਕੂ; ਨੀਲ ਕਨਤੇ-ਇੱਕ ਪੌਦਾ ਜਿਸਦੀ ਲੱਕੜ ਬਾਲਣ ਦੇ ਕੰਮ ਆਉਂਦੀ ਹੈ, ਨੀਲ ਕਰਾਈ-ਇੱਕ ਬੂਟੀ ਜੋ ਦਵਾਈ ਬਣਾਉਣ ਦੇ ਕੰਮ ਆਉਂਦੀ ਹੈ, ਨੀਲਗਿਰੀ-ਦੱਖਣ ਦੇ ਪਹਾੜ ਦਾ ਨਾਂ, ਨੀਲ ਗਾਂ-ਗਾਂ ਵਰਗਾ ਇੱਕ ਜੰਗਲੀ ਪਸ਼ੂ, ਨੀਲਪੰਖੀ-ਇੱਕ ਜੰਗਲੀ ਝਾੜ ਜਾਂ ਪੁਟ ਕੰਡਾ, ਨੀਲ ਬੁਲਾਈ-ਦਰਿਆ ਕੰਢੇ ਰਹਿਣ ਵਾਲਾ ਇੱਕ ਪੰਛੀ, ਨੀਲਮ ਪਰੀ-ਇੰਦਰ ਸਭਾ ਦੀ ਇੱਕ ਪਰੀ, ਨੀਲਵਰੀ-ਇੱਕ ਪ੍ਰਕਾਰ ਦਾ ਨੀਲ, ਨੀਲੜਾ, ਨੀਲੜੀ-ਮਿਰਜੇ ਦੀ ਘੋੜੀ ਦਾ ਨਾਂ- “ਉਪਰ ਨੀਲੜੀ ਸੁੱਟ ਕੇ ਜੀਨ ਕਾਠੀ ਆਵੀਂ ਕਰ ਅਸਵਾਰੀਆਂ।”
ਨੀਲਾ-ਹਰਾ ਚਾਰਾ, ਨੀਰਾ, ਕਾਲਾ ਹਰਨ; ਨੀਲਾ ਸਰਵ-ਬਹੁਤ ਨੀਲਾ, ਨੀਲਾਹਟ-ਨਿਲੱਤਣ, ਨੀਲਾਘੀਰੀਆ- ਇੱਕ ਠੰਡਾ ਪੌਦਾ ਜੋ ਦਵਾਈ ਬਣਾਉਣ ਦੇ ਕੰਮ ਆਉਂਦਾ ਹੈ; ਨੀਲਾ ਡੋਰਾ, ਨੀਲਾ ਥਾਰੀ-ਇੱਕ ਪੌਦਾ ਜੋ ਖਾਸ ਤਰ੍ਹਾਂ ਦੀ ਹਵਾੜ ਛੱਡਦਾ ਹੈ, ਬੱਕਰੀਆਂ ਇਹਨੂੰ ਖਾਂਦੀਆਂ ਹਨ। ਨੀਲਾ ਥੋਥਾ-ਇੱਕ ਤਰ੍ਹਾਂ ਦੀ ਜ਼ਹਿਰ, ਨੀਲਾ ਧਾਗਾ, ਨੀਲਾ ਲਾਜਵਰਦ, ਨੀਲੋ ਨੀਲ, ਨੀਲੀ ਛੱਤਰੀ, ਨੀਲੀ ਬਾਰ। ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ-ਨੀਲਾ ਕਰ ਦੇਣਾ, ਨੀਲਾ ਕਾਲਾ ਹੋਣਾ, ਨੀਲਾ ਪੀਲਾ ਹੋਣਾ, ਨੀਲੀਆਂ ਪੀਲੀਆਂ ਅੱਖਾਂ ਵਿਖਾਉਣਾ। ਨੀਲਾਮ, ਨੀਲਾਮੀ, ਨੀਲਾਮਿਖਾਸ, ਨੀਲਾਰਨੀ, ਨੀਲਾਰਨ ਆਦਿ।
ਫਾਰਸੀ ਕੋਸ਼ਾਂ ਵਿੱਚ ਵੀ ਨੀਲ ਨਾਲ ਜੁੜੇ ਕਈ ਸ਼ਬਦ ਮਿਲਦੇ ਹਨ-ਨੀਲਪਰ, ਨੀਲ-ਏ-ਚਸ਼ਮ-ਏ-ਬਦ ਭਾਵ ਬੱਚਿਆਂ ਨੂੰ ਭੈੜੀ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ ਲਾਉਣਾ, ਨੀਲ-ਏ-ਖਮ ਏ-ਅਸਮਾਨ: ਅਸਮਾਨੀ ਨਹਖਸਤ; ਨੀਲ ਦਾਗ਼: ਨੀਲਾ ਦਾਗ਼ ਜੋ ਦਾਗਣ ਕਰਕੇ ਰਹਿੰਦਾ ਹੈ; ਨੀਲ ਰਾਮ-ਮੀਂਹ, ਬਰਫ, ਗੜ੍ਹਿਆਂ ਦਾ ਫਰਿਸ਼ਤਾ, ਨੀਲ ਕਸ਼ੀਦਨ-ਤਤੋਲੇ ਕਢਵਾਉਣਾ, ਸਰੀਰ ਨੂੰ ਦਾਗਣਾ, ਨੀਲੋਬਰਗ, ਨੀਲੋਫਲ-ਕੌਲ ਫੁੱਲ, ਨੀਲੀ ਪਰਦਹਾ, ਨੀਲੀ ਹਿਸਾਰ, ਨੀਲੀ ਹੁੱਕਾ, ਨੀਲੀ ਦਵਾਇਰ ਆਦਿ। ਅਜਿਹੇ ਸ਼ਬਦ ਅਰਬੀ ਫਾਰਸੀ ਕੋਸ਼ਾਂ ਵਿੱਚ ਮਿਲਦੇ ਹਨ।
ਨਵੇਂ ਮਹਾਨ ਕੋਸ਼ ਅਨੁਸਾਰ: ਨੀਲਕਮ-ਨੀਲਾ ਥੋਥਾ, ਨੀਲਗ੍ਰੀਵ-ਨੀਲ ਕੰਠ, ਨੀਲਪੰਕ-ਹਨੇਰਾ, ਅੰਧਕਾਰ, ਨੀਲਭ-ਚੰਦਰਮਾ, ਬੱਦਲ, ਮੇਘ, ਝੜ, ਭੌਰਾ, ਭੰਵਰਾ, ਨੀਲਮੀਲਿਕਾ-ਜੁਗਨੂੰ, ਨੀਲਾਂਜਨਾ-ਬਿਜਲੀ, ਦਾਮਨੀ, ਨੀਲਾ ਨਿਸ਼ਾਨ ਸਾਹਿਬ, ਨੀਲਾਂਬੁਜ-ਨੀਲਕਮਲ, ਨੀਲਿਕਾ-ਅੱਖਾਂ ਤੇ ਪੇਟ ਦਾ ਇੱਕ ਰੋਗ, ਨੀਲਿਮਾ-ਨੀਲਾਪਣ, ਸਾਂਵਲਾਪਣ, ਨੀਲੋਤਪਲ-ਨੀਲੇ ਰੰਗ ਦਾ ਉਤਪਲ ਆਦਿ। ਇਸ ਤਰ੍ਹਾਂ ਨੀਲ ਦਾ ਵਿਸਥਾਰ ਦੇਖ ਕੇ ਯਕੀਨ ਨਹੀਂ ਆਉਂਦਾ ਕਿ ਇੱਕ ਪੌਦੇ ਤੋਂ ਸਾਡੀਆਂ ਭਾਸ਼ਾਵਾਂ ਨੇ ਨੀਲਾ ਰੰਗ ਲੈ ਕੇ ਉਹਨੂੰ ਇੰਨੀਆਂ ਦਿਸ਼ਾਵਾਂ ਤੇ ਅਰਥ ਪ੍ਰਦਾਨ ਕਰ ਦਿੱਤੇ ਹਨ ਕਿ ਨੀਲ ਤੇ ਨੀਲਾ ਰੰਗ ਰੰਗਾਂ ਦੇ ਸਰਦਾਰ ਬਣ ਗਏ ਹਨ।

Leave a Reply

Your email address will not be published. Required fields are marked *