ਅਖੌਤੀ ਸੰਤ, ਬਾਬੇ ਸਿੱਖੀ ਲਈ ਚਿੱਟੀ ਸਿਉਂਕ ਬਣੇ
ਪੰਜਾਬ ਜਿਸ ਕਦਰ ਡੇਰਾਵਾਦ ਦੀ ਜਕੜ ਵਿੱਚ ਆਇਆ ਹੋਇਆ ਹੈ, ਉਸ ਤੋਂ ਅੰਨ੍ਹੀ ਸ਼ਰਧਾ ਦੇ ਪ੍ਰਭਾਵ ਹੇਠ ਆਏ ਬਹੁ-ਗਿਣਤੀ ਲੋਕਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਲੱਗ ਸਕਦਾ ਹੈ। ਉਤੋਂ ਤ੍ਰਾਸਦੀ ਇਹ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਵੋਟ-ਬੈਂਕ ਲਈ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਰਕਾਰੀ ਮਸ਼ੀਨਰੀ ਮੁਹੱਈਆ ਕਰਵਾਈ। ਅਸਲ ਵਿੱਚ ਸੱਤਾ ਦੀ ਲਲਕ ਨੇ ਗੰਦੀ ਸਿਆਸਤ ਨੂੰ ਸਿਰ ਚੜ੍ਹਾਅ ਲਿਆ ਹੈ,
ਪਰ ਇਸ ਦੀ ਆੜ ਹੇਠ ਧਾਰਮਿਕ ਅਦਾਰਿਆਂ ਨੂੰ ਕਠਪੁਤਲੀ ਵੀ ਬਣਾ ਲਿਆ ਹੈ। ਇਸ ਸਭ ਰੌਲ-ਘਚੋਲੇ ਵਿੱਚ ਬਹੁਤੇ ਥਾਂਈਂ ਗੁਰੂ ਸਾਹਿਬਾਨ ਦਾ ਸੰਦੇਸ਼ ਪਿੱਛੇ ਰਹਿ ਗਿਆ ਹੈ ਅਤੇ ਡੇਰਿਆਂ ਦੀ ਮਰਿਆਦਾ ਲੋਕਾਂ ਉਤੇ ਵਧੇਰੇ ਹਾਵੀ ਹੋ ਗਈ ਹੈ। ਸਪਸ਼ਟ ਕਰ ਦਈਏ ਕਿ ਇਹ ਲੇਖ ਛਾਪਣ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨੀ ਜਾਂ ਭੜਕਾਉਣਾ ਨਹੀਂ, ਪਰ ਜਿਸ ਪੱਧਰ ਉੱਤੇ ਡੇਰਾਵਾਦ ਨੇ ਸਿੱਖੀ ਸਿਧਾਂਤਾਂ ਨੂੰ ਸਿੱਧਿਆਂ-ਅਸਿੱਧਿਆਂ ਢਾਹ ਲਾਈ ਹੈ, ਉਸ ਨੂੰ ਗੰਭੀਰਤਾ ਨਾਲ ਵਿਚਾਰੇ ਜਾਣ ਦੀ ਲੋੜ ਹੈ।
ਗੈਰੀ ਢਿੱਲੋਂ, ਕੈਲਗਰੀ (ਕੈਨੇਡਾ)
ਠੀਕ ਉਵੇਂ ਹੀ, ਜਿਵੇਂ ਭਗਵਾ ਸਰਕਾਰ ਨੌਰੰਗੀ ਖਟਮਲਾਂ ਨੂੰ ਸਿਕਿਉਰਿਟੀ ਤੇ ਅਹੁਦੇ ਬਖਸ਼ ਰਹੀ ਹੈ, ਅੰਗਰੇਜ਼ਾਂ ਵੱਲੋਂ ਫੌਜ ਵਿੱਚ ਵਫਾਦਾਰੀ ਨਾਲ ਸਰਕਾਰੀ ਡਿਊਟੀ ਕਰਨ ਵਾਲੇ ਕੁੱਝ ਵਿਅਕਤੀਆਂ ਨੂੰ ਵਿਸ਼ੇਸ਼ ਮਕਸਦ, ਪਾੜੋ ਅਤੇ ਰਾਜ ਕਰੋ ਦੀ ਪੂਰਤੀ ਵਾਸਤੇ, ਵਿਸ਼ੇਸ਼ ਸਿਖਿਆ ਦੇ ਕੇ “ਸੰਤਗੀਰੀ” ਦਾ ਰੁਤਬਾ ਦੇ ਕੇ ਫੌਜ ਵਿੱਚੋਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਨਿਯੁਕਤ ਕੀਤਾ ਗਿਆ।
ਰਾਧਾ ਸੁਆਮੀ ਡੇਰੇ ਵਾਲਿਆਂ ਦਾ ਪਹਿਲਾ ਮੁਖੀ ਜੈਮਲ ਸਿੰਘ ਫੌਜੀ ਸੀ। ਨਾਮਧਾਰੀਆਂ ਦਾ ਪਹਿਲਾ ਮੁਖੀ ਰਾਮ ਸਿੰਘ (ਕੂਕਾ) ਫੌਜੀ ਸੀ। ਮੱਘਰ ਸਿੰਘ ਰਾਮਗੜ੍ਹ ਭੁੱਲਰ ਵਾਲਾ ਵੀ ਫੌਜੀ ਰਿਹਾ। ਮਸਤੂਆਣੇ ਡੇਰੇ ਦਾ ਪਹਿਲਾ ਮੁਖੀ ਭਾਈ ਅਤਰ ਸਿੰਘ ਫ਼ੌਜੀ ਸੀ। ਇਸ ਦੇ ਨਾਲ ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਰੇਰੂਵਾਲਾ ਤੇ ਅਤਰ ਸਿੰਘ ਘੁੰਨਸਵਾਲਾ ਸਾਰੇ ਫ਼ੌਜ ਵਿੱਚ ਤਾਇਨਾਤ ਸਨ।
ਇਸੇ ਤਰ੍ਹਾਂ ਪ੍ਰਸਿੱਧ ਹੋਏ ਨਕਲੀ ਤੇ ਢੌਂਗੀ “ਸੰਤ” ਲਗਭਗ ਸਾਰੇ ਫੌਜ ਵਿਚੋਂ ਲਿਆ ਕੇ ਫਿੱਟ ਕੀਤੇ ਗਏ ਸਨ। ਇਨ੍ਹਾਂ “ਸਰਕਾਰੀ ਸੰਦਾਂ” ਨੇ ਥੋੜ੍ਹੇ ਹੀ ਸਮੇਂ ਵਿੱਚ ਚੰਗਾ ਨਾਮ ਕਮਾ ਲਿਆ। ਲੋਕੀਂ ਵਹੀਰਾਂ ਘੱਤ ਕੇ ਇਨ੍ਹਾਂ ਦੇ “ਪਰਵਚਨ” ਸੁਣਨ ਲਈ ਡੇਰਿਆਂ ਦੀ ਸ਼ੋਭਾ ਵਧਾਉਣ ਲੱਗੇ। ਸਮੇਂ ਸਮੇਂ ਅੰਗਰੇਜ਼ ਅਫਸਰ ਅਤੇ ਵੱਡੇ ਫੌਜੀ ਜਰਨੈਲ ਵੀ ਇਨ੍ਹਾਂ “ਸਰਕਾਰੀ ਸੰਤਾਂ” ਦੇ ਦਰਸ਼ਨ ਕਰਨ ਆ ਜਾਂਦੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ। ਇਨ੍ਹਾਂ “ਸਰਕਾਰੀ ਮਹਾਪੁਰਖਾਂ” ਨੇ ਲੋਕਾਂ ਦੇ ਕਲਿਆਣ ਲਈ (ਅਸਲ ਵਿੱਚ ਬੇਵਕੂਫ ਬਣਾਉਣ ਲਈ) ਬਹੁਤ ਸਾਰੇ ਨਵੇਂ ਫਾਰਮੂਲੇ (ਤਜਰਬੇ) ਈਜਾਦ ਕੀਤੇ। ਇਨ੍ਹਾਂ ਵਿੱਚੋਂ ਕੁੱਝ ਕੁ ਇਉਂ ਹਨ:
1. ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਗੁਰਦਵਾਰੇ ਨਾ ਰੱਖ ਕੇ ਡੇਰੇ, ਠਾਠ, ਭੌਰੇ ਅਤੇ ਟਿਕਾਣੇ ਨਾਮ ਪ੍ਰਚਲਤ ਕਰਨੇ।
2. ਇਨ੍ਹਾਂ ਥਾਂਵਾਂ ਵਿੱਚ ਨਿਸ਼ਾਨ (ਝੰਡਾ), ਨਗਾਰਾ, ਹਥਿਆਰ (ਸ਼ਸਤਰ) ਨਾ ਰੱਖਣੇ।
3. ਇਨ੍ਹਾਂ ਡੇਰਿਆਂ ਵਿਚਲੇ ਸਾਰੇ ਵਿਅਕਤੀਆਂ ਵੱਲੋਂ ਨੀਲੇ ਪਹਿਰਾਵੇ ਤਿਆਗ ਕੇ ਸਫੈਦ ਭਾਵ ਸ਼ਾਤੀ ਦੇ ਪ੍ਰਤੀਕ ਵਸਤਰ ਧਾਰਨ ਕਰਨੇ।
4. ਸਿਰ `ਤੇ ਵੱਡੀਆਂ ਦਸਤਾਰਾਂ ਦੀ ਥਾਂ, ਨਿੱਕੇ-ਨਿੱਕੇ ਪਟਕੇ ਬੰਨ੍ਹਣੇ।
5. ਪੈਰਾਂ ਵਿੱਚ ਜੁੱਤੀ ਪਾਉਣ ਦੀ ਥਾਂ ਖੜਾਵਾਂ ਪਹਿਨਣੀਆਂ ਜਾਂ ਨੰਗੇ ਪੈਰੀਂ ਵਿਚਰਨਾ।
6. ਕਿਰਪਾਨ, ਖੰਡਾ ਜਾਂ ਹੋਰ ਰਵਾਇਤੀ ਸਿੱਖ ਸ਼ਸਤਰਾਂ ਦਾ ਵਿਰੋਧ ਕਰਨਾ।
7. ਤਿੰਨ ਫੁਟੀ ਕਿਰਪਾਨ ਦੀ ਬਜਾਏ ਗਾਤਰੇ ਵਾਲੀ ਛੋਟੀ ਜਾਂ ਤਵੀਤ ਨੁਮਾ ਗਲ ਵਿੱਚ ਕਿਰਪਾਨ ਪਾਉਣੀ।
8. ਗੁਰਬਾਣੀ ਦਾ ਸਹੀ ਗਿਆਨ ਦੇਣ ਦੀ ਥਾਂਵੇਂ ਮੰਤਰ ਪਾਠ, ਅਖੰਡ ਪਾਠ, ਸੰਪਟ ਪਾਠ ਅਤੇ ਹੋਰ ਕਈ ਤਰ੍ਹਾਂ ਦੇ ਪਾਠ ਪ੍ਰਚਲਤ ਕਰਨਾ।
9. ਗੁਰਬਾਣੀ ਦੇ ਅਰਥ ਗਲਤ ਕਰਨੇ।
10. ਕਿਸੇ ਵੀ ਮੁਸ਼ਕਲ ਵਕਤ ਚੰਗੀ ਸਲਾਹ ਨਾ ਦੇ ਕੇ, ਕਿਸੇ ਤਰ੍ਹਾਂ ਦੇ ਮੰਤਰ ਪਾਠ ਦੇ ਰਾਹ ਪਾਉਣਾ।
11. ਕਿਰਤੀ ਸਿੱਖਾਂ ਦੀ ਕਮਾਈ ਡਕਾਰਨ ਵਾਲਾ, ਨਵਾਂ ਪੁਜਾਰੀ ਤਬਕਾ ਪੈਦਾ ਕਰਨਾ, ਜੋ ਲੋਕਾਂ ਦੀ ਕਮਾਈ ਨਾਲ ਗੁਲਛੱਰੇ ਉਡਾਵੇ।
12. ਵਿਆਹ ਨਾ ਕਰਵਾ ਕੇ ਗ੍ਰਹਿਸਤ ਮਾਰਗ ਦਾ ਤ੍ਰਿਸਕਾਰ ਕਰਨਾ ਤੇ ਡੇਰਿਆਂ ਵਿੱਚ ਅਨੈਤਿਕ (ਇਸਤਰੀ ਸ਼ੋਸ਼ਣ ਤੇ ਮੁੰਡੇਬਾਜੀ) ਕੰਮਾਂ ਨੂੰ ਵਧਾਉਣਾ।
13. ਡੇਰਿਆਂ ਨੂੰ ਆਪਣੀ ਨਿੱਜੀ ਮਾਲਕੀ ਬਣਾ ਲੈਣਾ।
14. ਚੜ੍ਹਤ ਦੇ ਪੈਸੇ ਨੂੰ ਪੰਥਕ ਹਿਤਾਂ ਵਿੱਚ ਨਾ ਵਰਤ ਕੇ, ਐਸ਼ਪ੍ਰਸਤੀ ਵਿੱਚ ਰੋਹੜ ਦੇਣਾ।
15. ਗ਼ੈਰਤਮੰਦ ਨੌਜੁਆਨ ਤਿਆਰ ਕਰਨ ਦੀ ਥਾਂਵੇਂ, ਗ਼ੁਲਾਮ ਜ਼ਹਿਨੀਅਤ ਵਾਲੇ, ਜੀ ਹਜ਼ੂਰੀਏ ਟੁੱਕੜਬੋਚ, ਗਿਆਨ ਤੋਂ ਕੋਰੇ, ਵਿਹਲੜਾਂ ਦੀਆਂ ਧਾੜਾਂ ਖੜੀਆਂ ਕਰਨੀਆਂ, ਗ੍ਰੰਥੀ ਥਾਪਣੇ।
16. ਪੁੱਤਰ ਦੇਣ ਦੇ ਦੁਸ਼ਟ ਕਰਮ ਰਾਹੀਂ ਲੋਕਾਂ ਦੀਆਂ ਨਾ ਸਮਝ, ਨੂੰਹਾਂ-ਧੀਆਂ ਨੂੰ ਡੇਰਿਆਂ ਵਿੱਚ ਬੁਲਾ ਕੇ ਸਰੀਰਕ ਸ਼ੋਸ਼ਣ ਕਰਨਾ।
17. ਸਿੱਖਾਂ ਅੰਦਰੋਂ ਸਵੈਮਾਣ ਭਰਿਆ ਅਣਖੀਲਾ ਤੇ ਜੁਝਾਰੂ ਸੁਭਾਅ ਖ਼ਤਮ ਕਰ ਕੇ ਗ਼ੁਲਾਮ ਮਾਨਸਿਕਤਾ ਵਾਲੇ ਬਣਾਉਣਾ।
18. ਗੁਰਬਾਣੀ ਵੱਲੋਂ ਰੱਦ ਕੀਤੇ ਗਏ ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖ ਸਮਾਜ ਵਿੱਚ ਜ਼ੋਰ-ਸ਼ੋਰ ਨਾਲ ਚਾਲੂ ਕਰਨਾ।
19. ਗੁਰੂ ਗ੍ਰੰਥ ਸਾਹਿਬ ਦੀ ਮੂਰਤੀਆਂ ਵਾਂਗ ਜਾਂ ਵਿਅਕਤੀਆਂ ਵਾਂਗ ਪੂਜਾ ਕਰਵਾਉਣੀ।
20. ਅਣਖੀਲੇ ਸਿੱਖ ਗੱਭਰੂਆਂ ਦਾ ਅਪਮਾਨ ਕਰਨਾ ਜਾਂ ਉਨ੍ਹਾਂ ਨੂੰ “ਮੰਤਰ ਜਾਪ” ਦੇ ਰਾਹ ਤੋਰ ਦੇਣ ਲਈ ਕੋਸ਼ਿਸ਼ ਕਰਨੀ।
21. ਸਰਕਾਰ ਦੀ ਕਿਸੇ ਵਧੀਕੀ ਵਿਰੁੱਧ ਨਾ ਕਦੇ ਖੁਦ ਜ਼ਬਾਨ ਖੋਲ੍ਹਣੀ, ਨਾ ਆਪਣੇ ਚੇਲਿਆਂ ਨੂੰ ਇਸ ਪਾਸੇ ਸੋਚਣ ਦੇਣਾ।
22. ਗੁਰਬਾਣੀ ਦੀ ਥਾਂਵੇਂ ਆਪਣੀਆਂ “ਕਵਿਤਾਵਾਂ ਦਾ ਕੀਰਤਨ” (ਧਾਰਨਾਵਾਂ) ਪ੍ਰਚਲਤ ਕਰਨਾ।
23. ਸੂਰਮਗਤੀ ਵਾਲਾ ਇਤਿਹਾਸ ਨਾ ਸੁਣਾ ਕੇ, ਮਨ ਘੜਤ ਝੂਠੀਆਂ ਕਹਾਣੀਆਂ ਚਾਲੂ ਕਰਨੀਆਂ।
24. ਮਾਸ ਦਾ ਬੇਲੋੜਾ ਵਿਰੋਧ ਕਰ ਕੇ ਸਿੱਖਾਂ ਨੂੰ ਕਾਇਰਤਾ ਵਾਲੇ ਰਾਹ ਤੋਰਨਾ।
25. ਨਗਾਰਾ ਨਾ ਵਜਾ ਕੇ ਸੰਖ ਤੇ ਟੱਲੀਆਂ ਖੜਕਾਉਣੀਆਂ।
26. ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਬੰਦ ਕਰਾਉਣਾ।
27. ਦਰਬਾਰ ਸਾਹਿਬ ਅੰਦਰ ਅਰਦਾਸ ਮਗਰੋਂ ਜੋ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਵਾਲਾ ਜੈਕਾਰਾ ਬੰਦ ਕਰਾਉਣਾ।
28. ਸਿੰਘ ਤੇ ਖਾਲਸਾ ਸ਼ਬਦ ਦੀ ਥਾਂ ਸੰਤ, ਬ੍ਰਹਮ ਗਿਆਨੀ, ਉਦਾਸੀ ਨਿਰਮਲੇ ਸੇਵਾ ਪੰਥੀ ਨਾਮ ਪ੍ਰਚਲਤ ਕਰਨੇ।
ਇਹ ਸਨ ਕੁੱਝ ਵਿਸ਼ੇਸ਼ ਨੁਕਤੇ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਫੌਜ ਵਿੱਚੋਂ ਤਿਆਰ ਕਰ ਕੇ ਭੇਜਿਆ ਸੀ ਅਤੇ “ਸਰਕਾਰੀ ਸੰਤਾਂ” ਨੇ ਪੰਜਾਬ ਵਿੱਚ ਲਾਗੂ ਕਰਨ ਦੀ “ਤਨੋਂ ਮਨੋਂ ਸੇਵਾ” ਕੀਤੀ। ਅੰਗਰੇਜ਼ ਸਰਕਾਰ ਵੱਲੋਂ, ਇਨ੍ਹਾਂ ਡੇਰਿਆਂ ਨੂੰ ਜ਼ਮੀਨਾਂ ਵੀ ਦਿੱਤੀਆਂ ਗਈਆਂ ਤੇ ਹਰ ਤਰ੍ਹਾਂ ਦੀ ਸੁਰੱਖਿਆ ਛਤਰੀ ਵੀ ਦਿੱਤੀ ਗਈ। ਫੌਜ ਵਿੱਚੋਂ ਚਲੇ ਜਾਣ ਦੇ ਬਾਵਜੂਦ ਕਈ ਸਾਰੇ “ਸੰਤਾਂ” ਦੀ ਹਾਜ਼ਰੀ ਫੌਜ ਦੇ ਰਜਿਸਟਰਾਂ ਵਿੱਚ ਉਸੇ ਤਰ੍ਹਾਂ ਲੱਗਦੀ ਰਹੀ, ਤਨਖਾਹ ਘਰ ਪੁੱਜਦੀ ਰਹੀ।
ਆਪਣੇ ਆਪ ਨੂੰ ਪੰਥਕ ਕਹਾਉਂਦੀ ਲੋਟੂ ਸਰਕਾਰ ਨੇ ਡੇਰਾ ਬਿਆਸ ਨੂੰ ਮੋਹਾਲੀ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਲੱਖਾਂ ਰੁਪਏ ਗਜ਼ ਵਾਲੀ ਜ਼ਮੀਨ ਇੱਕ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦੋ ਸੌ ਏਕੜ ਤੋਂ ਜ਼ਿਆਦਾ ਦਿੱਤੀ ਸੀ। ਨਿਰੰਕਾਰੀਆਂ ਤੇ ਡੇਰਾ ਸੱਚਾ ਸੌਦਾ ਸਾਧ ਨੂੰ ਮੁੱਖ ਸੜਕ `ਤੇ ਕੌਡੀਆਂ ਦੇ ਭਾਅ ਸਰਕਾਰੀ ਜ਼ਮੀਨਾਂ ਦਿੱਤੀਆਂ ਗਈਆਂ। ਸਮੇਂ ਦੀਆਂ ਸਰਕਾਰਾਂ ਤੇ ਉਨ੍ਹਾਂ ਦੇ ਮੁਖੀ ਡੇਰਿਆਂ ਦੀਆਂ ਵੋਟਾਂ ਦੇ ਲਾਲਚ ਵਿੱਚ ਇਨ੍ਹਾਂ ਪਾਖੰਡੀ ਸਾਧਾਂ ਦੇ ਪੈਰੀਂ ਲਿਟਦੀਆਂ ਰਹੀਆਂ ਤੇ ਖਾਸਾ ਮਿਹਰਬਾਨ ਰਹੀਆਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਵਾਉਣ ਵਿੱਚ ਵੀ ਇਨ੍ਹਾਂ ਦਾ ਸਿੱਧਾ ਹੱਥ ਰਿਹਾ ਹੈ।
ਸਿੱਖ ਕੌਮ ਦੀ ਤ੍ਰਾਸਦੀ ਰਹੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਸਿੱਖ ਲੀਡਰ ਇਨ੍ਹਾਂ ਦੇ ਸਰਪ੍ਰਸਤ, ਹਮਾਇਤੀ ਜਾਂ ਤਲਵੇ ਚੱਟਦੇ ਰਹੇ ਹਨ।