ਰਿਜ਼ਕ ਭਿੱਜੇ, ਫਸਲਾਂ ਵਿਛੀਆਂ
ਜੇ. ਐਸ. ਮਾਂਗਟ
ਮੌਸਮੀ ਤਬਦੀਲੀਆਂ ਦੀ ਮਾਰ ਖੇਤੀ/ਫਸਲਾਂ ‘ਤੇ ਲਗਾਤਾਰ ਭਾਰੀ ਪੈ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਝੋਨੇ ਅਤੇ ਕਣਕ ਦੀ ਵਾਢੀ ਵੇਲੇ ਹੱਦੋਂ ਭਾਰੇ ਮੀਂਹ ਪੈ ਜਾਣ ਜਾਂ ਪੱਕਣ ‘ਤੇ ਆਈ ਫਸਲ ਵੇਲੇ ਸੋਕਾ ਲੱਗ ਜਾਣ ਕਾਰਨ ਫਸਲਾਂ ਦੇ ਝਾੜ/ਮਿਆਰ ਪ੍ਰਭਾਵਤ ਹੁੰਦੇ ਰਹੇ ਹਨ।
ਇਸ ਬੀਤੇ ਸਤੰਬਰ ਦੇ ਆਖਰੀ ਹਫਤੇ ਜਦੋਂ ਮੌਨਸੂਨ ਨੇ ਆਪਣਾ ਪੱਲਾ ਸਮੇਟਿਆ ਤਾਂ ਪੰਜਾਬ ਵਿੱਚ ਦਿਨ ਧੁਪੀਲੇ ਹੋਣ ਲੱਗੇ। ਸਾਫ ਸੁਥਰੇ ਦਿਨਾਂ, ਡੂੰਘੇ ਨੀਲੇ ਆਸਮਾਨ ਹੇਠ ਜ਼ਿੰਦਗੀ ਅਲਸਾਉਣ ਲੱਗੀ। ਇੱਕ ਪਾਸੇ ਤਾਂ ਧੁੱਪ ਦੀ ਸਖਤੀ ਘਟ ਗਈ ਸੀ, ਦੂਜੇ ਪਾਸੇ ਸਵੇਰੇ ਸ਼ਾਮ ਥੋੜ੍ਹੀ-ਥੋੜ੍ਹੀ ਠੰਡ ਹੋਣ ਲੱਗੀ। ਪਿੰਡੇ ਨੂੰ ਨਾ ਪਸੀਨਾ ਸਤਾਉਂਦਾ, ਨਾ ਹੁੰਮਸ, ਨਾ ਸਰਦੀ। ਦਿਲ ਕਰਦਾ ਮੌਸਮ ਬੱਸ ਇਥੇ ਹੀ ਠਹਿਰ ਜਾਵੇ। ਏਅਰ ਕੰਡੀਸ਼ਨਾਂ ਦੀ ਗੂੰਜ ਬੰਦ ਹੋਣ ਲੱਗੀ। ਗੂਹੜੇ ਨੀਲੇ ਅੰਬਰ ਨੂੰ ਵੇਖ ਕੇ ਚਿੱਤ ਉਡਣ ਨੂੰ ਕਰਦਾ, ਡਰ ਵੀ ਲਗਦਾ ਕਿ ਕੁਦਰਤ ਦਾ ਇਹ ਨੀਲਾ ਹੁਸਨ ਕੁਝ ਹੀ ਦਿਨਾਂ ਵਿੱਚ ਗੁਆਚਣ ਵਾਲਾ ਹੈ। ਝੋਨੇ ਨੂੰ ਵਾਢੀ ਪੈਣ ਵਾਲੀ ਹੈ ਅਤੇ ਖੇਤਾਂ ਨੂੰ ਅੱਗ ਵੀ।
ਹਾਲੇ ਕੁਝ ਮਹੀਨੇ ਪਹਿਲਾਂ ਪੰਜਾਬ ਸਮੇਤ ਉਤਰੀ ਭਾਰਤ ਨੂੰ ਪਾਣੀ ਦੀ ਪਰਲੋ ਸਤਾ ਕੇ ਹਟੀ ਹੈ। ਦਰਿਆਵਾਂ ਦੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹ ਨੇ ਕਿਸਾਨਾਂ ਨੂੰ ਝੋਨਾ ਦੂਜੀ/ਤੀਜੀ ਵਾਰ ਲਾਉਣ ਲਈ ਮਜ਼ਬੂਰ ਕੀਤਾ।
ਮਾਝੇ ਵਿੱਚ ਇਸ ਵਾਰ ਝੋਨੇ ਨੂੰ ਵਾਢੀ ਅਗੇਤੀ ਪੈ ਗਈ, ਖਾਸ ਕਰਕੇ ਅੰਮ੍ਰਿਤਸਰ ਅਤੇ ਤਰਨਤਾਰਨ ਵਿਚ। ਉਹੀ ਹੋਇਆ ਜੋ ਹਰ ਸਾਲ ਹੁੰਦਾ ਹੈ। ਖੇਤਾਂ ਵਿੱਚ ਬਚੀ ਝੋਨੇ ਦੀ ਰਹਿੰਦ-ਖੂਹੰਦ ਨੂੰ ਤੀਲੀ ਲੱਗਣ ਲੱਗੀ। ਰਿਮੋਟ ਸੈਂਸਿੰਗ ਵਲੋਂ ਜਾਰੀ ਡੈਟੇ ਅਨੁਸਾਰ ਬੀਤੀ 26 ਸਤੰਬਰ ਨੂੰ 3 ਖੇਤਾਂ ਨੂੰ ਅੱਗ ਲੱਗੀ। ਫਿਰ ਹਰ ਆਏ ਦਿਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਲੱਗੀਆਂ। ਉਪਰੋਕਤ ਦੋਨੋਂ ਜ਼ਿਲ੍ਹੇ ਸਭ ਤੋਂ ਅੱਗੇ ਸਨ। ਕਰਨ ਲੱਭਣ ‘ਤੇ ਪਤਾ ਲੱਗਾ ਕਿ ਇਸ ਇਲਾਕੇ ਵਿੱਚ ਝੋਨਾ ਵੱਢ ਕੇ ਸਬਜੀਆਂ ਬੀਜੀਆਂ ਜਾਂਦੀਆਂ ਹਨ। ਇਸ ਲਈ ਘੱਟ ਸਮੇਂ ਵਿੱਚ ਪੱਕਣ ਵਾਲੀ ਝੋਨੇ ਦੀਆਂ ਕਿਸਮਾਂ ਬੀਜੀਆਂ ਗਈਆਂ, ਸੋ ਵਾਢੀ ਜਲਦੀ ਪੈ ਗਈ।
ਅਕਤੂਬਰ ਦੇ ਪਹਿਲੇ ਹਫਤੇ ਵਿੱਚ ਖੇਤਾਂ ਨੂੰ ਅੱਗ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ। ਸੂਰਜ ਛਿਪਣ ਵੇਲੇ ਪੱਛਮ ਵੱਲ ਧੁੰਦਲਕਾ ਜਿਹਾ ਛਾ ਜਾਂਦਾ। ਮੌਸਮ ਪ੍ਰਤੀ ਗਹਿਰੀ ਤਰ੍ਹਾਂ ਸੰਵੇਦਨ ਬੰਦੇ ਨੂੰ ਸਮਝ ਆਉਣ ਲੱਗਾ ਕਿ ਪੰਜਾਬ ਦੇ ਪੱਛਮੀ ਜ਼ਿਲਿ੍ਹਆਂ ਵੱਲ ਕੁਝ ਧੁਖ ਰਿਹਾ ਹੈ। ਸ਼ਾਮ ਨੂੰ ਧੁਆਂਖ ਚੜ੍ਹ ਰਹੀ ਹੈ। ਫਿਰ ਖੇਤ ਮੱਚਣ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਣ ਲੱਗੀਆਂ। ਝੋਨੇ ਦੇ ਨਾੜ ਦਾ ਅੰਤਿਮ ਸਸਕਾਰ ਹੋਣ ਲੱਗ ਪਿਆ ਸੀ। ਫਸਲ ਪੱਕੀ ਤਾਂ ਅੱਗ/ਧੁਆਂਖ/ਸੁਆਹ ਤੇਜ਼ੀ ਨਾਲ ਪੰਜਾਬ ਦੇ ਆਸਮਾਨ ਵਿੱਚ ਫੈਲਣ ਲੱਗੀ। ਅਖਬਾਰਾਂ ਦੀਆਂ ਖ਼ਬਰਾਂ ਵੱਡੀਆਂ ਹੋਣ ਲੱਗੀਆਂ। ਆਸਮਾਨੀ ਗਹਿਰ ਵਧਣ ਲੱਗੀ। ਆਸਮਾਨ ਦੀ ਨੀਲਤਣ ਪਤਿਤ ਹੋਣ ਲੱਗੀ। ਅਕਤੂਬਰ ਦਾ ਪਹਿਲਾ ਹਫਤਾ ਲੰਘਣ ਤੱਕ ਧੁਪ ਦੋ-ਢਾਈ ਵਜੇ ਹੀ ਮਰੀਅਲ ਜਿਹੀ ਹੋ ਜਾਂਦੀ। ਗਹਿਰੀ ਭੂਰੀ ਪਰਤ (ਹੇਜ) ਆਸਮਾਨ ਨੂੰ ਢਕਣ ਲੱਗੀ। ਸ਼ਾਮ ਦੇ ਜੋਤੇ ਪਸੀਨਾ ਫਿਰ ਕੱਪੜੇ ਭਿਉਣ ਲੱਗਾ। ਇਕ-ਅੱਧੇ ਦਿਨ ਵਿੱਚ ਹੀ ਸਵੇਰਿਆਂ ਨੂੰ ਵੀ ਗਹਿਰ ਚੜਨ ਲੱਗੀ।
ਐਤਵਾਰ ਨੂੰ ਲੁਧਿਆਣੇ ਤੋਂ ਸਰਹਿੰਦ ਵੱਲ ਜਾਣ ਦਾ ਮੌਕਾ ਮਿਲਿਆ। ਲੁਧਿਆਣੇ ਤੋਂ ਅਗੇ ਸਾਰਾ ਵਾਤਾਵਰਣ ਗਹਿਰੀ ਤਰ੍ਹਾਂ ਧੁਆਂਖਿਆ ਗਿਆ ਸੀ। ਸੋਮਵਾਰ ਨੂੰ ਆਸਮਾਨ ਵਿੱਚ ਬੱਦਲ ਦਿਸੇ। ਅਗਲੇ ਦਿਨ ਗਹਿਰੇ ਹੋ ਗਏ ਸ਼ਾਮ ਵੇਲੇ ਗਰਮੀ ਦੀ ਤਲਖੀ ਵੀ ਸਤਾਉਣ ਲੱਗੀ। ਅੱਧੀ ਰਾਤ ਤੋਂ ਬਾਅਦ ਝੱਖੜ ਝੁੱਲਣ ਲੱਗਾ, ਨਾਲ ਬਾਰਸ਼ ਵੀ। ਝੋਨਾ ਭਾਵੇਂ ਸਾਡਾ ਲਹੂ ਪੀ ਕੇ ਜਵਾਨ ਹੁੰਦਾ, ਪਰ ਪੱਕੀ ਫਸਲ ਇੰਨੀ ਸੋਹਣੀ ਲੱਗਦੀ ਕਿ ਮੂੰਹ ਆਪ ਮੁਹਾਰੇ ਉਪਰ ਨੂੰ ਉਠਦਾ ਤੇ ਆਖਦਾ, “ਹੇ ਰੱਬ ਸੱਚਿਆ! ਇਸ ਵਾਰ ਮੀਂਹ ਪਾਣੀ ਵੱਲੋਂ ਖੈਰ ਕਰੀਂ, ਕਿੰਨੀ ਸੋਹਣੀ ਫਸਲ ਹੋਈ ਏ।” ਪਰ ਸੋਮਵਾਰ ਦੀ ਰਾਤ ਸੁੱਕੀ ਨਾ ਗਈ, ਮੀਂਹ ਵੀ ਪਿਆ ਤੇ ਝੱਖੜ ਵੀ; ਆਖੇ ਮੈਂ ਥੋਡਾ ਰਹਿਣ ਕੱਖ ਨ੍ਹੀਂ ਦੇਣਾ!
ਕਈ ਖਿੱਤਿਆਂ ‘ਚ ਖਾਸ ਕਰਕੇ ਮਾਝੇ ਤੇ ਫਤਹਿਗੜ੍ਹ ਸਾਹਿਬ ਦੇ ਖੇਤਰ ਵਿੱਚ ਮੀਂਹ ਵੀ ਕਾਫੀ ਪਿਆ ਤੇ ਹਵਾ ਵੀ ਤੇਜ਼ ਵਗੀ। ਫਸਲਾਂ ਵਿੱਛ ਗਈਆਂ, ਮਾਝੇ ‘ਚ, ਪੁਆਧ ਤੇ ਮਾਲਵੇ ਦੇ ਕੁਸ਼ ਹਿੱਸਿਆਂ ਵਿੱਚ। ਅਖਬਾਰਾਂ ਛਪੀਆਂ। ਢੱਠੀਆਂ ਫਸਲਾਂ ਦੇ ਸਿਰ੍ਹਾਣੇ ਜੱਟ ‘ਮਸੋਸੇ ਜਿਹੇ ਬੈਠੇ ਸਨ। ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ, ਕਿਸਾਨ ਯੂਨੀਅਨਾਂ ਵਾਲੇ ਵੀ ਨਹੀਂ ਦੱਸਦੇ, ਬਈ ਖੇਤ ਜਦੋਂ ਸੜਦੇ ਹਨ ਤਾਂ ਕੁਦਰਤ ਦੁਖੀ ਹੁੰਦੀ ਹੈ। ਇਸ ਦੁੱਖ ਕਾਰਨ ਹੀ ਗੁੱਸੇ ਵਾਲਾ ਝੱਖੜ ਝੁੱਲਦਾ ਹੈ। ਹੰਝੂਆਂ ਦਾ ਮੀਂਹ ਵਰ੍ਹਦਾ ਹੈ। ਮੈਲੀ ਹੋਈ ਫਿਜ਼ਾ ਨੂੰ ਧੋਣ ਦਾ ਕੁਦਰਤ ਦਾ ਇਹੋ ਤਰੀਕਾ ਹੈ! ਮੀਂਹ ਨੇ ਖੇਤਾਂ ਦੇ ਸਾੜ ‘ਤੇ ਇੱਕ ਦਮ ਫੁੱਲ ਸਟਾਪ ਲਾ ਦਿੱਤਾ। ਬੁੱਧਵਾਰ ਦਾ ਸਵੇਰਾ ਗਹਿਰਾ ਅਤੇ ਧੁਆਂਖਿਆ ਹੋਇਆ ਨਹੀਂ ਸੀ। ਦੁਪਹਿਰੇ ਕੋਠੇ ਚੜ੍ਹ ਕੇ ਵੇਖਿਆ ਆਸਮਾਨ ਡੂੰਘੀ ਨੀਲਤਣ ਨਾਲ ਭਰਿਆ ਪਿਆ ਸੀ। ਹਵਾ ਤਾਜ਼ੀ ਸੀ ਅਤੇ ਸ਼ਾਮ ਤਲਖ ਨਹੀਂ ਸੀ। ਅੰਗਰੇਜ਼ੀ ਦੇ ਅਖਬਾਰ ਨੇ ਸੁਰਖੀ ਦਿੱਤੀ, ‘ਸ਼ਾਰਪ ਡਿੱਪ ਇਨ ਸਟਬਲ ਬਰਨਿੰਗ, ਏਅਰ ਕੁਅਲਟੀ ਸੈਟਿਸਫੈਕਟਰੀ।’ ਪਰ ਜੱਟਾਂ ਨੇ ਵੀ ਬਾਜ ਤੇ ਆਉਣਾ ਨ੍ਹੀਂ, ਹਫਤੇ ਕੁ ਵਿੱਚ ਜਦੋਂ ਆਸਮਾਨ ਫਿਰ ਧੁਆਂਖਿਆ ਗਿਆ, ਕੁਦਰਤ ਨੇ ਰੋਅ ਪੈਣਾ। ਮੰਡੀਆਂ ਵਿੱਚ ਫਿਰ ਰਿਜ਼ਕ ਭਿੱਜੇਗਾ? ਸੋਚ ਕੇ ਡਰ ਲਗਦਾ।