ਕਿਧਰੇ ਸੀਮਤ ਜਿਹਾ ਮੁਲਕ ਵੀ ਗੁਆ ਨਾ ਬੈਠਣ ਫਲਿਸਤੀਨੀ
ਸ਼ਿਕਾਗੋ: ਬੀਤੇ ਸ਼ਨੀਵਾਰ (7 ਅਕਤੂਬਰ) ਨੂੰ ਸਵੇਰੇ ਸਵLਖਤੇ ਗਾਜ਼ਾ ਪੱਟੀ ਤੋਂ ਇਜ਼ਰਾਇਲੀ ਖੇਤਰ ‘ਚ 20 ਮਿੰਟ ਅੰਦਰ 5000 ਰਾਕਟਾਂ ਦੀ ਬਾਰਸ਼ ਹੋਣ ਨਾਲ ਇਜ਼ਰਾਇਲ ਅਤੇ ਫਲਿਸਤੀਨ ਦੇ ਕਲੇਸ਼ ਨੇ ਇੱਕ ਨਵੀਂ ਤੇ ਖਤਰਨਾਕ ਦਿਸ਼ਾ ਅਖਤਿਆਰ ਕਰ ਲਈ ਹੈ। ਰਾਕਟਾਂ ਦੇ ਹਮਲੇ ਦੀ ਓਟ ਵਿੱਚ ਹਮਾਸ ਦੇ ਕਰੀਬ 1000 ਲੜਾਕੇ ਇਜ਼ਰਾਇਲੀ ਇਲਾਕੇ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਇੱਕ ਵੱਡੇ ਸੰਗੀਤ ਮੇਲੇ ਵਿੱਚ ਕਤਲੇਆਮ ਮਚਾਇਆ।
ਤਾਜ਼ਾ ਹਮਲੇ ਨਾਲ ਇਜ਼ਰਾਇਲ ਵਿੱਚ ਕਰੀਬ 1200 ਅਤੇ ਇਜ਼ਰਾਇਲੀ ਫੌਜ ਦੀ ਕਾਰਵਾਈ ਨਾਲ ਗਾਜ਼ਾ ਪੱਟੀ ਵਿੱਚ 1000 ਤੋਂ ਵਧ ਫਲਿਸਤੀਨੀਆਂ ਦੀ ਮੌਤ ਹੋ ਗਈ ਹੈ। 2700 ਇਜ਼ਰਾਇਲੀ ਅਤੇ 5000 ਦੇ ਕਰੀਬ ਫਲਿਸਤੀਨੀ ਜ਼ਖਮੀ ਹੋਏ ਹਨ। ਹਮਾਸ ਦੇ ਹਮਲੇ ਵਿੱਚ 9 ਅਮਰੀਕੀ ਨਾਗਰਿਕਾਂ ਅਤੇ ਥਾਈਲੈਂਡ ਨਾਲ ਸਬੰਧਤ 12 ਵਿਅਕਤੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਕਰੀਬ 150 ਇਜ਼ਰਾਈਲੀ ਨਾਗਰਿਕ ਹਮਾਸ ਵੱਲੋਂ ਬੰਦੀ ਬਣਾ ਲਏ ਗਏ ਹਨ।
ਫਲਿਸਤੀਨੀ ਲੋਕਾਂ ‘ਤੇ ਇਜ਼ਰਾਈਲੀ ਫੌਜੀ ਹਮਲੇ ਜਾਰੀ ਰਹਿਣ ਦੀ ਸੂਰਤ ਵਿੱਚ ਹਮਾਸ ਵੱਲੋਂ ਇਨ੍ਹਾਂ ਬੰਦੀਆਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਗਈ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਸਾਂਝੀ ਸਰਕਾਰ ਬਣਾਉਣ ਲਈ ਯਤਨ ਕਰ ਰਹੇ ਹਨ, ਤਾਂ ਕਿ ਸਾਰਾ ਦੇਸ਼ ਜੰਗ ਲਈ ਇਕਜੁੱਟ ਹੋ ਸਕੇ। ਯਾਦ ਰਹੇ, ਸਵੇਰੇ ਹਮਲੇ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਜੰਗ ਦਾ ਐਲਾਨ ਕਰ ਦਿੱਤਾ ਸੀ।
ਇਸ ਲੜਾਈ ਵਿੱਚ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ, ਕਿਉਂਕਿ ਹਮਾਸ ਦਾ ਹਮਲਾ ਇੰਨਾ ਵਿਆਪਕ ਸੀ ਕਿ ਇਸ ਵਿੱਚ ਥਲੀ, ਸਮੁੰਦਰੀ ਅਤੇ ਏਅਰ- ਸਾਰੇ ਰੂਟ ਵਰਤੇ ਗਏ। ਹਮਲਿਆਂ ਦੌਰਾਨ ਹਮਾਸ ਦੇ ਹਥਿਆਰਬੰਦ ਕਾਰਕੁੰਨ ਇਜ਼ਰਾਇਲ ਦੀ ਸਰਹੱਦ ਦੇ ਅੰਦਰ ਘੁਸ ਗਏ ਅਤੇ ਇੱਕ ਯਹੂਦੀ ਤਿਉਹਾਰ ਵਿੱਚ ਸੰਗੀਤ ਦਾ ਅਨੰਦ ਲੈ ਰਹੇ ਇਜ਼ਰਾਈਲੀ ਨਾਗਰਿਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇੰਟਰਨੈਸ਼ਨਲ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਬਹੁਤੇ ਲੋਕ ਹੱਥੋ-ਹੱਥ ਲੜਾਈ ਵਿੱਚ ਮਾਰੇ ਗਏ ਹਨ। ਦੂਜੇ ਦਿਨ ਵੀ ਹਮਾਸ ਦੇ ਹਥਿਆਰਬੰਦ ਕਾਰਕੁੰਨਾਂ ਅਤੇ ਇਜ਼ਰਾਈਲੀ ਫੌਜਾਂ ਵਿਚਕਾਰ ਗੋਲੀਬਾਰੀ ਜਾਰੀ ਰਹੀ। ਹਮਾਸ ਦੇ ਲੜਾਕਿਆਂ ਦੀ ਲੜਾਕੂ ਸਮਰੱਥਾ ਤਬਾਹ ਕਰਨ ਦੇ ਮਕਸਦ ਨਾਲ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ ਨੂੰ ਮੁਕੰਮਲ ਰੂਪ ਵਿੱਚ ਘੇਰ ਲਿਆ ਗਿਆ ਹੈ। ਇਸ ਸਥਿਤੀ ਵਿੱਚ ਤਕਰੀਬਨ ਦੋ ਲੱਖ ਲੋਕ ਗਾਜ਼ਾ ਪੱਟੀ ਵਿੱਚੋਂ ਆਪਣੇ ਘਰ ਛੱਡ ਗਏ ਹਨ ਅਤੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਜ਼ਬਰਦਸਤ ਮੋੜਵੇਂ ਹਮਲੇ ਦੌਰਾਨ ਕਰੀਬ 1000 ਲੋਕਾਂ ਦੀ ਮੌਤ ਹੋ ਗਈ ਹੈ।
ਇਸਰਾਇਲ ਦੇ ਰੱਖਿਆ ਮੰਤਰੀ ਗੈਲੋਂਟ ਨੇ ਗਾਜ਼ਾ ਦੀ ਮੁਕੰਮਲ ਘੇਰਬੰਦੀ ਦਾ ਹੁਕਮ ਦਿੰਦਿਆਂ ਕਿਹਾ ਕਿ ਖਿੱਤੇ ਦੀ ਬਿਜਲੀ ਪਾਣੀ ਦੀ ਸਪਲਾਈ ਕੱਟ ਦਿੱਤੀ ਜਾਵੇ। ਭੋਜਨ ਅਤੇ ਬਾਲਣ ਵਗੈਰਾ ਰੋਕਣ ਲਈ ਵੀ ਕਿਹਾ ਗਿਆ ਹੈ। ਸੰਯੁਕਤ ਰਾਸ਼ਟਰ ਨੇ ਗਾਜ਼ਾ ਪੱਟੀ ਮਾਨਵੀ ਸੰਕਟ ਪੈਦਾ ਹੋਣ ਦਾ ਖਦਸ਼ਾ ਜਾਹਰ ਕੀਤਾ ਹੈ। ਅਣਕਿਆਸੇ ਹਮਲੇ ਤੋਂ ਖਿਝਿਆ ਇਜ਼ਰਾਇਲ ਗਾਜ਼ਾ ਪੱਟੀ ਵਿੱਚ ਵੱਸਦੇ ਫਲਿਸਤੀਨੀਆਂ ਅਤੇ ਹਮਾਸ ਦੇ ਕਾਰਕੁੰਨਾਂ ਦਾ ਹੁੱਕਾਪਾਣੀ ਬੰਦ ਕਰਨ ‘ਤੇ ਤੁਲ ਗਿਆ ਹੈ। ਉਧਰ ਹਮਾਸ ਦੇ ਬੁਲਾਰਿਆਂ ਦਾ ਕਹਿਣਾ ਕਿ ਗਾਜ਼ਾ ਪੱਟੀ ਤੋਂ ਬਾਹਰ ਲੜਾਈ ਜਾਰੀ ਹੈ। ਗਾਜ਼ਾ ਪੱਟੀ ਵਿੱਚ ਇਜ਼ਰਾਇਲ ਵਲੋਂ ਕੀਤੇ ਗਏ ਹਮਲੇ ਵਿੱਚ ਵੱਡੀ ਪੱਧਰ ‘ਤੇ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ। ਬੇਤ ਹਨੁਨ ਕਸਬੇ ਦੀਆਂ ਜ਼ਿਆਦਾਤਰ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਹਨ। ਗਾਜ਼ਾ ਪੱਟੀ ਵਿੱਚ 23 ਲੱਖ ਦੇ ਕਰੀਬ ਲੋਕ ਰਹਿੰਦੇ ਹਨ।
ਹਮਾਸ ਸੰਗਠਨ ਪਿਛਲੇ ਕਾਫੀ ਸਮੇਂ ਤੋਂ ਇਜ਼ਰਾਇਲ ਨੂੰ ਅਜਿਹੇ ਸੰਕੇਤ ਦਿੰਦਾ ਰਿਹਾ ਹੈ ਕਿ ਉਹ ਗਾਜ਼ਾ ਪੱਟੀ ਦੇ ਕਾਮਿਆਂ ਦੇ ਸਰਹੱਦ ਪਾਰ ਇਜ਼ਰਾਇਲ ਵਿੱਚ ਕੰਮ ਉਪਲਬਧ ਹੁੰਦੇ ਰਹਿਣ ਵਿੱਚ ਖੁਸ਼ ਹੈ ਅਤੇ ਕੋਈ ਹੋਰ ਹਮਲਾ ਕਰਨ ਦੀ ਮਨਸ਼ਾ ਨਹੀਂ ਰੱਖਦਾ; ਪਰ ਅੰਦਰਖਾਤੇ ਇਸ ਹਮਲੇ ਦੀ ਤਿਆਰੀ ਲਗਾਤਾਰ ਕੀਤੀ ਜਾਂਦੀ ਰਹੀ। ਇਸ ਨੂੰ ਇਜ਼ਰਾਇਲ ਦੀ ਦੁਨੀਆਂ ਵਿੱਚ ਬਹੁਤ ਤਾਕਤਵਰ ਮੰਨੀਆਂ ਜਾ ਰਹੀਆਂ ਸੂਹੀਆ ਏਜੰਸੀਆਂ ਦੀ ਅਸਫਲਤਾ ਵੀ ਮੰਨਿਆ ਜਾ ਰਿਹਾ ਹੈ। ਇਜ਼ਰਾਇਲ ਉਤੇ ਕੀਤਾ ਗਿਆ ਇਹ ਹਮਲਾ 1973 ਤੋਂ ਪਿੱਛੋਂ ਅਰਬ ਮੁਲਕਾਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੈ। ਇਸਰਾਈਲ ਦੇ ਆਗੂਆਂ ਨੇ ਮੰਨਿਆ ਕਿ ਉਹ ਅਚਿੰਤੇ ਫੜੇ ਗਏ। ਇਜ਼ਰਾਇਲ ਫੌਜਾਂ ਦੇ ਬੁਲਾਰੇ ਮੇਜਰ ਨੀਰ ਦਿਨਾਰ ਨੇ ਕਿਹਾ ਕਿ ਇਹ ਸਾਡੇ ਖਿਲਾਫ ਇੱਕ ਕਿਸਮ ਦਾ 9/11 ਹੀ ਹੈ। ਹਮਾਸ ਦੇ ਇਸ ਹਮਲੇ ਨੇ ਇਜ਼ਰਾਇਲ ਦੇ ਖੁਫੀਆ ਤੰਤਰ ਅਤੇ ਮਜ਼ਬੂਤ ਡਿਫੈਂਸ ਸਿਸਟਮ ਬਾਰੇ ਕਈ ਮਿੱਥਾਂ ਤੋੜ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਫਲਿਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ (ਪੀ.ਐਲ.ਓ.) ਅਤੇ ਹਮਾਸ ਵੱਲੋਂ ਲੜਾਈ ਦੇ ਗੁਰੀਲਾ ਢੰਗ ਵਰਤੇ ਜਾਂਦੇ ਰਹੇ ਹਨ; ਪਰ ਤਾਜ਼ਾ ਹਮਲਾ 1987 ਵਿੱਚ ਉਭਰੀ ਫਲਿਸਤੀਨੀਆਂ ਦੀ ਖਾੜਕੂ ਜਥੇਬੰਦੀ ‘ਹਮਾਸ’ ਨੇ ਦੋ ਫੌਜਾਂ ਵਿਚਾਲੇ ਸਿੱਧੀ ਟੱਕਰ ਵਾਲਾ ਕਲੇਸ਼ ਸ਼ੁਰੂ ਕਰ ਲਿਆ ਹੈ। ਇਸ ਹਮਲੇ ਦੌਰਾਨ ਹਮਾਸ ਦੇ ਲਗਭਗ 1000 ਲੜਾਕੇ ਇਜ਼ਰਾਇਲ ਦੀ ਸਰਹੱਦ ਅੰਦਰ ਵੜੇ ਅਤੇ ਗਾਜ਼ਾ ਸਰਹੱਦ ਨਜ਼ਦੀਕ ਚੱਲ ਰਹੇ ਸੰਗੀਤਕ ਮੇਲੇ (ਮਿਊਜ਼ਿਕ ਫੈਸਟੀਵਲ) ਵਿੱਚ ਵੱਡੀ ਮਾਰ ਧਾੜ ਕੀਤੀ; ਪਰ ਹਮਾਸ ਵੱਲੋਂ ਸ਼ੁਰੂ ਕੀਤੀ ਗਈ ਇਸ ਸਿੱਧੀ ਜੰਗ ਵਿੱਚ ਇਜ਼ਰਾਇਲੀ ਫੌਜ ਦੇ ਭਾਰੂ ਪੈਣ ਦੇ ਆਸਾਰ ਹਨ। ਹਮਲਾ ਹੁੰਦੇ ਹੀ ਅਮਰੀਕਾ ਸਾਫ ਰੂਪ ਵਿੱਚ ਇਜ਼ਰਾਇਲ ਦੇ ਨਾਲ ਆ ਗਿਆ ਹੈ, ਜਦਕਿ ਹੋਰ ਬਹੁਤ ਸਾਰੇ ਮੁਲਕਾਂ ਨੇ ਸੰਕੋਚਵੇਂ ਜਿਹੇ ਸਟੈਂਡ ਲਏ ਹਨ।
ਯੂਰਪੀਅਨ ਯੂਨੀਅਨ ਨੇ ਭਾਵੇਂ ਹਮਾਸ ਦੇ ਹਮਲੇ ਦੀ ਨਿੰਦਾ ਕੀਤੀ ਹੈ, ਪਰ ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ਕਾਰਨ ਪੈਦਾ ਹੋਏ ਮਾਨਵੀ ਸੰਕਟ ਦੇ ਮੱਦੇਨਜ਼ਰ ਯੂਨੀਅਨ ਨਾਲ ਜੁੜੇ ਮੁਲਕਾਂ ਵਿਚਲੇ ਖਾਤਿਆਂ ਵਿੱਚੋਂ ਫਲਿਸਤੀਨੀਆਂ ਦੇ ਪੈਸੇ ਦੇ ਲੈਣ-ਦੇਣ ‘ਤੇ ਪਾਬੰਦੀ ਨਾ ਲਾਉਣ ਦਾ ਫੈਸਲਾ ਕੀਤਾ ਹੈ। ਚੀਨ ਨੇ ਦੋਹਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਆਉਣ ਲਈ ਕਿਹਾ ਹੈ ਅਤੇ ਦੋ ਮੁਲਕਾਂ ਦੀ ਹੋਂਦ ਨੂੰ ਮੰਨਣ ‘ਤੇ ਜ਼ੋਰ ਦਿੱਤਾ ਹੈ। ਰੂਸ ਫਲਿਸਤੀਨੀਆਂ ਲਈ ਇੱਕ ਆਜ਼ਾਦ ਮੁਲਕ ਕਾਇਮ ਕਰਨ ਦੇ ਹੱਕ ਵਿੱਚ ਨਿੱਤਰ ਆਇਆ ਹੈ। ਭਾਰਤ ਨੇ ਇਜ਼ਰਾਇਲ ਦੇ ਪੱਖ ਵਿੱਚ ਸਾਫ ਸਟੈਂਡ ਲੈਂਦਿਆਂ ਕਿਹਾ ਇਸ ਔਖੀ ਘੜੀ ਵਿੱਚ ਭਾਰਤ ਇਜ਼ਰਾਇਲ ਦੇ ਨਾਲ ਹੈ। ਇਸ ਦੇ ਉਲਟ ਵਿਰੋਧੀ ਕਾਂਗਰਸ ਪਾਰਟੀ ਨੇ ਨਰਮ ਜਿਹਾ ਸਟੈਂਡ ਲੈਂਦਿਆਂ ਦੋਹਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਆਉਣ ਅਤੇ ਅਮਨ ਅਮਾਨ ਦਾ ਸੱਦਾ ਦਿੱਤਾ।
ਇਸ ਤੋਂ ਇਲਾਵਾ ਸਾਉਦੀ ਅਰਬ ਅਤੇ ਯੂ.ਏ.ਈ. ਨੇ ਵੀ ਮਲਵੀਂ ਜਿਹੀ ਜੀਭ ਨਾਲ ਫਲਿਸਤੀਨੀਆਂ ਦਾ ਪੱਖ ਪੂਰਿਆ ਹੈ; ਜਦਕਿ ਪਾਕਿਸਤਾਨ ਅਤੇ ਬੰਗਲਾ ਦੇਸ਼ ਪੂਰੀ ਤਰ੍ਹਾਂ ਫਲਿਸਤੀਨੀਆਂ ਦੇ ਹੱਕ ਵਿੱਚ ਆ ਗਏ ਹਨ। ਹਮਾਸ ਵੱਲੋਂ ਜਿੱਡਾ ਵੱਡਾ ਹਮਲਾ ਇਜ਼ਰਾਇਲੀਆਂ ‘ਤੇ ਕੀਤਾ ਗਿਆ ਹੈ, ਉਸ ਦੇ ਲਈ ਫੌਜੀ ਟਰੇਨਿੰਗ ਦੇਣ ਦੇ ਨੁਕਤੇ ਤੋਂ ਇਰਾਨ ਵੱਲ ਉਂਗਲ ਉੱਠ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਰਾਨ ਨੇ ਹੀ ਹਥਿਆਰ ਸਪਲਾਈ ਕੀਤੇ; ਪਰ ਇਰਾਨ ਦੇ ਸਰਬਉਚ ਅਧਿਆਤਮਕ ਮੁਖੀ ਆਇਤੁਲਾ ਖੁਮੀਨੀ ਨੇ ਇਰਾਨ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਤੇ ਕਿਹਾ ਹੈ ਕਿ ਇਸ ਹਮਲੇ ਲਈ ਇਜ਼ਰਾਇਲ ਵੱਲੋਂ ਫਲਿਸਤੀਨ ‘ਤੇ ਲਗਾਤਾਰ ਕੀਤਾ ਗਿਆ ਜ਼ੁਲਮ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ਪੱਟੀ ‘ਤੇ ਮੋੜਵੇਂ ਹਮਲੇ ਨਾਲ ਇਹ ਸਮੱਸਿਆ ਹੋਰ ਵਿਗੜੇਗੀ।
ਯਾਦ ਰਹੇ, ਯਹੂਦੀ ਮੁਲਕ ‘ਇਜ਼ਰਾਇਲ’ ਕਾਇਮ ਕਰਨ ਦਾ ਵਿਚਾਰ ਪਿਛਲੀ ਸਦੀ ਦੇ ਮੁਢ ਵਿੱਚ ਬਰਤਾਨਵੀ ਕਬਜ਼ੇ ਵਾਲੇ ਫਲਿਸਤੀਨ ਦੌਰਾਨ ਪਨਪਿਆ ਅਤੇ ਉਨ੍ਹਾਂ ਦੇ ਜਾਣ ਬਾਅਦ ਇਹ ਦੇਸ਼ ਜਨਮਿਆ। ਇਜ਼ਰਾਇਲ ਆਪਣੇ ਜਨਮ ਦੇ ਨਾਲ ਹੀ ਵਿਰੋਧ ਅਤੇ ਹਿੰਸਾ ਦੀ ਪੀੜ ਲੈ ਕੇ ਜੰਮਿਆ ਸੀ। 2 ਨਵੰਬਰ 1917 ਨੂੰ ਬਰਤਾਨੀਆ ਦੇ ਉਸ ਵੇਲੇ ਦੇ ਵਿਦੇਸ਼ ਸਕੱਤਰ ਅਰਥਰ ਬਲਫੋਰ ਨੇ ਬਰਤਾਨਵੀ ਯਹੂਦੀ ਆਗੂ ਨੂੰ ਇੱਕ ਛੋਟੀ ਜਿਹੀ ਚਿੱਠੀ ਲਿਖ ਕੇ ਫਲਿਸਤੀਨ ਵਿੱਚ ਯਹੂਦੀ ਵਸੇਬੇ ਦਾ ਅਮਲ ਸ਼ਰੂ ਕੀਤਾ ਸੀ। ਇਸ ਤੋਂ ਪਿੱਛੋਂ ਵੱਡੀ ਪੱਧਰ ‘ਤੇ ਯਹੂਦੀਆਂ ਨੂੰ ਵਸਾਇਆ ਗਿਆ, ਜਿਥੇ 90 ਫੀਸਦੀ ਅਬਾਦੀ ਫਲਿਸਤੀਨੀ ਅਰਬਾਂ ਦੀ ਸੀ।
ਸਾਲ 1947 ਵਿੱਚ ਜਦੋਂ ਫਲਿਸਤੀਨ ਵਿੱਚ ਯਹੂਦੀ ਅਬਾਦੀ 33 ਫੀਸਦੀ ਹੋ ਗਈ ਅਤੇ ਉਨ੍ਹਾਂ ਨੇ 6 ਫੀਸਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਤਾਂ ਸੰਯੁਕਤ ਰਾਸ਼ਟਰ ਨੇ ਮਤਾ 181 ਪਾਇਆ, ਜਿਸ ਅਨੁਸਾਰ ਫਲਿਸਤੀਨ ਦੀ ਧਰਤੀ ਨੂੰ ਯਹੂਦੀ ਅਤੇ ਅਰਬ ਅਬਾਦੀ ਵਾਲੇ ਦੋ ਮੁਲਕਾਂ ਵਿੱਚ ਵੰਡਣ ਦੀ ਤਜਵੀਜ਼ ਲਿਆਂਦੀ ਗਈ। ਅਰਬਾਂ ਨੇ ਇਸ ਮਤੇ ਦਾ ਵਿਰੋਧ ਕੀਤਾ, ਕਿਉਂਕਿ ਇਸ ਵਿੱਚ 56 ਫੀਸਦੀ ਜ਼ਮੀਨ ਇਜ਼ਰਾਇਲ ਨੂੰ ਦਿੱਤੀ ਗਈ ਸੀ। ਇਸ ਮੌਕੇ 94 ਫੀਸਦੀ ਜ਼ਮੀਨ ਉਪਰ ਅਰਬ ਫਲਿਸਤੀਨੀ ਕਾਬਜ਼ ਸਨ। ਲੱਖਾਂ ਫਲਿਸਤੀਨੀਆਂ ਦੇ ਉਜਾੜੇ ਅਤੇ ਕੁੱਟਮਾਰ ਤੋਂ ਬਾਅਦ 14 ਮਈ 1948 ਨੂੰ ਇਜ਼ਰਾਇਲ ਦੀ ਸਥਾਪਨਾ ਦਾ ਐਲਾਨ ਹੋਇਆ। ਇਸ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਦੀ ਮਦਦ ਨਾਲ ਫਲਿਸਤੀਨ ਵਿੱਚ ਮੂਲ ਬਾਸ਼ਿੰਦੇ ਸੁੰਗੜਦੇ ਗਏ ਅਤੇ ਉਨ੍ਹਾਂ ਦਾ ਵਸੇਬਾ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਤੱਕ ਸੀਮਤ ਹੋ ਕੇ ਰਹਿ ਗਿਆ। ਵੈਸਟ ਬੈਂਕ ਵਿੱਚ ਵੀ ਹੁਣ ਜ਼ਬਰਦਸਤੀ ਯਹੂਦੀ ਕਲੋਨੀਆਂ ਵਸਾਈਆਂ ਜਾ ਰਹੀਆਂ ਹਨ।
1993 ਵਿੱਚ ਜਦੋਂ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਸਨ ਤਾਂ ਉਨ੍ਹਾਂ ਦੋਹਾਂ ਧਿਰਾਂ ਵਿੱਚ ਸਮਝੌਤਾ ਕਰਵਾਇਆ। ਇਸ ਨੂੰ ‘ਓਸਲੋ’ ਸਮਝੌਤਾ ਕਿਹਾ ਗਿਆ। ਉਸ ਸਮਝੌਤੇ ਵਿੱਚ ਫਲਿਸਤੀਨ ਨੂੰ ਆਪਣੇ ਸੀਮਤ ਇਲਾਕੇ ਵਿੱਚ ਅੰਤਰਿਮ ਸਰਕਾਰ ਬਣਾਉਣ ਦੇ ਅਧਿਕਾਰ ਮਿਲੇ। ਇਸ ਸਾਰੇ ਦੌਰ ਵਿੱਚ ਫਲਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ (ਪੀ.ਐਲ.ਓ.) ਫਲਿਸਤੀਨੀਆਂ ਦੀ ਮੁੱਖ ਪ੍ਰਤੀਨਿਧ ਜਥੇਬੰਦੀ ਸੀ ਅਤੇ ਯਾਸਰ ਅਰਾਫਾਤ ਉਸ ਦੇ ਆਗੂ ਸਨ। ਉਨ੍ਹਾਂ ਫਲਿਸਤੀਨੀ ਜ਼ਮੀਨ ‘ਤੇ ਦੋ ਮੁਲਕਾਂ ਦੀ ਥਿਊਰੀ ਨੂੰ ਪ੍ਰਵਾਨ ਕਰ ਲਿਆ, ਜਿਸ ਪਿੱਛੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਸਹਿਮਤੀ ਸੀ। ਫਲਿਸਤੀਨ ਅਤੇ ਇਜ਼ਰਾਇਲ ਦੇ ਸਹਿਹੋਂਦ ਪੂਰਨ ਰਹਿਣ ਦੀ ਆਸ ਕੀਤੀ ਗਈ। ਇਸੇ ਦੌਰਾਨ ਹਮਾਸ ਦਾ ਉਥਾਨ ਸ਼ੁਰੂ ਹੋ ਹੋਇਆ। ਪੀ.ਐਲ.ਓ. ਨੂੰ ਨੀਵਾਂ ਵਿਖਾਉਣ ਲਈ ਮੁੱਢ ਵਿੱਚ ਇਜ਼ਰਾਇਲ ਨੇ ਵੀ ਹਮਾਸ ਦੀ ਮਦਦ ਕੀਤੀ, ਪਰ ਫਿਰ ਇਹ ਸੰਗਠਨ ਇਜ਼ਰਾਇਲੀਆਂ ਹੱਥੋਂ ਨਿਕਲ ਗਿਆ। ਬਹੁਗਿਣਤੀ ਮੁਸਲਿਮ ਅਬਾਦੀ, ਹਮਾਸ ਅਤੇ ਇਰਾਨ ਇਜ਼ਰਾਇਲ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ। ਉਹ ਇਸ ਨੂੰ ਉਜਾੜ ਕੇ ਇਹ ਧਰਤੀ ਮੁੜ ਫਲਿਸਤੀਨੀਆਂ ਦੇ ਹਵਾਲੇ ਕਰਨ ਦੇ ਹਾਮੀ ਹਨ। ਇਸ ਦਰਮਿਆਨ ਹਮਾਸ ਨੇ ਕਿਹਾ ਹੈ ਕਿ ਜੇ ਇਜ਼ਰਾਇਲ ਨੇ ਫਲਿਸਤੀਨੀਆਂ ‘ਤੇ ਹਮਲੇ ਬੰਦ ਨਾ ਕੀਤੇ ਤਾਂ ਉਨ੍ਹਾਂ ਵੱਲੋਂ ਅਗਵਾ ਕੀਤੇ 150 ਇਜ਼ਰਾਇਲੀ ਇੱਕ-ਇੱਕ ਕਰਕੇ ਮਾਰ ਦਿੱਤੇ ਜਾਣਗੇ; ਇਨ੍ਹਾਂ ਦੇ ਸਿਰ ਕਲਮ ਹੁੰਦੇ ਲਾਈਵ ਟੈਲੀਕਾਸਟ ਕੀਤੇ ਜਾਣਗੇ।