“ਛੱਡ ਦੇ ਚਤੁਰਾਈਆਂ, ਕਿਸੇ ਕੰਮ ਨਹੀਂ ਆਉਣਾ ਇਨ੍ਹਾਂ ਨੇ।” ਇਹ ਸਤਰ ਇਸ ਲਿਖਤ ਦੀ ਆਖਰੀ ਸਤਰ ਹੈ, ਪਰ ਇਸ ਵਿਚਲਾ ਸੁਨੇਹਾ ਪ੍ਰਥਮ ਸ਼੍ਰੇਣੀ ਦਾ ਹੈ। ਦੁਨਿਆਵੀ ਸੰਸਿਆਂ ਵਿੱਚੋਂ ਨਿਕਲ ਕੇ ਆਪਣੀਆਂ ਚਤੁਰਾਈਆਂ, ਆਪਣੇ ਪਸ਼ਚਾਤਾਪਾਂ ਨੂੰ ਸਤਿਗੁਰੂ ਅੱਗੇ ਢੇਰੀ ਕਰ ਦੇਣ ਅਤੇ ਮੈਂ, ਤੇਰਾ-ਮੇਰਾ ਦੀ ਦੀਵਾਰ ਢਾਹ ਦੇਣ ਦੀ ਨਸੀਹਤ ਕਰਦੀ ਇਹ ਲਿਖਤ ਬੰਦੇ ਨੂੰ ਅਧਿਆਤਮਕ ਰੰਗ ਵਿੱਚ ਰੰਗੇ ਜਾਣ ਦੀ ਜਾਗ ਲਾਉਂਦੀ ਹੈ ਕਿ ਬੰਦਿਆ! ਆਪਣੇ-ਆਪ ਨੂੰ ਉਸ ਦਿਆਲੂ ਸਤਿਗੁਰੂ ਸ਼ਹਿਨਸ਼ਾਹ ਨੂੰ ਪੂਰੀ ਤਰ੍ਹਾਂ ਸੌਂਪ ਦੇ।
ਕਰਜ਼ਦਾਰ ਹੋਣ ਦੇ ਵੱਖ ਵੱਖ ਰੂਪਾਂ ਨੂੰ ਦਰਸਾਉਂਦੀ ਇਸ ਲਿਖਤ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਆਰ ਅਤੇ ਚੰਗਾ ਸੁਭਾਅ ਹੋਣ ਕਾਰਨ ਇਨਸਾਨ ਸਭ ਕੋਲੋਂ ਕੰਮ ਤੇ ਦਿਲੋਂ ਇੱਜ਼ਤ ਲੈ ਲੈਂਦਾ ਹੈ; ਪਰ ਜਿਨ੍ਹਾਂ ਅੰਦਰ ਬੌਸ ਵਾਲੀ ਹਉਮੈ ਵੱਧ ਹੁੰਦੀ ਹੈ, ਉਨ੍ਹਾਂ ਪ੍ਰਤੀ ਮਾਤਹਿਤਾਂ ਦਾ ਨਜ਼ਰੀਆ ਕੋਈ ਬਹੁਤਾ ਚੰਗਾ ਨਹੀਂ ਹੁੰਦਾ।…
ਅਮਰੀਕ ਸਿੰਘ
ਫੋਨ: 224-289-1825
ਸ਼ਾਹ ਜੀ, ਤੁਹਾਨੂੰ ਨਮਸਕਾਰ।
ਸੁਣਾ ਪਈ ਚਤਰ ਨਾਥ ਕੀ ਹਾਲ ਹੈ ਤੇਰਾ! ਬੜੇ ਦਿਨਾਂ ਬਾਅਦ ਨਜ਼ਰ ਆਇਐਂ, ਕਿੱਥੇ ਰਿਹੈਂ ਐਨੇ ਦਿਨ?
ਸ਼ਾਹ ਜੀ, ਮੈਂ ਬਹੁਤ ਲੋਕਾਂ ਦਾ, ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ, ਆਪਣੀ ਪਤਨੀ, ਬੱਚਿਆਂ, ਦੋਸਤਾਂ, ਆਪਣੇ ਅਫਸਰਾਂ ਦਾ ਅਤੇ ਖਾਸ ਕਰਕੇ ਆਪਣੇ ਮਾਤਹਿਤਾਂ ਦਾ ਬਹੁਤ ਸਾਰਾ ਕਰਜ਼Lਾ ਦੇਣਾ ਹੈ। ਐਡੀ ਵੱਡੀ ਪੰਡ ਕਰਜ਼Lੇ ਦੀ ਮੇਰੇ ਸਿਰ `ਤੇ ਹੈ। ਹੌਲੀ-ਹੌਲੀ ਕਰਕੇ ਜੇ ਇਹ ਮੇਰੇ ਕਰਜ਼ੇ ਦੀ ਪੰਡ ਹਲਕੀ ਹੁੰਦੀ ਜਾਵੇ ਤਾਂ ਫਿਰ ਹੀ ਗੱਲ ਬਣਦੀ ਹੈ। ਫਿਰ ਸ਼ੁਕਰ ਕਰਾਂਗਾ ਉਸ ਮਾਲਕ ਦਾ।
ਯਾਰ, ਗੱਲ ਸੁਣ! ਤੂੰ ਸਭ ਤੋਂ ਕਰਜ਼ਾ ਕਿਉਂ ਲੈਂਦਾ ਰਿਹਾ ਹੈਂ? ਕੁਝ ਕੰਮ-ਧੰਦਾ ਨਹੀਂ ਸੀ ਕਰਦਾ!
ਕਰਦਾ ਸੀ, ਪਰ ਕਰਜ਼ਾ ਆਪਣੀਆਂ ਗਲਤੀਆਂ ਕਰਕੇ ਚੜ੍ਹਿਆ ਹੈ। ਹੁਣ ਥੋੜ੍ਹਾ ਥੋੜ੍ਹਾ ਹੋਸ਼ ਵਿੱਚ ਆ ਰਿਹਾ ਹਾਂ, ਪਰ ਸ਼ਾਹ ਜੀ ਬਹੁਤ ਦੇਰ ਕਰ ਦਿੱਤੀ ਹੈ ਮੈਂ। ਬੜਾ ਕੁਝ ਗੁਆ ਕੇ ਹੋਸ਼ ਵਿੱਚ ਆਇਆ ਤੇ ਕੀ ਆਇਆ?
ਚਲ ਯਾਰ ਫਿਕਰ ਨਾ ਕਰ, ਦੱਸ ਕਿੰਨਾ ਕਿੰਨਾ ਕਰਜ਼ਾ ਲਿਆ ਸਭ ਤੋਂ? ਸ਼ਾਇਦ ਕੋਈ ਤਰੀਕਾ ਕੱਢ ਲਈਏ ਲਾਹੁਣ ਦਾ!
ਸ਼ਾਹ ਜੀ, ਇਹਦੇ ਵਿੱਚ ਕੋਈ ਮੇਰੀ ਮਦਦ ਨਹੀਂ ਕਰ ਸਕਦਾ।
ਫਿਰ ਵੀ ਕੁਝ ਦੱਸ ਤਾਂ ਸਹੀ! ਨਹੀਂ ਮਦਦ ਤੇ ਨਾ ਸਹੀ, ਪਰ ਮੂੰਹੋਂ ਤੇ ਕੁਝ ਬੋਲ। ਕਹਿੰਦੇ ਹਨ ਕਿ ਕਿਸੇ ਨੂੰ ਤਕਲੀਫ ਦੱਸ ਕੇ ਵੀ ਕੁਝ ਬੋਝ ਹਲਕਾ ਹੋ ਜਾਂਦਾ ਹੈ।
ਸ਼ਾਹ ਜੀ, ਕੀ ਦੱਸਾਂ! ਦੱਸਦਿਆਂ ਵੀ ਸ਼ਰਮ ਆਉਂਦੀ ਹੈ। ਬੱਸ ਚੁਪ ਹੀ ਚੰਗੀ ਹੈ।
ਹੈ ਕਮਲਾ! ਕਿਹੋ ਜਿਹੀਆਂ ਜਬਲੀਆਂ ਮਾਰ ਰਿਹਾ ਹੈਂ।
ਚੰਗਾ ਸ਼ਾਹ ਜੀ, ਤੁਸੀਂ ਮੇਰੇ ਹਮਦਰਦ ਹੋ ਦੱਸਦਾ ਹਾਂ ਤੁਹਾਨੂੰ, ਪਰ ਵਾਅਦਾ ਕਰੋ ਕਿ ਕਿਸੇ ਹੋਰ ਤੱਕ ਭਿਣਕ ਨਾ ਪਵੇ।
ਹਾਂ ਮੈਂ ਵਾਅਦਾ ਕਰਦਾ ਹਾਂ।
ਸ਼ਾਹ ਜੀ, ਕਹਾਣੀ ਲੰਬੀ ਹੈ, ਹੌਸਲੇ ਨਾਲ ਸੁਣਿਓ ਜੇ।
ਪਹਿਲਾ ਕਰਜ਼ਾ ਮਾਂ-ਪਿਉ ਦਾ ਹੈ। ਉਹ ਬੜੇ ਚੰਗੇ ਸੁਭਾਅ ਦੇ, ਮਿਹਨਤੀ ਅਤੇ ਬੜੀ ਔਖ ਨਾਲ ਉਨ੍ਹਾਂ ਨੇ ਸਾਨੂੰ ਸੱਤਾਂ ਭੈਣ-ਭਰਾਵਾਂ ਨੂੰ ਬਹੁਤ ਕਿਰਸਾਂ ਕਰਕੇ ਪਾਲਿਆ। ਮੈਨੂੰ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਪਿਆਰ ਦਿੱਤਾ ਤੇ ਹੌਸਲਾ ਅਫਜ਼ਾਈ ਕੀਤੀ। ਪੜ੍ਹਨ ਵਿੱਚ ਚੰਗਾ ਸੀ। ਬੜੇ ਔਖੇ ਹੋ ਕੇ ਵੀ ਮੇਰੀ ਪੜ੍ਹਾਈ ਦਾ ਖਰਚਾ ਝੱਲਿਆ ਉਨ੍ਹਾਂ ਨੇ। ਹਾਂ, ਵੱਡੇ ਭਰਾ ਨੇ ਵੀ ਬੜੀ ਮਦਦ ਕੀਤੀ।
ਪੜ੍ਹ ਕੇ ਮੈਂ ਨੌਕਰੀ ਸ਼ੁਰੂ ਕਰ ਦਿੱਤੀ। ਇਸ ਕਰਕੇ ਪਿੰਡੋਂ ਦੂਰ ਰਿਹਾ, ਮਾਂ-ਪਿਉ ਨੂੰ ਕੋਲ ਲੈ ਆਉਂਦਾ ਸਾਂ, ਉਹ ਖੁਸ਼ ਹੁੰਦੇ। ਮੇਰੀ ਪਤਨੀ ਨੂੰ, ਬੱਚਿਆਂ ਨੂੰ ਅਤੇ ਮੈਨੂੰ ਵੀ ਚੰਗਾ ਲੱਗਦਾ। ਅਸੀਂ ਕੱਪੜੇ, ਪੈਸੇ ਵੀ ਦਿੰਦੇ ਪਰ ਪੈਸੇ ਲੈ ਕੇ ਇੰਨੇ ਖੁਸ਼ ਨਾ ਹੁੰਦੇ, ਕਹਿੰਦੇ ਤੇਰਾ ਖਰਚ ਕਾਫੀ ਹੈ, ਅਸੀਂ ਪੈਸੇ ਕੀ ਕਰਨੇ? ਰੱਬ ਦਾ ਖੌਫ ਬਹੁਤ ਸੀ ਉਨ੍ਹਾਂ ਨੂੰ। ਘਰ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ। ਖਾਸ ਕਰਕੇ ਸਾਡੇ ਪਿਉ ਦਾ ਸੁਭਾਅ ਬਹੁਤ ਚੰਗਾ ਸੀ। ਕਮਾਲ ਹੈ ਕਿ ਹਮ-ਉਮਰ ਹੋਣ ਜਾਂ ਛੋਟੇ-ਵੱਡੇ ਨੌਜੁਆਨ ਲੜਕੇ ਹੋਣ, ਸਭ ਨਾਲ ਉਨ੍ਹਾਂ ਦੀ ਦੋਸਤੀ ਹੋ ਜਾਂਦੀ। ਹਰ ਕੋਈ ਉਨ੍ਹਾਂ ਕੋਲ ਬੈਠ ਕੇ, ਗੱਲਾਂ ਕਰਕੇ ਖੁਸ਼ ਹੁੰਦਾ। ਜਿਨ੍ਹਾਂ ਦੀ ਪਿੰਡ ਵਿੱਚ ਕਿਸੇ ਨਾਲ ਘੱਟ ਹੀ ਬਣਦੀ ਸੀ, ਉਹ ਵੀ ਕਈ ਕਈ ਘੰਟੇ ਉਨ੍ਹਾਂ ਕੋਲ ਬੈਠ ਕੇ ਗੱਲਾਂ ਬਾਤਾਂ ਕਰਕੇ ਖੁਸ਼ ਹੁੰਦੇ। ਉਨ੍ਹਾਂ ਦੇ ਛੇ ਛੋਟੇ ਭਰਾ ਅਤੇ ਤਿੰਨ ਉਨ੍ਹਾਂ ਤੋਂ ਛੋਟੀਆਂ ਭੈਣਾਂ ਸਨ। ਸਾਰੇ ਛੋਟੇ ਭੈਣ-ਭਰਾ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। ਸਾਰੇ ਰਿਸ਼ਤੇਦਾਰ, ਪਿੰਡ ਵਾਲੇ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਉਨ੍ਹਾਂ ਨੂੰ ਆਪਣਾ ਦੋਸਤ ਸਮਝਦੇ। ਹਰ ਕੋਈ ਉਨ੍ਹਾਂ ਕੋਲੋਂ ਸਲਾਹ ਲੈਂਦਾ। ਨੇਕ ਸਲਾਹ ਦਿੰਦੇ। ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਗਿਆਰਾਂ ਸਾਲ ਤੱਕ ਸਰਪੰਚ, ਇੱਕ ਵਾਰੀ ਤਾਂ ਬਿਨਾ ਚੋਣ ਕੀਤਿਆਂ ਹੀ ਬਣਾਈ ਰੱਖਿਆ। ਈਮਾਨਦਾਰ ਅਤੇ ਜ਼ਬਾਨ ਦੇ ਪੱਕੇ ਸਨ, ਪਰ ਅਫਸੋਸ ਕਿ ਮੈਂ ਉਨ੍ਹਾਂ ਦੀ ਸੇਵਾ ਓਨੀ ਨਾ ਕੀਤੀ, ਜਿੰਨੀ ਮੈਨੂੰ ਕਰਨੀ ਚਾਹੀਦੀ ਸੀ। ਮੇਰਾ ਪਹਿਲਾ ਕਰਜ਼ਾ ਇਹ ਹੈ।
ਮੇਰੀ ਜੀਵਨ ਸਾਥਣ ਹੌਸਲੇ ਵਾਲੀ, ਸਭ ਨਾਲ ਬਣਾਅ ਕੇ ਰੱਖਣ ਵਾਲੀ, ਹਰ ਦੁੱਖ-ਸੁੱਖ ਵਿੱਚ ਮੇਰਾ ਸਾਥ ਨਿਭਾਇਆ। ਬੱਚਿਆਂ ਨੂੰ ਜ਼ਿੰਮੇਦਾਰੀ ਨਾਲ ਪਾਲਿਆ-ਪੋਸਿਆ, ਸਾਡੇ ਸਾਰੇ ਰਿਸ਼ਤੇਦਾਰ ਉਹਦੇ ਨਾਲ ਮੇਰੇ ਨਾਲੋਂ ਵੱਧ ਨੇੜੇ ਸਨ। ਮੇਰੇ ਆਪਣੇ ਮਾਂ-ਬਾਪ ਉਹਨੂੰ ਮੇਰੇ ਨਾਲੋਂ ਜ਼ਿਆਦਾ ਚੰਗੀ ਅਤੇ ਸਿਆਣੀ ਸਮਝਦੇ ਸਨ। ਅਸੀਂ ਦੋਨੋਂ ਇੱਕ-ਦੂਜੇ ਪ੍ਰਤੀ ਵਫਾਦਾਰ ਰਹੇ। ਚੌਦਾਂ ਸਾਲ ਹੋ ਗਏ ਹਨ, ਉਹ ਮੇਰਾ ਸਾਥ ਅਚਾਨਕ ਛੱਡ ਕੇ ਕਿਸੇ ਹੋਰ ਦੁਨੀਆਂ ਦੇ ਸਫਰ ਨੂੰ ਰਵਾਨਾ ਹੋ ਗਏ ਹਨ। ਜਿੰਨੀ ਇੱਜ਼ਤ ਤੇ ਪਿਆਰ ਦੀ ਉਹ ਔਰਤ ਹੱਕਦਾਰ ਸੀ, ਮੈਂ ਉਹਨੂੰ ਨਾ ਦਿੱਤਾ, ਭਾਵੇਂ ਮੈਂ ਉਹਦੀ ਹਰ ਗੱਲ ਮੰਨ ਲੈਂਦਾ ਅਤੇ ਆਪਣੀ ਗੱਲ ਵੀ ਮੰਨਵਾ ਲੈਂਦਾ, ਪਰ ਦਰਅਸਲ ਮੈਂ ਉਸ ਨੂੰ ਅਣਗੌਲਿਆ ਹੀ ਕਰਦਾ ਰਿਹਾ। ਇਹ ਮੇਰਾ ਦੂਜਾ ਭਾਰੀ ਕਰਜ਼ਾ ਹੈ।
ਵੱਡੇ ਭਰਾ ਦੀ ਇੱਜ਼ਤ ਜਿੰਨੀ ਕਰਨੀ ਚਾਹੀਦੀ ਸੀ, ਉਨੀ ਨਹੀਂ ਕੀਤੀ। ਇਹ ਤੀਜਾ ਕਰਜ਼ਾ ਹੈ।
ਜਦੋਂ ਮੈਂ ਨੌਕਰੀ ਸ਼ੁਰੂ ਕੀਤੀ, ਚੰਗੇ ਅਹੁਦੇ ਤੋਂ ਹੀ ਸ਼ੁਰੂਆਤ ਹੋਈ। ਰੱਬ ਦੀ ਕਿਰਪਾ ਨਾਲ ਹਰ ਤਰੱਕੀ ਵੇਲੇ ਸਿਰ ਅਤੇ ਬਿਨਾ ਵਿਘਨ ਦੇ ਹੁੰਦੀ ਰਹੀ। ਖੁਸ਼-ਕਿਸਮਤੀ ਨਾਲ ਮੇਰੇ ਸਾਰੇ ਅਫ਼ਸਰ (ਬੌਸ) ਬਹੁਤ ਹੀ ਚੰਗੇ ਮਿਲੇ। ਮੇਰੇ ਵਾਸਤੇ ਇਹ ਇੱਕ ਬਹੁਤ ਸ਼ੁਭ ਸ਼ਗਨ ਰਿਹਾ। ਨੌਕਰੀ ਦੌਰਾਨ ਬੜੇ ਅੱਛੇ ਮਿੱਤਰ ਬਣੇ, ਜਿਨ੍ਹਾਂ ਨੇ ਮੇਰੀ ਮਦਦ ਹੀ ਕੀਤੀ। ਮੈਂ ਉਨ੍ਹਾਂ ਦਾ ਬੜਾ ਸ਼ੁਕਰਗੁਜ਼ਾਰ, ਪਰ ਉਨ੍ਹਾਂ ਦਾ ਨਾਲ ਨਾਲ ਕਰਜ਼ਦਾਰ ਵੀ ਹਾਂ। ਸ਼ਾਹ ਜੀ, ਮੇਰੇ `ਤੇ ਹੋਰ ਬੜੇ ਕਰਜ਼ੇ ਹਨ।
ਹਾਂ, ਚਤਰ ਨਾਥ ਜੀ ਦੱਸਦੇ ਜਾਓ।
ਸਿਰਫ ਇੱਕ ਹੀ ਕੁਰੱਖਤ ਅਫਸਰ ਨਾਲ ਵਾਹ ਪਿਆ। ਉਸ ਵਕਤ ਦੀ ਗੱਲ ਹੈ, ਜਦੋਂ ਮੇਰੀ ਪਹਿਲੀ ਤਰੱਕੀ ਹੋਣ `ਤੇ ਮੈਨੂੰ ਇੱਕ ਦੂਰ ਪਰ ਚੰਗੀ ਜਗਾਹ `ਤੇ ਬਦਲ਼ ਕੇ ਮਹਿਕਮੇ ਨੇ ਭੇਜਿਆ। ਸ਼ੁਭਚਿੰਤਕ ਮਿੱਤਰਾਂ ਨੇ ਕਿਹਾ, ਨਾ ਜਾ ਉਥੇ। ਤੇਰੀ ਬਦਲੀ ਰੁਕਵਾ ਲਵਾਂਗੇ, ਸਬਰ ਨਾਲ ਇਥੇ ਟਿਕਿਆ ਰਹਿ। ਮਨ ਵਿੱਚ ਵਿਸਾਖੀ ਵਾਲੇ ਦਿਨ ਤੱਕ ਇੰਤਜ਼ਾਰ ਕਰਨ ਦਾ ਟੀਚਾ ਬਣਾ ਲਿਆ। ਵਿਸਾਖੀ ਲੰਘ ਗਈ। ਮੇਰਾ ਸਬਰ ਖਤਮ ਹੋ ਗਿਆ। ਸੈਕਟਰੀ ਸਾਹਿਬ ਨੂੰ ਮਿਲਿਆ ਕਿ ਮੈਨੂੰ ਜਿਥੇ ਦੇ ਆਰਡਰ ਹਨ, ਜਾਣ ਦਿਓ। ਕੁਝ ਦਿਨਾਂ ਬਾਅਦ ਨਵੀਂ ਜਗਾਹ `ਤੇ ਚਲਾ ਗਿਆ। ਉਥੇ ਦਾ ਮੇਰਾ ਅਫਸਰ ਬੜੇ ਕੁਰੱਖਤ ਸੁਭਾਅ ਦਾ ਮਾਲਿਕ ਸੀ। ਹਰ ਵੇਲੇ ਟੁੱਟ-ਟੁੱਟ ਕੇ ਪੈਂਦਾ, ਬਿਨਾ ਕਿਸੇ ਵਜਾਹ ਦੇ; ਹੋ ਸਕਦਾ ਹੈ ਮੇਰੀ ਹੀ ਕੋਈ ਭੁੱਲ ਹੋਵੇ। ਪ੍ਰੰਤੂ ਪਤਾ ਨਹੀਂ ਮੇਰੇ ਦਿਲ ਵਿੱਚ ਇੱਕ ਗੱਲ ਘਰ ਕਰ ਗਈ ਉਸ ਵੇਲੇ ਕਿ ਮੈਂ ਸ਼ਾਤੀਂ ਨਾਲ ਇਹ ਸਭ ਕੁਝ ਬਰਦਾਸ਼ਤ ਕਰਨਾ ਹੈ। ਇਹ ਤਰੀਕਾ ਮੈਨੂੰ ਬੜਾ ਰਾਸ ਆਇਆ।
ਦਿਲ ਵਿੱਚ ਕੁਝ ਅਜੀਬ ਵੈਰਾਗ ਜਿਹਾ ਉਠ ਖਲੋਤਾ। ਮੈਂ ਉਚਾਟ ਰਹਿਣ ਲੱਗਾ, ਪ੍ਰੰਤੂ ਇਹਦੇ ਵਿੱਚ ਵੀ ਕੋਈ ਡੂੰਘਾ ਰਾਜ਼ ਸੀ। ਰੱਬ ਦੀ ਦਯਾ ਐਸੀ ਹੋਈ ਕਿ ਇੱਕ ਪੂਰੇ ਸਤਿਗੁਰੂ ਦੇ ਦਰਸ਼ਨ ਜ਼ਿੰਦਗੀ ਦੇ ਇਸ ਮੋੜ `ਤੇ ਹੋਏ। ਉਨ੍ਹਾਂ ਨੇ ਦਯਾ ਕੀਤੀ ਮੇਰੇ `ਤੇ। ਨਾਮ ਦਾਨ ਦੀ ਬਖਸ਼ਿਸ਼ ਕਰ ਦਿੱਤੀ। ਉਨ੍ਹਾਂ ਦਾ ਉਪਦੇਸ਼ ਉਚੇ ਤੋਂ ਉਚਾ ਮਿਲ ਗਿਆ। ਮੇਰਾ ਉਨ੍ਹਾਂ ਨੇ ਸਹੀ ਦਿਸ਼ਾ ਵੱਲ ਧਿਆਨ ਕਰ ਦਿੱਤਾ ਅਤੇ ਖੂਬ ਦਿਲ ਲਾ ਕੇ ਬੜੇ ਪਿਆਰ ਨਾਲ ਅਭਿਆਸ ਕਰਨ ਦੀ ਹਦਾਇਤ ਕੀਤੀ। ਇਹ ਮੇਰਾ ਹੀ ਦੋਸ਼ ਹੈ ਕਿ ਮੂੰਹ ਤਾਂ ਉਨ੍ਹਾਂ ਨੇ ਮੋੜ ਦਿੱਤਾ ਮੇਰਾ ਜ਼ਿੰਦਗੀ ਦੇ ਸਹੀ ਮਾਰਗ `ਤੇ ਚਲਣ ਵਾਸਤੇ, ਪਰ ਮੈਂ ਉਸ ਰਾਹ `ਤੇ ਅੱਗੇ ਵਧਿਆ ਨਾ। ਉਪਦੇਸ਼ ਪੂਰਾ ਹੈ, ਇਸ ਵਿੱਚ ਕੋਈ ਕਮੀ ਨਹੀਂ ਹੈ। ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਮੇਰਾ ਪਸ਼ਚਾਤਾਪ ਹੈ।
ਚਾਰ ਮਹੀਨੇ ਵਿੱਚ ਹੀ ਮੈਂ ਉਥੋਂ ਬਦਲੀ ਕਰਵਾ ਲਈ। ਜਦੋਂ ਬਦਲੀ ਦੇ ਹੁਕਮ ਆਏ ਤਾਂ ਉਸ ਬੌਸ ਨੇ ਮੈਨੂੰ ਆਪਣੇ ਦਫਤਰ ਬੁਲਾਇਆ, ਬੜੇ ਨਾਰਾਜ਼ ਹੋਏ। ਕਹਿਣ ਲੱਗੇ, ਕਦੇ ਮੈਨੂੰ ਪਤਾ ਹੁੰਦਾ ਕਿ ਤੂੰ ਬਦਲੀ ਕਰਾ ਰਿਹਾ ਹੈਂ ਤਾਂ ਹਰਗਿਜ਼ ਨਾ ਹੋਣ ਦਿੰਦਾ, ਫਿਰ ਵੀ ਮੇਰੀ ਬਦਲੀ ਰੋਕਣ ਲਈ ਮਹਿਕਮੇ ਦੇ ਸੀ.ਈ.ਓ. ਨਾਲ ਗੱਲ ਕਰਨ ਲਈ ਤਿਆਰ ਹੋ ਗਏ। ਪਰ ਮੇਰੇ ਵੱਲੋਂ ਬੇਨਤੀ ਕਰਨ `ਤੇ ਉਨ੍ਹਾਂ ਨੇ ਟੈਲੀਫੋਨ ਰੱਖ ਦਿੱਤਾ ਅਤੇ ਮੇਰੀਆਂ ਕੁਝ ਸਿਫਤਾਂ ਕੀਤੀਆਂ। ਦਿਲ ਵਿੱਚ ਸੋਚਿਆ, ਕਾਸ਼! ਕਦੀ ਪਹਿਲਾਂ ਸਿਫਤ ਕੀਤੀ ਹੁੰਦੀ। ਮੇਰੀ ਜਗਾਹ `ਤੇ ਜਿਹੜਾ ਅਫਸਰ ਆਇਆ, ਉਹ ਪੁਲੀਸ ਅਫਸਰ ਦਾ ਪੁੱਤਰ ਸੀ। ਉਹ ਦੋ-ਤਿੰਨ ਦਿਨਾਂ ਵਿੱਚ ਹੀ ਬੌਸ ਦੇ ਅੱਗੇ ਬੋਲ ਪਿਆ ਤੇ ਉਸ ਬੌਸ ਦੀ ਫਿਰ ਹਿੰਮਤ ਨਾ ਹੋਈ ਕਿ ਨਵੇਂ ਆਏ ਅਫ਼ਸਰ ਨੂੰ ਕੁਝ ਕਹਿ ਸਕੇ। ਕੁਝ ਦਿਨਾਂ ਮਗਰੋ ਉਨ੍ਹਾਂ ਦੋਹਾਂ ਦੀਆਂ ਮਹਿਕਮੇ ਨੇ ਬਦਲੀਆਂ ਕਰ ਦਿੱਤੀਆਂ।
ਮੇਰੇ ਹੁਣ ਦੇ ਅਫਸਰ ਬਹੁਤ ਹੀ ਸ਼ਾਨ ਵਾਲੇ ਸਨ, ਮੈਨੂੰ ਕਦੇ ਕੁਝ ਨਾ ਕਹਿੰਦੇ, ਕੰਮ ਵੀ ਮੇਰਾ ਘੱਟ ਤੋਂ ਘੱਟ ਦੇਖਦੇ। ਕਹਿੰਦੇ, ਮੈਨੂੰ ਕਾਹਦਾ ਫਿਕਰ ਹੈ, ਤੁਸੀਂ ਆਪੇ-ਆਪਣੇ ਖੁਦ ਅਫਸਰ ਹੋ, ਸਭ ਕੰਮ ਤੁਸੀਂ ਟੀਚੇ ਤੋਂ ਪਹਿਲਾਂ ਕਰ ਲੈਂਦੇ ਹੋ। ਸਾਰੇ ਅਫਸਰਾਂ ਨੂੰ ਬੁਲਾ ਲੈਂਦੇ ਤੇ ਕਹਿੰਦੇ ਕਿ ਆਉ ਚਾਹ ਦਾ ਕੱਪ `ਕੱਠੇ ਬੈਠ ਕੇ ਪੀਈਏ। ਚਾਹ ਪੀਣ ਦੇ ਬਾਅਦ ਘਰ ਵਾਪਿਸ ਚਲੇ ਜਾਂਦੇ।
ਸਾਡਾ ਸਭ ਦਾ ਨਿੱਜੀ ਖਿਆਲ ਰੱਖਦੇ, ਸਾਨੂੰ ਪੂਰਾ ਸਹਿਯੋਗ ਦਿੰਦੇ ਅਤੇ ਵੱਡੀ ਗੱਲ ਇਹ ਕਿ ਕਦੀ ਜਤਲਾਉਂਦੇ ਨਾ ਕਿਸੇ ਨੂੰ ਵੀ ਕਿ ਮੈਂ ਤੇਰੀ ਮਦੱਦ ਕੀਤੀ ਹੈ। ਜੇ ਅਸੀਂ ਉਨ੍ਹਾਂ ਦਾ ਸ਼ੁਕਰੀਆ ਕਰਦੇ ਤਾਂ ਜੁਆਬ ਦਿੰਦੇ ਕਿ ਇਹ ਤਾਂ ਤੁਹਾਡਾ ਹੱਕ ਹੈ ਮੇਰੇ `ਤੇ। ਹਮੇਸ਼ਾ ਹੱਥ ਮਿਲਾ ਕੇ ਮਿਲਦੇ- ਆਉਣ ਲੱਗਿਆਂ ਤੇ ਜਾਣ ਲੱਗਿਆਂ ਵੀ। ਜਿੰਨਾ ਉਨ੍ਹਾਂ ਦੇ ਪਿਆਰ ਅਤੇ ਚੰਗੇ ਸੁਭਾਅ ਨੇ ਸਾਡੇ ਸਭ ਕੋਲੋਂ ਕੰਮ ਤੇ ਦਿਲੋਂ ਇੱਜ਼ਤ ਲਈ ਹੈ, ਉਹ ਕਿਸੇ ਹੋਰ ਅਫਸਰ ਨੇ ਨਹੀਂ ਲਈ। ਉਨ੍ਹਾਂ ਤੋਂ ਬਾਅਦ ਵਾਲ਼ੇ ਵੀ ਸਾਰੇ ਅਫਸਰ ਬਹੁਤ ਚੰਗੇ ਮਿਲੇ, ਪਰ ਉਨ੍ਹਾਂ ਵਰਗਾ ਅਫਸਰ ਮਿਲਣਾ ਮੇਰੀ ਇੱਕ ਅਭੁੱਲ ਯਾਦ ਹੈ। ਇਸ ਗੱਲ ਦਾ ਮੈਂ ਬੜਾ ਸ਼ੁਕਰ-ਗੁਜ਼ਾਰ ਹਾਂ; ਉਸ ਮਾਲਿਕ ਦਾ। ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ।
ਸ਼ੁਰੂ ਵਿੱਚ ਮੈਂ ਬੜੇ ਪਿਆਰ ਨਾਲ ਸਾਰੇ ਮਾਤਹਿਤਾਂ ਨਾਲ਼ ਰਿਹਾ, ਪਰ ਜਿਉਂ ਜਿਉਂ ਅਹੁਦਾ ਵਧਦਾ ਗਿਆ, ਮੈਂ ਕੁਝ ਸਖਤ ਤੇ ਰੁੱਖੇ ਸੁਭਾਅ ਵਾਲਾ ਹੁੰਦਾ ਗਿਆ। ਇਹ ਮੇਰਾ ਫੋਕਾ ਹੰਕਾਰ ਅਤੇ ਘੁਮੰਡ ਹੀ ਸੀ। ਇਹਦਾ ਗੁਨਾਹਗਾਰ ਹੁਣ ਮੈਂ ਖੁਦ ਨੂੰ ਹੀ ਠਹਿਰਾਉਂਦਾ ਹਾਂ। ਆਪਣੇ-ਆਪ ਨੂੰ ਕੋਸਦਾ ਹਾਂ, ਅਜੇ ਤੱਕ ਆਪਣੇ-ਆਪ ਨੂੰ ਮੁਆਫ ਨਹੀਂ ਕਰ ਸਕਿਆ।
ਜਿੰਨੇ ਜ਼ਿਆਦਾ ਵਾਰ ਅਤੇ ਜੋਸ਼ ਨਾਲ ਮੈਂ ਨਰਮ ਬੋਲਣ ਦਾ ਸੰਕਲਪ ਲਿਆ, ਓਨਾ ਹੀ ਮੈਂ ਅਸਫਲ ਹੁੰਦਾ ਗਿਆ। ਮੈਂ ਚੁੱਪਚਾਪ ਬਹੁਤ ਸਾਰੀਆਂ ਸਹੁੰਆਂ ਖਾ ਲਈਆਂ ਸਨ, ਸਭ ਗੰਭੀਰਤਾ ਨਾਲ ਲਈਆਂ, ਮੈਂ ਹਰ ਇੱਕ ਨੂੰ ਤੋੜ ਦਿੱਤਾ।
ਬੜਾ ਪਸ਼ਚਾਤਾਪ ਹੈ, ਪਰ ਹੁਣ ਪਛਤਾਇਆਂ ਕੀ ਫਾਇਦਾ? ਹਾਂ, ਜਦੋਂ ਮੈਂ ਉਚੇ ਅਹੁਦੇ ਉਤੇ ਅਖੀਰਲੇ ਦੋ ਸਾਲ ਨੌਕਰੀ `ਤੇ ਰਿਹਾ ਤਾਂ ਇਸ ਗੁਨਾਹ ਨੂੰ ਕਾਫੀ ਹੱਦ ਤੱਕ ਦੂਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਹਰ ਛੋਟੇ-ਵੱਡੇ ਅਫਸਰ ਅਤੇ ਮਾਤਹਿਤਾਂ ਨਾਲ ਮਿੱਠਾ ਬੋਲਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਦਿਲ ਖੋਲ੍ਹ ਕੇ ਕਰਦਾ। ਚੰਗੇ ਗੁਣ ਉਨ੍ਹਾਂ ਦੇ ਲੱਭਦਾ, ਫਿਰ ਰੱਜ ਕੇ ਸਿਫਤ ਕਰਦਾ ਤੇ ਹੱਲਾਸ਼ੇਰੀ ਦਿੰਦਾ। ਉਸ ਵੇਲੇ ਮੈਨੂੰ ਇਹ ਨਿੱਜੀ ਅਹਿਸਾਸ ਹੋਇਆ ਕਿ ਕਿਸੇ ਦੀ ਦਿਲੋਂ ਕੀਤੀ ਪ੍ਰਸ਼ੰਸਾ ਬੜਾ ਜਾਦੂ ਭਰਿਆ ਅਸਰ ਕਰਦੀ ਹੈ, ਬਿਨਾ ਕਿਹਾਂ ਸਭ ਆਪਣੇ ਫਰਜ਼ ਅਤੇ ਜ਼ਿੰਮੇਵਾਰੀ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਸਨ। ਹੇ! ਪ੍ਰਸ਼ੰਸਾ ਤੂੰ ਕੈਸੀ ਚੀਜ਼ ਹੈਂ? ਤੇਰੇ ਅਸਰ ਤੋਂ ਕੋਈ ਨਹੀਂ ਬਚ ਸਕਦਾ! ਕਾਸ਼ ਮੈਨੂੰ ਇਹਦਾ ਪਹਿਲਾਂ ਪਤਾ ਹੁੰਦਾ।
ਅਠੱਤੀ ਵਰਿ੍ਹਆਂ ਦੀ ਨੌਕਰੀ ਖਤਮ ਹੋ ਗਈ। ਪੰਜ ਸਾਲ ਪਤਨੀ ਨਾਲ ਚੰਗੇ ਲੰਘ ਗਏ। ਅਚਾਨਕ ਪਤਨੀ ਬੀਮਾਰ ਹੋ ਗਈ। ਦੋ ਸਾਲ ਵਧੀਆ ਹਸਪਤਾਲ ਤੋਂ ਇਲਾਜ ਚਲਦਾ ਰਿਹਾ, ਠੀਕ ਵੀ ਹੋ ਗਈ ਪਰ ਆਖਰ ਦੋ-ਤਿੰਨ ਹਫਤਿਆਂ ਬਾਅਦ ਸਾਥ ਛੱਡ ਗਈ ਤੇ ਪਤਾ ਨਹੀਂ ਕਿਸ ਅਣਜਾਣੀ ਦੁਨੀਆਂ ਦੇ ਸਫਰ ਨੂੰ ਰਵਾਨਾ ਹੋ ਗਈ। ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਸ਼ਾਹ ਜੀ, ਬਹੁਤ ਸਤਿਕਾਰਯੋਗ ਸਿਆਣੇ ਮਿੱਤਰਾਂ ਨੇ ਕਿਹਾ, ਜਿੰਨਾ ਜਲਦੀ ਇਹ ਸੱਚਾਈ ਕਬੂਲ ਕਰੋਗੇ, ਓਨਾ ਹੀ ਬਿਹਤਰ ਹੋਵੇਗਾ। ਬੱਚਿਆਂ ਨੇ ਕਿਹਾ ਕਿ ਇੱਥੇ ਤੁਹਾਡਾ ਹੁਣ ਕੌਣ ਹੈ? ਅਮਰੀਕਾ ਆਪਣੇ ਨਾਲ ਮੈਨੂੰ ਲੈ ਆਏ। ਸ਼ਾਹ ਜੀ, ਹੁਣ ਮੇਰਾ ਕਰਜ਼ਾ ਹੋਰ ਵਧ ਰਿਹਾ ਹੈ। ਵਿਹਲਾ ਹਾਂ, ਬੱਚਿਆਂ ਦਾ ਕੁਝ ਸਵਾਰ ਨਹੀਂ ਸਕਦਾ। ਆਪਣੇ ਪੋਤਰਿਆਂ-ਪੋਤਰੀਆਂ ਨਾਲ ਪਿਆਰ ਨਾਲ ਹੱਸ ਖੇਡ ਲੈਂਦਾ ਹਾਂ। ਲੜਕੇ ਅਤੇ ਉਨ੍ਹਾਂ ਦੀਆਂ ਵਹੁਟੀਆਂ ਮੇਰਾ ਬਹੁਤ ਖਿਆਲ ਰੱਖਦੇ ਹਨ। ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਣ ਦਿੰਦੇ। ਸ਼ੁਕਰ ਹੈ ਰੱਬ ਦਾ, ਰੱਬ ਸਭ ਨੂੰ ਇਸ ਤਰ੍ਹਾਂ ਦੀ ਔਲਾਦ ਦੇਵੇ। ਏਕਾਂਤ ਵਿੱਚ ਸਤਿਕਾਰਯੋਗ ਸਤਿਗੁਰੂ ਨੂੰ ਯਾਦ ਕਰ ਲੈਂਦਾ ਹਾਂ।
ਸ਼ਾਹ ਜੀ ਬੋਲੇ, ਚਤਰ ਨਾਥ ਬੱਸ ਹੁਣ ਤੂੰ ਆਪਣਾ ਹਾਲ ਸੁਣਾ ਦਿੱਤਾ ਹੈ, ਹੁਣ ਧਿਆਨ ਨਾਲ ਮੇਰੀ ਗੱਲ ਸੁਣ। ਓ ਚਤਰ ਨਾਥ! ਤੇਰੀਆਂ ਚਤੁਰਾਈਆਂ ਕਿਸੇ ਕੰਮ ਨਹੀਂ ਆ ਸਕਦੀਆਂ। ਥੋੜ੍ਹਾ ਜਿਹਾ ਵਿਚਾਰ ਕਰ। ਭਲਾ ਕੀ ਕਰਜ਼ਿਆਂ ਦੀ ਕੈਸੀ ਇਹ ਪੰਡ ਤੇਰੀ, ਤੇਰੇ ਕੈਸੇ ਇਹ ਪਸ਼ਚਾਤਾਪ ਜਿਨ੍ਹਾਂ ਦਾ ਬੋਝ ਚੁਕੀ ਫਿਰ ਰਿਹਾ ਹੈਂ। ਓ ਬੇਸਮਝ ਚਤਰ ਨਾਥ ਬੰਦਿਆ! ਮੇਰੇ ਸਤਿਗੁਰੂ ਜੀ ਵੀ ਉਹ ਹੀ ਹਨ, ਜੋ ਤੇਰੇ ਹਨ। ਢੇਰੀ ਕਰ ਦੇ ਉਨ੍ਹਾਂ ਦੇ ਅੱਗੇ ਇਨ੍ਹਾਂ ਕਰਜ਼ਿਆਂ ਦੀ, ਇਨ੍ਹਾਂ ਪਸ਼ਚਾਤਾਪਾਂ ਦੀ। ਮੈਂ, ਤੇਰਾ-ਮੇਰਾ ਦੀ ਦੀਵਾਰ ਢਾਹ ਦੇ ਅਤੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸੌਂਪ ਦੇ ਉਸ ਦਿਆਲੂ ਸਤਿਗੁਰੂ ਸ਼ਹਿਨਸ਼ਾਹ ਨੂੰ। ਯਾਦ ਕਰ, ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, “ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਬੇਪਰਵਾਹੁ॥”
ਸ਼ਾਹ ਜੀ, ਤੁਸੀਂ ਧੰਨ ਹੋ, ਤਹਾਡਾ ਵਿਸ਼ਵਾਸ ਸਤਿਗੁਰੂ `ਤੇ ਪੂਰਾ ਹੈ।
ਚਤਰ ਨਾਥ, ਮੈਨੂੰ ਜ਼ਰਾ ਆਸਰਾ ਦੇਈਂ, ਪਤਾ ਨਹੀਂ ਮੈਨੂੰ ਕੀ ਹੋ ਰਿਹਾ ਹੈ।
ਹਾਂ ਸ਼ਾਹ ਜੀ, ਤੁਹਾਡਾ ਸਰੀਰ ਬੜਾ ਹਲਕਾ ਅਤੇ ਨਿਢਾਲ ਲੱਗ ਰਿਹਾ ਹੈ, ਤੁਸੀਂ ਤੇ ਅਜੀਬ ਨੂਰ ਹੀ ਨਜ਼ਰ ਆ ਰਹੇ ਹੋ, ਤੁਹਾਡਾ ਸਰੀਰ ਕਿੱਥੇ ਛੁਪ ਗਿਆ ਹੈ। ਉਹ ਨੂਰ ਵੀ ਮੈਨੂੰ ਹੁਣ ਨਜ਼ਰ ਨਹੀਂ ਆ ਰਿਹਾ। ਵਾਹ ਇਹ ਕਿੰਨੀ ਮਿੱਠੀ ਤੋਂ ਵੀ ਮਿੱਠੀ ਆਵਾਜ਼ ਆ ਰਹੀ ਹੈ! ਇਹ ਤਾਂ ਸਤਿਗੁਰੂ ਦੀ ਆਵਾਜ਼ ਹੈ। ਸ਼ਾਹ ਜੀ, ਤੁਸੀ ਧੰਨ ਹੋ, ਮਹਾਰਾਜ ਤੁਹਾਨੂੰ ਆਪ ਲੈਣ ਆਏ ਅਤੇ ਲੈ ਗਏ ਹਨ। ਤੁਸੀਂ ਵੱਡੇ ਭਾਗਾਂ ਵਾਲੇ ਹੋ। ਧੰਨ ਹੋ ਤੁਸੀਂ ਤੇ ਧੰਨ ਹਨ ਸਤਿਗੁਰੂ ਜੀ। ਸ਼ਾਹ ਜੀ ਦਾ ਆਪਣੇ ਸਤਿਗੁਰੂ ਉਪਰ ਕਿੰਨਾ ਪੱਕਾ ਭਰੋਸਾ ਸੀ। ਹੇ ਮੇਰੇ ਮਨ! ਤੂੰ ਵੀ ਭਰੋਸਾ ਪੱਕਾ ਕਰ, ਕਿਉਂ ਡੋਲਦਾ ਰਹਿੰਦਾ ਹੈ ਤੇਰਾ ਭਰੋਸਾ! ਅਜੇ ਵੀ ਮੌਕਾ ਹੈ, ਛੱਡ ਦੇ ਚਤੁਰਾਈਆਂ, ਕਿਸੇ ਕੰਮ ਨਹੀਂ ਆਉਣਾ ਇਨ੍ਹਾਂ ਨੇ।