ਰਵਿੰਦਰ ਸੋਹੀ ਉਰਫ ‘ਕੁੱਕੂ ਬਾਈ’ ਮੇਰੇ ਇਲਾਕੇ ਦਾ ਇੱਕ ਧੜੱਲੇਦਾਰ ਬੰਦਾ ਸੀ। ਉਸ ਨੂੰ ਵੱਖ ਵੱਖ ਖੇਤਰਾਂ ਨਾਲ ਜੁੜੇ ਕੰਮ ਕਰਨੇ ਅਤੇ ਕਰਾਉਣੇ ਆਉਂਦੇ ਸਨ। ਮੈਂ ਨਿਜੀ ਤੌਰ `ਤੇ ਉਸ ਨੂੰ ਕਦੇ ਨਹੀਂ ਮਿਲਿਆ, ਪਰ ਜਦੋਂ ਮੈਂ ਸਾਲ 2002 ਦੇ ਅਕਤੂਬਰ ਮਹੀਨੇ ‘ਪੰਜਾਬੀ ਟ੍ਰਿਬਿਊਨ’ ਦੀ ਪੱਤਰਕਾਰੀ ਸ਼ੁਰੂ ਕੀਤੀ ਤਾਂ ਉਸ ਪਿੱਛੋਂ ਹਲਕੇ ਦੀਆਂ ਸਿਆਸੀ ਸਫਾਂ ਵਿੱਚ ਵਿਚਰਦਿਆਂ ਕੁੱਕੂ ਸੋਹੀ ਬਾਰੇ ਪਤਾ ਲੱਗਦਾ ਗਿਆ।
ਸਿਆਸਤ ਦੀ ਸ਼ਰੀਕੇਬਾਜ਼ੀ ਹੋਣ ਦੇ ਬਾਵਜੂਦ ਕੁੱਕੂ ਸੋਹੀ ਦੀ ਮਕਬੂਲੀਅਤ ਦਾ ਚਰਚਾ ਬਰਕਰਾਰ ਸੀ। ਮੇਰਾ ਪਰਿਵਾਰ ਮੂਲ ਤੌਰ `ਤੇ ਕੈਪਟਨ ਕੰਵਲਜੀਤ ਸਿੰਘ ਦਾ ਹਮਾਇਤੀ ਰਿਹਾ ਹੈ, ਜਿਸ ਕਾਰਨ ਹਲਕੇ ਦੇ ਹੋਰਨਾਂ ਲੋਕਾਂ ਵਾਂਗ ਮੇਰੇ ਮਨ ਵਿੱਚ ਵੀ ਕੈਪਟਨ ਕੰਵਲਜੀਤ ਸਿੰਘ ਦੀ ਸ਼ਖਸੀਅਤ ਦਾ ਸਤਿਕਾਰ ਰਿਹਾ ਹੈ; ਪਰ ਪੱਤਰਕਾਰੀ ਕਰਦਿਆਂ ਵੱਖ ਵੱਖ ਲੋਕਾਂ ਨਾਲ ਹੁੰਦੀ ਗੱਲਬਾਤ ਦੌਰਾਨ ਮੈਨੂੰ ਇਹ ਪ੍ਰਤੀਤ ਹੋਣ ਲੱਗ ਪਿਆ ਸੀ ਕਿ ਹਲਕੇ ਦੀ ਸਿਆਸਤ ਵਿੱਚ ਕੈਪਟਨ ਕੰਵਲਜੀਤ ਸਿੰਘ ਨੂੰ ਜੇ ਕੋਈ ਟੱਕਰ ਦੇ ਸਕਦਾ ਸੀ ਤਾਂ ਉਹ ਰਵਿੰਦਰ ਸੋਹੀ ਹੀ ਸੀ। ਹਾਲਾਂ ਕਿ ਕੁੱਕੂ ਸੋਹੀ ਦੇ ਅਕਾਲ ਚਲਾਣੇ ਪਿੱਛੋਂ ਵਿਧਾਨ ਸਭਾ ਚੋਣਾਂ ਵਿੱਚ ਉਸ ਦੀ ਪਤਨੀ ਸ਼ੀਲਮ ਸੋਹੀ ਬਹੁਤ ਘੱਟ ਫਰਕ ਨਾਲ ਚੋਣ ਹਾਰੀ ਸੀ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁੱਕੂ ਸੋਹੀ ਦੀ ਮਕਬੂਲੀਅਤ ਅਸਰ-ਅੰਦਾਜ਼ ਜ਼ਰੂਰ ਸੀ ਤੇ ਕਿਤੇ ਕਿਤੇ ਹਮਦਰਦੀ ਦੀ ਵੋਟ ਵੀ ਭੁਗਤ ਹੋਈ ਸੀ।
ਹਾਲਾਤ ਦੀ ਸਿਤਮਜ਼ਰੀਫੀ ਇਹ ਕਿ ਸਮੇਂ ਸਮੇਂ ਹੋਏ ਉਤਰਾਅ-ਚੜ੍ਹਾਅ ਕਾਰਨ ਕੈਪਟਨ ਕੰਵਲਜੀਤ ਸਿੰਘ ਤੇ ਰਵਿੰਦਰ ਸੋਹੀ ਦਾ ਪਰਿਵਾਰ ਇਨ੍ਹਾਂ ਘਾਗ ਸਿਆਸਤਦਾਨਾਂ ਦੇ ਅਕਾਲ ਚਲਾਣੇ ਪਿੱਛੋਂ ਸਿਆਸਤ ਦੀਆਂ ਤਿਕੜਮਾਂ ਅਤੇ ਕੁਝ ਹੋਰ ਕਾਰਨਾਂ ਕਰ ਕੇ ਸਿਆਸੀ ਸਫਾਂ ਵਿੱਚੋਂ ਹੌਲੀ ਹੌਲੀ ਬਾਹਰ ਹੀ ਹੋ ਗਿਆ। ਖੈਰ! ਦੋਹਾਂ ਪਰਿਵਾਰਾਂ ਦੇ ਸਿਆਸੀ ਸਫਰ ਦੀਆਂ ਅਨੇਕਾਂ ਤ੍ਰਾਸਦੀਆਂ ਹਨ, ਜਿਨ੍ਹਾਂ ਦਾ ਵੇਰਵਾ ਕਦੇ ਫਿਰ ਸਹੀ। ਹਥਲੇ ਲੇਖ ਵਿੱਚ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਮਰਹੂਮ ਰਵਿੰਦਰ ਸੋਹੀ ਦੀ ਮਕਬੂਲੀਅਤ ਦੇ ਅਣਗੌਲ਼ੇ ਵਰਤਾਰੇ ਦਾ ਪੱਖ ਪੇਸ਼ ਕੀਤਾ ਹੈ। –ਕੁਲਜੀਤ ਦਿਆਲਪੁਰੀ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
ਸਮਾਜ ਵਿੱਚ ਕਈ ਵਰਤਾਰੇ ਅਜਿਹੇ ਵਾਪਰਦੇ ਹਨ ਕਿ ਉਹ ਬਹੁਤ ਅਹਿਮ ਹੋਣ ਦੇ ਬਾਵਜੂਦ ਅਣਗੌਲੇ ਹੀ ਰਹਿ ਜਾਂਦੇ ਹਨ। ਐਸੇ ਹੀ ਇੱਕ ਵਰਤਾਰੇ ਦੀ ਗੱਲ ਮਰਹੂਮ ਰਵਿੰਦਰ ਸਿੰਘ ਸੋਹੀ ਉਰਫ ਕੁੱਕੂ ਸੋਹੀ ਦੇ ਹਵਾਲੇ ਨਾਲ ਕਰਦੇ ਹਾਂ। ਅੱਜ ਕੱਲ੍ਹ ਜ਼ਿਲ੍ਹਾ ਮੁਹਾਲੀ ਅਤੇ ਜ਼ੀਰਕਪੁਰ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਬਰਟਾਣਾ ਦਾ ਜੰਮਪਲ ਸੀ ਰਵਿੰਦਰ ਸੋਹੀ। ਉਹ 42 ਸਾਲ ਦੀ ਉਮਰ ਵਿੱਚ ਤਿੰਨ ਜੁਲਾਈ 2001 ਨੂੰ ਇਸ ਜਹਾਨੋਂ ਕੂਚ ਕਰਨ ਤੋਂ ਪਹਿਲਾਂ ਬਹੁਤ ਕੁੱਝ ਅਜਿਹਾ ਕਰ ਗਿਆ, ਜੀਹਦਾ ਜਲੌਅ ਉਹਦੀ ਮੌਤ ਤੋਂ ਬਾਅਦ ਹੀ ਜਾਹਰ ਹੋਇਆ। ਹਲਕੇ ਦੇ ਜਿਹੜੇ ਲੋਕ ਉਹਨੂੰ ਕਦੇ ਮਿਲੇ ਵੀ ਨਹੀਂ ਸਨ, ਉਹ ਵੀ ਕਹਿੰਦੇ ਸੁਣੇ ਸੀ ਕਿ ਜੇ ਕੁੱਕੂ ਕਿਤੇ ਵੋਟਾਂ `ਚ ਖੜ ਜੇ ਤਾਂ ਲਾਜ਼ਮੀ ਜਿੱਤੂਗਾ। ਇਸ ਲੋਕ ਆਵਾਜ਼ ਦੀ ਜਨਤਕ ਤਸਦੀਕ ਉਹਦੀ ਮੌਤ ਮਗਰੋਂ ਵੀ ਹੋਈ। ਲੋਕਾਂ ਵਿੱਚ ਉਹਦੀ ਇੰਨੀ ਮਕਬੂਲੀਅਤ ਵਾਲਾ ਇਹ ਵਰਤਾਰਾ ਅੱਜ ਤੱਕ ਵੀ ਅਣਗੌਲਿਆ ਰਿਹਾ ਹੈ।
ਲੋਕਾਂ ਦੇ ਮਨਾਂ ਵਿੱਚ ਜੋ ਰਵਿੰਦਰ ਸੋਹੀ ਦੀ ਗਹਿਰੀ ਛਾਪ ਸੀ, ਉਹਨੂੰ ਨਾਪਣ ਤੋਂ ਪਹਿਲਾਂ ਰਵਿੰਦਰ ਸੋਹੀ ਦਾ ਪਿਛੋਕੜ ਅਤੇ ਮੌਕੇ ਦੇ ਸਿਆਸੀ ਮਾਹੌਲ ਬਾਰੇ ਦੱਸਣਾ ਜਰੂਰੀ ਹੈ। 1959 `ਚ ਜਨਮੇ ਰਵਿੰਦਰ ਸੋਹੀ ਦੇ ਪਿਤਾ ਬਲਵੀਰ ਸਿੰਘ ਬਰਟਾਣਾ ਮਾਰਚ 1969 ਤੋਂ ਲੈ ਕੇ ਜੂਨ 1971 ਤੱਕ ਪੰਜਾਬ ਦੇ ਸਿਰਫ ਦੋ ਸਾਲ ਹੀ ਐਮ.ਐਲ.ਏ. ਰਹੇ, ਜੋ ਬਾਅਦ ਵਿੱਚ ਸਿਆਸੀ ਮੈਦਾਨ `ਚੋਂ ਲਗਭਗ ਅਲੋਪ ਹੀ ਰਹੇ ਜਾਂ ਇਉਂ ਕਹਿ ਲਓ ਕਿ ਰਵਿੰਦਰ ਸੋਹੀ ਨੂੰ ਆਪਣੇ ਪਿਤਾ ਦੀ ਕੋਈ ਖ਼ਾਸ ਸਿਆਸੀ ਜਾਇਦਾਦ ਨਹੀਂ ਮਿਲੀ। ਰਵਿੰਦਰ ਸੋਹੀ 1993 ਵਿੱਚ ਪਿੰਡ ਦੇ ਸਰਪੰਚ ਬਣੇ। 1994 ਵਿੱਚ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਉੱਚਾ ਸਿਆਸੀ ਐਜਾਜ਼ ਸੀ; ਪਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨੀ ਦਾ ਅਹੁਦਾ ਸਿਆਸੀ ਤਾਕਤ ਵਜੋਂ ਕੁੱਝ ਵੀ ਨਹੀਂ ਹੁੰਦਾ। ਇਹਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਾ ਨਾਂ ਤੱਕ ਵੀ ਨਹੀਂ ਪਤਾ ਹੁੰਦਾ ਅਤੇ ਨਾ ਹੀ ਕਦੇ ਜ਼ਿਲ੍ਹਾ ਪ੍ਰੀਸ਼ਦ ਤੱਕ ਕੋਈ ਕੰਮ ਪੈਂਦਾ ਹੈ। ਭਾਵ ਸੋਹੀ ਦੀ ਹਰਮਨ ਪਿਆਰਤਾ ਵਿੱਚ ਕਿਸੇ ਸਿਆਸੀ ਅਹੁਦੇ ਜਾਂ ਸਿਆਸੀ ਵਿਰਾਸਤ ਦਾ ਕੋਈ ਹੱਥ ਨਹੀਂ ਸੀ।
ਆਪਣੇ ਆਖ਼ਰੀ ਸਾਹਾਂ ਤੱਕ ਉਹ ਕਾਂਗਰਸ ਪਾਰਟੀ `ਚ ਸ਼ਾਮਲ ਤਾਂ ਜਰੂਰ ਸੀ, ਪਰ ਪਾਰਟੀ ਦੀ ਕੋਈ ਅਹੁਦੇਦਾਰੀ ਉਹਦੇ ਕੋਲ ਨਹੀਂ ਸੀ। ਹਾਂ, ਉਹ ਬਨੂੜ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਟਿਕਟ ਦਾ ਜਰੂਰ ਚਾਹਵਾਨ ਸੀ, ਪਰ ਉਹ ਟਿਕਟ ਦੇ ਚਾਹਵਾਨਾਂ ਵਾਂਗ ਉਵੇਂ ਸਗਰਗਮ ਨਹੀਂ ਸੀ, ਜਿਵੇਂ ਅਕਸਰ ਟਿਕਟ ਮੰਗਣ ਵਾਲੇ ਬੰਦੇ ਲੋਕਾਂ ਵਿੱਚ ਭੱਜ-ਨੱਠ ਕਰਦੇ ਹਨ। ਉਹਦਾ ਠਿਕਾਣਾ ਆਪਣੀ ਚੰਡੀਗੜ੍ਹ ਦੇ ਸੈਕਟਰ-2 ਵਾਲੀ ਰਿਹਾਇਸ਼, ਜ਼ੀਰਕਪੁਰ ਵਾਲਾ ਬਜਰੀ ਦਾ ਕਰੈਸ਼ਰ ਜਾਂ ਜ਼ਿਲ੍ਹਾ ਜਗਾਧਰੀ `ਚ ਬਿਲਾਸਪੁਰ ਵਾਲਾ ਖੇਤੀਬਾੜੀ ਵਾਲਾ ਫਾਰਮ ਸੀ।
ਹੁਣ ਗੱਲ ਕਰਦੇ ਹਾਂ ਉਸ ਵੇਲੇ ਦੇ ਹਲਕਾ ਬਨੂੜ ਦੀ ਸਿਆਸੀ ਸੂਰਤੇਹਾਲ ਦੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਹਲਕਾ ਬਨੂੜ ਤੋਂ ਕੈਪਟਨ ਕੰਵਲਜੀਤ ਸਿੰਘ ਐਮ.ਐਲ.ਏ. ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਤੇ ਮੁੱਖ ਮੰਤਰੀ ਤੋਂ ਬਾਅਦ ਸਭ ਤੋਂ ਤਾਕਤਵਰ ਵਜ਼ੀਰ ਸਨ। ਕੈਪਟਨ ਕੰਵਲਜੀਤ ਸਿੰਘ ਦੀ ਨਿੱਤ ਦਿਹਾੜੀ ਹਲਕੇ ਦੇ ਸੈਂਕੜੇ ਲੋਕਾਂ ਨੂੰ ਮਿਲਦੇ ਸਨ ਤੇ ਉਨ੍ਹਾਂ ਦੇ ਕੰਮ ਕਰਦੇ ਸਨ। ਕਿਸੇ ਅਫਸਰ ਦੀ ਮਜਾਲ ਨਹੀਂ ਸੀ ਕਿ ਕੈਪਟਨ ਸਾਹਿਬ ਦੇ ਹੁਕਮ ਦੀ ਅਦੂਲੀ ਕਰ ਸਕੇ।
ਕੈਪਟਨ ਸਾਹਿਬ ਨੇ ਹਲਕੇ ਵਿੱਚ ਇੰਨਾ ਪੈਸਾ ਸਰਕਾਰੀ ਖਜ਼ਾਨੇ ਵਿੱਚੋਂ ਖਰਚਿਆ, ਜਿੰਨਾ ਕਿ ਮੁੱਖ ਮੰਤਰੀ ਨੇ ਆਪਣੇ ਹਲਕੇ ਵਿੱਚ ਸ਼ਾਇਦ ਹੀ ਖਰਚਿਆ ਹੋਵੇ। ਛੋਟੇ-ਛੋਟੇ ਪਿੰਡਾਂ ਨੂੰ ਵੀ ਮੰਗ ਕਰਨ `ਤੇ 50-50 ਲੱਖ ਦੀ ਗ੍ਰਾਂਟ ਦੇ ਚੈੱਕ ਮੌਕੇ `ਤੇ ਹੀ ਸਰਪੰਚਾਂ ਦੇ ਹੱਥ `ਤੇ ਧਰ ਦੇਣੇ ਕੈਪਟਨ ਸਾਹਿਬ ਵਾਸਤੇ ਮਾਮੂਲੀ ਜਿਹੀ ਗੱਲ ਸੀ। ਪਿੰਡਾਂ ਦੇ ਦੌਰਿਆਂ ਦੌਰਾਨ ਜਿਹੜੀ ਵੀ ਸਮੱਸਿਆ ਕਪਤਾਨ ਸਾਹਿਬ ਦੇ ਧਿਆਨ ਵਿੱਚ ਲਿਆਂਦੀ ਜਾਂਦੀ ਸੀ, ਉਹਦਾ ਹੱਲ ਕਰਨ ਵਾਸਤੇ ਮੌਕੇ `ਤੇ ਹੀ ਅਫਸਰਾਂ ਨੂੰ ਹੁਕਮ ਹੋ ਜਾਂਦੇ ਸਨ।
ਰੋਅਬਦਾਰ ਸੁਭਾਅ ਵਾਲੇ ਕਪਤਾਨ ਸਾਹਿਬ ਦੀ ਇੰਨੀ ਦਹਿਸ਼ਤ ਸੀ ਕਿ ਕਿਸੇ ਵੱਲੋਂ ਉਨ੍ਹਾਂ ਦੇ ਵਿਰੋਧ ਦਾ ਹੀਆ ਕਰਨਾ ਤਾਂ ਇੱਕ ਪਾਸੇ ਰਿਹਾ, ਜੇ ਕੋਈ ਜਣਾ ਕਿਸੇ ਹੋਰ ਲੀਡਰ ਨੂੰ ਚਾਹ ਵੀ ਪਿਆ ਦਿੰਦਾ ਸੀ ਤਾਂ ਉਹਨੂੰ ਵੀ ਕੈਪਟਨ ਸਾਹਿਬ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਸੀ। ਹਲਕੇ ਦੇ ਬਹੁਤੇ ਲੋਕ ਹੋਰ ਕਿਸੇ ਲੀਡਰ ਨੂੰ ਆਪਣੇ ਖੁਸ਼ੀ-ਗ਼ਮੀ ਦੇ ਸਮਾਗਮਾਂ ਵਿੱਚ ਸੱਦਾ ਦੇਣੋਂ ਵੀ ਘਬਰਾਉਂਦੇ ਸਨ। ਉਸ ਵੇਲੇ ਹਲਕੇ ਦਾ ਇਹ ਮਾਹੌਲ ਬਿਆਨਣ ਦਾ ਇਹ ਮਕਸਦ ਹੈ ਕਿ ਪਤਾ ਲੱਗ ਸਕੇ ਕਿ ਪਾਰਟੀ `ਚ ਕੋਈ ਜ਼ਿਲ੍ਹਾ ਪੱਧਰੀ ਪੁੱਗਤ ਵੀ ਨਾ ਰੱਖਣ ਵਾਲੇ ਕੁੱਕੂ ਸੋਹੀ ਵਰਗੇ ਕਿਸੇ ਸ਼ਖਸ ਨੂੰ ਮਕਬੂਲੀਅਤ ਖੱਟਣੀ ਕਿੰਨੀ ਕੁ ਸੌਖੀ ਹੋਵੇਗੀ! ਦੂਜੀ-ਤੀਜੀ ਕਤਾਰ ਦੇ ਲਗਭਗ ਸਾਰੇ ਕਾਂਗਰਸੀਆਂ ਦੀ ਕਪਤਾਨ ਸਾਹਿਬ ਨੇ ਅਕਾਲੀ ਦਲ `ਚ ਸ਼ਮੂਲੀਅਤ ਕਰਵਾ ਕੇ ਸਿਆਸੀ ਵਿਰੋਧ ਨੂੰ ਸਾਹ-ਸਤ ਹੀਣ ਕਰ ਦਿੱਤਾ ਸੀ ਤੇ ਦਹਿ-ਹਜ਼ਾਰਾਂ ਲੋਕਾਂ ਦੇ ਸਿੱਧੇ ਕੰਮ ਕਰਕੇ ਉਨ੍ਹਾਂ ਨੂੰ ਸਿੱਧਿਆਂ ਆਪਣੇ ਹਮਾਇਤੀ ਬਣਾ ਲਿਆ ਸੀ।
ਇੰਨੀ ਮਿਹਨਤ ਕਰਕੇ ਆਪਣੀ ਜਿੱਤ ਘੱਟੋ-ਘੱਟ 60 ਹਜ਼ਾਰ ਵੋਟਾਂ ਦੇ ਫਰਕ ਨਾਲ ਯਕੀਨੀ ਸਮਝ ਰਹੇ ਕੈਪਟਨ ਕੰਵਲਜੀਤ ਸਿੰਘ ਨੇ ਪਾਰਟੀ ਵਰਕਰਾਂ ਤੋਂ ਵੀ ਜਿੱਤ ਦੇ ਮਾਰਜਨ ਬਾਰੇ ਵੋਟਾਂ ਤੋਂ ਇੱਕ ਸਾਲ ਪਹਿਲਾਂ ਰਾਇ ਲੈਣੀ ਸ਼ੁਰੂ ਕੀਤੀ ਕਰ ਦਿੱਤੀ ਸੀ। ਅਪਰੈਲ 2001 ਵਿੱਚ ਕੈਪਟਨ ਸਾਹਿਬ ਨੇ ਹਲਕੇ ਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ। ਇਸ ਤਹਿਤ ਉਨ੍ਹਾਂ ਨੇ ਹਰ ਰੋਜ ਲਗਭਗ 5-5 ਪਿੰਡਾਂ ਵਿੱਚ ਲੋਕ ਦਰਬਾਰ ਲਾਉਣੇ ਸ਼ੁਰੂ ਕੀਤੇ। ਸਮੱਸਿਆਵਾਂ ਦੇ ਹੱਲ ਕਰਨ ਅਤੇ ਮੌਕੇ `ਤੇ ਗ੍ਰਾਂਟਾਂ ਦੇ ਚੈੱਕ ਦੇਣ ਬਾਅਦ ਉਨ੍ਹਾਂ ਦਾ ਮੁਕਾਮੀ ਬੋਲੀ ਵਿੱਚ ਲੋਕਾਂ ਨੂੰ ਸਵਾਲ ਹੁੰਦਾ ਸੀ, “ਚੌਧਰੀ! ਥਾਰੇ ਸਾਰੇ ਕੰਮ ਤੋ ਮੰਨੇ ਕਰ ਦੀਏ, ਇਬ ਬੋਟਾਂ ਕੀ ਬਤਓ ਕਿਤਰੋਂ ਰਾਹਾਗਾ, ਕਿਤਨੀਆਂ ਬੋਟਾਂ ਤੇ ਜਤਾਮੇਂਗੇ ਥਮ ਮੰਨੂੰ?” ਹਰੇਕ ਪਿੰਡ `ਚ ਲਗਭਗ ਸਾਰੇ ਲੋਕਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ, “ਕੈਪਟਨ ਸਾਬ੍ਹ! ਜੈ ਤੋ ਕਾਂਗਰਸ ਕਿਨੀ `ਤੇ ਆ ਗਿਆ ਕੁੱਕੂ, ਤੋ ਮੁਕਾਬਲਾ ਹੋਵਾਗਾ; ਨਹੀਂ ਤੋ ਉਸਨੂੰ ਛੋੜ ਕੇ ਚਾਹੇ ਫਿਰ ਪਟਿਆਲੀਆ ਰਾਜਾ ਖੁਦ ਵੀ ਆ ਜਾ ਕਾਂਗਰਸ ਕਿਨੀ `ਤੇ, ਫਿਰ ਤੋ ਜਮਾਨਤ ਜਪਤ ਕਰਾਕੇ ਤੋਰਾਂਗੇ ਉਰਾ ਤੇ।” ਕੈਪਟਨ ਸਾਹਿਬ ਦਾ ਬਹੁਤੀ ਥਾਂਈਂ ਮੋੜਵਾਂ ਜਵਾਬ ਇਹ ਹੁੰਦਾ ਸੀ ਕਿ ਤੁਸੀਂ ਇਹ ਕਹੋ ਕਿ ਵਿਰੋਧ ਵਿੱਚ ਜਿਹੜਾ ਮਰਜੀ ਉਮੀਦਵਾਰ ਆ ਜਾਵੇ, ਉਹਦੀ ਜ਼ਮਾਨਤ ਜ਼ਬਤ ਕਰਾਵਾਂਗੇ।
ਲੋਕਾਂ ਵੱਲੋਂ ਕੀਤੀ ਜਾ ਰਹੀ ਪੇਸ਼ੀਨਗੋਈ ਦੀ ਤਸਦੀਕ ਕੁੱਕੂ ਸੋਹੀ ਦੀ ਮੌਤ ਤੋਂ ਬਾਅਦ ਹੋਈ। ਦਿਲ ਦਾ ਦੌਰਾ ਪੈਣ ਕਾਰਨ ਰਵਿੰਦਰ ਸੋਹੀ ਦੀ ਮੌਤ 3 ਜੁਲਾਈ 2001 ਦੀ ਰਾਤ ਨੂੰ ਹੋਈ ਅਤੇ ਅੰਤਿਮ ਸਸਕਾਰ 4 ਜੁਲਾਈ ਨੂੰ ਜ਼ੀਰਕਪੁਰ `ਚ ਉਸ ਵੱਲੋਂ ਉਸਾਰੇ ਜਾ ਰਹੇ ਮੈਰਿਜ ਪੈਲਿਸ ਦੇ ਖੁੱਲ੍ਹੇ ਵਿਹੜੇ ਵਿੱਚ ਹੋਇਆ। ਉਨ੍ਹਾਂ ਦਿਨਾਂ ਵਿੱਚ ਮੋਬਾਇਲ ਫੋਨ ਨਾ ਹੋਣ ਦੇ ਬਾਵਜੂਦ ਇੰਨਾ ਇਕੱਠ ਹੋਇਆ, ਜੀਹਦੀ ਗਿਣਤੀ ਅਗਲੇ ਦਿਨ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਸੋਹਣ ਸਿੰਘ ਹੰਸ ਦੀ ਖ਼ਬਰ ਵਿੱਚ ਇਉਂ ਦੱਸੀ ਗਈ, “ਰਵਿੰਦਰ ਸੋਹੀ ਦੇ ਅੰਤਿਮ ਸਸਕਾਰ ਤੇ ਭੀੜ ਨੂੰ ਕੰਟਰੋਲ ਕਰਨ ਲਈ ਤਿੰਨ ਥਾਣਿਆਂ ਦੀ ਪੁਲਿਸ ਨੂੰ ਕਰੜੀ ਮੁਸ਼ੱਕਤ ਕਰਨੀ ਪਈ … ਆਉਂਦੀਆਂ ਚੋਣਾਂ `ਚ ਰਵਿੰਦਰ ਸੋਹੀ ਵੱਲੋਂ ਕਾਂਗਰਸ ਦਾ ਉਮੀਦਵਾਰ ਬਣਨ ਦੀਆਂ ਸੰਭਾਨਾਵਾਂ ਤੋਂ ਹਾਕਮ ਧੜਾ ਡਾਹਢਾ ਪ੍ਰੇਸ਼ਾਨ ਸੀ।”
ਇਹਤੋਂ 10 ਦਿਨਾਂ ਬਾਅਦ ਰਵਿੰਦਰ ਸੋਹੀ ਦੇ ਭੋਗ `ਤੇ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਅਗਲੇ ਦਿਨ ਅੰਗਰੇਜ਼ੀ ਟ੍ਰਿਬਿਊਨ ਦੀ ਖ਼ਬਰ ਨੇ ਇਉਂ ਬਿਆਨਿਆਂ, “ਇਸ ਭੋਗ `ਤੇ ਆਏ ਲੋਕਾਂ ਦੀ ਭੀੜ ਕਾਰਨ ਜ਼ੀਰਕਪੁਰ ਤੋਂ ਨਿਕਲਣ ਵਾਲੀਆਂ ਸਾਰੀਆਂ ਚਾਰੇ ਨੈਸ਼ਨਲ ਹਾਈਵੇਜ਼ 3 ਘੰਟੇ ਜਾਮ ਰਹੀਆਂ। ਅੰਗਰੇਜ਼ੀ ਅਖਬਾਰ ਆਮ ਤੌਰ `ਤੇ ਭੋਗ ਦੀ ਖ਼ਬਰ ਤਾਂ ਨਹੀਂ ਛਾਪਦਾ, ਪਰ ਦਿੱਲੀ ਤੋਂ ਤਿੰਨ ਸੂਬਿਆਂ ਦੀਆਂ ਰਾਜਧਾਨੀਆਂ ਨੂੰ ਜੋੜਦੀਆਂ ਵੀ.ਵੀ.ਆਈ.ਪੀ. ਗੱਡੀਆਂ ਦੀ ਆਵਾਜਾਈ ਵਾਲੀਆਂ ਸੜਕਾਂ ਦੇ ਘੰਟਿਆਂ ਬੱਧੀ ਜਾਮ ਹੋਣ ਕਰਕੇ ਖ਼ਬਰ ਛਾਪਣੀ ਪਈ। ਮੈਂ ਆਪਣੀ ਜ਼ਿੰਦਗੀ ਵਿੱਚ ਨੌਨ ਵੀ.ਆਈ.ਪੀ. ਜੀਵਨ ਬਸਰ ਕਰਦੇ ਕਿਸੇ ਇਨਸਾਨ ਦਾ ਨਾ ਤਾਂ ਇਹੋ ਜਿਹਾ ਅੰਤਿਮ ਸਸਕਾਰ ਵੇਖਿਆ ਹੈ ਅਤੇ ਨਾ ਹੀ ਅੰਤਿਮ ਅਰਦਾਸ। ਰਵਿੰਦਰ ਸੋਹੀ ਦੀ ਇੰਨੀ ਮਕਬੂਲੀਅਤ ਦੀ ਥਾਹ ਮੈਂ ਅੱਜ ਤੱਕ ਨਹੀਂ ਪਾ ਸਕਿਆ। ਕੁੱਕੂ ਸੋਹੀ ਦੇ ਨੇੜੇ ਰਹੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਵਿਚਲੀ ਗੱਲ ਦੀ ਸਮਝ ਨਹੀਂ ਪਈ। ਇਨ੍ਹਾਂ ਲੋਕਾਂ `ਚ ਡੇਰਾ ਬਸੀ ਮਿਊਂਸਪਲ ਕਮੇਟੀ ਦੇ ਪ੍ਰਧਾਨ ਰਹੇ ਭੁਪਿੰਦਰ ਸੈਣੀ, ਬਲਾਕ ਸੰਮਤੀ ਡੇਰਾ ਬਸੀ ਦੇ ਚੇਅਰਮੈਨ ਰਹੇ ਬਹਾਦਰ ਸਿੰਘ ਝਰਮੜੀ, ਜ਼ੀਰਕਪੁਰ ਮਿਊਂਸਪਲ ਕਮੇਟੀ ਦੇ ਪ੍ਰਧਾਨ ਰਹੇ ਕੁਲਵਿੰਦਰ ਸਿੰਘ ਸੋਹੀ, ਤ੍ਰਿਵੇਦੀ ਕੈਂਪ ਵਾਲੇ ਅਮਰ ਚਾਵਲਾ ਸ਼ਾਮਲ ਹਨ।
ਇੱਕ ਆਮ ਬੰਦੇ ਵੱਲੋਂ ਇੰਨੀ ਮਕਬੂਲੀਅਤ ਹਾਸਲ ਕਰ ਜਾਣ ਵਾਲੇ ਇਹੋ ਜਿਹੇ ਵਰਤਾਰੇ ਕਿਵੇਂ ਵਾਪਰਦੇ ਹਨ, ਇਹ ਅੱਜ ਕੱਲ੍ਹ ਦੇ ਸਿਆਸਤਦਾਨਾਂ ਦੀ ਦਿਲਚਸਪੀ ਦੇ ਵਿਸ਼ੇ ਹੋਣੇ ਚਾਹੀਦੇ ਹਨ। ਮੇਰੀ ਸਮਝ ਮੁਤਾਬਕ ਇਹੋ ਜਿਹੇ ਵਰਤਾਰਿਆਂ ਦਾ ਜੇ ਭੇਤ ਪਾਉਣਾ ਇੰਨਾ ਸੁਖਾਲਾ ਹੁੰਦਾ ਤਾਂ ਬਹੁਤ ਸਾਰੇ ਸਿਆਸਤਦਾਨਾਂ ਨੇ ਮਕਬੂਲ ਹੋਣ ਲਈ ਕੁੱਕੂ ਸੋਹੀ ਵਾਲੇ ਤੌਰ ਤਰੀਕੇ ਅਜ਼ਮਾ ਲੈਣੇ ਸਨ।
ਰਵਿੰਦਰ ਸੋਹੀ ਦੇ ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ ਵਿੱਚ ਲੋਕਾਂ ਦੇ ਹੋਏ ਭਾਰੀ ਇਕੱਠ ਦੀਆਂ ਖ਼ਬਰਾਂ ਨੇ ਕਾਂਗਰਸ ਹਾਈਕਮਾਂਡ ਨੂੰ ਵੀ ਇਸ ਹੱਦ ਤੱਕ ਕਾਇਲ ਕਰ ਦਿੱਤਾ ਕਿ ਉਹਨੇ ਰਵਿੰਦਰ ਸੋਹੀ ਦੀ ਪਤਨੀ ਬੀਬੀ ਸ਼ੀਲਮ ਸੋਹੀ ਨੂੰ ਜਨਵਰੀ 2002 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਨੂੜ ਹਲਕੇ ਤੋਂ ਕੈਪਟਨ ਕੰਵਲਜੀਤ ਸਿੰਘ ਦੇ ਮੁਕਾਬਲੇ ਕਾਂਗਰਸ ਦਾ ਟਿਕਟ ਦੇ ਦਿੱਤਾ। ਬੀਬੀ ਸ਼ੀਲਮ ਸੋਹੀ ਦਾ ਆਪਣੇ ਪਤੀ ਦੇ ਜਨਤਕ ਜੀਵਨ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਤੇ ਹਲਕਾ ਵਾਸੀਆਂ ਨੇ ਉਨ੍ਹਾਂ ਦਾ ਨਾਂ ਵੀ ਟਿਕਟ ਮਿਲਣ `ਤੇ ਹੀ ਪਹਿਲੀ ਦਫਾ ਸੁਣਿਆ ਸੀ। ਜੇ ਪੰਜਾਬੀ ਮੁਹਾਵਰੇ ਵਿੱਚ ਗੱਲ ਕਰੀਏ ਤਾਂ ਸ਼ੀਲਮ ਸੋਹੀ ਇੱਕ ਅਜਿਹੀ ਔਰਤ ਸੀ, ਜੀਹਨੇ ਕਦੇ ਘਰ ਦੀ ਦੇਹਲ਼ੀ ਤੋਂ ਬਾਹਰ ਪੈਰ ਵੀ ਨਹੀਂ ਸੀ ਕੱਢਿਆ, ਇਲੈਕਸ਼ਨ ਦਾ ਤਜਰਬਾ ਤਾਂ ਦੂਰ ਰਿਹਾ। ਨਾ ਉਹਦੇ ਕੋਲ ਕੋਈ ਤਜਰਬੇਕਾਰ ਇਲੈਕਸ਼ਨ ਮੈਨੇਜਰ ਹੀ ਸੀ। ਉਹ ਸਿਰਫ ਆਪਣੇ ਪਤੀ ਦੇ ਨਾਂ ਆਸਰੇ ਹੀ ਚੋਣ ਮੈਦਾਨ ਵਿੱਚ ਆਈ ਸੀ।
ਜਦੋਂ ਵੋਟਾਂ ਦਾ ਨਤੀਜਾ ਨਿਕਲਿਆ ਤਾਂ ਕੈਪਟਨ ਕੰਵਲਜੀਤ ਸਿੰਘ ਨੂੰ 51002 ਵੋਟਾਂ ਮਿਲੀਆਂ ਤੇ ਸ਼ੀਲਮ ਸੋਹੀ ਨੂੰ ਸਿਆਸਤ ਦੇ ਸੁਪਰ ਹੈਵੀਵੇਟ ਕੈਪਟਨ ਸਾਹਿਬ ਤੋਂ ਸਿਰਫ 714 ਵੋਟਾਂ ਘੱਟ ਯਾਨਿ 50288 ਵੋਟਾਂ ਮਿਲੀਆਂ। ਉਦੋਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਆਪਣੇ ਮੋਤੀ ਮਹਿਲ `ਚ ਕਾਂਗਰਸ ਦੇ ਜੇਤੂ ਤੇ ਹਾਰੇ ਸਾਰੇ ਉਮੀਦਵਾਰਾਂ ਨੂੰ ਖਾਣੇ `ਤੇ ਸੱਦਿਆ। ਅਗਲੇ ਦਿਨ ਇਸ ਖਾਣੇ ਦੀ ਖ਼ਬਰ ਲਾਉਂਦਿਆਂ ‘ਪੰਜਾਬੀ ਟ੍ਰਿਬਿਊਨ’ ਨੇ ਇਹ ਲਿਖਿਆ, “ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਤੋਂ ਸਿਰਫ 714 ਵੋਟਾਂ `ਤੇ ਫਰਕ ਨਾਲ ਹਾਰਨ ਵਾਲੀ ਬਿਲਕੁਲ ਅਨਾੜੀ ਉਮੀਦਵਾਰ ਬੀਬੀ ਸ਼ੀਲਮ ਸੋਹੀ ਸਭ ਦੀ ਖਿੱਚ ਦਾ ਕੇਂਦਰ ਸਨ।”
ਸ਼ੀਲਮ ਦੇ ਅਨਾੜੀ ਹੋਣ ਤੋਂ ਸਿਵਾਏ ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਵੀ ਸੀ ਕੈਪਟਨ ਕੰਵਲਜੀਤ ਸਿੰਘ ਦੇ ਪੰਜਾਬ ਭਰ `ਚੋਂ ਸਭ ਤੋਂ ਵੱਡੇ ਮਾਰਜਨ ਨਾਲ ਚੋਣ ਜਿੱਤਣ ਦੀਆਂ ਕਿਆਸ ਅਰਾਈਆਂ ਲਾਈਆਂ ਗਈਆਂ ਸਨ। ਰਵਿੰਦਰ ਸਿੰਘ ਉਰਫ ਕੁੱਕੂ ਸੋਹੀ ਦੇ ਨਾਂ ਵੱਲੋਂ ਹੀ ਇੱਕ ਸਿਆਸੀ ਮਹਾਂਰਥੀ ਦੇ ਬਰਾਬਰ ਵੋਟਾਂ ਹਾਸਲ ਕਰ ਲੈਣੀਆਂ ਕੁੱਕੂ ਦੀ ਮਕਬੂਲੀਅਤ ਦੀ ਔਨ ਰਿਕਾਰਡ ਤਸਦੀਕ ਹੈ।