ਖਿਡਾਰੀ ਪੰਜ-ਆਬ ਦੇ
ਪੰਜਾਬ ਦੀ ਧਰਤੀ ਨੇ ਵੱਡੇ ਖਿਡਾਰੀ ਪੈਦਾ ਕੀਤੇ ਹਨ। ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਚੜ੍ਹਦਾ ਪੰਜਾਬ ਭਾਰਤ ਵਿੱਚ ਹੈ, ਜਿਸ ਨੂੰ ਇਕੱਲਾ ਪੰਜਾਬ ਜਾਂ ਪੂਰਬੀ ਪੰਜਾਬ ਹੀ ਕਹਿ ਸਕਦੇ ਹਾਂ ਅਤੇ ਲਹਿੰਦਾ ਪੰਜਾਬ ਪਾਕਿਸਤਾਨ ਵਿੱਚ ਹੈ, ਜਿਸ ਨੂੰ ਪੱਛਮੀ ਪੰਜਾਬ ਕਹਿੰਦੇ ਹਨ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾਵੇਗੀ। ਪੇਸ਼ ਹੈ, ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਬਾਰੇ ਇਹ ਲੇਖ…
ਨਵਦੀਪ ਸਿੰਘ ਗਿੱਲ
ਫੋਨ: +91-9780036216
ਦੇਸ਼ ਦੀ ਵੰਡ ਤੋਂ ਬਾਅਦ ਜੇਕਰ ਭਾਰਤੀ ਖੇਡਾਂ ਵਿੱਚੋਂ ਸਭ ਤੋਂ ਸਿਖਰਲਾ ਖਿਡਾਰੀ ਚੁਣਨਾ ਹੋਵੇ ਤਾਂ ਬਲਬੀਰ ਸਿੰਘ ਸੀਨੀਅਰ ਨਿਰਵਿਰੋਧ ਪਹਿਲੇ ਨੰਬਰ ਉਤੇ ਆਉਂਦਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ 2012 ਵਿੱਚ ਲੰਡਨ ਓਲੰਪਿਕ ਖੇਡਾਂ ਦੌਰਾਨ ਜਦੋਂ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ ਸਿਖਰਲੇ 16 ਆਈਕੌਨਿਕ ਖਿਡਾਰੀ ਚੁਣੇ ਤਾਂ ਬਲਬੀਰ ਸਿੰਘ ਸੀਨੀਅਰ ਇਨ੍ਹਾਂ ਵਿੱਚੋਂ ਇੱਕ ਸੀ। ਇਨ੍ਹਾਂ 16 ਵਿੱਚ ਉਹ ਹਾਕੀ ਖੇਡ ਦਾ ਦੁਨੀਆਂ ਦਾ ਇਕਲੌਤਾ ਖਿਡਾਰੀ ਸੀ, ਜਦੋਂ ਕਿ ਏਸ਼ੀਆ ਵਿੱਚੋਂ ਕਿਸੇ ਵੀ ਖੇਡ ਵਿੱਚੋਂ ਚੁਣਿਆ ਜਾਣ ਵਾਲਾ ਵੀ ਇਕਲੌਤਾ ਏਸ਼ੀਅਨ ਖਿਡਾਰੀ ਸੀ। ਇਸੇ ਲਈ ਬਲਬੀਰ ਸਿੰਘ ਸੀਨੀਅਰ ਨੂੰ ਜੇ ਓਲੰਪਿਕ ਰਤਨ ਆਖਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਸਾਲ 2023 ਵਿੱਚ ਬਲਬੀਰ ਸਿੰਘ ਸੀਨੀਅਰ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਅਜਿਹੇ ਖਿਡਾਰੀ ਸਦੀਆਂ ਵਿੱਚ ਇੱਕ ਵਾਰ ਹੀ ਪੈਦਾ ਹੁੰਦੇ ਹਨ। ਬਲਬੀਰ ਸਿੰਘ ਸੀਨੀਅਰ ਨੂੰ ਸਾਥੋਂ ਵਿਛੜਿਆਂ ਦੋ ਸਾਲ ਹੋ ਗਏ। ਬਲਬੀਰ ਸਿੰਘ ਸੀਨੀਅਰ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਮੁਹਾਲੀ ਸਥਿਤ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਮ ਬਲਬੀਰ ਸਿੰਘ ਸੀਨੀਅਰ ਦੇ ਨਾਮ ਉਤੇ ਰੱਖਿਆ ਗਿਆ, ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਵਿੱਚ ਬਲਬੀਰ ਸਿੰਘ ਸੀਨੀਅਰ ਦੇ ਨਾਮ ਉਤੇ ਕੋਚ ਐਵਾਰਡ ਅਤੇ ਵਜ਼ੀਫਾ ਸਕੀਮ ਸ਼ੁਰੂ ਕਰ ਕੇ ਇਸ ਮਹਾਨ ਖਿਡਾਰੀ ਨੂੰ ਸਿਜਦਾ ਕੀਤਾ ਗਿਆ ਹੈ। ਹਾਕੀ ਪ੍ਰੇਮੀ ਜਿੱਥੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ, ਉਥੇ ਨਾਲ ਹੀ ਭਾਰਤ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਵੀ ਇਸ ਓਲੰਪਿਕ ਰਤਨ ਨੂੰ ਦਿੱਤਾ ਜਾਵੇ।
ਹਾਕੀ ਖੇਡ ਵਿੱਚ ਬਲਬੀਰ ਨਾਂ ਨੂੰ ਹੀ ਬਖਸ਼ਿਸ਼ ਰਹੀ ਹੈ। ਜਿੰਨੇ ਬਲਬੀਰ ਹਾਕੀ ਖੇਡ ਨੇ ਦਿੱਤੇ ਹਨ, ਉਨੇ ਬਾਕੀ ਸਾਰੀਆਂ ਖੇਡਾਂ ਨੇ ਮਿਲਾ ਕੇ ਹੀ ਨਹੀਂ ਦਿੱਤੇ ਹੋਣੇ। ਭਾਰਤੀ ਹਾਕੀ ਟੀਮ ਵਿੱਚ ਕੁੱਲ ਪੰਜ ਬਲਬੀਰ ਹੋਏ, ਜਿਨ੍ਹਾਂ ਵਿੱਚੋਂ ਚਾਰ ਬਲਬੀਰ ਤਾਂ ਇਕੱਠੇ ਇਕੋ ਵੇਲੇ ਟੀਮ ਵਿੱਚ ਖੇਡ ਹਨ। ਪੰਜ ਬਲਬੀਰਾਂ ਵਿੱਚੋਂ ਚਾਰ ਓਲੰਪੀਅਨ (ਬਲਬੀਰ ਸਿੰਘ ਸੀਨੀਅਰ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਪੰਜਾਬ ਤੇ ਕਰਨਲ ਬਲਬੀਰ ਸਿੰਘ) ਬਣੇ ਅਤੇ ਚਹੁੰਆਂ ਨੇ ਤਮਗਾ ਜਿੱਤਿਆ। ਇਕੱਲੇ ਸੰਸਾਰਪੁਰ ਪਿੰਡ ਨੇ ਹੀ ਤਿੰਨ ਬਲਬੀਰ ਸਿੰਘ ਪੈਦਾ ਕੀਤੇ। ਕਰਨਲ ਬਲਬੀਰ ਸਿੰਘ ਤੇ ਬਲਬੀਰ ਸਿੰਘ ਪੰਜਾਬ ਤੋਂ ਇਲਾਵਾ ਤੀਜਾ ਬਲਬੀਰ ਸਿੰਘ ਵੀ ਹੋਇਆ, ਜਿਸ ਨੇ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਬਲਬੀਰ ਸਿੰਘ ਨੂੰ ਸੀਨੀਅਰ ਬਲਬੀਰ ਸਿੰਘ ਕਰਕੇ ਹੀ ਬਲਬੀਰ ਸਿੰਘ ਜੂਨੀਅਰ ਪੁਕਾਰਿਆ ਜਾਣ ਲੱਗਾ। ਕੌਮੀ ਤੇ ਸਟੇਟ ਪੱਧਰ ਉਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਇੱਕ ਵੇਲੇ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ਵਿੱਚ 9 ਬਲਬੀਰ ਖੇਡ ਰਹੇ ਸਨ। ਦੋ ਸਾਲ ਪਹਿਲਾਂ ਤਿੰਨ ਬਲਬੀਰ ਇੱਕ ਸਾਲ ਦੇ ਅੰਦਰ ਹੀ ਸਾਨੂੰ ਵਿਛੋੜਾ ਦੇ ਗਏ। ਬਲਬੀਰ ਸਿੰਘ ਸੀਨੀਅਰ, ਬਲਬੀਰ ਸਿੰਘ ਪੰਜਾਬ ਤੇ ਬਲਬੀਰ ਸਿੰਘ ਜੂਨੀਅਰ।
ਸਭ ਤੋਂ ਵੱਧ ਪ੍ਰਸਿੱਧੀ ਵੱਡੇ ਬਲਬੀਰ ਸਿੰਘ ਦੁਸਾਂਝ ਨੇ ਖੱਟੀ ਹੋਣ ਕਰਕੇ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਕਹਿੰਦੇ ਸਨ। ਇਹ ਮੋਗੇ ਵਾਲੇ ਬਲਬੀਰ ਵੀ ਅਖਵਾਏ ਜਾਂਦੇ ਹਨ। 97 ਵਰਿ੍ਹਆਂ ਦੀ ਉਮਰੇ ਸਾਨੂੰ ਅਲਵਿਦਾ ਕਹਿਣ ਵਾਲੇ ਬਲਬੀਰ ਸਿੰਘ ਸੀਨੀਅਰ ਤੋਂ ਵੱਡਾ ਕੋਈ ਹਾਕੀ ਖਿਡਾਰੀ ਪੈਦਾ ਨਹੀਂ ਹੋਇਆ। ਬਲਬੀਰ ਸਿੰਘ ਸੀਨੀਅਰ ਸੈਂਟਰ ਫਾਰਵਰਡ ਸੀ, ਜਿਸ ਨੇ ਜਿੱਥੇ ਖਿਡਾਰੀ, ਉਪ ਕਪਤਾਨ ਅਤੇ ਕਪਤਾਨ ਰਹਿੰਦਿਆਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿਤਾਏ, ਉਥੇ ਬਤੌਰ ਕੋਚ/ਮੈਨੇਜਰ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਵੀ ਜਿਤਵਾਇਆ।
ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਆਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ। ਕਾਗਜ਼ਾਂ ਵਿੱਚ ਬਲਬੀਰ ਸਿੰਘ ਦੀ ਜਨਮ ਤਰੀਕ 10 ਅਕਤੂਬਰ 1924 ਸੀ। ਦੇਵ ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਇੱਕ ਸਾਲ ਦੀ ਪੜ੍ਹਾਈ ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਫੇਰ ਸਿੱਖ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ, ਜਿੱਥੋਂ ਐਫ.ਏ. ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖਾਲਸਾ ਕਾਲਜ ਵੱਲੋਂ ਖੇਡਦਿਆਂ ਭਾਵੇਂ ਉਸ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਜ਼ਰੂਰ ਮਿਲਿਆ। ਪੰਜਾਬ ਦੀ ਕਪਤਾਨੀ ਕਰਦਿਆਂ ਉਨ੍ਹਾਂ ਪੰਜਾਬ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀ। ਪੰਜਾਬ ਨੂੰ ਉਨ੍ਹਾਂ ਛੇ ਵਾਰ ਕੌਮੀ ਚੈਂਪੀਅਨ ਬਣਾਇਆ। ਚਾਰ ਵਾਰ ਪੰਜਾਬ ਪੁਲਿਸ ਨੂੰ ਆਲ ਇੰਡੀਆ ਪੁਲਿਸ ਖੇਡਾਂ ਦੀ ਚੈਂਪੀਅਨ ਬਣਾਇਆ। ਦੇਸ਼ ਦੀ ਵੰਡ ਤੋਂ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ 1947 ਵਿੱਚ ਸਾਂਝੇ ਪੰਜਾਬ ਦੀ ਟੀਮ ਵੱਲੋਂ ਕਰਨਲ ਏ.ਆਈ.ਐਸ. ਦਾਰਾ ਦੀ ਕਪਤਾਨੀ ਹੇਠ ਖੇਡਦਿਆਂ ਕੌਮੀ ਖਿਤਾਬ ਵੀ ਜਿੱਤਿਆ ਅਤੇ ਅੱਗੇ ਜਾ ਕੇ ਨਵੇਂ ਪੰਜਾਬ ਦੀ ਟੀਮ ਦੀ ਕਪਤਾਨੀ ਵੀ ਕੀਤੀ।
ਬਲਬੀਰ ਸਿੰਘ ਦੀ ਪਹਿਲੀ ਵਾਰ ਭਾਰਤੀ ਟੀਮ ਵਿੱਚ ਚੋਣ 1947 ਵਿੱਚ ਸ੍ਰੀਲੰਕਾ ਦੇ ਦੌਰੇ ਲਈ ਹੋਈ। ਬਲਬੀਰ ਸਿੰਘ ਨੇ 1948 ਵਿੱਚ ਲੰਡਨ ਵਿਖੇ ਆਪਣੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਬਲਬੀਰ ਸਿੰਘ ਨੇ ਅਰਜਨਟਾਈਨਾ ਖਿਲਾਫ ਪਹਿਲੇ ਮੈਚ ਵਿੱਚ ਹੈਟ੍ਰਿਕ ਸਮੇਤ ਛੇ ਗੋਲ ਦਾਗੇ ਅਤੇ ਭਾਰਤ ਨੇ 9-1 ਨਾਲ ਇਹ ਮੈਚ ਜਿੱਤਿਆ। ਫਾਈਨਲ ਵਿੱਚ ਭਾਰਤ ਨੇ ਬਰਤਾਨੀਆ ਨੂੰ 4-0 ਨਾਲ ਹਰਾਇਆ, ਜਿਸ ਵਿੱਚ ਬਲਬੀਰ ਸਿੰਘ ਦੇ ਦੋ ਗੋਲ ਸ਼ਾਮਲ ਸਨ। 12 ਅਗਸਤ 1948 ਨੂੰ ਲੰਡਨ ਵਿਖੇ ਹਾਕੀ ਫੀਲਡ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ। ਪਹਿਲੀ ਵਾਰ ਦੇਸ਼ ਤੋਂ ਬਾਹਰ ਭਾਰਤ ਦਾ ਕੌਮੀ ਝੰਡਾ ਸ਼ਾਨ ਨਾਲ ਝੁੱਲਿਆ। ਹਰ ਸਾਲ ਇਸ ਦਿਨ ਨੂੰ ਕੌਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਚੰਡੀਗੜ੍ਹ ਦੇ ਸੈਕਟਰ-36 ਸਥਿਤ ਉਨ੍ਹਾਂ ਦੇ ਘਰ ਵਿਖੇ ਬਲਬੀਰ ਸਿੰਘ ਦਾ ਦੋਹਤਾ ਹਰ ਸਾਲ 12 ਅਗਸਤ ਨੂੰ ਤਿਰੰਗਾ ਝੰਡਾ ਲਹਿਰਾ ਕੇ ਦਿਨ ਮਨਾਉਂਦਾ ਹੈ।
1952 ਵਿੱਚ ਹੈਲਸਿੰਕੀ ਵਿਖੇ ਓਲੰਪਿਕ ਖੇਡਾਂ ਸਨ, ਜਿੱਥੇ ਬਲਬੀਰ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਬਣਿਆ। ਸੈਮੀ ਫਾਈਨਲ ਵਿੱਚ ਬਲਬੀਰ ਸਿੰਘ ਦੇ ਤਿੰਨ ਗੋਲਾਂ ਦੀ ਬਦੌਲਤ ਭਾਰਤ ਨੇ ਬਰਤਾਨੀਆ ਨੂੰ 3-1 ਨਾਲ ਹਰਾਇਆ। ਫਾਈਨਲ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ, ਜਿਸ ਵਿੱਚ ਬਲਬੀਰ ਸਿੰਘ ਦੇ ਪੰਜ ਗੋਲਾਂ ਦਾ ਵੱਡਾ ਯੋਗਦਾਨ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਕਿਸੇ ਫਾਈਨਲ ਵਿੱਚ ਇਹ ਕਿਸੇ ਖਿਡਾਰੀ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਸੀ, ਜੋ ਹਾਲੇ ਤੱਕ ਨਹੀਂ ਟੁੱਟਿਆ। ਹੈਲਸਿੰਕੀ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ, ਜਿਨ੍ਹਾਂ ਵਿੱਚੋਂ ਇਕੱਲੇ ਬਲਬੀਰ ਸਿੰਘ ਦੇ ਗੋਲਾਂ ਦੀ ਗਿਣਤੀ 9 ਸੀ।
1954 ਵਿੱਚ ਮਲਾਇਆ ਤੇ ਸਿੰਗਾਪੁਰ ਦੇ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਦੀ ਕਪਤਾਨੀ ਪਹਿਲੀ ਵਾਰ ਬਲਬੀਰ ਸਿੰਘ ਨੂੰ ਮਿਲੀ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦਾ ਕਪਤਾਨ ਸੀ। ਮੈਲਬਰਨ ਵਿਖੇ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਵੀ ਸੀ। ਪਹਿਲੇ ਮੈਚ ਵਿੱਚ ਹੀ ਉਸ ਨੇ ਅਫਗਾਨਸਿਤਾਨ ਖਿਲਾਫ ਪੰਜ ਗੋਲ ਕੀਤੇ। ਦੂਜੇ ਮੈਚ ਵਿੱਚ ਉਸ ਦੀ ਚੀਚੀ ਨਾਲ ਦੀ ਉਂਗਲ ਟੁੱਟ ਗਈ। ਸੱਟ ਕਾਰਨ ਉਹ ਬਾਕੀ ਲੀਗ ਮੈਚ ਨਹੀਂ ਖੇਡ ਸਕਿਆ। ਸੈਮੀ ਫਾਈਨਲ ਤੇ ਫਾਈਨਲ ਮੈਚ ਉਹ ਟੁੱਟੀ ਉਂਗਲ ਨਾਲ ਹੀ ਖੇਡਿਆ ਅਤੇ ਭਾਰਤ ਨੂੰ ਜਿੱਤ ਦਿਵਾਈ। ਭਾਰਤੀ ਟੀਮ ਨੇ ਜਿੱਥੇ ਲਗਾਤਾਰ ਛੇਵਾਂ ਓਲੰਪਿਕ ਸੋਨ ਤਮਗਾ ਜਿੱਤਿਆ, ਉਥੇ ਬਲਬੀਰ ਸਿੰਘ ਦੀ ਵੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਆਖਰੀ ਵੱਡੇ ਮੁਕਾਬਲੇ ਵਜੋਂ ਬਲਬੀਰ ਸਿੰਘ ਨੇ 1958 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ। ਉਦੋਂ ਬਲਬੀਰ ਸਿੰਘ ਸੀਨੀਅਰ ਤੇ ਜੂਨੀਅਰ ਦੋਵੇਂ ਖੇਡੇ।
1975 ਦੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਕੋਚਿੰਗ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਲੈ ਲਿਆ ਸੀ। ਉਸ ਵੇਲੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਬਲਬੀਰ ਸਿੰਘ ਸੀਨੀਅਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਅਤੇ ਅੱਗੇ ਜਾ ਕੇ ਇਸੇ ਟੀਮ ਨੇ ਵਿਸ਼ਵ ਕੱਪ ਜਿੱਤਿਆ। ਬਲਬੀਰ ਸਿੰਘ ਸਿਰੜੀ ਬੰਦਾ ਸੀ। ਉਨ੍ਹਾਂ ਦੇ ਪਿਤਾ ਜੀ ਦੇ ਦੇਹਾਂਤ ਦੇ ਬਾਵਜੂਦ ਉਨ੍ਹਾਂ ਨੇ ਕੈਂਪ ਦੌਰਾਨ ਸਿਰਫ ਇੱਕ ਡੰਗ ਦੀ ਪ੍ਰੈਕਟਿਸ ਤੋਂ ਛੁੱਟੀ ਲਈ। ਇਸੇ ਦੌਰਾਨ ਉਸ ਦੀ ਪਤਨੀ ਸੁਸ਼ੀਲ ਨੂੰ ਬਰੇਨ ਹੈਮਰੇਜ ਹੋ ਗਿਆ, ਜੋ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਰਹੀ। ਬਲਬੀਰ ਸਿੰਘ ਦੀ ਕੋਚਿੰਗ ਹੇਠ ਭਾਰਤ ਨੇ 1975 ਦਾ ਵਿਸ਼ਵ ਕੱਪ ਜਿੱਤਿਆ, ਜੋ ਕਿ ਭਾਰਤੀ ਹਾਕੀ ਦਾ ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ ਖਿਤਾਬ ਹੈ। ਇਸ ਤੋਂ ਇਲਾਵਾ ਉਨ੍ਹਾਂ ਕੌਮੀ ਟੀਮ ਦੇ ਕੋਚ/ਮੈਨੇਜਰ ਰਹਿੰਦਿਆਂ ਭਾਰਤ ਨੂੰ 1962 ਵਿੱਚ ਕੌਮਾਂਤਰੀ ਹਾਕੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ, 1970 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ, 1971 ਦੇ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗਾ, 1982 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗਾ, 1982 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਅਤੇ 1982 ਵਿੱਚ ਮੈਲਬਰਨ ਵਿਖੇ ਅਸਾਂਡਾ ਕੱਪ ਵਿੱਚ ਚਾਂਦੀ ਦਾ ਕੱਪ ਜਿਤਾਇਆ।
ਬਲਬੀਰ ਸਿੰਘ ਸੀਨੀਅਰ ਨੂੰ 1957 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਸ ਨੂੰ ਭਾਰਤ ਰਤਨ ਦਿਵਾਉਣ ਲਈ ਕਈ ਮੁਹਿੰਮਾਂ ਚੱਲੀਆਂ। ਪੰਜਾਬ ਸਰਕਾਰ ਵੱਲੋਂ ਵੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਗਈ। ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਨੇ ਉਚੇਤੇ ਤੌਰ ਉਤੇ ਉਨ੍ਹਾਂ ਦਾ ਭਾਰਤ ਰਤਨ ਲਈ ਕੇਸ ਤਿਆਰ ਕਰਕੇ ਦੇਸ਼ ਦੇ ਨਾਮੀ ਖਿਡਾਰੀਆਂ ਤੋਂ ਦਸਤਖਤ ਕਰਵਾਏ, ਪਰ ਹਾਲੇ ਤੱਕ ਸਭ ਤੋਂ ਵੱਧ ਖੇਡ ਪ੍ਰਾਪਤੀਆਂ ਵਾਲੇ ਇਸ ਮਹਾਨ ਖਿਡਾਰੀ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਨਹੀਂ ਮਿਲਿਆ। ਇਸ ਗੱਲ ਦਾ ਬਲਬੀਰ ਸਿੰਘ ਨੂੰ ਕੋਈ ਗਿਲਾ ਨਹੀਂ ਸੀ। ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਇਨਸਾਨ ਸੀ। ਹਾਕੀ ਪ੍ਰੇਮੀ ਉਸ ਨੂੰ ਓਲੰਪਿਕ ਰਤਨ ਹੀ ਸਮਝਦੇ ਸਨ। ਕੌਮਾਂਤਰੀ ਓਲੰਪਿਕ ਕਮੇਟੀ ਨੇ ਉਸ ਨੂੰ ਦੁਨੀਆਂ ਦੇ ਸਭ ਤੋਂ ਵੱਕਾਰੀ ਇਸ ਇਨਾਮ ਲਈ ਚੁਣਿਆ। 2012 ਦੀਆਂ ਲੰਡਨ ਓਲੰਪਿਕ ਖੇਡਾਂ ਵੇਲੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ 16 ਆਈਕੌਨਿਕ ਖਿਡਾਰੀਆਂ ਵਿੱਚ ਬਲਬੀਰ ਸਿੰਘ ਨੂੰ ਵੀ ਚੁਣਿਆ।
ਬਲਬੀਰ ਸਿੰਘ ਨੇ ਆਪਣੀ ਸਵੈ-ਜੀਵਨੀ ‘ਗੋਲਡਨ ਹੈਟ ਟ੍ਰਿਕ: ਐਜ਼ ਟੋਲਡ ਟੂ ਸੈਮੂਅਲ ਬੈਨਰਜੀ’ 1977 ਵਿਚ ਛਪਵਾਈ। ਉਨ੍ਹਾਂ ਹਾਕੀ ਦੀ ਕੋਚਿੰਗ ਬਾਰੇ ‘ਦੀ ਗੋਲਡਨ ਯਾਰਡਸਟਿਕ’ ਪੁਸਤਕ ਵੀ ਲਿਖੀ। ਇਸ ਪੁਸਤਕ ਦਾ ਮੁੱਖ-ਬੰਦ ਕੌਮਾਂਤਰੀ ਓਲੰਪਿਕ ਕਮੇਟੀ ਦੇ ਤੱਤਕਾਲੀ ਪ੍ਰਧਾਨ ਜੈਕਸ ਰੋਜ਼ ਨੇ ਲਿਖਦਿਆਂ ਕਿਹਾ, “ਇਕ ਓਲੰਪੀਅਨ ਵਜੋਂ ਮੈਨੂੰ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ-ਬੰਦ ਲਿਖਦਿਆਂ ਖੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤਕ ਪਹੁੰਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜਵਾਨ ਉਸ ਦੇ ਵਿਖਾਏ ਖੇਡ ਮਾਰਗ ’ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ, ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।”
ਹਾਕੀ ਬਲਬੀਰ ਸਿੰਘ ਦੇ ਖੂਨ ਵਿੱਚ ਵਗਦੀ ਸੀ। ਨਰਮ ਦਿਲ ਅਤੇ ਧਰਤੀ ਨਾਲ ਜੁੜੇ ਇਸ ਮਹਾਤਮਾ ਰੂਪੀ ਇਨਸਾਨ ਨੂੰ ਮਿਲਦਿਆਂ ਤੁਹਾਨੂੰ ਕਦੇ ਵੀ ਨਹੀਂ ਲੱਗੇਗਾ ਕਿ ਤੁਸੀਂ ਕਿਸੇ ਵੱਡੇ ਖਿਡਾਰੀ ਨੂੰ ਮਿਲ ਰਹੇ ਹੋ। ਹਾਕੀ ਟੀਮ ਦੇ ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਨੂੰ 13 ਨੰਬਰ ਦੀ ਜਰਸੀ ਪਾਉਣ ਲਈ ਬਲਬੀਰ ਸਿੰਘ ਸੀਨੀਅਰ ਨੇ ਹੀ ਪ੍ਰੇਰਿਆ ਸੀ। ਬਲਬੀਰ ਸਿੰਘ ਦੇ ਤਿੰਨ ਪੁੱਤਰਾਂ ਦੇ ਨਾਂ ਕੰਵਲਬੀਰ ਸਿੰਘ, ਕਰਨਬੀਰ ਸਿੰਘ ਤੇ ਗੁਰਬੀਰ ਸਿੰਘ ਅਤੇ ਇੱਕ ਲੜਕੀ ਦਾ ਨਾਂ ਸੁਸ਼ਬੀਰ ਕੌਰ ਹੈ। 31 ਦਸੰਬਰ 2019 ਨੂੰ ਆਪਣੇ 96ਵੇਂ ਜਨਮ ਦਿਨ ਦਾ ਕੇਕ ਕੱਟਿਆ। ਜਨਵਰੀ 2020 ਵਿੱਚ ਸ਼ੁਰੂ ਹੋਈ ਪ੍ਰੋ. ਹਾਕੀ ਲੀਗ ਦੇ ਇੱਕ ਮੈਚ ਵਿੱਚ ਜਦੋਂ ਭਾਰਤ ਨੇ ਹਾਲੈਂਡ ਨੂੰ ਹਰਾਇਆ ਤਾਂ ਬਲਬੀਰ ਸਿੰਘ ਸੀਨੀਅਰ ਦੇ ਟੀ.ਵੀ. ਉਪਰ ਮੈਚ ਦੇਖਦਿਆਂ ਭੰਗੜਾ ਪਾਉਂਦੇ ਦੀਆਂ ਵੀਡਿਓ ਦੇਖ ਕੇ ਹਾਕੀ ਪ੍ਰੇਮੀਆਂ ਦੇ ਕਾਲਜੇ ਠੰਢ ਪਈ। ਬਲਬੀਰ ਸਿੰਘ ਨੇ ਇੱਕ ਨੌਜਵਾਨ ਗਾਇਕ ਤੋਂ ਆਪਣੀ ਪਸੰਦੀਦਾ ‘ਹੀਰ’ ਵੀ ਸੁਣੀ। ਬਲਬੀਰ ਸਿੰਘ ਸੀਨੀਅਰ 25 ਮਈ 2021 ਦੀ ਸਵੇਰ ਫੋਰਟਿਸ ਹਸਪਤਾਲ ਵਿਖੇ ਜ਼ਿੰਦਗੀ ਦੀ ਲੜਾਈ ਹਾਰ ਗਏ। ਰਹਿੰਦੀ ਦੁਨੀਆਂ ਤੱਕ ਜਦੋਂ ਵੀ ਹਾਕੀ ਖੇਡ ਦੀ ਗੱਲ ਚੱਲੇਗੀ ਤਾਂ ਬਲਬੀਰ ਸਿੰਘ ਸੀਨੀਅਰ ਦੇ ਜ਼ਿਕਰ ਬਿਨਾ ਹਰ ਗੱਲ ਅਧੂਰੀ ਹੋਵੇਗੀ।