ਡਾ. ਗੁਰਤੇਜ ਸਿੰਘ
ਫੋਨ: +91-9517396001
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਮਾਤਾ ਵਿੱਦਿਆਵਤੀ ਦੀ ਕੁੱਖੋਂ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਅਜੋਕੇ ਪਾਕਿਸਤਾਨ ਦੇ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ `ਚ ਹੋਇਆ ਸੀ। ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲੇ੍ਹ ਵਿੱਚ ਸਥਿਤ ਪਿੰਡ ਖਟਕੜ ਕਲਾਂ, ਜੋ ਭਗਤ ਸਿੰਘ ਦੇ ਪੁਰਖਿਆਂ ਦਾ ਜੱਦੀ ਪਿੰਡ ਹੈ, ਜਿੱਥੇ ਅੱਜ ਉਨ੍ਹਾਂ ਦੇ ਘਰ ਨੂੰ ਯਾਦਗਰ ਵਜੋਂ ਸਾਂਭ ਕੇ ਰੱਖਿਆ ਹੋਇਆ ਹੈ।
ਉਨ੍ਹਾਂ ਦਾ ਪੂਰਾ ਪਰਿਵਾਰ ਹੀ ਮੁਲ਼ਕ ਦੀ ਆਜ਼ਾਦੀ ਲਈ ਜੂਝ ਰਿਹਾ ਸੀ ਤੇ ਉਨ੍ਹਾਂ ਦੇ ਚਾਚਾ ਸਰਦਾਰ ਅਜੀਤ ਸਿੰਘ ‘ਪਗੜੀ ਸੰਭਾਲ ਜੱਟਾ’ ਤਹਿਤ ਸਜ਼ਾ ਕੱਟ ਰਹੇ ਸਨ, ਜਦ ਭਗਤ ਸਿੰਘ ਦਾ ਜਨਮ ਹੋਇਆ ਤਾਂ ਉਹ ਜੇਲ੍ਹ `ਚੋਂ ਰਿਹਾਅ ਹੋ ਕੇ ਘਰ ਪਰਤੇ ਸਨ, ਜਿਸ ਕਾਰਨ ਪਰਿਵਾਰ ਨੇ ਉਨ੍ਹਾਂ ਨੂੰ ਭਾਗਾਂ ਵਾਲਾ ਆਖ ਸੱਦਣਾ ਸ਼ੁਰੂ ਕੀਤਾ ਸੀ।
ਦੇਸ਼ ਪ੍ਰੇਮ ਦੀ ਗੁੜ੍ਹਤੀ ਭਗਤ ਸਿੰਘ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ ਸੀ, ਇਸੇ ਕਰਕੇ ਹੀ ਤਾਂ ਉਹ ਬਚਪਨ `ਚ ਆਪਣੇ ਖੇਤ ਬੰਦੂਕਾਂ ਉਗਾਉਣ ਲਈ ਬਾਂਸ ਦੇ ਡੱਕੇ ਬੀਜਣ ਲੱਗਿਆ ਸੀ। ਉਨ੍ਹਾਂ ਦਾ ਭੋਲਾ ਮਨ ਇਹ ਸਮਝਦਾ ਸੀ ਕਿ ਸ਼ਾਇਦ ਹੋਰ ਫ਼ਸਲਾਂ ਵਾਂਗ ਬੰਦੂਕਾਂ ਵੀ ਖੇਤ `ਚ ਹੀ ਉੱਗਦੀਆਂ ਹੋਣਗੀਆਂ। ਦੂਜਾ, 13 ਅਪ੍ਰੈਲ 1919 ਨੂੰ ਜੱਲਿ੍ਹਆਂ ਵਾਲੇ ਬਾਗ ਵਿੱਚ ਵਾਪਰੇ ਨਰਸੰਹਾਰ ਨੇ ਉਸ ਸਮੇਂ ਦੇ ਬਾਰਾਂ ਸਾਲਾਂ ਦੇ ਭਗਤ ਸਿੰਘ ਦੇ ਕੋਮਲ ਮਨ `ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਸੀ। ਉਹ ਇਹ ਸਾਰਾ ਵਰਤਾਰਾ ਦੇਖ ਕੇ ਝੰਜੋੜੇ ਗਏ ਸਨ ਅਤੇ ਖੂਨ ਨਾਲ ਲਿੱਬੜੀ ਮਿੱਟੀ ਇੱਕ ਸ਼ੀਸ਼ੀ `ਚ ਭਰ ਲਿਆਏ ਸਨ, ਜਿਸ ਨੂੰ ਦੇਖ ਉਨ੍ਹਾਂ ਦਾ ਜਜ਼ਬਾ ਉਨ੍ਹਾਂ ਨੂੰ ਧੁਰ ਤੱਕ ਹਲੂਣਦਾ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਿਸ਼ਨ ‘ਗ਼ਦਰ` ਤੋਂ ਉਹ ਬੇਹੱਦ ਪ੍ਰਭਾਵਿਤ ਸਨ ਅਤੇ ਸੰਨ 1915 `ਚ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ `ਚ ਕੁੱਦਣ ਦਾ ਹੌਂਸਲਾ ਬਖਸ਼ਿਆ ਸੀ। ਕਰਤਾਰ ਸਿੰਘ ਸਰਾਭਾ ਦੀ ਤਸਵੀਰ ਉਹ ਹਰ ਵੇਲੇ ਆਪਣੀ ਜੇਬ ਵਿੱਚ ਰੱਖਦੇ ਸਨ ਅਤੇ ਆਪਣੀ ਮਾਤਾ ਨੂੰ ਅਕਸਰ ਕਹਿੰਦੇ ਸਨ ਕਿ ਮਾਂ! ਮੈਨੂੰ ਇੰਝ ਲੱਗਦਾ ਜਿਵੇਂ ਕਰਤਾਰ ਸਿੰਘ ਮੇਰਾ ਵੱਡਾ ਭਰਾ ਹੋਵੇ।
ਆਪਣੇ ਘਰ `ਚ ਚੱਲਦੀ ਗੱਲਬਾਤ, ਜੋ ਮੁਲ਼ਕ ਦੇ ਹਾਲਾਤ ਸਬੰਧੀ ਹੁੰਦੀ ਸੀ, ਉਸਨੂੰ ਉਹ ਬੜੀ ਗੌਰ ਨਾਲ ਸੁਣਦੇ ਸੀ ਅਤੇ ਆਪਣੇ ਚਾਚਾ ਜੀ ਦੀਆਂ ਲਿਖਤਾਂ ਨੂੰ ਪੜ੍ਹਦੇ ਰਹਿੰਦੇ ਸਨ। ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ `ਚ ਉਨ੍ਹਾਂ ਆਪਣੇ ਦੋਸਤਾਂ ਸਮੇਤ ਭਾਗ ਲਿਆ ਸੀ। ਬਾਅਦ `ਚ ਚੌਰਾ ਚੌਰੀ ਘਟਨਾ ਕਰਕੇ ਮਹਾਤਮਾ ਗਾਂਧੀ ਨੇ ਇਹ ਅੰਦੋਲਨ ਵਾਪਸ ਲੈ ਲਿਆ ਸੀ, ਜਿਸ ਕਰਕੇ ਨੌਜਵਾਨਾਂ ਦੇ ਨਾਲ ਭਗਤ ਸਿੰਘ ਨੂੰ ਵੀ ਬਹੁਤ ਨਿਰਾਸ਼ਾ ਹੋਈ ਸੀ। ਉਸ ਤੋਂ ਬਾਅਦ ਪ੍ਰਮੁੱਖ ਕ੍ਰਾਂਤੀਕਾਰੀਆਂ ਜਿਵੇਂ ਚੰਦਰ ਸ਼ੇਖਰ ਆਜ਼ਾਦ, ਭਗਵਤੀ ਚਰਨ ਵੋਹਰਾ, ਬੀ.ਕੇ. ਦੱਤ, ਰਾਜਗੁਰੂ, ਸੁਖਦੇਵ ਆਦਿ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਪਾਰਟੀ ਬਣਾਈ ਸੀ, ਜੋ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੀ ਪਾਰਟੀ ਹਿੰਦੋਸਤਾਨ ਰਿਪਬਲਿਕਨ ਐਸੋਸ਼ੀਏਸ਼ਨ `ਚ ਮਿਲਣ ਤੋਂ ਬਾਅਦ ਉਸਦਾ ਨਾਮ ਭਗਤ ਸਿੰਘ ਨੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖ ਦਿੱਤਾ ਸੀ।
ਸੰਨ 1928 `ਚ ਸਾਈਮਨ ਕਮਿਸ਼ਨ ਦੱਬੇ ਕੁਚਲੇ ਵਰਗਾਂ ਦੀ ਬਿਹਤਰੀ ਲਈ ਭਾਰਤ ਆਇਆ ਸੀ। ਇਤਿਹਾਸਕਾਰਾਂ ਅਨੁਸਾਰ ਇਸ ਵਿੱਚ ਕੋਈ ਵੀ ਭਾਰਤੀ ਸ਼ਾਮਿਲ ਨਹੀ ਸੀ, ਜਿਸ ਕਾਰਨ ਉਸਦਾ ਵਿਰੋਧ ਭਗਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਕੀਤਾ ਸੀ। ਲਾਠੀਚਾਰਜ ਦੌਰਾਨ ਲਾਲਾ ਜੀ ਗੰਭੀਰ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਹਸਪਤਾਲ ਵਿੱਚ ਕਈ ਦਿਨਾਂ ਦਾਖਲ ਰਹਿਣ ਮਗਰੋਂ ਦਮ ਤੋੜ ਗਏ ਸਨ। ਲਾਲਾ ਜੀ ਮੌਤ ਦਾ ਬਦਲਾ ਅੰਗਰੇਜ਼ ਅਫ਼ਸਰ ਸਕਾਟ ਨੂੰ ਮਾਰ ਕੇ ਲੈਣ ਦੀ ਵਿਉਂਤ ਸੀ, ਪਰ ਉਸ ਦਿਨ ਸਕਾਟ ਨਾ ਆਇਆ ਤੇ ਉਸ ਦੇ ਭੁਲੇਖੇ ਉਨ੍ਹਾਂ ਸਾਂਡਰਸ ਨੂੰ ਮਾਰ ਮੁਕਾਇਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਬੋਲ਼ੀ ਸਰਕਾਰ ਨੂੰ ਜਗਾਉਣ ਲਈ 8 ਅਪ੍ਰੈਲ 1929 ਨੂੰ ਸੰਸਦ `ਚ ਧਮਾਕਾ ਕਰਨ ਦਾ ਫ਼ੈਸਲਾ ਲਿਆ, ਜਿਸ ਵਿੱਚ ਬੀ.ਕੇ. ਦੱਤ ਉਨ੍ਹਾਂ ਨਾਲ ਸੀ। ਧਮਾਕੇ ਦਾ ਮਤਲਬ ਕਿਸੇ ਨੂੰ ਮਾਰਨਾ ਨਹੀ ਸੀ, ਇਹ ਤਾਂ ਸਿਰਫ ਗੋਰਿਆਂ ਨੂੰ ਜਗਾਉਣ ਲਈ ਸੀ। ਦੋਵਾਂ ਸਾਥੀਆਂ ਨੇ ਬੰਬ ਬੜੀ ਸਾਵਧਾਨੀ ਨਾਲ ਸੁੱਟੇ ਸਨ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਇਸ ਤੋਂ ਬਾਅਦ ਦੋਵਾਂ ਕ੍ਰਾਂਤੀਕਾਰੀਆਂ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ। ਜੇਲ੍ਹ `ਚ ਉਹ ਦੋ ਸਾਲ ਰਹੇ ਅਤੇ ਜ਼ਬਰ ਖਿਲਾਫ਼ ਬੋਲਦੇ-ਲਿਖਦੇ ਰਹੇ, ਜਿਸ ਦਾ ਨਤੀਜਾ 64 ਦਿਨਾਂ ਦੀ ਭੁੱਖ ਹੜਤਾਲ਼ ਸੀ।
26 ਅਗਸਤ 1930 ਨੂੰ ਅਦਾਲਤ ਨੇ ਭਗਤ ਸਿੰਘ ਨੂੰ ਦੋਸ਼ੀ ਸਾਬਿਤ ਕੀਤਾ ਅਤੇ ਫਾਂਸੀ ਦੀ ਸਜ਼ਾ ਸੁਣਾਈ ਸੀ। 14 ਫਰਵਰੀ 1931 ਨੂੰ ਮਦਨ ਮੋਹਨ ਮਾਲਵੀਆ ਨੇ ਵਾਇਸਰਾਏ ਨੂੰ ਬੇਨਤੀ ਕੀਤੀ ਸੀ ਕਿ ਉਹ ਮਾਨਵਤਾ ਦੇ ਆਧਾਰ `ਤੇ ਭਗਤ ਸਿੰਘ ਦੀ ਸਜ਼ਾ ਮੁਆਫ਼ ਕਰ ਦੇਣ। ਇਹ ਸਭ ਕੁਝ ਭਗਤ ਸਿੰਘ ਦੀ ਇੱਛਾ ਦੇ ਖਿਲਾਫ਼ ਸੀ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਸਜ਼ਾ ਮੁਆਫ਼ ਕੀਤੀ ਜਾਵੇ। ਅਖ਼ੀਰ ਗੋਰੀ ਸਰਕਾਰ ਨੇ ਜੇਲ੍ਹ ਦੇ ਨਿਯਮ ਕਾਨੂੰਨ ਤੋੜਦਿਆਂ 23 ਮਾਰਚ 1931 ਨੂੰ ਸ਼ਾਮ ਸੱਤ ਵੱਜ ਕੇ ਤੇਤੀ ਮਿੰਟ `ਤੇ ਤਿੰਨ ਯੋਧਿਆਂ- ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ। ਲੋਕ ਰੋਹ ਤੋਂ ਡਰਦਿਆਂ ਜੇਲ੍ਹ ਦੇ ਪਿਛਲੇ ਦਰਵਾਜ਼ੇ ਰਾਹੀਂ ਤਿੰਨਾਂ ਲਾਸ਼ਾਂ ਦਾ ਸਸਕਾਰ ਹੁਸੈਨੀਵਾਲਾ ਵਿਖੇ ਸਤਲੁਜ ਕੰਢੇ ਤੇਲ ਛਿੜਕ ਕੇ ਕੀਤਾ ਗਿਆ ਅਤੇ ਅਧਸੜ੍ਹੀਆਂ ਲਾਸ਼ਾਂ ਸਤਲੁਜ ਦਰਿਆ `ਚ ਰੋੜ ਦਿੱਤੀਆਂ ਸਨ।
ਸ਼ਹੀਦ ਭਗਤ ਸਿੰਘ ਸਾਡੇ ਮੁਲ਼ਕ ਦੀ ਆਜ਼ਾਦੀ ਲਈ ਜੂਝਣ ਵਾਲੇ ਸਿਰਲੱਥ ਯੋਧਿਆਂ ਦੇ ਵਿੱਚ ਨਿਵੇਕਲੇ ਰੂਪ ਵਿੱਚ ਸ਼ੁਮਾਰ ਹੈ, ਜਿਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਲੋਕਾਈ ਲਈ ਪ੍ਰੇਰਨਾਸੋ੍ਰਤ ਹੈ। ਉਨ੍ਹਾਂ ਦਾ ਲਾਜਵਾਬ ਕਾਰਜ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਆਪਣੇ ਦੇਸ਼ ਲਈ ਕੀ ਜਜ਼ਬਾ ਰੱਖਦੇ ਸਨ, ਜਿਸ ਲਈ ਉਹ ਆਪਣੀ ਹਰ ਚੀਜ਼ ਦਾ ਬਲੀਦਾਨ ਦੇਣ ਤੋਂ ਪੈਰ ਪਿੱਛੇ ਨਹੀਂ ਪਾਉਂਦੇ ਸਨ। ਉਹ ਸਿਰਫ ਪਿਸਤੌਲ ਆਦਿ ਹਥਿਆਰਾਂ ਨੂੰ ਚਲਾਉਣ ਦੇ ਹੀ ਮਾਹਿਰ ਨਹੀਂ ਸਨ, ਬਲਕਿ ਕਿਤਾਬਾਂ ਪੜ੍ਹਨ ਅਤੇ ਕਲਮ ਦੇ ਵੀ ਧਨੀ ਸਨ, ਜਿਸ ਦੀ ਗਵਾਹੀ ਉਨ੍ਹਾਂ ਦੀਆਂ ਅਣਗਿਣਤ ਲਿਖਤਾਂ ਹਨ। ਕਿਤਾਬਾਂ ਪੜ੍ਹਨ ਦੇ ਉਹ ਬੇਹੱਦ ਸ਼ੁਕੀਨ ਸਨ ਅਤੇ ਜਨੂੰਨ ਨਾਲ ਉਹ ਸਾਹਿਤ ਪੜ੍ਹਦੇ ਸਨ, ਜੋ ਫਾਂਸੀ ਦੇ ਤਖ਼ਤੇ ਵੱਲ ਜਾਂਦੇ ਸਮੇਂ ਤੱਕ ਜਾਰੀ ਰਿਹਾ ਹੈ। ਸਪੱਸ਼ਟ ਹੈ ਕਿ ਉਹ ਸਾਹਿਤ ਰਸੀਏ ਸਨ। ਉਨ੍ਹਾਂ ਬਹੁਤ ਛੋਟੀ ਉਮਰੇ ਹੀ ਕਾਫੀ ਜ਼ਿਆਦਾ ਅਧਿਐਨ ਕਰ ਲਿਆ ਸੀ, ਜੋ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰਾਂ ਨਾਲੋਂ ਨਿਖੇੜਦਾ ਹੈ। ਉਹ ਬਹਿਸ ਦਲੀਲਾਂ ਨਾਲ ਕਰਦੇ ਸਨ ਤੇ ਕੋਈ ਉਨ੍ਹਾਂ ਨੂੰ ਪਛਾੜ੍ਹ ਨਹੀਂ ਸੀ ਸਕਦਾ। ਇਸ ਦਾ ਕਾਰਨ ਉਹ ਅਧਿਐਨ ਨੂੰ ਮੰਨਦੇ ਸਨ, ਸ਼ਾਇਦ ਇਸੇ ਕਰਕੇ ਹੀ ਉਹ ਆਪਣੇ ਸਾਥੀ ਰਾਜਗੁਰੂ ਨੂੰ ਵਾਰ ਵਾਰ ਪੜ੍ਹਨ ਲਈ ਪ੍ਰੇਰਦੇ ਸਨ।
ਉਨ੍ਹਾਂ ਦਾ ਇਨਕਲਾਬ ਸਬੰਧੀ ਮੰਨਣਾ ਸੀ, “ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ `ਤੇ ਤਿੱਖੀ ਹੁੰਦੀ ਹੈ। ਇੱਕ ਇਨਕਲਾਬੀ ਹੋਣ ਕਾਰਨ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸਮਾਜਵਾਦੀ ਸਮਾਜ ਦੀ ਸਥਾਪਨਾ ਹਿੰਸਕ ਤਰੀਕਿਆਂ ਨਾਲ ਨਹੀਂ ਹੋ ਸਕਦੀ, ਬਲਕਿ ਉਸਦੇ ਅੰਦਰੋਂ ਹੀ ਉਪਜਣੀ ਤੇ ਵਿਕਸਿਤ ਹੋਣੀ ਚਾਹੀਦੀ ਹੈ। ਦਹਿਸ਼ਤਵਾਦ ਕੋਈ ਮੁਕੰਮਲ ਇਨਕਲਾਬ ਨਹੀਂ ਹੈ ਤੇ ਇਨਕਲਾਬ ਲਈ ਦਹਿਸ਼ਤਵਾਦ ਲਾਜ਼ਮੀ ਹੈ। ਦਹਿਸ਼ਤਵਾਦ ਜ਼ਾਬਰ ਦੇ ਮਨ `ਚ ਡਰ ਪੈਦਾ ਕਰਕੇ ਪੀੜਿਤ ਲੋਕਾਂ ਨੂੰ ਉਸਦੇ ਖਿਲਾਫ ਡਟਣ ਦਾ ਬਲ ਪ੍ਰਦਾਨ ਕਰਦਾ ਹੈ। ਇਨਕਲਾਬ ਕੋਈ ਬਿਨਾਂ ਸੋਚੀ ਸਮਝੀ ਅੱਗਜ਼ਨੀ ਦੀ ਦਰਿੰਦਾ ਮੁਹਿੰਮ ਨਹੀਂ। ਇਨਕਲਾਬ ਕੋਈ ਮਾਯੂਸੀ `ਚੋਂ ਪੈਦਾ ਹੋਇਆ ਫ਼ਲਸਫ਼ਾ ਵੀ ਨਹੀ ਅਤੇ ਨਾ ਹੀ ਸਰਫ਼ਰੋਸ਼ੀ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ। ਇਨਕਲਾਬ ਤੋਂ ਭਾਵ ਇੱਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ, ਜਿਸ ਵਿੱਚ ਮਜ਼ਦੂਰ ਜਮਾਤ ਦੀ ਸਰਦਾਰੀ ਪ੍ਰਵਾਨਿਤ ਹੋਵੇ।”
ਧਾਰਮਿਕ ਤੰਗਦਿਲੀ ਦਾ ਉਹ ਸਦਾ ਵਿਰੋਧ ਕਰਦੇ ਰਹੇ ਤੇ ਉਹ ਅਕਸਰ ਕਹਿੰਦੇ ਸਨ ਕਿ ਧਰਮ ਦੇ ਨਾਂ `ਤੇ ਹੁੰਦੇ ਦੰਗੇ ਫ਼ਸਾਦ ਸਵਾਰਥੀਆਂ ਦੀ ਹੀ ਦੇਣ ਹਨ। ਸੰਸਾਰ `ਚ ਜਿੰਨਾ ਖੂਨ ਖਰਾਬਾ ਧਰਮ ਦੇ ਨਾਮ `ਤੇ ਹੋਇਆ ਹੈ, ਸ਼ਾਇਦ ਹੀ ਕਿਸੇ ਹੋਰ ਕਾਰਨ ਕਰਕੇ ਹੋਇਆ ਹੋਵੇ। ਇਹ ਆਹੂ ਇਸ ਲਈ ਨਹੀਂ ਲਾਹੇ ਗਏ ਹਨ ਕਿ ਫ਼ਲਾਣਾ ਮਨੁੱਖ ਦੋਸ਼ੀ ਹੈ, ਸਗੋਂ ਇਸ ਲਈ ਕਿ ਫ਼ਲਾਣਾ ਮਨੁੱਖ ਹਿੰਦੂ ਹੈ ਜਾਂ ਮੁਸਲਮਾਨ। ਇਸੇ ਲਈ ਉਨ੍ਹਾਂ ਨੇ ਨਾਸਤਿਕਤਾ ਦਾ ਰਾਹ ਚੁਣਿਆ ਸੀ। ਉਨ੍ਹਾਂ ਦੀ ਲਿਖੀ ਕਿਤਾਬ ‘ਮੈਂ ਨਾਸਤਿਕ ਕਿਉਂ ਹਾਂ` ਅਜੋਕੇ ਸੰਦਰਭ `ਚ ਸਦੀਵੀ ਸੱਚ ਹੈ।
ਪੂੰਜੀਵਾਦੀ ਪ੍ਰਥਾ ਦੇ ਉਹ ਖਿਲਾਫ਼ ਸਨ, ਜਿਸ `ਚ ਅਮੀਰ ਗਰੀਬਾਂ ਦਾ ਲਹੂ ਚੂਸਦੇ ਸਨ। ਉਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਸਦਾ ਦੁਖੀ ਰਹੇ। ਉਹ ਕਹਿੰਦੇ ਸਨ, ਗ਼ਰੀਬੀ ਪਾਪ ਹੈ, ਇਹ ਸਜ਼ਾ ਹੈ, ਜਿਸ ਨਾਲ ਮਨੁੱਖ ਹੋਰ ਵਧੇਰੇ ਅਪਰਾਧ ਕਰਨ ਲਈ ਮਜ਼ਬੂਰ ਹੁੰਦਾ ਹੈ। ਉਹਦੀ ਅਗਿਆਨਤਾ ਤੇ ਗ਼ਰੀਬੀ ਕਾਰਨ ਖੁਦ ਨੂੰ ਚੰਗੇ ਸਮਝਣ ਵਾਲੇ ਉਸਨੂੰ ਨਫ਼ਰਤ ਕਰਦੇ ਤੇ ਧਿਰਕਾਰਦੇ ਹਨ।
ਫਾਂਸੀ ਲੱਗਣ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਤੋਂ ਬਾਰਾਂ ਸਾਲ ਛੋਟੇ ਭਰਾ ਕੁਲਤਾਰ ਸਿੰਘ ਨੂੰ ਕਹੇ ਆਖ਼ਰੀ ਸ਼ਬਦ ਅੱਜ ਵੀ ਨੌਜਵਾਨਾਂ ਲਈ ਓਨੇ ਹੀ ਅਰਥਪੂਰਨ ਹਨ, ਜਿੰਨੇ ਉਸ ਸਮੇਂ ਸਨ। ਉਨ੍ਹਾਂ ਨੇ ਤਿੰਨ ਗੱਲਾਂ ਆਖੀਆਂ ਸਨ- “ਸਿਹਤ ਦਾ ਖਿਆਲ ਰੱਖਣਾ, ਹਿੰਮਤ ਰੱਖਣਾ ਅਤੇ ਮਿਹਨਤ ਨਾਲ ਪੜ੍ਹਨਾ।” ਵਾਕਿਆ ਹੀ ਇਸ ਤੋਂ ਵੱਡਾ ਸੰਦੇਸ਼ ਅਜੋਕੇ ਨੌਜਵਾਨਾਂ ਲਈ ਕੋਈ ਹੋਰ ਹੋ ਹੀ ਨਹੀਂ ਸਕਦਾ।