ਵਜ਼ੀਰ ਖਾਨ

Uncategorized

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਸ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਗੁਰਬਾਣੀ ਨਾਲ ਮੋਹ ਕਰਨ ਅਤੇ ਖੁਦ ਨੂੰ ‘ਗੁਰੂ ਦਾ ਖ਼ਾਦਮ’ ਕਹਿਣ ਵਾਲੇ ਵਜ਼ੀਰ ਖਾਨ ਦਾ ਵੇਰਵਾ ਹੈ…

ਅਲੀ ਰਾਜਪੁਰਾ
ਫੋਨ:+91-9417679302

ਸ਼ੇਖ਼ ਅਬਦੁੱਲ ਲਤੀਫ਼ ਦਾ ਪੁੱਤਰ ਹਕੀਮ ਵਜ਼ੀਰ ਖ਼ਾਨ ਸੀ। ਉਂਝ ਉਸ ਦਾ ਅਸਲ ਨਾਂ ਅਲੀਮ-ਉਦ-ਦੀਨ ਅਨਸਾਰੀ ਸੀ। ਇਹ ਚਿਨੋਟ ਜ਼ਿਲ੍ਹਾ ਝੰਗ (ਪਾਕਿਸਤਾਨ) ਦਾ ਵਸਨੀਕ ਸੀ। ਬਾਦਸ਼ਾਹ ਜਹਾਂਗੀਰ ਸ਼ਾਹਜਹਾਂ ਦਾ ਇਤਬਾਰੀ ਅਹਿਲਕਾਰ ਸੀ ਅਤੇ ਸ਼ਾਹਜਹਾਂ ਨੇ 1628 ਈ. ਵਿੱਚ ਇਸ ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ ਸੀ। ਉਂਝ ਇਹ ਗੁਰੂ ਅਰਜਨ ਦੇਵ ਜੀ ਦਾ ਸਾਦਿਕ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵੀ ਸੇਵਾ ’ਚ ਜੁੜਦਾ ਰਿਹਾ। ਉਸ ਦਾ ਗੁਰਬਾਣੀ ਨਾਲ ਇੰਨਾ ਮੋਹ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਉਹ ਲਾਹੌਰ ਵਿੱਚੋਂ ਲੰਘਿਆ ਜਾ ਰਿਹਾ ਸੀ ਕਿ ਉਸ ਦੇ ਕੰਨੀਂ ਭਾਈ ਭਾਨੂੰ ਦੇ ਘਰੋਂ ਉੱਚੀ-ਉੱਚੀ ਸੁਖਮਨੀ ਸਾਹਿਬ ਪੜ੍ਹੇ ਜਾਣ ਦੀ ਆਵਾਜ਼ ਪਈ ਤਾਂ ਵਜ਼ੀਰ ਖਾਨ ਨੂੰ ਐਸਾ ਆਨੰਦ ਆਇਆ ਕਿ ਉਹ ਲੰਘਿਆ ਜਾਂਦਾ ਸੁਣਨ ਲਈ ਮੁੜ ਪਿਆ। ਉਸ ਦੇ ਮਨ ’ਤੇ ਸੁਖਮਨੀ ਸਾਹਿਬ ਦਾ ਏਨਾ ਅਸਰ ਹੋਇਆ ਕਿ ਉਹ ਸੁਖਮਨੀ ਸਾਹਿਬ ਸੁਣੇ ਬਿਨਾ ਪ੍ਰਸ਼ਾਦ ਮੂੰਹ ’ਚ ਨਹੀਂ ਪਾਉਂਦਾ ਸੀ। ਵਜ਼ੀਰ ਆਪਣੇ ਆਪ ਨੂੰ ਗੁਰੂ ਦਾ ਖ਼ਾਦਮ ਕਹਿੰਦਾ ਹੁੰਦਾ ਸੀ। ਆਪ ਉਹ ਭਾਵੇਂ ਪ੍ਰਸਿੱਧ ਹਕੀਮ ਸੀ, ਪਰ ਜਲੋਧਰ ਦੀ ਬਿਮਾਰੀ ਨੇ ਐਸਾ ਗ੍ਰੱਸਿਆ ਕਿ ਸਾਰੇ ਉਪਰਾਲੇ ਅਸਫ਼ਲ ਸਿੱਧ ਹੋਏ। ਵਜ਼ੀਰ ਖ਼ਾਨ ਨੂੰ ਪਾਲਕੀ ਵਿੱਚ ਬਿਠਾ ਕੇ ਅੰਮ੍ਰਿਤਸਰ ਲਿਆਂਦਾ ਗਿਆ। ਗੁਰੂ ਅਰਜਨ ਦੇਵ ਜੀ ਉਸ ਸਮੇਂ ਦੁੱਖ ਭੰਜਨੀ ਬੇਰੀ ਪਾਸ ਥੜ੍ਹੇ ਉੱਪਰ ਬੈਠ ਕੇ ਅੰਮ੍ਰਿਤ ਸਰੋਵਰ ਦੀ ਗਾਰ ਕਢਵਾ ਰਹੇ ਸਨ।
ਕੁਝ ਸਾਖੀਆਂ ਵਿੱਚ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਦੀ ਪਾਲਕੀ ਦੁੱਖ ਭੰਜਨੀ ਬੇਰੀ ਹੇਠਾਂ ਰੱਖ ਦਿੱਤੀ ਅਤੇ ਉਸ ਨੂੰ ਹੇਠਾਂ ਲਿਟਾ ਦਿੱਤਾ ਗਿਆ। ਵਜ਼ੀਰ ਖ਼ਾਨ ਨੇ ਦੂਰ ਤੋਂ ਹੀ ਕਿਹਾ, “ਮਹਾਰਾਜ ਬਖ਼ਸ਼ੋ।” ਬਾਬਾ ਬੁੱਢਾ ਜੀ ਸਰੋਵਰ ਵਿੱਚੋਂ ਗਾਰ ਕੱਢ ਰਹੇ ਸਨ। ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ, “ਬਾਬਾ ਜੀ, ਵਜ਼ੀਰ ਖਾਨ ਉੱਤੇ ਕਿਰਪਾ ਕਰੋ…।” ਜਦੋਂ ਗੁਰੂ ਜੀ ਨੇ ਇਹੋ ਹੀ ਬਚਨ ਮੁੜ ਦੁਹਰਾਏ ਤਾਂ ਬਾਬਾ ਜੀ ਨੇ ਗਾਰ ਦੀ ਭਰੀ ਹੋਈ ਟੋਕਰੀ ਵਜ਼ੀਰ ਖਾਨ ਦੇ ਪੇਟ ਉੱਤੇ ਮਾਰੀ, ਵਜ਼ੀਰ ਖ਼ਾਨ ਦਾ ਸਾਰਾ ਪੇਟ ਸਾਫ ਹੋ ਗਿਆ। ਗੁਰੂ ਜੀ ਨੇ ਵਜ਼ੀਰ ਖਾਨ ਨੂੰ ਆਪਣੇ ਹੱਥੀਂ ਕੜਾਹ ਪ੍ਰਸ਼ਾਦ ਦਿੱਤਾ। ਉਸ ਨੇ ਜਦੋਂ ਸਦਾ ਸ਼ਾਂਤੀ ਲਈ ਬਖ਼ਸ਼ਿਸ਼ ਮੰਗੀ ਤਾਂ ਗੁਰੂ ਜੀ ਨੇ ਸਦਾ ਅਕਾਲ ਪੁਰਖ, ਅੱਲ੍ਹਾ-ਵਾਹਿਗੁਰੂ ਦਾ ਜੱਸ ਗਾਉਣ ਤੇ ਸੁਣਨ ਲਈ ਕਿਹਾ।
ਵਜ਼ੀਰ ਖ਼ਾਨ ਲਾਹੌਰ ਤੋਂ ਦਿੱਲੀ ਜਾ ਪਹੁੰਚਿਆ, ਪਰ ਉੁਥੇ ਵੀ ਉਸ ਦੀ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਉੱਥੋਂ ਅਕਬਰਾਬਾਦ (ਆਗਰਾ) ਜਾ ਡੇਰੇ ਲਾਏ। ਇਸੇ ਦੌਰਾਨ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਵਜ਼ੀਰ ਖ਼ਾਨ ਬਹੁਤ ਤੜਫ਼ਿਆ, ਪਰ ਉਸ ਦੀ ਕੋਈ ਪੇਸ਼ ਨਾ ਗਈ। ਅਕਬਰਾਬਾਦ ਵਿੱਚ ਹਕੀਮੀ ਕਾਰਨ ਸ਼ੁਹਰਤ ਬਹੁਤ ਹੀ ਵਧ ਗਈ ਤੇ ਬਾਦਸ਼ਾਹ ਨੇ ਫੇਰ ਆਪਣੇ ਪਾਸ ਨੌਕਰ ਰੱਖ ਲਿਆ ਸੀ। ਜਹਾਂਗੀਰ ਨੇ ਵੀ ਹੁਣ ਇੱਜ਼ਤ ਦੇਣੀ ਆਰੰਭ ਕਰ ਦਿੱਤੀ। ਥੋੜ੍ਹੇ ਹੀ ਦਿਨਾਂ ਵਿੱਚ ਉਹ ਸ਼ਹਿਨਸ਼ਾਹ, ਸਾਹਿਬਜ਼ਾਦਿਆਂ ਤੇ ਹਰਮ ਦੀਆਂ ਬੇਗ਼ਮਾਂ ਦੇ ਨਿੱਜੀ ਹਕੀਮ ਨਿਯਤ ਹੋ ਗਏ। ਐਸੀ ਦਿਆਨਤਦਾਰੀ ਤੇ ਲਗਨ ਨਾਲ ਕੰਮ ਕੀਤਾ ਕਿ ਦੀਵਾਨ ਦੇ ਰੁਤਬੇ ਤੱਕ ਜਾ ਪੁੱਜੇ। ਉੱਥੇ ਵੀ ਫ਼ਰਜ਼ ਨਿਭਾਉਣ ਦੀ ਹੱਦ ਦੱਸੀ। ਪਹਿਲਾਂ ਮਾਲਖ਼ਾਨਾ ਦੇ ਵਿਚਾਰਲਾ ਤੇ ਫਿਰ ਦੀਵਾਨ ਬਣ ਗਏ। ਸ਼ਾਹਜ਼ਾਦਾ ਖੁਰਮ ਵਜ਼ੀਰ ਖਾਨ ਨੂੰ ਆਪਣੇ ਨਾਲ ਰੱਖਣ ਲੱਗਿਆ। ਇਸ ਤਰ੍ਹਾਂ ਵਜ਼ੀਰ ਖਾਨ ਦੀ ਚਾਰੇ ਪਾਸੇ ਮਹਿਮਾ ਸੁਣਨ ਨੂੰ ਮਿਲਣ ਲੱਗੀ। ਜਹਾਂਗੀਰ ਦੇ ਸਮੇਂ ਹੀ ਇਹ ਵਾਪਿਸ ਲਾਹੌਰ ਆ ਗਏ।
ਸਾਈਂ ਮੀਆਂ ਮੀਰ ਜੀ ਜਦੋਂ ਦਿੱਲੀ ਗਏ ਤਾਂ ਵਜ਼ੀਰ ਖਾਨ ਕੋਲ਼ ਠਹਿਰ ਕੀਤੀ ਸੀ ਤੇ ਇਨ੍ਹਾਂ ਦੋਵੇਂ ਮਹਾਂਪੁਰਸ਼ਾਂ ਨੇ ਕਈ ਹੋਰਨਾਂ ਨੂੰ ਨਾਲ਼ ਲੈ ਕੇ ਜਹਾਂਗੀਰ ਨੂੰ ਪ੍ਰੇਰਿਆ ਸੀ ਤੇ ਤਾਹੀਓਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਸੰਭਵ ਹੋ ਸਕੀ ਸੀ। ਨੂਰਜਹਾਂ ਸਖ਼ਤ ਬੀਮਾਰ ਰਹਿਣ ਲੱਗ ਪਈ ਸੀ ਤੇ ਵਜ਼ੀਰ ਖ਼ਾਨ ਦੀ ਸੋਭਾ ਉਹ ਕਈ ਵਾਰ ਸੁਣ ਚੁੱਕੀ ਸੀ। ਲਾਹੌਰ ਆ ਕੇ ਉਸ ਨੇ ਇਲਾਜ ਕਰਵਾਇਆ ਤੇ ਬਿਲਕੁਲ ਤੰਦਰੁਸਤ ਹੋ ਗਈ ਸੀ। ਨੂਰਜਹਾਂ ਨੇ ਵਜ਼ੀਰ ਖ਼ਾਨ ਨੂੰ ਲੱਖਾਂ ਰੁਪਏ ਅਤੇ ਜ਼ੇਵਰ ਇਨਾਮ ਵਜੋਂ ਦਿੱਤੇ ਸਨ।
ਗੁਰੂ ਹਰਿਗੋਬਿੰਦ ਸਾਹਿਬ ਨਾਲ ਉਸ ਦੀਆਂ ਕਈ ਮੁਲਾਕਾਤਾਂ ਹੋਈਆਂ। ਵਜ਼ੀਰ ਖ਼ਾਨ ਕਈ ਵਾਰ ਅੰਮ੍ਰਿਤਸਰ ਆਉਂਦਾ ਤੇ ਗੁਰੂ ਜੀ ਵੀ ਉਸ ਕੋਲ਼ ਲਾਹੌਰ ਚਲੇ ਜਾਂਦੇ ਸਨ। ਜਦੋਂ ਵੀ ਕਿਸੇ ਨੇ ਗੁਰੂ ਜੀ ਬਾਰੇ ਮੁਗ਼ਲ ਦਰਬਾਰ ਵਿੱਚ ਕੋਈ ਗੱਲ ਕਰਨੀ ਚਾਹੀ ਤਾਂ ਵਜ਼ੀਰ ਖਾਨ ਨੇ ਜ਼ਰੂਰ ਟੋਕਿਆ ਸੀ। ਇਸ ਕਾਰਨ ਉਨ੍ਹਾਂ ਨੂੰ ਗੁਰੂ ਘਰ ਵਿੱਚ ਗੁਰੂ ਕਾ ਹਕਾਰਾ ਕਰਕੇ ਲਿਖਿਆ ਹੈ। ਸੰਨ 1628 ਵਿੱਚ ਜਹਾਂਗੀਰ ਦੀ ਥਾਂ ਸ਼ਾਹਜਹਾਂ ਤਖ਼ਤ ਉੱਤੇ ਬੈਠਿਆ। ਉਦੋਂ ਸ਼ਾਹਜਹਾਂ ਆਪ ਤਾਂ ਪੰਜਾਬ ਨਹੀਂ ਆ ਸਕਿਆ, ਇਸ ਲਈ ਸ਼ਾਹੀ ਫ਼ੌਜਾਂ ਨੇ ਗੁਰੂ ਘਰ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। 1628 ਵਿੱਚ ਅੰਮ੍ਰਿਤਸਰ ਦੇ ਨਜ਼ਦੀਕ ਗੁਮਟਾਲੇ ਵਿਖੇ ਪਹਿਲੀ ਝੜਪ ਹੋਈ, ਜਿਸ ਵਿੱਚ ਸ਼ਾਹੀ ਫੌਜਾਂ ਨੂੰ ਹਾਰ ਝੱਲਣੀ ਪਈ। ਵਜ਼ੀਰ ਖ਼ਾਨ ਨੇ ਸਾਰੀ ਸਹੀ ਗੱਲ-ਬਾਤ ਸ਼ਾਹਜਹਾਂ ਨੂੰ ਪਹੁੰਚਾ ਦਿੱਤੀ। ਇਸ ਤੋਂ ਛੇਤੀ ਹੀ ਅਗਲੇ ਸਾਲ ਜਦ ਹਰਿਗੋਬਿੰਦਪੁਰ ਵਿੱਚ ਦੂਜੀ ਜੰਗ ਹੋਈ ਤਾਂ ਵਜ਼ੀਰ ਖ਼ਾਨ ਨੇ ਮੌਕਾ ਸੰਭਾਲਿਆ। ਇਸ ਪਿੱਛੋਂ ਕੁਕਰਮੀ ਅਤੇ ਈਰਖਾਲੂ ਲੋਕ ਸ਼ਾਹਜਹਾਂ ਨੂੰ ਗੁਰੂ ਜੀ ਵਿਰੁੱਧ ਚੁੱਕਦੇ ਰਹੇ, ਪਰੰਤੂ ਦਾਰਾ ਸ਼ਿਕੋਹ ਤੇ ਜਿਹੜੇ ਹੋਰ ਨੇਕ ਦਿਲ ਸਨ, ਬਾਦਸ਼ਾਹ ਨੂੰ ਇਸ ਕੰਮ ਤੋਂ ਵਰਜਦੇ ਰਹੇ।
ਇੱਕ ਵਾਰ ਤਾਂ ਗੱਲ ਇੱਥੋਂ ਤੱਕ ਪੁੱਜ ਗਈ ਕਿ ਬਾਦਸ਼ਾਹ ਨੇ ਹਰਿਗੋਬਿੰਦਪੁਰ ਨਗਰ ਨੂੰ ਢਾਹ ਦੇਣ ਦਾ ਹੁਕਮ ਦਿੱਤਾ। ਵਜ਼ੀਰ ਖ਼ਾਨ ਨੇ ਨੀਤੀ ਵਰਤੀ, ਜਿਹੜੀ ਉਸ ਨਗਰ ਵਿੱਚ ਗੁਰੂ ਜੀ ਨੇ ਮਸਜਿਦ ਉਸਾਰੀ ਹੋਈ ਸੀ, ਉਸਦੀ ਦਲੀਲ ਦੇ ਕੇ ਦਾਰਾਸ਼ਿਕੋਹ ਨੂੰ ਕਿਹਾ ਸੀ, “ਜਿਸ ਗੁਰੂ ਨੇ ਮਸਜਿਦ ਬਣਾਈ ਹੋਈ ਹੈ, ਉਹ ਇਸਲਾਮ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ?” ਇਸ ਤਰ੍ਹਾਂ ਵਜ਼ੀਰ ਖ਼ਾਨ ਨੇ ਆਪਣੀ ਸਮਝ ਨਾਲ ਸਾਰੇ ਨਗਰ ਨੂੰ ਤਬਾਹੀ ਤੋਂ ਬਚਾ ਲਿਆ ਸੀ। 1632 ਈ. ਵਿੱਚ ਜਦੋਂ ਸ਼ਾਹਜ਼ਹਾਂ ਪੰਜਾਬ ਨੂੰ ਆਇਆ ਸੀ ਤਾਂ ਵਿਰੋਧੀਆਂ ਨੇ ਉਸ ਦੇ ਕੰਨ ਭਰੇ ਸਨ, ਵਜ਼ੀਰ ਖ਼ਾਨ ਉਸ ਸਮੇਂ ਫ਼ਤਹਿ ਖ਼ਾਨ ਦੀ ਬਗ਼ਾਵਤ ਨੂੰ ਦਬਾਉਣ ਲਈ ਦੌਲਤਾਬਾਦ (ਸਿੰਧ) ਗਏ ਹੋਏ ਸਨ। ਗੁਰੂ ਜੀ ਦੇ ਵਿਰੋਧੀ ਸ਼ਾਹਜਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰ ਰਹੇ ਸਨ ਤਾਂ ਦੂਜੇ ਪਾਸੇ ਵਜ਼ੀਰ ਖ਼ਾਨ ਜਿੱਤ ਕੇ ਪੁੱਜ ਗਿਆ ਸੀ ਅਤੇ ਉਸਨੇ ਸ਼ਾਹਜਹਾਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ।
ਵਜ਼ੀਰ ਖਾਨ ਨੇ ਕਿਸੇ ਦੀ ਇੱਕ ਨਾ ਚੱਲਣ ਦਿੱਤੀ। ਵਿਰੋਧੀਆਂ ਨੇ ਸ਼ਿਕਾਇਤਾਂ ਕੀਤੀਆਂ ਕਿ ਗੁਰੂ ਹਰਿਗੋਬਿੰਦ ਜੀ ਨੂੰ ਜੇ ਨਾ ਰੋਕਿਆ ਗਿਆ ਤਾਂ ਕਈ ਉਪੱਦਰ ਹੋਣਗੇ। ਵਜ਼ੀਰ ਖਾਨ ਨੇ ਸਾਰੇ ਵੇਰਵੇ ਦੱਸੇ ਅਤੇ ਬਾਬਰ ਤੋਂ ਲੈ ਕੇ ਜਹਾਂਗੀਰ ਤੱਕ ਦੇ ਗੁਰੂ ਸਾਹਿਬ ਨਾਲ ਸਬੰਧਾਂ ਨੂੰ ਦੱਸਿਆ। ਉਸ ਨੇ ਕਿਹਾ ਕਿ ਗੁਰੂ ਜੀ ’ਤੇ ਧਾਵਾ ਬੋਲਣਾ ਖਜ਼ਾਨੇ ਦੀ ਬਰਬਾਦੀ ਤੇ ਪਰਜਾ ਨੂੰ ਦੁਖੀ ਕਰਨ ਵਾਲੀ ਗੱਲ ਹੈ। ਗੁਰੂ ਜੀ ਭਾਵੇਂ ਚਾਰ ਵਾਰੀ ਜਿੱਤੇ ਸਨ, ਪਰ ਉਨ੍ਹਾਂ ਨੇ ਕੋਈ ਮੱਲ ਨਹੀਂ ਮਾਰੀ ਸੀ। ਖ਼ਜ਼ਾਨਾ ਨਹੀਂ ਲੁੱਟਿਆ ਸੀ। ਇਸ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਉਹ ਲੜਨ ਲਈ ਮਜਬੂਰ ਕਰ ਦਿੱਤੇ ਗਏ ਸਨ। ਗੁਰੂ ਘਰ ਤਾਂ ਹਰ ਇੱਕ ਲਈ ਖੁੱਲ੍ਹਾ ਹੈ, ਲੰਗਰ ਚਲਦੇ ਹਨ। ਵਜ਼ੀਰ ਖਾਨ ਨੇ ਕਿਹਾ ਪੀਰਾਂ-ਫ਼ਕੀਰਾਂ ਤੋਂ ਜਿੱਤਣਾ ਕੀ ਔਖਾ ਹੈ! ਸਿਰ ਝੁਕਾਅ ਦੇਈਏ ਤਾਂ ਜਿੱਤ ਗਏ। ਫਿਰ ਜੋ ਮੰਗੋ ਸੋ ਲੈ ਲਵੋ। ਇਹ ਤਾਂ ਮੁੱਢੋਂ ਕਦੀਮੋਂ ਚਾਲ ਹੈ ਕਿ ਫ਼ਕੀਰ ਦੁਨੀਆਂਦਾਰਾਂ ਅੱਗੇ ਨਹੀਂ ਨਿਉਂਦੇ, ਕਿਉਂਕਿ ਉਹ ਬੇਗਰਜ਼ ਹਨ ਤੇ ਦੁਨੀਆਂਦਾਰ ਗਰਜ਼ਮੰਦ।
ਇਸ ਬੇਬਾਕੀ ਨਾਲ ਵਜ਼ੀਰ ਖ਼ਾਨ ਬੋਲੇ ਕਿ ਸਭ ਚੁੱਪ ਹੋ ਗਏ। ਵਜ਼ੀਰ ਨੇ ਫਿਰ ਕਿਹਾ ਕਿ ਗੁਰੂ ਦੀ ਜਿੱਤ ਦਾ ਵੱਡਾ ਕਾਰਨ ਇਹ ਹੈ ਕਿ ਗੁਰੂ ਦੇ ਸਿੱਖ ਆਦਰਸ਼ ਨੂੰ ਮੁੱਖ ਰੱਖ ਕੇ ਲੜਦੇ ਹਨ ਤੇ ਜਾਨ ਬਚਾ ਕੇ ਨਹੀਂ ਲੜਦੇ। ਉਨ੍ਹਾਂ ਨੇ ਗੁਰੂ ਜੀ ਤੋਂ ਸੱਚਮੁੱਚ ਸਭ ਕੁਝ ਵਾਰ ਸੁੱਟਿਆ ਹੈ। ਵੱਡੀ ਗੱਲ ਜਿਵੇਂ ਬਾਦਸ਼ਾਹ ਤੁਸੀਂ ਆਪਣੀ ਇਤਬਾਰੀ ਦਾ ਪੱਖ ਕਰਦੇ ਹੋ, ਇਸ ਤਰ੍ਹਾਂ ਪਰਮਾਤਮਾ ਵੀ ਆਪਣੇ ਪਿਆਰੇ ਦਾ ਪੱਖ ਪੂਰਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਅੱਲਾ ਦੇ ਨਬੀ ਹਨ। ਜਦ ਖ਼ੁਦਾ ਉਨ੍ਹਾਂ ਵੱਲ ਹੈ ਤਾਂ ਬੰਦਿਆਂ ਦੀ ਕੀ ਪੇਸ਼ ਚਲਦੀ ਹੈ? ਜੋ ਫ਼ਕੀਰ ਰੱਬ ਦੀ ਜ਼ਾਤ ਹਨ, ਭਾਵੇਂ ਪ੍ਰਗਟ ਕਿਸੇ ਮਜ਼੍ਹਬ ਵਿੱਚ ਹੋਣ, ਹਰ ਅੰਦਰੋਂ ਸਭ ਨੂੰ ਇਕ ਮੰਨਦੇ ਹਨ। ਉਹ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਕਰ ਜਾਣਦੇ ਹਨ। ਸ਼ਾਹਜਹਾਂ ਨੇ ਵਜ਼ੀਰ ਖ਼ਾਨ ਦੀ ਨੀਤੀ ਦੀ ਹਾਮੀ ਭਰੀ; ਉਸ ਉਪਰੰਤ ਕੋਈ ਵੀ ਫ਼ੌਜੀ ਕਾਰਵਾਈ ਨਾ ਕਰ ਸਕਿਆ।
ਗੁਰੂ ਹਰਿਗੋਬਿੰਦ ਸਾਹਿਬ ਜਦੋਂ ਕੀਰਤਪੁਰ ਵਸਾਉਣ ਲਈ ਚਲੇ ਗਏ ਤਾਂ ਵਜ਼ੀਰ ਖ਼ਾਨ ਵੀ ਕੀਰਤਪੁਰ ਪੁੱਜਿਆ ਸੀ, ਤੇ ਉਸਨੇ ਗੁਰੂ ਸਾਹਿਬ ਨੂੰ ਭੇਟਾਵਾਂ ਪੇਸ਼ ਕੀਤੀਆਂ ਸਨ। ਵਜ਼ੀਰ ਖ਼ਾਨ ਨੇ ਆਪਣੀ ਸਾਰੀ ਉਮਰ ਸ਼ਾਂਤੀ ਵਿੱਚ ਗੁਜ਼ਾਰੀ ਸੀ। ਸਾਰੀ ਜ਼ਿੰਦਗੀ ’ਚ ਕਦੇ ਨਮਾਜ਼ ਪੜ੍ਹਨੋਂ ਨਾ ਖੁੰਝੇ। ਆਪਣੀ ਕਮਾਈ ਲੋੜਵੰਦਾਂ ’ਚ ਵੰਡ ਕੇ ਖ਼ੁਸ਼ ਹੁੰਦੇ। ਜਿਹੜੀ ਉਨ੍ਹਾਂ ਨੇ ਲਾਹੌਰ ਵਿੱਚ ਮਸੀਤ ਬਣਾਈ ਸੀ, ਉਹ ਪਹਿਲੀ ਮਸਜਿਦ ਕਹੀ ਜਾ ਸਕਦੀ ਹੈ, ਜੋ ਹਿੰਦੂ, ਤੁਰਕ ਤੇ ਇਰਾਨੀ ਤਰਜ਼ ਦੀ ਹੈ।

Leave a Reply

Your email address will not be published. Required fields are marked *