ਲੰਮਿਆਂ ਰੂਟਾਂ ਨਾਲ ਯਾਰੀ

Uncategorized

ਨਿੰਮਾ ਡੱਲੇਵਾਲ
ਫੋਨ: 513-432-9754
ਹਰ ਦੇਸ਼ ਦੀ ਤਰ੍ਹਾਂ ਅਮਰੀਕਾ ਦੀ ਵੀ ਰੀੜ੍ਹ ਦੀ ਹੱਡੀ ਹੈ, ਟਰੱਕਿੰਗ ਖੇਤਰ। ਜਿਵੇਂ ਕਿਸੇ ਵੀ ਅੰਗ ਬਿਨਾ ਸਰੀਰ ਅਧੂਰਾ ਹੈ, ਬਿਲਕੁਲ ਇਵੇਂ ਹੀ ਟਰੱਕ ਤੇ ਟਰੱਕ ਡਰਾਈਵਰ ਬਿਨਾ ਹਰ ਦੇਸ਼ ਅਧੂਰਾ ਹੈ ਤੇ ਹਰ ਦੇਸ਼ ਦੀ ਤਰੱਕੀ ਅਧੂਰੀ ਹੈ। ਕਿਸਾਨ, ਫੌਜੀ ਅਤੇ ਡਰਾਈਵਰ- ਇਹ ਤਿੰਨ ਅਨਮੋਲ ਰਤਨ ਜਿਸ ਦੇਸ਼ ਕੋਲ ਹਨ, ਉਸ ਨੂੰ ਤਰੱਕੀ ਦੀਆਂ ਸਿਖਰਾਂ ‘ਤੇ ਪਹੁੰਚਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਕਿਸਾਨ ਆਪਣੇ ਮੁਲਕ ਦੇ ਲੋਕਾਂ ਦਾ ਢਿੱਡ ਪਾਲਦਾ ਹੈ, ਫੌਜੀ ਕਿਸੇ ਕੰਡਿਆਲੀ ਤਾਰ ਵਾਂਗ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੈ ਤਾਂ ਕਿ ਦੇਸ਼ ਤੇ ਦੇਸ਼ ਵਾਸੀਆਂ ਨੂੰ ਕੋਈ ਮਾੜੀਆਂ ਨਜ਼ਰਾਂ ਨਾਲ ਨਾ ਦੇਖ ਸਕੇ।

ਡਰਾਈਵਰ ਦੇਸ਼ ਵਾਸੀਆਂ ਦੀ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪੁੱਜਦੀਆਂ ਕਰਦਾ ਹੈ। ਅਮਰੀਕਾ ਦੇ ਟਰੱਕਿੰਗ ਕਾਰੋਬਾਰ ਵਿੱਚ ਹੋਰ ਭਾਈਚਾਰਿਆਂ ਦੇ ਮੁਕਾਬਲੇ ਪੰਜਾਬੀਆਂ ਦਾ ਵੱਧ ਹਿੱਸਾ ਹੈ। ਉਂਜ ਤਾਂ ਅਮਰੀਕਾ ਦੀ ਹਰ ਸਟੇਟ ਵਿੱਚ ਪੰਜਾਬੀ ਡਰਾਈਵਰ ਵੱਸਦੇ ਹਨ, ਪਰ ਸਭ ਤੋਂ ਵੱਧ ਕੈਲੀਫੋਰਨੀਆ ਦੀ ਧਰਤੀ ਉਤੇ ਪੰਜਾਬੀ ਟਰੱਕਰਾਂ ਦੇ ਝੰਡੇ ਲਹਿਰਾ ਰਹੇ ਹਨ।
ਅਸੀਂ ਵੱਡੇ-ਵੱਡੇ ਸਟੋਰਾਂ ਵਿੱਚ ਖਰੀਦਦਾਰੀ ਕਰਨ ਜਾਂਦੇ ਹਾਂ। ਸੂਈ ਜਿੰਨੀ ਨਿੱਕੀ ਜਿਹੀ ਚੀਜ਼ ਤੋਂ ਲੈ ਕੇ ਵੱਡੀਆਂ ਵੱਡੀਆਂ ਵਸਤਾਂ, ਜੋ ਅਸੀਂ ਲੋੜ ਅਨੁਸਾਰ ਖਰੀਦਦੇ ਹਾਂ, ਉਨ੍ਹਾਂ ਸਟੋਰਾਂ ਵਿੱਚ ਹੀ ਨਹੀਂ ਬਣਦੀਆਂ। ਕਈਆਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਹੁੰਦਾ ਕਿ ਕਿਹੜਾ ਸਾਮਾਨ ਕਿੱਥੇ ਬਣਦਾ ਹੈ! ਇਹ ਸਾਰਾ ਸਾਮਾਨ ਇੱਕ ਤੋਂ ਦੂਜੀ ਥਾਂ ਕਈ ਘੰਟਿਆਂ ਜਾਂ ਦਿਨਾਂ ਦਾ ਪੈਂਡਾ ਮਾਰ ਕੇ ਟਰੱਕ ਡਰਾਈਵਰ ਹੀ ਵੇਅਰਹਾਊਸਾਂ ਜਾਂ ਸਟੋਰਾਂ ਵਿੱਚ ਪੁੱਜਦਾ ਕਰਦੇ ਹਨ। ਸਾਡੇ ਨਿੱਤ ਦੇ ਆਹਾਰ ਦਾ ਮੁੱਖ ਹਿੱਸਾ ਹਰੀਆਂ ਸਬਜ਼ੀਆਂ ਤੇ ਫਰੂਟ ਜ਼ਿਆਦਾਤਰ ਕੈਲੀਫੋਰਨੀਆ ਵਿੱਚੋਂ ਉਪਜਦੇ ਹਨ। ਇਹ ਬਾਜ਼ਾਰ ਵਿੱਚੋਂ ਹੁੰਦੇ ਹੋਏ ਸਾਡੀ ਰਸੋਈ ਤੱਕ ਕਿਵੇਂ ਪੁੱਜਦੇ ਹਨ, ਸੋਚਣ ਵਾਲੀ ਗੱਲ ਹੈ। ਇਹ ਇੰਨੀਆਂ ਸੌਖੀਆਂ ਨਹੀਂ ਪੁੱਜਦੀਆਂ। ਫਿਰ ਕਿਵੇਂ ਅੱਪੜਦੀਆਂ ਹਨ ਕੈਲੀਫੋਰਨੀਆ ਦੀ ਧਰਤੀ ਉਤੇ ਜੰਮਣ ਵਾਲੀਆਂ ਹਰੀਆਂ ਸਬਜ਼ੀਆਂ ਮਿਡਵੈਸਟ ਅਤੇ ਨਿਊ ਯਾਰਕ ਦੇ ਬਾਜ਼ਾਰਾਂ ਵਿੱਚ?
ਇੱਕ ਪਿੱਕ ਸੈਂਟਾ ਮਾਰੀਆ ਤੇ ਦੂਜੀ ਪਿੱਕ ਸਲੀਨਸ ਤੋਂ ਕਰ ਕੇ ਫਰਿਜ਼ਨੋ ਜਾਂ ਬੇਕਰਜ਼ਫੀਲਡ ਘਰੇ ਰੁਕ ਕੇ ਪੂਰੇ ਹਫਤੇ ਦੀਆਂ ਰੋਟੀਆਂ ਚੁੱਕ ਰਵਾਨਾ ਹੋ ਜਾਂਦਾ ਹੈ ਹਰ ਟਰੱਕ ਮੰਜ਼ਿਲ ਵੱਲ, ਤੇ ਜਿਹੜੇ ਟਰੱਕ ‘ਤੇ ‘ਕੱਲੇ ‘ਕਹਿਰੇ ਹਨ, ਉਹ ਬੇਕਰਜ਼ਫੀਲਡ 24-7 ਉਤੇ ਰੁਕ ਕੇ ਮਨਪਸੰਦ ਰੋਟੀ ਸਬਜ਼ੀ ਲੈ ਕੇ, ਕੈਲੀਫੋਰਨੀਆ ਤੋਂ ਬਾਹਰ ਨਿਕਲਣ ਜੋਗਾ ਮਹਿੰਗਾ ਡੀਜ਼ਲ ਪੁਆ ਕੇ ਅਤੇ ਗੁਰਾਂ ਨੂੰ ਯਾਦ ਕਰ ਕੇ ਚਾਲੇ ਪਾ ਦਿੰਦੇ ਹਨ ਅਮਰੀਕਾ ਦੇ ਦੂਜੇ ਕੋਨੇ ਵੱਲ। 58 ਦੀਆਂ ਪਹਾੜੀਆਂ ਨੂੰ ਚੀਰਦੇ 5-6 ਘੰਟੇ ਬਾਅਦ ਆ ਵੜਦੇ ਹਨ ਐਰੀਜ਼ੋਨਾ ਦੇ ਸ਼ਹਿਰ ਕਿੰਗ ਮੈਨ, ਜਿੱਥੇ ਆਣ ਕੇ ਥੋੜ੍ਹੇ ਸਸਤੇ ਡੀਜ਼ਲ ਦੇ ਟੈਂਕ ਭਰਾ, ਕੁਝ ਖਾ ਕੇ ਤੇ ਕੌਫੀ ਦਾ ਕੱਪ ਲੈ ਗੇਅਰ ਪਾ ਤੁਰ ਪੈਂਦੇ ਹਨ ਰਹਿੰਦਾ ਸਫਰ ਮੁਕਾਉਣ ਲਈ।
ਫਲੈਗ ਸਟਾਪ ਦੀਆਂ ਸਭ ਤੋਂ ਉਚੀਆਂ ਚੋਟੀਆਂ ਜਿੱਥੇ ਗਰਮੀ ਦੀ ਰੁੱਤ ਵਿੱਚ ਵੀ ਠੰਢ ਪੈਂਦੀ ਹੈ, ਨੂੰ ਪਾਰ ਕਰਦਾ ਹਰ ਟਰੱਕ ਦਾਖਲ ਹੋ ਜਾਂਦਾ ਹੈ ਨਿਊ ਮੈਕਸੀਕੋ ਸਟੇਟ ਵਿੱਚ, ਜਿੱਥੇ ਵੜਨ ਸਾਰ ਫਿਕਰ ਜਿਹਾ ਲੱਗ ਜਾਂਦਾ ਹੈ ਅੱਗੇ ਖੁੱਲ੍ਹੇ ਵੇਟ ਸਟੇਸ਼ਨ ਦਾ, ਕਿਉਂਕਿ ਉਥੇ ਕੁ ਆਣ ਕੇ ਲੌਗਬੁੱਕ ਯਾਨਿ ਡਰਾਈਵ ਦੀ ਟਰਮ ਆਖਰੀ ਪਲਾਂ ‘ਤੇ ਆ ਜਾਂਦੀ ਹੈ, ਤੇ ਸਭ ਤੋਂ ਪਹਿਲਾਂ ਨਜ਼ਰ ਟਰੱਕ ਵਿੱਚ ਲੱਗੀ ਬਾਬੇ ਦੀ ਫੋਟੋ ‘ਤੇ ਜਾਂਦੀ ਹੈ ਕਿ ਰੱਬਾ ਠੀਕ ਠਾਕ ਸਕੇਲ ਲੰਘ ਜਾਵਾਂ। ਵਾਹਿਗੁਰੂ ਵਾਹਿਗੁਰੂ ਕਰਦਿਆਂ ਸਕੇਲ ਪਾਰ ਹੋ ਜਾਂਦੀ ਹੈ।
ਸੈਂਚਰੀ ਦੀ ਕਮਾਈ ਤੇ ਵੋਲਵੋ ਦੀ ਚਲਾਈ,
ਕੋਈ ਨਾ ਜਵਾਬ ਕੈਨਵਰਥ ਦੇ ਜ਼ੋਰ ਦਾ।
ਘੱਟ ਪੀਵੇ ਤੇਲ ਤੇ ਕੰਮ ਵੀ ਬਰੋਬਰ ਕਰੇ
ਜਿਉਂਦਾ ਰਹੇ ਕੋਲੰਬੀਆ ਜੋ ਪੈਸੇ ਵੱਧ ਜੋੜਦਾ।
‘ਠਾਰਾਂ-‘ਠਾਰਾਂ ਟੈਰਾਂ, ‘ਠਾਰਾਂ-‘ਠਾਰਾਂ ਗੇਰਾਂ ਵਾਲਾ
ਰਾਜਾ ਅਖਵਾਏ ਪੀਟਰਬਿਲਟ ਜੀ.ਟੀ. ਰੋਡ ਦਾ।
ਅਣਥੱਕ ਮਿਹਨਤੀ ਪੰਜਾਬੀ ਟਰੱਕਰ ਸੈਨ ਜੌਨ ਜਾ ਕੇ ਹੀ ਬਰੇਕਾਂ ਖਿੱਚਦੇ ਹਨ। ਯੂ.ਐਸ. ਡੀ.ਟੀ.ਓ. ਅਨੁਸਾਰ 24 ਘੰਟਿਆਂ ਵਿੱਚ 11 ਘੰਟੇ ਡਰਾਈਵ ਕਰਨਾ ਅਤੇ 10 ਘੰਟੇ ਸੌਣਾ ਹੁੰਦਾ ਹੈ, ਪਰ ਪੰਜਾਬੀ ਆਪਣੇ ਸੁਭਾਅ ਮੁਤਾਬਕ ਵੱਧ ਘੰਟੇ ਵੀ ਟਰੱਕ ਚਲਾ ਲੈਂਦੇ ਹਨ। ਸੈਨ ਜੌਨ ਪਹੁੰਚ ਕੇ ਵੀ ਉਹ ਪੂਰੇ ਦਸ ਘੰਟੇ ਨਹੀਂ ਸੌਂਦੇ, ਪੰਜ-ਛੇ ਘੰਟੇ ਸੌਂ, ਮੂੰਹ ਹੱਥ ਧੋ, ਕੌਫੀ ਲੈ ਚਾਲੇ ਪਾ ਦਿੰਦੇ ਹਨ ਅਗਾਂਹ ਵੱਲ। ਟੈਕਸਸ ਦੇ 176 ਮੀਲਾਂ ਨੂੰ ਟਾਇਰਾਂ ਥੱਲੇ ਮਲਦੇ ਹੋਏ ਜਾ ਰੁਕਦੇ ਹਨ ਓਕਲਾਹੋਮਾ ਸ਼ਹਿਰ, ਜਿੱਥੇ ਆਣ ਕੇ ਊਣੇ ਹੋਏ ਟੈਂਕ ਹੋਰ ਵੀ ਸਸਤੇ ਡੀਜ਼ਲ ਨਾਲ ਚੰਗੀ ਤਰ੍ਹਾਂ ਫੁੱਲ ਕਰ ਤੇ ਗੈਸ ਬਾਲ ਗਰਮ ਕਰਦੇ ਹਨ ਸਿਰਫ ਦੋ ਰੋਟੀਆਂ, ਕਿਉਂਕਿ ਜ਼ਿਆਦਾ ਰੋਟੀ ਖਾ ਕੇ ਟਰੱਕ ਨਹੀਂ ਚੱਲਦਾ। ‘ਨੇਸਤੀ ਨਾ ਪਵੇ’ ਸੋਚ ਇੱਕ ਕੱਪ ਬਣਾਉਂਦੇ ਹਨ ਮੁੱਛ ਮਰੋੜ ਚਾਹ ਦਾ। ਕਈ ਵੀਰ ਤਾਂ ਚਮਚਾ ਵੀ ਮਾਰਦੇ ਹਨ। ਇਹ ਚਮਚਾ ਕਿਹੜਾ ਹੁੰਦਾ ਹੈ, ਇਹ ਸਿਰਫ ਉਹੀ ਜਾਣਦੇ ਹਨ। ਮੁੜ ਮੋਟਰ ਚੜ੍ਹ ਜਾਂਦੀ ਹੈ ਹਾਈਵੇਅ 40 ਉਤੇ। ਨਿਊ ਯਾਰਕ ਜਾਣ ਵਾਲਾ ਹਰ ਡਰਾਈਵਰ ਸੋਚਦਾ ਹੈ ਕਿ ਰੂਟ 40 ਉਤੇ ਰਹਿ ਕੇ 130 ਮੀਲਾਂ ਵੱਧ ਪੁਆਈਆਂ ਜਾਣ ਜਾਂ ਫਿਰ ਟਰਨਪਾਈਕ ਵਾਲਾ ਰੂਟ ਲੈ ਕੇ ਟੌਲ ਪਾਇਆ ਜਾਵੇ।
ਪੂਰੀ ਪੂਰੀ ਗਰੌਸ ਵੇਟ ਵਾਲੇ ਵਰਜੀਨੀਆ ਤੇ ਟੈਨੇਸੀ ਦੀਆਂ ਪਹਾੜੀਆਂ ਤੋਂ ਬਚਣ ਮਾਰੇ ਸਟੇਅਰਿੰਗ ਮੋੜ ਦਿੰਦੇ ਹਨ ਤੁਲਸੇ (ਟੁਲਸੇ) ਵੱਲ, ਤੇ ਆਣ ਪੈਰ ਧਰਦੇ ਹਨ ਮਿਜ਼ੌਰੀ ਦੇ ਸਹਿਰ ਜੋਪਲਿਨ ਵਿੱਚ। ਇੱਥੇ ਵੀ ਖੁੱਲ੍ਹੀ ਸਕੇਲ ਦਾ ਪੰਗਾ ਫਿਕਰ ਜਿਹਾ ਪਾਈ ਰੱਖਦਾ ਹੈ। ਖੁੱਲ੍ਹੀ ਸਕੇਲ ਦੇ ਉਪਰੋਂ 5 ਦੀ ਸਪੀਡ ‘ਤੇ ਲੰਘਣ ਵੇਲੇ ਸਾਹ ਜਿਹੇ ਸੁੱਕੇ ਰਹਿੰਦੇ ਹਨ ਤੇ ਸੁੱਖੀ-ਸਾਂਦੀ ਲੰਘਣ ਸਾਰ ਹੀ ਪਾਈਆ ਖੂਨ ਵਧ ਜਾਂਦਾ ਹੈ। ਕਈ ਪੰਜਾਬੀ ਭਰਾ ਤਾਂ ਰੱਬ ਦਾ ਨਾਂ ਲੈ ਕੇ ਟੇਢਾ-ਟੇਢਾ ਤੱਕਦੇ ਬਾਹਰ ਦੀ ਵੀ ਲੰਘ ਜਾਂਦੇ ਹਨ, ਪਰ ਉਨ੍ਹਾਂ ਦੇ ਮੂੰਹ ਵਿੱਚ ਰੱਬ-ਰੱਬ ਤੇ ਨਜ਼ਰਾਂ ਸ਼ੀਸ਼ੇ ਰਾਹੀਂ ਪਿੱਛੇ ਰੋਡ ਉਤੇ ਉਦੋਂ ਤੱਕ ਰਹਿੰਦੀਆਂ ਹਨ, ਜਦੋਂ ਤੱਕ ਸਕੇਲ ਨਜ਼ਰ ਆਉਣੋਂ ਬੰਦ ਨਹੀਂ ਹੁੰਦੀ, ਕਿਉਂਕਿ ਡਰ ਹੁੰਦਾ ਹੈ ਕਿ ਡੀ.ਟੀ.ਓ. ਵਾਲਾ ਮਗਰ ਆਣ ਕਿਤੇ ਮੋੜ ਕੇ ਪਿੱਛੇ ਨਾ ਲੈ ਜਾਵੇ। ਕਈ ਵਾਰੀ ਪਿੱਛੇ ਆਣ ਮੋੜ ਵੀ ਲੈ ਜਾਂਦੇ ਹਨ ਤੇ ਡਰਾਈਵਰ ਦਾ ਬਣਦਾ ਹੱਕ ਸਕੇਲ ਬਾਹਰੋਂ ਲੰਘਣ ਦੀ ਟਿਕਟ ਦੇ ਕੇ ਜਾਣ ਦਿੰਦੇ ਹਨ। ਹਰ ਸਟੇਟ ਤੋਂ ਦੂਜੀ ਸਟੇਟ ਵਿੱਚ ਦਾਖਲ ਹੋਣ ਵੇਲੇ ਡੀ.ਟੀ.ਓ. ਦਾ ਲੱਗਿਆ ਨਾਕਾ ਜ਼ਿਆਦਾਤਰ ਪੰਜਾਬੀ ਡਰਾਈਵਰ ਵੀਰਾਂ ਦਾ ਖੂਨ ਸੁਕਾਈ ਰੱਖਦਾ ਹੈ, ਕਿਉਂਕਿ ਉਨ੍ਹਾਂ ਨੇ ਵੱਧ ਡਰਾਈਵ ਅਤੇ ਘੱਟ ਸੌਂ ਕੇ ਚਾਰ ਦਿਨਾਂ ਦਾ ਸਫਰ ਤਿੰਨ ਦਿਨਾਂ ਵਿੱਚ ਮੁਕਾਉਣਾ ਹੁੰਦਾ ਹੈ।
ਜਿਹੜੇ ਯਾਰੋ ਵੀਰ ਟਰੱਕਰ ਬਣ ਜਾਂਦੇ
ਮਸਤੀ ਵਿੱਚ ਰਹਿਣ ਵਾਲੇ ਫੱਕਰ ਬਣ ਜਾਂਦੇ
ਜਿੱਥੇ ਪੈ ਜੇ ਯਾਰੀ ਘਿਓ ਸ਼ੱਕਰ ਬਣ ਜਾਂਦੇ
ਜਿੱਥੇ ਪੈ ਜੇ ਵੈਰ ਤੇ ਉਥੇ ਪੱਥਰ ਬਣ ਜਾਂਦੇ।
ਜਾਨ ਤਲੀ ‘ਤੇ ਰੱਖ, ਰੱਬ ਆਸਰੇ ਰੋਡ ਉਤੇ ਉਡਦੇ ਮਿਜ਼ੌਰੀ ਦੀਆਂ ਹਵਾਵਾਂ ਨੂੰ ਚੀਰਦੇ ਹੋਏ ਆਣ ਵੜਦੇ ਹਨ ਸ਼ਿਕਾਗੋ ਵਾਲੀ ਸਟੇਟ ਯਾਨਿ ਇਲੀਨਾਏ ਵਿੱਚ। ਸੈਨ ਜੌਨ ਦੇ ਚੜ੍ਹੇ ਦਿਨ ਦੀ ਇੱਥੇ ਆ ਰਾਤ ਬਣ ਜਾਂਦੀ ਹੈ। ਲੌਗਬੁੱਕ ਵੀ ਸੇਂਟ ਲੁਇਸ ਤੋਂ ਪਿੱਛੇ ਹੀ ਦਮ ਤੋੜ ਦਿੰਦੀ ਹੈ, ਪਰ ਪੰਜਾਬੀ ਵੀਰਾਂ ਦਾ ਦਮ ਨਹੀਂ ਟੁੱਟਦਾ ਗੱਡੀ ਚਲਾਉਣ ਤੋਂ, ਤੇ ਲਾਲਚ ਹੋ ਜਾਂਦਾ ਹੈ ਰਾਤ ਸਮੇਂ ਬੰਦ ਸਕੇਲਾਂ ਦਾ ਤੇ ਬਰੇਕਾਂ ਜਾ ਕੇ ਮਾਰਦੇ ਹਨ ਇੰਡੀਅਨਐਪੋਲਿਸ। ‘ਅੱਖ ਮੀਚੀ, ਰਾਤ ਘੜੀਸੀ’ ਦਿਨ ਚੜ੍ਹਿਆ, ਪਰ ਨੀਂਦ ਨਾ ਪੂਰੀ ਹੋਣ ਦੇ ਬਾਵਜੂਦ ਹਿੰਮਤ ਕਰ ਉਠਣਾ ਪੈਂਦਾ। ਨਹਾ-ਧੋ ਕੇ ਫਿਰ ਉਹੀ ਕੋਹਲੂ ਵਾਲਾ ਗੇੜਾ ਸ਼ੁਰੂ ਹੋ ਜਾਣਾ ਹੈ। ਓਹਾਇਓ, ਪੈਨਸਿਲਵੇਨੀਆ, ਵੈਸਟ ਵਰਜੀਨੀਆ, ਨਿਊ ਜਰਸੀ ਜਿਹੀਆਂ ਸਟੇਟਾਂ ਵਿੱਚੋਂ ਲੰਘਦੇ ਦਾਖਲ ਹੋ ਜਾਂਦੇ ਹਨ ਨਿਊ ਯਾਰਕ ਮੰਜ਼ਿਲਾਂ ਵਾਲੇ ਸ਼ਹਿਰ। ਬਰੌਸ ਮਾਰਕਿਟ ਵਿੱਚ ਜਾ ਖਾਲੀ ਕਰਦੇ ਹਨ ਬੜੀ ਜ਼ਿੰਮੇਵਾਰੀ, ਮਿਹਨਤ ਤੇ ਫਿਕਰਾਂ ਨਾਲ, ਤਾਪਮਾਨ ਦਾ ਵੀ ਪੂਰਾ ਖਿਆਲ ਰੱਖ ਲਿਆਂਦਾ ਹੋਇਆ ਸਬਜ਼ੀਆਂ ਦਾ 53 ਫੁਟਾ ਰੀਫਰ। ਇੰਜ ਟਰੱਕ ਡਰਾਈਵਰ ਰੋਡ ‘ਤੇ ਚੱਲਣ ਵਾਲੇ ਜਹਾਜ਼ ਰਾਹੀਂ ਪੂਰੀਆਂ 13 ਸਟੇਟਾਂ ਪਾਰ ਕਰ ਪੁੱਜਦੀਆਂ ਕਰਦਾ ਹੈ ਕੈਲੀਫੋਰਨੀਆ ਦੀ ਧਰਤੀ ਉਤੇ ਉਗਣ ਵਾਲੀਆਂ ਸਬਜ਼ੀਆਂ ਅਮਰੀਕਾ ਦੇ ਦੂਜੇ ਕੋਨੇ ਨਿਊ ਯਾਰਕ ਵਿੱਚ ਯਾਨਿ ਇੱਕ ਸਿਰੇ ਤੋਂ ਦੂਜੇ ਸਿਰੇ।
ਇੱਧਰੋਂ ਈਸਟ ਤੋਂ ਵੈਸਟ ਨੂੰ ਸਾਮਾਨ ਦਾ ਲੋੜ ਚੁੱਕ ਰਵਾਨਾ ਹੋ ਜਾਂਦੇ ਹਨ ਘਰ ਵੱਲ ਉਨ੍ਹਾਂ ਹੀ ਰਾਹਾਂ ‘ਤੇ। ਘਰ ਵੱਲ ਜਾਣ ਵੇਲੇ ਦਿਲ ਵਿੱਚ ਵੱਖਰਾ ਹੀ ਚਾਅ ਹੁੰਦਾ ਹੈ, ਕਿਉਂਕਿ ਕਈ ਦਿਨਾਂ ਮਗਰੋਂ ਘਰ ਜਾਣਾ ਹੁੰਦਾ ਹੈ। ਚੂੜੇ ਵਾਲੀ ਦੀ ਦਿਲ ਨੂੰ ਖਿੱਚ, ਤੇ ਚੂੜੇ ਵਾਲੀ ਵੀ ਰਾਹਾਂ ਵਿੱਚ ਨਜ਼ਰਾਂ ਵਿਛਾਈ ਬੈਠੀ ਹੁੰਦੀ ਹੈ। ਹਫਤੇ ਭਰ ਦੀ ਦੂਰੀ ਅਹਿਸਾਸ ਕਰਵਾ ਦਿੰਦੀ ਹੈ, ਜਿਵੇਂ ਅੱਜ ਮੁਕਲਾਵੇ ਵਾਲੀ ਰਾਤ ਹੋਵੇ।
ਡਰਾਈਵਰੀ ਨਾ ਇੰਨੀ ਵੀ ਸੁਖਾਲੀ ਮਿੱਤਰੋ
ਸਾਡੀ ਸੜਕਾਂ `ਤੇ ਲੰਘਦੀ ਦੀਵਾਲੀ ਮਿੱਤਰੋ।
ਦੂਜੀ ਯਾਦ ਸਤਾਵੇ ਘਰ ਬੈਠੀਆਂ ਹੀਰਾਂ ਦੀ
ਜਾਨ ਤਲੀ ‘ਤੇ ਰਹਿੰਦੀ ਡਰਾਈਵਰ ਵੀਰਾਂ ਦੀ।
ਪੰਜਾਬੀਆਂ ਦੇ ਹਰ ਟਰੱਕ ਦੇ ਮੱਥੇ ਉਤੇ ਲੱਗਿਆ ਸਿੱਖੀ ਵਾਲਾ ਚਿੰਨ੍ਹ ‘ਖੰਡਾ’ ਦੂਰੋਂ ਦੱਸ ਦਿੰਦਾ ਹੈ ਕਿ ਕੋਈ ਸਿੰਘ ਆ ਰਿਹਾ ਹੈ। ਕਈ ਸਿੰਘਾਂ ਦੇ ਕੀਤੇ ਗਲਤ ਕਾਰਨਾਮਿਆਂ ਕਾਰਨ ਸਾਡਾ ਸਿੱਖੀ ਦਾ ਪਵਿੱਤਰ ਨਿਸ਼ਾਨ ਵੀ ਬਦਨਾਮ ਹੋ ਗਿਆ ਹੈ। ਰੋਡ `ਤੇ ਚਲੇ ਜਾਂਦੇ ਟਰੱਕ ਨੂੰ ਝੱਟ ਲਾਈਟਾਂ ਲੱਗ ਜਾਂਦੀਆਂ ਹਨ। ਕਈ ਡੀ.ਟੀ.ਓ. ਵਾਲੇ ਤਾਂ ਖੰਡੇ ਦੇ ਨਿਸ਼ਾਨ ਨੂੰ ਪੰਜਾਬੀਆਂ ਦੇ ਗੈਂਗ ਦਾ ਨਿਸ਼ਾਨ ਦੱਸਣ ਲੱਗ ਪਏ ਸਨ ਅਤੇ ਤਲਾਸ਼ੀ ਲਏ ਬਿਨਾ ਨਹੀਂ ਜਾਣ ਦਿੰਦੇ ਸਨ। ਖੈਰ! ਹੁਣ ਅਜਿਹਾ ਘੱਟ ਹੁੰਦਾ ਹੈ।
ਟਰੱਕ ਤੇ ਡਰਾਈਵਰ ਦੀ ਕਹਾਣੀ ਦਾ ਇੱਕ ਪਾਤਰ ਡਿਸਪੈਚਰ ਹੈ, ਜੋ ਘਰੇ ਬੈਠਾ ਕੰਪਿਊਟਰ ‘ਤੇ ਉਂਗਲਾਂ ਮਾਰ ਲੋਡ ਲੱਭ 10% ਕੱਟ ਕੇ ਅੱਗੇ ਓਨਰ ਅਪਰੇਟਰ ਨੂੰ ਦਿੰਦਾ ਹੈ। ਕੋਈ ਵਿਰਲਾ ਹੀ ਹੋਵੇਗਾ ਜੋ ਕੁੰਡੀ ਨਹੀਂ ਲਾਉਂਦਾ। ਪੰਜਾਬੀ ਟਰੱਕਰ ਵੀਰਾਂ ਨੇ ਇੱਕ ਕਹਾਵਤ ਬਣਾਈ ਹੋਈ ਹੈ ਕਿ ਜੇ ਕੋਈ ਬੰਦਾ ਲੱਖ ਡਾਲਰ ਲੈ ਕੇ ਝੂਠ ਨਹੀਂ ਬੋਲਦਾ ਤਾਂ ਉਸ ਨੂੰ ਡਿਸਪੈਚ ਕਰਨ ਲਾ ਦਿਓ, ਪੈਰ ਪੈਰ ‘ਤੇ ਝੂਠ ਬੋਲਣ ਲੱਗ ਜਾਵੇਗਾ। ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਚੰਗੇ ਵੀ ਹੁੰਦੇ ਹਨ।
ਵੱਡੇ ਵੱਡੇ ਘਰਾਂ ਮੂਹਰੇ ਵੱਡੀਆਂ ਵੱਡੀਆਂ ਗੱਡੀਆਂ ਸੌਖੀਆਂ ਨਹੀਂ ਖੜ੍ਹੀਆਂ। ਇਨ੍ਹਾਂ ਪਿੱਛੇ ਲੁਕੀ ਸਖਤ ਮਿਹਨਤ, ਹਜ਼ਾਰਾਂ ਮੀਲ ਸੜਕਾਂ ਉਤੇ ਟਰੱਕ ਚਲਾਉਂਦਿਆਂ ਨੈਣਾਂ ਵਿੱਚ ਗੁਜ਼ਾਰੀਆਂ ਰਾਤਾਂ ਤੇ ਹਫਤੇ ਦੀਆਂ ਪੱਕੀਆਂ ਰੋਟੀਆਂ ਗਰਮ ਕਰ ਕੇ ਖਾ, ਪਰਿਵਾਰ ਦੀਆਂ ਨਜ਼ਰਾਂ ਤੋਂ ਓਹਲੇ ਰਹਿਣ ਕਾਰਨ ਹੀ ਖੜ੍ਹੀਆਂ ਹਨ। ਜਿਉਂਦੇ ਰਹਿਣ ਡਰਾਈਵਰ ਵੀਰ, ਜਿਨ੍ਹਾਂ ਨੇ ਦੇਸ਼ ਦੀ ਖੁਸ਼ਹਾਲੀ ਦੇ ਨਾਲ ਨਾਲ ਆਪਣੇ ਘਰ ਪਰਿਵਾਰ ਵੀ ਖੁਸ਼ਹਾਲ ਕੀਤੇ ਹਨ।
ਰੋਡਾਂ ਨਾਲ ਯਾਰੀ ਪੱਕੀ ਪਾਉਣੀ ਪੈਂਦੀ ਏ
ਨੈਣਾਂ ਵਿੱਚੋਂ ਰਾਤ ਲੰਘਾਉਣੀ ਪੈਂਦੀ ਏ।
ਜ਼ਿੰਦਗੀ ਦੇ ਸੱਭੇ ਘਰੇ ਛੱਡ ਕੇ ਸਵਾਦ
ਕਈ ਦਿਨਾਂ ਦੀ ਪੱਕੀ ਖਾਣੀ ਪੈਂਦੀ ਏ।

Leave a Reply

Your email address will not be published. Required fields are marked *