ਮਨੋਰੰਜਨ ਭਰਪੂਰ ਰਿਹਾ ਪੀ.ਸੀ.ਐਸ. ਦਾ ਪੰਜਾਬੀ ਮੇਲਾ

Uncategorized

*ਮੀਂਹ ਤੋਂ ਬਾਅਦ ਧੁੱਪ ਚੜ੍ਹਦਿਆਂ ਹੀ ਖਿੜ ਪਿਆ ਸੀ ਮੇਲਾ*
*ਸੀ.ਡੀ. ਉੱਤੇ ਹੀ ਗੀਤਾ ਜ਼ੈਲਦਾਰ ਨੇ ਸਰੋਤੇ ਨੱਚਣ ਲਾਏ*
ਸ਼ਿਕਾਗੋ (ਕੁਲਜੀਤ ਦਿਆਲਪੁਰੀ): ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਦੇ ਪੰਜਾਬੀ ਮੇਲੇ ਵਾਲੇ ਦਿਨ ਦੁਪਹਿਰ ਤੱਕ ਮੀਂਹ ਪਈ ਜਾਣ ਕਾਰਨ ਇੱਕ ਵਾਰ ਤਾਂ ਚਰਚਾ ਛਿੜ ਪਈ ਸੀ ਕਿ ਸ਼ਾਇਦ ਇਹ ਮੇਲਾ ਰੱਦ ਹੀ ਨਾ ਹੋ ਜਾਵੇ ਜਾਂ ਜੇਕਰ ਮੇਲਾ ਹੋਇਆ ਵੀ ਤਾਂ ਸ਼ਾਇਦ ਬਹੁਤੇ ਲੋਕ ਨਹੀਂ ਆਉਣਗੇ; ਕਿਉਂਕਿ ਸਵੇਰ ਵੇਲੇ ਰੁਕ ਰੁਕ ਕੇ ਪੈ ਰਹੇ ਮੀਂਹ ਪਿੱਛੋਂ ਇੱਕ ਵਾਰ ਤਾਂ ਮੀਂਹ ਹੱਟ ਗਿਆ ਸੀ,

ਪਰ ਦੁਪਹਿਰ ਵੇਲੇ ਫਿਰ ਜ਼ੋਰ ਨਾਲ ਪੈਣ ਕਾਰਨ ਮੇਲਾ ਵੇਖਣ ਜਾਣ ਵਾਲੇ ਦੋਚਿੱਤੀ ਵਿੱਚ ਪੈ ਗਏ ਸਨ। ਇਸੇ ਵਜ੍ਹਾ ਕਾਰਨ ਮੇਲੇ ਵਾਲੀ ਥਾਂ ਡੀਅਰ ਗਰੂਵ ਈਸਟ (ਪੈਲਾਟਾਈਨ) ਦੁਪਹਿਰ ਦੋ ਵਜੇ ਤੱਕ ਪ੍ਰਬੰਧਕਾਂ ਸਮੇਤ ਹੋਰ ਲੋਕ ਬਹੁਤ ਹੀ ਘੱਟ ਗਿਣਤੀ ਵਿੱਚ ਸਨ। ਜਦੋਂ ਨੂੰ ਅੰਬਰ `ਚੋਂ ਬੱਦਲ ਹਟੇ ਅਤੇ ਮੀਂਹ ਦੀਆਂ ਕਣੀਆਂ ਦੀ ਥਾਂ ਧੁੱਪ ਦੀਆਂ ਕਿਰਨਾਂ ਚੜ੍ਹ ਆਈਆਂ ਤਾਂ ਮੇਲਾ ਖਿੜਨ ਲੱਗ ਪਿਆ। ਦੇਖਦਿਆਂ ਹੀ ਦੇਖਦਿਆਂ ਨੇੜੇ-ਤੇੜੇ ਰਹਿੰਦੇ ਲੋਕ ਮੇਲੇ ਵਾਲੀ ਥਾਂ ਪਹੁੰਚਣ ਲੱਗ ਪਏ। ਰੌਣਕ ਵਧਦੀ ਵੇਖ ਮੌਸਮ ਦੀ ਖਰਾਬੀ ਕਾਰਨ ਪਹਿਲਾਂ ਕੁਝ ਕੁਝ ਸਕਤੇ ਵਿੱਚ ਆਏ ਮੇਲਾ ਪ੍ਰਬੰਧਕਾਂ ਦੀਆਂ ਵਰਾਛਾਂ ਖਿੜਨ ਲੱਗ ਪਈਆਂ।
ਮੇਲੇ ਦਾ ਰਸਮੀ ਉਦਘਾਟਨ ਪੀ.ਸੀ.ਐਸ. ਦੇ ਚੇਅਰਮੈਨ ਨਿੱਕ ਬਲਵਿੰਦਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ, ਇਲੀਨਾਏ ਸਟੇਟ ਰਿਪ੍ਰਜ਼ੈਟੇਟਿਵ ਮਿਸ਼ੈਲ ਮਸਮੈਨ ਤੇ ਨਬੀਲਾ ਸੱਈਅਦ, ਹੈਨਓਵਰ ਟਾਊਨਸ਼ਿਪ ਅਸੈਸਰ ਖਾਜਾ ਮੋਇਨ ਉਦੀਨ ਅਤੇ ਪੀ.ਸੀ.ਐਸ. ਬੋਰਡ ਨੇ ਸਾਂਝੇ ਤੌਰ `ਤੇ ਰਿਬਨ ਕੱਟ ਕੇ ਕੀਤਾ।
ਗਰਾਉਂਡ ਭਾਵੇਂ ਥੋੜ੍ਹਾ ਥੋੜ੍ਹਾ ਗਿੱਲਾ ਸੀ, ਪਰ ਪ੍ਰਬੰਧਕਾਂ ਨੇ ਮਿੱਥੇ ਪ੍ਰੋਗਰਾਮ ਮੁਤਾਬਕ ਖੇਡਾਂ ਆਰੰਭ ਦਿੱਤੀਆਂ ਸਨ ਤਾਂ ਜੋ ਜਿੰਨੇ ਵੀ ਮੇਲੀ ਆਪਣੇ ਪਰਿਵਾਰਾਂ ਸਮੇਤ ਆਏ ਹਨ, ਉਹ ਬੱਚਿਆਂ ਨੂੰ ਮਸਰੂਫ ਰੱਖਣ ਵਾਲੀਆਂ ਖੇਡਾਂ ਦਾ ਮਨੋਰੰਜਨ ਕਰ ਸਕਣ। ਬੱਚਿਆਂ ਲਈ ਬਾਊਂਸੀ ਹਾਊਸ ਸੀ, ਪਰ ਮੀਂਹ ਕਾਰਨ ਗਿੱਲਾ ਸੀ, ਜਿਸ ਕਰਕੇ ਬੱਚੇ ਪਹਿਲਾਂ ਪਹਿਲ ਉਸ ਵਿੱਚ ਖੇਡਣ ਤੋਂ ਪਾਸਾ ਜਿਹਾ ਵੱਟਦੇ ਰਹੇ, ਪਰ ਫਿਰ ਹੌਲੀ-ਹੌਲੀ ਹੋਰ ਬੱਚਿਆਂ ਦੀ ਦੇਖੋ-ਦੇਖੀ ਉਹ ਬੇਪਰਵਾਹ ਹੋ ਆਪਣੀਆਂ ਖੇਡਾਂ ਵਿੱਚ ਮਸਤ ਹੋ ਗਏ। ਮਿਊਜ਼ੀਕਲ ਚੇਅਰ, ਤਿੰਨ ਟੰਗੀ ਦੌੜ, ਚੱਮਚ ਦੌੜ, ਰੱਸਾਕਸ਼ੀ ਸਮੇਤ ਬੱਚਿਆਂ ਅਤੇ ਵੱਡਿਆਂ ਨੂੰ ਮਨੋਰੰਜਨ ਪ੍ਰਦਾਨ ਕਰ ਰਹੀਆਂ ਸਨ।
ਬੱਚਿਆਂ ਦੀਆਂ ਖੇਡਾਂ ਲਈ ਬਿਕਰਮ ਸਿੰਘ ਸੋਹੀ, ਸੁਰਿੰਦਰ ਸਿੰਘ ਪਾਲੀਆ, ਗੁਰਪ੍ਰੀਤ ਸਿੰਘ ਸਿੱਧੂ, ਭਿੰਦਰ ਪੰਮਾ, ਨਵਤੇਜ ਸੋਹੀ, ਜਿਗਰਦੀਪ ਸਿੰਘ ਢਿੱਲੋਂ, ਗੁਰਲਾਲ ਸਿੰਘ ਭੱਠਲ, ਜਸਬੀਰ ਸਿੰਘ ਪਾਲੀਆ, ਪਰਮਜੋਤ ਸਿੰਘ ਪਰਮਾਰ, ਗੁਰਮੀਤ ਸਿੰਘ ਢਿੱਲੋਂ ਸਮੇਤ ਹੋਰ ਪੀ.ਸੀ.ਐਸ. ਮੈਂਬਰ ਸਹਿਯੋਗ ਕਰ ਰਹੇ ਸਨ ਤੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਦੇ ਨਿਯਮ ਸਮਝਾ ਰਹੇ ਸਨ। ਬਜ਼ੁਰਗਾਂ ਦੇ ਮਨਪ੍ਰਚਾਵੇ ਲਈ ਵੀ ਖੇਡਾਂ ਕਰਵਾਈਆਂ ਗਈਆਂ, ਜਿਸ ਦੌਰਾਨ ਗੋਲਾ ਸੁੱਟਣ ਤੇ ਦੌੜ ਵਿੱਚ ਕ੍ਰਮਵਾਰ 75 ਤੇ 77 ਸਾਲ ਦੇ ਬਜ਼ੁਰਗਾਂ ਨੇ ਹਿੱਸਾ ਲਿਆ।
ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਬਬਲੂ ਸਿੰਘ ਪਹਿਲੇ, ਗੁਰਬੀਰ ਧਨੋਆ ਦੂਜੇ ਅਤੇ ਵਿੱਕੀ ਤੀਜੇ ਸਥਾਨ `ਤੇ ਰਿਹਾ। ਕਰੀਬ 85 ਸਾਲਾ ਹਰਸ਼ਰਨਦੀਪ ਸਿੰਘ ਨੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਉਨ੍ਹਾਂ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ। ਤਿੰਨ ਟੰਗੀ ਦੌੜ ਵਿੱਚ ਨਵਰੀਤ-ਜਸਪ੍ਰੀਤ, ਅਨਮੋਲ-ਸਨਦੀਪ ਅਤੇ ਭਾਗੀ-ਪ੍ਰੀਤੀ ਦੀ ਜੋੜੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਥਾਂ `ਤੇ ਰਹੀ। ਕਰੀਬ 77 ਸਾਲ ਦੀ ਹਰਇਕਬਾਲਜੀਤ ਸਾਹਨੀ ਨੇ ਤਿੰਨ ਟੰਗੀ ਦੌੜ ਵਿੱਚ ਹਿੱਸਾ ਲਿਆ ਤੇ ਉਸ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ। ਪੰਜ ਤੋਂ ਨੌਂ ਸਾਲ ਦੇ ਬੱਚਿਆਂ ਦੀ ਮਿਊਜ਼ੀਕਲ ਚੇਅਰ ਰੇਸ ਵਿੱਚ ਜ਼ੋਇਆ ਵਿਰਕ ਪਹਿਲੇ, ਗੁਰਤਾਜ ਦੂਜੇ ਤੇ ਨਿਮਰਤ ਤੀਜੇ ਨੰਬਰ `ਤੇ ਰਹੇ। ਔਰਤਾਂ ਦੀ ਮਿਊਜ਼ੀਕਲ ਰੇਸ ਵਿੱਚ ਦੀਪਿਕਾ ਜੈਨ, ਕ੍ਰਿਸ਼ਨਾ ਤੇ ਛਾਇਆ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਰਹੀਆਂ। ਔਰਤਾਂ ਦੀ ਚੱਮਚ ਰੇਸ ਵਿੱਚ ਪ੍ਰਿਅੰਕਾ ਪਹਿਲੇ, ਜਸਪ੍ਰੀਤ ਮਾਵੀ ਦੂਜੇ ਤੇ ਸਿਮਰਤ ਮੱਲ੍ਹੀ ਤੀਜੇ ਸਥਾਨ ਉਤੇ ਰਹੀਆਂ। ਸਪਰਿੰਟ ਰੇਸ ਵਿੱਚ ਹਰਲੀਨ ਤੇ ਵਰਨੋਨਿਕਾ ਬਾਵਾ ਕ੍ਰਮਵਾਰ ਪਹਿਲੇ ਤੇ ਦੂਜੇ ਅਤੇ 16 ਤੋਂ 20 ਉਮਰ ਵਰਗ ਵਿੱਚ ਨਾਥਰ ਠਾਕਰ, ਨੀਤੂ ਸਿੰਘ ਤੇ ਦੀਪਿਕਾ ਜੈਨ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ `ਤੇ ਰਹੀਆਂ। ਸਪਰਿੰਟ ਰੇਸ ਦੇ ਇੱਕ ਹੋਰ ਮੁਕਾਬਲੇ ਵਿੱਚ ਗੁਰਸ਼ਾਨ, ਜੌਨਾਥਨ ਤੇ ਹਰਮੀਕ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਥਾਂ ਉਤੇ ਰਹੇ। ਮੇਲੇ ਦੇ ਸਪਾਂਸਰਾਂ ਵੱਲੋਂ ਜੇਤੂਆਂ ਨੂੰ ਹੌਸਲਾ ਹਫਜ਼ਾਈ ਵਜੋਂ ਇਨਾਮ ਦਿੱਤੇ ਗਏ।
ਵੱਡਿਆਂ ਦਾ ਰੱਸਾ ਖਿੱਚਣ ਦਾ ਮੁਕਾਬਲਾ ਵੀ ਦਿਲਚਸਪ ਸੀ। ਇੱਕ ਪਾਸੇ ਕੁਝ ਸਾਬਕਾ ਕਬੱਡੀ ਖਿਡਾਰੀ ਹੋਣ ਕਾਰਨ ਉਨ੍ਹਾਂ ਦੀ ਟੀਮ ਜੇਤੂ ਰਹੀ। ਸਥਾਨਕ ਵਾਲੀਬਾਲ ਗਰੁੱਪ ਨੇ ਵੀ ਵਾਲੀਆਂ ਹਵਾ ਵਿਚ ਉਡਾਈਆਂ। ਇਸ ਗਰੁੱਪ ਵਿੱਚ ਨੌਜਵਾਨ ਵੀ ਸਨ ਤੇ ਬਜ਼ੁਰਗ ਵੀ ਸਨ ਅਤੇ ਇਹ ਗਰੁੱਪ ਦੁਪਹਿਰੇ ਹੀ ਮੇਲੇ ਵਾਲੀ ਥਾਂ ਪੁੱਜ ਗਿਆ ਸੀ ਤੇ ਆਪਣਾ ਅੱਡਾ-ਪੀੜ੍ਹਾ ਫਿੱਟ ਕਰ ਲਿਆ ਸੀ। ਇਸ ਗਰੁੱਪ ਦੇ ਪਾਲ ਧਾਲੀਵਾਲ, ਕਰਮਬੀਰ ਸਿੰਘ, ਬਲਵਿੰਦਰ ਬਾਠ, ਬਲਵਿੰਦਰ ਸੇਖੋਂ, ਗੁਰਮੀਤ ਢਿੱਲੋਂ ਅਤੇ ਹੋਰਾਂ ਵੱਲੋਂ ਵਾਲੀਬਾਲ ਦੇ ਮੈਚ ਨਿਰੰਤਰ ਜਾਰੀ ਸਨ।
ਪਿਛਲੇ ਮੇਲੇ ਵਿੱਚ ਕੁਝ ਪਰਿਵਾਰਾਂ ਨੇ ਪਤੰਗਾਂ ਦੀਆਂ ਡੋਰਾਂ ਖਿਚੀਆਂ ਸਨ, ਪਰ ਇਸ ਵਾਰ ਮੀਂਹ ਕਾਰਨ ਪਤੰਗ ਉਡਾਉਣ ਦਾ ਮੁਕਾਬਲਾ ਨਹੀਂ ਹੋਇਆ। ਪਿਛਲੇ ਮੇਲੇ ਵਾਲਾ ਪਤੰਗਬਾਜ਼ ਟੋਲਾ ਲਗਪਗ ਨਾਦਾਰਦ ਸੀ। ਸ਼ਾਇਦ ਉਨ੍ਹਾਂ ਸਵੇਰੇ ਮੀਂਹ ਪੈਂਦਾ ਵੇਖ ਅੰਦਾਜ਼ਾ ਲਾ ਲਿਆ ਹੋਣਾ ਕਿ ਪਤੰਗਬਾਜ਼ੀ ਨਾ ਹੀ ਹੋਵੇ! ਇੱਕ ਮੇਲਾ ਪ੍ਰਬੰਧਕ ਅਨੁਸਾਰ ਮੀਂਹ ਵਾਲੇ ਮੌਸਮ ਵਿੱਚ ਪਤੰਗ ਗਿੱਲੇ ਹੋ ਜਾਣੇ ਸਨ, ਜਿਸ ਕਾਰਨ ਇਹ ਮੁਕਾਬਲਾ ਰੱਦ ਕਰਨਾ ਪਿਆ। ਇਸੇ ਕਾਰਨ ਕੁਝ ਹੋਰ ਖੇਡਾਂ ਵੀ ਰੱਦ ਕਰਨੀਆਂ ਪਈਆਂ।
ਇਸ ਮੌਕੇ ਅਮਰੀਕੀ ਏਜੰਸੀ ਫੈਡਰਲ ਬਿਊਰੋ ਇਨਵੈਸਟੀਗੇਸ਼ਨ (ਐਫ.ਬੀ.ਆਈ.) ਵੱਲੋਂ ਇੱਕ ਸਟਾਲ ਲਾਇਆ ਗਿਆ ਸੀ, ਜਿਸ ਵਿੱਚ ਏਜੰਸੀ ਦੇ ਨੁਮਾਇੰਦੇ ਲੋਕਾਂ ਨੂੰ ਐਫ.ਬੀ.ਆਈ. ਬਾਰੇ ਜਾਣਕਾਰੀ ਦੇ ਰਹੇ ਸਨ। ਚਾਹਵਾਨ ਐਫ.ਬੀ.ਆਈ. ਵਿੱਚ ਕਿਸ ਤਰ੍ਹਾਂ ਭਰਤੀ ਹੋ ਸਕਦੇ ਹਨ, ਇਸ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਸੀ। ਐਫ.ਬੀ.ਆਈ. ਦੇ ਕੰਮ, ਭਰਤੀ ਹੋਣ ਲਈ ਤਿਆਰੀ ਕਿਵੇਂ ਕਰਨੀ ਆਦਿ ਬਾਰੇ ਪੈਂਫਲਿਟ ਮੁਹੱਈਆ ਸਨ।
ਮੇਲੇ ਦਾ ਵਿਸ਼ੇਸ਼ ਆਕਰਸ਼ਣ ਗਾਇਕ ਗੀਤਾ ਜ਼ੈਲਦਾਰ ਸੀ। ਉਸ ਨੇ ਸੀ.ਡੀ. ਚਲਾ ਕੇ ਬੁੱਲ੍ਹ ਫਰਕਾਉਂਦਿਆਂ ਆਪਣੇ ਕਈ ਚਰਚਿਤ ਗੀਤ ਪੇਸ਼ ਕੀਤੇ। ਨੱਚਣ ਦੇ ਮੂਡ ਵਿੱਚ ਆਏ ਲੋਕ ਸੀ.ਡੀ. ਉਤੇ ਨੱਚਦੇ ਰਹੇ ਅਤੇ ਨਾਲ ਨਾਲ ਸਟੇਜ ਉੱਤੇ ਚੜ੍ਹ ਉਹਦੇ ਨਾਲ ਤਸਵੀਰਾਂ ਖਿਚਵਾਉਂਦੇ ਰਹੇ। ਹਾਲਾਂਕਿ ਪ੍ਰਬੰਧਕਾਂ ਨੇ ਪਹਿਲਾਂ ਸਟੇਜ ਅੱਗੇ ਮੇਜ਼ ਟੇਢੇ ਖੜ੍ਹੇ ਕੀਤੇ ਸਨ ਤੇ ਪਲਾਸਟਿਕ ਰਿਬਨ ਵੀ ਬੰਨਿ੍ਹਆ ਸੀ ਤਾਂ ਕਿ ਗਾਇਕੀ ਦੌਰਾਨ ਲੋਕ ਸਟੇਜ ਉੱਤੇ ਨਾ ਆਉਣ। ਬਿਨਾ ਸਾਜੀਆਂ ਤੋਂ ਗੀਤਾ ਜ਼ੈਲਦਾਰ ਗਾਉਂਦਾ ਰਿਹਾ ਅਤੇ ਨੱਚਣ ਦਿਆਂ ਸ਼ੌਕੀਨਾਂ ਨੂੰ ਨਚਾਉਂਦਾ ਰਿਹਾ। ਇਸ ਰੁਝਾਨ ਦਾ ਬਹੁਤ ਪ੍ਰਚਲਨ ਵਧ ਗਿਆ ਹੈ ਕਿ ਗਾਇਕ ਆਪਣੇ ਅਖਾੜੇ ਦੌਰਾਨ ਸਾਜ਼ੀਆ ਉਤੇ ਖ਼ਰਚਾ ਕਰਨ ਨਾਲੋਂ ਸੀ.ਡੀ. ਉਤੇ ਹੀ ਗਾ ਲੈਂਦੇ ਹਨ; ਯਾਨਿ ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ!
ਦਿਲਚਸਪ ਨਜ਼ਾਰਾ ਉਦੋਂ ਬਣ ਗਿਆ ਸੀ, ਜਦੋਂ ਗੀਤਾ ਜ਼ੈਲਦਾਰ ਨੇ “ਕਣੀਆਂ `ਚ ਮੈਂ ਭਿੱਜ ਗਈ, ਤੈਨੂੰ ਮਿਲਣ ਆਉਂਦੀ ਦਿਲਦਾਰਾ” ਗੀਤ ਪੇਸ਼ ਕੀਤਾ। ਇੰਨੇ ਨੂੰ ਉਮਰ ਪੱਖੋਂ ਬਜ਼ੁਰਗ ਪਰ ਦਿਲ ਦੀਆਂ ਜਵਾਨ ਲੱਗਦੀਆਂ ਕੁਝ ਬੀਬੀਆਂ “…ਤੈਨੂੰ ਮਿਲਣ ਆਉਂਦੀ ਦਿਲਦਾਰਾ” ਗਾਉਂਦੀਆਂ ਪੂਰੇ ਹੁਲਾਸ ਵਿੱਚ ਆਈਆਂ ਨੱਚਣ ਲੱਗ ਪਈਆਂ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਉਨ੍ਹਾਂ ਅੰਦਰ “ਇਸ਼ਕ ਦੀਆਂ ਤਰਬਾਂ” ਛਿੜੀਆਂ ਹੋਈਆਂ ਹੋਣ ਅਤੇ ਮਨ ਝੂਮਣ ਦੇ ਨਾਲ ਨਾਲ ਅੱਡੀਆਂ ਤੇ ਤਾੜੀਆਂ ਇੱਕਸੁਰਤਾ ਪੈਦਾ ਕਰ ਰਹੀਆਂ ਹੋਣ। ਕਾਲੇ ਸੂਟ ਪਾ ਕੇ ਆਈਆਂ ਕੁਝ ਬੀਬੀਆਂ ਨੇ ਗੀਤਾ ਜ਼ੈਲਦਾਰ ਨੂੰ ਫਰਮਾਇਸ਼ ਪਾ ਦਿੱਤੀ ਕਿ “ਚਿੱਟੇ ਸੂਟ” ਗੀਤ ਤੋਂ ਬਾਅਦ ਉਹ ਕਾਲੇ ਸੂਟਾਂ ਬਾਰੇ ਵੀ ਗੀਤ ਗਾਵੇ। ਉਹ ਸਟੇਜ ਤੋਂ ਕਲੋਲਾਂ ਕਰਦਾ ਸਰੋਤਿਆਂ ਦੀ ਫਰਮਾਇਸ਼ ਮੁਤਾਬਕ ਸੀ.ਡੀ. ਲਾਉਣ ਵਾਲੇ ਨੂੰ ਇਸ਼ਾਰਾ ਕਰ ਦਿੰਦਾ, ਤੇ ਨੱਚਣ-ਗਾਉਣ ਦਾ ਦੌਰ ਫਿਰ ਚੱਲ ਪੈਂਦਾ। ਗੀਤਾ ਜ਼ੈਲਦਾਰ ਵੱਲੋਂ ਗਾਉਣਾ ਸ਼ੁਰੂ ਕਰਨ ਤੋਂ ਲੈ ਕੇ ਸਮਾਪਤੀ ਤੱਕ ਬਹੁਤੇ ਲੋਕ ਸਮੇਤ ਪ੍ਰਬੰਧਕ ਨੱਚ ਨੱਚ ਚਿੱਤ ਰਾਜ਼ੀ ਕਰਦੇ ਰਹੇ। ਜਗਮੀਤ (ਜੈਸੀ) ਸਿੰਘ ਨੇ ਵੀ ਗੀਤ ਗਾਇਆ।
ਮੇਲੇ ਦੇ ਮੁੱਖ ਮਹਿਮਾਨ ਮਿਸ਼ੀਗਨ ਤੋਂ ਬਿਜਨਸਮੈਨ ਜਗਮੋਹਨ ਸਿੰਘ ਬੇਗੋਵਾਲ ਸਨ। ਉਨ੍ਹਾਂ ਪੀ.ਸੀ.ਐਸ. ਨੂੰ ਪੰਜਾਬੀ ਮੇਲਾ ਕਰਵਾਉਣ ਦੀ ਵਧਾਈ ਦਿੱਤੀ। “ਪੰਜਾਬੀ ਪਰਵਾਜ਼” ਨਾਲ ਗੱਲ ਕਰਦਿਆਂ ਸ. ਬੇਗੋਵਾਲ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਦੇ ਸਮਾਗਮਾਂ ਵਿੱਚ ਜਾ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੀ.ਸੀ.ਐਸ. ਅਤੇ ਹੋਰ ਸੰਸਥਾਵਾਂ ਭਾਈਚਾਰੇ ਨਾਲ ਸਬੰਧਤ ਸਮਾਗਮ ਕਰਵਾ ਕੇ ਪਰਦੇਸਾਂ ਵਿੱਚ ਪੰਜਾਬੀ ਵਿਰਸੇ ਨੂੰ ਜਿਊਂਦਾ ਰੱਖ ਰਹੀਆਂ ਹਨ ਤੇ ਇਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪੀ.ਸੀ.ਐਸ. ਬੋਰਡ ਵੱਲੋਂ ਸ. ਜਗਮੋਹਨ ਸਿੰਘ ਬੇਗੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਦੌਰਾਨ ਆਪਣੇ ਹਮ-ਖਿਆਲਾਂ ਨਾਲ ਕੁਰਸੀਆਂ ਉੱਤੇ ਬੈਠੇ ਕੁਝ ਲੋਕ ਹਾਸੇ-ਠੱਠੇ ਵਿੱਚ ਇੱਕ ਦੂਜੇ ਦੀਆਂ ਲੱਤਾਂ ਵੀ ਖਿੱਚੀ ਜਾ ਰਹੇ ਸਨ। ਕੋਈ ਤੁਰ-ਫਿਰ ਕੇ ਮੇਲਾ ਵੇਖ ਰਿਹਾ ਸੀ ਅਤੇ ਕੋਈ ‘ਚੁਗਲੀਆਂ’ ਨੂੰ ਤਰਜੀਹ ਦੇ ਰਿਹਾ ਸੀ। ਖਾਣ-ਪੀਣ ਦੇ ਸ਼ੌਕੀਨ ਆਪੋ-ਆਪਣੀ ਪਸੰਦ ਮੁਤਾਬਕ ਜੀਭ ਨੂੰ ਚੱਖਣੇ ਲਾ ਰਹੇ ਸਨ। ਮੇਲੇ ਵਿੱਚ ਪੰਜਾਬੀ/ਸਿੱਖ ਭਾਈਚਾਰੇ ਤੋਂ ਇਲਾਵਾ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਆਏ ਹੋਏ ਸਨ।
ਮਿਲਵਾਕੀ ਤੋਂ ਆਏ “ਟੇਸਟ ਆਫ ਇੰਡੀਆ” ਵਾਲਿਆਂ ਨੇ ਭੱਠੀਆਂ ਤਪਾਈਆਂ ਹੋਈਆਂ ਸਨ। ਜਲੇਬੀਆਂ ਤਲ਼ ਹੋ ਰਹੀਆਂ ਸਨ ਅਤੇ ਕੜਾਹੀ ਵਿੱਚ ਪਏ ਭਠੂਰੇ ਫੁਲ ਫੁਲ ਦੂਹਰੇ ਹੋ ਰਹੇ ਸਨ। ਦਹੀਂ-ਪਰੌਂਠੇ, ਚੌਲ਼-ਛੋਲੇ, ਪਕੌੜੇ ਤੇ ਮਸਾਲੇਦਾਰ ਚਾਹ ਮੇਲੀਆਂ ਲਈ ਹਾਜ਼ਰ ਸਨ। ਇੱਕ ਪਾਸੇ ਵਿਸ਼ੇਸ਼ ਟੈਂਟ ਵੀ ਲਾਇਆ ਗਿਆ ਸੀ, ਜਿੱਥੇ “ਵਿਸ਼ੇਸ਼ ਮਹਿਮਾਨਨਿਵਾਜ਼ੀ” ਚੱਲ ਰਹੀ ਸੀ। ਦਾਰੂ-ਬੱਤੇ ਦੇ ਨਾਲ ਨਾਲ ਮੀਟ ਤੇ ਮੱਛੀ ਦੇ ਪਕੌੜੇ ਪੇਸ਼ ਪੇਸ਼ ਸਨ। ਖਾਣ-ਪੀਣ ਦਾ ਖੁੱਲ੍ਹਾ ਤੇ ਵਧੀਆ ਪ੍ਰਬੰਧ ਸੀ। ਮੇਲੀ ਟੇਸਟ ਆਫ਼ ਇੰਡੀਆ ਦੀ ਸਰਵਿਸ ਅਤੇ ਸਵਾਦੀ ਖਾਣੇ ਦੀ ਪ੍ਰਸ਼ੰਸਾ ਕਰ ਰਹੇ ਸਨ।
ਪੀ.ਸੀ.ਐਸ. ਦੇ ਚੇਅਰਮੈਨ ਨਿੱਕ ਬਲਵਿੰਦਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ, ਬੋਰਡ ਆਫ ਗਵਰਨਰ ਰਾਜਿੰਦਰਬੀਰ ਸਿੰਘ ਮਾਗੋ, ਵਿੱਕ ਸਿੰਘ, ਮਹਿੰਦਰਜੀਤ ਸਿੰਘ ਸੈਣੀ, ਹਰਵਿੰਦਰ ਪਾਲ ਸਿੰਘ ਲੈਲ, ਅਮਰਜੀਤ ਕੌਰ ਅਟਵਾਲ, ਬਲਵਿੰਦਰ ਸਿੰਘ ਗਿਰਨ, ਮਨਜੀਤ ਸਿੰਘ ਭੱਲਾ, ਪਰਵਿੰਦਰ ਸਿੰਘ ਨਨੂੰਆ, ਸੁਖਮੇਲ ਸਿੰਘ ਅਟਵਾਲ ਸਮੇਤ ਹੋਰਨਾਂ ਮੈਂਬਰਾਂ ਨੇ ਸਪਾਂਸਰਾਂ ਅਤੇ ਆਏ ਮੇਲੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *