ਜਦੋਂ ਇਤਫਾਕ ਨਾ ਰਹੇ ਤੇ ਰਿਸ਼ਤੇ ਵਿੱਚ ਖਲਾਅ ਪੈ ਜਾਵੇ ਤਾਂ ਜ਼ਿੰਦਗੀ ਵਿੱਚ ਘੁੰਮਣਘੇਰੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਕਦਰ ਘਟਣ ਨਾਲ ਜਦੋਂ ਨਿੱਕੀਆਂ ਨਿੱਕੀਆਂ ਨੋਕਾਂ-ਝੋਕਾਂ ਵੱਡੇ ਤਕਰਾਰ ਦਾ ਕਾਰਨ ਬਣ ਜਾਣ ਤਾਂ ਰਿਸ਼ਤੇ ਵਿੱਚ ਤਰੇੜਾਂ ਪ੍ਰਤੱਖ ਉਭਰ ਆਉਂਦੀਆਂ ਹਨ ਅਤੇ ਮਨਾਂ ਵਿੱਚ ਵੱਡੇ ਫਾਸਲੇ ਪੈ ਜਾਂਦੇ ਹਨ। ਅਜਿਹੇ ਬਿਰਤਾਂਤ ਨੂੰ ਸਿਰਜਦੀ ਇਹ ਕਹਾਣੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਪੇਸ਼ ਕਰਦੀ ਹੋਈ ਮੁੜ-ਮੁੜ ਇੱਕੋ ਬਿੰਦੂ `ਤੇ ਇੱਕ-ਦੂਜੇ ਨੂੰ ਮਿਲਣ ਦੀ ਗਵਾਹੀ ਭਰਦੀ ਹੈ।
ਸਿਮਰਨ ਧਾਲੀਵਾਲ
ਸਾਰਾ ਦਿਨ ਨਿੱਕਾ-ਨਿੱਕਾ ਮੀਂਹ ਪੈਂਦਾ ਰਿਹਾ।
ਅੰਬਰ ਅਜੇ ਵੀ ਬੱਦਲਾਂ ਨਾਲ ਭਰਿਆ ਪਿਆ ਹੈ। ਇਹ ਮੌਸਮ ਰਸ਼ਮੀ ਨੂੰ ਬੇਹੱਦ ਪਿਆਰਾ ਲੱਗਦਾ ਹੁੰਦਾ ਸੀ, ਪਰ ਅੱਜ ਇਹ ਮੌਸਮ ਉਸਨੂੰ ਪਿਆਰਾ ਨਹੀਂ ਸੀ ਲੱਗ ਰਿਹਾ। ਉਸਦਾ ਮਨ ਬੁੱਝਿਆ ਪਿਆ ਸੀ। ਉਸਨੇ ਆਪਣੀਆਂ ਕਲਾਸਾਂ ਖਤਮ ਕੀਤੀਆਂ ਤੇ ਘਰ ਆ ਗਈ। ਪ੍ਰੋਫੈਸਰ ਤ੍ਰੇਹਨ ਨੇ ਉਸਨੂੰ ਬਹੁਤ ਕਿਹਾ ਸੀ ਕਿ ਮੌਸਮ ਸੁਹਾਣਾ ਹੈ, ਰੁਕ ਜਾਓ। ਚਾਹ ਪਕੌੜੇ ਤੇ ਗੱਲਾਂ ਦਾ ਦੌਰ ਜਮਾਉਂਦੇ ਹਾਂ; ਪਰ ਰਸ਼ਮੀ ਨੂੰ ਜਿਵੇਂ ਕੋਈ ਕਾਹਲ ਜਿਹੀ ਪੈ ਰਹੀ ਸੀ। ਉਸਨੇ ਕਿਤਾਬਾਂ ਸਮੇਟੀਆਂ। ਬੈਗ ਚੁੱਕਿਆ ਤੇ ਛੱਤਰੀ ਤਾਣੀ, ਢਿੱਲੇ ਜਿਹੇ ਕਦਮੀਂ ਤੁਰਦੀ ਕਾਰ ਵਿੱਚ ਜਾ ਬੈਠੀ।
ਰੋਜ਼ ਵਾਂਗ ਅੱਜ ਸੜਕਾਂ ਉੱਪਰ ਭੀੜ ਨਹੀਂ ਸੀ। ਰੋਜ਼ ਵਾਂਗ ਹੀ ਅੱਜ ਰਸ਼ਮੀ ਨੇ ਗੱਡੀ ਵਿੱਚ ਮਿਊਜ਼ਿਕ ਨਹੀਂ ਸੀ ਚਲਾਇਆ। ਉਹ ਉਲਝੀ ਹੋਈ ਸੀ, ਕਿਸੇ ਸੋਚ ਵਿੱਚ, ਕਿਸੇ ਗੱਲ ਵਿੱਚ। ਹੋਰ ਤਾਂ ਹੋਰ ਅੱਜ ਪੂਰਾ ਦਿਨ ਉਸਨੇ ਆਪਣੇ ਮੋਬਾਇਲ ਦਾ ਇੰਟਰਨੈਟ ਨਹੀਂ ਸੀ ਆਨ ਕੀਤਾ।
ਉਫ਼…ਕਿੰਨਾ ਬੋਰਿੰਗ ਦਿਨ ਸੀ ਇਹ!
…ਤੇ ਹੁਣ ਰਸ਼ਮੀ ਖਿੜਕੀ ਸਾਹਮਣੇ ਖੜੀ ਬਾਹਰ ਝਾਕ ਰਹੀ ਸੀ; ਪਿਛਲੇ ਘੰਟੇ ਭਰ ਤੋਂ। ਕੰਮ ਵਾਲੀ ਕੁੜੀ ਦੋ ਵਾਰ ਪੁੱਛ ਗਈ ਸੀ ਕਿ ਦੀਦੀ ਕੁਝ ਖਾਣਾ ਪੀਣਾ ਹੈ? ਪਰ ਰਸ਼ਮੀ ਨੂੰ ਤਾਂ ਜਿਵੇਂ ਨਾ ਭੁੱਖ ਸੀ, ਨਾ ਪਿਆਸ। ਉਸ ਅੰਦਰ ਕੁਝ ਟੁੱਟ-ਜੁੜ ਰਿਹਾ ਸੀ। ਮੀਂਹ ਇੱਕ ਪਲ ਵਿੱਚ ਦੁਬਾਰਾ ਤੇਜ਼ ਹੋ ਗਿਆ। ਕਣੀਆਂ ਦੀ ਆਵਾਜ਼ ਨਾਲ ਰਸ਼ਮੀ ਦੀ ਸੁਰਤੀ ਟੁੱਟੀ। ਉਸ ਨੂੰ ਖ਼ਿਆਲ ਆਇਆ, ਜਦੋਂ ਉਹ ਪਹਿਲੀ ਵਾਰ ਸ਼ਮੀਲ ਨੂੰ ਮਿਲੀ ਸੀ, ਉਸ ਦਿਨ ਵੀ ਇਸੇ ਤਰ੍ਹਾਂ ਬਾਰਿਸ਼ ਹੋ ਰਹੀ ਸੀ। ਕਾਲਜ ਵਿੱਚ ਛੁੱਟੀਆਂ ਸਨ ਤੇ ਉਹ ਛੁੱਟੀਆਂ ਵਿੱਚ ‘ਆਰਟ ਆਫ਼ ਲਿਵਿੰਗ’ ਦੀਆਂ ਕਲਾਸਾਂ ਲਗਾਉਣ ਲਈ ਗਈ ਸੀ।
ਪ੍ਰਵੀਨ ਤਨਜ਼ ਨਾਲ ਹੱਸਿਆ ਸੀ, “ਕਮਾਲ ਹੈ! ਹੁਣ ਜ਼ਿੰਦਗੀ ਜਿਊਣੀ ਵੀ ਬਜ਼ਾਰ ਵਿੱਚ ਸਿਖ਼ਾਈ ਜਾਣ ਲੱਗੀ ਏ?”
“ਜ਼ਿੰਦਗੀ ਜਿਊਣੀ ਆਉਂਦੀ ਹੀ ਕਿੱਥੇ ਹੈ ਸਾਨੂੰ ਡਾਕਟਰ ਸਾਹਬ? ਇਸੇ ਲਈ ਤਾਂ ਸਿੱਖਣ ਚੱਲੀ ਆ।” …ਤੇ ਉਹ ਕਿਸੇ ਹੋਰ ਤਕਰਾਰ ਤੋਂ ਬਚਣ ਲਈ ਆਪਣਾ ਪਰਸ ਚੁੱਕ ਕੇ ਬੂਹਿਓਂ ਬਾਹਰ ਹੋ ਗਈ, ਨਹੀਂ ਤਾਂ ਸ਼ਾਇਦ, ਇਹ ਗੱਲ ਫੈਲਦੀ ਹੋਈ ਪਤਾ ਨਹੀਂ ਕਿਸ ਪਾਸੇ ਨੂੰ ਤੁਰ ਜਾਂਦੀ ਤੇ ਉਹ ਦੋਵੇਂ ਹਮੇਸ਼ਾ ਵਾਂਗ ਬਹਿਸਦੇ, ਖਿਝਦੇ। ਫਿਰ ਮੂੰਹ ਬਣਾ ਕੇ ਆਪਣੇ ਆਪਣੇ ਕਮਰੇ ਵਿੱਚ ਕੈਦ ਹੋ ਜਾਂਦੇ।
ਇਹੀ ਤਾਂ ਸੰਸਾਰ ਹੈ ਦੋਨਾਂ ਦਾ।
ਰਸ਼ਮੀ ਦੀਆਂ ਸੋਚਾਂ ਸ਼ਮੀਲ ਵੱਲੋਂ ਹਟ ਕੇ ਆਪਣੇ ਪਤੀ ਡਾ. ਪ੍ਰਵੀਨ ਉੱਪਰ ਜਾ ਟਿਕੀਆ। ਜਦੋਂ ਉਨ੍ਹਾਂ ਦਾ ਰਿਸ਼ਤਾ ਹੋਇਆ ਸੀ, ਉਦੋਂ ਰਸ਼ਮੀ ਨੇ ਅਜੇ ਨਵਾਂ-ਨਵਾਂ ਹੀ ਕਾਲਜ ਜੁਆਇੰਨ ਕੀਤਾ ਸੀ। ਪ੍ਰਵੀਨ ਉਸਦੀ ਖ਼ੂਬਸੂਰਤੀ ’ਤੇ ਮਰ ਮਿਟਿਆ ਸੀ। ਉਹ ਦਿਨ ਕਿੰਨੇ ਖ਼ੂਬਸੂਰਤ ਦਿਨ ਸਨ!…ਤੇ ਇਹ ਦਿਨ!…ਇਹ ਦਿਨ ਕਿਨੇ ਭੈੜੇ ਦਿਨ ਸਨ। ਰਸ਼ਮੀ ਹਲਕਾ ਜਿਹਾ ਮੁਸਕੁਰਾਈ। ਉਸਦੇ ਹੁਸਨ ’ਤੇ ਡੁੱਲ੍ਹ ਜਾਣ ਵਾਲਾ ਪ੍ਰਵੀਨ ਹੁਣ ਕਿੰਨੇ-ਕਿੰਨੇ ਦਿਨ ਉਸਦੀ ਸ਼ਕਲ ਵੀ ਨਹੀਂ ਸੀ ਦੇਖਦਾ। ਕਦੋਂ ਮਨ ਦੂਰ ਹੋਏ, ਕਦੋਂ ਤਨ ਦੂਰ ਹੋਏ ਤੇ ਕਦੋਂ ਦੋਨਾਂ ਨੇ ਕਮਰੇ ਵੀ ਅਲੱਗ ਕਰ ਲਏ? ਇਸਦਾ ਪਤਾ ਤਾਂ ਜਿਵੇਂ ਉਨ੍ਹਾਂ ਦੋਨਾਂ ਨੂੰ ਵੀ ਨਹੀਂ ਸੀ ਲੱਗਿਆ।
ਘਰ ਵਿੱਚ ਇੱਕ ਡੂੰਘੀ ਚੁੱਪ ਸੀ।
ਉਸੇ ਚੁੱਪ ਨੂੰ ਤੋੜਨ ਲਈ ਰਸ਼ਮੀ ਫੋਨ ਦਾ ਸਹਾਰਾ ਲੈਂਦੀ। ਫੇਸਬੁੱਕ ਉਪਰ ਅੱਧੀ ਰਾਤ ਤੀਕ ਉਂਗਲਾਂ ਘੁੰਮਾਉਂਦੀ ਰਹਿੰਦੀ। ਅਣਜਾਣ ਲੋਕਾਂ ਨਾਲ ਚੈਟਿੰਗ ਕਰਦੀ। ਇਹ ਗੱਲਾਂ ਉਸਨੂੰ ਚੰਗੀਆਂ ਲੱਗਦੀਆਂ। ਬਿਨਾ ਸਿਰ-ਪੈਰ ਦੀਆਂ ਗੱਲ਼ਾਂ। ਲੋਕਾਂ ਵੱਲੋਂ ਉਸਦਾ ਹਾਲ ਪੱਛਿਆ ਜਾਣਾ ਉਸਨੂੰ ਚੰਗਾ ਲੱਗਦਾ। ਕੋਈ ਉਸਨੂੰ ਚਾਹ ਦੇ ਕੱਪ ਦੀ ਤਸਵੀਰ ਭੇਜਦਾ। ਲਿਖਦਾ, ਪਹਿਲੀ ਘੁੱਟ ਤੁਹਾਡੇ ਨਾਮ। ਰਸ਼ਮੀ ਜਿਵੇਂ ਮਿਠਾਸ ਨਾਲ ਭਰ ਜਾਂਦੀ। ਜ਼ਰਾ ਰਿਪਲਾਈ ਨਾ ਕਰਦੀ ਤਾਂ ਸਾਹਮਣੇ ਵਾਲਿਆਂ ਨੂੰ ਫਿਕਰ ਪੈ ਜਾਂਦਾ। ਉਸਦਾ ਸਿਰ ਦਰਦ ਕਰਦਾ ਤਾਂ ਹਵਾ ਵਿੱਚ ਹੀ ਉਸ ਸਿਰ ਦਬਾਉਣ ਵਾਲੇ ਹੱਥ ਪੈਦਾ ਹੋ ਜਾਂਦੇ।
ਉਸ ਇਰਦ-ਗਿਰਦ ਇੱਕ ਭੀੜ ਸੀ।
ਉਸੇ ਭੀੜ ਵਿੱਚੋਂ ਇੱਕ ਚਿਹਰਾ ਉਭਰਿਆ। ਉਹ ਚਿਹਰਾ ਸੀ ਰਵੀ ਦਾ ਚਿਹਰਾ। ਪੰਜਾਬੀ ਸ਼ਾਇਰੀ ਤੇ ਪੀਐੱਚ.ਡੀ. ਕਰ ਰਿਹਾ ਰਵੀ ਰਸ਼ਮੀ ਨੂੰ ਕਵਿਤਾ ਵਰਗਾ ਹੀ ਪਿਆਰਾ ਲੱਗਿਆ ਸੀ। ਦੋਨਾਂ ਵਿਚਕਾਰ ਗੱਲ ਬਾਤ ਵਧੀ। ਗੱਲਾਂ ਵਧੀਆਂ ਤਾਂ ਦੂਰੀਆਂ ਘਟੀਆਂ …ਤੇ ਦੋਵਾਂ ਨੇ ਇੱਕ ਦੂਜੇ ਨਾਲ ਨੰਬਰ ਸਾਂਝੇ ਕਰ ਲਏ। ਕਦੇ ਰਸ਼ਮੀ ਦੇ ਅੰਦਰੋਂ ਕੋਈ ਆਵਾਜ਼ ਉਠਦੀ। ਉਸਨੂੰ ਇਹ ਸਭ ਇੱਕ ਮ੍ਰਿਗ ਤ੍ਰਿਸ਼ਨਾ ਜਿਹਾ ਲੱਗਦਾ। ਉਹ ਸਹੀ ਗ਼ਲਤ ਵਿੱਚ ਉਲਝ ਜਾਂਦੀ, ਪਰ ਉਸੇ ਪਲ ਉਸਦੇ ਸਾਹਵੇਂ ਪ੍ਰਵੀਨ ਦਾ ਚਿਹਰਾ ਉਭਰ ਆਉਂਦਾ। ਬੱਚਾ ਨਾ ਹੋਣ ਕਰਕੇ ਜੋ ਰਸ਼ਮੀ ਨਾਲ ਖਿਝਿਆ ਰਹਿਣ ਲੱਗਿਆ ਸੀ। ਜਿਸਨੂੰ ਰਸ਼ਮੀ ਵਿੱਚ ਹਜ਼ਾਰਾਂ ਦੋਸ਼ ਨਜ਼ਰ ਆਉਣ ਲੱਗੇ ਸਨ।
ਪ੍ਰਵੀਨ ਜੋ ਗੱਲਾਂ ਕਦੇ ਨਹੀਂ ਸੀ ਕਰਦਾ, ਰਵੀ ਕੋਲੋਂ ਉਹੀ ਗੱਲਾਂ ਸੁਣ ਕੇ ਰਸ਼ਮੀ ਨੂੰ ਲੱਗਦਾ ਜਿਵੇਂ ਇੱਕ ਖਲਾਅ ਇੱਕ ਵਾਰ ਫੇਰ ਤੋਂ ਭਰਿਆ ਗਿਆ ਹੋਵੇ।
ਉਸਨੂੰ ਯਾਦ ਸੀ ਕਿੰਨਾ ਬਹਿਸਦੇ ਸਨ, ਉਹ ਬਹੁਤ ਆਮ ਜਿਹੀਆਂ ਗੱਲਾਂ ਪਿੱਛੇ।
ਪ੍ਰਵੀਨ ਘਰ ਆਉਂਦਾ। ਰਸ਼ਮੀ ਜਿਵੇਂ ਕਿਸੇ ਰੇਡੀਓ ਵਾਂਗ ਸ਼ੁਰੂ ਹੋ ਜਾਂਦੀ। ਆਪਣੇ ਕਾਲਜ ਦੀਆਂ, ਸਟਾਫ਼ ਦੀਆਂ ਗੱਲਾਂ। ਸਹੇਲੀਆਂ ਦੀਆਂ ਗੱਲਾਂ। ਪ੍ਰੋ. ਤ੍ਰੇਹਨ ਨੇ ਇੰਝ ਕਿਹਾ। ਪ੍ਰੋ ਸ਼ਾਲਿਨੀ ਦਾ ਕੁੱਤਾ ਮਰ ਗਿਆ। …ਤੇ ਪ੍ਰਵੀਨ ਉਸਦੀਆਂ ਇਨ੍ਹਾਂ ਗੱਲਾਂ ਤੋਂ ਉਕਤਾ ਜਾਂਦਾ। ਬਸ ਹੂੰ ਹਾਂ ਕਰਦਾ। …ਫੇਰ ਦੋਨੋਂ ਇਸ ਗੱਲ ਪਿੱਛੇ ਬਹਿਸਣ ਲੱਗੇ ਕਿ ਪ੍ਰਵੀਨ ਆਪਣੇ ਹਸਪਤਾਲ ਦੀ ਕੋਈ ਗੱਲ ਕਿਉਂ ਨਹੀਂ ਦੱਸਦਾ। ਪ੍ਰਵੀਨ ਆਖਦਾ, ਉਹ ਗ਼ੈਰ-ਜ਼ਰੂਰੀ ਗੱਲਾਂ ਵੱਲ ਧਿਆਨ ਨਹੀਂ ਦਿੰਦਾ। ਰਸ਼ਮੀ ਆਖਦੀ ਤੂੰ ਮੇਰੇ ਨਾਲ ਕੋਈ ਗੱਲ ਕਰਨੀ ਹੀ ਨਹੀਂ ਚਾਹੁੰਦਾ। ਇੰਝ ਮਾਮੂਲੀ ਜਿਹੀ ਗੱਲ ਪਹਾੜ ਬਣ ਜਾਂਦੀ। ਬਹਿਸ ਵੱਧ ਜਾਂਦੀ। …ਤੇ ਦੋਵੇਂ ਇੱਕ ਦੂਜੇ ਵੱਲ ਪਿੱਠ ਕਰੀ ਸੌਂ ਜਾਂਦੇ। ਕਦੇ ਦੋਨਾਂ ਵਿੱਚ ਫੇਸਬੁੱਕ ਦੀਆਂ ਪੋਸਟਾਂ ਨੂੰ ਲੈ ਕੇ ਤਕਰਾਰ ਛਿੜ ਪੈਂਦਾ। ਰਸ਼ਮੀ ਆਖਦੀ ਤੂੰ ਮੇਰੀ ਪੋਸਟ ’ਤੇ ਕਦੇ ਲਾਈਕ ਕੁਮੈਂਟ ਕਿਉਂ ਨਹੀਂ ਕਰਦਾ। ਪ੍ਰਵੀਨ ਸਮਝਦਾ ਪਤੀ-ਪਤਨੀ ਹੋਣ ਵਿੱਚ ਲਾਈਕ-ਕੁਮੈਂਟ ਦਾ ਤਾਂ ਕੋਈ ਰੋਲ ਨਹੀਂ। ਰਸ਼ਮੀ ਸਟੇਟਸ ਪਾ ਕੇ ਪ੍ਰਵੀਨ ਦੇ ਕੁਮੈਂਟ ਉਡੀਕਦੀ। ਪ੍ਰਵੀਨ ਬਹੁਤੀ ਵਾਰ ਰਸ਼ਮੀ ਦੇ ਸਟੇਟਸ ਅਣਦੇਖੇ ਛੱਡ ਦਿੰਦਾ। ਕਦੇ ਜਨਮ ਦਿਨ ਤੇ ਮੈਰਿਜ਼ ਐਨਵਰਸਰੀ ਮੌਕੇ, ਉਨ੍ਹਾਂ ਵਿੱਚ ਇਸ ਗੱਲ ਤੋਂ ਝਗੜਾ ਹੋ ਜਾਂਦਾ ਕਿ ਪ੍ਰਵੀਨ ਫੇਸਬੁੱਕ ਉੱਪਰ ਪੋਸਟ ਪਾ ਕੇ ਉਸਨੂੰ ਜਨਮ ਦਿਨ ਵਿਸ਼ ਕਿਉਂ ਨਹੀਂ ਕਰਦਾ। ਇਸ ਝਗੜੇ ਵਿੱਚ ਪ੍ਰਵੀਨ ਦੇ ਲਿਆਂਦੇ ਹੋਏ ਗਿਫ਼ਟ ਵੀ ਉਹ ਨਜ਼ਰਅੰਦਾਜ਼ ਕਰ ਦਿੰਦੀ।
ਇਹ ਬਹੁਤ ਨਿੱਕੀਆਂ ਗੱਲਾਂ ਉਨ੍ਹਾਂ ਵਿਚਕਾਰ ਇੱਕ ਵਿੱਥ ਬਣਾਉਣ ਲੱਗੀਆਂ।
ਰਸ਼ਮੀ ਆਪਣੀਆਂ ਕੁਲੀਗਜ਼ ਨਾਲ ਆਪਣੀ ਜ਼ਿੰਦਗੀ ਦਾ ਮੁਕਾਬਲਾ ਕਰਦੀ। ਪ੍ਰਵੀਨ ਹਰ ਮੁਕਾਬਲੇ ਨੂੰ ਮਾੜਾ ਮੰਨਦਾ। ਉਹ ਆਖਦਾ, ਇੱਕ ਦੀ ਨਾ ਤਾਂ ਜ਼ਿੰਦਗੀ ਤੇ ਨਾ ਹੀ ਸੋਚ ਕਿਸੇ ਦੂਜੇ ਵਰਗੀ ਹੋ ਸਕਦੀ ਹੈ। ਇੰਝ ਉਹ ਦੋਵੇਂ ਪੂਰਬ-ਪੱਛਮ ਬਣੇ ਰਹਿੰਦੇ। …ਤੇ ਕਈ ਵਾਰ ਤਾਂ ਦੋਵੇਂ ਕਈ-ਕਈ ਦਿਨ ਇੱਕ ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕਰਦੇ। ਫਿਰ ਜ਼ੁਬਾਨ ਤੋਂ ਵੀ ਅੱਗੇ, ਅਲੱਗ-ਅਲੱਗ ਕਮਰਿਆਂ ਦੀ ਦੁਨੀਆਂ ਵਿੱਚ ਵਸਦੇ ਦੋਵੇਂ ਜਣੇ, ਇੱਕ ਦੂਜੇ ਦਾ ਚਿਹਰਾ ਵੀ ਕਈ-ਕਈ ਦਿਨ ਨਾ ਦੇਖਦੇ।
ਰਸ਼ਮੀ ਨੇ ਜਿਵੇਂ ਸਿਰ ਨੂੰ ਝਟਕਿਆ। ਉਸਨੂੰ ਲੱਗਿਆ, ਰਵੀ ਦੇ ਖ਼ਿਆਲਾ ਸਾਹਵੇਂ ਉਹ ਕਿਉਂ ਪ੍ਰਵੀਨ ਦੇ ਖ਼ਿਆਲਾਂ ਵਿੱਚ ਉਲਝ ਰਹੀ ਹੈ। ਰਵੀ ਦੀਆਂ ਗੱਲਾਂ ਵਿੱਚ ਉਹ ਦਿਨ ਰਾਤ ਗੁਆਚੀ ਰਹਿੰਦੀ ਸੀ। ਸਾਰਾ ਦਿਨ ਦੋਨੋਂ ਚੈਟ ਕਰਦੇ। ਸ਼ਾਮੀਂ ਸੈਰ ਕਰਦਿਆਂ, ਦੋਨਾਂ ਵਿਚਕਾਰ ਲੰਮੀ ਫੋਨ ਕਾਲ ਹੁੰਦੀ। ਫਿਰ ਵੀ ਇਉਂ ਲੱਗਦਾ ਜਿਵੇਂ ਗੱਲਾਂ ਮੁੱਕੀਆਂ ਹੀ ਨਾ ਹੋਣ। ਫੋਨ ਤੋਂ ਪਾਰ ਦੋਨਾਂ ਵਿਚਕਾਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਸ਼ਾਮਾਂ ਜਿਵੇਂ ਹੋਰ ਖ਼ੂਬਸੂਰਤ ਹੋ ਲੱਗੀਆਂ। ਸਰਦੀਆਂ ਦੀਆਂ ਧੁੱਪਾਂ ਜਿਵੇਂ ਹੋਰ ਨਿੱਘੀਆਂ ਲੱਗਣ ਲੱਗੀਆਂ।
ਰਵੀ ਰਸ਼ਮੀ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰਦਾ। ਉਸਦੀ ਅਵਾਜ਼ ਨੂੰ ਮਿੱਠੀ ਦੱਸਦਾ। ਉਹ ਕੋਈ ਤਸਵੀਰ ਸ਼ੋਸਲ ਮੀਡੀਆਂ ’ਤੇ ਪਾਉਂਦੀ ਮਗਰੋਂ, ਰਵੀ ਦਾ ਕੁਮੈਂਟ ਉਸ ਉੱਤੇ ਪਹਿਲਾਂ ਆ ਜਾਂਦਾ। ਰਵੀ ਦੀਆਂ ਇਹੀ ਗੱਲਾਂ ਤਾਂ ਉਸਨੂੰ ਪ੍ਰਵੀਨ ਨਾਲੋਂ ਚੰਗੀਆਂ ਲੱਗਦੀਆਂ, ਪਰ ਇਹ ਨਿੱਘਾ ਜਿਹਾ ਅਹਿਸਾਸ ਜ਼ਿਆਦਾ ਦੇਰ ਕਾਇਮ ਨਾ ਰਿਹਾ। ਰਵੀ ਨੇ ਵਿਆਹ ਕਰਵਾ ਲਿਆ। ਉਹ ਆਪਣੀ ਜ਼ਿੰਦਗੀ ਵਿੱਚ ਗੁਆਚ ਗਿਆ। ਗੱਲਾਂ ਘਟ ਗਈਆਂ। ਮੁਲਾਕਾਤਾਂ ਦਾ ਸਿਲਸਿਲਾ ਖ਼ਤਮ ਹੋ ਗਿਆ। ਰਸ਼ਮੀ ਤੜਫ਼ ਉਠੀ। ਫੇਰ ਤੋਂ ਜਿਵੇਂ ਇਕੱਲੀ ਪੈ ਗਈ। ਪ੍ਰਵੀਨ ਦੇ ਹੋਣ ਦਾ ਉਸਨੂੰ ਜਿਵੇਂ ਕੋਈ ਅਹਿਸਾਸ ਹੀ ਨਾ ਹੁੰਦਾ।
ਰਸ਼ਮੀ ਨੂੰ ਯਾਦ ਆਇਆ, ਕਿਵੇਂ ਬਹੁਤ ਛੋਟੀਆਂ ਗੱਲਾਂ ਲਈ ਵੀ ਉਹ ਪ੍ਰਵੀਨ ਵੱਲੋਂ ਤਰਸਦੀ ਰਹੀ ਸੀ। ਉਹ ਆਪਣੀ ਮਾਂ ਵੱਲ ਜਾਂਦੀ। ਉੱਥੇ ਵੀ ਦੋਨੋਂ ਫੋਨ ਉੱਪਰ ਬਹਿਸ ਪੈਂਦੇ। ਰਸ਼ਮੀ ਨੂੰ ਸ਼ਿਕਵਾ ਹੁੰਦਾ, ਤੂੰ ਮੈਨੂੰ ਮਿਸ ਨਹੀਂ ਕਰਦਾ। ਪ੍ਰਵੀਨ ਆਖਦਾ ਦਿਨ ਵਿੱਚ ਚਾਰ ਵਾਰ ਤੈਨੂੰ ਫੋਨ ਕਰਦਾ, ਹੋਰ ਮਿਸ ਕਿਵੇਂ ਕਰੀਦਾ? …ਤੇ ਰਸ਼ਮੀ ਗੱਲ ਨੂੰ ਕੋਈ ਦੂਜਾ ਰੁਖ ਦੇ ਦਿੰਦੀ। ਦੋਨਾਂ ਵਿੱਚ ਤਕਰਾਰ ਹੁੰਦਾ। ਰਸ਼ਮੀ ਮੂੰਹ ਫੁਲਾ ਲੈਂਦੀ। ਪ੍ਰਵੀਨ ਸਿਰ ਫੜ੍ਹ ਕੇ ਬੈਠ ਜਾਂਦਾ। ਇੱਕ ਦੀ ਜਿਊਣ ਵਿਧੀ ਦੂਜੇ ਦੇ ਫਿੱਟ ਨਾ ਬੈਠਦੀ।
ਇਉਂ ਬਹਿਸਦਿਆਂ, ਰੁਸਦਿਆਂ-ਮੰਨਦਿਆਂ ਦੋਨਾਂ ਨੇ ਰਿਸ਼ਤੇ ਦੇ ਦਸ ਸਾਲ ਬੀਤਾ ਲਏ ਸਨ।
ਸ਼ਾਇਦ ਅਲੱਗ ਹੋਣ ਦਾ ਖ਼ਿਆਲ ਦੋਨਾਂ ਦੇ ਹੀ ਮਨਾਂ ਵਿੱਚ ਆਇਆ ਹੋਵੇ, ਪਰ ਇਹ ਖ਼ਿਆਲ ਦੋਨਾਂ ਦੀ ਹੀ ਜ਼ੁਬਾਨ ’ਤੇ ਕਦੀ ਨਹੀਂ ਸੀ ਆਇਆ। ਦੋਨਾਂ ਨੂੰ ਇੱਕ ਦੂਜੇ ਦਾ ਕੁਝ ਵੀ ਪਸੰਦ ਨਹੀਂ ਸੀ ਆਉਂਦਾ। ਜਿਸਦਾ ਬਹੁਤ ਕੁਝ ਪਸੰਦ ਸੀ, ਉਹ ਰਵੀ ਆਪਣੇ ਸੰਸਾਰ ਵਿੱਚ ਰੁੱਝ ਗਿਆ ਸੀ। ਗੱਲ ਘਟਦੀ-ਘਟਦੀ ਬੰਦ ਹੋ ਗਈ। ਦੋਨਾਂ ਨੇ ਹੀ ਇੱਕ ਦੂਜੇ ਦੇ ਸਟੇਟਸ ਦੇਖਣੇ ਬੰਦ ਕਰ ਦਿੱਤੇ। ਇੰਝ ਕਰਕੇ ਜਿਵੇਂ ਦੋਨਾਂ ਨੂੰ ਸਕੂਨ ਮਿਲਿਆ ਹੋਵੇ। ਕੁਲੀਗਜ਼ ਰਸ਼ਮੀ ਦੇ ਉਦਾਸ ਚਿਹਰੇ ਵਿੱਚੋਂ ਕੁਝ ਲੱਭਦੀਆਂ ਰਹਿੰਦੀਆਂ, ਪਰ ਉਹ ਕਿਸੇ ਨੂੰ ਕੁਝ ਨਾ ਦੱਸਦੀ। ਰਵੀ ਦਾ ਨਾ ਹੋਣਾ ਉਸਨੂੰ ਖਲ਼ਦਾ, ਪਰ ਉਸ ਤੋਂ ਵੀ ਵੱਧ ਰਵੀ ਦਾ ਕਿਸੇ ਹੋਰ ਦਾ ਹੋਣਾ ਉਸਨੂੰ ਪ੍ਰੇਸ਼ਾਨ ਕਰਦਾ।
ਗਰਮੀਆਂ ਦੀ ਛੁੱਟੀਆਂ ਸਨ।
ਪ੍ਰੋ. ਤ੍ਰੇਹਨ ਨੇ ਉਸਨੂੰ ‘ਆਰਟ ਆਫ਼ ਲਿਵਿੰਗ’ ਦੀਆਂ ਕਲਾਸਾਂ ਲਗਾਉਣ ਲਈ ਆਖਿਆ।
ਘਰ ਰਸ਼ਮੀ ਨੂੰ ਕਿਸੇ ਬੰਦ ਗੁਫ਼ਾ ਵਾਂਗ ਲੱਗ ਰਿਹਾ ਸੀ। ਉਸਨੇ ਝੱਟ ਕਲਾਸਾਂ ਜੁਆਇੰਨ ਕਰ ਲਈਆਂ। ਉਸੇ ਕਲਾਸ ਵਿੱਚ ਰਸ਼ਮੀ ਸ਼ਮੀਲ ਨੂੰ ਮਿਲੀ ਸੀ। ਸ਼ਮੀਲ਼ ਦਾ ਚਿਹਰਾ ਸ਼ਿਵ ਕੁਮਾਰ ਬਟਾਲਵੀ ਵਰਗਾ ਲੱਗਿਆ ਸੀ ਉਸਨੂੰ। ਲੰਮਾ ਕੱਦ, ਘੁੰਗਰਾਲੇ ਵਾਲ। ਬੜਾ ਧੀਮਾ ਜਿਹਾ ਬੋਲਦਾ ਸੀ ਸ਼ਮੀਲ। ਰਸ਼ਮੀ ਨੇ ਉਸਨੂੰ ਦੇਖਦਿਆਂ ਸਾਰ ਹੀ ਸੋਚਿਆ ਸੀ ਕਿ ਇਹ ਜ਼ਰੂਰ ਕੋਈ ਲੇਖਕ-ਕਲਾਕਾਰ ਹੈ। …ਤੇ ਸੱਚਮੁਚ ਸ਼ਮੀਲ ਚਿੱਤਰਕਾਰ ਸੀ। ਉਸਨੇ ਕਲਾਸ ਵਿੱਚ ਹੀ ਸਭ ਕੋਲ ਆਪਣੀ ਆਰਟ ਗੈਲਰੀ ਦਾ ਜ਼ਿਕਰ ਕੀਤਾ ਸੀ। ਇੱਕ ਸ਼ਾਮ ਰਸ਼ਮੀ ਬਿਨਾ ਕੁਝ ਸੋਚੇ, ਗੱਡੀ ਚੁੱਕ ਕੇ ਸ਼ਮੀਲ ਦੀ ਆਰਟ ਗੈਲਰੀ ਵਿੱਚ ਪਹੁੰਚ ਗਈ।
ਸ਼ਮੀਲ ਵੀ ਰਸ਼ਮੀ ਨੂੰ ਦੇਖ ਕੇ ਹੈਰਾਨ ਹੋਇਆ।
“ਚਲੋ ਉੱਥੇ ਕੋਈ ਤਾਂ ਰੰਗਾਂ ਨੂੰ ਪਿਆਰ ਕਰਨ ਵਾਲਾ ਹੈ।” ਉਸਨੇ ਰਸ਼ਮੀ ਦੀ ਤਾਰੀਫ਼ ਕੀਤੀ।
“ਰੰਗਾਂ ਨੂੰ ਤਾਂ ਸਾਰੇ ਹੀ ਪਿਆਰ ਕਰਦੇ ਨੇ, ਬਸ ਰੰਗਾਂ ਨੂੰ ਸਮਝਦਾ ਕੋਈ-ਕੋਈ ਹੈ।” ਦੋਨੋਂ ਬੜੀਆਂ ਫ਼ਿਲਾਸਫ਼ੀ ਭਰੀਆਂ ਗੱਲਾਂ ਕਰਦੇ ਰਹੇ।
“ਕਲਾਕਾਰ ਬੰਦਿਆਂ ਨੂੰ ਕੀ ਜ਼ਰੂਰਤ ਹੈ ਆਰਟ ਆਫ਼ ਲਿਵਿੰਗ ਦੀ। ਇਹ ਤਾਂ ਸਾਡੇ ਵਰਗੇ ਆਮ ਲੋਕਾਂ ਦੇ ਸਿਖਣ ਵਾਲੀ ਚੀਜ਼ ਹੈ।” ਰਸ਼ਮੀ ਮੁਸਕੁਰਾਈ।
“ਜਿਊਣਾ ਸਾਨੂੰ ਆਉਂਦਾ ਹੀ ਕਿੱਥੇ ਹੈ ਜੀ…।” ਉਹ ਬਹੁਤ ਲੰਮੀ ਚਰਚਾ ਜ਼ਿੰਦਗੀ ਬਾਰੇ, ਜ਼ਿੰਦਗੀ ਜਿੳਂਣ ਬਾਰੇ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੋ ਵਾਰ ਚਾਹ ਵੀ ਪੀ ਲਈ ਸੀ। ਘਰ ਮੁੜਨ ਮੌਕੇ ਰਸ਼ਮੀ ਦੇ ਹੱਥ ਵਿੱਚ ਸ਼ਮੀਲ ਦੀ ਬਣਾਈ ਹੋਈ ਪੇਂਟਿੰਗ ਸੀ। …ਤੇ ਘਰ ਆ ਕੇ ਰਸ਼ਮੀ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ ਉੱਪਰ ਸ਼ਮੀਲ ਦਾ ਨਾਮ ਸਰਚ ਕੀਤਾ। ਸਭ ਤੋਂ ਉਪਰ ਸ਼ਮੀਲ ਦੀ ਹੀ ਪ੍ਰੋਫਾਈਲ ਸੀ। ਰਸ਼ਮੀ ਨੇ ਉਸਦੀ ਤਸਵੀਰ ਨੂੰ ਜੂਮ ਕਰਕੇ ਦੇਖਿਆ।
ਕਿਆ ਖ਼ੂਬਸੂਰਤ ਦਿਨ ਸੀ ਉਹ!
ਅੱਜ ਦੇ ਇਸ ਦਿਨ ਨਾਲੋਂ ਬਿਲਕੁੱਲ ਅਲੱਗ ਦਿਨ।
ਰਸ਼ਮੀ ਨੇ ਸ਼ਮੀਲ ਦੇ ਹੱਥਾਂ ਦੀ ਬਣੀ ਉਹ ਪੇਟਿੰਗ, ਆਪਣੇ ਬੈੱਡਰੂਮ ਦੀ ਦੀਵਾਰ ’ਤੇ ਲਗਾਈ। ਤਸਵੀਰ ਖਿੱਚੀ ਤੇ ਸ਼ਮੀਲ ਨੂੰ ਮੈਸੇਂਜ਼ਰ ਵਿੱਚ ਭੇਜ ਦਿੱਤੀ, ਪਰ ਦੋ ਦਿਨ ਨਾ ਤਾਂ ਉਸਨੇ ਮੈਸੇਜ਼ ਦੇਖਿਆ ਤੇ ਨਾ ਹੀ ਰਸ਼ਮੀ ਦੀ ਰੀਕੁਐਸਟ ਕਬੂਲ ਕੀਤੀ। ਆਰਟ ਲਿਵਿੰਗ ਕਲਾਸਾਂ ਦਾ ਆਖਰੀ ਦਿਨ ਸੀ। ਰਸ਼ਮੀ ਸ਼ਮੀਲ ਨਾਲ ਗੱਲ ਕਰਨਾ ਚਾਹੁੰਦੀ ਸੀ, ਪਰ ਉਥੇ ਗੱਲ ਕਰਨ ਦਾ ਕੋਈ ਮਾਹੌਲ਼ ਹੀ ਨਹੀਂ ਸੀ। ਸ਼ਾਇਦ ਚਾਹੁੰਦਾ ਤਾਂ ਸ਼ਮੀਲ ਵੀ ਹੋਵੇ, ਪਰ ਚਿਹਰੇ ਉਪਰ ਚੁੱਪ ਲੈ ਕੇ ਉਸ ਦਿਨ ਦੋਨੋਂ ਆਪਣੇ ਆਪਣੇ ਰਾਹ ਪੈ ਗਏ ਸਨ।
ਦੋ ਦਿਨ ਬਾਅਦ ਫੇਸਬੁਕ ਉੱਪਰ ਹੀ ਸ਼ਮੀਲ ਦਾ ਮੈਸੇਜ਼ ਆਇਆ। ਗੱਲ ਬਾਤ ਸ਼ੁਰੂ ਹੋਈ। ਫਿਰ ਗੱਲ ਲਗਾਤਾਰ ਹੋਣ ਲੱਗੀ। ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਮੁਲਾਕਾਤਾਂ ਦਾ। ਕਾਲਜ ਤੋਂ ਮੁੜਦਿਆਂ, ਰਸ਼ਮੀ ਸ਼ਮੀਲ ਦੀ ਆਰਟ ਗੈਲਰੀ ਵੱਲ ਮੁੜ ਜਾਂਦੀ।
ਦੋਨੋਂ ਇੱਕ ਦੂਜੇ ਨੂੰ ਜਾਣਨ ਲੱਗੇ। ਉਦਾਸੀਆਂ ਵੰਡੀਆਂ। ਦੁੱਖ ਦੱਸੇ। …ਤੇ ਇੱਕ ਦੂਜੇ ਨਾਲ ਹਾਸੇ ਸਾਂਝੇ ਕਰਨ ਦੇ ਵਾਅਦੇ ਕੀਤੇ। ਦੋਨੋਂ ਨਾ ਜਾਣੇ ਕਿਸ ਖਲਾਅ ਨੂੰ ਭਰਨਾ ਚਾਹੁੰਦੇ ਸਨ।
ਰਸ਼ਮੀ ਨੂੰ ਕਦੇ-ਕਦੇ ਇਹ ਸਭ ਬੜਾ ਅਜੀਬ ਲੱਗਦਾ। ਉਸਨੂੰ ਲੱਗਦਾ ਉਹ ਭਟਕ ਰਹੀ ਹੈ। ਉਸਦੇ ਸਾਹਮਣੇ ਕੋਈ ਮ੍ਰਿਗ ਤ੍ਰਿਸ਼ਨਾ ਹੈ। ਉਸਨੂੰ ਲੱਗਦਾ ਜਿਵੇਂ ਉਹ ਖ਼ੁਦ ਹੀ ਇੱਕ ਇਕੱਲ ਨੂੰ ਘੜੀ ਬੈਠੀ ਹੈ ਤੇ ਹੁਣ ਉਸ ਇਕੱਲ਼ ਨੂੰ ਮੁਕਾਉਣ ਲਈ, ਇਹ ਸਭ ਕਰ ਰਹੀ ਹੈ। ਉਸਨੂੰ ਇਹ ਸਭ ਝੂਠਾ-ਝੂਠਾ ਲੱਗਣ ਲੱਗ ਜਾਂਦਾ। ਉਹ ਸਹੀ-ਗ਼ਲਤ ਦਾ ਕੋਈ ਫ਼ੈਸਲਾ ਕਰਦੀ, ਇਸ ਤੋਂ ਪਹਿਲਾਂ ਹੀ ਉਸ ਦੀਆਂ ਇਨ੍ਹਾਂ ਸੋਚਾਂ ਉੱਪਰ ਸ਼ਮੀਲ ਦੀਆਂ ਸੋਚਾਂ ਹਾਵੀ ਹੋਣ ਲੱਗਦੀਆਂ।
ਰਸ਼ਮੀ ਨੂੰ ਯਾਦ ਆਇਆ, ਜਿਸ ਦਿਨ ਪਹਿਲ਼ੀ ਵਾਰ ਉਹ ਸ਼ਮੀਲ ਨੂੰ ਮਿਲਣ ਲਈ ਗਈ ਸੀ, ਉਸ ਦਿਨ ਵੀ ਅੱਜ ਵਾਂਗ ਬਾਰਿਸ਼ ਹੋ ਰਹੀ ਸੀ।
ਖਿੜਕੀ ਦੇ ਸਾਹਮਣੇ ਖੜੀ ਉਹ ਥੱਕ ਗਈ।
ਸ਼ਾਮ ਗੂੜ੍ਹੀ ਹੋਣ ਲੱਗੀ ਸੀ।
ਬਾਹਰ ਪ੍ਰਵੀਨ ਦੀ ਗੱਡੀ ਆ ਕੇ ਰੁਕੀ। ਫਿਰ ਮੇਨ ਦਰਵਾਜ਼ਾ ਖੁਲ੍ਹਣ ਤੇ ਬੰਦ ਹੋਣ ਦੀ ਆਹਟ ਸੁਣਾਈ ਦਿੱਤੀ। ਪ੍ਰਵੀਨ ਦੀ ਪੈੜ ਚਾਲ ਲੌਬੀ ਵਿੱਚ ਪਹੁੰਚੀ। ਰਸ਼ਮੀ ਬਾਰੀ ਅੱਗਿਓਂ ਹਟ ਕੇ ਸੋਫੇ ਉੱਪਰ ਆਣ ਬੈਠੀ। ਉਸਨੂੰ ਆਪਣਾ ਸਰੀਰ ਪੂਰੀ ਤਰ੍ਹਾਂ ਬੇਜਾਨ ਹੋਇਆ ਲੱਗਿਆ।
ਪ੍ਰਵੀਨ ਦੇ ਆਉਣ ਕਰਕੇ ਕੰਮ ਵਾਲੀ ਕੁੜੀ ਮੁੜ ਚਾਹ ਦਾ ਪੁੱਛਣ ਆਈ। ਰਸ਼ਮੀ ਨੇ ਉਸਨੂੰ ਬਲੈਕ ਟੀ ਬਣਾਉਣ ਲਈ ਆਖ ਦਿੱਤਾ ਤੇ ਨਾਲ ਹੀ ਆਖ ਦਿੱਤਾ ਕਿ ਪ੍ਰਵੀਨ ਨੂੰ ਵੀ ਡਰਾਇੰਗ ਰੂਮ ਵਿੱਚ ਬੁਲਾ ਲਿਆਵੇ। ਬਲ਼ੈਕ ਟੀ ਪ੍ਰਵੀਨ ਦੀ ਪਸੰਦੀਦਾ ਸੀ।
ਕੰਮ ਵਾਲੀ ਕੁੜੀ ਚਲੀ ਗਈ।
ਰਸ਼ਮੀ ਯਾਦ ਕਰਨ ਲੱਗੀ। ਉਸਨੂੰ ਬਿਲਕੁੱਲ ਵੀ ਯਾਦ ਨਹੀਂ ਸੀ ਕਿ ਆਖਰੀ ਵਾਰ ਉਨ੍ਹਾਂ ਦੋਵਾਂ ਨੇ ਇਕੱਠਿਆਂ ਬੈਠ ਕੇ ਚਾਹ ਕਦੋਂ ਪੀਤੀ ਸੀ।
ਉਹ ਸੁਣਿਆ ਕਰਦੀ ਸੀ ਕਿ ਚਾਹ ਗੱਲਾਂ ਕਰਨ ਦਾ ਸਭ ਤੋਂ ਖ਼ੂਬਸੂਰਤ ਬਹਾਨਾ ਹੁੰਦਾ। ਉਨ੍ਹਾਂ ਦੋਨਾਂ ਐਸੇ ਕੋਈ ਮੌਕੇ ਬਹੁਤ ਘੱਟ ਬੀਤਾਏ ਸਨ। ਉਨ੍ਹਾਂ ਦੀਆਂ ਗੱਲਾਂ ਹਮੇਸ਼ਾ ਬਹਿਸ ਵਿੱਚ ਬਦਲ ਜਾਂਦੀਆਂ ਸਨ ਅਤੇ ਬਹਿਸ ਚੁੱਪ ਵਿੱਚ; ਤੇ ਉਸੇ ਚੁੱਪ ਵਿੱਚੋਂ ਹੀ ਤਾਂ ਇੱਕ ਦੌੜ ਸ਼ੁਰੂ ਹੋਈ ਸੀ।
***
ਉਹ ਤੇ ਸ਼ਮੀਲ ਘੁੰਮਣ ਲਈ ਗਏ।
ਦੂਰ। ਪਹਾੜੀ ਸਫ਼ਰ।
ਕੁਦਰਤ ਸ਼ਮੀਲ ਨੂੰ ਬਹੁਤ ਟੁੰਬਦੀ।
ਰਸ਼ਮੀ ਨੇ ਕਈ ਤਰਤੀਬਾਂ ਬਣਾਈਆਂ। ਪ੍ਰਵੀਨ ਨੂੰ ਦੱਸਣਾ ਨਾ ਦੱਸਣਾ ਤਾਂ ਉਸ ਲਈ ਇੱਕੋ ਜਿਹਾ ਸੀ। ਉਸਨੇ ਕੰਮ ਵਾਲੀ ਕੁੜੀ ਨੂੰ ਆਖ ਦਿੱਤਾ ਸੀ ਕਿ ਉਹ ਕਾਲਜ ਟ੍ਰਿਪ ’ਤੇ ਜਾ ਰਹੀ ਹੈ। ਪ੍ਰਵੀਨ ਪੁੱਛੇ ਤਾਂ ਦੱਸਣ ਲਈ, ਪਰ ਪ੍ਰਵੀਨ ਨੇ ਕਦੇ ਕੁਝ ਪੁੱਛਿਆ ਹੀ ਨਹੀਂ ਸੀ।
ਗੱਡੀ ਵਿੱਚ ਧੀਮੀ ਆਵਾਜ਼ ਵਿੱਚ ਮਿਊਜ਼ਿਕ ਚੱਲਦਾ ਰਿਹਾ। ਉਹ ਗੱਲਾਂ ਕਰਦੇ ਰਹੇ- ਕਦੇ ਆਪਣੀਆਂ, ਕਦੇ ਕੁਦਰਤ ਦੀਆਂ, ਕਦੇ ਰੰਗਾਂ ਦੀਆਂ। ਦੁਨੀਆਂਦਾਰੀ ਤੋਂ ਬੇਖ਼ਬਰ। ਸਾਰੇ ਕੁਝ ਤੋਂ ਬੇਪ੍ਰਵਾਹ।
“ਸਾਡੇ ਰਿਸ਼ਤੇ ਨੂੰ ਕਿਵੇਂ ਦੇਖਦਾ ਹੈ ਸ਼ਮੀਲ?” ਰਸ਼ਮੀ ਨੇ ਪਹਾੜ ਸਾਹਮਣੇ ਬਾਹਾਂ ਫੈਲਾ ਕੇ ਪੁਛਿਆ ਸੀ।
“ਗੋਲ-ਗੋਲ ਘੁੰਮਣਾ ਹੈ ਇਨ੍ਹਾਂ ਰਿਸ਼ਤਿਆਂ ਨੂੰ ਜੀਣਾ। ਖ਼ੁਦ ਨੂੰ ਭਰਨ ਦੀ ਤਲਾਸ਼। ਕਿਤੇ ਖ਼ੁਦ ਨੂੰ ਖਾਲੀ ਕਰਨ ਦੀ ਭਾਲ।”
ਰਸ਼ਮੀ ਨੂੰ ਸ਼ਮੀਲ ਦੀਆਂ ਇਹ ਫ਼ਿਲਾਸਫੀ ਭਰੀਆਂ ਗੱਲਾਂ ਇਸ ਮੌਕੇ ਢੁਕਵੀਆਂ ਨਾ ਲੱਗੀਆਂ। ਉਸਨੇ ਉਸਦੀ ਗੱਲ ਵਿਚਾਲਿਓਂ ਕੱਟ ਦਿੱਤੀ।
“ਸ਼ਮੀਲ ਸਾਬ੍ਹ! ਮੁਹੱਬਤ ਵਿੱਚ ਇੰਨੀਆਂ ਸਿਆਣੀਆਂ ਗੱਲਾਂ ਲਈ ਕੋਈ ਥਾਂ ਨਹੀਂ ਹੁੰਦੀ। ਇਹ ਤਾਂ ਕਮਲੇ ਲੋਕਾਂ ਦਾ ਕੰਮ ਹੈ।” …ਤੇ ਰਸ਼ਮੀ ਨੇ ਸ਼ਮੀਲ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ।
ਦੋ ਦਿਨ ਉਨ੍ਹਾਂ ਲਈ ਬੇਹੱਦ ਖ਼ੂਬਸੂਰਤ ਗ਼ੁਜ਼ਰੇ।
ਉਹ ਵਾਪਸ ਮੁੜ ਰਹੇ ਸਨ। ਰਸਤੇ ਵਿੱਚ ਇੱਕ ਜਗਾ ਟ੍ਰੈਫਿਕ ਜਾਮ ਸੀ। ਦੋਨੋਂ ਪਾਸੇ ਗੱਡੀਆਂ ਦੀ ਲੰਮੀ ਲਾਈਨ ਸੀ। ਰਸ਼ਮੀ ਨੇ ਅਚਾਨਕ ਕਾਰ ਤੋਂ ਬਾਹਰ ਦੇਖਿਆ। ਸਾਹਮਣੇ ਪ੍ਰਵੀਨ ਦੀ ਕਾਰ ਸੀ। ਉਹ ਇੱਕ ਦਮ ਘਬਰਾ ਗਈ। ਪ੍ਰਵੀਨ ਦੇ ਨਾਲ ਕਾਰ ਵਿੱਚ ਕੋਈ ਔਰਤ ਵੀ ਸੀ।
ਰਸ਼ਮੀ ਲਈ ਇਹ ਸਾਰਾ ਕੁਝ ਸਮਝ ਤੋਂ ਬਾਹਰ ਸੀ। ਕਈ ਕੁਝ ਉਸਦੇ ਜ਼ਿਹਨ ਵਿੱਚ ਘੁੰਮਣ ਲੱਗਾ।
ਉਹ ਗੱਡੀ ਦੇ ਅੱਖੋਂ ਓਹਲੇ ਹੋਣ ਤੀਕ ਪਿੱਛੇ ਮੁੜ-ਮੁੜ ਦੇਖਦੀ ਰਹੀ। ਡਰਦੀ ਰਹੀ। ਹੈਰਾਨ ਹੁੰਦੀ ਰਹੀ ਤੇ ਬਿਨਾ ਸ਼ੱਕ ਪ੍ਰੇਸ਼ਾਨ ਵੀ ਹੁੰਦੀ ਰਹੀ।
ਉਸਨੂੰ ਲੱਗਿਆ ਜਿਵੇਂ ਇਹ ਸਾਰਾ ਕੁਝ ਗੋਲ-ਗੋਲ ਘੁੰਮਣਾ ਹੀ ਤਾਂ ਹੈ। ਪੂਰਾ ਸਫ਼ਰ ਉਹਨੇ ਚੁੱਪ ਰਹਿ ਕੇ ਬਿਤਾਇਆ। ਸ਼ਮੀਲ ਪੁੱਛਦਾ ਰਿਹਾ, ਪਰ ਉਹਨੇ ਕੁਝ ਨਹੀਂ ਦੱਸਿਆ।
ਘਰ ਆਈ। ਪ੍ਰਵੀਨ ਬਾਰੇ ਪੁੱਛਿਆ ਤਾਂ ਪਤਾ ਲੱਗਾ ਉਹ ਅੱਜ ਸਵੇਰੇ ਹੀ ਘਰ ਤੋਂ ਨਿਕਲਿਆ ਸੀ। ਕਿਸੇ ਕੰਮ ਲਈ ਦੋ ਦਿਨ ਕਿਤੇ ਬਾਹਰ ਜਾਣ ਦਾ ਆਖ ਕੇ ਗਿਆ ਸੀ।
***
ਅੱਜ ਪ੍ਰਵੀਨ ਨੇ ਘਰ ਆਉਣਾ ਸੀ।
ਬੀਤੇ ਦੋ ਦਿਨ ਰਸ਼ਮੀ ਲਈ ਬੜੇ ਬੋਝਲ ਦਿਨ ਸਨ। ਕਾਲਜ ਵੀ ਪੂਰਾ ਦਿਨ ਉਸ ਲਈ ਬੜਾ ਔਖਾ ਗ਼ੁਜ਼ਰਿਆ ਸੀ। ਉਹ ਸਾਰਾ ਦਿਨ ਕਦੇ ਸ਼ਮੀਲ ਬਾਰੇ ਸੋਚਦੀ, ਕਦੇ ਆਪਣੇ ਬਾਰੇ, ਕਦੀ ਪ੍ਰਵੀਨ ਬਾਰੇ ਤੇ ਕਦੇ ਉਸ ਦਿਨ ਵਾਲੀ ਘਟਨਾ ਬਾਰੇ। ਕਦੀ ਉਹ ਸੋਚਦੀ, ਉਹ ਪ੍ਰਵੀਨ ਨਾਲ ਇਸ ਬਾਰੇ ਗੱਲ ਕਰੇ। ਕਦੇ ਉਸਨੂੰ ਲੱਗਦਾ, ਉਹ ਗੱਲ ਕਿਵੇਂ ਕਰੇਗੀ। …ਤੇ ਫਿਰ ਉਸਨੂੰ ਲੱਗਦਾ, ਉਹ ਤੇ ਪ੍ਰਵੀਨ ਦੋਨੋਂ ਘੁੰਮ ਰਹੇ ਨੇ ਤੇ ਮੁੜ-ਮੁੜ ਇੱਕੋ ਬਿੰਦੂ `ਤੇ ਇੱਕ ਦੂਜੇ ਨੂੰ ਮਿਲਦੇ ਪਏ ਨੇ।
ਉਹ ਕਈ ਕੁਝ ਸੋਚਦੀ ਰਹੀ। ਬੁਣਦੀ ਰਹੀ।
ਕੰਮ ਵਾਲੀ ਕੁੜੀ ਚਾਹ ਲੈ ਆਈ। ਚਾਹ ਦੇ ਦੋ ਭਰੇ ਹੋਏ ਕੱਪਾਂ ਵੱਲ ਦੇਖਦੀ। ਉਹ ਪ੍ਰਵੀਨ ਨੂੰ ਉਡੀਕਣ ਲੱਗੀ।