ਸਿਨਸਿਨੈਟੀ, ਓਹਾਇਓ (ਪੰਜਾਬੀ ਪਰਵਾਜ਼ ਬਿਊਰੋ): ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ, ਸਿਨਸਿਨੈਟੀ ਵੱਲੋਂ ਲੰਘੇ ਦਿਨੀਂ 12ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਮੇਲੇ ਦੌਰਾਨ ਜਿੱਥੇ ਕਬੱਡੀ ਦੇ ਫਸਵੇਂ ਮੈਚ ਹੋਏ, ਉਥੇ ਵਾਲੀਬਾਲ, ਸ਼ੂਟ ਵਾਲੀਬਾਲ, ਸੌਕਰ ਤੇ ਕ੍ਰਿਕਟ ਦੇ ਮੈਚ ਵੀ ਕਰਵਾਏ ਗਏ, ਜਿਨ੍ਹਾਂ ਦਾ ਸਰੋਤਿਆਂ ਨੇ ਭਰਪੂਰ ਅਨੰਦ ਮਾਣਿਆ।
ਖੇਡਾਂ ਉਪਰੰਤ ਲੋਕਾਂ ਦੇ ਮਨੋਰੰਜਨ ਲਈ ਗਾਇਕੀ ਦਾ ਖੁੱਲ੍ਹਾ ਅਖਾੜਾ ਲੱਗਿਆ, ਜਿਸ ਵਿੱਚ ਨਾਮੀ ਗਾਇਕ ਨਿੰਜਾ, ਮੰਨਤ ਨੂਰ, ਜੈਨੀ ਜੌਹਲ ਤੇ ਰਵ ਇੰਦਰ ਨੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਮੇਲੇ ਦੌਰਾਨ ਰਵ ਇੰਦਰ ਦੇ ਨਵੇਂ ਗੀਤ ਦਾ ਪੋਸਟਰ ਵੀ ਜਾਰੀ ਕੀਤਾ ਗਿਆ।
ਸ਼ੇਰ-ਏ-ਪੰਜਾਬ ਸੁਸਾਇਟੀ ਦਾ ਇਹ ਮੇਲਾ ਸਵਰਗੀ ਜਸਦੇਵ ਸਿੰਘ ਗੋਲਾ ਅਤੇ ਬਲਬੀਰ ਬਾਠ ਬਿੱਲੂ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ। ਮੇਲੇ ਦੀ ਸ਼ੁਰੂ ਸਵੇਰੇ ਅਰਦਾਸ ਨਾਲ ਹੋਈ। ਇਹ ਮੇਲਾ ਰੌਇਲ ਬਲੂ ਇਵੈਂਟ ਸੈਂਟਰ (ਮਿਡਲਟਨ) ਦੇ ਕਰੀਬ ਦਸ ਏਕੜ ਗਰਾਊਂਡ ਵਿੱਚ ਕਰਵਾਇਆ ਗਿਆ। ਨਿੱਜੀ ਸੰਪਤੀ ਹੋਣ ਕਾਰਨ ਮੇਲਾ ਦੇਰ ਰਾਤ 8 ਵਜੇ ਤੱਕ ਚੱਲਦਾ ਰਿਹਾ, ਜਦਕਿ ਵਾਲੀਬਾਲ ਆਦਿ ਖੇਡਾਂ ਸਵੇਰੇ ਹੀ ਸ਼ੁਰੂ ਹੋ ਗਈਆਂ ਸਨ। ਸੁਰੱਖਿਆ ਦੇ ਪੁਖਤਾ ਪ੍ਰਬੰਧ ਸਨ। ਪਰਿਵਾਰਕ ਮੇਲਾ ਹੋਣ ਕਾਰਨ ਪ੍ਰਬੰਧਕਾਂ ਨੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਮੇਲੇ ਵਿੱਚ ਮਿਡਵੈਸਟ ਸਟੇਟਾਂ ਤੋਂ ਲੋਕੀਂ ਵੱਡੀ ਗਿਣਤੀ ਵਿੱਚ ਪਹੁੰਚੇ। ਮੇਲੀਆਂ ਲਈ ਖਾਣ-ਪੀਣ ਤੇ ਚਾਹ-ਪਾਣੀ ਦਾ ਖੁੱਲ੍ਹਾ ਤੇ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ। ਤਾਜ਼ਾ ਜਲੇਬੀਆਂ ਵੀ ਲੋਕਾਂ ਲਈ ਹਾਜ਼ਰ ਸਨ।
ਮੇਲੇ ਵਿੱਚ ਕਬੱਡੀ ਦੀਆਂ ਚਾਰ ਟੀਮਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਮੈਟਰੋ ਨਿਊ ਯਾਰਕ, ਪੰਜਾਬ ਸਪੋਰਟਸ ਕਲੱਬ ਮਿਸੀਸਿਪੀ, ਬਾਬਾ ਦੀਪ ਸਿੰਘ ਮਿਸ਼ੀਗਨ ਤੇ ਨਿਊ ਜਰਸੀ (ਸਾਂਝੀ ਟੀਮ) ਅਤੇ ਸ਼ੇਰ-ਏ-ਪੰਜਾਬ ਸਿਨਸਿਨੈਟੀ ਟੀਮਾਂ ਸ਼ਾਮਲ ਸਨ। ਕੁਲ ਪੰਜ ਮੈਚ ਖੇਡੇ ਗਏ। ਸਾਰੀਆਂ ਹੀ ਟੀਮਾਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਵਿਰੋਧੀ ਟੀਮ ਨੂੰ ਕਾਂਟੇ ਦੀ ਟੱਕਰ ਦਿੱਤੀ, ਪਰ ਸੈਮੀ ਫਾਈਨਲ ਤੇ ਫਾਈਨਲ ਮੈਚ ਦੌਰਾਨ ਖਿਡਾਰੀਆਂ ਨੇ ਪੂਰਾ ਤਾਣ ਲਾਇਆ ਅਤੇ ਦਮਦਾਰ ਖੇਡ ਦਿਖਾਈ। ਦਰਸ਼ਕ ਵੀ ਇਹ ਮੈਚ ਦੇਖਦੇ ਪੂਰੇ ਉਤਸ਼ਾਹ ਵਿੱਚ ਆਏ ਹੋਏ ਸਨ।
ਫਾਈਨਲ ਮੈਚ ਮੈਟਰੋ ਨਿਊ ਯਾਰਕ ਟੀਮ ਨੇ ਜਿੱਤਿਆ ਅਤੇ ਕਬੱਡੀ ਕੱਪ ਆਪਣੀ ਝੋਲੀ ਪੁਆਇਆ। ਕਬੱਡੀ ਦਾ ਪਹਿਲਾ ਇਨਾਮ ਦਵਿੰਦਰ ਸਿੰਘ ਕਾਹਲੋਂ ਅਤੇ ਸੋਨੂ ਔਜਲਾ ਸਰਹਿੰਦ (ਕਲੀਵਲੈਂਡ) ਵੱਲੋਂ ਸਪਾਂਸਰ ਕੀਤਾ ਗਿਆ ਸੀ। ਦੂਜੇ ਥਾਂ ਬਾਬਾ ਦੀਪ ਸਿੰਘ ਮਿਸ਼ੀਗਨ ਤੇ ਨਿਊ ਜਰਸੀ (ਸਾਂਝੀ ਟੀਮ) ਆਈ।
ਕੁਮੈਂਟੇਟਰ ਕਾਲਾ ਰਸ਼ੀਨ ਤੇ ਸੁਰਜੀਤ ਕਕਰਾਲੀ ਵਾਰੋ ਵਾਰੀ ਕਬੱਡੀ ਦੀ ਵਧੀਆ ਕੁਮੈਂਟੇਟਰੀ ਤੇ ਸ਼ੇਅਰੋ-ਸ਼ਾਇਰੀ ਕਰਦਿਆਂ ਖਿਡਾਰੀਆਂ ਦੀ ਖੇਡ ਬਾਰੇ ਜਾਣਕਾਰੀ ਦਿੰਦੇ ਰਹੇ। ਬੈਸਟ ਰੇਡਰ ਰਾਜੂ ਤੇ ਬੈਸਟ ਸਟਾਪਰ ਅਰਸ਼ ਝੋਲੀ ਐਲਾਨੇ ਗਏ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਏ ਮਹਿਮਾਨਾਂ ਦੀ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ ਗਈ। ਅਨਮੋਲ ਮਾਵੀ ਨੇ ਮੰਚ ਸੰਚਾਲਨ ਦੀ ਸੇਵਾ ਸਾਰਾ ਦਿਨ ਬਾਖੂਬੀ ਨਿਭਾਈ।
ਇਸ ਖੇਡ ਮੇਲੇ ਵਿੱਚ ਵਾਲੀਬਾਲ ਦੀਆਂ ਅੱਠ ਟੀਮਾਂ ਵਿਚਕਾਰ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਦੀਪ ਸਿੱਧੂ ਕਲੱਬ (ਕੈਲੀਫੋਰਨੀਆ) ਦੀ ਟੀਮ ਪਹਿਲੇ ਸਥਾਨ ਉਤੇ ਰਹੀ, ਜਦਕਿ ਦੂਜੇ ਸਥਾਨ ਉਤੇ ਸ਼ਿਕਾਗੋ ਵਾਲੀਬਾਲ ਟੀਮ (ਟੋਨੀ ਸੰਘੇੜਾ) ਰਹੀ। ਪਹਿਲੇ ਥਾਂ ਆਉ ਵਾਲੀ ਟੀਮ ਨੂੰ ਸੰਜੀਵ ਕੌਸ਼ਲ ਵਲੋਂ ਸਪਾਂਸਰ ਕੀਤਾ 5100 ਡਾਲਰ ਦਾ ਇਨਾਮ ਦਿੱਤਾ ਗਿਆ, ਜਦਕਿ ਦੂਜਾ 3100 ਡਾਲਰ ਦਾ ਸ਼ੇਰ-ਏ-ਪੰਜਾਬ ਸੁਸਾਇਟੀ ਵੱਲੋਂ ਦਿੱਤਾ ਗਿਆ।
ਸ਼ੂਟ ਵਾਲੀਬਾਲ ਦੇ ਮੁਕਾਬਲੇ ਵੀ ਦਿਲਚਸਪ ਸਨ। ਪਹਿਲਾ 4100 ਡਾਲਰ ਦਾ ਇਨਾਮ ਗਰੀਨਵੁੱਡ (ਇੰਡੀਆਨਾ) ਦੀ ਟੀਮ ਨੇ ਜਿੱਤਿਆ ਅਤੇ ਡੇਅਟਨ (ਓਹਾਇਓ) ਦੀ ਟੀਮ ਦੂਜੇ ਥਾਂ ਰਹੀ ਤੇ 3100 ਡਾਲਰ ਦਾ ਇਨਾਮ ਪ੍ਰਾਪਤ ਕੀਤਾ। ਇਸੇ ਦੌਰਾਨ ਸੌਕਰ ਦੀਆਂ 5 ਟੀਮਾਂ ਵਿਚਾਲੇ ਵੀ ਮੁਕਾਬਲੇ ਹੋਏ, ਜਿਸ ਵਿੱਚ ਸਿਨਸਿਨੈਟੀ ਸਿੰਬਾ ਟੀਮ ਪਹਿਲੇ ਥਾਂ ਉਤੇ ਰਹੀ ਤੇ ਇੰਡੀਆਨਾ ਦੀ ਇੰਡੀਅਨਐਪੋਲਿਸ ਐਫ.ਸੀ. ਟੀਮ ਦੂਜੇ ਥਾਂ ਉਤੇ ਰਹੀ। ਦੋਹਾਂ ਟੀਮਾਂ ਨੂੰ ਮੇਜ਼ਬਾਨ ਖੇਡ ਸੁਸਾਇਟੀ ਤੇ ਸਾਡਾ ਪਿੰਡ ਇੰਡੀਆਨਾ ਵੱਲੋਂ ਸਾਂਝੇ ਤੌਰ ‘ਤੇ ਪਹਿਲਾ ਤੇ ਦੂਜਾ ਕ੍ਰਮਵਾਰ 4100 ਤੇ 3100 ਡਾਲਰ ਦਾ ਇਨਾਮ ਦਿੱਤਾ ਗਿਆ।
ਖੇਡ ਮੇਲੇ ਤੋਂ ਇੱਕ ਦਿਨ ਪਹਿਲਾਂ ਕ੍ਰਿਕਟ ਦੇ ਮੈਚ ਕਰਵਾਏ ਗਏ, ਜਿਨ੍ਹਾਂ ਵਿੱਚ 5 ਟੀਮਾਂ ਨੇ ਆਪੋ ਆਪਣੀ ਪਾਰੀ ਖੇਡੀ। ਫਾਈਨਲ ਮੈਚ ਸ਼ੇਰ-ਏ-ਪੰਜਾਬ ਸੁਸਾਇਟੀ ਦੀ ਟੀਮ ਅਤੇ ਲੁਈਵਿਲ (ਕਨਟੱਕੀ) ਦੇ ਕ੍ਰਿਕਟ ਕਲੱਬ ਵਿਚਾਲੇ ਹੋਇਆ, ਜਿਸ ਵਿੱਚ ਸ਼ੇਰ-ਏ-ਪੰਜਾਬ ਸੁਸਾਇਟੀ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 5100 ਡਾਲਰ ਦਾ ਪਹਿਲਾ ਅਤੇ 4100 ਡਾਲਰ ਦਾ ਦੂਜਾ ਇਨਾਮ ਮਿਸਟਰ ਸਿੰਘ ਟਰਾਂਸਪੋਰਟ (ਸਿਨਸਿਨੈਟੀ) ਵਾਲੇ ਰਵੀ ਘੋਤੜਾ ਤੇ ਇਕਬਾਲ ਸਿੰਘ ਵੱਲੋਂ ਦਿੱਤਾ ਗਿਆ।
ਰੱਸਾਕਸ਼ੀ ਦੇ ਵੀ ਫਸਵੇਂ ਮੁਕਾਬਲੇ ਹੋਏ। ਫਾਈਨਲ ਵਿੱਚ ਗਰੀਨਵੁੱਡ ਤੇ ਫੀਸ਼ਰ (ਇੰਡੀਆਨਾ) ਦੀਆਂ ਟੀਮਾਂ ਬਰਾਬਰ ਰਹੀਆਂ। ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਜੇਤੂ ਬੱਚਿਆਂ ਨੂੰ ਸੌ ਡਾਲਰ ਦਾ ਪਹਿਲਾ ਤੇ ਪੰਜਾਹ ਡਾਲਰ ਦਾ ਦੂਜਾ ਨਕਦ ਇਨਾਮ ਦਿੱਤਾ ਗਿਆ, ਜਦਕਿ ਖੇਡਾਂ ਵਿੱਚ ਭਾਗ ਲੈਣ ਵਾਲੇ ਹਰ ਬੱਚੇ ਨੂੰ 20-20 ਡਾਲਰ ਹੌਸਲਾ ਅਫਜ਼ਾਈ ਵਜੋਂ ਦਿੱਤੇ ਗਏ।
ਪ੍ਰਬੰਧਕਾਂ ਅਨੁਸਾਰ ਸਾਰੀਆਂ ਖੇਡਾਂ ਦੀਆਂ ਟੀਮਾਂ ਵੱਖ ਵੱਖ ਸਟੇਟਾਂ ਤੋਂ ਆਈਆਂ ਹੋਈਆਂ ਸਨ। ਜੇਤੂ ਟੀਮਾਂ ਤੋਂ ਇਲਾਵਾ ਖੇਡ ਪ੍ਰਦਰਸ਼ਨ ਕਰਨ ਵਾਲੀਆਂ ਹੋਰਨਾਂ ਟੀਮਾਂ ਨੂੰ ਆਉਣ-ਜਾਣ ਦਾ ਖਰਚਾ ਦਿੱਤਾ ਗਿਆ। ਗੁਰਨੇਕ ਨੇਕਾ ਇੰਡੀਅਨ ਫਿਊਜ਼ਨ ਰਸੈਟੋਰੈਂਟ ਅਤੇ ਬਰਾੜ ਨੌਲੀ ਵਾਲਾ ਵੱਲੋਂ ਕਬੱਡੀ ਖਿਡਾਰੀ ਪੰਡਿਤ ਸੁਰਖਪੁਰੀਏ ਦਾ ਸਨਮਾਨ ਕੀਤਾ ਗਿਆ, ਜਦਕਿ ਸੁੱਖ ਸੇਖੋਂ ਵੱਲੋਂ ਸੁਰਖਪੁਰੀਆ ਯੂਬਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਦੋਵੇਂ ਕੁਮੈਂਟੇਟਰਾਂ ਤੇ ਛੇ ਰੈਫਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਦੇ ਮੁੱਖ ਮਹਿਮਾਨ ਸੱਲ੍ਹਾਂ ਪਰਿਵਾਰ ਵਾਲੇ ਸਨ, ਜਿਸ ਵਿੱਚ ਜਥੇਦਾਰ ਤਾਰਾ ਸਿੰਘ ਸੱਲ੍ਹਾਂ ਅਤੇ ਸੱਲ੍ਹਾਂ ਭਰਾ- ਬਲਦੇਵ ਸਿੰਘ, ਗੁਰਮੀਤ ਸਿੰਘ ਤੇ ਸਰਬਜੀਤ ਸਿੰਘ ਸ਼ਾਮਲ ਸਨ। ਗ੍ਰੈਂਡ ਸਪਾਂਸਰ ਘੁਮਾਣ ਭਰਾ- ਹਰਸ਼ਰਨ ਸਿੰਘ (ਹੈਰੀ) ਤੇ ਅਮਰਬੀਰ ਸਿੰਘ ਸਨ, ਜਦਕਿ ਗੈਸਟ ਆਫ ਆਨਰ ਢੀਂਡਸਾ ਭਰਾ- ਲਖਬੀਰ ਸਿੰਘ ਤੇ ਅਮਰਜੀਤ ਸਿੰਘ ਸਨ। ਇਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਸ਼ੇਰ-ਏ-ਪੰਜਾਬ ਸੁਸਾਇਟੀ ਵੱਲੋਂ ਆਏ ਮੁੱਖ ਮਹਿਮਾਨ ਸਮੇਤ ਵਿਸ਼ੇਸ਼ ਮਹਿਮਾਨਾਂ ਦਾ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਲੱਕੀ ਡਰਾਅ ਵੀ ਕੱਢਿਆ ਗਿਆ। ਬੱਚਿਆਂ ਨੂੰ ਲੱਕੀ ਡਰਾਅ ਕੱਢਣ ਲਈ ਸਟੇਜ ਉਤੇ ਬੁਲਾਇਆ ਅਤੇ ਉਨ੍ਹਾਂ ਨੇ ਡੱਬੇ ਵਿੱਚੋਂ ਇੱਕ ਇੱਕ ਪਰਚੀ ਕੱਢੀ। ਪਹਿਲਾ ਇਨਾਮ ਮੋਟਰਸਾਈਕਲ ਦਾ ਸੀ, ਜੋ ਕਲੀਵਲੈਂਡ ਦੇ ਹਰਪ੍ਰੀਤ ਸਿੰਘ ਕੰਗ ਦਾ ਨਿਕਲਿਆ। ਦੂਜਾ ਇਨਾਮ ਆਈਪੈਡ ਸੀ, ਜੋ ਗੁਰਮੇਲ ਸਿੰਘ ਫਗੂੜਾ ਨੂੰ ਮਿਲਿਆ।
ਖੇਡਾਂ ਉਪਰੰਤ ਰਾਤ ਕਰੀਬ 8 ਵਜੇ ਤੱਕ ਗਾਇਕੀ ਦਾ ਖੁੱਲ੍ਹਾ ਅਖਾੜਾ ਵੀ ਲੱਗਿਆ, ਜਿਸ ਵਿੱਚ ਨਾਮੀ ਪੰਜਾਬੀ ਗਾਇਕ ਨਿੰਜਾ, ਮੰਨਤ ਨੂਰ, ਜੈਨੀ ਜੌਹਲ ਤੇ ਸਥਾਨਕ ਗਾਇਕ ਰਵ ਇੰਦਰ ਨੇ ਆਪਣੇ ਹਿੱਟ ਗੀਤ ਗਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਉਨ੍ਹਾਂ ਲੋਕਾਂ ਦੀ ਫਰਮਾਇਸ਼ਾਂ ਵੀ ਪੂਰੀਆਂ ਕੀਤੀਆਂ ਅਤੇ ਬੋਲੀਆਂ ਵੀ ਪਾਈਆਂ।
ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਚੇਅਰਮੈਨ ਅਮਰੀਕ ਸਿੰਘ ਟਿਵਾਣਾ, ਸੁਰਜੀਤ ਸਿੰਘ ਮਾਵੀ, ਹਰਵਿੰਦਰ ਸਿੰਘ ਵਾਲੀਆ, ਜਸਵੰਤ ਸਿੰਘ ਜੱਸੀ, ਗੁਰਮਿੰਦਰ ਸੰਧੂ, ਪਲਵਿੰਦਰ ਢਿੱਲੋਂ, ਅਮਰਜੀਤ ਅਗਰਵਾਲ, ਗੁਰਪ੍ਰੀਤ ਗਿੱਲ, ਪ੍ਰੀਤਮਪਾਲ ਸਿੰਘ, ਹਰਿੰਦਰ ਕੰਗ, ਪਰਮਜੀਤ ਗਰਚਾ, ਹੈਪੀ ਮਤੋਤ, ਨਰਿੰਦਰਪਾਲ ਤਾਤਲਾ, ਸੁਰਮੁਖ ਸਿੰਘ ਕੰਗ, ਹੈਪੀ ਮੁੰਡੀ, ਰਾਜ ਸੰਧੂ, ਸੁਖਦੇਵ ਸਿੰਘ ਗਰਚਾ, ਵਿਨੀਤ ਗੁਪਤਾ, ਪੰਮਾ ਢਿੱਲਵਾਂ, ਸਿਮਰਨਜੀਤ ਮੱਲ੍ਹੀ, ਗੁਰਨੇਕ ਸਿੰਘ, ਸੁਰਿੰਦਰ ਚੀਮਾ, ਸੁਰਿੰਦਰਪਾਲ ਤੇ ਗੋਲਡੀ ਮੁੰਡੀ ਨੇ ਮੇਲੇ ਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ। ਸ਼ੇਰ-ਏ-ਪੰਜਾਬ ਸੁਸਾਇਟੀ ਨੇ ਮੇਲੇ ਨੂੰ ਕਾਮਯਾਬ ਬਣਾਉਣ ਲਈ ਆਏ ਮਹਿਮਾਨਾਂ, ਸਪਾਂਸਰਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਹੈ।