ਪਰਮਜੀਤ ਢੀਂਗਰਾ
ਫੋਨ: +91-9417358120
ਵਿਓਤਪਤੀ ਕੋਸ਼ ਅਨੁਸਾਰ ਉਸਤਾਦ ਦਾ ਅਰਥ ਹੈ– ਅਧਿਆਪਕ, ਕਲਾ ਜਾਂ ਹੁਨਰ ਸਿਖਾਉਣ ਵਾਲਾ; ਮੂਲ ਅਰਥ ਹੈ– ਕੋਲ ਖੜ੍ਹਾ ਹੋਣ ਵਾਲਾ, ਧਿਆਨ ਰੱਖਣ ਵਾਲਾ, ਨਿਗਾਰਨ ਆਦਿ। ਫਾਰਸੀ ਉਸਤਾਦ ਜਾਂ ਅਧਿਆਪਕ ਲਈ ਪਹਿਲਵੀ ਵਿੱਚ ‘ਉਸਤਾਤ’ ਸ਼ਬਦ ਮਿਲਦਾ ਹੈ, ਜਿਸ ਦਾ ਅਰਥ ‘ਖੜ੍ਹਾ ਹੋਣਾ’, ‘ਪ੍ਰਬੰਧਕ’, ‘ਮੁਖੀਆ’ ਕੀਤਾ ਜਾਂਦਾ ਹੈ। ਗ੍ਰੀਕ ਨਾਲ ਇਹਦੀ ਸਕੀਰੀ ਓਪਸਿਟਅਟੲਸ ਸ਼ਬਦ ਨਾਲ ਹੈ- /ਓਪਟਿਸਟਅ/ ਖੜ੍ਹਾ ਹੋਣਾ, ਨਿਗ੍ਹਾਬਾਨ, ਰਾਜਪਾਲ, ਕੋਲ ਖੜ੍ਹਾ ਹੋਣ ਵਾਲਾ।
ਫਾਰਸੀ ਕੋਸ਼ਾਂ ਵਿੱਚ ਵੀ ਅਜਿਹੇ ਹੀ ਅਰਥ ਕੀਤੇ ਗਏ ਹਨ: ਉਸਤਾਦ-ਅਧਿਆਪਕ, ਉਸਤਾਕਾਰ-ਉਸਤਾਗਰ=ਉਸਤਾਦ, ਕਾਰੀਗਰ; ਉਸਤਾਕਾਰੀ-ਉਸਤਾਦੀ, ਕਾਰੀਗਰੀ, ਮੁਹਾਰਤ, ਕਲਾ ਵਿੱਚ ਪਰਬੀਨ। ਪੰਜਾਬੀ ਕੋਸ਼ਾਂ ਅਨੁਸਾਰ ਉਸਤਾਕਾਰ-ਉਸਤਾਦ, ਮਾਹਰ, ਹੁਨਰਮੰਦ ਕਾਰੀਗਰ; ਉਸਤਾਜ, ਉਸਤਾਦਗੀ-ਹੁਨਰਮੰਦੀ, ਚਲਾਕੀ, ਹੁਸ਼ਿਆਰੀ; ਉਸਤਾਦਨੀ-ਉਸਤਾਦ ਦਾ ਇਸਤਰੀ ਲਿੰਗ, ਪੜ੍ਹਾਉਣ ਵਾਲੀ ਮਾਸਟਰਨੀ; ਉਸਤਾਦਪੁਣਾ-ਉਸਤਾਦ ਦਾ ਗੁਣ; ਉਸਤਾਦੀ ਕਰਨੀ, ਉਸਤਾਦ ਬਣਨਾ (ਮੁਹਾਵਰੇ) ਇਹ ਸ਼ਬਦ ਅੱਜ ਆਪਣੇ ਸਤਿਕਾਰਤ ਅਰਥਾਂ ਤੋਂ ਹੇਠਲੇ ਦਰਜੇ ’ਤੇ ਆ ਗਿਆ ਹੈ। ਹੁਣ ਚੋਰ, ਠੱਗ, ਜਾਲਸਾਜ਼, ਧੰਦੇਬਾਜ਼, ਚਾਲਬਾਜ਼ ਸਾਰੇ ਉਸਤਾਦਾਂ ਦੀ ਸ਼੍ਰੇਣੀ ਵਿੱਚ ਆ ਗਏ ਹਨ।
ਅਰਬੀ, ਫ਼ਾਰਸੀ ਵਿੱਚ ਇਹਦਾ ਰੁਤਬਾ ਕਾਇਮ ਹੈ, ਪਰ ਭਾਰਤੀ ਭਾਸ਼ਾਵਾਂ ਵਿੱਚ ਇਹ ਹੇਠਾਂ ਆ ਗਿਆ ਹੈ। ਉਸਤਾਦ ਸ਼ਬਦ ਅਰਬੀ ਦਾ ਮੰਨਿਆ ਜਾਂਦਾ ਹੈ, ਪਰ ਮੂਲ ਰੂਪ ਵਿੱਚ ਇਹ ਸਾਮੀ ਪਰਿਵਾਰ ਦਾ ਨਾ ਹੋ ਕੇ ਭਾਰਤੀ-ਇਰਾਨੀ ਪਰਿਵਾਰ ਦਾ ਹੈ। ਅਰਬੀ ਵਿੱਚ ਇਹਦਾ ਰੂਪ ‘ਉਸਤਾਤ’ ਹੈ ਅਤੇ ਫ਼ਾਰਸੀ ਵਿੱਚ ਓਸਤਾਦ। ਭਾਰਤੀ ਭਾਸ਼ਾਵਾਂ ਵਿੱਚ ਇਹਦੇ ਵਿਭਿੰਨ ਉਚਾਰਨ ਮਿਲਦੇ ਹਨ, ਜਿਵੇਂ– ਉਸਤਾਦ, ਉਤਾਦ, ਉਸਤਾਜ, ਵਸਤਾਦ (ਮਰਾਠੀ ਤੇ ਦੱਖਣੀ)। ਕਈ ਵਾਰੀ ਇਹ ਸਮਝਿਆ ਜਾਂਦਾ ਹੈ ਕਿ ਉਸਤਾਦ ਦਾ ਉਸਤਾਜ ਰੂਪ ਸ਼ਾਇਦ ਅਨਪੜ੍ਹਤਾ ਕਰਕੇ ਉਚਾਰਿਆ ਜਾਂਦਾ ਹੈ, ਪਰ ਜੇ ਇਹਦਾ ਅਰਬੀ ਉਚਾਰਨ ਦੇਖੀਏ ਤਾਂ ਉਹ ‘ਅਸਤਾਜੀਆ’ ਹੈ। ਉਰਦੂ ਵਿੱਚ ਵੀ ਉਸਤਾਜੀਆ ਹੀ ਲਿਖਿਆ ਜਾਂਦਾ ਹੈ। ਅਰਬੀ ਵਿੱਚ ਉਸਤਾਦ ਵਿੱਚ ‘ਦਾਲ’ ਦੀ ਵਰਤੋਂ ਹੁੰਦੀ ਹੈ, ਪਰ ਬਹੁਵਚਨ ਬਣਾਉਣ ਵੇਲੇ ਏਸੇ ‘ਦਾ’ ਨੂੰ ‘ਜ਼’ ਭਾਵ ‘ਜ਼ਾਲ’ ਵਿੱਚ ਰੂਪਾਂਤਰ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਸਤਾਦ ਉਸਤਾਜ਼ ਬਣ ਜਾਂਦਾ ਹੈ।
ਫਿਕ ਆਗਸਟ ਦੀ ‘ਕੰਪੈਰਿਟਿਵ ਡਿਕਸ਼ਨਰੀ ਆਫ਼ ਇੰਡੋ-ਯੌਰਪੀਅਨ ਲੈਂਗੂਏਜਿਜ਼’ ਵਿੱਚ ਜ਼ੇਂਦਾਵੇਸਤਾ ਦੇ ‘ਅਈਵਿਸਤੀ’ ਸ਼ਬਦ ਨੂੰ ਉਸਤਾਦ ਦਾ ਮੂਲ ਮੰਨਿਆ ਗਿਆ ਹੈ, ਜਿਸ ਵਿੱਚ ਅਧਿਆਪਕ, ਗੁਰੂ, ਨਿਗਰਾਨ ਦੇ ਭਾਵ ਹਨ। ਇਸ ਕੋਸ਼ ਵਿੱਚ ਅਈਵਿਸਤੀ ਨੂੰ ਸੰਸਕ੍ਰਿਤ ਦੇ ‘ਅਭਿਸ਼ਟ’ ਦੇ ਬਰਾਬਰ ਰੱਖਿਆ ਗਿਆ ਹੈ। ਵਿੱਲਹੈਮ ਗਿਗਰ ਵੀ ‘ਹੈਂਡ ਬੁੱਕ ਆਫ਼ ਅਵੇਸਤਾਪ੍ਰਾਸ਼ੇ’ ਵਿੱਚ ਇਹਦਾ ਇਹੀ ਅਰਥ ਕੀਤਾ ਗਿਆ ਹੈ। ਡੀ.ਐਨ. ਮੈਕੇਂਜੀ ‘ਪਹਿਲਵੀ ਡਿਕਸ਼ਨਰੀ’ ਵਿੱਚ ਅਈਵਿਸਤੀ ਦਾ ਪਹਿਲਵੀ ਰੂਪ ‘ਆਸਤਾਦ’ ਮੰਨਦਾ ਹੈ। ਉਸ ਅਨੁਸਾਰ ‘ਮਨਿਸ਼ੀਅਨ ਪਰਸ਼ੀਅਨ’ ਵਿੱਚ ਇਹਦਾ ਰੂਪ ‘ਅਵਿਸਤਦ’ ਸੀ। ਅੱਜ ਦੀ ਫ਼ਾਰਸੀ ਵਿੱਚ ਇਹੀ ਰੂਪ ‘ਓਸਤਾਦ’ ਹੈ। ਜਾਨ ਪਲੈਟਸ ‘ਉਰਦੂ ਕਲਾਸੀਕਲ ਡਿਕਸ਼ਨਰੀ’ ਵਿੱਚ ਪਹਿਲਵੀ ਰੂਪ ‘ਓਸਤਾਤ’ ਅਤੇ ਪੁਰਾਣੀ ਫ਼ਾਰਸੀ ਦੇ ਰੂਪ ‘ਵਸ਼ਤਾਤ’ ਦਾ ਹਵਾਲਾ ਦਿੰਦਾ ਹੈ।
ਮੋਨੀਅਰ ਵਿਲੀਅਮ ਮੋਨੀਅਰ ‘ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ’ ਵਿੱਚ ‘ਅਭਿਸ਼ਟ’ ਦਾ ਅਰਥ ਪਾਲਣਹਾਰ, ਨਿਗਰਾਨ, ਉਤਮ, ਵਿਜੇਤਾ ਆਦਿ ਦੇ ਰੂਪ ਵਿੱਚ ਕਰਦਾ ਹੈ। ਅਭਿਸ਼ਟ ਬਣਿਆ ਹੈ– ‘ਇਸ਼ਟ+ਅਭਿ’ ਤੋਂ। ਸੰਸਕ੍ਰਿਤ ਵਿੱਚ ਇਸ਼ਟ, ਦੇਵ ਸ਼ਬਦ ਈਸ਼ਵਰ ਲਈ ਪ੍ਰਚੱਲਤ ਹਨ। ਇਸ਼ਟ ਦਾ ਅਰਥ-ਆਦਰਯੋਗ ਪੂਜਣਯੋਗ, ਪਿਆਰਾ ਆਦਿ ਕੀਤੇ ਜਾਂਦੇ ਹਨ। ਇੱਛਾ, ਇੱਸ਼ਨਾ, ਅਭਿਲਾਸ਼ਾ, ਕਾਮਨਾ ਆਦਿ ਸ਼ਬਦ ‘ਇਸ਼ੑ’ ਧਾਤੂ ਤੋਂ ਬਣੇ ਹਨ।
ਵੈਦਿਕ ‘ਅਭਿ’ ਉਪਸਰਗ ਮੂਲ ਰੂਪ ਵਿੱਚ ਨਿਕਟ, ਨੇੜੇ ਸਾਹਮਣੇ, ਪਹਿਲੇ ਆਦਿ ਦਾ ਭਾਵਸੂਚਕ ਹੈ। ਸੰਸਕ੍ਰਿਤ ਦੇ ਇਸ ‘ਅਭਿ’ ਉਪਸਰਗ ਦੇ ਬਰਾਬਰ ਜੇਂਦ ਵਿੱਚ ਅਈਵੀ ਜਾਂ ਅਈਬੀ /ੳiੱi, ੳiਬਿ/ ਮਿਲਦਾ ਹੈ, ਅਭਿਸ਼ਿਟ ਦਾ ਅਰਥ ਹੈ– ਜੋ ਇੱਛਾਪੂਰਤੀ ਕਰੇ, ਜੋ ਅਕਾਂਖਿਆਵਾਂ ਪੂਰੀਆਂ ਕਰੇ ਭਾਵ ਸੁਆਮੀ, ਮਾਲਕ, ਪਾਲਕ, ਗੁਰੂ, ਨਿਗਰਾਨ। ਇਸ ਤਰ੍ਹਾਂ ਅਭਿਸ਼ਿਦ ਬਰਾਸਤਾ ਜੇਂਦਾਵੇਸਤਾ ਅਜੋਕੀ ਫ਼ਾਰਸੀ ਵਿੱਚ ਇਸ ਪ੍ਰਕਾਰ ਦੀ ਲੜੀ ਬਣਾਉਂਦਾ ਹੈ- /ਅਭਿਸ਼ਿਟ=ਅਈਵਿਸਤੀ> ਅਵਿਸਤਦ (ਵਸ਼ਤਾਤ)> ਓਸਤਾਤ> ਓਸਤਾਦ (ਫ਼ਾਰਸੀ)> ਉਸਤਾਦ (ਉਰਦੂ ਤੇ ਭਾਰਤੀ ਭਾਸ਼ਾਵਾਂ)। ਇਸ ਤਰ੍ਹਾਂ ਉਸਤਾਦ ਦਾ ਅਰਥ ਬਣਿਆ: ਨਿਪੁੰਨ, ਪ੍ਰਬੀਨ, ਪੰਡਿਤ, ਗੁਣੀ ਗਿਆਨੀ, ਸਿੱਧਹਸਤ, ਹੁਸ਼ਿਆਰ, ਕੁਸ਼ਲ, ਯੋਗ, ਵਿਸ਼ੇਸ਼ਗ, ਹੁਨਰਮੰਦ, ਕਾਰੀਗਰ।
ਉਸਤਾਦ ਦੀ ਵਿਓਤਪਤੀ ਦੁਨੀਆ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਵੇਖੀ ਜਾ ਸਕਦੀ ਹੈ। ਜਿਵੇਂ ਆਇਜ਼ਰਬਾਇਜਾਨੀ ਤੇ ਓਜ਼ਬੇਕੀ ਵਿੱਚ ਇਹ ‘ਉਸਤਾ’ ਤੇ ਸਵਾਹਿਲੀ ਭਾਸ਼ਾ ਵਿੱਚ ‘ਸਤਾਦੀ’ ਹੈ। ਤੁਰਕਿਸ਼ ਵਿੱਚ ‘ਉਸਤਾਤ’; ਸਪੈਨਿਸ਼ ਵਿੱਚ ‘ਉਸਤੇਦ’ ਆਦਿ। ਭਾਰਤ ਵਿੱਚ ਇਹਦੀ ਬਰਾਬਰੀ ਪੰਡਿਤ ਸ਼ਬਦ ਨਾਲ ਹੈ। ਪੰਡਿਤ ਇੱਕ ਉਪਾਧੀ ਵੀ ਹੈ ਜਿਵੇਂ ਪੰਡਿਤ, ਜਸਰਾਜ, ਪੰਡਿਤ ਭੀਮ ਸੈਨ ਜੋਸ਼ੀ ਆਦਿ। ਮੁਸਲਮਾਨ ਫਨਕਾਰਾਂ ਲਈ ਉਸਤਾਦ ਉਪਾਧੀ ਹੈ, ਜਿਵੇਂ ਉਸਤਾਦ ਅੱਲ੍ਹਾ ਰੱਖਾ ਖਾਂ; ਉਸਤਾਦ ਬੜੇ ਗੁਲਾਮ ਅਲੀ ਖਾਂ ਆਦਿ। ਮਦਾਰੀ ਦਾ ਤਮਾਸ਼ਾ ਦਿਖਾਉਣ ਵਾਲਾ ਤੇ ਉਹਦਾ ਜਮੂਰਾ ਮਦਾਰੀ ਨੂੰ ਉਸਤਾਦ ਨਾਲ ਸੰਬੋਧਨ ਕਰਦਾ ਹੈ। ਮਦਾਰੀ ਜੋ ਬਾਜੀ ਪਾ ਕੇ ਜਾਂ ਜਾਦੂਗਰੀ ਦਾ ਕਮਾਲ ਦਿਖਾਉਂਦਾ ਹੈ, ਲੋਕਾਂ ਲਈ ਉਹ ਚਮਤਕਾਰਮਈ ਹੁੰਦਾ ਹੈ। ਇਸ ਤਰ੍ਹਾਂ ਉਸਤਾਦ ਦੀ ਉਸਤਾਦੀ ਚਮਤਕਾਰ ਨਾਲ ਜੁੜ ਜਾਂਦੀ ਹੈ। ਬਾਅਦ ਵਿੱਚ ਹੱਥ ਦੀ ਸਫਾਈ ਦਿਖਾਉਣ ਵਾਲਿਆਂ, ਦੂਸਰਿਆਂ ਨੂੰ ਬੇਵਕੂਫ ਬਣਾ ਕੇ ਠੱਗਣ ਵਾਲਿਆਂ ਲਈ ਵੀ ਉਸਤਾਦ ਸ਼ਬਦ ਪ੍ਰਚੱਲਤ ਹੋ ਗਿਆ। ਇਸ ਤਰ੍ਹਾਂ ਪਖੰਡ ਵਾਂਗ ਇਹ ਵੀ ਆਪਣੇ ਉਚਤਮ ਅਰਥ ਗੁਆ ਕੇ ਹੇਠਲੇ ਪੱਧਰ ’ਤੇ ਵੀ ਵਿਚਰਦਾ ਹੈ, ਜਦਕਿ ਇਹਦੀ ਅਸਲ ਉਚਤਾ ਵੀ ਕਾਇਮ ਹੈ।