ਗੁਰਪ੍ਰੀਤ ਸਿੰਘ ਮੰਡਿਆਣੀ
35 ਸਾਲ ਦੀ ਉਮਰ ਵਿੱਚ ਹੀ ਲੋਕ ਸਭਾ ਦੀ ਮੈਂਬਰੀ ਜਿੱਤਣ ਵਾਲੇ ਤੇ 40 ਸਾਲ ਦੀ ਛੋਟੀ ਜਿਹੀ ਉਮਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਨੂੰ ਹੱਥ ਪਾਉਣ ਵਾਲੇ ਮਹਿੰਦਰ ਸਿੰਘ ਗਿੱਲ ਚੰਡੀਗੜ੍ਹ ਵਿੱਚ 84 ਸਾਲ ਦੀ ਉਮਰੇ ਫੌਤ ਹੋ ਗਏ ਸਨ। ਯਕ-ਲਖਤ ਸਿਆਸੀ ਚੜ੍ਹਾਈ ਕਰਨ ਤੋਂ ਬਾਅਦ ਉਹ 41 ਸਾਲ ਦੀ ਉਮਰ ਵਿੱਚ ਹੀ ਪੰਜਾਬ ਵਿੱਚ ਸਿਆਸੀ ਮੰਜ਼ਰ `ਚੋਂ ਗਾਇਬ ਹੋ ਗਏ।
14 ਸਾਲ ਦੇ ਸਿਆਸੀ ਬਨਵਾਸ ਕੱਟਣ ਤੋਂ ਬਾਅਦ ਉਨ੍ਹਾਂ ਨੂੰ 1992 ਵਿੱਚ ਜਾ ਕੇ ਮੁੜ ਸਿਆਸੀ ਸਾਹ ਆਇਆ। ਪੰਜਾਬ ਦੀ ਸਿਆਸਤ ਵਿੱਚੋਂ ਆਉਣ ਅਤੇ ਮੁੜ ਪ੍ਰਗਟ ਹੋਣ ਦਾ ਕਿੱਸਾ ਵੀ ਕਾਫੀ ਦਿਲਚਸਪ ਹੈ। ਮਹਿੰਦਰ ਸਿੰਘ ਗਿੱਲ 1971 ਦੀ ਆਮ ਚੋਣ ਮੌਕੇ ਅਕਾਲੀ ਦਲ ਦੇ ਸਿਟਿੰਗ ਮੈਂਬਰ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੂੰ ਹਰਾ ਕੇ ਐਮ.ਪੀ. ਬਣੇ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਤੇ ਉਨ੍ਹਾਂ ਨੇ 1975 ਵਿੱਚ ਦੇਸ਼ `ਚ ਐਮਰਜੈਂਸੀ ਲਾ ਕੇ ਅਥਾਹ ਤਾਕਤ ਆਪਣੇ ਹੱਥ `ਚ ਕਰ ਲਈ ਸੀ। ਇੰਦਰਾ ਗਾਂਧੀ ਦਾ ਛੋਟਾ ਪੁੱਤਰ ਸੰਜੇ ਗਾਂਧੀ ਭਾਵੇਂ ਕੋਈ ਐਮ.ਐਲ.ਏ., ਐਮ.ਪੀ. ਨਹੀਂ ਸੀ ਬਣਿਆ, ਪਰ ਪ੍ਰਧਾਨ ਮੰਤਰੀ ਨੇ ਉਹਨੂੰ ਆਪਣਾ ਸਿਆਸੀ ਵਾਰਸ ਬਣਾਉਣ ਦੀ ਗਰਜ਼ ਨਾਲ ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੀ ਪੂਰੀ ਤਾਕਤ ਇਸਤੇਮਾਲ ਕਰਨ ਦੀ ਸੰਜੇ ਗਾਂਧੀ ਨੂੰ ਛੁੱਟੀ ਦਿੱਤੀ ਹੋਈ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਿਰੰਜਣ ਸਿੰਘ ਤਾਲਿਬ ਦੀ 1976 `ਚ ਫੌਤਗੀ ਤੋਂ ਬਾਅਦ ਸੰਜੇ ਗਾਂਧੀ ਦੀ ਮਨਸ਼ਾ ਮੁਤਾਬਿਕ ਮਹਿੰਦਰ ਸਿੰਘ ਗਿੱਲ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ। ਉਨ੍ਹੀਂ ਦਿਨੀਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ। ਆਮ ਤੌਰ `ਤੇ ਮੁੱਖ ਮੰਤਰੀ ਕੋਲ ਹੀ ਸੱਤਾ ਦਾ ਚਾਬੁਕ ਹੁੰਦਾ ਹੈ, ਪਰ ਸੰਜੇ ਗਾਂਧੀ ਦੀ ਸਰਪ੍ਰਸਤੀ ਕਰਕੇ ਮਹਿੰਦਰ ਸਿੰਘ ਗਿੱਲ ਦੀ ਵੱਧ ਚੜ੍ਹਤ ਸੀ। ਇਸ ਗੱਲ ਦਾ ਜਾਹਿਰਾ ਸਬੂਤ 1 ਅਪ੍ਰੈਲ 1976 ਨੂੰ ਜੱਗ ਜਾਹਰ ਹੋਇਆ। ਇਸ ਦਿਨ ਸੰਜੇ ਗਾਂਧੀ ਨੇ ਪੰਜਾਬ ਦਾ ਦੌਰਾ ਕੀਤਾ। ਲੁਧਿਆਣਾ ਤੋਂ ਲੈ ਕੇ ਫਿਰੋਜ਼ਪੁਰ ਜਿਲ੍ਹੇ ਦੇ ਫੇਰੂ ਸ਼ਹਿਰ ਤੱਕ ਉਨ੍ਹਾਂ ਨੇ ਲਗਭਗ 100 ਕਿਲੋਮੀਟਰ ਦਾ ਸਫਰ ਖੁੱਲ੍ਹੀ ਗੱਡੀ ਵਿੱਚ ਕੀਤਾ। ਇਹ ਸਿਰਫ਼ ਸਫ਼ਰ ਹੀ ਨਹੀਂ ਸੀ ਬਲਕਿ ਇੱਕ ਜਲੂਸ ਸੀ ਜੀਹਦੇ ਵਿੱਚ ਸੰਜੇ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਖੁੱਲ੍ਹਾ ਇਸ਼ਾਰਾ ਕੀਤਾ ਕਿ ਮੇਰੀਆਂ ਨਜ਼ਰਾਂ ਵਿੱਚ ਮਹਿੰਦਰ ਸਿੰਘ ਗਿੱਲ ਦੀ ਅਹਿਮੀਅਤ ਮੁੱਖ ਮੰਤਰੀ ਜ਼ੈਲ ਸਿੰਘ ਤੋਂ ਵੱਧ ਹੈ। ਜਲੂਸ ਦੀ ਸੱਭ ਤੋਂ ਮੂਹਰਲੀ ਖੁੱਲ੍ਹੀ ਗੱਡੀ ਵਿੱਚ ਸੰਜੇ ਗਾਂਧੀ ਖੜ੍ਹਾ ਸੀ ਤੇ ਉਹਦੇ ਨਾਲ ਮਹਿੰਦਰ ਸਿੰਘ ਗਿੱਲ ਖੜ੍ਹਾ ਸੀ। ਮੁੱਖ ਮੰਤਰੀ ਜ਼ੈਲ ਸਿੰਘ ਦਾ ਮਗਰਲੀ ਗੱਡੀ ਵਿੱਚ ਹੋਣਾ ਇਸ ਗੱਲ ਦੀ ਕਸਰ ਬਾਕੀ ਨਹੀਂ ਸੀ ਛੱਡ ਰਿਹਾ ਕਿ ਪਾਰਟੀ ਹਾਈ ਕਮਾਂਡ ਦੀਆਂ ਨਜ਼ਰਾਂ `ਚ ਮਹਿੰਦਰ ਸਿੰਘ ਗਿੱਲ ਮੁੱਖ ਮੰਤਰੀ ਤੋਂ ਉੱਤੇ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਦਿਨਾਂ ਵਿੱਚ ਸੰਜੇ ਗਾਂਧੀ ਹੀ ਸਰਕਾਰ ਅਤੇ ਪਾਰਟੀ ਵਿੱਚ ਆਲ-ਇਨ-ਆਲ ਸੀ। ਲੁਧਿਆਣਾ-ਫਿਰੋਜ਼ਪੁਰ ਰੋਡ `ਤੇ ਜੌੜੀਆਂ ਨਹਿਰਾਂ ਕੋਲ ਫਿਰੋਜਸ਼ਾਹ ਦੇ ਮੁਕਾਮ `ਤੇ ਸੰਜੇ ਗਾਂਧੀ ਨੇ ਐਂਗਲੋ ਸਿੱਖ ਵਾਰ ਮਿਊਜ਼ੀਅਮ ਦਾ ਉਦਘਾਟਨ ਕੀਤਾ ਸੀ, ਜੋ ਕਿ ਮਹਿੰਦਰ ਸਿੰਘ ਗਿੱਲ ਦੇ ਲੋਕ ਸਭਾ ਹਲਕੇ `ਚ ਪੈਂਦਾ ਸੀ। ਇਹ ਤੋਂ ਅਗਾਂਹ ਸੰਜੇ ਗਾਂਧੀ ਨੇ ਅੰਮ੍ਰਿਤਸਰ ਤੱਕ ਵੀ ਇਵੇਂ ਹੀ ਜਲੂਸ ਕੱਢਿਆ ਸੀ। ਇਹ ਦਿਨ ਮਹਿੰਦਰ ਸਿੰਘ ਗਿੱਲ ਦੇ ਸਿਆਸੀ ਜੀਵਨ ਦੀ ਸਿਖਰ ਦੁਪਹਿਰ ਹੋ ਨਿਬੜਿਆ। 16 ਮਾਰਚ 1977 `ਚ ਨੂੰ ਹੋਈ ਲੋਕ ਸਭਾ ਇਲੈਕਸ਼ਨ ਵਿੱਚ ਮਹਿੰਦਰ ਸਿੰਘ ਗਿੱਲ ਮੁੜ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਬਣੇ। ਇਸ ਚੋਣ ਵਿੱਚ ਕਾਂਗਰਸ ਦੀ ਹਮਾਇਤ ਕਰਨ ਵਾਲੀ ਸੀ.ਪੀ.ਆਈ. ਨੇ ਵੀ ਮਹਿੰਦਰ ਸਿੰਘ ਗਿੱਲ ਦੇ ਖਿਲਾਫ ਆਪਣਾ ਸੂਬਾਈ ਪ੍ਰਧਾਨ (ਸੂਬਾ ਸੈਕਟਰੀ) ਅਵਤਾਰ ਸਿੰਘ ਮਲਹੋਤਰਾ ਨੂੰ ਗਿੱਲ ਦੀਆਂ ਵੋਟਾਂ ਤੋੜਨ ਖਾਤਰ ਖੜ੍ਹਾ ਕੀਤਾ, ਜੋ ਕਿ 50 ਹਜਾਰ ਵੋਟਾਂ ਤੋੜ ਗਿਆ। ਸੀ.ਪੀ.ਆਈ. ਨੇ ਆਲ ਇੰਡੀਆ ਪੱਧਰ `ਤੇ ਕਾਂਗਰਸ ਨਾਲ ਰਲ ਕੇ ਚੋਣ ਲੜੀ ਸੀ, ਪਰ ਕਈ ਥਾਂਵਾਂ `ਤੇ ਸੰਜੇ ਗਾਂਧੀ ਦੇ ਉਮੀਦਵਾਰਾਂ ਦੀ ਮੁਖਾਲਫਤ ਕਰਨ ਬਹਾਨੇ ਆਪਣੇ ਬੰਦੇ ਖੜ੍ਹੇ ਕੀਤੇ ਸਨ। ਇਹ ਵੀ ਸੁਣਨ `ਚ ਆਉਂਦਾ ਸੀ ਕਿ ਅਵਤਾਰ ਸਿੰਘ ਮਲਹੋਤਰਾ ਨੂੰ ਮੁੱਖ ਮੰਤਰੀ ਜ਼ੈਲ ਸਿੰਘ ਦੀ ਹੱਲਾਸ਼ੇਰੀ ਸੀ। ਇਸ ਸਭ ਕਾਸੇ ਦੇ ਬਾਵਜੂਦ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਈਂਆਵਾਲੇ ਨਾਲੋਂ ਵੱਧ ਨਿਕਲੀਆਂ, ਪਰ ਸ. ਗਿੱਲ ਨੂੰ ਧੱਕੇ ਨਾਲ ਹਰਾਇਆ ਗਿਆ। ਗਿਣਤੀ ਮੌਕੇ ਅਕਾਲੀ ਦਲ ਦੇ ਤੇਜ ਤਰਾਰ ਆਗੂ ਤੇ ਸ. ਗਿੱਲ ਹੱਥੋਂ ਪਿਛਲੀ ਚੋਣ ਹਾਰ ਚੁੱਕੇ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੇ ਵੀ ਗਿਣਤੀ ਕੇਂਦਰਾਂ `ਤੇ ਪਹੁੰਚ ਕੇ ਗਿੱਲ ਨੂੰ ਹਰਾਉਣ `ਚ ਆਪਣਾ ਰੋਲ ਨਿਭਾਇਆ ਸੁਣਦੇ ਹੁੰਦੇ ਸੀ।
ਵੋਟਾਂ ਦੀ ਗਿਣਤੀ 20 ਮਾਰਚ 1977 ਨੂੰ 9 ਕੇਂਦਰਾਂ `ਤੇ ਸ਼ੁਰੂ ਹੋਈ। ਲੋਕ ਸਭਾ ਹਲਕੇ ਵਿੱਚ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਹੋਈ ਗਿਣਤੀ ਵਿੱਚ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਵਿੱਚ ਆਪਣੇ ਨੇੜਲੇ ਵਿਰੋਧੀ ਤੋਂ 1900 ਵੱਧ ਨਿਕਲੀਆਂ। 21 ਮਾਰਚ ਦੁਪਹਿਰ ਤਿੰਨ ਵਜੇ ਡਾਕ ਰਾਹੀਂ ਆਈਆਂ 769 ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ-ਕਮ ਡੀ.ਸੀ. ਫਿਰੋਜ਼ਪੁਰ ਦੇ ਦਫ਼ਤਰ ਵਿੱਚ ਸ਼ੁਰੂ ਹੋਈ ਤਾਂ ਅਚਾਨਕ ਹੀ ਇੱਕ ਵੱਡੀ ਭੀੜ ਨੇ ਅੰਦਰ ਜਾ ਕੇ ਖਰੂਦ ਪਾ ਦਿੱਤਾ। ਦਫ਼ਤਰ ਦੀ ਭੰਨ ਤੋੜ ਕੀਤੀ, ਚੋਣ ਅਮਲਾ ਕੁੱਟਿਆ ਤੇ ਡਾਕ ਰਾਹੀਂ ਆਏ ਬੈਲਟ ਪੇਪਰ ਪਾੜ ਦਿੱਤੇ। ਪੁਲਿਸ ਨੇ ਭੀੜ ਨੂੰ ਰੋਕਣ ਖਾਤਰ ਕੋਈ ਖਾਸ ਤਰੱਦਦ ਨਾ ਕੀਤਾ। ਗਿੱਲ ਦੀ ਮੁੱਖ ਮੰਤਰੀ ਨਾਲ ਵਿਗੜੀ ਹੋਣ ਦਾ ਪੂਰਾ ਅਸਰ ਦਿਖਾਈ ਦੇ ਰਿਹਾ ਸੀ। ਇਹੀ ਕੁਝ ਫਾਜ਼ਿਲਕਾ ਵਿੱਚ ਹੋਇਆ। ਫਾਜ਼ਿਲਕਾ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਬੈਲਟ ਬਾਕਸ ਸਟਰੌਂਗ ਵਿੱਚ ਜਮ੍ਹਾਂ ਕਰਾ ਦਿੱਤੇ ਗਏ ਸਨ ਤੇ ਮਹਿੰਦਰ ਸਿੰਘ ਗਿੱਲ ਦੀਆਂ ਇੱਥੋਂ ਕਾਫੀ ਵੋਟਾਂ ਵਧ ਗਈਆਂ ਸਨ। ਭੀੜ ਨੇ ਸਟਰੌਂਗ ਰੂਮ `ਤੇ ਜਾ ਕੇ ਹਮਲਾ ਕੀਤਾ ਤੇ ਸਟਰੌਂਗ ਰੂਮ ਵਿੱਚ ਅੱਗ ਲਾ ਦਿੱਤੀ।
ਚੋਣ ਕਮਿਸ਼ਨ ਨੇ ਸਾਰੇ ਲੋਕ ਸਭਾ ਹਲਕੇ ਵਿੱਚ ਮੁੜ ਵੋਟਾਂ ਪਾਉਣ ਦਾ ਹੁਕਮ ਦੇ ਦਿੱਤਾ। ਮਹਿੰਦਰ ਸਿੰਘ ਗਿੱਲ ਨੇ ਇਸ ਫੈਸਲੇ ਨੂੰ ਧੱਕਾ ਕਰਾਰ ਦਿੱਤਾ। ਉਨ੍ਹਾਂ ਦਾ ਤਰਕ ਸੀ ਕਿ ਲੋਕ ਸਭਾ ਹਲਕੇ `ਚ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਪੁਰ ਅਮਨ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਆਪੋ ਆਪਣੇ ਵਿਧਾਨ ਸਭਾ ਹਲਕੇ ਦੀ ਰਿਜ਼ਲਟ ਸ਼ੀਟ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਜਦੋਂ ਕਰਵਾ ਦਿੱਤੀ ਸੀ ਤਾਂ ਉਸ ਤੋਂ ਮਗਰੋਂ ਹੋਈ ਗੜਬੜ ਵਾਲਾ ਬਹਾਨਾ ਬੇਤੁਕਾ ਹੈ। ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦਾ ਟੋਟਲ ਵੀ ਰਿਟਰਨਿੰਗ ਅਫਸਰ (ਡੀ.ਸੀ.) ਨੇ ਕਰ ਲਿਆ ਸੀ, ਜਿਸ ਮੁਤਾਬਿਕ ਸ. ਗਿੱਲ ਨੂੰ 1 ਲੱਖ 96 ਹਜ਼ਾਰ ਤੇ 16 ਵੋਟਾਂ, ਜਦਕਿ ਅਕਾਲੀ ਉਮੀਦਵਾਰ ਨੂੰ 1 ਲੱਖ 94 ਹਜ਼ਾਰ ਤੇ 95 ਵੋਟਾਂ ਮਿਲੀਆਂ ਤਸਦੀਕ ਹੋਈਆਂ ਸਨ। ਜੇ ਸਾਰੇ ਦੇ ਸਾਰੇ 769 ਡਾਕ ਬੈਲਟ ਪੇਪਰ ਉਨ੍ਹਾਂ ਦੇ ਖਿਲਾਫ ਵੀ ਮੰਨ ਲਏ ਜਾਣ ਤਾਂ ਵੀ ਉਹ ਨਤੀਜੇ `ਤੇ ਕੋਈ ਅਸਰ ਨਹੀਂ ਸੀ ਪਾ ਸਕਦੇ।
ਫਾਜ਼ਿਲਕਾ ਹਲਕੇ ਦੀ ਜਦੋਂ ਰਿਜ਼ਲਟ ਸ਼ੀਟ ਰਿਟਰਨਿੰਗ ਅਫ਼ਸਰ ਕੋਲ ਪਹੁੰਚ ਚੁੱਕੀ ਸੀ ਤਾਂ ਬਾਅਦ ਵਿੱਚ ਬੈਲਟ ਬਕਸਿਆਂ ਨੂੰ ਅੱਗ ਲੱਗਣ ਦੇ ਕੋਈ ਮਾਈਨੇ ਨਹੀਂ ਰਹਿ ਜਾਂਦੇ। ਰਿਟਰਨਿੰਗ ਅਫ਼ਸਰ ਨੂੰ ਜਿੱਤ ਦਾ ਐਲਾਨ ਕਰਨਾ ਚਾਹੀਦਾ ਸੀ। ਰੋਸ ਵਜੋਂ ਸ. ਗਿੱਲ ਨੇ ਅਪ੍ਰੈਲ 1977 ਨੂੰ ਸਮੁੱਚੇ ਲੋਕ ਸਭਾ ਹਲਕੇ `ਚ ਦੁਬਾਰਾ ਕਰਾਈ ਗਈ ਪੋਲਿੰਗ ਦਾ ਬਾਈਕਾਟ ਕੀਤਾ, ਜੀਹਦੇ `ਚ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਂਈਂਆਵਾਲਾ ਜੇਤੂ ਰਹੇ। ਮਹਿੰਦਰ ਸਿੰਘ ਗਿੱਲ ਚੋਣ ਕਮਿਸਨ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਗਏ। ਸੁਪਰੀਮ ਕੋਰਟ ਨੇ ਸਮੁੱਚੇ ਲੋਕ ਸਭਾ ਹਲਕੇ `ਚ ਦੁਬਾਰਾ ਹੋਈ ਮੁੜ ਪੋਲਿੰਗ ਨੂੰ ਰੱਦ ਕਰ ਦਿੱਤਾ ਤੇ ਆਖਿਆ ਕਿ ਸਿਰਫ਼ ਫਾਜ਼ਿਲਕਾ ਵਿਧਾਨ ਸਭਾ ਹਲਕੇ ਵਿੱਚ ਦੁਬਾਰਾ ਪੋਲਿੰਗ ਕਰਾਈ ਜਾਵੇ। ਬਾਕੀ 8 ਵਿਧਾਨ ਸਭਾ ਹਲਕਿਆਂ ਦੀ ਗਿਣਤੀ 16 ਮਾਰਚ ਵਾਲੀ ਹੀ ਮੰਨੀ ਜਾਵੇ ਤੇ ਫਾਜ਼ਿਲਕਾ ਵਿੱਚ ਸਿਰਫ ਨਵੀਂ ਪੋਲਿੰਗ ਦੀ ਗਿਣਤੀ ਨੂੰ ਬਾਕੀ 8 ਹਲਕਿਆਂ ਦੀ ਪੁਰਾਣੀ ਗਿਣਤੀ ਵਿੱਚ ਜੋੜ ਕੇ ਰਿਜ਼ਲਟ ਐਲਾਨਿਆ ਜਾਵੇ। ਸੋ ਫਾਜਿਲਕਾ ਵਿੱਚ ਦੁਬਾਰਾ ਪੋਲਿੰਗ ਹੋਈ, ਉਦੋਂ ਤੱਕ ਸਿਆਸੀ ਹਾਲਾਤ ਬਦਲ ਚੁੱਕੇ ਸਨ। ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਜਨਤਾ ਪਾਰਟੀ ਦੀ ਸਰਕਾਰ ਕਾਇਮ ਹੋ ਚੁੱਕੀ ਸੀ ਤੇ ਹਰਿਆਣਾ ਵਿੱਚ ਵੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਸੀ, ਜਿਸ ਵਿੱਚ ਬਿਸ਼ਨੋਈ ਬਰਾਦਰੀ ਨਾਲ ਸਬੰਧਤ ਭਜਨ ਲਾਲ ਸਹਿਕਾਰਤਾ ਮੰਤਰੀ ਸੀ। ਫਾਜ਼ਿਲਕਾ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਬਿਸ਼ਨੋਈ ਵੋਟਰ ਹੋਣ ਕਰਕੇ ਸ. ਬਾਦਲ ਨੇ ਭਜਨ ਲਾਲ ਨੂੰ ਵੀ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਸੱਦਿਆ ਸੀ। ਸੋ ਇੱਥੋਂ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਬਹੁਤ ਘੱਟ ਗਈਆਂ। ਜਦੋਂ ਇਨ੍ਹਾਂ ਨੂੰ ਬਾਕੀ 8 ਵਿਧਾਨ ਸਭਾ ਹਲਕਿਆਂ ਦੀਆਂ ਪਹਿਲੀਆਂ ਵੋਟਾਂ ਨਾਲ ਜੋੜ ਕੇ ਦੇਖਇਆ ਗਿਆ ਤਾਂ ਕੁੱਲ ਮਿਲਾ ਕੇ ਗਿੱਲ ਦੀਆਂ ਵੋਟਾਂ ਘੱਟ ਗਈਆਂ ਤੇ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ।
1977 `ਚ ਹੋਈ ਲੋਕ ਸਭਾ ਚੋਣ ਦੌਰਾਨ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਸਣੇ ਸਾਰੀ ਕਾਂਗਰਸ ਪਾਰਟੀ ਚੋਣ ਹਾਰ ਗਈ ਸੀ ਤੇ ਜਨਤਾ ਪਾਰਟੀ ਸਰਕਾਰ ਬਣ ਗਈ ਸੀ। ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਕਾਂਗਰਸ ਨੂੰ ਇੱਕ ਵੀ ਸੀਟ ਹਾਸਲ ਨਹੀਂ ਸੀ ਹੋਈ। ਅਜਿਹੇ ਹਾਲਾਤ ਵਿੱਚ ਮਹਿੰਦਰ ਸਿੰਘ ਗਿੱਲ ਦਾ ਚੋਣ ਵਿੱਚ ਆਪਣੇ ਵਿਰੋਧੀ ਉਮੀਦਵਾਰ ਤੋਂ ਵੱਧ ਵੋਟਾਂ ਲੈ ਜਾਣਾ ਮਾਅਨੇ-ਖੇਜ ਸੀ। ਕਾਂਗਰਸ ਪਾਰਟੀ ਨੇ ਇਸ ਹਾਰ ਲਈ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਕਰਾਰ ਦੇ ਕੇ ਦਰ-ਕਿਨਾਰ ਕਰਨਾ ਸ਼ੁਰੂ ਕਰ ਦਿੱਤਾ। 1978 `ਚ ਇੰਦਰਾ ਗਾਂਧੀ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਇਹਦਾ ਨਾਂ ਕਾਂਗਰਸ (ਇੰਦਰਾ) ਰੱਖ ਲਿਆ। ਮਹਿੰਦਰ ਸਿੰਘ ਗਿੱਲ ਇੰਦਰਾ ਵਾਲੀ ਕਾਂਗਰਸ ਵਿੱਚ ਨਾ ਗਏ। ਇੰਦਰਾ ਕਾਂਗਰਸ ਦੀ ਚੜ੍ਹਤ ਹੋ ਗਈ ਤੇ ਉਹ 1980 `ਚ ਮੁੜ ਸੱਤਾ `ਚ ਆ ਗਈ। ਮੁੱਖ ਕਾਂਗਰਸ ਸਿਆਸੀ ਤੌਰ `ਤੇ ਖਤਮ ਹੋ ਗਈ ਤੇ ਨਤੀਜੇ ਵਜੋਂ ਮਹਿੰਦਰ ਸਿੰਘ ਗਿੱਲ ਵੀ ਸਿਆਸੀ ਤੌਰ `ਤੇ ਲੋਪ ਹੋ ਗਏ।
ਹੁਣ ਗੱਲ ਕਰੀਏ ਉਸ ਦਿਲਚਸਪ ਕਿੱਸੇ ਦੀ ਜਦੋਂ ਇੱਕ ਟੈਲੀਫੋਨ ਕਾਲ ਨੇ ਉਨ੍ਹਾਂ ਦਾ ਸਿਆਸੀ ਬਨਵਾਸ ਤੋੜਿਆ। ਇਹ ਗੱਲ 1992 ਦੀ ਹੈ, ਜਦੋਂ ਪੰਜਾਬ ਵਿੱਚ ਬਾਈਕਾਟ ਵਾਲੀ ਵਿਧਾਨ ਸਭਾ ਚੋਣ ਹੋਈ। ਮਹਿੰਦਰ ਸਿੰਘ ਗਿੱਲ ਆਪਣੇ ਪੁਰਾਣੇ ਸਿਆਸੀ ਰਿਸ਼ਤਿਆਂ ਦੀ ਬਦੌਲਤ ਬਨੂੜ ਹਲਕੇ ਤੋਂ ਟਿਕਟ ਲੈ ਆਏ। ਉਸ ਮੌਕੇ ਖੜਕੂਵਾਦ ਦੀ ਵਜਾਹ ਕਰਕੇ ਹਰੇਕ ਬੰਦਾ ਚੋਣ ਲੜਨ ਤੋਂ ਡਰਦਾ ਸੀ। 1991 ਵਾਲੀ ਰੱਦ ਹੋਈ ਚੋਣ `ਚ ਕਾਂਗਰਸ ਨੇ ਬਾਈਕਾਟ ਕੀਤਾ ਸੀ ਅਤੇ ਅਕਾਲੀ ਦਲ ਨੇ ਚੋਣ ਲੜੀ ਸੀ। ਅਕਾਲੀ ਦਲ ਸਮੇਤ ਹੋਰ ਦਰਜਨਾਂ ਉਮੀਦਵਾਰਾਂ ਦਾ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ। ਐਤਕੀਂ ਅਕਾਲੀ ਦਲ ਦਾ ਬਾਈਕਾਟ ਸੀ ਤੇ ਕਾਂਗਰਸ ਚੋਣ ਲੜ ਰਹੀ ਸੀ। ਖਾੜਕੂਆਂ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਵੋਟਾਂ ਪਾਉਣ ਵਾਲੀਆਂ `ਤੇ ਹਮਲਿਆਂ ਦੀ ਚੇਤਾਵਨੀ ਦਿੱਤੀ ਹੋਈ ਸੀ। ਇਸ ਹਾਲਾਤ ਵਿੱਚ ਟਿਕਟ ਹਾਸਲ ਕਰਨ ਖਾਤਰ ਕੋਈ ਖਾਸ ਤਰੱਦਦ ਨਹੀਂ ਸੀ ਕਰਨਾ ਪਿਆ, ਬਲਕਿ ਕਈ ਥਾਂਈਂ ਤਾਂ ਬਹੁਤ ਜੋਰ ਪਾ ਕੇ ਉਮੀਦਵਾਰਾਂ ਨੂੰ ਕਾਂਗਰਸ ਦਾ ਟਿਕਟ ਲੈਣ ਲਈ ਮਨਾਇਆ ਗਿਆ। ਇਸ ਹਾਲਾਤ `ਚ ਟਿਕਟ ਤਾਂ ਸੁਖਾਲਾ ਮਿਲ ਗਿਆ, ਪਰ ਅਗਾਂਹ ਦੀ ਰਾਹ ਮਹਿੰਦਰ ਸਿੰਘ ਗਿੱਲ ਵਾਸਤੇ ਔਖੀ ਸੀ। ਬਨੂੜ ਹਲਕਾ ਉਨ੍ਹਾਂ ਦੇ ਆਪਣੇ ਹਲਕੇ ਤੋਂ 250 ਕਿਲੋਮੀਟਰ ਦੂਰ ਪੰਜਾਬ ਦੇ ਦੂਜੇ ਸਿਰੇ `ਤੇ ਪੈਂਦਾ ਹੋਣ ਕਰਕੇ ਉਨ੍ਹਾਂ ਦੀ ਨਾ ਕੋਈ ਜਾਣ-ਪਛਾਣ ਸੀ ਅਤੇ ਨਾ ਕੋਈ ਰਿਸ਼ਤੇਦਾਰੀ ਸੀ। ਪਾਰਟੀ ਵੱਲੋਂ ਕੋਈ ਚੋਣ ਮੁਹਿੰਮ ਨਹੀਂ ਸੀ ਤੇ ਸਾਰਾ ਕੰਮ ਉਮੀਦਵਾਰ ਨੂੰ ਖੁਦ ਹੀ ਕਰਨਾ ਪੈਣਾ ਸੀ। ਟਿਕਟ ਲੈ ਕੇ ਚੰਡੀਗੜ੍ਹੋਂ ਹਲਕੇ ਵਿੱਚ ਵੜਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਨੇ ਦੱਸ ਪਾਈ ਸੀ ਕਿ ਹਲਕੇ ਇੱਕ ਵੱਡੇ ਪਿੰਡ ਲਾਲੜੂ ਮੰਡੀ ਵਿੱਚ ਇੱਕ ਪੈਟਰੋਲ ਪੰਪ ਦਾ ਮਾਲਕ ਲਾਲਾ ਵਾਸਦੇਵ ਕਾਂਗਰਸੀ ਹੈਗਾ, ਤੂੰ ਉਹਦੇ ਕੋਲ ਚਲਿਆ ਜਾਹ। ਸੋ ਉਨ੍ਹਾਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਇਉਂ ਸ਼ੁਰੂ ਹੋਈ।
ਮੁੱਖ ਅਕਾਲ਼ੀ ਦਲ ਭਾਵੇਂ ਬਾਈਕਾਟ ਸੀ, ਪਰ ਇੱਕ ਛੋਟਾ ਜਿਹਾ ਬਰਨਾਲਾ ਅਕਾਲੀ ਦਲ ਪੰਜਾਬ ਦੀਆਂ 5-7 ਸੀਟਾਂ `ਤੇ ਚੋਣ ਲੜ ਰਿਹਾ ਸੀ। ਬਨੂੜ ਤੋਂ ਕੈਪਟਨ ਕੰਵਲਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਉਮੀਦਵਾਰ ਸਨ, ਜੋ ਕਾਂਗਰਸ ਅਤੇ ਮਹਿੰਦਰ ਸਿੰਘ ਦੇ ਮੁੱਖ ਵਿਰੋਧੀ ਉਮੀਦਵਾਰ ਸਨ। ਖਾੜਕੂਆਂ ਦੀ ਦਹਿਸ਼ਤ ਕਰਕੇ ਵੋਟਰਾਂ ਦੀ ਗਿਣਤੀ ਨਾਂ-ਮਾਤਰ ਹੋਣ ਦਾ ਅੰਦਾਜ਼ਾ ਸਰਕਾਰ ਨੂੰ ਸੀ। ਅਕਾਲੀ ਵੋਟਰਾਂ ਨੇ ਤਾਂ ਆਪਣੀ ਮਰਜੀ ਨਾਲ ਹੀ ਘਰੇ ਬੈਠਣਾ ਸੀ, ਜਦਕਿ ਦੂਜੇ ਵੋਟਰਾਂ ਨੇ ਦਹਿਸ਼ਤ ਕਰਕੇ ਪੋਲਿੰਗ ਬੂਥਾਂ `ਤੇ ਨਹੀਂ ਸੀ ਆਉਣਾ, ਜੀਹਦੇ ਕਰਕੇ ਕੇਂਦਰ ਸਰਕਾਰ ਦੀ ਫਜੀਹਤ ਹੋਣੀ ਸੀ। ਵੋਟਰਾਂ ਦੀ ਗਿਣਤੀ ਵਧਾਉਣ ਲਈ ਚੋਣ ਅਮਲੇ ਨੂੰ ਹਦਾਇਤ ਸੀ ਕਿ ਜਿਹੜਾ ਮਰਜੀ ਵੋਟ ਪਾਉਣ ਆਵੇ, ਤੁਸੀ ਉਹਨੂੰ ਰੋਕਣਾ ਟੋਕਣਾ ਨਹੀਂ ਤੇ ਨਾ ਹੀ ਉਸ ਦੀ ਸ਼ਨਾਖਤ ਪੁੱਛਣੀ ਹੈ, ਬਸ ਵੋਟ ਪਰਚੀ ਉਹਦੇ ਹੱਥ `ਚ ਫੜਾ ਦੇਣੀ ਹੈ।
ਮਹਿੰਦਰ ਸਿੰਘ ਗਿੱਲ ਆਪਣੀ ਜਿੱਤ ਬਾਬਤ ਇਸ ਅੰਦਾਜ਼ੇ ਕਰਕੇ ਆਸਵੰਦ ਸਨ ਕਿ ਅਕਾਲੀ ਵੋਟਰਾਂ ਨੇ ਤਾਂ ਘਰੋਂ ਵੋਟ ਪਾਉਣ ਨਿਕਲਣਾ ਨਹੀਂ, ਜਿੰਨੀਆਂ ਕੁ ਵੋਟਾਂ ਪਈਆਂ, ਉਹ ਕਾਂਗਰਸ ਦੀਆਂ ਹੀ ਹੋਣਗੀਆਂ। ਮਹਿੰਦਰ ਸਿੰਘ ਗਿੱਲ ਨੇ ਮੈਨੂੰ ਚੰਡੀਗੜ੍ਹ ਵਿਚਲੀ ਦੋ ਸੈਕਟਰ ਵਾਲੀ ਕੋਠੀ ਵਿੱਚ 1998 ਦੌਰਾਨ ਇਹ ਗੱਲ ਸੁਣਾਈ ਕਿ 1992 ਵਾਲੀ ਇਲੈਕਸ਼ਨ `ਚ ਬਨੂੜ ਦੇ ਪੋਲਿੰਗ ਸਟੇਸ਼ਨ ਦੇ ਬਾਹਰ ਜਾ ਕੇ ਮੈਂ ਦੇਖਿਆ ਕਿ ਕੈਪਟਨ ਕੰਵਲਜੀਤ ਸਿੰਘ ਦੇ ਬੰਦੇ ਬੱੲ੍ਹੀਆਂ ਦੀਆਂ ਵੋਟਾਂ ਭੁਗਤਾ ਰਹੇ ਸਨ। ਦੋ ਟਰੱਕਾਂ ਵਿੱਚ ਉਨ੍ਹਾਂ ਨੇ ਬੱੲ੍ਹੀਏ ਭਰੇ ਹੋਏ ਸਨ, ਜੀਹਨਾ ਦਾ ਪ੍ਰੋਗਰਾਮ ਇਹ ਸੀ ਕਿ ਇੱਕ ਬੂਥ ਵਿੱਚ ਵੋਟਾਂ ਭੁਗਤਾ ਕੇ ਓਹੀ ਦੂਜੇ ਬੂਥਾਂ ਵਿੱਚ ਜਾ ਕੇ ਵੋਟਾਂ ਭੁਗਤਾ ਦੇਣ। ਕਿਉਂਕਿ ਰੋਕ ਟੋਕ ਕੋਈ ਨਹੀਂ ਸੀ ਤੇ ਇਹ ਵੀ ਹਦਾਇਤ ਸੀ ਕਿ ਜੇ ਕੋਈ ਉਂਗਲੀ `ਤੇ ਨਿਸ਼ਾਨ ਲਵਾਉਣ ਤੋਂ ਮਨ੍ਹਾ ਕਰੇ ਤਾਂ ਨਿਸ਼ਾਨ ਨਾ ਲਾਇਆ ਜਾਵੇ।
ਮਹਿੰਦਰ ਸਿੰਘ ਗਿੱਲ ਨੇ ਦੱਸਿਆ ਸੀ ਕਿ ਮੈਨੂੰ ਜਿੱਤਣ ਦੀ ਉਮੀਦ ਖਤਮ ਹੁੰਦੀ ਜਾਪੀ। ਨਿਰਾਸ਼ ਹੋ ਕੇ ਮੈਂ ਬਨੂੜ-ਚੰਡੀਗੜ੍ਹ ਰੋਡ `ਤੇ ਬੱਸ ਸਟਾਪ ਕੋਲ ਇੱਕ ਬੈਂਚ `ਤੇ ਆ ਕੇ ਬੈਠ ਗਿਆ। ਸੜਕ ਦੇ ਦੂਜੇ ਪਾਰ ਮੈਨੂੰ ਇੱਕ ਟੈਲੀਫੋਨ ਪੀ.ਸੀ.ਓ. ਨਜ਼ਰ ਆਇਆ। ਮੇਰੇ ਕੋਲ ਪੰਜਾਬ ਸਰਕਾਰ ਦੀ ਸਰਕਾਰੀ ਟੈਲੀਫੋਨਾਂ ਵਾਲੀ ਡਾਇਰੀ ਸੀ। ਮੈਂ ਇੱਕ ਬੇਉਮੀਦਾ ਜਿਹਾ ਹੰਬਲਾ ਮਾਰਨ ਦੀ ਕੋਸ਼ਿਸ ਕੀਤੀ। ਪੀ.ਸੀ.ਓ. ਉਤੇ ਜਾ ਕੇ ਮੈਂ ਡੀ.ਜੀ.ਪੀ. ਪੰਜਾਬ ਦੀ ਰਿਹਾਇਸ਼ ਦਾ ਫੋਨ ਨੰਬਰ ਮਿਲਾਇਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੂਹਰਿਓਂ ਆਵਾਜ਼ ਆਈ, “ਮੈਂ ਕੇ.ਪੀ.ਐਸ. ਗਿੱਲ ਬੋਲਦਾ ਹਾਂ, ਦੱਸੋ ਕੀ ਪਰੌਬਲਮ ਹੈ?” ਮੈਂ ਜਵਾਬ ਦਿੱਤਾ, “ਗਿੱਲ ਸਾਹਿਬ, ਮੈਂ ਤੁਹਾਡਾ ਗੋਤੀ ਮਹਿੰਦਰ ਸਿੰਘ ਗਿੱਲ ਬੋਲਦਾ ਹਾਂ। ਅੱਜ ਤੁਹਾਡੇ ਗਿੱਲ ਭਰਾ ਦੀ ਜਿੱਤ-ਹਾਰ ਤੁਹਾਡੀ ਮੁੱਠੀ ਵਿੱਚ ਹੈ।” “ਹਾਂ ਹਾਂ ਦੱਸੋ ਕੀ ਚਾਹੁੰਦੇ ਹੋ?” ਡੀ.ਜੀ.ਪੀ. ਨੇ ਜਵਾਬ ਦਿੱਤਾ। ਮੈਂ ਕਿਹਾ, ਜਨਾਬ ਬਨੂੜ ਕਸਬੇ `ਚ ਬੱੲ੍ਹੀਆਂ ਦੇ ਟਰੱਕ ਵੋਟਾਂ ਭੁਗਤਾ ਰਹੇ ਨੇ, ਜੇ ਇਹ ਟਰੱਕ ਰੋਕ ਦਿਓ ਤਾਂ ਮੈਂ ਜਿੱਤ ਸਕਦਾ ਹਾਂ। ਕੇ.ਪੀ.ਐਸ. ਗਿੱਲ ਨੇ ਮੇਰੀ ਗੱਲ ਅੱਧ ਵਿਚਾਲਿਓਂ ਬੁੱਚ ਕੇ ਕਿਹਾ, “ਹੁਣੇ ਲੈ, ਇਕੱਲੇ ਬਨੂੜ ਕਸਬੇ ਕੀ ਮੈਂ ਹੁਣੇ ਸਮੁੱਚੇ ਹਲਕੇ `ਚ ਹੀ ਘੁੰਮ ਰਹੇ ਸਾਰੇ ਟਰੱਕ ਜਬਤ ਕਰਨ ਦਾ ਹੁਕਮ ਦੇ ਦਿੰਨਾਂ ਵਾਂ, ਇੰਨੇ ਨਾਲ ਸਰ ਜਊ?” ਮੈਂ ਕਿਹਾ, ਨਹੀਂ ਗਿੱਲ ਭਰਾਵਾ ਇੰਨਾ ਹੀ ਬਥੇਰਾ ਹੈ। ਦਸਾਂ ਮਿੰਟਾਂ `ਚ ਪੁਲਿਸ ਟਰੱਕਾਂ ਨੂੰ ਘੇਰ ਕੇ ਠਾਣੇ ਲੈ ਗਈ। ਟਰੱਕ ਰੁਕਣ ਦਾ ਨਤੀਜਾ ਇਹ ਨਿਕਲਿਆ ਕਿ ਮੈਂ ਜਿੱਤ ਗਿਆ। ਇਹ ਮਹਿੰਦਰ ਸਿੰਘ ਗਿੱਲ ਵੱਲੋਂ ਨਵਾਂ ਸਿਆਸੀ ਜਨਮ ਲੈਣ ਦੀ ਕਹਾਣੀ ਹੈ, ਜਿਹੜੀ ਉਨ੍ਹਾਂ ਨੇ ਮੈਨੂੰ ਖੁਦ ਸੁਣਾਈ ਸੀ।