ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ।
ਫੋਨ: 1-604-369-2371
ਉਸ ਦੇ ਸਧਾਰਨ ਪਰਿਵਾਰ ਵਿਚੋਂ ਸ਼ਾਇਦ ਕਿਸੇ ਨੇ ਕਦੇ ਪਿੰਡ ਦੇ ਪੰਚ ਦੀ ਚੋਣ ਲੜਨ ਦਾ ਸੋਚਿਆ ਵੀ ਨਾ ਹੋਵੇ, ਪਰ ਜਦੋਂ ਉਸ ਨੂੰ ਰਾਜ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਤੋਂ ਅਸੈਂਬਲੀ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ।
ਉਹ ਆਪਣੇ ਮਿੱਤਰਾਂ ਲਈ ਅਸੈਂਬਲੀ ਸੀਟ ਲਈ ਮੁੱਖ ਮੰਤਰੀ ਕੋਲ ਸਿਫ਼ਾਰਿਸ਼ ਕਰ ਦਿੰਦਾ। ਗੁਆਂਢੀ ਰਾਜ ਵਿੱਚ ਵੀ ਜ਼ੋਰ ਪਾ ਕੇ ਕਿਸੇ ਜਾਣ-ਪਛਾਣ ਵਾਲੇ ਨੂੰ (ਉਸ ਰਾਜ ਦੇ ਮੁੱਖ ਮੰਤਰੀ ਦੇ ਵਿਰੋਧ ਦੇ ਬਾਵਜੂਦ) ਸੀਟ ਦਿਵਾ ਦਿੰਦਾ, ਪਰ ਜਦ ਆਪਣੇ ਰਾਜ ਦੇ ਮੁੱਖ ਮੰਤਰੀ ਨੇ ਉਸ ਨੂੰ ਕੋਈ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਕੋਰੀ ਨਾਂਹ ਕਰ ਦਿੱਤੀ। ਮੁੱਖ ਮੰਤਰੀ ਨੇ ਉਸ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ ਸਰਕਾਰੀ ਫਲੈਟ ਲੈਣ ਲਈ ਕਿਹਾ ਤਾਂ ਵੀ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਫਲੈਟ ਦੀ ਮਹੀਨੇ ਦੀ ਕਿਸ਼ਤ ਉਸ ਦੀ ਤਨਖਾਹ ਨਾਲੋਂ ਜ਼ਿਆਦਾ ਹੈ।
ਉਸ ਨੇ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਵਿਚਰਦੇ ਹੋਏ ਦੇਖਿਆ ਕਿ ਕੁਝ ਚਾਪਲੂਸ ਕਿਸਮ ਦੇ ਅਫਸਰ, ਮੁੱਖ ਮੰਤਰੀ ਨੂੰ ਹਨੇਰੇ ਵਿੱਚ ਰੱਖ ਕੇ ਨਾਜਾਇਜ਼ ਫਾਇਦਾ ਲੈ ਰਹੇ ਹਨ, ਤਾਂ ਉਸ ਨੇ ਸਬੂਤਾਂ ਸਮੇਤ ਮੁੱਖ ਮੰਤਰੀ ਨੂੰ ਅਸਲੀਅਤ ਤੋਂ ਜਾਣੂ ਕਰਵਾ ਕੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ।
ਇੱਕ ਵਾਰ ਮੁੱਖ ਮੰਤਰੀ ਨੇ ਉਸ ਨੂੰ ਆਪਣੀ ਥਾਂ ਪੁਲਿਸ ਮੁਖੀ ਵੱਲੋਂ ਬੁਲਾਈ ਵੱਡੇ ਪੁਲਿਸ ਅਫਸਰਾਂ ਦੀ ਮੀਟਿੰਗ ਵਿੱਚ ਭੇਜ ਦਿੱਤਾ। ਜਦੋਂ ਉਸ ਨੇ ਕਿਸੇ ਮੁੱਦੇ `ਤੇ ਪੁਲਿਸ ਮੁਖੀ (ਜਿਸ ਨੂੰ ‘ਸੁਪਰ ਕਾਪ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦੀ ਗੱਲ ਕੱਟ ਕੇ ਮੁੱਖ ਮੰਤਰੀ ਦਾ ਪੱਖ ਪੇਸ਼ ਕੀਤਾ ਤਾਂ ਪੁਲਿਸ ਮੁਖੀ ਨੇ ਉਸ `ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਕੋਈ ਗੁਮਰਾਹ ਕਰ ਰਿਹਾ ਹੈ। ਇਹ ਸੁਣ ਕੇ ਉਹ ਮੀਟਿੰਗ ਵਿੱਚੋਂ ਵਾਕ ਆਊਟ ਕਰ ਗਿਆ। ਜਦੋਂ ਇਸ ਮੀਟਿੰਗ ਤੋਂ ਬਾਅਦ ਉਹ ਮੁੱਖ ਮੰਤਰੀ ਨੂੰ ਮਿਲਣ ਗਿਆ ਤਾਂ ਮੁੱਖ ਮੰਤਰੀ ਉਸ ਨੂੰ ਕਹਿੰਦੇ ਕਿ ਉਸ ਨੇ ਪੁਲਿਸ ਮੁਖੀ ਦੀ ਬੇਇਜ਼ਤੀ ਕਰ ਦਿੱਤੀ। ਇਹ ਸੁਣਦੇ ਹੀ ਉਹ ਮੁੱਖ ਮੰਤਰੀ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਪਟਿਆਲੇ ਆਪਣੇ ਘਰ ਪਹੁੰਚ ਜਾਂਦਾ ਹੈ। ਤੀਜੇ ਦਿਨ ਮੁੱਖ ਮੰਤਰੀ ਉਸ ਨੂੰ ਆਪ ਫੋਨ ਕਰਕੇ ਚੰਡੀਗੜ੍ਹ ਬੁਲਾਉਂਦਾ ਹੈ ਤਾਂ ਉਸ ਨੂੰ ਅਸਲੀ ਗੱਲ ਦੀ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਮੁੱਖ ਮੰਤਰੀ ਹੀ ਉਸ ਨਾਲ ਇਹ ਗੱਲ ਸਾਂਝੀ ਕਰਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਸ ਨੂੰ ਹੋਮ ਮਨਿਸਟਰ ਬਣਾਉਣਾ ਚਾਹੁੰਦਾ ਹੈ ਅਤੇ ਇੱਕ ਸਟੇਜ `ਤੇ ਇਹ ਵੀ ਦੱਸਦਾ ਹੈ ਕਿ ਉਸ ਨੂੰ ਇਹ ਖ਼ਦਸ਼ਾ ਹੈ ਕਿ ਉਸ ਨੂੰ, ਗੁਆਂਢੀ ਰਾਜ ਦੇ ਮੁੱਖ ਮੰਤਰੀ ਜਾਂ ਆਪਣੇ ਰਾਜ ਦੇ ਪੁਲਿਸ ਮੁਖੀ ਵਿਚੋਂ ਕਿਸੇ ਇੱਕ ਨੂੰ ‘ਮਨੁੱਖੀ ਬੰਬ’ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਜਦੋਂ ਰਾਜ ਦੀ ਮੁੱਖ ਵਿਰੋਧੀ ਪਾਰਟੀ ਦਾ ਪ੍ਰਧਾਨ ਉਸ ਨੂੰ ਖਾਸ ਤੌਰ `ਤੇ ਆਪਣੇ ਕੋਲ ਬੁਲਾ ਕੇ ਇਹ ਸ਼ੱਕ ਜ਼ਾਹਰ ਕਰਦਾ ਹੈ ਕਿ ਸ਼ਾਇਦ ਸਮੇਂ ਦੀ ਸਰਕਾਰ ਉਸ ਨੂੰ ਕਿਸੇ ਝੂਠੇ ਕਤਲ ਕੇਸ ਵਿੱਚ ਨਾਮਜ਼ਦ ਕਰਨ ਦੀ ਗੋਂਦ ਗੁੰਦ ਰਹੀ ਹੈ ਤਾਂ ਉਹ ਇਹ ਗੱਲ ਮੁੱਖ ਮੰਤਰੀ ਨਾਲ ਕਰਕੇ ਦੂਜੇ ਵੱਡੇ ਨੇਤਾ ਦਾ ਸ਼ੱਕ ਦੂਰ ਕਰਦਾ ਹੈ ਅਤੇ ਉਸ ਨੇਤਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕਰਵਾ ਦਿੰਦਾ ਹੈ।
ਮੁੱਖ ਮੰਤਰੀ ਨੂੰ ਉਸ `ਤੇ ਅਜਿਹਾ ਵਿਸ਼ਵਾਸ ਸੀ ਕਿ ਪਾਰਟੀ ਦੇ ਹੈੱਡਕੁਆਰਟਰ ਦਿੱਲੀ ਤੋਂ ਜੋ ਖਾਸ ਸੁਨੇਹੇ ਪਹੁੰਚਦੇ ਸੀ ਜਾਂ ਭੇਜਣੇ ਹੁੰਦੇ ਸੀ ਤਾਂ ਇਹ ਕੰਮ ਉਹੀ ਕਰਦਾ।
ਕੈਪਟਨ ਅਮਰਿੰਦਰ ਸਿੰਘ ਨਾਲ ਉਸ ਦੀ ਨੇੜਤਾ ਵੀ ਰਹੀ ਅਤੇ ਇੱਕ ਵਾਰ ਜਦੋਂ ਕੈਪਟਨ ਸਾਹਿਬ ਉਸ ਨਾਲ ਔਖੇ-ਭਾਰੇ ਹੋਏ ਤਾਂ ਉਸ ਨੇ ਬਾਅਦ ਵਿੱਚ ਉਨ੍ਹਾਂ ਵੱਲੋਂ ਬੁਲਾਏ ਜਾਣ `ਤੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਦੂਜੀ ਪਾਰਟੀ ਦੀ ਸਰਕਾਰ ਆਉਣ `ਤੇ ਉਸਦੀ ਬਦਲੀ ਪਟਿਆਲੇ ਤੋਂ ਫਰੀਦਕੋਟ ਕਰਵਾ ਦਿੱਤੀ ਅਤੇ ਉਹ ਐਤਵਾਰ ਨੂੰ ਵੀ ਘਰ ਨਾ ਆ ਸਕੇ, ਇਸ ਲਈ ਨਾਲ ਲੱਗਦੇ ਜਿਲ੍ਹੇ ਦਾ ਵਾਧੂ ਚਾਰਜ ਵੀ ਦੇ ਦਿੱਤਾ। ਤਕਰੀਬਨ ਇੱਕ ਸਾਲ ਬਾਅਦ ਉਹ ਆਪਣੇ ਬਲਬੁੱਤੇ ਬਦਲੀ ਕਰਵਾ ਕੇ ਪਟਿਆਲਾ ਆਇਆ, ਪਰ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ ਗਈਆਂ।
ਜਦੋਂ ਦੂਜੀ ਪਾਰਟੀ ਦੀ ਸਰਕਾਰ ਆਈ ਤਾਂ ਇੱਕ ਵਾਰ ਉਸ ਸਰਕਾਰ ਦੇ ਮੁੱਖ ਮੰਤਰੀ ਨੇ ਉਸ ਨੂੰ ਖਾਸ ਤੌਰ `ਤੇ ਆਪਣੇ ਦਫਤਰ ਵਿੱਚ ਬੁਲਾ ਕੇ ਐਸ. ਜੀ. ਪੀ. ਸੀ. ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਲਈ ਕਿਹਾ। ਮੁੱਖ ਮੰਤਰੀ ਅਨੁਸਾਰ ਐਸ. ਜੀ. ਪੀ. ਸੀ. ਦੇ ਕੁਝ ਮੈਂਬਰ ਉਸ ਦੇ ਨਜ਼ਦੀਕ ਸਨ।
ਉਸੇ ਸਰਕਾਰ ਦੇ ਖਜ਼ਾਨਾ ਮੰਤਰੀ ਨਾਲ ਉਸ ਦੀ ਗੂੜ੍ਹੀ ਸਾਂਝ ਸੀ। ਇਸ ਲਈ ਉਹ ਜਦੋਂ ਵੀ ਮੰਤਰੀ ਨੂੰ ਮਿਲਣ ਜਾਂਦਾ ਤਾਂ ਇਹ ਕਿਹਾ ਜਾਂਦਾ ਕਿ ‘ਛੋਟਾ ਖਜ਼ਾਨਾ ਮੰਤਰੀ’ ਆ ਗਿਆ। ਇੱਕ ਵਾਰ ਜਦੋਂ ਖਜ਼ਾਨਾ ਮੰਤਰੀ ਆਪਣੇ ਦਫਤਰ ਦੇ ਰਿਟਾਇਰਿੰਗ ਰੂਮ ਵਿੱਚ ਉਸ ਨਾਲ ਕੋਈ ਸਲਾਹ ਮਸ਼ਵਰਾ ਕਰ ਰਹੇ ਸੀ ਤਾਂ ਇੱਕ ਹੋਰ ਮੰਤਰੀ ਧੱਕੇ ਨਾਲ ਹੀ ਰਿਟਾਇਰਿੰਗ ਰੂਮ ਵਿੱਚ ਆ ਗਿਆ। ਖਜ਼ਾਨਾ ਮੰਤਰੀ ਨੇ ਉਸ ਮੰਤਰੀ ਨੂੰ ਦਫਤਰ ਵਿੱਚ ਬੈਠਣ ਲਈ ਕਿਹਾ। ਇਸ `ਤੇ ਦੂਜਾ ਮੰਤਰੀ ਕਹਿੰਦਾ ਕਿ ਸਾਡੇ ਨਾਲੋਂ ਤਾਂ ਕਲਰਕ ਹੀ ਚੰਗਾ ਹੈ।
ਜਦੋਂ ਉਸ ਦੀ ਸੇਵਾ ਮੁਕਤੀ ਦਾ ਸਮਾਂ ਆਇਆ ਤਾਂ ਰਾਜ ਦੇ ਤਤਕਾਲੀ ਮੁੱਖ ਸਕੱਤਰ ਵੱਲੋਂ ਇਹ ਸੁਨੇਹਾ ਆਇਆ ਕਿ ਜਿਵੇਂ ਤੁਸੀਂ ਦੂਜੀ ਪਾਰਟੀ ਦੇ ਮੁੱਖ ਮੰਤਰੀ ਨਾਲ ਰਹਿ ਕੇ ਲੋਕ ਸੰਪਰਕ ਦਾ ਕੰਮ ਕਰਦੇ ਸੀ, ਮੌਜੂਦਾ ਮੁੱਖ ਮੰਤਰੀ ਇਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨਾਲ ਵੀ ਕੰਮ ਕਰੋ, ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ, ਪਰ ਉਸ ਨੇ ਨਾਂਹ ਕਰ ਦਿੱਤੀ। ਬਾਅਦ ਵਿੱਚ ਇੱਕ ਹੋਰ ਆਈ. ਏ. ਐਸ. ਅਫਸਰ ਨੇ ਵੀ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਉਨ੍ਹਾਂ ਦੀ ਨਾਂਹ, ਹਾਂ ਵਿੱਚ ਨਾ ਬਦਲੀ।
ਜਿਸ ਵਿਅਕਤੀ ਵਿਸ਼ੇਸ਼ ਸਬੰਧੀ ਉੱਪਰ ਐਨਾ ਕੁਝ ਲਿਖਿਆ ਗਿਆ ਹੈ, ਉਹ ਕੋਈ ਆਈ. ਏ. ਐਸ. ਜਾਂ ਆਈ. ਪੀ. ਐਸ. ਅਫਸਰ ਨਹੀਂ ਅਤੇ ਨਾ ਹੀ ਕਿਸੇ ਵੱਡੇ ਰਾਜਸੀ ਪਰਿਵਾਰ ਵਿਚੋਂ ਹੈ। ਉਹ ਤਾਂ ਅਜਿਹਾ ਮਿੱਠ-ਬੋਲੜਾ, ਇਮਾਨਦਾਰ ਅਤੇ ਨਿਮਰ ਇਨਸਾਨ ਹੈ, ਜਿਸ ਨੇ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਹਮੇਸ਼ਾ ਆਦਰ ਸਤਿਕਾਰ ਦਿੱਤਾ, ਆਪਣੀਆਂ ਸਰਕਾਰੀ ਸਹੂਲਤਾਂ ਨੂੰ ਕਦੇ ਵੀ ਪਰਿਵਾਰ ਲਈ ਨਹੀਂ ਵਰਤਿਆ, ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਜ਼ਿੰਦਗੀ ਵਿੱਚ ਸਫਲਤਾ ਦੇ ਰਾਹ `ਤੇ ਤੋਰਿਆ ਅਤੇ ਉਨ੍ਹਾਂ ਦੀ ਜੀਵਨ ਸਾਥਣ ਨੇ ਨੌਕਰੀ ਵੀ ਕੀਤੀ ਤੇ ਪਰਿਵਾਰ ਨੂੰ ਵੀ ਸਾਂਭਿਆ। ਇਸ ਸੁਹਿਰਦ ਇਨਸਾਨ ਦਾ ਸੁਪਨਾ ਸੀ ਕਿ ਐਮ. ਏ. ਕਰਕੇ ਕਾਲਜ ਲੈਕਚਰਾਰ ਬਣੇ, ਪਰ ਬਣ ਗਿਆ ਪੰਜਾਬ ਸਰਕਾਰ ਦਾ ਲੋਕ ਸੰਪਰਕ ਅਧਿਕਾਰੀ, ਜਿਹੜਾ ਆਪਣੇ ਲੰਬੇ ਕੱਦ ਕਰਕੇ ਜ਼ਮੀਨ ਤੋਂ ਭਾਵੇਂ ਛੇ ਫੁੱਟ ਉੱਚਾ ਅਤੇ ਧੌਣ ਸਿੱਧੀ ਕਰਕੇ ਤੁਰਦਾ ਰਿਹਾ, ਜਿਸ ਦੀ ਪਹੁੰਚ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਦਫਤਰ ਤੱਕ ਰਹੀ, ਪਰ ਉਸ ਨੇ ਆਪਣੀ ਇਸ ਪਹੁੰਚ ਨੂੰ ਆਪਣੇ ਨਿੱਜੀ ਫਾਇਦੇ ਲਈ ਕਦੇ ਨਹੀਂ ਵਰਤਿਆ ਅਤੇ ਉਹ ਹਮੇਸ਼ਾ ਆਪਣੀ ਮਿੱਟੀ ਨਾਲ ਜੁੜਿਆ ਰਿਹਾ। ਹਾਂ, ਜਦੋਂ ਉਹ ਸਮੇਂ ਦੇ ਮੁੱਖ ਮੰਤਰੀ ਦੇ ਨਾਲ ਸੀ ਤਾਂ ਉਸ ਨੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਦੀ ਗੈਰ-ਕਾਨੂੰਨੀ ਪਕੜ ਤੋਂ ਬਚਾਇਆ, ਆਪਣੇ ਪਿੰਡ ਲਈ ਹੀ ਨਹੀਂ, ਕਈ ਹੋਰ ਇਲਾਕਿਆਂ ਲਈ ਵੀ ਸਰਕਾਰੀ ਇਮਦਾਦ ਦਿਵਾਈ। ਇਹ ਇਨਸਾਨ ਹੈ, ਪੰਜਾਬ ਸਰਕਾਰ ਦਾ ਸੇਵਾ ਮੁਕਤ ਲੋਕ ਸੰਪਰਕ ਅਧਿਕਾਰੀ ਸਰਦਾਰ ਉਜਾਗਰ ਸਿੰਘ।
ਉਨ੍ਹਾਂ ਦਾ ਰਾਜਸੀ ਖੇਤਰ ਵਿੱਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਬਹੁਤ ਅਸਰ-ਰਸੂਖ਼ ਸੀ, ਪਰ ਉਨ੍ਹਾਂ ਮੁੱਖ ਮੰਤਰੀ ਦੀ ਨੇੜਤਾ ਨੂੰ ਕਦੇ ਆਪਣੀ ਨਿਜੀ ਫਾਇਦੇ ਲਈ ਨਹੀਂ ਵਰਤਿਆ ਅਤੇ ਨਾ ਹੀ ਕਿਸੇ ਵਿਰੋਧੀ ਨਾਲ ਕਿੜ ਕੱਢਣ ਲਈ। ਰਾਜਸੀ ਗਲਿਆਰਿਆਂ ਵਿੱਚ ਉਨ੍ਹਾਂ ਦੀ ਪਹੁੰਚ ਕਰਕੇ ਕਈ ਉਨ੍ਹਾਂ ਤੋਂ ਖਾਰ ਖਾਣ ਲੱਗ ਪਏ। ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਅਣਬਣ ਦਾ ਤਕਰੀਬਨ ਸਾਰੇ ਪੱਤਰਕਾਰਾਂ ਨੂੰ ਪਤਾ ਸੀ। ਇਸ ਲਈ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਸਾਰੇ ਉਨ੍ਹਾਂ ਨੂੰ ਡਰਾ ਰਹੇ ਸਨ ਕਿ ਜਾਂ ਤਾਂ ਉਨ੍ਹਾਂ ਨੂੰ ਕੋਈ ਝੂਠਾ ਕੇਸ ਪਾ ਕੇ ਨੌਕਰੀ ਤੋਂ ਕੱਢਿਆ ਜਾਵੇਗਾ ਅਤੇ ਜਾਂ ਕਿਤੇ ਦੂਰ-ਦੁਰਾਡੇ ਦੀ ਬਦਲੀ ਕੀਤੀ ਜਾਵੇਗੀ; ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਇਲਮ ਸੀ ਕਿ ਉਜਾਗਰ ਸਿੰਘ ਇਮਾਨਦਾਰ ਅਤੇ ਆਪਣੇ ਕੰਮ ਦਾ ਮਾਹਰ ਹੋਣ ਦੇ ਨਾਲ-ਨਾਲ ਅਣਖ ਵਾਲਾ ਅਫਸਰ ਵੀ ਹੈ। ਇਸ ਲਈ ਉਸਦੀ ਬਦਲੀ ਤਾਂ ਕੀ ਹੋਣੀ ਸੀ, ਉਹ ਤਾਂ ਮੁੱਖ ਮੰਤਰੀ ਦਾ ਵਿਸ਼ਵਾਸ ਪਾਤਰ ਬਣ ਗਿਆ।
ਉਪਰੋਕਤ ਸਾਰੀ ਜਾਣਕਾਰੀ ਅਤੇ ਬਹੁਤ ਸਾਰੀ ਹੋਰ ਜਾਣਕਾਰੀ ਉਜਾਗਰ ਸਿੰਘ ਦੀ ਨਵ ਪ੍ਰਕਾਸ਼ਿਤ ਸਵੈ-ਜੀਵਨੀ ‘ਸਬੂਤੇ ਕਦਮੀਂ’ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ‘ਸਬੂਤੇ ਕਦਮੀਂ’ ਸਵੈ-ਜੀਵਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਆਪਣੇ ਸਧਾਰਨ ਪਰਿਵਾਰਕ ਪਿਛੋਕੜ, ਸਕੂਲੀ ਜੀਵਨ ਦੀਆਂ ਦੁਸ਼ਵਾਰੀਆਂ, ਨੌਵੀਂ ਵਿੱਚੋਂ ਫੇਲ੍ਹ ਹੋਣ ਦੀ ਗੱਲ, ਆਪਣੀ ਭੈੜੀ ਲਿਖਾਈ, ਪਹਿਲੀ ਨੌਕਰੀ ਦੀਆਂ ਮੁਸ਼ਕਲਾਂ, ਪ੍ਰਾਈਵੇਟ ਤੌਰ `ਤੇ ਗਿਆਨੀ, ਬੀ. ਏ. ਅਤੇ ਐਮ. ਏ. ਕਰਨ ਦੇ ਪੜਾਅਵਾਂ ਦਾ ਜ਼ਿਕਰ ਬੜੀ ਇਮਾਨਦਾਰੀ ਨਾਲ ਕੀਤਾ ਹੈ। ਆਪਣੇ ਵੱਡੇ ਭਰਾ ਤੇ ਭਰਜਾਈ ਵੱਲੋਂ ਸਮੇਂ-ਸਮੇਂ ਮਿਲੀ ਸਹਾਇਤਾ ਅਤੇ ਅਗਵਾਈ ਸਬੰਧੀ ਬੜੇ ਸਤਿਕਾਰਤ ਸ਼ਬਦਾਂ ਵਿੱਚ ਉਲੇਖ ਕੀਤਾ ਹੈ। ਉਨ੍ਹਾਂ ਨੇ ਆਪਣੀ ਪਤਨੀ ਦੀ ਇਸ ਗੱਲੋਂ ਵਿਸ਼ੇਸ਼ ਵਡਿਆਈ ਕੀਤੀ ਹੈ, ਜਿਸ ਨੇ ਆਪਣੀ ਨੌਕਰੀ ਦੇ ਨਾਲ-ਨਾਲ ਬੱਚਿਆਂ ਦੀ ਪਰਵਰਿਸ਼ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਜਵਾਨੀ ਵੇਲੇ ਉਨ੍ਹਾਂ ਦੇ ਬੱਚੇ ਆਪਣੇ ਪਿਤਾ ਨਾਲ ਕਈ ਵਾਰ ਇਸ ਲਈ ਨਾਰਾਜ਼ ਹੋ ਜਾਂਦੇ ਕਿ ਸਕੂਲ, ਕਾਲਜ ਜਾਣ ਸਮੇਂ ਬੱਚਿਆਂ ਨੂੰ ਸਰਕਾਰੀ ਵਾਹਨਾਂ ਦੀ ਵਰਤੋਂ ਕਿਉਂ ਨਹੀਂ ਕਰਨ ਦਿੰਦੇ, ਪਰ ਪਿਤਾ ਦੀ ਇਸ ਇਮਾਨਦਾਰੀ ਨੇ ਉਨ੍ਹਾਂ ਨੂੰ ਵੀ ਆਪਣੀ ਮਿਹਨਤ ਨਾਲ ਪੈਰਾਂ `ਤੇ ਖੜ੍ਹੇ ਹੋਣ ਦੀ ਹਿੰਮਤ ਬਖਸ਼ੀ।
ਸ. ਉਜਾਗਰ ਸਿੰਘ ਨੂੰ ਇੱਕ ਵਕਤ ਵਿਜੀਲੈਂਸ ਦੀ ਇਨਕੁਆਰੀ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਮਾਨਦਾਰੀ ਦੇ ਮੁਸ਼ਕਲ ਰਸਤੇ ਦੇ ਪਾਂਧੀ ਬਣਨ ਵਾਲੇ ਇਸ ਇਨਸਾਨ ਕੋਲ ਲੁਕਾਉਣ ਲਈ ਕੁਝ ਨਹੀਂ ਸੀ। ਇਸ ਲਈ ਇਹ ਬੇਦਾਗ਼ ਹੀ ਰਹੇ। ਜਦੋਂ ਇੱਕ ਵਾਰ ਪਟਿਆਲਾ ਦੇ ਤਤਕਾਲੀ ਐਸ. ਐਸ. ਪੀ. ਨੇ ਉਨ੍ਹਾਂ ਨੂੰ ਆਪਣੇ ਦਫਤਰ ਵਿੱਚ ਬੁਲਾ ਕੇ ਕਿਹਾ ਕਿ ਉਹ ਸ. ਬੇਅੰਤ ਸਿੰਘ ਦੀ ਬੰਬ ਵਿਸਫੋਟ ਵਾਲੀ ਘਟਨਾ ਦੇ ਪਿੱਛੇ ਕਿਸੇ ਸਾਜ਼ਿਸ਼ ਹੋਣ ਦੀ ਗੱਲ ਦੀ ਚਰਚਾ ਨਾ ਕਰਨ, ਨਹੀਂ ਤਾਂ ਉਨ੍ਹਾਂ ਦਾ ਵੀ ਉਹੀ ਹਸ਼ਰ ਹੋ ਸਕਦਾ ਹੈ, ਪਰ ਉਹ ਤਾਂ ਵੀ ਨਹੀਂ ਸੀ ਡਰੇ। ਇਹ ਵੱਖਰੀ ਗੱਲ ਹੈ ਕਿ ਉਸ ਐਸ. ਐਸ. ਪੀ. ਨੂੰ ਪਟਿਆਲੇ ਲਿਆਉਣ ਵਿੱਚ ਉਨ੍ਹਾਂ ਦਾ ਹੱਥ ਸੀ।
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਐਨੀ ਨੇੜਤਾ ਸੀ ਕਿ ਜਦੋਂ ਮੁੱਖ ਮੰਤਰੀ ਬੰਬ ਹਾਦਸੇ ਵਿੱਚ ਆਪਣੀ ਜਾਣ ਤੋਂ ਹੱਥ ਧੋ ਬੈਠੇ ਤਾਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਨਰਸਿਮਾ ਰਾਓ ਨੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਚੰਡੀਗੜ੍ਹ ਆਉਣਾ ਸੀ। ਪਰਿਵਾਰ ਦੇ ਮੈਂਬਰਾਂ ਨਾਲ ਜਦੋਂ ਉਜਾਗਰ ਸਿੰਘ ਵੀ ਕਮਰੇ ਵਿੱਚ ਜਾਣ ਲੱਗੇ ਤਾਂ ਇੱਕ ਐਸ. ਪੀ. ਨੇ ਉਨ੍ਹਾਂ ਨੂੰ ਕਮਰੇ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ `ਤੇ ਸਵਰਗੀ ਬੇਅੰਤ ਸਿੰਘ ਦੇ ਪਤਨੀ ਕਮਰੇ ਵਿਚੋਂ ਬਾਹਰ ਆ ਕੇ ਕਹਿਣ ਲੱਗੇ ਕਿ ਜੇ ਉਜਾਗਰ ਸਿੰਘ ਕਮਰੇ ਵਿੱਚ ਨਹੀਂ ਜਾ ਸਕਦਾ ਤਾਂ ਪਰਿਵਾਰ ਦਾ ਕੋਈ ਮੈਂਬਰ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕਰੇਗਾ। ਸਿਕਿਓਰਿਟੀ ਵਾਲਿਆਂ ਨੂੰ ਉਨ੍ਹਾਂ ਨੂੰ ਵੀ ਕਮਰੇ ਵਿੱਚ ਜਾਣ ਦੀ ਆਗਿਆ ਦੇਣੀ ਪਈ।
ਇਸ ਪੁਸਤਕ ਵਿੱਚ ਰਾਜਨੀਤੀ ਦੇ ਖੇਤਰ ਦੀਆਂ ਹੋਰ ਕਈ ਗੁੱਝੀਆਂ ਗੱਲਾਂ ਦਾ ਵੀ ਉਨ੍ਹਾਂ ਨੇ ਜ਼ਿਕਰ ਕੀਤਾ ਹੈ। ਮਸਲਨ ਜਦੋਂ ਅਕਾਲੀ ਦਲ ਨੇ ਖਾੜਕੂਆਂ ਦੇ ਡਰ ਕਾਰਨ ਪੰਜਾਬ ਅਸੈਂਬਲੀ ਦੀਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਤਾਂ ਕੇਂਦਰੀ ਏਜੰਸੀਆਂ ਨੇ ਪਹਿਲਾਂ ਅਕਾਲੀ ਦਲ ਦੇ ਇੱਕ ਨੇਤਾ ਸੁਖਜਿੰਦਰ ਸਿੰਘ ਨੂੰ ਅਕਾਲੀ ਦਲ ਦੇ ਤੌਰ `ਤੇ ਚੋਣਾਂ ਲੜਨ ਲਈ ਤਿਆਰ ਕੀਤਾ। ਪਹਿਲਾਂ ਤਾਂ ਉਹ ਮੰਨ ਗਿਆ, ਪਰ ਬਾਅਦ ਵਿੱਚ ਮੁੱਕਰ ਗਿਆ। ਫੇਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕੰਮ ਲਈ ਤਿਆਰ ਕਰ ਲਿਆ। ਇਸੇ ਤਰ੍ਹਾਂ ਇੱਕ ਵਾਰ ਕਾਂਗਰਸ ਨੇ ਅਕਾਲੀ ਦਲ ਦੀ ਸਰਕਾਰ ਤੋੜਨ ਲਈ ਉਨ੍ਹਾਂ ਦੇ ਖਜ਼ਾਨਾ ਮੰਤਰੀ ਨਾਲ ਸੰਪਰਕ ਕੀਤਾ, ਪਰ ਸਫਲਤਾ ਨਾ ਮਿਲੀ।
ਉਨ੍ਹਾਂ ਨੇ ਇੱਕ ਹੋਰ ਘਟਨਾ ਦਾ ਉਲੇਖ ਵੀ ਕੀਤਾ ਹੈ ਕਿ ਇੱਕ ਵਾਰ ਇੱਕ ਆਈ. ਏ. ਐਸ. ਅਫਸਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੈਪਟਨ ਕੰਵਲਜੀਤ ਸਿੰਘ ਨੂੰ ਪਾਰਟੀ ਫੰਡ ਲਈ ਕੁਝ ਰਕਮ ਦੇਣੀ ਚਾਹੁੰਦਾ ਹੈ। ਉਜਾਗਰ ਸਿੰਘ ਨੇ ਇਸ ਕੰਮ ਵਿੱਚ ਪੈਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਨੂੰ ਪਤਾ ਸੀ ਕਿ ਖਜ਼ਾਨਾ ਮੰਤਰੀ ਇਮਾਨਦਾਰ ਰਾਜਸੀ ਨੇਤਾ ਹੈ। ਜਦੋਂ ਉਸ ਅਫਸਰ ਨੇ ਉਨ੍ਹਾਂ `ਤੇ ਜ਼ਿਆਦਾ ਹੀ ਜ਼ੋਰ ਪਾਇਆ ਤਾਂ ਉਨ੍ਹਾਂ ਨੇ ਮੰਤਰੀ ਨਾਲ ਇਹ ਗੱਲ ਕਰ ਦਿੱਤੀ। ਮੰਤਰੀ ਦਾ ਜੁਆਬ ਸੀ ਕਿ ਉਸ ਅਫਸਰ ਦੀ ਐਨੀ ਹਿੰਮਤ ਕਿਵੇਂ ਪਈ ਅਤੇ ਇਹ ਵੀ ਕਿਹਾ ਕਿ ਹੁਣ ਆਈ. ਏ. ਐਸ. ਅਫਸਰ ਵੀ ਇਹ ਕੰਮ ਕਰਨ ਲੱਗ ਪਏ ਹਨ।
ਸ. ਉਜਾਗਰ ਸਿੰਘ ਅੱਜ ਕੱਲ੍ਹ ਪਟਿਆਲੇ ਆਪਣੀ ਜੱਦੀ ਜਾਇਦਾਦ ਦੇ ਕੁਝ ਹਿੱਸੇ ਨੂੰ ਵੇਚਣ ਤੋਂ ਬਾਅਦ ਬਣਾਏ ਰਹਿਣ ਬਸੇਰੇ ਵਿੱਚ ਆਪਣਾ ਪਰਿਵਾਰਕ ਜੀਵਨ ਖੁਸ਼ੀ-ਖੁਸ਼ੀ ਬਿਤਾ ਰਹੇ ਹਨ। ਜ਼ਿੰਦਗੀ ਦੇ 74ਵੇਂ ਸਾਲ ਦੇ ਹੁਲਾਰੇ ਲੈ ਰਹੇ ਉਹ ਉਮਰ ਦੇ ਬੀਤਣ ਨਾਲ ਆਈਆਂ ਬਿਮਾਰੀਆਂ ਨੂੰ ਵੀ ਹੱਸ ਕੇ ਸਹਾਰ ਰਹੇ ਹਨ। ਸਾਹਿਤਕ ਸ਼ੌਕ ਨੂੰ ਪੂਰਾ ਕਰਨ ਲਈ ਕਈ ਪੁਸਤਕਾਂ ਲਿਖੀਆਂ ਹਨ। ਚਲੰਤ ਮਾਮਲਿਆਂ ਦੇ ਨਾਲ-ਨਾਲ ਸਾਹਿਤਕ ਵਿਸ਼ਿਆਂ `ਤੇ ਕਲਮ ਚਲਾਉਂਦੇ ਰਹਿੰਦੇ ਹਨ ਅਤੇ ਪੁਸਤਕਾਂ ਦੇ ਰੀਵਿਊ ਕਰਨ ਵਿੱਚ ਉਨ੍ਹਾਂ ਦੀ ਖਾਸ ਮੁਹਾਰਤ ਹੈ। ਉਨ੍ਹਾਂ ਦੀਆਂ ਰਚਨਾਵਾਂ ਦੇਸ਼-ਵਿਦੇਸ਼ ਦੇ ਅਖ਼ਬਾਰਾਂ, ਮੈਗਜ਼ੀਨ ਅਤੇ ਵੈਬਸਾਈਟਾਂ ਵਾਲੇ ਖੁਸ਼ੀ-ਖੁਸ਼ੀ ਛਾਪਦੇ ਹਨ। ਕੁਝ ਵਿਸ਼ੇਸ਼ ਮੁੱਦਿਆਂ `ਤੇ ਉਹ ਵੱਖ-ਵੱਖ ਟੀ. ਵੀ. ਚੈਨਲਾਂ `ਤੇ ਆਪਣੇ ਵਿਚਾਰ ਵੀ ਪ੍ਰਗਟਾਉਂਦੇ ਰਹਿੰਦੇ ਹਨ।
ਉਨ੍ਹਾਂ ਦੀ 96 ਪੰਨਿਆਂ ਦੀ ਸਵੈ-ਜੀਵਨੀ ‘ਸਬੂਤੇ ਕਦਮੀਂ’ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ, ਜਿਵੇਂ ਕੋਈ ਨਾਵਲ ਪੜ੍ਹ ਰਹੇ ਹੋਈਏ। ਕਿਸੇ ਵੀ ਗੱਲ ਨੂੰ ਸਪੱਸ਼ਟ ਸ਼ਬਦਾਂ ਵਿੱਚ ਲਿਖਣ ਵਾਲੀ ਉਨ੍ਹਾਂ ਦੀ ਵਾਰਤਕ ਸ਼ੈਲੀ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪਾਠਕਾਂ ਦੀ ਰੁਚੀ ਆਦਿ ਤੋਂ ਅੰਤ ਤੱਕ ਬਣੀ ਰਹਿੰਦੀ ਹੈ।
ਸਵੈ-ਜੀਵਨੀ ਲਿਖਣਾ ਇੱਕ ਔਖਾ ਕਾਰਜ ਹੈ। ਜੇ ਲੇਖਕ ਆਪਣੀ ਵਡਿਆਈ ਆਪ ਕਰੇ ਤਾਂ ਆਪਣੇ ਮੂੰਹ ਮੀਆਂਮਿੱਠੂ ਬਣਨ ਵਾਲੀ ਗੱਲ ਹੁੰਦੀ ਹੈ ਅਤੇ ਆਪਣੀ ਬੁਰਾਈ ਕਰਨਾ ਕੋਈ ਚਾਹੁੰਦਾ ਨਹੀਂ, ਇਸ ਲਈ ਇਹ ਦੋ ਧਾਰੀ ਤਲਵਾਰ `ਤੇ ਚਲਣ ਵਾਲਾ ਕੰਮ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਸ. ਉਜਾਗਰ ਸਿੰਘ ਨੇ ਇਸ ਮੁਸ਼ਕਲ ਕਾਰਜ ਨੂੰ ਬੜੇ ਕਲਾਮਈ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।
ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਸਵਰਕ ਅਤੇ ਦਿੱਖ ਵੀ ਪ੍ਰਭਾਵਿਤ ਕਰਦੀ ਹੈ।
(ਉਜਾਗਰ ਸਿੰਘ ਦੀ ਸਵੈ-ਜੀਵਨੀ ‘ਸਬੂਤੇ ਕਦਮੀਂ’ ਤੇ ਆਧਾਰਿਤ)