ਦਿਲਜੀਤ ਸਿੰਘ ਬੇਦੀ
ਸਿੱਖ ਪੰਥ ਦਾ ਅਣਖੀਲਾ ਜਰਨੈਲ, ਅਕਾਲੀ ਲਹਿਰ ਦਾ ਮੋਢੀ, ਗੁਰਦੁਆਰਾ ਸੁਧਾਰ ਲਹਿਰ ਦਾ ਸੱਚਾ-ਸੁੱਚਾ ਨਿਧੜਕ ਸੁਧਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ, ਸਿੱਖੀ, ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲਾ ਮਰਜੀਵੜਾ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਬਾਣੀ ਬਾਣੇ ਦੇ ਧਾਰਨੀ ਨਿਹੰਗ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥੱਕ ਮਿਹਨਤ ਕੀਤੀ।
ਉਨ੍ਹਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਛਾਵਰ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲਿਆਂਦਾ ਅਤੇ ਬਾਕੀ ਗੁਰਦੁਆਰਾ ਸਾਹਿਬਾਨ ਨੂੰ ਸਰਕਾਰੀ ਪਿੱਠੂਆਂ ਤੇ ਪੁਜਾਰੀਆਂ ਤੋਂ ਆਜ਼ਾਦ ਕਰਵਾਉਣ ਲਈ ਪੰਥ ਨੂੰ ਇੱਕ ਸੂਤਰਾਧਾਰ ਵਿੱਚ ਬੰਨ੍ਹ ਕੇ ਸੰਘਰਸ਼ ਲੜਿਆ, ਜਿਸ ਵਿਚੋਂ ਅਨੇਕਾਂ ਸਿੰਘਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਤੇ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ ਅਤੇ ਜ਼ੁਰਮਾਨੇ ਆਦਿ ਭੁਗਤਣੇ ਪਏ।
ਜਥੇਦਾਰ ਤੇਜਾ ਸਿੰਘ ਭੁੱਚਰ ਦਾ ਜਨਮ 28 ਅਕਤੂਬਰ 1887 ਈ. ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਇਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ ਤਰਨਤਾਰਨ ਸੀ। ਇਨ੍ਹਾਂ ਦੇ ਪਿਤਾ ਸ਼ਾਹ ਮਾਇਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਸਨ। ਜਥੇਦਾਰ ਤੇਜਾ ਸਿੰਘ ਨੇ ਜਵਾਨ ਹੁੰਦਿਆਂ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਜਨਤਕ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਜਿਸ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ, ਸ਼ੁਰੂ ਕੀਤੀ। ਇਹ ਲਹਿਰ ਗੁਰਮਤਿ ਸਿਧਾਂਤਾਂ, ਮਾਨਤਾਵਾਂ, ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਸਮਰਪਿਤ ਸੀ। ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਮਨੁੱਖ ਵਿੱਚ ਜਾਤ ਬਰਾਦਰੀ ਕਾਰਨ ਪਏ ਰੰਗ-ਨਸਲ, ਵੱਡੇ-ਛੋਟੇ ਦੇ ਅੰਤਰ ਨੂੰ ਸਿੱਖਾਂ ਅਤੇ ਮਾਨਵਤਾ ਲਈ ਲਾਹਨਤ ਮੰਨਦੇ ਸਨ। ਇਸ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਹਮਵਿਚਾਰ ਸਾਥੀਆਂ ਨੂੰ ਜਥੇਬੰਦ ਕਰਕੇ ਗੜਗੱਜ ਖਾਲਸਾ ਦੀਵਾਨ ਨੂੰ ਸੰਗਠਤ ਕੀਤਾ। ਪੰਜਾਬੀ ਰਵੀਦਾਸੀਏ, ਲੁਹਾਰ, ਚਮਾਰ, ਈਸਾਈਆਂ ਅਤੇ ਮੁਸਲਮਾਨਾਂ ਵਿੱਚੋਂ ਸਜੇ ਸਿੰਘਾਂ ਨੂੰ ਖੂਹਾਂ ’ਤੇ ਚੜ੍ਹਾ ਪਾਣੀ ਭਰਨ ਦੇ ਹੱਕ ਦਿਵਾਏ। ਗੁਰਦੁਆਰਾ ਲਹਿਰ ਵੀ ਦਲਿਤ ਸਿੰਘਾਂ ਨੂੰ ਉੱਚ ਮੰਨੇ ਜਾਂਦੇ ਸਿੱਖਾਂ ਦੇ ਬਰਾਬਰ ਹੱਕ ਦਿਵਾਉਣ ਲਈ ਹੀ ਸ਼ੁਰੂ ਹੋਣ ਦਾ ਇੱਕ ਬਹਾਨਾ ਬਣੀ। 18ਵੀਂ ਸਦੀ ਦੇ ਮੱਧ ਤੋਂ ਬਾਅਦ ਦੇ ਮਹਾਨ ਜਰਨੈਲ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਖਸੀਅਤ ਤੇ ਜੀਵਨ ਤੋਂ ਜਥੇਦਾਰ ਤੇਜਾ ਸਿੰਘ ਭੁੱਚਰ ਪੂਰਨ ਰੂਪ ਵਿੱਚ ਪ੍ਰਭਾਵਿਤ ਸਨ। ਗੁਰੂ ਕਾਲ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਖਾਲਸਾ ਪੰਥ ਬੁੱਢਾ ਦਲ ਦੇ ਮੁਖੀ ਹੀ ਹੋਇਆ ਕਰਦੇ ਸਨ। ਅੰਗਰੇਜ਼ ਹਕੂਮਤ ਨਾਲ ਬੁੱਢਾ ਦਲ ਨਿਹੰਗ ਸਿੰਘਾਂ ਦੀ ਅਣਬਣ ਹੋਣ ਕਾਰਨ ਹਾਲਾਤ ਬਹੁਤੇ ਸੁਖਾਵੇਂ ਨਹੀਂ ਸਨ। ਸਮੇਂ ਸਮੇਂ ਨਿਹੰਗ ਸਿੰਘਾਂ ਨੂੰ ਮੌਕੇ ਦੀਆਂ ਹਕੂਮਤਾਂ ਨਾਲ ਲੋਹਾ ਲੈਣਾ ਪੈਦਾ ਰਿਹਾ ਹੈ, ਜਿਸ ਕਾਰਨ ਹਾਲਾਤ ਅਣਸੁਖਾਂਵੇ ਬਣਦੇ ਰਹੇ।
ਜਦੋਂ 12 ਅਕਤੂਬਰ 1920 ਈ. ਨੂੰ ਹਰਿਮੰਦਰ ਸਾਹਿਬ ਪਰਿਸਰ ਉੱਤੇ ਸੰਗਤੀ ਕਬਜ਼ਾ ਹੋਇਆ ਤਾਂ ਜਥੇਦਾਰ ਭੁੱਚਰ ਦੀ ਪੰਥ ਪ੍ਰਸਤੀ, ਸੇਵਾ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਕਤੀ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਪੁਜਾਰੀਵਾਦ ਦੇ ਯਤਨ ਨੂੰ ਠੱਲ੍ਹਣ ਲਈ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ ਬਣਨ ਦਾ ਮਾਣ ਦਿੱਤਾ ਗਿਆ। ਜਥੇਦਾਰ ਭੁੱਚਰ ਨੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਪੰਥਕ ਸਰੂਪ ਦਿੱਤਾ ਅਤੇ ਬਿਪਰਵਾਦੀ ਰਹੁ-ਰੀਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸੰਬਰ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਬਣੇ। ਜਥੇਦਾਰ ਭੁੱਚਰ ਨੇ ਆਪਣੇ ਜਥੇ ਦੀ ਅਗਵਾਈ ਕਰਦਿਆਂ ਅਣਗਿਣਤ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ। ਉਨ੍ਹਾਂ ਦੀ ਇਸੇ ਸੇਵਾ ਸਦਕਾ ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਕਈ ਵਾਰ ਗ੍ਰਿਫਤਾਰ ਕੀਤਾ ਤੇ ਜ਼ੇਲ੍ਹਾਂ ਵਿੱਚ ਸੁੱਟ ਕੇ ਤਸੀਹੇ ਦਿੱਤੇ। ਆਪਣੇ ਜੀਵਨ ਦੇ ਲਗਭਗ 15 ਸਾਲ ਉਨ੍ਹਾਂ ਨੇ ਜੇਲ੍ਹਾਂ ਵਿੱਚ ਬਿਤਾਏ। ਮੁਕੱਦਮੇ ਲੜਦਿਆਂ ਉਨ੍ਹਾਂ ਦੀ ਸਾਰੀ ਉਮਰ ਹੀ ਕੋਰਟ ਕਚਹਿਰੀਆਂ ਵਿੱਚ ਬੀਤ ਗਈ। ਜਾਇਦਾਦ ਦਾ ਵੱਡਾ ਹਿੱਸਾ ਸਰਕਾਰੀ ਕੁਰਕੀਆਂ, ਜ਼ਮਾਨਤਾਂ ਅਤੇ ਜ਼ੁਰਮਾਨਿਆਂ ਦੀ ਭੇਟਾ ਹੋ ਗਿਆ।
ਜਥੇਦਾਰ ਤੇਜਾ ਸਿੰਘ ਭੁੱਚਰ ਨਿਹੰਗੀ ਬਾਣੇ ਵਿੱਚ ਰਹਿੰਦੇ ਸਨ, ਉਨ੍ਹਾਂ ਦੀ ਗੋਲ ਦਸਤਾਰ ਵਿੱਚ ਚੱਕਰ ਤੇ ਹੱਥ ਵਿੱਚ ਤੀਰ ਹੁੰਦਾ ਸੀ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨਣ ਦਾ ਫੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਕਾਲੇ ਬਸਤਰ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਕੁਰਸੀਆਂ ’ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਵੀ ਜਥੇਦਾਰ ਭੁੱਚਰ ਨੇ ਵਿਰੋਧ ਹੀ ਨਹੀਂ ਕੀਤਾ, ਸਗੋਂ ਆਪ ਠੁੱਡੇ ਮਾਰ ਕੇ ਕੁਰਸੀਆਂ ਵਗਾਹ ਮਾਰੀਆਂ ਤੇ ਉਨ੍ਹਾਂ ਨੂੰ ਦਰੀਆਂ ’ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜਥੇਦਾਰ ਭੁੱਚਰ ’ਤੇ ਢਹਿ ਪਿਆ। ਉਨ੍ਹਾਂ ’ਤੇ ਕਈ ਕੇਸ ਬਣਾ ਦਿੱਤੇ ਗਏ ਤੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਨ੍ਹਾਂ ਅਪ੍ਰੈਲ 1921 ਵਿੱਚ ਗੜਗੱਜ ਅਕਾਲੀ ਦੀਵਾਨ ਕਾਇਮ ਕੀਤਾ। ਫਰਵਰੀ 1922 ਵਿੱਚ ‘ਗੜਗੱਜ ਅਕਾਲੀ’ ਅਖ਼ਬਾਰ ਜਾਰੀ ਕੀਤਾ, ਜਿਸ ਵਿੱਚ ਪੰਥਕ ਸਰਗਰਮੀਆਂ ਤੇ ਸਰਕਾਰੀ ਮਾਰੂ ਨੀਤੀਆਂ ਦਾ ਖੁਲਾਸਾ ਹੁੰਦਾ ਸੀ। ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦੇ ਮੋਰਚੇ ਸਮੇਂ ਵੀ ਆਪ ਜੇਲ੍ਹ ਵਿੱਚ ਬੰਦ ਰਹੇ। 13 ਅਪ੍ਰੈਲ 1923 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਹਿੰਦੂ-ਮੁਸਲਿਮ ਫਸਾਦ ਸ਼ੁਰੂ ਹੋ ਗਏ। ਬਦ-ਅਮਨੀ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਥੇਦਾਰ ਭੁੱਚਰ ਨੇ 200 ਸਿੰਘਾਂ ਸਮੇਤ ਭਾਈਚਾਰਕ ਸਾਂਝ ਲਈ ਸ਼ਾਂਤਮਈ ਜਲੂਸ ਕੱਢਿਆ। ਗਲੀ ਮੁਹੱਲਿਆਂ ’ਚ ਘਰੋ-ਘਰ ਪਹੁੰਚ ਕੀਤੀ। ਜਿਸ ਨਾਲ ਮਾਹੌਲ ਸ਼ਾਂਤ ਹੋਇਆ। ਸਰਕਾਰ ਨੇ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਫੜੇ ਸਾਰੇ ਅਕਾਲੀ ਰਿਹਾਅ ਕਰ ਦਿੱਤੇ। ਫਿਰ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਦੂਜਾ ਅਖਬਾਰ ‘ਬੱਬਰ ਸ਼ੇਰ’ ਚਲਾਇਆ, ਜਿਸ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਆਵਾਜ਼ ਉਠਾਈ। ਇਸ ਦੇ ਸਾਰੇ ਸੰਪਾਦਕਾਂ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ। ਪ੍ਰੈਸ ਤੇ ਰੀਕਾਰਡ ਜ਼ਬਤ ਕਰ ਲਿਆ ਗਿਆ।
ਜਥੇਦਾਰ ਤੇਜਾ ਸਿੰਘ ਭੁੱਚਰ 2 ਅਕਤੂਬਰ 1939 ਈ. ਨੂੰ ਦੁਪਹਿਰ ਵੇਲੇ ਆਪਣੇ ਪਿੰਡ ਤੋਂ ਗੱਗੋਬੂਹੇ ਵੱਲ ਆ ਰਹੇ ਸਨ, ਤਦ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਆਪ ਦੇ ਵਿਰੋਧੀਆਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਵਿੱਚ ਇਨ੍ਹਾਂ ਦੀ ਲੱਤ ’ਤੇ ਵੱਡੀ ਸੱਟ ਵੱਜ ਗਈ। ਅੰਗਰੇਜ਼ ਸਰਕਾਰ ਤੇ ਵਿਰੋਧੀਆਂ ਨੇ ਇਸ ਹਮਲੇ ਨੂੰ ਨਿੱਜੀ ਦੁਸ਼ਮਣੀ ਕਹਿ ਕੇ ਛੁਟਿਆਉਣ ਦਾ ਕੋਝਾ ਯਤਨ ਕੀਤਾ, ਪਰੰਤੂ ਦਰਜ ਹੋਈ ਰਿਪੋਰਟ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪੰਥ ਦੋਖੀਆਂ ਵੱਲੋਂ ਕੀਤਾ ਗਿਆ ਮਾਰੂ ਹਮਲਾ ਸੀ, ਜੋ ਜਥੇਦਾਰ ਭੁੱਚਰ ਦੀ ਪੰਥ ਪ੍ਰਸਤੀ ਤੋਂ ਦੁਖੀ ਸਨ। ਇਹ ਸੂਰਮਾ, ਗੜਗੱਜ, ਬੱਬਰ ਸ਼ੇਰ, ਹਠੀਲੇ ਸੁਭਾਅ ਵਾਲਾ ਪ੍ਰਭਾਵਸ਼ਾਲੀ ਨੇਤਾ ਸੀ, ਜੋ 16 ਅੱਸੂ ਸੰਮਤ ਬਿਕਰਮੀ 1996 ਅਨੁਸਾਰ 3 ਅਕਤੂਬਰ 1939 ਈ. ਨੂੰ ਸਵੇਰੇ ਤੜਕਸਾਰ ਅਕਾਲ ਪੁਰਖ ਦੇ ਚਰਨਾਂ ’ਚ ਅਭੇਦ ਹੋ ਗਿਆ। ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਨਿੱਕੇ ਭੱਚਰ ਵੱਲੋਂ ਉਨ੍ਹਾਂ ਦੀ 84ਵੀਂ ਬਰਸੀ 16 ਅੱਸੂ ਮੌਜੂਦਾ ਸੰਮਤ ਨਾਨਕਸ਼ਾਹੀ 555 ਅਨੁਸਾਰ 2 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਿੱਕੇ ਭੁੱਚਰ, ਜ਼ਿਲ੍ਹਾ ਤਰਨਤਾਰਨ ਵਿਖੇ ਮਨਾਈ ਜਾ ਰਹੀ ਹੈ।