ਪ੍ਰੋ. ਹਰਪਾਲ ਸਿੰਘ ਪੰਨੂ
ਗੁਰੂ ਬਾਬੇ ਨੇ ਸੁਫ਼ਨਾ ਲਿਆ ਕਿ ਧਰਤੀ ਨੂੰ ਚੁੱਕ ਕੇ ਅਸਮਾਨ ਤੱਕ ਲਿਜਾਵਾਂਗੇ। ਧਰਤੀ ਦਾ ਫੈਸਲਾ ਸੀ ਇੱਕ ਇੰਚ ਉਪਰ ਨਹੀਂ ਉਠਣਾ। ਧਰਤੀ ਥੋੜ੍ਹੀ ਬਹੁਤੀ ਸਰਕੀ ਕਿ ਬਿਲਕੁਲ ਨਹੀਂ ਸਰਕੀ, ਇਹ ਗੱਲ ਛੱਡੋ ਦਾਨਸ਼ਵਰਾਂ ਉਪਰ। ਮੇਰਾ ਸਰੋਕਾਰ ਕੇਵਲ ਇਹ ਹੈ, ਜਿਸ ਨੇ ਧਰਤੀ ਨੂੰ ਅਸਮਾਨ ਤੱਕ ਲਿਜਾਣ ਦਾ ਸੁਫਨਾ ਲਿਆ, ਉਹ ਕਿਹੋ ਜਿਹਾ ਹੋਵੇਗਾ ਖੁਦ! ਸਾਲ 1699 ਦੀ ਵਿਸਾਖੀ ਨੂੰ ਇੱਕ ਕੌਮ ਸਿਰਜਣ ਦਾ ਕੰਮ ਤਾਂ ਮੇਰੀ ਸਮਝ ਵਿੱਚ ਆ ਗਿਆ, ਪਰ ਆਪਣੀ ਸਿਰਜਣਾ ਦੇ ਸਾਹਮਣੇ ਹੱਥ ਜੋੜ ਕੇ ਆਖਣਾ- ਤੁਸੀਂ ਵੱਡੇ ਹੋ, ਮੈਨੂੰ ਵੀ ਆਪਣੇ ਜਿਡਾ ਕਰੋ। ਇਹ ਮੇਰੀ ਤੁਹਾਡੇ ਅੱਗੇ ਅਰਦਾਸ ਹੈ। ਇਹ ਗੱਲ ਮੇਰੇ ਸਾਰੇ ਅੰਦਾਜ਼ਿਆਂ ਤੋਂ ਪਾਰ ਦੀ ਹੈ। ਹੁਣ ਮੈਂ ਅੰਦਾਜ਼ੇ ਲਾਉਣੇ ਵੀ ਛੱਡ ਦਿੱਤੇ ਹਨ। ਮੈਨੂੰ ਲਗਦਾ ਅਰਦਾਸ ਹੀ ਕਰਨੀ ਠੀਕ ਹੈ, ਪ੍ਰਣਾਮ ਕਰਨਾ ਠੀਕ ਹੈ। ਜਿਸ ਨੇ ਮੈਨੂੰ ਸਿਰਜਿਆ, ਉਸ ਅੱਗੇ ਪ੍ਰਣਾਮ। ਕਬੂਲ ਹੋਵੇ ਨਾ ਹੋਵੇ, ਉਸਦੀ ਮਰਜ਼ੀ।
ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਜਥੇਬੰਦਕ ਚੋਣ ਵਿੱਚ ਚੁਣੇ ਜਾਣ ਲਈ ਮੈਂ ਕਾਗਜ਼ ਭਰ ਦਿੱਤੇ। ਇਕੱਲੇ ਇਕੱਲੇ ਨੂੰ ਮਿਲਦਾ-ਗਿਲਦਾ ਪ੍ਰੋਫੈਸਰ ਸ਼ਾਮ ਲਾਲ ਸਿੰਗਲਾ ਕੋਲ ਗਿਆ, ਜੋ ਅੰਕੜਾ ਵਿਭਾਗ ਦੇ ਮੁਖੀ ਸਨ। ਮੈਂ ਹੱਥ ਜੋੜ ਕੇ ਉਨ੍ਹਾਂ ਨੂੰ ਕਿਹਾ- ਤੁਹਾਡੀ ਵੋਟ ਚਾਹੀਦੀ ਹੈ, ਜਿਸ ਨਾਲ ਮੈਂ ਜਿੱਤ ਜਾਵਾਂਗਾ। ਉਹ ਗੁੱਸੇ ਵਿੱਚ ਬੋਲੇ- ਇਹਦਾ ਮਤਲਬ ਐ ਬਈ ਤੈਨੂੰ ਮੇਰੇ ‘ਤੇ ਸ਼ੱਕ ਐ ਕਿ ਮੈਂ ਤੈਨੂੰ ਵੋਟ ਨਹੀਂ ਦਿਆਂਗਾ? ਮੈਂ ਕਿਹਾ- ਨਹੀਂ ਜੀ, ਇਹ ਗੱਲ ਨਹੀਂ। ਰੱਬ ਜਾਣੀ ਜਾਣ ਐ। ਫੇਰ ਵੀ ਉਹਨੇ ਸਾਨੂੰ ਇਹ ਹੱਕ ਦਿੱਤਾ ਹੋਇਐ ਬਈ ਅਸੀਂ ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ। ਉਨ੍ਹਾਂ ਨੇ ਮੈਨੂੰ ਜੱਫੀ ਵਿੱਚ ਲੈ ਲਿਆ ਤਾਂ ਮੈਨੂੰ ਜਿੱਤ ਜਾਣ ਦਾ ਸੁਫਨਾ ਮਿਲਿਆ। ਰਸਤੇ ਵਿੱਚ ਪ੍ਰੋ. ਰਾਜਪਾਲ ਮਿਲ ਗਏ, ਕਿਹਾ- ਉਏ ਤੂੰ ਮੇਰੇ ਤੋਂ ਵੋਟ ਨ੍ਹੀਂ ਮੰਗੀ? ਮੈਂ ਕਿਹਾ- ਅਜੇ ਮੈਂ ਤੁਹਾਡੀ ਵੋਟ ਦਾ ਹੱਕਦਾਰ ਨਹੀਂ, ਅਸੀਸ ਦਿਓ।
ਉਹ ਚੋਣ ਅਸੀਂ ਵਾਈਸ-ਚਾਂਸਲਰ ਜੋਗਿੰਦਰ ਸਿੰਘ ਪੁਆਰ ਦੇ ਖਿਲਾਫ ਲੜੀ ਸੀ। ਗਿਆਰਾਂ ਮੈਂਬਰੀ ਪੂਟਾ ਵਿੱਚ ਇਕੱਲਾ ਮੈਂ ਜਿਤਿਆ ਵਿਰੋਧ ਵਿੱਚ ਤੇ ਦਸ ਮੈਂਬਰ ਜਿੱਤੇ ਵਾਈਸ-ਚਾਂਸਲਰ ਦੇ ਹੱਕ ਵਿਚ। ਹਰ ਮਹੀਨੇ ਮੀਟਿੰਗ ਹੁੰਦੀ ਯਾਨੀ ਕਿ ਹਰ ਮਹੀਨੇ ਮੇਰੀ ਬੇਇਜ਼ਤੀ ਹੁੰਦੀ। ਮੈਂ ਬੇਇਜ਼ਤ ਹੋ ਕੇ ਕਾਫੀ ਹਾਊਸ ਵਿੱਚ ਆ ਬੈਠਾ ਤਾਂ ਬੇਇਜ਼ਤੀ ਕਰਨ ਵਾਲਾ ਪੂਟਾ ਪ੍ਰਧਾਨ ਕੇ.ਸੀ. ਸਿੰਗਲ ਮੇਰੇ ਮੇਜ਼ ਕੋਲ ਆ ਕੇ ਖਲੋ ਗਿਆ ਤੇ ਕਿਹਾ- ਤੇਰੇ ਕੋਲ ਬੈਠ ਕੇ ਚਾਹ ਪੀ ਲਵਾਂ? ਬੈਠ ਗਏ। ਮੈਂ ਕਿਹਾ- ਮੇਰਾ ਜੀ ਕਰਦੈ ਮੈਂ ਪੂਟਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਆਂ। ਉਹ ਬੋਲੇ- ਕਿਉਂ? ਮੈਂ ਕਿਹਾ- ਮੇਰੀ ਕੋਈ ਸੁਣਵਾਈ ਤਾਂ ਹੈ ਨਹੀਂ। ਉਨ੍ਹਾਂ ਕਿਹਾ- ਇਹ ਅਸਤੀਫਾ ਦੇਣ ਵਾਲਾ ਪਾਗਲਪਣ ਨਾ ਕਰ ਬੈਠੀਂ। ਤੈਨੂੰ ਛਪੰਜਾ ਪ੍ਰੋਫੈਸਰਾਂ ਨੇ ਵੋਟ ਦਿੱਤੀ। ਉਨ੍ਹਾਂ ਦਾ ਫੈਸਲਾ ਇਹ ਹੈ ਕਿ ਤੂੰ ਹਰੇਕ ਮੀਟਿੰਗ ਵਿੱਚ ਆਇਆ ਕਰੇਂ, ਅਸੀਂ ਕੀ ਗਲਤ-ਮਲਤ ਕਰ ਰਹੇ ਹਾਂ, ਤੇਰੇ ਤੋਂ ਪਤਾ ਲਗਦੈ ਉਨ੍ਹਾਂ ਨੂੰ। ਚੋਣ ਜਿੱਤਣ ਵਾਲਾ ਬੰਦਾ ਆਪਣੀ ਮਰਜ਼ੀ ਦਾ ਮਾਲਕ ਨਹੀਂ ਹੁੰਦਾ। ਜਿਨ੍ਹਾਂ ਨੇ ਤੈਨੂੰ ਵੋਟ ਦਿੱਤੀ ਸੀ, ਉਨ੍ਹਾਂ ਨੂੰ ਬੁਲਾ ਕੇ ਮੀਟਿੰਗ ਕਰ। ਸ਼ਰਤ ਲਾ ਲੈ ਮੇਰੇ ਨਾਲ, ਉਹ ਤੈਨੂੰ ਅਸਤੀਫ਼ਾ ਨਹੀਂ ਦੇਣ ਦੇਣਗੇ।
ਮੈਂ ਤੰਗੀ ਤੁਰਸ਼ੀ ਵਿੱਚ ਦਸਵੀਂ ਪਾਸ ਕੀਤੀ। ਪਿੰਡ ਦੇ ਡਾਕੀਏ ਦੀ ਮੌਤ ਹੋਈ ਤਾਂ ਮੈਂ ਡਾਕੀਏ ਦੀ ਨੌਕਰੀ ਵਾਸਤੇ ਅਰਜ਼ੀ ਲਿਖੀ। ਮੈਂ ਸਿਆਣੇ ਬੰਦੇ ਨੂੰ ਪੁੱਛਿਆ- ਇਸ ਮਹਿਕਮੇ ਦਾ ਸਭ ਤੋਂ ਵੱਡਾ ਅਫ਼ਸਰ ਕੌਣ ਹੁੰਦੈ? ਦੱਸਿਆ- ਪੋਸਟ ਮਾਸਟਰ ਜਨਰਲ। ਤੂੰ ਸਿਫਾਰਿਸ਼ ਉਹਦੀ ਕਰਾਏਂਗਾ? ਮੈਂ ਚੁਪ ਕਰਕੇ ਉਥੋਂ ਆ ਗਿਆ। ਮੈਂ ਉਹ ਭਾਸ਼ਣ ਤਿਆਰ ਕਰਨ ਲੱਗ ਗਿਆ, ਜਿਹੜਾ ਬਤੌਰ ਪੋਸਟ ਮਾਸਟਰ ਜਨਰਲ ਮੈਂ ਆਪਣੀ ਰਿਟਾਇਰਮੈਂਟ ਵੇਲੇ ਦਿਆਂਗਾ। ਵੱਡਾ ਭਰਾ ਅੰਬਾਲੇ ਏਅਰ ਫੋਰਸ ਵਿੱਚ ਸਿਪਾਹੀ ਭਰਤੀ ਕਰਾਉਣ ਲਈ ਲੈ ਗਿਆ। ਉਦੋਂ ਪਿੰਡ ਤੋਂ ਅੰਬਾਲੇ ਤੱਕ ਜਾਣ ਲਈ ਚਾਰ ਘੰਟੇ ਲੱਗੇ। ਮੈਂ ਸਾਰੇ ਰਸਤੇ ਉਹ ਸਪੀਚ ਤਿਆਰ ਕਰਦਾ ਗਿਆ, ਜਿਹੜੀ ਬਤੌਰ ਚੀਫ਼ ਆਫ ਦਾ ਏਅਰ ਸਟਾਫ਼ ਏਅਰ ਮਾਰਸ਼ਲ ਵਜੋਂ ਮੈਂ ਰਿਟਾਇਰਮੈਂਟ ਵੇਲੇ ਦੇਣੀ ਸੀ। ਲੋਕ ਜਿੰLਦਗੀ ਵਿੱਚ ਇੱਕ ਵਾਰ ਰਿਟਾਇਰ ਹੁੰਦੇ ਹਨ। ਮੈਂ ਕਿੱਡੀਆਂ ਕਿੱਡੀਆਂ ਵੱਡੀਆਂ ਬਾਦਸ਼ਾਹੀਆਂ ਤੋਂ ਬਚਪਨ ਵਿੱਚ ਹੀ ਰਿਟਾਇਰ ਹੋ ਗਿਆ ਸੀ, ਇਸ ਬਾਰੇ ਵੀ ਲਿਖਾਂਗਾ।
ਲੋਕ ਸੌਂ ਜਾਣ ਬਾਅਦ ਸੁਫਨੇ ਲੈਂਦੇ ਹਨ, ਬੱਚੇ ਬਹੁਤੇ ਸੁਫਨੇ ਜਾਗਦੇ ਹੋਏ ਲੈਂਦੇ ਹਨ। ਜਾਗਣ ਵੇਲੇ ਲਏ ਜਾਣ ਵਾਲੇ ਸੁਫ਼ਨੇ ਬਹੁਤੇ ਸੁਹਣੇ ਹੁੰਦੇ ਹਨ। ਰੁਆ ਤਾਂ ਰਾਤ ਦੇ ਸੁਫਨੇ ਵੀ ਦਿੰਦੇ ਹਨ, ਪਰ ਦਿਨ ਵੇਲੇ ਲਏ ਸੁਫਨੇ ਵਧੀਕ ਰੁਆਉਂਦੇ ਹਨ। ਜਿੰਨੇ ਵਧੀਕ ਸੁਹਣੇ ਸੁਫਨੇ, ਉਨੇ ਵਧੀਕ ਸੁਹਣੇ ਹੰਝੂ। ਰਾਤੀਂ ਨੀਂਦ ਵਿੱਚ ਮੈਨੂੰ ਬੜੇ ਫਗ਼ੂਲ ਸੁਫਨੇ ਵੀ ਆਉਂਦੇ। ਮੈਂ ਮੋਟਰਸਾਈਕਲ ਦੀ ਸਵਾਰੀ ਕਰਦਾ। ਪੂਰੀ ਸ਼ਾਨ। ਪਰ ਹੌਲੀ ਹੌਲੀ ਮੋਟਰਸਾਈਕਲ ਦੇ ਦੋਵੇਂ ਪਾਸੇ ਪੈਡਲ ਨਿਕਲ ਆਉਂਦੇ। ਮੈਂ ਏਨੇ ਭਾਰੇ ਮੋਟਰ ਸਾਈਕਲ ਨੂੰ ਪੈਡਲਾਂ ਨਾਲ ਖਿੱਚਦਾ ਖਿੱਚਦਾ ਪਸੀਨੋ ਪਸੀਨਾ ਹੋ ਜਾਂਦਾ। ਅਖੀਰ ਵਿੱਚ ਜਦੋਂ ਮੈਂ ਮੋਟਰਸਾਈਕਲ ਤੋਂ ਹੇਠਾਂ ਉਤਰਨ ਲਗਦਾ ਤਾਂ ਪਤਾ ਲਗਦਾ ਕਿ ਮੈਂ ਤਾਂ ਗਧੇ ‘ਤੇ ਚੜ੍ਹਿਆ ਫਿਰਦਾ ਸੀ। ਤੁਸੀਂ ਅਜਮਾ ਕੇ ਦੇਖ ਲੈਣਾ ਬੇਸ਼ਕ ਕਦੀ ਕਿ ਗਧੇ ਨੂੰ ਪਸੀਨਾ ਨਹੀਂ ਆਉਂਦਾ, ਉਪਰ ਬੈਠਣ ਵਾਲੇ ਨੂੰ ਆਉਂਦਾ ਹੁੰਦੈ।
ਸਰੇ ਰਾਹ ਚਲਦੇ ਚਲਦੇ ਐਵੇਂ ਇੱਕ ਸਾਧ ਸਤਿਅ ਚੈਤਨਯ ਯਤੀ ਨਾਲ ਦੋਸਤੀ ਹੋ ਗਈ ਖਾਹ ਮਖਾਹ। ਉਹ ਮੈਨੂੰ, ਮੈਂ ਉਸ ਨੂੰ ਚਿੱਠੀਆਂ ਲਿਖਣ ਲੱਗੇ। ਨਾ ਉਸਨੂੰ ਪੰਜਾਬੀ ਆਉਂਦੀ ਸੀ, ਨਾ ਹਿੰਦੀ। ਅੰਗਰੇਜ਼ੀ ਵਿੱਚ ਲਿਖਦਾ। ਉਸਦਾ ਇੱਕ ਖਤ ਤੁਹਾਨੂੰ ਵੀ ਸੁਣਾਉਂਦਾ ਹਾਂ। ਸੁਹਣੀ ਕੁੜੀ ਦਾ ਖਤ ਮੁੰਡਾ ਕਿਸੇ ਖਾਸ ਦੋਸਤ ਨੂੰ ਜ਼ਰੂਰ ਦਿਖਾਉਂਦਾ ਹੈ। ਲਿਖਿਆ- ਪਿਆਰੇ ਭਰਾ, ਇਸ ਵਕਤ ਪਸ਼ੂ-ਪੰਛੀ ਵੇਲ-ਬੂਟੇ ਰਾਤ ਦੀ ਚਾਦਰ ਤਾਣ ਕੇ ਸੌਂ ਗਏ ਹਨ। ਤਿਤਲੀਆਂ ਜਦੋਂ ਸੌਂ ਜਾਂਦੀਆਂ ਹਨ, ਕੀ ਤੈਨੂੰ ਪਤੈ ਉਨ੍ਹਾਂ ਦੇ ਸੁਫ਼ਨਿਆਂ ਵਿੱਚ ਫੁੱਲ ਆਇਆ ਕਰਦੇ ਹਨ? ਫੁੱਲ ਜਦੋਂ ਸੌਂ ਜਾਣ ਉਨ੍ਹਾਂ ਦੇ ਸੁਫਨਿਆਂ ਵਿੱਚ ਸੂਰਜ ਆਇਆ ਕਰਦਾ ਹੈ। ਸੂਰਜ ਕਦੇ ਨਹੀਂ ਸੌਂਦਾ। ਜਿਹੜੇ ਸੌਂਦੇ ਨਹੀਂ, ਉਨ੍ਹਾਂ ਨੂੰ ਸੁਫ਼ਨੇ ਨਹੀਂ ਆਉਂਦੇ। ਜਿਹੜੇ ਹਮੇਸ਼ਾ ਜਾਗਦੇ ਰਹਿਣਗੇ, ਉਹ ਹੋਰਾਂ ਦੇ ਸੁਫ਼ਨੇ `ਚ ਆਇਆ ਕਰਨਗੇ। ਤੇਰਾ ਮਿੱਤਰ- ਚੈਤਨਯ।
ਜਿਨ੍ਹਾਂ ਸੂਰਜਾਂ ਦੀ ਬਾਣੀ ਦਾ ਮੈਂ ਨਿਤਨੇਮ ਕਰਦਾ ਹਾਂ, ਉਹ ਮੇਰੇ ਸੁਫ਼ਨਿਆਂ ਵਿੱਚ ਆਉਂਦੇ ਹਨ, ਪਰ ਚੈਤਨਯ ਭਰਾ ਉਹ ਖੁਦ ਬਹੁਤ ਵੱਡੇ ਸੁਫਨਸਾਜ਼ ਸਨ। ਹਾਫਿਜ਼ ਸ਼ੀਰਾਜ਼ੀ ਨੇ ਲਿਖਿਆ- ਇੱਕ ਭੁਲੇਖਾ ਮੁੱਦਤਾਂ ਤੋਂ ਇਧਰ-ਉਧਰ ਭਟਕਦਾ ਫਿਰਦਾ ਸੀ। ਰੱਬ ਨੇ ਉਸਨੂੰ ਕਿਹਾ- ਹੌਜਾ। ਭੁਲੇਖਾ ਸੱਚ ਹੋ ਗਿਆ। ਇਹੀ ਹੋਇਆ ਸੀ। ਹਿੰਦੁਸਤਾਨ ਭੁਲੇਖਾ ਬਣ ਕੇ ਭਟਕਣ ਲੱਗਾ ਤਾਂ ਗੁਰੂ ਬਾਬੇ ਨੇ ਉਸਨੂੰ ਸੱਚ ਬਣਾ ਦਿੱਤਾ ਸੀ। ਹੁਣ ਫਿਰ ਤੋਂ ਇਹ ਸੱਚ ਭੁਲੇਖਾ ਬਣਨ ਲੱਗ ਗਿਐ, ਇਸ ਨੂੰ ਅਕਲ ਸਿੱਖਣੀ ਪਵੇਗੀ। ਭੁਲੇਖਾ ਤੇ ਸੁਫਨਾ ਸਕੇ ਭਰਾ ਹਨ।
ਸਵੇਰ ਸਾਰ ਇੱਕ ਬੰਦਾ ਆਪਣੀ ਪਤਨੀ ਨੂੰ ਕਹਿਣ ਲੱਗਾ- ਰਾਤੀਂ ਗਵਾਂਢਣ ਮੇਰੇ ਸੁਫਨੇ ਵਿੱਚ ਆਈ ਸੀ। ਪਤਨੀ ਬੋਲੀ- ਇਕੱਲੀ ਆਈ ਹੋਵੇਗੀ। ਪਤੀ ਨੇ ਕਿਹਾ- ਹਾਂ ਇਕੱਲੀ, ਤੈਨੂੰ ਕਿਵੇਂ ਪਤਾ ਲੱਗਾ? ਪਤਨੀ ਨੇ ਕਿਹਾ- ਕਿਉਂਕਿ ਗਵਾਂਢੀ ਮੇਰੇ ਸੁਫਨੇ ਵਿੱਚ ਆਇਆ ਸੀ। ਬੰਦਾ ਬੋਲਿਆ- ਚਾਹ ਤਾਂ ਠਹਿਰ ਕੇ ਪੀ ਲਾਂਗੇ ਪਹਿਲਾਂ ਚੱਲ ਗਵਾਂਢੀ ਦੇ ਚੱਲੀਏ। ਪਤਨੀ ਨੇ ਪੁਛਿਆ- ਕਿਉਂ? ਪਤੀ ਨੇ ਕਿਹਾ- ਆਪਾਂ ਆਖਾਂਗੇ ਕਿ ਰਾਤ ਬਰਾਤੇ ਆਪੋ ਆਪਣੇ ਘਰ ਰਹਿਣਾ ਠੀਕ ਹੁੰਦੈ, ਸਾਡੇ ਕੋਲ ਨਾ ਆਇਆ ਕਰੋ!
ਨਾ ਹੁਣ ਸ਼ਾਇਰ ਦਾ ਪਤਾ, ਨਾ ਸ਼ਿਅਰ ਯਾਦ ਰਿਹਾ, ਪਰ ਟੀ.ਵੀ. `ਤੇ ਇੱਕ ਸ਼ਾਇਰ ਨੇ ਸ਼ਿਅਰ ਪੜ੍ਹਿਆ- ਉਹ ਗਾਲਿਬ ਜੋ ਖੁਦ ਇੱਕ ਗੁਲਾਬ ਦੀ ਪੰਖੜੀ ਵਾਂਗ ਉਡ ਗਿਆ, ਸਾਨੂੰ ਹਜ਼ਾਰ ਹਜ਼ਾਰ ਸਾਲ ਜਿਉਣ ਦੀਆਂ ਅਸੀਸਾਂ ਦਿਆ ਕਰਦਾ ਸੀ। ਗਾਲਿਬ ਦਾ ਹੀ ਸ਼ਿਅਰ ਹੈ- ਮਗਰਮੱਛ ਸਮੁੰਦਰ ਦੇ ਕਿਨਾਰੇ ਮੂੰਹ ਅੱਡੀ ਇਉਂ ਲੇਟੇ ਪਏ ਹਨ, ਜਿਵੇਂ ਲਹਿਰਾਂ ਨੂੰ ਨਿਗਲ ਜਾਣਗੇ। ਇੱਕ ਨਿੱਕੀ ਬੂੰਦ ਸੁਫਨੇ ਲੈ ਰਹੀ ਹੈ ਕਿ ਮੈਂ ਮੋਤੀ ਬਣਾਂ।
ਪੱਕਾ ਪਤਾ ਨਹੀਂ, ਸ਼ਾਇਦ ਇਹ ਕਥਨ ਐਜ਼ਰਾ ਪਾਊਂਡ ਦਾ ਹੈ। ਪਾਠਕ ਸੋਧ ਦੇਣਗੇ ਜੇ ਉਕਾਈ ਹੋਈ। ਹੁਣ ਤਾਂ ਮੈਂ ਪੜ੍ਹਦਾ-ਪੜ੍ਹਦਾ ਨੋਟਸ ਲੈਂਦਾ ਹਾਂ, ਜੁਆਨੀ ਵਿੱਚ ਐਵੀਂ ਪੜ੍ਹੀ ਗਿਆ, ਸੋ ਗਲਤੀ ਲੱਗ ਸਕਦੀ ਹੈ। ਲਿਖਿਐ- ਤੂੰ ਦੁੱਧ ਦੰਦਾਂ ਨਾਲ ਪਹਾੜ ਕੱਟਣੇ ਚਾਹੇ ਮੂਰਖ। ਸੁਫਨੇ ਲੈਣ ਵਾਸਤੇ ਕੀ ਕੋਈ ਰਾਤ ਕਾਫੀ ਨਹੀਂ ਸੀ? ਮੈਂ ਬਚਪਨ ਤੋਂ ਅੱਖਰਾਂ ਦਾ ਏਨਾ ਸ਼ੁਦਾਈ ਹਾਂ ਕਿ ਸਾਲ 1984 ਵਿੱਚ ਮੈਨੂੰ ਸਿੱਖ ਸਮਝ ਕੇ ਸਰਕਾਰ ਨੇ ਕੈਦ ਵਿੱਚ ਸੁੱਟ ਦਿੱਤਾ, ਉਹ ਵੀ ਇੱਕ ਕਾਲ ਕੋਠੜੀ ਵਿਚ। ਮੈਂ ਪਹਿਰੇਦਾਰਾਂ ਅੱਗੇ ਅਰਜ਼ ਕਰਦਾ- ਕਿਤਾਬ ਤੇ ਅਖਬਾਰ ਤਾਂ ਮੇਰੇ ਕੋਲ ਨਹੀਂ ਆ ਸਕਦੇ, ਕਿਉਂਕਿ ਪਾਬੰਦੀ ਹੈ, ਤੁਸੀਂ ਅਖਬਾਰਾਂ ਤੋਂ ਬਣੇ ਖਾਲੀ ਲਿਫਾਫੇ, ਜਿਹੜੇ ਰੱਦੀ ਦੀ ਟੋਕਰੀ ਵਿੱਚ ਹੀ ਸੁਟਣੇ ਹੁੰਦੇ ਨੇ, ਮੈਨੂੰ ਦੇ ਜਾਇਆ ਕਰੋ। ਉਹ ਏਨੇ ਦਇਆਵਾਨ ਕਿ ਮੈਨੂੰ ਅੱਖ ਬਚਾ ਕੇ ਕਾਗਜ਼ ਦੇ ਲਿਫਾਫੇ ਦੇ ਜਾਂਦੇ। ਮੈਂ ਉਨ੍ਹਾਂ ਦਾ ਅਹਿਸਾਨ ਕਿਵੇਂ ਭੁਲ ਸਕਦਾ ਹਾਂ? ਰੱਦੀ ਲਿਫਾਫਿਆਂ ਦੇ ਅੱਖਰ ਪੜ੍ਹਦਾ-ਪੜ੍ਹਦਾ ਜਦੋਂ ਮੈਂ ਸੌਂ ਜਾਂਦਾ, ਮੈਨੂੰ ਵੱਡੇ ਵੱਡੇ ਗ੍ਰੰਥ ਪੜ੍ਹਨ ਦੇ ਸੁਫ਼ਨੇ ਆਉਂਦੇ। ਉਨ੍ਹਾਂ ਦਿਨਾਂ ਵਿੱਚ ਮੈਂ ਸੰਸਾਰ ਦੀਆਂ ਵੱਡੀਆਂ ਲਾਇਬਰੇਰੀਆਂ ਦੀ ਜ਼ਿਆਰਤ ਕੀਤੀ। ਮੈਨੂੰ ਜੋ ਮਰਜ਼ੀ ਸਜ਼ਾ ਦਿਓ, ਮੈਂ ਮਰਦਾ ਨਹੀਂ। ਜਿਸ ਦਿਨ ਮਾਰਨ ਦਾ ਫੈਸਲਾ ਕਰੋ, ਅੱਖਰ ਵਿਦਿਆ ਖੋਹ ਲੈਣੀ। ਰੱਸਾ ਕਿਸ ਵਾਸਤੇ ਖੂਨ ਨਾਲ ਲਬੇੜਨਾ ਹੋਇਆ?