ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਨਾਮ ਕੌਰ ਨੇ ਪਿਛਲੇ ਦਿਨੀਂ ਬਰੈਂਪਟਨ ਵਿੱਚ ਹੋਈ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਹਥਲਾ ਲੇਖ/ਪਰਚਾ ਪੜ੍ਹਿਆ ਸੀ, ਜਿਸ ਵਿੱਚ ਉਨ੍ਹਾਂ ਸਮਕਾਲੀ ਸੰਦਰਭ ਵਿੱਚ ਸਿੱਖ ਕੀਮਤ ਵਿਧਾਨ ਅਤੇ ਪੰਜਾਬੀ ਸੱਭਿਆਚਾਰ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ, “ਸਿੱਖ ਧਰਮ ਸੰਸਾਰ ਧਰਮਾਂ ਦੇ ਇਤਿਹਾਸ ਵਿੱਚ ਬਹੁਤ ਨਵਾਂ ਹੈ, ਪ੍ਰੰਤੂ ਇਸ ਦਾ ਸ਼ੁਮਾਰ ਸੰਸਾਰ ਦੇ ਛੇ ਮੁੱਖ ਧਰਮਾਂ ਹਿੰਦੂ, ਬੁੱਧ, ਜੈਨ, ਯਹੂਦੀ, ਇਸਾਈ ਅਤੇ ਇਸਲਾਮ ਵਿੱਚ ਹੁੰਦਾ ਹੈ। ਸਿੱਖ ਫ਼ਲਸਫ਼ਾ ਅਤੇ ਕੀਮਤ ਵਿਧਾਨ ਸਰਵਵਿਆਪਕ ਮਹੱਤਵ ਰੱਖਦਾ ਹੈ, ਕਿਉਂਕਿ ਇਸ ਨੂੰ ਕਿਸੇ ਵੀ ਸਥਾਨ, ਧਰਮ ਅਤੇ ਸਮਾਜ ਵਿੱਚ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਜਿਸ ਸੰਕਟ ਵਿੱਚੋਂ ਅੱਜ ਕੁੱਲ ਆਲਮ ਗੁਜ਼ਰ ਰਿਹਾ ਹੈ, ਉਸ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਪਾਸੇ ਯਤਨ ਹੋਣੇ ਵੀ ਚਾਹੀਦੇ ਹਨ।” ਪੇਸ਼ ਹੈ, ਪਾਠਕਾਂ ਲਈ ਇਹ ਅਹਿਮ ਲੇਖ…
ਡਾ. ਗੁਰਨਾਮ ਕੌਰ ਕੈਨੇਡਾ
ਸੱਭਿਆਚਾਰ ਨੂੰ ਜੇ ਆਸਾਨ ਲਫ਼ਜ਼ਾਂ ਵਿੱਚ ਸਮਝਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਮਨੁੱਖੀ ਬੌਧਿਕ ਪ੍ਰਾਪਤੀਆਂ, ਕਲਾਵਾਂ ਦਾ ਸਮੂਹਕ ਰੂਪ ਵਿੱਚ ਪਰਗਟ ਹੋਣਾ ਹੀ ਸੱਭਿਆਚਾਰ ਅਖਵਾਉਂਦਾ ਹੈ। ਸੱਭਿਆਚਾਰ ਲੋਕਾਂ ਦੇ ਕਿਸੇ ਖਾਸ ਸਮੂਹ ਦਾ ਜੀਵਨ-ਢੰਗ ਹੁੰਦਾ ਹੈ– ਉਨ੍ਹਾਂ ਦਾ ਵਰਤਾਰਾ, ਵਿਸ਼ਵਾਸ, ਕੀਮਤਾਂ ਅਤੇ ਚਿੰਨ੍ਹ, ਜਿਨ੍ਹਾਂ ਨੂੰ ਉਹ ਉਨ੍ਹਾਂ ਬਾਰੇ ਸੋਚੇ ਬਿਨਾਂ ਪਰਵਾਨ ਕਰਦੇ ਹਨ। ਸੱਭਿਆਚਾਰ ਅਜਿਹਾ ਸ਼ਬਦ ਹੈ, ਜਿਸ ਵਿੱਚ ਮਨੁੱਖੀ ਸਮਾਜ ਦੇ ਕਿਸੇ ਸਮੂਹ ਵਿੱਚ ਸਥਾਪਤ ਸਮਾਜਿਕ ਵਰਤਾਉ, ਬੋਲੀ, ਧਰਮ, ਖਾਣ-ਪਾਣ, ਰੀਤੀ-ਰਿਵਾਜ਼, ਸੰਗੀਤ, ਸੰਸਥਾਵਾਂ ਤੇ ਪ੍ਰਤੀਮਾਨ ਅਤੇ ਮਨੁੱਖੀ ਗਿਆਨ ਤੇ ਵਿਸ਼ਵਾਸ ਸਭ ਸ਼ਾਮਲ ਹੁੰਦੇ ਹਨ। ਇਥੇ ਅਸੀਂ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੇ ਸੰਦਰਭ ਵਿੱਚ ਸਿੱਖ ਕੀਮਤ-ਵਿਧਾਨ ਅਤੇ ਇਸ ਦੇ ਸਮਾਜਿਕ-ਸੱਭਿਆਚਾਰਕ ਅਸਰ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ; ਪ੍ਰੰਤੂ ਇਸ ਦੇ ਨਾਲ ਹੀ ਇੱਥੇ ਇਹ ਕਹਿਣ ਵਿੱਚ ਵੀ ਕੋਈ ਝਿਜਕ ਜਾਂ ਹਿਚਕਚਾਹਟ ਨਹੀਂ ਕਿ ਸਿੱਖ ਫ਼ਲਸਫ਼ਾ ਅਤੇ ਕੀਮਤ ਵਿਧਾਨ ਸਰਵਵਿਆਪਕ ਮਹੱਤਵ ਰੱਖਦਾ ਹੈ, ਕਿਉਂਕਿ ਇਸ ਨੂੰ ਕਿਸੇ ਵੀ ਸਥਾਨ, ਧਰਮ ਅਤੇ ਸਮਾਜ ਵਿੱਚ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਜਿਸ ਸੰਕਟ ਵਿੱਚੋਂ ਅੱਜ ਕੁੱਲ ਆਲਮ ਗੁਜ਼ਰ ਰਿਹਾ ਹੈ, ਉਸ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਪਾਸੇ ਯਤਨ ਹੋਣੇ ਵੀ ਚਾਹੀਦੇ ਹਨ।
ਸਿੱਖ ਧਰਮ ਸੰਸਾਰ ਧਰਮਾਂ ਦੇ ਇਤਿਹਾਸ ਵਿੱਚ ਬਹੁਤ ਨਵਾਂ ਹੈ, ਪ੍ਰੰਤੂ ਇਸ ਦਾ ਸ਼ੁਮਾਰ ਸੰਸਾਰ ਦੇ ਛੇ ਮੁੱਖ ਧਰਮਾਂ ਹਿੰਦੂ, ਬੁੱਧ, ਜੈਨ, ਯਹੂਦੀ, ਇਸਾਈ ਅਤੇ ਇਸਲਾਮ ਵਿੱਚ ਹੁੰਦਾ ਹੈ। ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਦੇ ਸੰਨ 1499 ਵਿੱਚ ‘ਵੇਈਂ ਨਦੀ’ ਪ੍ਰਵੇਸ਼ ਤੋਂ ਰੱਖੀ ਗਈ ਮੰਨੀ ਜਾਂਦੀ ਹੈ, ਜਦੋਂ ਵੇਈਂ ਵਿਚੋਂ ਬਾਹਰ ਆਉਣ ‘ਤੇ ਉਨ੍ਹਾਂ ਨੇ ਆਪਣਾ ਪਹਿਲਾ ਐਲਾਨਨਾਮਾ ‘ਨਾ ਕੋ ਹਿੰਦੂ ਨਾ ਮੁਸਲਮਾਨ’ ਕੀਤਾ, ਜਿਸ ਵਿਚਲੀ ਵਿਚਾਰਧਾਰਾ ਨੇ ਮਨੁੱਖ ਨੂੰ ਧਰਮ ਦੇ ਨਾਂ ‘ਤੇ ਵੰਡੇ ਜਾਣ ਦਾ ਰੇੜਕਾ ਹੀ ਖਤਮ ਕਰ ਦਿੱਤਾ। ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੀ ਮੱਕੇ ਦੀ ਯਾਤਰਾ ਸਮੇਂ ਕਾਜ਼ੀਆਂ-ਮੁੱਲਾਂ ਨਾਲ ਵਾਰਤਾਲਾਪ ਦਾ ਜ਼ਿਕਰ ਕਰਦਿਆਂ ਇਸੇ ਪਾਸੇ ਇਸ਼ਾਰਾ ਕੀਤਾ ਹੈ:
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਗੁਰੂ ਨਾਨਕ ਸਾਹਿਬ ਨੇ ਸੰਸਾਰ ਸਾਹਮਣੇ ਧਰਮ ਦੀ ਮਾਨਵਤਾਵਾਦੀ ਪਹੁੰਚ ਰੱਖੀ। ਕਈ ਵਾਰ ਅਸੀਂ ਮਾਨਵਵਾਦ ਅਤੇ ਮਾਨਵਤਾਵਾਦ ਨੂੰ ਰਲਗੱਡ ਕਰਦਿਆਂ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਮਾਨਵਵਾਦ ਕਹਿ ਦਿੰਦੇ ਹਾਂ। ਅਸਲ ਵਿੱਚ ਦਾਰਸ਼ਨਿਕ ਨਜ਼ਰੀਏ ਤੋਂ ਦੋਵਾਂ ਵਿੱਚ ਬੁਨਿਆਦੀ ਫਰਕ ਇਹ ਹੈ ਕਿ ਮਾਨਵਵਾਦ ਇੱਕ ਅਜਿਹਾ ਨਜ਼ਰੀਆ ਜਾਂ ਸਿਧਾਂਤ ਹੈ, ਜਿਸ ਵਿੱਚ ਮੁੱਖ ਮਹੱਤਵ ਮਨੁੱਖ ਨੂੰ ਦਿੱਤਾ ਜਾਂਦਾ ਹੈ, ਜਿਸ ਦੇ ਕੇਂਦਰ ਵਿੱਚ ਮਨੁੱਖ ਹੈ, ਕਿਸੇ ਪਰਮ-ਹਸਤੀ ਜਾਂ ਪਰਮਸਤਿ ਦੀ ਕੋਈ ਹੋਂਦ ਨਹੀਂ ਸਵੀਕਾਰੀ ਜਾਂਦੀ। ਮਨੁੱਖ ਦੀਆਂ ਲੋੜਾਂ ਜਾਂ ਸਮੱਸਿਆਵਾਂ ਦੇ ਹੱਲ ਲਈ ਤਰਕਵਾਦੀ ਸੁਝਾਅ ਦਿੱਤੇ ਜਾਂਦੇ ਹਨ। ਮਾਨਵਤਾਵਾਦੀ ਪਹੁੰਚ ਅਜਿਹੀ ਹੈ, ਜਿਸ ਅਨੁਸਾਰ ਮਨੁੱਖ ਦੇ ਦੁੱਖਾਂ, ਦਰਦਾਂ, ਮੁਸੀਬਤਾਂ ਨੂੰ ਦੂਰ ਕਰਨ ਲਈ ਵਿਅਕਤੀ ਅਮਲੀ ਰੂਪ ਵਿੱਚ ਸਰਗਰਮ ਹੁੰਦਾ ਹੈ ਅਤੇ ਮਨੁੱਖੀ ਭਲਾਈ ਅਤੇ ਸਮਾਜ ਦਾ ਸੁਧਾਰ ਮਨੁੱਖ ਦੇ ਹਮਦਰਦ ਵਜੋਂ ਤੇ ਮਨੁੱਖੀ ਪ੍ਰੇਮ ਵਿੱਚੋਂ ਕਰਦਾ ਹੈ ਅਤੇ ਨੈਤਿਕ ਤੇ ਅਧਿਆਤਮਕ ਮਾਨਵਤਾਵਾਦ ਦਾ ਦਾਅਵਾ ਕਰਦਾ ਹੈ। ਗੁਰੂ ਨਾਨਕ ਨੇ ਦੁਨੀਆ ਦੇ ਸਾਹਮਣੇ ਸਪੱਸ਼ਟ ਕਰ ਦਿੱਤਾ ਕਿ ਮਨੁੱਖਤਾ ਨੂੰ ਧਰਮ ਦੇ ਨਾਮ ‘ਤੇ ਵੰਡਿਆ ਨਹੀਂ ਜਾ ਸਕਦਾ, ਕਿਉਂਕਿ ਧਰਮ ਦਾ ਆਧਾਰ ਨੈਤਿਕਤਾ ਹੈ। ਮਨੁੱਖ ਦੇ ਧਾਰਮਿਕ ਜਾਂ ਅਧਾਰਮਿਕ ਹੋਣ ਦਾ ਨਿਬੇੜਾ ਉਸ ਦੇ ਅਮਲਾਂ, ਉਸ ਦੇ ਕੀਤੇ ਨੇਕ ਕੰਮਾਂ, ਉਸ ਦੇ ਨੈਤਿਕ ਗੁਣਾਂ ‘ਤੇ ਹੋਣਾ ਹੈ; ਇਸ ਤੱਥ ਤੋਂ ਨਹੀਂ ਹੋਣਾ ਕਿ ਉਹ ਕਿਸ ਧਰਮ ਨਾਲ ਸਬੰਧਤ ਹੈ ਜਾਂ ਕਿੰਨੀਆਂ ਧਾਰਮਿਕ ਰਸਮਾਂ ਨਿਭਾਉਂਦਾ ਤੇ ਪੂਜਾ-ਪਾਠ ਕਰਦਾ ਹੈ।
ਸਿੱਖ ਧਰਮ ਅਤੇ ਇਸ ਦੇ ਕੀਮਤ-ਵਿਧਾਨ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਵਿੱਚ ਕੀ ਜਾਗ੍ਰਿਤੀ ਲਿਆਂਦੀ, ਇਸ ‘ਤੇ ਕਿਵੇਂ ਅਸਰ-ਅੰਦਾਜ਼ ਹੋਇਆ ਅਤੇ ਸਮਕਾਲ ਵਿੱਚ ਇਹ ਕੀ ਰੋਲ ਨਿਭਾਅ ਸਕਦਾ ਹੈ, ਨੂੰ ਸਮਝਣ ਲਈ ਸਿੱਖ ਧਰਮ ਦੀ ਸੰਖੇਪ ਚਰਚਾ ਕਰ ਲੈਣੀ ਸਹਾਇਕ ਸਿੱਧ ਹੋਵੇਗੀ। ਸਿੱਖ ਧਰਮ ਇੱਕ ਇਲਹਾਮੀ ਧਰਮ ਹੈ, ਜਿਸ ਦਾ ਪ੍ਰਕਾਸ਼ਨ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ ਬਾਣੀ ਦੇ ਰੂਪ ਵਿੱਚ ਹੋਇਆ ਮੰਨਿਆ ਜਾਂਦਾ ਹੈ ਅਤੇ ਇਹ ਗੁਰੂ ਨਾਨਕ ਦੇਵ, ਇਸ ਦੇ ਬਾਨੀ ਗੁਰੂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਸਮ ਅਤੇ ਆਖ਼ਰੀ ਸਰੀਰਕ ਗੁਰੂ ਤੱਕ, ਇੱਕ ਲਗਾਤਾਰ ਅਮਲ ਹੈ। ਗੁਰੂ ਸਾਹਿਬਾਨ ਨੂੰ ਆਪਣੇ ਰਹੱਸਾਤਮਕ ਅਨੁਭਵ ਵਿੱਚ ਸਤਿ ਦਾ ਜੋ ਅਨੁਭਵ ਹੋਇਆ, ਉਸ ਨੂੰ ਉਨ੍ਹਾਂ ਨੇ ਬਾਣੀ ਜਾਂ ਸ਼ਬਦ ਦੇ ਰੂਪ ਵਿੱਚ ਪਰਗਟ ਕੀਤਾ, ਜਿਸ ਦਾ ਹਵਾਲਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਥਾਵਾਂ ‘ਤੇ ਮਿਲ ਜਾਂਦਾ ਹੈ। ਮਿਸਾਲ ਵਜੋਂ ਜਿਵੇਂ ਗੁਰੂ ਨਾਨਕ ਦੇਵ ਭਾਈ ਲਾਲੋ ਨੂੰ ਸੰਬੋੋਧਨ ਕਰਦੇ ਹਨ, “ਜੈਸੀ ਮੈ ਆਵਹਿ ਖਸਮੁ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰਨਾ 722) ਅਤੇ ਇੱਕ ਥਾਂ ਹੋਰ ਕਹਿੰਦੇ ਹਨ, “ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥” (ਪੰਨਾ 763)
ਗੁਰੂ ਅਰਜਨ ਦੇਵ ਬਾਣੀ ਰੂਪੀ ਅੰਮ੍ਰਿਤ ਦੇ ਵਰਸਣ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਜਿਵੇਂ ਪ੍ਰਭੂ ਬੋਲਣ ਦਾ ਹੁਕਮ ਕਰਦਾ ਹੈ, ਉਹ ਉਵੇਂ ਬੋਲਦੇ ਹਨ, “ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ॥ ਬੋਲਾਇਆ ਬੋਲੀ ਖਸਮ ਦਾ॥” (ਪੰਨਾ 74); ਗੁਰੂ ਅਰਜਨ ਦੇਵ ਬਾਣੀ ਨੂੰ ਧੁਰੋਂ ਆਈ ਮੰਨਦਿਆਂ ਇਸ ਨੂੰ ਕਰਤਾ ਪੁਰਖ ਦੀ ਮਿਹਰ ਪਰਵਾਨ ਕਰਦੇ ਹਨ, ਜਿਸ ਸਦਕਾ ਉਨ੍ਹਾਂ ਨੂੰ ਸੱਚ ਦਾ ਗਿਆਨ ਹੋਇਆ ਹੈ, ਜਿਸ ਦਾ ਉਹ ਬਿਆਨ ਕਰ ਸਕੇ ਹਨ:
ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥
ਦਇਆਲ ਪੁਰਖ ਮਿਹਰਵਾਨਾ॥ ਹਰਿ ਨਾਨਕ ਸਾਚੁ ਵਖਾਨਾ॥ (ਪੰਨਾ 628)
ਗੁਰੂ ਗ੍ਰੰਥ ਸਾਹਿਬ ਸਿੱਖ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਹੀ ਸ਼ਾਮਲ ਨਹੀਂ ਹੈ, ਬਲਕਿ ਉਨ੍ਹਾਂ ਭਗਤਾਂ, ਸੂਫ਼ੀ ਸੰਤਾਂ ਦੀ ਬਾਣੀ ਵੀ ਸ਼ਾਮਲ ਹੈ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ। ਇਹ ਬਾਣੀ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਵੇਲੇ ਇਕੱਤਰ ਕੀਤੀ ਅਤੇ ਕੁੱਝ ਬਾਣੀ ਗੁਰੂ ਅਰਜਨ ਦੇਵ ਪਾਤਿਸ਼ਾਹ ਦੇ ਸਮਕਾਲੀਆਂ ਵੱਲੋਂ ਰਚੀ ਹੋਈ ਹੈ, ਜਿਵੇਂ ਸਤਾ ਅਤੇ ਬਲਵੰਡ, ਭੱਟਾਂ ਦੇ ਸਵਈਏ ਆਦਿ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੈਤਿਕਤਾ, ਕੀਮਤ ਵਿਧਾਨ ਅਤੇ ਸਿੱਖ ਫ਼ਲਸਫ਼ੇ ਦਾ ਸੋਮਾ ਹੈ, ਜਿਸ ਵਿੱਚ ਹਿੰਦੁਸਤਾਨ ਦੇ ਮੱਧਕਾਲ ਦੇ ਅਧਿਆਤਮਕ ਅਨੁਭਵ ਨੂੰ ਵੀ ਸਾਂਭਿਆ ਹੋਇਆ ਹੈ। ਮੱਧਕਾਲ ਨੂੰ ਪੱਛਮੀ ਦੁਨੀਆ ਦੇ ਦਾਰਸ਼ਨਿਕ ਇਤਿਹਾਸ ਵਿੱਚ ਅੰਧੇਰਾ ਜੁਗ ਕਰਕੇ ਮੰਨਿਆ ਜਾਂਦਾ ਹੈ, ਗੁਰਬਾਣੀ ਅਨੁਸਾਰ ਇਸ ਦਾ ਅਰਥ ਅਗਿਆਨਤਾ ਵੀ ਬਣਦਾ ਹੈ, ਜਦਕਿ ਇਸੇ ਹੀ ਸਮੇਂ ਹਿੰਦੁਸਤਾਨ ਦੀ ਧਰਤੀ ‘ਤੇ ਗੁਰੂ ਨਾਨਕ ਦੀ ਆਮਦ ਨਾਲ ਰੌਸ਼ਨ ਜੁਗ ਭਾਵ ਗਿਆਨ ਦਾ ਉਦੈ ਸ਼ੁਰੂ ਹੋ ਚੁੱਕਾ ਸੀ, ਜਿਸ ਨੂੰ ਪੰਜਾਬ ਦੇ ਮਹਾਨ ਚਿੰਤਕ ਸਰ ਮੁਹੰਮਦ ਇਕਬਾਲ ਨੇ ਹਿੰਦ ਦਾ ਇੱਕ ਸੁਪਨੇ ਵਿੱਚੋਂ ਜਾਗਣਾ ਕਿਹਾ ਹੈ:
ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖ਼ਾਬ ਸੇ।
ਸਿੱਖ ਧਰਮ-ਚਿੰਤਨ ਨੇ ਜੋ ਕੀਮਤ ਵਿਧਾਨ ਦੁਨੀਆ ਦੇ ਸਾਹਮਣੇ ਰੱਖਿਆ, ਉਸ ਵਿੱਚ ਮਨੁੱਖੀ ਨੈਤਿਕਤਾ, ਮਾਨਵਤਾਵਾਦ, ਮਨੁੱਖੀ ਬਰਾਬਰੀ, ਮਨੁੱਖੀ ਸਵੈਮਾਨ, ਸਰਬ-ਸਾਂਝੀਵਾਲਤਾ, ਸਮਾਜਿਕ ਨਿਆਉਂ, ਜਮੂਹਰੀਅਤ, ਕਾਦਰ ਅਤੇ ਉਸ ਦੀ ਕੁਦਰਤਿ ਨਾਲ ਪ੍ਰੇਮ, ਜਿਸ ਵਿੱਚ ਮਨੁੱਖ ਅਤੇ ਸਾਰੀ ਕਾਇਨਾਤ ਸ਼ਾਮਲ ਹੈ, ਸਿਖਾਇਆ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਤੋਂ ਪਹਿਲਾਂ ਵਰਣ-ਵੰਡ, ਧਾਰਮਿਕ ਵਖਰੇਵਿਆਂ, ਰਾਜਨੀਤਕ ਕਾਰਨਾਂ ਕਰਕੇ ਜਿਸ ਤਰ੍ਹਾਂ ਭਾਰਤੀ ਸਮਾਜ ਵੰਡਿਆ ਹੋਇਆ ਸੀ ਅਤੇ ਇਸ ਵਿੱਚ ਜੋ ਗਿਰਾਵਟ ਆ ਚੁੱਕੀ ਸੀ, ਗੁਰੂ ਨਾਨਕ ਨੇ ਉਸ ਦੀ ਤੁਲਨਾ ਮੱਸਿਆ ਦੀ ਕਾਲੀ ਰਾਤ ਨਾਲ ਕੀਤੀ ਹੈ, ਜਿਸ ਵਿੱਚ ਚਾਰ-ਚੁਫੇਰੇ ਝੂਠ ਦਾ ਬੋਲ-ਬਾਲਾ ਹੋਣ ਕਰਕੇ ਸੱਚ ਰੂਪੀ ਚੰਦ੍ਰਮਾ ਅਲੋਪ ਹੋ ਗਿਆ ਸੀ। ਇਸ ਸਮੇਂ ਨੂੰ ਛੁਰੀ ਵਰਗਾ ਕਲਿਜੁਗ ਦਾ ਸਮਾਂ ਕਿਹਾ ਹੈ, ਜਿਸ ਵਿੱਚ ਰਾਜੇ ਲੋਕਾਂ ਨੂੰ ਕਸਾਈਆਂ ਵਾਂਗ ਕੋਹ ਰਹੇ ਸੀ, ਧਰਮ ਅਰਥਾਤ ਇਨਸਾਫ ਖੰਭ ਲਾ ਕੇ ਉੱਡ ਗਿਆ ਸੀ, ਹਰ ਤਰ੍ਹਾਂ ਦੀਆਂ ਨੈਤਿਕ ਕੀਮਤਾਂ ਗੁਆਚ ਗਈਆਂ ਸਨ, ਲੋਕਾਈ ਦੁੱਖਾਂ-ਤਕਲੀਫਾਂ ਨਾਲ ਤੜਪ ਰਹੀ ਸੀ, ਜਿਸ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥ (ਪੰਨਾ 145)
ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਹੀ ਸਿੱਖ ਧਰਮ ਦਾ ਮੂਲ ਸਿਧਾਂਤ ‘ੴ ਤੋਂ ਗੁਰਪਰਸਾਦਿ’ ਤੱਕ ਦਰਜ ਹੈ, ਜਿਸ ਵਿੱਚ ਪਰਮਸਤਿ ਦੇ ਗੁਣ ਦੱਸਦਿਆਂ ਉਸ ਨੂੰ ਬ੍ਰਹਿਮੰਡ ਦਾ ਕਰਤਾ ਪੁਰਖ ਕਿਹਾ ਹੈ ਅਤੇ ਇਹ ਸਾਰਾ ਬ੍ਰਹਿਮੰਡ, ਉਸ ਦੀ ਰਚਨਾ, ਉਸ ਦਾ ਪਰਗਟ ਸਰੂਪ ਹੈ। ਇਹ ਬੁਨਿਆਦ ਹੈ ਕਰਤਾ ਪੁਰਖ ਦੀ ਆਪਣੀ ਸਾਜੀ ਕੁਦਰਤਿ ਨਾਲ ਰਿਸ਼ਤੇ ਦੀ, ਮਨੁੱਖ ਦੀ ਕੁਦਰਤਿ ਨਾਲ ਰਿਸ਼ਤੇ ਅਤੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਦੀ। ਗੁਰੂ ਨਾਨਕ ਨੇ ਮਨੁੱਖ ਦੇ ਸਾਹਮਣੇ ਆਦਰਸ਼ ‘ਸਚਿਆਰਾ’ ਹੋਣ ਦਾ ਰੱਖਿਆ ਹੈ ਅਤੇ ‘ਸਚਿਆਰਾ’ ਹੋਣ ਦਾ ਅਰਥ ਸਵੈ-ਅਨੁਭਵ ਵੀ ਹੈ। ਸਵੈ-ਅਨੁਭਵ ਦੇ ਇਸ ਰਸਤੇ ਦੇ ਪਾਂਧੀ ਨੂੰ ਇਨ੍ਹਾਂ ਕੀਮਤਾਂ ਨੂੰ ਆਪ ਲੱਭਣਾ ਪੈਣਾ ਹੈ, ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਹੀ ਇਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਪੈਣਾ ਹੈ; ਤਦ ਹੀ ਉਹ ਆਪਣੀ ਮੰਜ਼ਿਲ ‘ਤੇ ਪਹੁੰਚ ਸਕਦਾ ਹੈ। ਪ੍ਰੰਤੂ ਸਿੱਖ ਧਰਮ ਚਿੰਤਨ ਅਨੁਸਾਰ ਇਹ ਖੋਜ ਅਤੇ ਇਸ ਦਾ ਪੰਧ ਵਿਅਕਤੀਗਤ ਨਹੀਂ, ਬਲਕਿ ਸਮੂਹਿਕ, ਸੰਗਤੀ ਹੈ। ਇਸੇ ਲਈ ਇਨ੍ਹਾਂ ਕੀਮਤਾਂ ਦੇ ਅਮਲੀ ਪ੍ਰਕਾਸ਼ਨ ਲਈ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਤ੍ਰੈ-ਪ੍ਰਤੀ ਰਸਤਾ ਦੱਸਿਆ। ਕਿਰਤ ਨੂੰ ਨਾਮ ਜਪਣ ਅਤੇ ਵੰਡ ਛਕਣ ਨਾਲ ਜੋੜਦਿਆਂ ਗੁਰੂ ਨਾਨਕ ਨੇ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਮਨੁੱਖਾਂ ਜਿਵੇਂ ਮੁੱਲਾਂ ਜਾਂ ਜੋਗੀ ਆਦਿ ਨੂੰ ਵੀ ਕਿਰਤ ਕਮਾਈ ਕਰਨ ਦਾ ਉਪਦੇਸ਼ ਕੀਤਾ ਹੈ।
ਗੁਰੂ ਨਾਨਕ ਅਨੁਸਾਰ ਵਿਹਲੇ ਰਹਿਣ ਵਾਲੇ ਧਾਰਮਿਕ ਕਹਾਉਂਦੇ ਬੰਦੇ, ਜਿਵੇਂ ਕਾਜ਼ੀ, ਪੰਡਿਤਾਂ ਅਤੇ ਜੋਗੀ ਆਦਿ, ਸਮਾਜ ਲਈ ਕੋਈ ਸਾਰਥਿਕ ਯੋਗਦਾਨ ਪਾਉਣ ਦੀ ਥਾਂ ਸਮਾਜ ਦੇ ਉਜਾੜੇ ਦਾ ਕਾਰਨ ਬਣਦੇ ਹਨ। ਕਾਜ਼ੀ ਦਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ, ਪ੍ਰੰਤੂ ਉਹ ਰਿਸ਼ਵਤ ਲੈ ਕੇ ਝੂਠ ਬੋਲਦਾ ਹੈ ਅਤੇ ਹਰਾਮ ਦੀ ਕਮਾਈ ਖਾਂਦਾ ਹੈ; ਬ੍ਰਾਹਮਣ ਕਰੋੜਾਂ ਸ਼ੂਦਰ ਕਹੇ ਜਾਣ ਵਾਲੇ ਬੰਦਿਆਂ ਨੂੰ ਦੁਖੀ ਕਰ ਕਰਕੇ ਤੀਰਥ ਇਸ਼ਨਾਨ ਕਰਦਾ ਹੈ; ਜੋਗੀ ਵੀ ਅੰਨ੍ਹਾ ਹੈ ਅਤੇ ਜੀਵਨ-ਜਾਚ ਨਹੀਂ ਜਾਣਦਾ। ਇਸ ਤਰ੍ਹਾਂ ਇਹ ਤਿੰਨੇ ਅੰਦਰੋਂ ਖਾਲੀ ਹਨ ਅਤੇ ਸਮਾਜਿਕ ਉਜਾੜੇ ਦਾ ਕਾਰਨ ਬਣਦੇ ਹਨ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ?ਜਾੜੇ ਕਾ ਬੰਧੁ॥ (ਪੰਨਾ 662)
ਉਨ੍ਹਾਂ ਦਾ ਮੰਨਣਾ ਹੈ ਕਿ ਰੋਜ਼ੀ-ਰੋਟੀ ਖਾਤਰ ਮੁੱਲਾਂ ਆਪਣੇ ਘਰ ਨੂੰ ਹੀ ਮਸੀਤ ਵਿੱਚ ਤਬਦੀਲ ਕਰ ਲੈਂਦਾ ਹੈ ਅਤੇ ਜੋਗੀ ਕੰਨ ਪੜਵਾ ਕੇ ਮੁੰਦਰਾਂ ਪਾ ਲੈਂਦਾ ਹੈ, ਪਰ ਲੋਕਾਂ ਦੇ ਘਰਾਂ ਵਿੱਚੋਂ ਮੰਗ ਕੇ ਖਾਂਦਾ ਹੈ। ਫਿਰ ਵੀ ਆਪਣੇ ਆਪ ਨੂੰ ਇਹ ਸਾਰੇ ਧਾਰਮਿਕ ਆਗੂ ਕਹਾਉਂਦੇ ਹਨ, ਪ੍ਰੰਤੂ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਧਾਰਮਿਕ ਆਗੂ ਨਹੀਂ ਮੰਨਣਾ ਚਾਹੀਦਾ। ਅਸਲੀ ਰਸਤੇ ਦੀ ਪਛਾਣ ਉਸ ਨੂੰ ਹੁੰਦੀ ਹੈ, ਜੋ ਕਿਰਤ ਕਮਾਈ ਕਰਕੇ ਦੂਜਿਆਂ ਨਾਲ ਵੰਡ ਕੇ ਛਕਦਾ ਹੈ, “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥” (ਪੰਨਾ 1245)
ਗੁਰੂ ਨਾਨਕ ਨੇ ਸਿਧਾਂਤ ਦੇ ਇਸ ਅਮਲੀ ਪ੍ਰਕਾਸ਼ਨ ਨੂੰ ਪਰਪੱਕ ਕਰਨ ਲਈ ਜਿੱਥੇ ਜਿੱਥੇ ਵੀ ਗਏ, ਸੰਗਤਾਂ ਸਥਾਪਤ ਕੀਤੀਆਂ ਅਤੇ ਗੁਰਤਾ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਆਪਣੇ ਜੀਵਨ ਸਮੇਂ ਵਿੱਚ ਹੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਆਪਣਾ ਜਾਂਨਸ਼ੀਨ ਥਾਪਿਆ। ਇਸ ਤਰ੍ਹਾਂ ਇਹ ਲੜੀ ਦਸਮ ਗੁਰੂ ਤੱਕ ਚੱਲ ਕੇ ਸ਼ਬਦ-ਗੁਰੂ ਵਿੱਚ ਤਬਦੀਲ ਹੋਈ ਅਤੇ ਸੰਗਤਿ ਨੇ ਖਾਲਸੇ ਦਾ ਰੂਪ ਗ੍ਰਹਿਣ ਕੀਤਾ।
ਮਨੁੱਖੀ ਬਰਾਬਰੀ ਅਤੇ ਏਕਤਾ ਦੇ ਸਿਧਾਂਤ ਦਾ ਆਧਾਰ ਮਨੁੱਖ ਅੰਦਰ ਵਿਆਪਕ ਰੱਬੀ ਜੋਤਿ ਨੂੰ ਮੰਨਿਆ ਹੈ, ਕਿਉਂਕਿ ਸਾਰੇ ਮਨੁੱਖ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” (ਪੰਨਾ 13) ਅਨੁਸਾਰ ਉਸੇ ਇੱਕ ਕਰਤਾ ਪੁਰਖ ਦੀ ਸਿਰਜਣਾ ਹਨ ਅਤੇ ਉਸੇ ਤੋਂ ਪੈਦਾ ਹੋਏ ਹਨ। ਇਸੇ ਲਈ ਗੁਰੂ ਅਰਜਨ ਦੇਵ ਨੇ ਉਸ ਕਰਤਾ ਪੁਰਖ ਨੂੰ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” (ਪੰਨਾ 97) ਕਿਹਾ ਹੈ, ਜਿਸ ਦੇ ਖਜ਼ਾਨੇ ਸਭ ਲਈ ਭਰੇ ਹਨ ਅਤੇ ਜੋ ਮਾਤਾ ਵੀ ਹੈ ਅਤੇ ਪਿਤਾ ਵੀ, “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ॥” (ਪੰਨਾ 1144)
ਭਗਤ ਕਬੀਰ ਨੇ ਇਸ ਨੂੰ “ਏਕੁ ਨੂਰੁ ਤੇ ਸਭ ਜਗ ਉਪਜਿਆ ਕਉਣ ਭਲੇ ਕੋ ਮੰਦੇ” (ਪੰਨਾ 1349) ਕਿਹਾ ਹੈ।ਮਨੁੱਖ ਦਾ ਬਰਾਬਰ ਹੋਣਾ ਹੀ ਸਮਾਜਿਕ ਨਿਆਉਂ ਦਾ ਆਧਾਰ ਹੈ, ਜਿਸ ਵਿੱਚ ਕਿਸੇ ਮਨੁੱਖ ਨੂੰ ਊਚਾ ਜਾਂ ਨੀਵਾਂ ਨਹੀਂ ਸਮਝਿਆ ਜਾ ਸਕਦਾ, ਸਾਰੇ ਮਨੁੱਖ ਸਮਾਜਿਕ ਬਰਾਬਰੀ ਦੇ ਇੱਕੋ ਜਿਹੇ ਅਧਿਕਾਰੀ ਹਨ, ਕੋਈ ਛੋਟਾ ਜਾਂ ਵੱਡਾ ਨਹੀਂ। ਇਸ ਦੇ ਆਧਾਰ ‘ਤੇ ਹੀ ਗੁਰੂ ਨਾਨਕ ਸਮਾਜਿਕ ਤੌਰ ‘ਤੇ ਨੀਵੇਂ ਜਾਂ ਛੋਟੇ ਕਹੇ ਜਾਣ ਵਾਲੇ ਵਰਗ ਨਾਲ ਖੜ੍ਹਦੇ ਹੋਏ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥” (ਪੰਨਾ 15) ਅਤੇ “ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥” (ਪੰਨਾ 468) ਦਾ ਐਲਾਨ ਕਰਦੇ ਹਨ। ਗੁਰੂ ਨਾਨਕ ਅਨੁਸਾਰ ਹਰ ਇਕ ਜਾਤ ਵਿੱਚ ਉਸ ਕਰਤਾ ਪੁਰਖ ਦਾ ਨੂਰ ਹੈ ਅਤੇ ਉਸ ਦੇ ਨੂਰ ਵਿੱਚ ਹਰ ਇਕ ਜਾਤ ਹੈ, “ਜਾਤਿ ਮਹਿ ਜੋਤਿ ਜਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ॥” (ਪੰਨਾ 469) ਅਤੇ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” (ਪੰਨਾ 13) ਦਾ ਸਿਧਾਂਤ ਦਿੰਦੇ ਹਨ। ਜਿੱਥੇ ਵਰਣ ਵੰਡ ਅਨੁਸਾਰ ਸੇਵਾ ਕਰਨ ਦੇ ਕੰਮ ਨੂੰ ਨਖਿੱਧ ਮੰਨਦਿਆਂ ਇਸ ਨੂੰ ਸਭ ਤੋਂ ਹੇਠਲੇ ਦਰਜੇ ‘ਤੇ ਮੰਨੇ ਗਏ ਵਰਣ ਨੂੰ ਸੌਂਪਿਆ ਗਿਆ, ਉਥੇ ਹੀ ਸਿੱਖ ਧਰਮ ਚਿੰਤਨ ਵਿੱਚ ਸੇਵਾ ਅਤੇ ਪਰਉਪਕਾਰ ਨੂੰ ਅਧਿਆਤਮਕ ਪ੍ਰਾਪਤੀ ਦੇ ਰਸਤੇ ਦਾ ਜ਼ਰੂਰੀ ਕਰਮ ਦੱਸਿਆ ਗਿਆ, “ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥” (ਪੰਨਿ 26) ਅਤੇ ਗੁਰੂ ਅਰਜਨ ਦੇਵ ਅਨੁਸਾਰ ਇਹ ਸੇਵਾ ਕਰਕੇ ਕੋਈ ਹੰਕਾਰ ਨਹੀਂ ਕਰਨਾ ਅਤੇ ਕਿਸੇ ਨੂੰ ਜਤਾਉਣਾ ਨਹੀਂ “ਸੇਵਾ ਕਰਤ ਹੋਇ ਨਿਹਕਾਮੀ॥ ਤਿਸੁ ਕਉ ਹੋਤ ਪਰਾਪਤਿ ਸੁਆਮੀ॥” (ਪੰਨਾ 286) ਅਤੇ ਪਰਮਸਤਿ ਦਾ ਗਿਆਨ ਪ੍ਰਾਪਤ ਕਰਨ ਵਾਲੇ ਮਨੁੱਖ ਨੂੰ ਦੂਸਰਿਆਂ ਦਾ ਭਲਾ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਹੈ, “ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥” (ਪੰਨਾ 273)
ਕਿਸੇ ਦਾ ਹਕੁ ਖੋਹਣਾ ਵੀ ਸਮਾਜਿਕ ਅਨਿਆਂ ਹੈ, ਜਿਸ ਨੂੰ ਗੁਰੂ ਨਾਨਕ ਨੇ ਸਿਰਫ ਅਨੈਤਿਕ ਹੀ ਨਹੀਂ ਮੰਨਿਆ, ਬਲਕਿ ਧਾਰਮਿਕ ਕਸਮ ਤੋੜਨ ਦੇ ਬਰਾਬਰ ਮੰਨਦਿਆਂ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” (ਪੰਨਾ 141) ਕਿਹਾ ਹੈ। ਛੋਟੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ਦੀ ਤਰ੍ਹਾਂ ਹੀ ਔਰਤ ਵੀ ਸਮਾਜਿਕ ਅਨਿਆਂ ਝੇਲਦੀ ਰਹੀ ਹੈ। ਸਿੱਖ ਧਰਮ ਦੇ ਉਦੈ ਵੇਲੇ ਭਾਰਤੀ ਸਮਾਜ ਵਿੱਚ ਔਰਤ ਦੀ ਹਾਲਤ ਬਹੁਤ ਬੁਰੀ ਸੀ ਅਤੇ ਉਸ ਨੂੰ ਅਧਿਆਤਮਕ ਪ੍ਰਾਪਤੀਆਂ ਦੇ ਰਸਤੇ ਦਾ ਰੋੜਾ ਸਮਝਿਆ ਜਾਂਦਾ ਸੀ। ਗੁਰੂ ਨਾਨਕ ਨੇ ਔਰਤਾਂ ਦੇ ਹੱਕ ਵਿੱਚ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” (ਪੰਨਾ 473) ਰਾਹੀਂ ਸਿਰਫ਼ ਆਵਾਜ਼ ਹੀ ਨਹੀਂ ਬੁਲੰਦ ਕੀਤੀ, ਬਲਕਿ ਅਹਿਸਾਸ ਕਰਾਇਆ ਕਿ ਔਰਤ ਤੋਂ ਬਿਨਾ ਸਮਾਜਿਕ ਤਾਣਾ-ਬਾਣਾ ਸੰਭਵ ਹੀ ਨਹੀਂ ਹੈ, ਕਿਉਂਕਿ ਸਾਰੇ ਸਮਾਜਿਕ ਰਿਸ਼ਤਿਆਂ ਦਾ ਆਧਾਰ ਔਰਤ ਹੈ। ਔਰਤ ਰਾਹੀਂ ਹੀ ਸਮਾਜਿਕ ਪੀੜ੍ਹੀਆਂ ਅੱਗੇ ਚੱਲਦੀਆਂ ਹਨ ਅਤੇ ਰਿਸ਼ਤੇ ਬਣਦੇ ਹਨ। ਗੁਰੂ ਨਾਨਕ ਨੇ ਅਧਿਆਤਮਕ ਪ੍ਰਾਪਤੀਆਂ ਲਈ ਸੰਨਿਆਸੀ ਹੋਣ ਨਾਲੋਂ ਗ੍ਰਹਿਸਥੀ ਹੋਣ ਨੂੰ ਪ੍ਰਮੁੱਖਤਾ ਦਿੱਤੀ, ਕਿਉਂਕਿ ਗ੍ਰਹਿਸਥ ਵਿੱਚ ਹੀ ਸਹਿਜ ਕਾਇਮ ਰੱਖਿਆ ਜਾ ਸਕਦਾ ਹੈ।ਇਸੇ ਨੂੰ ਸਹਿਜ ਮਾਰਗ ਕਿਹਾ ਹੈ। ਉਹ ਕਰਤਾ ਪੁਰਖ “ਆਪੇ ਹੀ ਪੁਰਖੁ ਆਪੇ ਹੀ ਨਾਰੀ” (ਪੰਨਾ 1020) ਹੈ। ਇਸੇ ਤਰ੍ਹਾਂ ਔਰਤ ਦੇ ਪ੍ਰਸੂਤ ਦੀ ਅਵਸਥਾ ਵਿੱਚ ਹੋਣ ਨੂੰ ਸੂਤਕ ਜਾਂ ਅਪਵਿੱਤ੍ਰ ਮੰਨਿਆ ਜਾਂਦਾ ਸੀ। ਗੁਰੂ ਨਾਨਕ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਪ੍ਰਸੂਤ ਅਪਵਿੱਤ੍ਰ ਨਹੀਂ ਹੈ, ਇਹ ਕੁਦਰਤੀ ਅਮਲ ਹੈ, ਬਲਕਿ ਸੂਤਕ ਜਾਂ ਅਪਵਿੱਤ੍ਰ ਤਾਂ ਝੂਠ ਬੋਲਣਾ, ਲੋਭ ਕਰਨਾ, ਮੰਦਾ ਸੁਣਨਾ ਅਤੇ ਪਰਾਈ ਔਰਤ ਅਤੇ ਪਰਾਏ ਧਨ ਨੂੰ ਬੁਰੀ ਨਿਗਾਹ ਨਾਲ ਦੇਖਣਾ ਆਦਿ ਹੈ:
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ॥ (ਪੰਨਾ 472)
ਗੁਰੂ ਅਮਰਦਾਸ ਨੇ ਔਰਤ ਦੇ ਸਤੀ ਹੋਣ ਵਿਰੁੱਧ ਆਵਾਜ਼ ਉਠਾਈ ਅਤੇ ਤਰਕ ਰਾਹੀਂ ਦੱਸਿਆ ਕਿ ਸਤੀਆਂ ਉਹ ਨਹੀਂ ਹੁੰਦੀਆਂ, ਜੋ ਪਤੀ ਦੀ ਚਿਖਾ ਨਾਲ ਸੜ ਕੇ ਮਰਦੀਆਂ ਹਨ, ਬਲਕਿ ਸਤੀਆਂ ਉਹ ਹੁੰਦੀਆਂ ਹਨ, ਜੋ “ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍ਹ॥ ਨਾਨਕ ਸਤੀਆ ਜਾਣੀਅਨਿ੍ਹ ਜਿ ਬਿਰਹੇ ਚੋਟ ਮਰੰਨਿ੍ਹ॥” (ਪੰਨਾ 787); ਪਰਦਾ ਕਰਨਾ ਔਰਤ ਦੀ ਗੁਲਾਮੀ ਦੀ ਨਿਸ਼ਾਨੀ ਹੈ ਅਤੇ ਗੁਰੂ ਅਮਰਦਾਸ ਨੇ ਬੀਬੀਆਂ ਨੂੰ ਪਰਦਾ ਕਰਨ ਦੀ ਮਨਾਹੀ ਕੀਤੀ। ਇਸੇ ਸਬੰਧੀ ਭਗਤ ਕਬੀਰ ਨੇ ਬਚਨ ਕੀਤਾ ਹੈ ਕਿ ਪਰਦਾ ਕਰਨ ਨਾਲ ਵੱਧ ਤੋਂ ਵੱਧ ਇਹੀ ਹੈ ਕਿ ਲੋਕ ਕਹਿਣਗੇ ਬਹੂ ਭਲੀ ਆਈ ਹੈ, ਪਰ ਇਹ ਕੋਈ ਅਧਿਆਤਮਕ ਪ੍ਰਾਪਤੀ ਨਹੀਂ ਹੈ, “ਘੂੰਘਟ ਕਾਢੇ ਕੀ ਇਹੈ ਬਡਾਈ॥ ਦਿਨ ਦਸ ਪਾਂਚ ਬਹੂ ਭਲੀ ਆਈ॥ (ਪੰਨਾ 484) ਇਸੇ ਤਰ੍ਹਾਂ ਕੁੜੀਆਂ ਨੂੰ ਬੋਝ ਸਮਝ ਕੇ ਮਾਰ ਦੇਣ ਦਾ ਰਿਵਾਜ ਸੀ, ਪ੍ਰੰਤੂ ਸਮਾਜ ਵਿੱਚ ਬ੍ਰਾਹਮਣ ਅਤੇ ਗਊ ਦੀ ਹੱਤਿਆ ਨੂੰ ਬੁਰਾ ਮੰਨਿਆ ਜਾਂਦਾ ਸੀ। ਗੁਰੂ ਅਮਰਦਾਸ ਜੀ ਨੇ ਕੁੜੀਆਂ ਦਾ ਕਤਲ ਕਰਨ ਨੂੰ ਬ੍ਰਾਹਮਣ ਤੇ ਗਊ ਦੀ ਹੱਤਿਆ ਕਰਨ ਦੇ ਬਰਾਬਰ ਕਿਹਾ ਹੈ ਅਤੇ ਇਸ ਨੂੰ ਬੁਰੇ ਬੰਦਿਆਂ ਦੀ ਭੇਟ ਸਵੀਕਾਰ ਕਰ ਲੈਣ ਵਾਂਗ ਪਾਪ ਮੰਨਿਆ ਹੈ, “ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥ ਫਿਟਕ ਫਿਟਕ ਕੋੜੁ ਬਦੀਆ ਸਦਾ ਸਦਾ ਅਭਿਮਾਨ॥” (ਪੰਨਾ 1413)
ਗੁਰੂ ਨਾਨਕ ਨੇ ਗਰੀਬਾਂ ‘ਤੇ ਜ਼ੁਲਮ ਕਰਨ ਵਾਲੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਵੀ ਫਿਟਕਾਰਿਆ ਅਤੇ ਉਨ੍ਹਾਂ ਨੂੰ ਰੱਤ ਚੱਟਣ ਵਾਲੇ ਕੁੱਤੇ ਤੱਕ ਕਿਹਾ। ਦੱਸਿਆ ਕਿ ਜੋ ਮਨੁੱਖ ਦੂਸਰਿਆਂ ਦਾ ਹੱਕ ਖੋਹੰਦੇ ਹਨ, ਉਹ ਦੂਸਰਿਆਂ ਦਾ ਖੂਨ ਪੀਣ ਦੇ ਬਰਾਬਰ ਹੈ। ਜੇ ਕੱਪੜੇ ਨੂੰ ਰੱਤ ਲੱਗ ਜਾਵੇ ਤਾਂ ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਅਤੇ ਜੋ ਫਿਰ ਮਨੁੱਖਾਂ ਦਾ ਖੂਨ ਚੂਸਦੇ ਹਨ, ਉਨ੍ਹਾਂ ਨਾਲ ਧੱਕਾ ਕਰਦੇ ਹਨ, ਉਨ੍ਹਾਂ ਦੇ ਮਨ ਕਿਵੇਂ ਨਿਰਮਲ ਹੋ ਸਕਦੇ ਹਨ, “ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥” (ਪੰਨਾ 140)
ਗੁਰੂ ਨਾਨਕ ਨੇ ਕੁਦਰਤਿ ਨੂੰ ਕਰਤਾ ਪੁਰਖ ਦਾ ਪਰਗਟ ਰੂਪ ਮੰਨਦਿਆਂ ਮਨੁੱਖ ਨੂੰ ਕੁਦਰਤਿ ਨਾਲ ਜੋੜਿਆ ਹੈ ਅਤੇ ਕੁਦਰਤਿ ਦਾ ਸਤਿਕਾਰ ਕਰਨਾ ਸਿਖਾਇਆ। ਕਾਦਰ ਆਪਣੀ ਕੁਦਰਤਿ ਵਿੱਚ ਆਪ ਵਸਦਾ ਹੈ, ਉਹ ਅਤੇ ਉਸ ਦੀ ਕੁਦਰਤਿ ਏਨੀ ਅਸੀਮ ਹੈ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥” (ਪੰਨਾ 469)। ਦੱਸਿਆ ਹੈ ਕਿ ਕਰਤਾ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਬਣਾਇਆ ਅਤੇ ਉਸ ਨੇ ਕੁਦਰਤਿ ਦੀ ਰਚਨਾ ਵੀ ਆਪਣੇ ਆਪ ਤੋਂ ਕੀਤੀ, ਜਿਸ ਵਿੱਚ ਬੈਠ ਕੇ ਉਹ ਇਸ ਨੂੰ ਦੇਖ ਰਿਹਾ ਹੈ ਅਤੇ ਖੁਸ਼ ਹੋ ਰਿਹਾ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਕੁਦਰਤਿ ਦਾ ਸੰਕਲਪ ਦਿੱਤਾ ਹੈ, ਜਿਸ ਵਿੱਚ ਸਭ ਕੁੱਝ ਆ ਜਾਂਦਾ ਹੈ: ਫ਼ਲਸਫ਼ਾ, ਧਾਰਮਿਕ ਗ੍ਰੰਥ, ਖਾਣਾ-ਪੀਣਾ, ਪਹਿਨਣਾ, ਮਨੁੱਖ ਦਾ ਚੰਗਾ-ਮੰਦਾ ਵਤੀਰਾ, ਸੁਭਾਅ ਆਦਿ। ਇਹ ਸਾਰਾ ਬ੍ਰਹਿਮੰਡ ਅਤੇ ਇਸ ਦਾ ਪ੍ਰਬੰਧ ਬੱਝਵੇਂ ਨੇਮ ਵਿੱਚ ਚੱਲ ਰਿਹਾ ਹੈ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ॥(ਪੰਨਾ 464)
ਉਸ ਦੀ ਕੁਦਰਤਿ ਨੂੰ ਸਤਿਕਾਰ ਦਿੰਦਿਆਂ ਹੀ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤ॥” ਕਿਹਾ ਹੈ। ਗੁਰੂ ਨਾਨਕ ਕੁਦਰਤਿ ਨੂੰ ਬਹੁਤ ਪਿਆਰ ਕਰਦੇ ਸਨ। ਆਪਣੇ ਜੀਵਨ ਦਰਸ਼ਨ ਨੂੰ ਸਮਝਾਉਣ ਲਈ ਉਨ੍ਹਾਂ ਨੇ ਕਾਦਰ ਦੀ ਰਚੀ ਕੁਦਰਤਿ ਦੀ ਹਰ ਵੰਨਗੀ ਦਾ ਜ਼ਿਕਰ ਕੀਤਾ ਹੈ; ਰੁੱਤਾਂ, ਬ੍ਰਿਛਾਂ-ਬੂਟਿਆਂ, ਜੰਗਲਾਂ-ਬੇਲਿਆਂ, ਦਰਿਆਵਾਂ-ਸਾਗਰਾਂ, ਪਸ਼ੂਆਂ, ਪੰਛੀਆਂ ਅਤੇ ਹੋਰ ਅਨੇਕ ਜੀਵਾਂ ਦੀ ਗੱਲ ਕੀਤੀ ਹੈ। ਦਰਿਆਵਾਂ ਨਾਲ ਦੋਸਤੀ ਦੀਆਂ ਬਾਤਾਂ ਪਾਈਆਂ ਹਨ।
ਪੰਜਾਬੀ ਸੱਭਿਆਚਾਰ ਨੂੰ ਸਿੱਖ ਧਰਮ ਦੀ ਬਹੁਤ ਵੱਡੀ ਦੇਣ ਹੈ। ਬਾਣੀ ਆਮ ਲੋਕਾਂ ਵਾਸਤੇ ਆਮ ਲੋਕਾਂ ਦੀ ਬੋਲੀ ਜਾਣ ਵਾਲੀ ਬੋਲੀ ਵਿੱਚ ਰਚੀ ਗਈ। ਪ੍ਰਚੱਲਤ ਲੋਕ ਵੰਨਗੀਆਂ ਜਿਵੇਂ ਘੋੜੀਆਂ, ਅਲਾਹੁਣੀਆਂ, ਸਦ, ਵਾਰਾਂ ਦੀ ਵਰਤੋਂ ਕੀਤੀ ਅਤੇ ਵਾਰਾਂ ਨੂੰ ਲੋਕ ਧੁਨੀਆਂ ‘ਤੇ ਗਾਉਣ ਦਾ ਅਦੇਸ਼ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤੀ ਰਾਗਾਂ ਵਿੱਚ ਹੈ, ਜਿਸ ਨੂੰ ਨਿਰਧਾਰਤ ਰਾਗਾਂ ਵਿੱਚ ਹੀ ਗਾਉਣ ਦਾ ਆਦੇਸ਼ ਹੈ। ਇਸ ਤਰ੍ਹਾਂ ਗੁਰਮਤਿ ਸੰਗੀਤ ਨੇ ਪੰਜਾਬ ਦੇ ਸੱਭਿਆਚਾਰ ਨੂੰ ਅਮੀਰ ਬਣਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਪੰਜਾਬ ਤੋਂ ਬਾਹਰਲੇ ਅਧਿਆਤਮਕ ਵਿਰਸੇ ਨੂੰ ਸਾਂਭਿਆ, ਜਿਸ ਵਿੱਚ ਜਾਤ-ਪਾਤਿ, ਧਾਰਮਿਕ ਜਾਂ ਇਲਾਕਾਈ ਵਖਰੇਵੇਂ ਨੂੰ ਕੋਈ ਥਾਂ ਪ੍ਰਾਪਤ ਨਹੀਂ ਹੈ। ਮਨੁੱਖ ਨੂੰ ਦੱਸਿਆ ਕਿ ਗੋਸ਼ਟਿ ਅਰਥਾਤ ਵਿਚਾਰ-ਚਰਚਾ ਰਾਹੀਂ, ਸਹੀ ਤਰਕ ਨਾਲ ਮਸਲਿਆਂ ਨੂੰ ਸੁਲਝਾਇਆ ਜਾ ਸਕਦਾ ਹੈ, “ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥” (ਪੰਨਾ 938) ਇਸ ਦੀ ਖਾਸ ਮਿਸਾਲ ਗੁਰੂ ਨਾਨਕ ਦੀ ਰਚੀ ਬਾਣੀ ‘ਸਿਧ ਗੋਸਟਿ’ ਅਤੇ ‘ਦੱਖਣੀ ਓਅੰਕਾਰੁ’ ਹਨ। ਗੁਰੂ ਅਰਜਨ ਦੇਵ ਜੀ ਨੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਅਤੇ ਸਮੱਸਿਆਵਾਂ ਨੂੰ ਸੁਲਝਾਉਣ ਲਈ ਮਿਲ ਬੈਠਣ ਦਾ ਉਪਦੇਸ਼ ਕੀਤਾ ਹੈ, “ਹੋਇ ਇਕਤ੍ਰ ਮਿਲਹੁ ਮੇਰੇ ਭਾਈ॥ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥” (ਪੰਨਾ 1195) ਇਹੀ ਜਮੂਹਰੀਅਤ ਦਾ ਅਧਾਰ ਹੈ। ਗੁਰੂ ਨਾਨਕ ਆਪਣੀ ਗੱਲ ਕਹਿਣ ਅਤੇ ਦੂਸਰਿਆਂ ਨੂੰ ਸੁਣਨ ਦੀ ਗੱਲ ਕਰਦੇ ਹਨ, “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥” (ਪੰਨਾ 661) ਇਸ ਸਾਰੇ ਕੀਮਤ ਵਿਧਾਨ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਅਮਲੀ ਪ੍ਰਕਾਸ਼ਨ ਹੋਇਆ, ਜਿਸ ਲਈ ਸਮੇਂ ਸਮੇਂ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ। ਗੁਰੂ ਨਾਨਕ ਵਿੱਚ ਰੱਬੀ ਜੋਤਿ ਨੂੰ ਪਛਾਣਨ ਵਾਲਾ ਸਭ ਤੋਂ ਪਹਿਲਾ ਰਾਇ ਬੁਲਾਰ ਭੱਟੀ ਅਤੇ ਉਨ੍ਹਾਂ ਦੀ ਪਹਿਲੀ ਸਿੱਖ ਬੀਬੀ ਨਾਨਕੀ ਹੋਈ। ਮਰਦਾਨਾ ਜੋ ਜਾਤ ਅਤੇ ਧਰਮ- ਦੋਹਾਂ ਕਰਕੇ ਹੀ ਵੱਖਰਾ ਸੀ, ਸਾਰੀ ਜ਼ਿੰਦਗੀ ਗੁਰੂ ਨਾਨਕ ਦਾ ਸਾਥੀ ਰਿਹਾ ਅਤੇ ਜਦੋਂ ਬਾਣੀ ਆਉਂਦੀ ਤਾਂ ਗੁਰੂ ਨਾਨਕ ਮਰਦਾਨੇ ਨੂੰ ਰਬਾਬ ਦੀਆਂ ਧੁਨਾਂ ਛੇੜਨ ਲਈ ਕਹਿੰਦੇ। ਗੁਰੂ ਨਾਨਕ ਨੇ ਹਿੰਦੂ ਨੂੰ ਸਮਝਾਇਆ ਕਿ ਜੇ ਮਨ ਵਿੱਚ ਖੋਟ ਹੋਵੇ ਤਾਂ ਪਾਣੀ ਦੀਆਂ ਚੁਲੀਆਂ ਭਰਨ ਨਾਲ ਮੂੰਹ ਸੁੱਚਾ ਨਹੀਂ ਹੋ ਜਾਂਦਾ ਅਤੇ ਮਨ ਪਵਿੱਤਰ ਨਹੀਂ ਹੁੰਦਾ। ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਲਈ ਮਿਹਰ ਨੂੰ ਮਸੀਤ, ਸਿਦਕ ਨੂੰ ਮੁਸੱਲਾ, ਹੱਕ-ਹਲਾਲ ਦੀ ਕਮਾਈ ਨੂੰ ਪਵਿੱਤਰ ਕੁਰਾਨ, ਵਿਕਾਰਾਂ ਤੋਂ ਦੂਰ ਰਹਿਣ ਨੂੰ ਸੁੰਨਤ ਬਣਾਉਣ ਲਈ ਕਿਹਾ। ਇਸੇ ਤਰ੍ਹਾਂ ਕਾਬਾ, ਨਮਾਜ਼, ਰੋਜ਼ੇ, ਪੀਰ ਅਤੇ ਤਸਬੀ ਆਦਿ ਨੂੰ ਆਪਣੇ ਅੰਦਰ ਨੈਤਿਕ ਗੁਣ ਪੈਦਾ ਕਰਨ ਨਾਲ ਜੋੜਿਆ। ਹਿੰਦੂਆਂ, ਜੋਗੀਆਂ, ਬੋਧੀਆਂ, ਜੈਨੀਆਂ, ਮੁਸਲਮਾਨਾਂ ਸਭ ਦੇ ਤੀਰਥ ਸਥਾਨਾਂ ‘ਤੇ ਗਏ ਅਤੇ ਉਨ੍ਹਾਂ ਨਾਲ ਸੰਵਾਦ ਰਚਾਇਆ।ਮਨੁੱਖ ਦਾ ਆਪਣੇ ਅੰਦਰ ਵਸਦੀ ਜੋਤਿ ਨੂੰ ਅਨੁਭਵ ਕਰਨਾ ਉਸ ਦੇ ਸਵੈਮਾਨ ਦਾ ਆਧਾਰ ਹੈ, ਜਿਸ ਲਈ ਗੁਰੂ ਅਮਰਦਾਸ ਨੇ ਮਨੁੱਖ ਨੂੰ ਆਪਣੇ ਅੰਦਰਲੀ ਰੱਬੀ ਜੋਤਿ ਦਾ ਅਨੁਭਵ ਕਰਨ ਦੀ ਗੱਲ ਕੀਤੀ, “ਮਨੁ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥” ਦੀ ਪ੍ਰੇਰਨਾ ਕੀਤੀ ਅਤੇ ਦੱਸਿਆ ਕਿ ਸਵੈਮਾਨ ਨੂੰ ਕਾਇਮ ਰੱਖ ਕੇ ਜਿਉਣਾ ਹੀ ਅਸਲ ਜੀਵਨ ਹੈ, “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਪੰਨਾ 142)
ਗੁਰੂ ਨਾਨਕ ਨੇ ਨਵੇਂ ਧਰਮ ਲਈ ਨਵੀਂ ਪਿਰਤ ਪਾਈ ਅਤੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਨਵਾਂ ਨਗਰ ਵਸਾਇਆ ਤੇ ਪਰਿਵਾਰ ਸਮੇਤ ਇਥੇ ਵੱਸ ਗਏ। ਖੇਤੀਬਾੜੀ ਦੀ ਕਿਰਤ ਸ਼ੁਰੂ ਕੀਤੀ, ਜਿੱਥੇ ਸਵੇਰ-ਸ਼ਾਮ ਸੰਗਤਾਂ ਨਾਮ-ਬਾਣੀ ਦਾ ਜਾਪ ਕਰਦੀਆਂ ਅਤੇ ਕੀਰਤਨ ਦਾ ਅਨੰਦ ਮਾਣਦੀਆਂ, ਸਾਂਝਾ ਲੰਗਰ ਤਿਆਰ ਹੁੰਦਾ, ਜਿਸ ਨੂੰ ਸਾਂਝੇ ਤੌਰ ‘ਤੇ ਛਕਿਆ ਜਾਂਦਾ। ਸਿੱਖ ਧਰਮ ਨੇ ਲੋਕਾਂ ਨੂੰ ਸੇਵਾ ਕਰਨ ਅਤੇ ਸਾਂਝੇ ਤੌਰ ‘ਤੇ ਮੁਸੀਬਤਾਂ ਨਾਲ ਨਜਿੱਠਣਾ ਸਿਖਾਇਆ। ਮੌਜੂਦਾ ਦੌਰ ਵਿੱਚ ਇਸ ਦਾ ਪ੍ਰਤੱਖ ਦਰਸ਼ਨ ਸਾਰੇ ਹਿੰਦੁਸਤਾਨ ਨੂੰ ਦਿੱਲੀ ਵਿੱਚ ਸਾਲ ਭਰ ਤੋਂ ਵੱਧ ਚੱਲੇ ਕਿਸਾਨ ਮੋਰਚੇ ਵਿੱਚ ਦੇਖਣ ਨੂੰ ਮਿਲਿਆ। ਭਾਵੇਂ ਹਿੰਦੁਸਤਾਨ ਦੇ ਜਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਕੁਦਰਤੀ ਆਫਤਾਂ ਦੀ ਮਾਰ ਹੋਵੇ, ਸੀਰੀਆ ਦੀ ਘਰੇਲੂ ਜੰਗ ਜਾਂ ਰੂਸ-ਯੁਕਰੇਨ ਦੀ ਜੰਗ ਹੈ, ਮਹਾਂਮਾਰੀ ਦੀ ਮਾਰ ਹੋਵੇ- ਸਿੱਖ ਹਰ ਮੁਸੀਬਤ ਸਮੇਂ ਦੁਖੀਆਂ ਦੀ ਮੱਦਦ ਕਰਨ ਲਈ, ਪੀੜਤਾਂ ਦੀ ਸੇਵਾ ਲਈ ਪਹੁੰਚ ਜਾਂਦਾ ਹੈ। ਵਰਤਮਾਨ ਸਮੇਂ ਵਿੱਚ ਮਨੁੱਖ ਦੀ ਉਪਭੋਗਤਾ ਬਿਰਤੀ ਨੇ ਕੁਦਰਤਿ ਨਾਲ ਬਹੁਤ ਛੇੜ-ਛਾੜ ਕੀਤੀ ਹੈ, ਜਿਸ ਦਾ ਨਤੀਜਾ ਹੈ ਕਿ ਬੇਤਹਾਸ਼ਾ ਫੈਕਟਰੀਆਂ ਦੇ ਧੂੰਏਂ ਅਤੇ ਗੰਦੇ ਪਾਣੀ ਨੇ ਮਿੱਟੀ, ਹਵਾ, ਪਾਣੀ ਸਭ ਕੁੱਝ ਪਲੀਤ ਕਰ ਦਿੱਤਾ ਹੈ। ਕੁਦਰਤਿ ਨਾਲ ਇਸ ਅਣਮਿਣਤ ਛੇੜ-ਛਾੜ ਨੇ ਸਮੁੱਚੀ ਮਨੁੱਖਤਾ ਨੂੰ ਕੁਦਰਤੀ ਆਫਤਾਂ ਅਤੇ ਭਿਆਨਕ ਮਹਾਂਮਾਰੀਆਂ ਦੇ ਸਨਮੁਖ ਕਰ ਦਿੱਤਾ ਹੈ। ਅੱਜ ਵੀ ਔਰਤ ਦਾ ਸਵੈਮਾਨ, ਉਸ ਦੀ ਇੱਜ਼ਤ ਅਤੇ ਜਾਨ ਖਤਰੇ ਵਿੱਚ ਹੈ। ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਜਾਂਦਾ ਹੈ। ਸਿੱਖ ਕੀਮਤ ਵਿਧਾਨ ਨੂੰ ਅਪਨਾਉਣ ਦੀ ਮਨੁੱਖ ਨੂੰ ਅੱਜ ਸਭ ਤੋਂ ਵੱਧ ਲੋੜ ਹੈ ਤਾਂ ਕਿ ਮਨੁੱਖਤਾ ਨੂੰ ਬਚਾਇਆ ਜਾ ਸਕੇ। ਕੁਦਰਤਿ ਦੀ ਅੰਨ੍ਹੀ ਲੁੱਟ ਨੂੰ ਠੱਲ੍ਹ ਪਾ ਕੇ ਧਰਤੀ ਨੂੰ ਰਹਿਣ ਯੋਗ ਬਣਾਇਆ ਜਾ ਸਕੇ। ਮਨੁੱਖ ਕੋਲੋਂ ਕਿਰਤ ਖੁਸਦੀ ਜਾ ਰਹੀ ਹੈ, ਜਿਸ ਨੇ ਬੇਰੁਜ਼ਗਾਰੀ ਵਧਾ ਦਿੱਤੀ ਹੈ। ਗੁਰੂ ਨਾਨਕ ਸਾਹਿਬ ਦਾ ਦਿੱਤਾ ਕੀਮਤ-ਵਿਧਾਨ ਤੇ ਮਾਨਵਤਾਵਾਦ ਦਾ ਸੰਕਲਪ ਦੁਨੀਆ ਦੇ ਦੁੱਖਾਂ ਦਰਦਾਂ ਨੂੰ ਦੂਰ ਕਰਨ ਲਈ ਰਾਹ-ਦਰਸਾਵਾ ਹੋ ਸਕਦਾ ਹੈ ਅਤੇ ਕੁਦਰਤਿ ਨਾਲ ਪਿਆਰ ਕਰਨ ਵਾਲੇ ਨਵੇਂ ਸੱਭਿਆਚਾਰ ਦਾ ਜਨਮ-ਦਾਤਾ ਹੋ ਸਕਦਾ ਹੈ, ਜਿਸ ਦਾ ਮੁਖ ਮੰਤਵ “ਸਰਬੱਤ ਦਾ ਭਲਾ” ਹੈ।