ਸਿਰਫ ਪ੍ਰਸਿੱਧੀ ਖਾਤਿਰ!

Uncategorized

ਕੁਲਜੀਤ ਦਿਆਲਪੁਰੀ

‘For the sake of fame he can go in to the face of death also’ ਯਾਨਿ ‘ਪ੍ਰਸਿੱਧੀ ਖਾਤਿਰ ਉਹ ਮੌਤ ਦੇ ਮੂੰਹ ਵਿੱਚ ਵੀ ਜਾ ਸਕਦਾ ਹੈ।’ ਸ਼ਾਇਦ ਇਹ ਸਤਰਾਂ ਵਿਲੀਅਮ ਸ਼ੇਕਸਪੀਅਰ ਦੇ ਨਾਟਕ ‘ਜੂਲੀਅਸ ਸੀਜ਼ਰ’ ਦੀਆਂ ਹਨ। ਇਨ੍ਹਾਂ ਸਤਰਾਂ ਵਿੱਚੋਂ ਉਦੋਂ ਸ਼ੜਯੰਤਰ ਦੀ ਬੋਅ ਆਉਣ ਲੱਗ ਜਾਂਦੀ ਹੈ, ਜਦੋਂ ਨੀਅਤ ਵਿੱਚ ਖੋਟ ਆਣ ਰਲੀ ਹੋਵੇ। ਇਹ ਸਤਰਾਂ ਐਨ ਉਸ ਵਕਤ ਜ਼ਹਿਨ ਵਿੱਚ ਉਤਰ ਆਈਆਂ ਸਨ, ਜਦੋਂ ਪੰਜਾਬ ਦੇ ਬਹੁਤੇ ਸਿਆਸਤਦਾਨ ਆਪਣੇ ਲਾਮ-ਲਸ਼ਕਰ ਸਮੇਤ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਉਤਰ ਆਏ- ਪਜਾਮਿਆਂ ਤੇ ਪੈਂਟਾਂ ਦੀਆਂ ਮੂਹਰੀਆਂ ਚੜ੍ਹਾਏ ਬਿਨਾ ਅਤੇ ਮੂਹਰੀਆਂ ਚੜ੍ਹਾ ਕੇ ਵੀ। ਕੌਣ ਹੜ੍ਹ ਪੀੜਤਾਂ ਦੀ ਮਦਦ ਲਈ ਆਇਆ ਤੇ ਕੌਣ ਮਹਿਜ਼ ‘ਪ੍ਰਸਿੱਧੀ’ ਲਈ, ਇਹ ਵੀ ਸਿਆਸਤ ਦਿਆਂ ਮਹਾਂਰਥੀਆਂ ਦੇ ਖੇਖਣਾਂ ਨੇ ਜ਼ਾਹਰ ਕਰ ਦਿੱਤਾ ਹੈ; ਕਿਉਂਕਿ ‘ਸਿਆਸਤਬਾਜ਼ ਸੇਵਾਦਾਰਾਂ’ ਨੂੰ ਪਤਾ ਹੈ ਕਿ ਜਿੰਨਾ ਉਹ ‘ਫਰਜ਼ੀ ਫਿਕਰ’ ਕਰਦਿਆਂ ਦੀਆਂ ਤਸਵੀਰਾਂ ਖਿਚਵਾ ਕੇ ਅਤੇ ਵੀਡੀਓ ਬਣਾ-ਬਣਵਾ ਕੇ ਸੋਸ਼ਲ ਮੀਡੀਆ ਉਤੇ ਪਾਉਣਗੇ, ਉਨਾ ਹੀ ਉਨ੍ਹਾਂ ਦੀ ‘ਪ੍ਰਸਿੱਧੀ ਦੇ ਢੋਲ’ ਵੱਜਣਗੇ ਤੇ ਨਾਲ ਨਾਲ ‘ਨੇਕ-ਨੀਅਤੀ’ ਦਾ ਪ੍ਰਗਟਾਵਾ ਵੀ ਹੋਵੇਗਾ। ਹੜ੍ਹਾਂ ਕਾਰਨ ਉਪਜੀ ਸਥਿਤੀ ਮੌਕੇ ਸਾਰੇ ਸਿਆਸਤਦਾਨ ਭਾਵੇਂ ਇਸ ਕਿਸਮ ਦੀ ਸ਼੍ਰੇਣੀ ਵਿੱਚ ਨਾ ਆਏ ਹੋਣ, ਪਰ ਬਹੁਤਿਆਂ ਦੀਆਂ ਕਾਰਵਾਈਆਂ ਤੇ ਬਿਆਨਬਾਜ਼ੀਆਂ ਤੋਂ ਇਹੋ ਝਲਕ ਰਿਹਾ ਸੀ ਕਿ ਉਹ ਤ੍ਰਾਸਦਿਕ ਘੜੀ ਵਿੱਚ ਵੀ ਸਿਆਸੀ ਮਨਸਾ ਦਾ ਤਿਆਗ ਕਰਨ ਨੂੰ ਤਿਆਰ ਨਹੀਂ। ਮੌਕਾ ਵੇਖ ਕੇ ਤਨਜ਼ਾਂ ਕੱਸਣ ਵਾਲੇ ਜਿਹੜੇ ਸਿਆਸੀ ਲੋਕ ਹੁਣ ਲੋੜ ਪੈਣ `ਤੇ ਰੂਹਪੋਸ਼ ਜਿਹੇ ਹੋ ਗਏ ਲੱਗਦੇ ਹਨ, ਉਨ੍ਹਾਂ ਨੂੰ ਲੋਕਾਂ ਦਾ ਕਿੰਨਾ ਕੁ ਹੇਜ ਹੈ, ਵੀ ਲੁਕਿਆ ਨਹੀਂ ਰਹਿ ਗਿਆ।

ਇਸ ਮੌਕੇ ਵੀ ਸਿਆਸਦਾਨਾਂ ਵਲੋਂ ਮੌਜੂਦਾ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੀ ਨਾਅਹਿਲੀਅਤ ਦਾ ਰਾਗ ਅਲਾਪਿਆ ਜਾਣਾ, ਸਿਰਫ ਤੇ ਸਿਰਫ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਸਿਰ ਭਾਂਡਾ ਭੰਨਣ ਦੀ ਕਵਾਇਦ ਜਿਹਾ ਹੈ। ਖ਼ੈਰ, ਕੁਦਰਤ ਦੇ ਕਹਿਰ ਅੱਗੇ ਕਿਸ ਦਾ ਜ਼ੋਰ! ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੌਰਾਨ ਪ੍ਰਸ਼ਾਸਨਿਕ ਪੱਧਰ ਉਤੇ ਹੋਈਆਂ ਅਣ-ਗਹਿਲੀਆਂ ਜਾਂ ਗਲਤੀਆਂ ਦੀ ਜ਼ਿੰਮੇਵਾਰੀ ਕੌਣ ਲਵੇ? ਕਿਸੇ ਵੀ ਕਿਸਮ ਦੀ ਬਿਪਤਾ ਨਾਲ ਸਾਂਝੇ ਤੌਰ ‘ਤੇ ਨਜਿੱਠਣ ਦੀ ਥਾਂ ਸੂਬੇ ਦੀਆਂ ਸਿਆਸੀ ਧਿਰਾਂ ਵੱਲੋਂ ਜ਼ਿਆਦਾਤਰ ਇੱਕ-ਦੂਜੇ ਦੇ ਖਿਲਾਫ ਦੂਸ਼ਣਬਾਜ਼ੀਆਂ, ਆਪਸੀ ਖਹਿਬੜਨ ਤੇ ਸੌੜੀ ਸਿਆਸੀ ਸੋਚ ਦਾ ਖੁਲ੍ਹੇਆਮ ਪ੍ਰਗਟਾਵਾ ਸੂਬੇ ਦੀ ਬਿਹਤਰੀ ਲਈ ਉੱਕਾ ਹੀ ਸਹੀ ਨਹੀਂ ਹੈ। ਉਤੋਂ ਸਿਤਮਜ਼ਰੀਫੀ ਇਹ ਕਿ ਅਜਿਹੇ ਦੁਖਾਂਤਕ ਮੌਕਿਆਂ ਉਤੇ ‘ਪ੍ਰਸਿੱਧੀ ਖੱਟਣ ਵਾਲੀ ਪਹੁੰਚ’ ਹਰ ਆਮ-ਖਾਸ ਸਿਆਸਤਦਾਨ ਵਿੱਚ ਹੋਰ ਵੀ ਵਧਦੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਮਾਨਸਿਕਤਾ ਦਾ ਭੇਤ ਵੀ ਜ਼ਾਹਰ ਹੋ ਰਿਹਾ ਹੈ। ਇਸ ਸਭ ਰੌਲ਼ੇ-ਗੌਲ਼ੇ ਵਿੱਚ ਸਾਰਥਿਕ ਪਹੁੰਚਾਂ ਕਿਧਰੇ ਗੁੰਮ ਹੋ ਜਾਂਦੀਆਂ ਹਨ। ਮੌਸਮੀ ਤੇ ਗੈਰ-ਮੌਸਮੀ ਆਫਤਾਂ ਤੋਂ ਬਚਾਓ ਲਈ ਅਗਾਊਂ ਵਿਉਂਤਬੰਦੀਆਂ ਅਕਸਰ ਸਿਆਸਤ ਦੀ ਭੇਟ ਚੜ੍ਹ ਕੇ ਰਹਿ ਜਾਂਦੀਆਂ ਹਨ; ਤੇ ਆਫਤਾਂ ਦੀ ਮਾਰ ਦੌਰਾਨ ਤੇ ਇਸ ਦੇ ਕਿੰਨਾ ਚਿਰ ਪਿੱਛੋਂ ਵੀ, ਲੋਕ ਸਿਰਫ ਖੱਜਲਖੁਆਰੀ ਝੱਲਦੇ ਰਹਿੰਦੇ ਹਨ।

ਇਹ ਗੱਲ ਤਸੱਲੀ ਵਾਲੀ ਹੈ ਕਿ ਅਜਿਹੇ ਮੌਕਿਆਂ ‘ਤੇ ਆਮ ਲੋਕ ਹੀ ਇੱਕ-ਦੂਜੇ ਲਈ ਮਦਦਗਾਰ ਸਾਬਤ ਹੋਏ ਹਨ ਤੇ ਹੋ ਰਹੇ ਹਨ। ਪਾਰਟੀਬਾਜ਼ੀ ਤੋਂ ਉਪਰ ਉਠ ਕੇ ਨਿੱਜੀ ਤੌਰ ‘ਤੇ ਮਦਦ ਲਈ ਹੰਭਲੇ ਮਾਰਨਾ, ਆਮ ਲੋਕਾਂ ਵਿੱਚ ਇਨਸਾਨੀਅਤ ਦੇ ਜਿਉਂਦੀ ਹੋਣ ਦੀ ਸ਼ਾਹਦੀ ਹੈ। ਇਹ ਵੀ ਸਪਸ਼ਟ ਹੈ ਕਿ ਕੁਦਰਤੀ ਕਹਿਰਾਂ ਜਾਂ ਔਖੇ ਵੇਲਿਆਂ ਵਿੱਚ ਪੀੜਤ ਪਰਿਵਾਰਾਂ ਦੀ ‘ਆਪਣੇ ਘਰੋਂ ਮਦਦ ਲਈ’ ਕੋਈ ਸਿਆਸਤਦਾਨ ਅੱਗੇ ਨਹੀਂ ਆਉਂਦਾ। ਘਰਾਂ ਵਿੱਚ ਪਾਣੀ ਭਰ ਜਾਣ ਕਾਰਨ ਫਸੇ ਬੈਠੇ ਪਰਿਵਾਰਾਂ ਨੂੰ ਆਮ ਲੋਕਾਂ ਜਾਂ ਕੁਝ ਕੁ ਸੇਵਾ-ਭਾਵਨਾ ਵਾਲੀਆਂ ਜਥੇਬੰਦੀਆਂ ਵੱਲੋਂ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣਾ ਅਤੇ ਹੜ੍ਹ ਪੀੜਤਾਂ ਤੱਕ ਲੰਗਰ-ਪਾਣੀ ਵਗੈਰਾ ਪੁੱਜਦਾ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਮਨੁੱਖਤਾ ਦੀ ਅਜਿਹੀ ਨਿਰਸਵਾਰਥ ਸੇਵਾ ਤੇ ਉਨ੍ਹਾਂ ਦਾ ਸਹਾਰਾ ਬਣਨ ਲਈ ਤਰ੍ਹਾਂ ਤਰ੍ਹਾਂ ਦੇ ਤਰੱਦਦ ਕਰਨਾ, ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖ ਰਹੇ ਹਨ। ਜ਼ਾਹਰ ਹੈ ਕਿ ਇਹ ਸਭ ‘ਸਿਰਫ ਪ੍ਰਸਿੱਧੀ ਲਈ’ ਤਾਂ ਉੱਕਾ ਹੀ ਨਹੀਂ ਹੈ। ਮੁਸੀਬਤ ਵਿੱਚ ਫਸੇ ਲੋਕਾਂ ਲਈ ਸੱਚੀਓਂ ਫਿਕਰਮੰਦੀ ਅਤੇ ਉਨ੍ਹਾਂ ਵੱਲੋਂ ਅਜਿਹੇ ਵੇਲੇ ਮੁਸੀਬਤਾਂ ਝੱਲ ਕੇ ਇੱਕ-ਦੂਜੇ ਪ੍ਰਤੀ ਮਦਦਗਾਰ ਸਾਬਤ ਹੋਣ ਦਾ ਫਰਜ਼ ਅਦਾ ਕਰਨਾ ਜ਼ਿੰਦਗੀ ਦੇ ਅਸਲ ਮਾਇਨਿਆਂ ਨਾਲ ਭਰਪੂਰ ਹੈ। ਸਰਬੱਤ ਦੇ ਭਲੇ ਦਾ ਇਹ ਪ੍ਰਤੱਖ ਰੂਪ ਹੈ, ਜੋ ਫੋਕੀ ਸ਼ਹੁਰਤ ਤੋਂ ਨਿਰਲੇਪ ਹੈ।

ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਜਾਨ-ਮਾਲ ਦੇ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਹੋਵੇਗੀ, ਪਰ ਉਨ੍ਹਾਂ ਲੋਕਾਂ ਦੇ ਹੌਸਲੇ ਅੱਗੇ ਸਿਰ ਝੁਕਦਾ ਹੈ, ਜੋ ਆਪਣੇ ਪਰਿਵਾਰਾਂ ਸਮੇਤ ਲੋੜਵੰਦ ਪਰਿਵਾਰਾਂ ਨੂੰ ਮੁਸੀਬਤ ਵਿੱਚੋਂ ਕੱਢਣ ਲਈ ਜਾਨ ਜੋਖਮ ਵਿੱਚ ਪਾ ਕੇ ਜੂਝ ਰਹੇ ਸਨ। ਕਿਸੇ ਸਿਆਣੇ ਦਾ ਕਥਨ ਵੀ ਹੈ, ‘ਮੁਸੀਬਤਾਂ ਨੂੰ ਝੱਲਣਾ ਹੀ ਜ਼ਿੰਦਗੀ ਹੈ!’ ਜਾਂ ‘ਔਖੇ ਵਕਤਾਂ ਵਿੱਚੋਂ ਲੰਘ ਕੇ ਹੀ ਜ਼ਿੰਦਗੀ ਦੇ ਅਸਲ ਮਾਇਨੇ ਸਮਝ ਆਉਂਦੇ ਹਨ।’ ਜਿਨ੍ਹਾਂ ਜਥੇਬੰਦੀਆਂ ਦੇ ਵਾਲੰਟੀਅਰ ਵੀ ਮੂਹਰੇ ਹੋ ਸੇਵਾ ਵਿੱਚ ਨਿੱਤਰੇ, ਉਨ੍ਹਾਂ ਵੀ ਮਿਸਾਲੀ ਭੂਮਿਕਾ ਨਿਭਾਈ। ਆਮ ਵਰਗ ਲਈ ਜਿਸ ਕਿਸਮ ਦਾ ਸਹਾਰਾ ਆਮ ਵਰਗ ਹੀ ਬਣਦਾ ਹੈ, ਉਹੋ ਜਿਹੇ ਸਹਾਰੇ ਦੀ ਆਸ ਸਿਆਸੀ ਵਰਗ ਤੋਂ ਕਦੇ ਵੀ ਨਹੀਂ ਕੀਤੀ ਜਾ ਸਕਦੀ; ਸੱਤਾ ਦੀਆਂ ਕੁੰਜੀਆਂ ਭਾਵੇਂ ਕਿਸੇ ਵੀ ਧਿਰ ਦੇ ਹੱਥ ਕਿਉਂ ਨਾ ਹੋਣ! ਸਾਰੀ ਦਾਲ ਕੋਕੜੂਆਂ ਦੀ ਬੇਸ਼ੱਕ ਨਾ ਹੋਵੇ, ਪਰ ਦਾਲ ਵਿੱਚ ਕੋਕੜੂ ਹੁੰਦੇ ਜ਼ਰੂਰ ਹਨ!

ਇਸ ਦੇ ਉਲਟ ਬਿਪਤਾ ਮੌਕੇ ਅਕਸਰ ਵੱਡੇ ਵੱਡੇ ਸਨਅਤੀ ਘਰਾਣਿਆਂ (ਕੁਝ ਨੂੰ ਛੱਡ ਕੇ, ਪਰ ਉਹ ਵੀ ਮਦਦ ਕੁਝ ਹੱਦ ਤੱਕ ਕਰਦੇ ਹਨ), ਵੱਡੇ ਤੇ ਨਾਮੀ ਧਾਰਮਿਕ ਡੇਰਿਆਂ ਅਤੇ ਸਿਆਸੀ ਤੌਰ ‘ਤੇ ਫੰਡ ਇਕੱਤਰ ਕਰਨ ਵਾਲੀਆਂ ਸਿਆਸੀ ਤੇ ਗੈਰ-ਸਿਆਸੀ ਪਾਰਟੀਆਂ ਸਮੇਤ ਨਿੱਜੀ ਮੁਫਾਦ ਲਈ ਸਰਗਰਮ ਅਨਸਰ ਆਪਣੀ ਤਰਫੋਂ ਬਿਪਤਾ ਮਾਰੇ ਲੋਕਾਂ ਨੂੰ ਵਿੱਤੀ ਮਦਾਦ ਦੇਣ ਤੋਂ ਪਾਸਾ ਹੀ ਵੱਟ ਜਾਂਦੇ ਹਨ।

ਇੱਕ ਦੁਖਦ ਪਹਿਲੂ ਇਹ ਵੀ ਹੈ ਕਿ ਅਜਿਹੇ ਸਮੇਂ ਦੌਰਾਨ ਮਦਦ ਕਰਨ ਦੇ ਬਹਾਨੇ ਫੰਡ ਇੱਕਤਰ ਕਰਨ ਵਾਲੇ ਅਨਸਰ ਵੀ ਮੌਕੇ ਦਾ ਫਾਇਦਾ ਉਠਾਉਣ ਦੀ ਨੀਅਤ ਨਾਲ ‘ਕਥਿਤ ਸੇਵਾਦਾਰਾਂ’ ਦੇ ਭੇਸ ਵਿੱਚ ਆ ਜਾਂਦੇ ਹਨ, ਜਿਨ੍ਹਾਂ ਨੂੰ ਪਛਾਣਨਾ ਕਿਸੇ ਇਮਤਿਹਾਨ ਤੋਂ ਘੱਟ ਨਹੀਂ। ਹਾਲਾਂਕਿ ਲੋਕ-ਭਲਾਈ ਦੇ ਕਾਰਜ ਲਈ ਭਲੇ ਲੋਕਾਂ ਵੱਲੋਂ ਦਿੱਤੇ ਜਾਂਦੇ ਫੰਡਾਂ ਨਾਲ ਪੀੜਤ ਲੋਕਾਂ ਦੀ ਕਾਫੀ ਮਦਦ ਹੋ ਜਾਂਦੀ ਹੈ, ਪਰ ਫੰਡ ਡੱਕਾਰੇ ਜਾਣ ਦੀ ਸਮੱਸਿਆ ਗੰਭੀਰ ਤੌਰ `ਤੇ ਬਣੀ ਰਹਿੰਦੀ ਹੈ। ਹੁਣ ਹੜ੍ਹ ਪੀੜਤਾਂ ਦੀ ਮਦਦ ਦੇ ਨਾਂ `ਤੇ ਕੁਝ ਕਥਿਤ ਜਥੇਬੰਦੀਆਂ ਨੇ ਫੰਡ ਇਕੱਠਾ ਕਰਨ ਦਾ ਸਿਲਸਿਲਾ ਅਰੰਭ ਦਿੱਤਾ ਹੈ ਅਤੇ ਕਈਆਂ ਨੇ ਸੋਸ਼ਲ ਮੀਡੀਆ ਜ਼ਰੀਏ ਬੈਂਕ ਅਕਾਊਂਟ ਦੇ ਨਾਲ ਨਾਲ ਸੰਪਰਕ ਨੰਬਰ ਵੀ ਦਿੱਤੇ ਹਨ। ਪੰਜਾਬ ਭਰ ਵਿੱਚ ਹੀ ਨਹੀਂ, ਪਰਵਾਸੀ ਪੰਜਾਬੀਆਂ ਤੱਕ ਵੀ ਇਸ ਔਖੀ ਘੜੀ ਵਿੱਚ ਭਾਵਨਾਤਮਕ ਅਪੀਲ ਪਾਈ ਗਈ ਹੈ; ਪਰ ਹੜ੍ਹਾਂ ਦੇ ਨਾਂ `ਤੇ ਵਿਅਕਤੀਗਤ ਅਤੇ ਜਥੇਬੰਦਕ ਤੌਰ `ਤੇ ਇਕੱਤਰ ਕੀਤੇ ਜਾਣ ਵਾਲੇ ਫੰਡ ਕਿਸ ਲੇਖੇ ਲੱਗਣੇ ਹਨ, ਇਹ ਭੇਤ ਬਰਕਰਾਰ ਹੈ। ਜ਼ਾਹਰ ਹੈ ਕਿ ‘ਫੰਡ-ਅਨਸਰ’ ਅਜਿਹੇ ਮੌਕੇ ‘ਪ੍ਰਸਿੱਧੀ ਦੇ ਨਾਲ ਨਾਲ ਵਿੱਤੀ ਲਾਭ’ ਵੀ ਲੈ ਜਾਂਦੇ ਹਨ। ਲੋੜਵੰਦਾਂ ਦੀ ਮਦਦ ਜ਼ਿੰਮੇਵਾਰੀ ਤੇ ਸਮਰਥਾ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ, ਪਰ ਰਾਹ ਸਾਨੂੰ ਆਪ ਚੁਣਨਾ ਪਵੇਗਾ- ਸੌਖਾ ਬੇਸ਼ਕ ਨਾ ਹੋਵੇ, ਪਰ ਸਿੱਧਾ ਜ਼ਰੂਰ ਹੋਵੇ!

Leave a Reply

Your email address will not be published. Required fields are marked *