ਅਲੀ ਰਾਜਪੁਰਾ
“ਸਿੱਖਾਂ ਤੇ ਮੁੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ “ਸਿੱਖਾਂ ਤੇ ਮੁੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੂੰ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਸ ਅੰਕ ਤੋਂ ਸਾਈਂ ਮੀਆਂ ਮੀਰ ਜੀ ਦਾ ਵੇਰਵਾ ਛਾਪ ਰਹੇ ਹਾਂ। ਪੇਸ਼ ਹੈ, ਇਸ ਲੇਖ ਦਾ ਪਹਿਲਾ ਹਿੱਸਾ[[[
ਅਲੀ ਰਾਜਪੁਰਾ
ਭਾਰਤ ਦੀ ਸੂਫ਼ੀ ਪਰੰਪਰਾ ਦੇ ਪ੍ਰਸਿੱਧ ਸੂਫ਼ੀ ਸਨ ਸਾਈਂ ਮੀਆਂ ਮੀਰ। ਬੇਸ਼ੱਕ ਉਹ ਸੋਲ੍ਹਵੀਂ ਸਦੀ ਦੇ ਸੂਫ਼ੀ ਸਨ, ਪਰ ਸਾਈਂ ਜੀ ਦੀ ਇਬਾਦਤ ਤੇ ਤਿਆਗ ਮੁੱਢਲੇ ਜ਼ਮਾਨੇ ਦੇ ਸੂਫ਼ੀਆਂ ਨਾਲ ਮੇਲ ਖਾਂਦਾ ਸੀ। ਇਸੇ ਕਰਕੇ ਇਨ੍ਹਾਂ ਦੀ ਸ਼ਲਾਘਾ ਹਰ ਧਰਮ ਅਤੇ ਸੰਪ੍ਰਦਾਇ ਦੇ ਲੋਕਾਂ ਨੇ ਦਰਿਆਦਿਲੀ ਨਾਲ ਕੀਤੀ ਹੈ। ਜੇ ਸਾਈਂ ਮੀਆਂ ਮੀਰ ਨੂੰ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਦਾ ਮਜ਼ਬੂਤ ਪੁਲ਼ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਾਈਂ ਜੀ ਦੀ ਰਹਿਣੀ-ਸਹਿਣੀ ਆਚਰਣ-ਸੁਭਾਅ ਤੋਂ ਪ੍ਰਤੱਖ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਰੱਬੀ ਰੰਗ ਵਿੱਚ ਰੰਗਿਆ ਹੋਇਆ ਸੀ। ਇਨ੍ਹਾਂ ਦੀ ਸਹੀ ਜਨਮ ਮਿਤੀ ਬਾਰੇ ਕਈ ਤਰ੍ਹਾਂ ਦੇ ਮਤਭੇਦ ਸਾਹਮਣੇ ਆਉਂਦੇ ਹਨ, ਪਰ ਇਸਲਾਮਿਕ ਸਾਲ 938 ਹਿਜਰੀ (1531 ਈ[) ਮੁਤਾਬਕ ਆਪ ਸਿੰਧ ਦੇ ਮਸ਼ਹੂਰ ਸ਼ਹਿਰ ‘ਸੀਵਸਤਾਨ’ ਵਿੱਚ ਪੈਦਾ ਹੋਏ। ਮਾਤਾ ਬੀਬੀ ਫ਼ਤਮਾ ਪੁੱਤਰੀ ਕਾਜ਼ੀ ਕਾਦਨ ਦੀ ਕੁੱਖੋਂ ਜਨਮ ਲੈਣ ਵਾਲ਼ੇ ਮੀਆਂ ਮੀਰ ਜੀ ਦੇ ਪਿਤਾ ਦਾ ਨਾਮ ਕਾਜ਼ੀ ਸਾਈਂ ਦਿੱਤਾ ਪੁੱਤਰ ਕਾਜ਼ੀ ਕਲੰਦਰ ਫਾਰੁਕੀ ਸੀ। ਉਨ੍ਹਾਂ ਦੇ ਦਾਦਕੇ ਤੇ ਨਾਨਕੇ ਆਪਣੀ ਵਿਦਵਤਾ ਲਈ ਪੂਰੀ ਤਰ੍ਹਾਂ ਮਸ਼ਹੂਰ ਸਨ। ਉਂਝ ਬਚਪਨ ਵਿੱਚ ਉਨ੍ਹਾਂ ਦਾ ਨਾਂ ‘ਮੀਰ ਮੁਹੰਮਦ’ ਰੱਖਿਆ ਗਿਆ ਸੀ। ਸਮੇਂ ਨਾਲ ਸਾਈਂ ਨੂੰ ਕਈ ਸਤਿਕਾਰਤ ਨਾਂਵਾਂ ਨਾਲ ਨਿਵਾਜਿਆ ਗਿਆ, ਜਿਵੇਂ ‘ਸਾਈਂ ਮੀਆਂ ਮੀਰ’, ‘ਮੀਆਂ ਜੀਉ’, ‘ਸ਼ਾਹ ਮੀਰ’, ‘ਖੁਆਜ਼ਾ ਮੀਰ’, ‘ਬਾਲਾ ਪੀਰ’, ‘ਮੀਰ ਮੁਇਨੁਲ ਇਸਲਾਮ’ ਆਦਿ[[[।
ਇਸ ਮਹਾਨ ਦਰਵੇਸ਼ ਦਾ ਰੰਗ ਕਣਕਵੰਨਾ, ਮੱਥਾ ਚੌੜਾ ਤੇ ਕੱਦ ਦਰਮਿਆਨਾ ਸੀ। ਇਨ੍ਹਾਂ ਦਾ ਬਚਪਨ ਸਿੰਧ ਵਿੱਚ ਗੁਜ਼ਰਨ ਕਰਕੇ ਇਨ੍ਹਾਂ ਦੀ ਭਾਸ਼ਾ ’ਤੇ ਸਿੰਧੀ ਬੋਲੀ ਦਾ ਪ੍ਰਭਾਵ ਸੀ। ਸੱਤ ਸਾਲਾਂ ਦੀ ਉਮਰ ਵਿੱਚ ਮੀਆਂ ਜੀ ਨੇ ਕੁਰਾਨ-ਪਾਕ ਪੜ੍ਹ ਲਿਆ ਸੀ ਤੇ ਬਾਰਾਂ ਸਾਲ ਦੀ ਉਮਰ ਵਿੱਚ ਮਾਂ ਨੇ ਇਨ੍ਹਾਂ ਨੂੰ ਸਲੂਕ ਦੇ ਰਸਤੇ ਪਾ ਦਿੱਤਾ ਸੀ। ਕੁਝ ਸਮੇਂ ਪਿੱਛੋਂ ਮਾਂ ਦੀ ਆਗਿਆ ਨਾਲ ਕਾਬਿਲ ਪੀਰ ਦੀ ਤਲਾਸ਼ ਵਿੱਚ ਨਿਕਲ ਪਏ ਸਨ। ਇੱਕ ਦਿਨ ਸੀਵਸਤਾਨ ਦੇ ਜੰਗਲਾਂ ਵਿੱਚ ਵਿਚਰਦਿਆਂ ਉਨ੍ਹਾਂ ਦਾ ਮੇਲ ਸ਼ੇਖ਼ ਖਿਜ਼ਰ ਕਾਦਰੀ ਜੀ ਨਾਲ ਹੋਇਆ, ਜੋ ਸੰਸਾਰ ਨੂੰ ਤਿਆਗ ਕੇ ਪਹਾੜਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਸਨ। ਉਹ ਕੋਈ ਚੀਜ਼ ਗ੍ਰਹਿਣ ਨਾ ਕਰਦੇ ਅਤੇ ਹਰ ਚੀਜ਼ ਅੱਲਾ ਮੀਆਂ ਆਸਰੇ ਰੱਖਦੇ। ਉਨ੍ਹਾਂ ਦੇ ਤੇੜ ਲੁੰਗੀ ਤੇ ਸਿਆਲਾਂ ਦੀ ਠੰਢ ਤੋਂ ਬਚਣ ਲਈ ਤੰਦੂਰ ਰੱਖਿਆ ਸੀ। ਇਸੇ ਤੰਦੂਰ ’ਤੇ ਸਾਈਂ ਮੀਆਂ ਮੀਰ ਜੀ ਨੇ ਤਿੰਨ ਦਿਨ ਉਡੀਕ ਕੀਤੀ ਸੀ। ਜਦੋਂ ਸਾਈਂ ਜੀ ਦਾ ਮੇਲ ਇਨ੍ਹਾਂ ਨਾਲ ਹੋਇਆ ਤਾਂ ਸਾਈਂ ਨੂੰ ਮਹਿਸੂਸ ਹੋਇਆ ਕਿ ‘ਕਾਬਿਲ-ਪੀਰ’ ਮਿਲ ਗਿਆ ਹੈ। ਸ਼ੇਖ਼ ਜੀ ਉਸ ਵੇਲ਼ੇ ਇਰਫ਼ਾਨ ਦੇ ਮੁਕਾਮ ਭਾਵ ਬ੍ਰਹਮ ਗਿਆਨੀ ਦੇ ਮੁਕਾਮ ’ਤੇ ਪਹੁੰਚੇ ਹੋਏ ਸਨ। ਮੀਰ ਜੀ ਇਨ੍ਹਾਂ ਨੂੰ ਸਭ ਤੋਂ ਵੱਡੇ ਪੀਰ ਗੌਂਸ-ਏ-ਵਕਤ ਮੰਨਦੇ ਸੀ।
ਡਾ[ ਮੁਹੰਮਦ ਹਬੀਬ ਦੇ ਇੱਕ ਲੇਖ ਅਨੁਸਾਰ “ਇਨ੍ਹਾਂ ਦਾ ਤਿਆਗ-ਤਪ ਦਾ ਇਹ ਹਾਲ ਸੀ ਕਿ ਇਹ ਲੋਕਾਂ ਵੱਲੋਂ ਭੇਟ ਸੌਗਾਤਾਂ ਸਵੀਕਾਰ ਨਹੀਂ ਸਨ ਕਰਦੇ।” ਇਸੇ ਤਰ੍ਹਾਂ ਇੱਕ ਵਾਰ ‘ਸੀਵਸਤਾਨ’ ਦਾ ਗਵਰਨਰ ਇਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ। ਉਹ ਇੱਕ ਪੱਥਰ ਉੱਤੇ ਬੈਠੇ ਧੁੱਪ ਸੇਕ ਰਹੇ ਸਨ ਅਤੇ ਰੱਬੀ ਯਾਦ ਵਿੱਚ ਮਸਤ ਸਨ। ਜਦੋਂ ਗਵਰਨਰ ਦੀ ਪਰਛਾਵਾਂ ਇਨ੍ਹਾਂ ’ਤੇ ਪਿਆ ਤਾਂ ਇਨ੍ਹਾਂ ਨੂੰ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ। ਸਿਰ ਚੁੱਕ ਕੇ ਦੇਖਿਆ ਤਾਂ ਗਵਰਨਰ ਨੇ ਕਿਹਾ, “ਮੈਂ ਇਸ ਲਈ ਹਾਜ਼ਿਰ ਹੋਇਆ ਹਾਂ ਕਿ ਆਪ ਜੀ ਦੀ ਸੇਵਾ ਕਰ ਸਕਾਂ।” ਸ਼ੇਖ਼ ਜੀ ਨੇ ਕਿਹਾ ਕਿ ਪਹਿਲੀ ਸੇਵਾ ਤਾਂ ਇਹ ਹੈ ਕਿ ਧੁੱਪ ਛੱਡ ਦਿE। ਗਵਰਨਰ ਸਹਿਮ ਕੇ ਝੱਟ ਪਾਸੇ ਹੋ ਗਿਆ, ਤੇ ਕਿਹਾ ਕਿ ਮੇਰੇ ਵਾਸਤੇ ਰੱਬ ਅੱਗੇ ਦੁਆ ਕਰੋ। ਸ਼ੇਖ਼ ਜੀ ਨੇ ਫੇਰ ਕਿਹਾ, “ਰੱਬ ਤੁਹਾਨੂੰ ਐਸਾ ਸਮਾਂ ਨਸੀਬ ਨਾ ਕਰੇ ਕਿ ਜਦੋਂ ਤੁਹਾਡੇ ਦਿਲ ਵਿੱਚ ਰੱਬ ਤੋਂ ਛੁੱਟ ਕਿਸੇ ਹੋਰ ਦੀ ਮਦਦ ਲੈਣ ਦਾ ਖ਼ਿਆਲ ਆਵੇ।”
ਇਸ ਘਟਨਾ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਸਾਈਂ ਮੀਆਂ ਮੀਰ ਜੀ ਦੇ ਪੀਰ ਕਿਸ ਦਰਜੇ ਦੇ ਦਰਵੇਸ਼ ਸਨ। ਉਨ੍ਹਾਂ ਦੀ ਤਰਬੀਅਤ ਵਿੱਚ ਮੀਆਂ ਜੀ ਬਹੁਤ ਹੀ ਜਲਦੀ ਰੂਹਾਨੀਅਤ ਦੇ ਉੱਚ ਦਰਜੇ ’ਤੇ ਜਾ ਪਹੁੰਚੇ। ਜਦੋਂ ਮੀਆਂ ਜੀ ਮੁਕਾਮ-ਏ-ਇਰਫ਼ਾਨ ਭਾਵ ਤਸੱਵੁਫ ਦੀ ਆਖ਼ਰੀ ਮੰਜ਼ਿਲ ’ਤੇ ਜਾ ਪਹੁੰਚੇ ਤਾਂ ਸ਼ੇਖ਼ ਜੀ ਨੇ ਕਿਹਾ ਕਿ ਮੇਰੇ ਕੋਲ਼ ਜੋ ਵੀ ਸੀ ਉਹ ਤੁਹਾਨੂੰ ਸੰਭਾਲ ਦਿੱਤਾ, ਹੁਣ ਤੁਸੀਂ ਜਿੱਥੇ ਚਾਹੋ ਜਾ ਸਕਦੇ ਹੋ। ਇਸ ਪਿੱਛੋਂ ਮੀਰ ਜੀ ਨੇ ਦਰਵੇਸ਼ਾਂ ਦੀਆਂ ਰਵਾਇਤਾਂ ਅਨੁਸਾਰ ਆਪਣੇ ਗੁਰੂ ਤੋਂ ਆਗਿਆ ਲਈ ਅਤੇ ਜ਼ਾਹਿਰੀ ਊਲਮ ਹਾਸਲ ਕਰਨ ਲਈ ਲਾਹੌਰ ਵੱਲ ਨੂੰ ਚਾਲੇ ਪਾ ਦਿੱਤੇ। ਸਾਈਂ ਮੀਰ ਜੀ ਦੀ ਉਮਰ ਉਦੋਂ ਲਗਭਗ 25 ਵਰ੍ਹੇ ਦੱਸੀ ਮਿਲਦੀ ਹੈ। ਸ਼ੁਰੂ-ਸ਼ੁਰੂ ’ਚ ਜਦੋਂ ਲਾਹੌਰ ਪਹੁੰਚੇ ਤਾਂ ਬਹੁਤਾ ਸਮਾਂ ਮਸਜਿਦਾਂ ਵਿੱਚ ਗੁਜ਼ਰਿਆ ਤੇ ਬਾਅਦ ਵਿੱਚ ਅਕਬਰ ਦੇ ਮਸ਼ਹੂਰ ਵਿਦਵਾਨ ‘ਮੌਲਾਨਾ ਸਾਅਦੁੱਲਾਹ ਦੇ ਸ਼ਾਗਿਰਦਾਂ’ ਵਿੱਚ ਸ਼ਮੂਲੀਅਤ ਕੀਤੀ। ਛੇਤੀ ਹੀ ਇਹ ਆਪਣੇ ਗੁਰ-ਭਾਈਆਂ ਤੋਂ ਅੱਗੇ ਜਾ ਨਿਕਲੇ ਤੇ ਮੌਲਾਨਾ ਜੀ ਵੀ ਇਨ੍ਹਾਂ ਦੀ ਰੂਹਾਨੀਅਤ ਤੋਂ ਬਹੁਤ ਪ੍ਰਭਾਵਿਤ ਹੋਏ।
ਮੌਲਾਨਾ ਸਾਅਦੁੱਲਾਹ ਤੋਂ ਬਾਅਦ ਉਹ ਮੌਲਾਨਾ ਨਿਅਮਤੁੱਲਾਹ ਅਤੇ ਮੌਲਾਨਾ ਅਸਅਦੁੱਲਾਹ ਜੀ ਦੇ ਸ਼ਾਗਿਰਦ ਬਣੇ। ਇਨ੍ਹਾਂ ਤੋਂ ਬਿਨਾ ਵੀ ਮੀਰ ਜੀ ਨੇ ਹੋਰ ਵਿਦਵਾਨਾਂ ਦੀ ਸੰਗਤ ਕੀਤੀ ਤੇ ਧਰਮ ਸ਼ਾਸਤਰ ਦੀਆਂ ਸਿੱਖਿਆਵਾਂ ਹਾਸਿਲ ਕੀਤੀਆਂ। ਰੱਬੀ ਰੰਗ ਵਿੱਚ ਲੀਨ ਹੋਣ ਕਰਕੇ ਬਹੁਤਾ ਸਮਾਂ ਇਬਾਦਤ ਵਿੱਚ ਗੁਜ਼ਰਦਾ ਸੀ। ਜੰਗਲਾਂ, ਬਾਗ਼ਾਂ ਅਤੇ ਕਬਰਸਤਾਨਾਂ ਵਿੱਚ ਬਹਿ ਕੇ ਰੱਬੀ ਉਪਾਸਨਾ ਕਰਦੇ ਸਨ। ਇਨ੍ਹਾਂ ਨੇ ਲੋਕਾਂ ਤੋਂ ਆਪਣੀ ਰੂਹਾਨੀ ਅਵਸਥਾ ਨੂੰ ਐਨਾ ਛੁਪਾਈ ਰੱਖਿਆ ਕਿ ਦਾਰਾ ਸ਼ਿਕੋਹ ਦੇ ਕਥਨ ਅਨੁਸਾਰ ਲਾਹੌਰ ਵਾਸੀਆਂ ਨੂੰ ਲਗਭਗ ਵੀਹ ਸਾਲ ਖ਼ਬਰ ਤੱਕ ਨਾ ਹੋ ਸਕੀ। ਸਾਈਂ ਜੀ ਨੇ ਕਦੇ ਨਹੀਂ ਸੀ ਚਾਹਿਆ ਕਿ ਉਹ ਲੋਕਾਂ ’ਚ ਦਰਵੇਸ਼ ਦੀ ਹੈਸੀਅਤ ਵਿੱਚ ਮਸ਼ਹੂਰ ਹੋ ਜਾਣ ਅਤੇ ਲੋਕਾਂ ਦੀਆਂ ਭੀੜਾਂ ਲੱਗੀਆਂ ਰਹਿਣ। ਇਸ ਦੇ ਉਲਟ ਉਨ੍ਹਾਂ ਦਾ ਵਿਚਾਰ ਸੀ ਕਿ ਉਹ ਇੱਕ ਨਿਮਾਣੇ ਇਨਸਾਨ ਵਾਂਗ ਜ਼ਿੰਦਗੀ ਬਤੀਤ ਕਰਨ। ਹੌਲ਼ੀ-ਹੌਲ਼ੀ ਲਾਹੌਰ ਵਾਸੀ ਉਨ੍ਹਾਂ ਦੀ ਰੂਹਾਨੀ ਤਬੀਅਤ ਤੋਂ ਵਾਕਿਫ਼ ਹੋ ਚੁੱਕੇ ਸਨ ਤੇ ਉਹ ਮੀਰ ਜੀ ਦਾ ਘੇਰਾ ਛੱਡਣ ਨੂੰ ਬਿਲਕੁਲ ਤਿਆਰ ਨਹੀਂ ਸਨ।
ਇੱਕ ਦਿਨ ਮੀਰ ਜੀ ਨੇ ਲਾਹੌਰ ਛੱਡਣ ਦਾ ਪੱਕਾ ਇਰਾਦਾ ਕੀਤਾ ਤੇ ਸਰਹਿੰਦ ਵੱਲ ਨੂੰ ਤੁਰ ਪਏ। ਸਰਹਿੰਦ ਆਣ ਕੇ ਬੇਹੱਦ ਬਿਮਾਰ ਪੈ ਗਏ, ਜਿੱਥੇ ਉਨ੍ਹਾਂ ਕੋਲ਼ ਅਜਿਹਾ ਕੋਈ ਬੰਦਾ ਨਹੀਂ ਸੀ, ਜੋ ਸੇਵਾ ਸੰਭਾਲ ਕਰ ਸਕਦਾ। ਕੁਝ ਦਿਨਾਂ ਮਗਰੋਂ ਸਰਹਿੰਦ ਦੇ ਹਾਜੀ ਨਿਅਮਤੁੱਲਾਹ ਸਾਈਂ ਜੀ ਦੀ ਮਜਬੂਰੀ ਸਮਝ ਕੇ ਸੇਵਾ ’ਚ ਆਣ ਹਾਜ਼ਰ ਹੋਏ ਤੇ ਬੇਅੰਤ ਸੇਵਾ ਕੀਤੀ। ਇੱਥੋਂ ਤੱਕ ਕਿ ਮਲ-ਮੂਤਰ ਵੀ ਹੱਥੀਂ ਸਾਫ਼ ਕੀਤਾ। ਸਮਾਂ ਪਾ ਕੇ ਮੀਰ ਜੀ ਰਾਜ਼ੀ ਹੋ ਗਏ ਤਾਂ ਹਾਜੀ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ, “ਮੇਰੇ ਕੋਲ਼ ਉਂਝ ਤੁਹਾਨੂੰ ਦੇਣ ਲਈ ਕੁਝ ਨਹੀਂ, ਪਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਰੱਬ ਨੂੰ ਪਾਉਣ ਦਾ ਰਸਤਾ ਦੱਸ ਸਕਦਾ ਹਾਂ[[[।” ਇੰਨਾ ਸੁਣ ਕੇ ਹਾਜੀ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਉਹ ਪ੍ਰਸੰਨ ਹੋ ਕੇ ਸਾਈਂ ਮੀਆਂ ਮੀਰ ਜੀ ਦੇ ਪੱਕੇ ਮੁਰੀਦ ਬਣ ਗਏ। ਹਾਜੀ ਨੂੰ ਸਾਈਂ ਜੀ ਦੇ ਪਲੇਠੇ ਸ਼ਾਗਿਰਦ ਹੋਣ ਦਾ ਮਾਣ ਹਾਸਿਲ ਹੋਇਆ। ਸਮਾਂ ਪਾ ਕੇ ਸਾਈਂ ਜੀ ਦਾ ਦਿਲ ਉਚਾਟ ਰਹਿਣ ਲੱਗਿਆ ਤਾਂ ਮੁੜ ਲਾਹੌਰ ਆਣ ਪਹੁੰਚੇ। ਉਂਝ ਇਨ੍ਹਾਂ ਦਾ ਉਸਤਾਦੀ-ਸ਼ਾਗਿਰਦੀ ਦਾ ਸਿਲਸਿਲਾ ਦੂਜੇ ਸੂਫ਼ੀਆਂ ਤੋਂ ਵੱਖਰਾ ਸੀ।
ਸਾਈਂ ਜੀ ਨੇ ਸਾਰੀ ਉਮਰ ਗ੍ਰਹਿਸਥੀ ਧਾਰਨ ਨਹੀਂ ਕੀਤੀ। ਬੋਲਬਾਣੀ ਵਿੱਚ ਅੰਤਾਂ ਦੀ ਮਿਠਾਸ ਤੇ ਨਿਮਰ ਸੁਭਾਅ। ਘੱਟ ਸੌਂਦੇ, ਘੱਟ ਖਾਂਦੇ-ਪੀਂਦੇ, ਘੱਟ ਬੋਲਦੇ। ਬਹੁਤਾ ਸਮਾਂ ਇਕਾਂਤ ਜਾਂ ਆਪਣੇ ਹੁਜਰੇ ਵਿੱਚ ਗੁਜ਼ਰਦੇ। ਨਮਾਜ਼ ਜਮਾਤ ਨਾਲ ਪੜ੍ਹ ਮੁੜ ਹੁਜਰੇ ਹੀ ਜਾ ਪਹੁੰਚਦੇ। ਕੁੜਤਾ-ਪੱਗੜੀ ਪਹਿਨਦੇ। ਉਸ ਸਮੇਂ ਦੇ ਕਈ ਸ਼ਾਹੀ ਅਹਿਲਕਾਰ ਵੀ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਆਉਂਦੇ ਸਨ, ਜਿਵੇਂ ਮੁਗ਼ਲ ਬਦਸ਼ਾਹ ਜਹਾਂਗੀਰ, ਸ਼ਾਹਜਹਾਂ ਅਤੇ ਮੁਗ਼ਲ ਸ਼ਹਿਜ਼ਾਦਾ ਦਾਰਾ ਸ਼ਿਕੋਹ ਮੀਆਂ ਜੀ ਦਾ ਬਹੁਤ ਸਤਿਕਾਰ ਕਰਦੇ ਸਨ।
ਇਹ ਵੀ ਇੱਕ ਕੁਦਰਤੀ ਇਤਫਾਕ ਹੀ ਹੈ ਕਿ ਹਿੰਦੁਸਤਾਨ ਅਤੇ ਹਿੰਦੁਸਤਾਨ ਦੇ ਇੱਕੋ ਇੱਕ ਉੱਤਰ ਪੱਛਮੀ ਦਰਵਾਜ਼ੇ ਪੰਜਾਬ ਵਿੱਚ ਮੁਗ਼ਲ ਸਾਮਰਾਜ ਅਤੇ ਗੁਰਮਤਿ ਸੱਭਿਆਚਾਰ ਦੀ ਸਥਾਪਨਾ ਦੀ ਕਿਿਰਆ ਇੱਕੋ ਸਮੇਂ ਹੋਈ। ਮੁਗ਼ਲ ਸਾਮਰਾਜ ਦੇ ਮੁੱਢ ਜ਼ਹੀਰੁਦੀਨ ਮੁਹੰਮਦ ਬਾਬਰ ਅਤੇ ਗੁਰਮਤਿ ਦੇ ਧਾਰਨੀ ਬਾਬਾ ਨਾਨਕ ਦੋਵੇਂ ਸਮਕਾਲੀ ਸਨ। ਇਤਿਹਾਸ ਵਿੱਚ ਦੋਹਾਂ ਸ਼ਖ਼ਸੀਅਤਾਂ ਦੇ ਮਿਲਾਪ ਦਾ ਵੀ ਵਰਣਨ ਹੈ। ਬਾਬਰ ਦੇ ਉੱਤਰਾਧਿਕਾਰੀ ਮੁਗ਼ਲ ਬਾਦਸ਼ਾਹ ਅਤੇ ਬਾਬਾ ਨਾਨਕ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਸਮਾਨ-ਅੰਤਰ ਵਿਚਰਦੇ ਰਹੇ। ਇਤਿਹਾਸ ਵਿੱਚ ਬਹੁਤੇ ਇਨ੍ਹਾਂ ਨੂੰ ‘ਬਾਬੇ ਕੇ’ ਅਤੇ ‘ਬਾਬਰ ਕੇ’ ਕਹਿ ਕੇ ਸੰਬੋਧਨ ਕਰਦੇ ਹਨ। ਇਤਿਹਾਸਕ ਨਜ਼ਰੀਏ ਤੋਂ ਬਾਬਰਕਿਆਂ ਦੇ ਜਮਾਲ ਦਾ ਸੂਰਜ ਇਸ ਵਕਤ ਲਗਭਗ ਸਿਖ਼ਰ ’ਤੇ ਕਿਹਾ ਜਾ ਸਕਦਾ ਸੀ। ਇਸ ਵਕਤ ਬਾਬਰ ਦਾ ਪੋਤਾ ਅਕਬਰ ਗੱਦੀ ਨਸ਼ੀਨ ਸੀ ਅਤੇ ਬਾਬੇਕਿਆਂ ਦੀ ਪਰੰਪਰਾ ਅਨੁਸਾਰ ਗੱਦੀ ’ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ। ਇਹ ਕੁਦਰਤੀ ਸੀ ਕਿ ਸਾਈਂ ਮੀਆਂ ਮੀਰ ਜੀ, ਜੋ ਉਸ ਸਮੇਂ ਲਾਹੌਰ ਸ਼ਹਿਰ ਦੀ ਇੱਕ ਅਧਿਆਤਮਕ ਹਸਤੀ ਅਤੇ ਮੁਗ਼ਲ ਬਾਦਸ਼ਾਹ ਦੇ ਸਤਿਕਾਰ ਦੇ ਪਾਤਰ ਸਨ, ਦਾ ਸਿੱਧਾ ਸੰਪਰਕ ਗੁਰੂ ਘਰ ਨਾਲ ਜੁੜਦਾ ਹੈ। ਮੀਆਂ ਮੀਰ ਜੀ ਦੇ ਗੁਰੂ ਘਰ ਨਾਲ ਸਬੰਧ ਹੋਣੇ ਇਤਿਹਾਸ ਦਾ ਅਹਿਮ ਪੱਖ ਹੈ।
ਇਤਿਹਾਸਕ ਤੱਥਾਂ ਤੋਂ ਸਾਹਮਣੇ ਆਉਂਦਾ ਹੈ ਕਿ ਸਾਈਂ ਮੀਆਂ ਮੀਰ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਮੇਲ ਉਸ ਵਕਤ ਹੋਇਆ, ਜਦੋਂ ਇਹ ਲਾਹੌਰ ਵਿਖੇ ਆਪਣੇ ਤਾਏ ‘ਸਹਾਰੀ ਮੱਲ’ ਦੇ ਸਪੁੱਤਰ ਦੀ ਸ਼ਾਦੀ ’ਤੇ ਗਏ। ਉਂਝ ਸਾਈਂ ਜੀ ਨੂੰ ਲਾਹੌਰ ’ਚ ਰਹਿੰਦਿਆਂ ਕਾਫੀ ਸਮਾਂ ਬੀਤ ਚੁਕਾ ਸੀ, ਇਸ ਕਰਕੇ ਗੁਰੂ ਜੀ ਇਨ੍ਹਾਂ ਦੀ ਮਹਿਮਾ ਤੋਂ ਪਹਿਲਾਂ ਹੀ ਜਾਣੂੰ ਸਨ। ਇਸ ਪਿਛੋਂ ਕਈ ਮੁਲਾਕਾਤਾਂ ਹੋਈਆਂ, ਜੋ ਹੌਲ਼ੀ-ਹੌਲ਼ੀ ਗੂੜ੍ਹੀ ਮਿੱਤਰਤਾ ’ਚ ਤਬਦੀਲ ਹੋ ਗਈਆਂ, ਜਿਸ ਦੀ ਅੱਜ ਇਤਿਹਾਸ ਗਵਾਹੀ ਭਰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਸਤਿਕਾਰ ਸਹਿਤ ਸਾਈਂ ਮੀਆਂ ਮੀਰ ਜੀ ਨੂੰ ‘ਗਹਿਰ ਗੰਭੀਰ ਅਤੇ ਪੀਰਾਂ ਦਾ ਪੀਰ’ ਕਿਹਾ।
ਜਦੋਂ ਗੁਰੂ ਅਰਜਨ ਦੇਵ ਜੀ ਗੱਦੀ ’ਤੇ ਬੈਠੇ ਤਾਂ ਮੀਆਂ ਜੀ ਨੇ ਦਸਤਾਰ ਭੇਜੀ ਤੇ ਫਿਰ ਅੰਮ੍ਰਿਤਸਰ ਆਉਣ-ਜਾਣ ਹੋ ਗਿਆ ਸੀ; ਉਦਾਂ ਪੀਰ ਜੀ ਦਾ ਪੱਕਾ ਡੇਰਾ ਲਾਹੌਰ ਹੀ ਸੀ। ਅਕਸਰ ਮੁਲਾਕਾਤਾਂ ਹੁੰਦੀਆਂ ਤੇ ਗੰਭੀਰ ਧਰਮ ਚਰਚਾ ਵੀ ਹੁੰਦੀ। ਇਤਿਹਾਸਕ ਹਵਾਲੇ ਅਨੁਸਾਰ ਇੱਕ ਵਾਰ ‘ਸੁਖਮਨੀ ਸਾਹਿਬ’ ਦੀ ਅੱਠਵੀਂ ਅਸ਼ਟਪਦੀ ਵਿੱਚ ਬ੍ਰਹਮ ਗਿਆਨੀ ਦੇ ਸੰਕਲਪ ਉੱਤੇ ਕਈ ਦਿਨ ਵਿਚਾਰ ਹੁੰਦੀ ਰਹੀ। ਲੱਖਾਂ ਲੋਕਾਂ ਨੇ ਦੋਹਾਂ ਮਹਾਂਪੁਰਖਾਂ ਦਾ ਧਰਮ ਪਿਆਰ ਵੇਖਿਆ।
ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਵੱਲੋਂ ਤਿਆਰ ਕੀਤੇ ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ ਚਹੁੰ ਵਰਨਾਂ ਲਈ ਸਾਂਝਾ, ਧਰਮਾਂ ਦਾ ਵਿਤਕਰਾ ਮਿਟਾਉਣ ਵਾਲਾ ਅਤੇ ਕੀਰਤਨ ਦਾ ਗੜ੍ਹ ਸ੍ਰੀ ਹਰਿਮੰਦਰ ਉਸਾਰਨ ਦਾ ਫ਼ੈਸਲਾ ਕੀਤਾ। ਨੀਂਹ ਰਖਵਾਉਣ ਲਈ ਗੁਰੂ ਜੀ ਦੀ ਨਜ਼ਰ ਨਿਰੋਲ ਮੀਆਂ ਮੀਰ ਜੀ ’ਤੇ ਟਿਕੀ। ਇਹ ਸੰਸਾਰ ਭਰ ਦੇ ਇਤਿਹਾਸ ਵਿੱਚ ਇੱਕ ਅਨੋਖੀ ਅਤੇ ਇੱਕ ਮਾਤਰ ਘਟਨਾ ਸੀ।
ਤਾਰੀਖ਼-ਏ-ਪੰਜਾਬ ਕ੍ਰਿਤ ਬੂਟੇ ਸ਼ਾਹ ਦੀ ਗਵਾਹੀ ਕਿ ‘ਦਰਬਾਰ ਸਾਹਿਬ’ ਦੀ ਉਸਾਰੀ, ਨਾਮ ਨੂੰ ਹਰ ਹਿਰਦੇ ’ਚ ਉਜਾਗਰ ਕਰਨ ਅਤੇ ਲੋਕਾਈ ਦੇ ਲਾਹੇ ਲਈ ਪਰਉਪਕਾਰ ਕਰਨ ਦਾ ਖ਼ਿਆਲ ਜਦ ਗੁਰੂ ਅਰਜਨ ਦੇਵ ਜੀ ਨੂੰ ਆਇਆ ਤਾਂ ਉਹ ਫੈਜ਼ ਦੇ ਦਰਜਿਆਂ ਦੇ ਮਾਲਿਕ ਅਤੇ ਰੱਬੀ ਭੇਦਾਂ ਦੇ ਗਿਆਤਾ ਮੀਆਂ ਮੀਰ ਜੀ ਨੂੰ ਲਾਹੌਰ ਆ ਕੇ ਮਿਲੇ। ਗੁਰੂ ਜੀ ਵਿਛੇ ਹੋਏ ਟਾਟ ’ਤੇ ਬੈਠ ਗਏ। ਉੱਥੇ ਹੀ ਅਕਬਰ ਆ ਗਿਆ, ਪਰ ਉਹ ਟਾਟ ’ਤੇ ਨਾ ਬੈਠਿਆ ਤੇ ਖੜ੍ਹਾ-ਖਲੋਤਾ ਹੀ ਵਾਪਿਸ ਮੁੜ ਗਿਆ। ਗੁਰੂ ਪਾਤਸ਼ਾਹ ਦੀ ਨਿਮਰਤਾ ਨੂੰ ਵੇਖ ਕੇ ਮੀਆਂ ਮੀਰ ਜੀ ਨੇ ਕਿਹਾ ਸੀ, “ਤੁਹਾਡੀ ਉੱਮਤ ਰਾਜ ਕਰੇਗੀ।”
ਗੁਰੂ ਅਰਜਨ ਦੇਵ ਜੀ ਨੇ ਆਪਣੇ ਆਉਣ ਦਾ ਮੰਤਵ ਦੱਸਿਆ ਕਿ ਆਪ ਅੰਮ੍ਰਿਤਸਰ ਪੁੱਜ ਕੇ ਆਪਣੇ ਹੱਥੀਂ ਹਰਿਮੰਦਰ ਦੀ ਨੀਂਹ ਰੱਖੋ। ਗੁਰੂ ਜੀ ਅੰਮ੍ਰਿਤਸਰ ਤਸ਼ਰੀਫ ਲੈ ਆਏ। ਮੀਆਂ ਮੀਰ ਜੀ ਨੇ ਚਾਰ ਇੱਟਾਂ ਚਾਰ ਪਾਸਿਆਂ ਤੇ ਇੱਕ ਇੱਟ ਵਿੱਚ ਰੱਖੀ। ਮਿਸਤਰੀ ਨੇ ਵਿਚਕਾਰਲੀ ਇੱਟ ਚੁੱਕ ਕੇ ਆਪਣੇ ਹਿਸਾਬ ਨਾਲ ਰੱਖੀ।
ਹਰਿਮੰਦਰ ਕੀ ਬੁਨਿਆਦ ਕੀ ਈਟ ਦੇ ਰਹੀ ਗਵਾਹੀ।
ਕਭੀ ਅਹਿਲੇ ਮਜ਼੍ਹਬ ਮੇ ਥੀ ਦੋਸਤੀ ਮੁਸਕਰਾਈ।
ਪਰ ਇਸ ਬਾਰੇ ਕੁਝ ਵਿਦਵਾਨਾਂ ਦੀ ਰਾਇ ਇਸ ਤਰ੍ਹਾਂ ਹੈ ਕਿ ਜਦ ਇਸ ਇਤਿਹਾਸਕ ਧਰਮ ਸਥਾਨ ਨੂੰ ਬਣਾਉਣ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਤਾਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਇਸ ਧਰਮ ਅਸਥਾਨ ਦੀ ਨੀਂਹ ਰੱਖਣ ਲਈ ਬੁਲਾਇਆ।
ਦੂਜੇ ਪਾਸੇ ਇਹ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਇਤਿਹਾਸਕ ਯਾਦਗਾਰ ਪ੍ਰਤੀ ਸਮਕਾਲੀ ਇਤਿਹਾਸਕਾਰ ਖ਼ਾਮੋਸ਼ ਕਿਉਂ ਰਹੇ? ਇਸ ਸਮੇਂ ਦੀਆਂ ਅਰਬੀ ਅਤੇ ਫ਼ਾਰਸੀ ਦੀਆਂ ਲਿਖਤਾਂ ਵਿੱਚ ਇਸ ਤਰ੍ਹਾਂ ਦਾ ਕੋਈ ਵੇਰਵਾ ਨਹੀਂ ਲੱਭਦਾ। ਇਸ ਦੇ ਕੀ ਕਾਰਨ ਸਨ, ਕੁਝ ਵੀ ਕਹਿਣਾ ਮੁਨਾਸਿਬ ਨਹੀਂ। ਉਦੋਂ ਹੈਰਾਨੀ ਹੋਰ ਵੀ ਵਧ ਜਾਂਦੀ ਹੈ ਕਿ ਦਾਰਾ ਸ਼ਿਕੋਹ ਅਤੇ ‘ਦਬਿਸਤਾਨ-ਏ-ਮਜ਼ਾਹਿਬ’ ਦੇ ਲੇਖਕ, ਜਿਨ੍ਹਾਂ ਬਾਰੇ ਕਿਸੇ ਤਰ੍ਹਾਂ ਦਾ ਭੇਦ-ਭਾਵ ਅਤੇ ਪੱਖਪਾਤੀ ਹੋਣ ਦਾ ਸੰਦੇਹ ਵੀ ਨਹੀਂ ਕੀਤਾ ਜਾ ਸਕਦਾ, ਇਸ ਘਟਨਾ ਦਾ ਉੱਕਾ ਵੀ ਜ਼ਿਕਰ ਨਹੀਂ ਕਰਦੇ, ਜਦਕਿ ਦਾਰਾ ਸ਼ਿਕੋਹ ਨੇ ‘ਸਕੀਨਤ-ਉਲ-ਔਲੀਆ’ ਨਾਂ ਦੀ ਪੁਸਤਕ ਵਿੱਚ ਮੀਆਂ ਜੀ ਦੇ ਜੀਵਨ ਦੇ ਲਗਭਗ ਹਰ ਪੱਖ ’ਤੇ ਰੌਸ਼ਨੀ ਪਾ ਕੇ ਉਜਾਗਰ ਕਰਨ ਦੀ ਕੋਸਿਸ਼ ਕੀਤੀ ਹੈ ਅਤੇ ਦਬਿਸਤਾਨ-ਏ-ਮਜ਼ਾਹਿਬ ਵਿੱਚ ‘ਨਾਨਕ ਪੰਥੀ’ ਦੇ ਸਿਰਲੇਖ ਹੇਠਾਂ ਸਿੱਖਾਂ ਦਾ ਵੇਰਵਾ ਮਿਲਦਾ ਹੈ। ਸਿੱਖ ਰਵਾਇਤਾਂ ਵਿੱਚ ਇਸ ਦਾ ਜ਼ਿਕਰ ਭਰਪੂਰ ਅਕੀਦਤ ਅਤੇ ਸ਼ਰਧਾ ਨਾਲ ਕੀਤਾ ਗਿਆ ਹੈ।
(ਜਾਰੀ)