‘ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ` ਉਤੇ ਚਰਚਾ ਅਤੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਹਵਾਲੇ ਨਾਲ ਤਕਰੀਰ
ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ਿਕਾਗੋ ਦੇ ਮੈਕਕਾਰਮਿਕ ਪਲੇਸ ਵਿਖੇ ਲੰਘੇ ਦਿਨੀਂ ਹੋਈ ਵਿਸ਼ਵ ਧਰਮਾਂ ਦੀ ਸੰਸਦ ਵਿੱਚ ਦੁਨੀਆ ਭਰ ਤੋਂ ਪਹੁੰਚੇ ਛੇ ਹਜ਼ਾਰ ਤੋਂ ਵੱਧ ਧਾਰਮਿਕ/ਸਮਾਜਿਕ ਨੁਮਾਇੰਦਿਆਂ ਨੇ ਅਧਿਆਤਮਕ ਪਰੰਪਰਾਵਾਂ ਜ਼ਰੀਏ ਇਕਸੁਰਤਾ ਦਾ ਸੁਨੇਹਾ ਦਿੱਤਾ। ਸੰਸਦ ਵਿੱਚ ‘ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ’ ਸਬੰਧੀ ਚਰਚਾ ਹੋਈ ਕਿ ਅਸੀਂ ਆਪਣੀ ਜ਼ਮੀਰ ਨੂੰ ਸੁਣੀਏ, ਧਾਰਮਿਕਤਾ ਅਤੇ ਨੈਤਿਕਤਾ ਨੂੰ ਬਰਕਰਾਰ ਰੱਖ ਕੇ ਇੱਕ-ਦੂਜੇ ਦੀ ਆਜ਼ਾਦੀ ਤੇ ਅਧਿਕਾਰਾਂ ਦੀ ਰੱਖਿਆ ਕਰੀਏ। ਇਸ ਗੱਲ ਉਤੇ ਵੀ ਜ਼ੋਰ ਦਿੱਤਾ ਗਿਆ ਕਿ ਭਾਵੇਂ ਸਾਡੇ ਵਿਸ਼ਵਾਸ ਦੇ ਕੁਝ ਵਿਸ਼ਿਆਂ ‘ਤੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਹਨ, ਪਰ ਸੱਭਿਆਚਾਰਾਂ, ਵਿਸ਼ਵਾਸਾਂ ਅਤੇ ਵਿਚਾਰਾਂ ਦੀ ਵਿਭਿੰਨਤਾ ਨੂੰ ਅਪਨਾਉਂਦਿਆਂ ਇੱਕ ਮਜ਼ਬੂਤ ਸੰਯੁਕਤ ਸ਼ਕਤੀ ਬਣਾਉਣ ਵੱਲ ਅਹੁਲਣ ਦੀ ਲੋੜ ਹੈ।
ਵੱਖ ਵੱਖ ਅਧਿਆਤਮਕ ਨੁਮਾਇੰਦਿਆਂ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰੂਹਾਨੀ ਪਰੰਪਰਾਵਾਂ ਦੀ ਵਿਲੱਖਣਤਾ ਦੇ ਨਾਲ-ਨਾਲ ਆਪਣੇ ਗੁਆਂਢੀਆਂ ਭਾਵ ਹੋਰਨਾਂ ਭਾਈਚਾਰਿਆਂ ਦੀਆਂ ਪਰੰਪਰਾਵਾਂ ਦੀ ਵੀ ਕਦਰ ਕਰਦਿਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ। ਚਰਚਾ ਹੋਈ ਕਿ ਸੰਸਾਰ ਹਨੇਰੇ ਅਤੇ ਵੰਡ ਨਾਲ ਭਰਿਆ ਹੋਇਆ ਹੈ, ਪਰ ਉਸ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ, ਜੇ ਵਿਸ਼ਵਾਸੀ ਲੋਕ ਮਿਲ ਕੇ ਕੰਮ ਕਰਨ।
ਜ਼ਿਕਰਯੋਗ ਹੈ ਕਿ ਵਿਸ਼ਵ ਦੇ ਧਰਮਾਂ ਦੀ ਸੰਸਦ ਵਿਸ਼ਵ ਦੀਆਂ ਅਧਿਆਤਮਕ ਪਰੰਪਰਾਵਾਂ ਵਿੱਚ ਇਕਸੁਰਤਾ ਪੈਦਾ ਕਰਦੀ ਹੈ ਅਤੇ ਇੱਕ ਵਧੇਰੇ ਸ਼ਾਂਤੀਪੂਰਨ, ਨਿਆਂਪੂਰਨ ਤੇ ਟਿਕਾਊ ਸੰਸਾਰ ਦੇ ਟੀਚੇ ਨੂੰ ਪ੍ਰਣਾਈਆਂ ਮਾਰਗਦਰਸ਼ਕ ਸੰਸਥਾਵਾਂ ਨਾਲ ਆਪਣੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੀ ਸ਼ੁਰੂਆਤ ਸ਼ਿਕਾਗੋ ਵਿੱਚ 1893 ਵਿੱਚ ਹੋਈ ਸੀ, ਜਿੱਥੇ ਵਿਸ਼ਵ ਧਰਮ ਸੰਸਦ ਦੇ ਇਤਿਹਾਸਕ ਪਹਿਲੇ ਸੰਮੇਲਨ ਨੇ ਪੂਰਬ ਅਤੇ ਪੱਛਮ ਦੇ ਧਰਮਾਂ ਦੀ ਸ਼ਮੂਲੀਅਤ ਲਈ ਇੱਕ ਗਲੋਬਲ ਪਲੇਟਫਾਰਮ ਬਣਾਇਆ ਸੀ। 1893 ਦੀ ਸੰਸਦ ਨੇ 41 ਵਿਭਿੰਨ ਧਾਰਮਿਕ ਪਰੰਪਰਾਵਾਂ ਦੀ ਨੁਮਾਇੰਦਗੀ ਕੀਤੀ ਸੀ।
ਸੰਨ 1893 ਦੇ ਸੰਮੇਲਨ ਵਿੱਚ ਸਵਾਮੀ ਵਿਵੇਕਾਨੰਦ ਨੇ ਹਿੰਦੂ ਧਰਮ ਦੇ ਅਧਿਆਤਮਕ ਆਗੂ ਵਜੋਂ ਹਿੱਸਾ ਲਿਆ ਸੀ। ਸੌ ਸਾਲ ਬਾਅਦ 1993 ਵਿੱਚ ਇਹ ਸੰਮੇਲਨ ਫਿਰ ਸ਼ਿਕਾਗੋ ਵਿੱਚ ਹੋਇਆ ਅਤੇ ਸਿੱਖ ਧਰਮ ਵੱਲੋਂ ਪਹਿਲੀ ਵਾਰ ਹਿੱਸਾ ਲਿਆ ਗਿਆ, ਜਿਸ ਦੌਰਾਨ ਸਿੱਖ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਦਾ ਸੰਦੇਸ਼ ਹੋਰਨਾਂ ਧਰਮਾਂ ਨਾਲ ਸਾਂਝਾ ਕੀਤਾ ਸੀ।
ਹਾਲ ਹੀ ਦੇ ਸੰਸਦ ਦੌਰਾਨ ਇੱਕ-ਦੂਜੇ ਨੂੰ ਜਲਵਾਯੂ ਤਬਦੀਲੀ ਅਤੇ ਤਾਨਾਸ਼ਾਹੀ ਦੇ ਉਭਾਰ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਚੁਣੌਤੀ ਵੀ ਦਿੱਤੀ ਗਈ। ਪ੍ਰਦਰਸ਼ਨੀ ਹਾਲ ਵਿੱਚ ਹਾਜ਼ਰੀਨ ਨੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਅਤੇ ਹੋਰ ਧਾਰਮਿਕ ਵਿਸ਼ਵਾਸਾਂ ਬਾਰੇ ਜਾਣਨਾ ਚਾਹਿਆ। ਸਮਾਜਿਕ ਨਿਆਂ, ਜਮਹੂਰੀਅਤ, ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਵਿਸ਼ਵਾਸ ਤੇ ਅੰਦੋਲਨਾਂ ਨੂੰ ਇੱਕ-ਦੂਜੇ ਨਾਲ ਜੋੜਦੇ ਹੋਏ ਸੰਸਦ ਦੇ ਥੀਮ ਨੂੰ ਸਪਸ਼ਟ ਤੇ ਦ੍ਰਿੜਤਾ ਨਾਲ ਵਿਚਾਰਿਆ ਗਿਆ।
ਇਸ ਦੌਰਾਨ ਸਿੱਖ ਭਾਈਚਾਰੇ ਦੀ ਵਧ ਚੜ੍ਹ ਕੇ ਸ਼ਮੂਲੀਅਤ, ਲੰਗਰ ਦੀ ਉਚੇਚੀ ਸੇਵਾ ਅਤੇ ਗੁਰਬਾਣੀ ਦੇ ਪ੍ਰਸੰਗ ਵਿੱਚ ਵਿਚਾਰਾਂ ਦੇ ਦਿਸਹੱਦਿਆਂ ਨੇ ਇੱਕ ਵੱਖਰਾ ਹੀ ਮਾਹੌਲ ਸਿਰਜਿਆ, ਜਿਸ ਨਾਲ ਸਿੱਖ ਧਰਮ ਦਾ ਫਲਸਫਾ, ਸਮਾਜ ਵਿੱਚ ਇਸ ਦੀਆਂ ਕਦਰਾਂ-ਕੀਮਤਾਂ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਵਿਸ਼ਵ ਦੇ ਹੋਰਨਾਂ ਧਰਮਾਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਵਿੱਚ ਲੋਕਾਈ ਤੱਕ ਪੁੱਜਦਾ ਹੋਇਆ ਹੈ। ਵਿਸ਼ਵ ਦੇ ਵੱਡੇ ਧਰਮਾਂ ਵਿੱਚ ਸ਼ੁਮਾਰ ਰੱਖਣ ਕਾਰਨ ਸਿੱਖ ਧਰਮ ਦੇ ਨੈਤਿਕਤਾ ਅਤੇ ਬਰਾਬਰੀ ਦੇ ਪ੍ਰਸੰਗ ਨੂੰ ਮੁੱਖ ਰੱਖਦਿਆਂ ਸਿੱਖ ਭਾਈਚਾਰੇ ਨੇ ਵਿਸ਼ਵ ਧਰਮ ਸੰਸਦ-2023 ਦੌਰਾਨ ਜ਼ਿੰਮੇਵਾਰੀਆਂ ਨਿਭਾਉਣ ਤੇ ਨਵੇਂ ਕੀਰਤੀਮਾਨ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਦੀ ਸਮੁੱਚੇ ਪ੍ਰੋਗਰਾਮ ਦੌਰਾਨ ਭਰਵੀਂ ਤਾਰੀਫ ਵੀ ਹੋਈ ਤੇ ਹੋਰਨਾਂ ਧਰਮਾਂ ਨਾਲ ਜੁੜੇ ਲੋਕਾਂ ਦੇ ਮਨਾਂ ਉਤੇ ਇੱਕ ਯਾਦਗਾਰੀ ਛਾਪ ਵੀ ਛੱਡ ਹੋਈ।
ਵਾਤਾਵਰਣ ਮੁੱਦੇ ਬਾਰੇ ਵਿਚਾਰ-ਵਟਾਂਦਰੇ ਦੌਰਾਨ ਧਰਤੀ ਉਤੇ ਜੀਵਨ ਨੂੰ ਕਾਇਮ ਰੱਖਣ ਲਈ ਦੇਖਭਾਲ, ਵਾਤਾਵਰਣ ਦੀ ਸੰਭਾਲ ਕਰਨ, ਜੈਵ-ਵਿਭਿੰਨਤਾ, ਕੁਦਰਤੀ ਨਿਵਾਸ ਸਥਾਨਾਂ ਦੀ ਰੱਖਿਆ ਕਰਨ ਅਤੇ ਅਧਿਆਤਮਕ ਟੀਚੇ ਵਧਾਉਣ ਦਾ ਪ੍ਰਣ ਕੀਤਾ ਗਿਆ। ਓਪਨਿੰਗ ਪਲੈਨਰੀ ਮੌਕੇ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧ ਨਾਲ ਜੁੜੇ ਸ. ਅੱਛਰ ਸਿੰਘ ਨੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਹਵਾਲੇ ਨਾਲ ਦੱਸਿਆ ਕਿ ਸਿੱਖ ਧਰਮ ਦੇ ਬਾਨੀ, ਪਹਿਲੇ ਅਧਿਆਤਮਕ ਗੁਰੂ, ਗੁਰੂ ਨਾਨਕ ਦੇਵ ਜੀ ਨੇ 553 ਸਾਲ ਪਹਿਲਾਂ ਇਹ ਬਾਣੀ ਸਿੱਖਾਂ ਦੀ ਪਹਿਲੀ ਅਰਦਾਸ ਜਪੁਜੀ ਸਾਹਿਬ ਦੇ ਹਿੱਸੇ ਵਜੋਂ ਲਿਖੀ ਸੀ, ਜੋ ਕੁਦਰਤ ਦੇ ਤੱਤਾਂ ਨੂੰ ਅਧਿਆਤਮਕ ਯਾਤਰਾ ਨਾਲ ਜੋੜਦੀ ਹੈ। ਸਿੱਖ ਨੁਮਾਇੰਦੇ ਡਾ. ਬਲਵੰਤ ਸਿੰਘ ਹੰਸਰਾ ਨੇ ਵੀ ਵੱਖ ਵੱਖ ਸੈਸ਼ਨਾਂ ਦੌਰਾਨ ਸੰਬੋਧਨ ਕੀਤਾ।
ਇੰਟਰਫੇਥ ਐਕਸ਼ਨਜ਼ ਦਾ ਸੁਨੇਹਾ ਸੀ ਕਿ ਇੱਕ ਬਿਹਤਰ ਸੰਸਾਰ ਦੀ ਖੋਜ ਲਈ ਵਿਚਾਰਾਂ ਦੇ ਅਦਾਨ-ਪ੍ਰਦਾਨ ਦੀ ਲੋੜ ਹੁੰਦੀ ਹੈ। ਵਿਸ਼ਵ ਧਰਮਾਂ ਦੀ ਸੰਸਦ ਗੁੰਝਲਦਾਰ ਵਿਚਾਰ-ਵਟਾਂਦਰੇ ਲਈ ਇੱਕ ਢੁਕਵੇਂ ਪਲੇਟਫਾਰਮ ਵਜੋਂ ਵਿਕਸਤ ਹੋਈ ਹੈ; ਕਿਉਂਕਿ ਸੰਦੇਸ਼ ਸਪੱਸ਼ਟਤਾ ਅਤੇ ਵਿਸ਼ਵਾਸ ਨਾਲ ਗੂੰਜਦਾ ਹੈ, ਇਸ ਲਈ ਸਾਨੂੰ ਸਾਰੇ ਧਰਮਾਂ ਨੂੰ ਹੱਥ ਮਿਲਾਉਣਾ, ਇੱਕਜੁੱਟ ਹੋਣਾ ਅਤੇ ਸੁਰੱਖਿਅਤ ਕਰਨਾ ਚਾਹੀਦਾ ਹੈ।
ਪ੍ਰਦਰਸ਼ਨੀ ਹਾਲ ਵਿੱਚ ਇੱਕ ਪਾਸੇ ਜਿੱਥੇ ਗੀਤਾਂ ਰਾਹੀਂ ਅੰਤਰ-ਧਰਮੀ ਤਾਲਮੇਲ ਦਾ ਇਜ਼ਹਾਰ ਸੀ, ਤਾਂ ਦੂਜੇ ਪਾਸੇ ਨਿਸ਼ਾਨਾ ਬਣਾਏ ਗਏ ਘੱਟ ਗਿਣਤੀਆਂ ਬਾਰੇ ਗੰਭੀਰ ਅੰਕੜੇ ਪੇਸ਼ ਸਨ। ਵਿਚਾਰ ਦੇ ਮੁਹੱਈਆ ਮੰਚ ਦੌਰਾਨ 250 ਤੋਂ ਵੱਧ ਸੈਸ਼ਨ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸੰਵਾਦ, ਇੱਕ ਵਿਆਪਕ ਆਦੇਸ਼ ਦੇ ਤੌਰ ‘ਤੇ ਪੇਸ਼ ਕੀਤੇ ਗਏ। ਪਲੈਨਰੀ ਸੈਸ਼ਨ, ਵਿਚਾਰਾਂ ਦਾ ਇਕਸੁਰਤਾ ਵਾਲਾ ਸਮੂਹ ਡੂੰਘੇ ਵਲਵਲਿਆਂ ਤੇ ਡੂੰਘੀਆਂ ਤਰਬਾਂ ਵਾਲਾ ਸੀ। ਔਰਤਾਂ ਦੀ ਅਸੈਂਬਲੀ ਨੇ ਸਮਾਜ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਮੂਲ ਨੂੰ ਸੰਬੋਧਿਤ ਕੀਤਾ।
ਧਾਰਮਿਕ ਕੱਟੜਤਾ ਸਬੰਧੀ ਵੀ ਸ਼ਬਦ ਗੂੰਜੇ। ਫੇਥ ਇਨ ਪਬਲਿਕ ਲਾਈਫ ਦੇ ਦੂਰਦਰਸ਼ੀ ਸੰਸਥਾਪਕ ਰੇਵ. ਜੇਨ ਬਟਲਰ ਨੇ ਅਫ਼ਸੋਸ ਪ੍ਰਗਟਾਇਆ, “ਧਰਮ, ਜੋ ਕਦੇ ਨੈਤਿਕ ਸਿੱਖਿਆਵਾਂ ਦਾ ਅਸਥਾਨ ਸੀ, ਹੁਣ ਹੇਰਾਫੇਰੀ ਨਾਲ ਖੜ੍ਹਾ ਹੈ, ਇਸਦੇ ਨੈਤਿਕ ਤਾਣੇ-ਬਾਣੇ ਨੂੰ ਹਿੰਸਾ ਦੀਆਂ ਘਿਨਾਉਣੀਆਂ ਕਾਰਵਾਈਆਂ ਦੁਆਰਾ ਵਿਗਾੜ ਦਿੱਤਾ ਗਿਆ ਹੈ। ਤਾਨਾਸ਼ਾਹ ਤਾਕਤਾਂ ਧਰਮ ਨੂੰ ਸ਼ਕਤੀ ਇਕੱਠਾ ਕਰਨ ਲਈ ਇੱਕ ਸਾਧਨ ਵਜੋਂ ਵਰਤਦੀਆਂ ਹਨ।”
ਮੈਕਕਾਰਮਿਕ ਪਲੇਸ ਵਿਖੇ ਇੱਕ ਪ੍ਰਦਰਸ਼ਕ ਸਥਾਨ ਦੇ ਪ੍ਰਵੇਸ਼ ਦੁਆਰ ਤੋਂ ਬਹੁਤ ਦੂਰ ਸਵਾਮੀ ਵਿਵੇਕਾਨੰਦ ਦੀ ਤਸਵੀਰ ਖੜ੍ਹੀ ਸੀ। ਲੋਕਾਂ ਦੀ ਇਕੱਤਰਤਾ ਸਬੰਧੀ ਕੁਝ ਦਾ ਵਿਚਾਰ ਸੀ ਕਿ ਇੰਨੇ ਸਾਰੇ ਲੋਕਾਂ ਨੂੰ ਦੇਖਣਾ ਇੱਕ ਸ਼ਾਨਦਾਰ ਅਨੁਭਵ ਹੈ, ਜੋ ਕਿਸੇ ਵੀ ਤਰੀਕੇ ਨਾਲ ਇੱਕ ਦੂਜੇ ਦੀ ਮਦਦ ਕਰਨ ਲਈ ਤਿਆਰ ਹਨ। ਕੋਈ ਕਹਿ ਰਿਹਾ ਸੀ ਕਿ ਇੱਕੋ ਛੱਤ ਹੇਠ ਇੰਨੇ ਧਰਮਾਂ ਨੂੰ ਵੇਖਣਾ ਅੱਖਾਂ ਖੋਲ੍ਹਣ ਵਾਲਾ ਹੈ। ਵੱਖੋ-ਵੱਖਰੇ ਵਿਸ਼ਵਾਸਾਂ ਵਿੱਚ ਰਹਿਣ ਦੇ ਬਾਵਜੂਦ, ਅਸੀਂ ਸਾਰੇ ਇੱਕ ਹੀ ਹਾਂ।
ਬਹੁਤ ਸਾਰੇ ਬੂਥਾਂ ਉਤੇ ਵਿਸ਼ਵਾਸਾਂ ਅਤੇ ਅਭਿਆਸਾਂ ਦੀਆਂ ਬੁਨਿਆਦੀ ਗੱਲਾਂ ਦਾ ਅਦਾਨ-ਪ੍ਰਦਾਨ ਜਾਰੀ ਸੀ। ਸਿੱਖ ਭਾਈਚਾਰੇ ਵੱਲੋਂ ਦਰਬਾਰ ਸਾਹਿਬ ਦਾ ਮਾਡਲ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਸੀ। ਮੁੱਖ ਸਟੇਜ ਤੋਂ ਅਟਲਾਂਟਾ ਤੋਂ ਆਏ ਭਾਈ ਬਖਸ਼ੀਸ਼ ਸਿੰਘ, ਭਾਈ ਪਰਮਜੀਤ ਸਿੰਘ ਤੇ ਭਾਈ ਗੁਰਪ੍ਰਤਾਪ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਯੂ.ਕੇ. ਦੇ ਜਥੇ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਦਸਤਾਰਾਂ ਸਜਾਉਣ ਦਾ ਬੂਥ ਲਾਇਆ ਗਿਆ ਸੀ ਅਤੇ ਜੁਝਾਰ ਸਿੰਘ ਨੇ ਗਤਕੇ ਦੀ ਸਿਖਲਾਈ ਦਿੱਤੀ।
ਇੱਕ ਵੱਖਰੇ ਕਮਰੇ ਵਿੱਚ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਸੁੱਖ ਆਸਣ ਦੀ ਪ੍ਰਕ੍ਰਿਆ ਵੀ ਜਾਰੀ ਸੀ। ਸਿੱਖਾਂ ਵੱਲੋਂ ਇੰਟਰਫੇਥ ਮਿਊਜ਼ੀਕਲ ਪਰਫਾਰਮੈਂਸ ਵਿੱਚ ਸ਼ਮੂਲੀਅਤ ਤੋਂ ਇਲਾਵਾ 13 ਅਗਸਤ ਨੂੰ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ। ਮਾਣ ਵਾਲੀ ਗੱਲ ਇਹ ਸੀ ਕਿ ਸਿਕਿਉਰਿਟੀ ਦੌਰਾਨ ਸਿੱਖ ਭਾਈਚਾਰੇ ਨੂੰ ਵਾਧੂ ਦੀ ਚੈਕਿੰਗ ਤੋਂ ਛੋਟ ਦਿੱਤੀ ਗਈ ਸੀ। ਸੰਗਤ ਪੂਰੇ ਮਿੱਡਵੈਸਟ ਤੇ ਹੋਰਨਾਂ ਸਟੇਟਾਂ ਤੋਂ ਵੀ ਉਚੇਚਾ ਪਹੁੰਚੀ ਹੋਈ ਸੀ।
ਸੰਗਤਾਂ ਨੂੰ ਗੁਰਦੁਆਰਾ ਪੈਲਾਟਾਈਨ ਤੋਂ ਵਿਸ਼ਵ ਧਰਮਾਂ ਦੀ ਸੰਸਦ ਵਿੱਚ ਲਿਜਾਣ ਲਈ ਕਰੀਬ 15 ਬੱਸਾਂ ਰਾਹੀਂ ਜੱਸੀ ਸਹੋਤਾ ਨੇ ਸੇਵਾ ਨਿਭਾਈ। ਆਰ.ਕੇ. ਕਾਰਪੈਟਸ ਨੇ ਵੀ ਸੇਵਾਵਾਂ ਪ੍ਰਦਾਨ ਕੀਤੀਆਂ। ਕੈਪਟਨ ਗੁਰਬਚਨ ਸਿੰਘ ਤੇ ਯਾਦਵਿੰਦਰ ਸਿੰਘ ਗਰੇਵਾਲ ਨੇ ਏਅਰਪੋਰਟ ਤੋਂ ਸੰਗਤਾਂ ਲਿਆਉਣ-ਛੱਡਣ ਦੀ ਸੇਵਾ ਨਿਭਾਈ। ਵਾਲੰਟੀਅਰਾਂ ਵਿੱਚ ਗੁਰਦੁਆਰਾ ਪੈਲਾਟਾਈਨ ਦੇ ਪ੍ਰਧਾਨ ਜੈਰਾਮ ਸਿੰਘ ਕਾਹਲੋਂ, ਓਂਕਾਰ ਸਿੰਘ ਲਾਲ, ਸਤਨਾਮ ਸਿੰਘ ਗਿੱਲ, ਰਾਜਿੰਦਰ ਸਿੰਘ ਬਾਸੀ, ਰਮਨਦੀਪ ਸਿੰਘ, ਜੁਝਾਰ ਸਿੰਘ ਸਮੇਤ ਭਾਈਚਾਰੇ ਦੇ ਹੋਰਨਾਂ ਅਨੇਕਾਂ ਲੋਕਾਂ ਨੇ ਵੀ ਆਪੋ-ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਖਾਸ ਗੱਲ ਇਹ ਕਿ ਵਿਸ਼ਵ ਧਰਮਾਂ ਦੀ ਸੰਸਦ ਵਿੱਚ ਸਿੱਖ ਭਾਈਚਾਰੇ ਵੱਲੋਂ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੌਰਾਨ ਜੋ ਖਰਚ ਆਇਆ, ਉਸ ਵਿੱਚ ਮਿੱਡਵੈਸਟ ਦੀਆਂ ਸੰਗਤਾਂ ਦੇ ਉਚੇਚਾ ਯੋਗਦਾਨ ਪਾਇਆ। ਇਸੇ ਦੌਰਾਨ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ, ਬਰਮਿੰਘਮ ਦੇ ਚੇਅਰਮੈਨ ਭਾਈ ਮਹਿੰਦਰ ਸਿੰਘ ਆਹਲੂਵਾਲੀਆ ਜਥੇ ਨਾਲ ਗੁਰਦੁਆਰਾ ਪੈਲਾਟਾਈਨ ਆਏ ਸੰਗਤ ਨੂੰ ਸੰਬੋਧਨ ਵੀ ਕੀਤਾ।
ਇੰਟਰਫੇਥ ਅਲਾਇੰਸ, ਇੰਟਰਫੇਥ ਲਾਈਟ ਐਂਡ ਪਾਵਰ, ਇੰਟਰਫੇਥ ਰੇਨਫੋਰੈਸਟ ਇਨੀਸ਼ੀਏਟਿਵ ਅਤੇ ਇੰਟਰਫੇਥ ਮਾਰਚ ਫਾਰ ਪੀਸ ਐਂਡ ਜਸਟਿਸ ਵਰਗੇ ਕਈ ਇੰਟਰਫੇਥ ਗਰੁੱਪਾਂ ਦੇ ਵੀ ਬੂਥ ਸਨ। ਜਾਨਵਰਾਂ ਦੀ ਰੱਖਿਆ ਅਤੇ ਸ਼ਾਕਾਹਾਰੀ ਜੀਵਨ ਦੀ ਚੋਣ ਕਰਨ ਦੀ ਵਕਾਲਤ ਕਰਦਾ ‘ਇੰਟਰਫੇਥ ਵੇਗਨ ਕੋਲੀਸ਼ਨ ਬੂਥ` ਉਤੇ ਗਾਵਾਂ ਅਤੇ ਹਾਥੀਆਂ ਦੇ ਕਾਰਟੂਨ ਚਿੱਤਰਾਂ ਵਾਲੇ ਸਟਿੱਕਰ ਦਿੱਤੇ ਗਏ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਬਲਕਿ ਸਾਰੇ ਧਰਮਾਂ ਦੇ ਸਾਰੇ ਜੀਵਾਂ ਲਈ ਰਹਿਮ ਅਤੇ ਦਿਆਲਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
‘ਤਜ਼ੂ ਚੀ ਫਾਊਂਡੇਸ਼ਨ` ਦੇ ਬੂਥ ਉਤੇ ਆਫ਼ਤ ਰਾਹਤ ਸਮੱਗਰੀਆਂ ਅਤੇ ਜਲਵਾਯੂ ਲਾਭਾਂ ਤੇ ਧਰਤੀ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨ ਵਾਲੇ ਚਾਰਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ। ਕੋਲ ਹੀ ਬੋਧੀ ਵਿਸ਼ਵਾਸਾਂ ਦੀ ਵਿਆਖਿਆ ਕਰਨ ਵਾਲਾ ਇੱਕ ਬੂਥ ਵੀ ਸੀ, ਜਿੱਥੇ ਬੁੱਧ ਦੀਆਂ ਸਿੱਖਿਆਵਾਂ, ਖਾਸ ਕਰਕੇ ਦਇਆ ਬਾਰੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨ ਸਬੰਧੀ ਸਿੱਖਿਆ ਦਿੱਤੀ ਜਾ ਰਹੀ ਸੀ। ਉੱਤਰੀ ਅਮਰੀਕਾ ਦੀ ਜ਼ੋਰੋਸਟ੍ਰੀਅਨ ਐਸੋਸੀਏਸ਼ਨਾਂ ਦੇ ਬੂਥ ‘ਤੇ ਜ਼ੋਰੋਸਟ੍ਰੀਅਨ ਧਰਮ ਦੇ ਸਿਧਾਂਤਾਂ ਦਾ ਵਰਣਨ ਕੀਤਾ ਗਿਆ- “ਚੰਗੇ ਵਿਚਾਰ, ਚੰਗੇ ਸ਼ਬਦ, ਚੰਗੇ ਕੰਮ- ਇਨ੍ਹਾਂ ਦਾ ਪਾਲਣ ਕਰਦੇ ਰਹੋ ਤਾਂ ਤੁਸੀਂ ਸੰਤ ਹੋ।” ਇੱਕ ਬੂਥ `ਤੇ ਵਾਲੰਟੀਅਰਾਂ ਨੇ ਮਸਾਜ ਦੀ ਪੇਸ਼ਕਸ਼ ਕੀਤੀ।
ਸ਼ਿਕਾਗੋ ਦਾ ਮਾਹੌਲ ਬਿਜਲਈ ਸੀ ਅਤੇ ਮੇਅਰ ਬ੍ਰੈਂਡਨ ਜੌਹਨਸਨ ਨੇ ਬੜੇ ਚਾਅ ਨਾਲ ਕਿਹਾ, “ਇਸ ਪਲ ਵਿੱਚ ਮਨੁੱਖਤਾ ਦੀ ਸਭ ਤੋਂ ਸ਼ਾਨਦਾਰ ਰਚਨਾ ਅਤੇ ਸ਼ਕਤੀ ‘ਪਿਆਰ’ ਨੂੰ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੈ।” ਇਸ ਸੰਮੇਲਨ ਨੂੰ ਦੁਨੀਆ ਭਰ ਵਿੱਚ ਦੇਖਿਆ ਅਤੇ ਕਵਰ ਕੀਤਾ ਗਿਆ।