ਪ੍ਰੋ. ਬਲਜਿੰਦਰ ਸਿੰਘ
ਫੋਨ: 91-98150-40500
ਬੇਸ਼ੱਕ ਮੇਰੀ ਪ੍ਰੋਫੈਸ਼ਨਲ ਖੇਡ ਅਥਲੈਟਿਕਸ ਰਹੀ ਹੈ, ਪਰ ਮੇਰੀ ਜ਼ਿੰਦਗੀ ਦਾ ਆਦਰਸ਼ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਰਿਹਾ ਹੈ। ਉਸ ਵੱਲੋਂ ਜ਼ਿੰਦਗੀ ਵਿੱਚ ਕੀਤੇ ਸੰਘਰਸ਼ਾਂ ਅਤੇ ਉਸ ਦੇ ਵਿਚਾਰਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਦੁਨੀਆਂ ‘ਤੇ ਇੱਕ ਤੋਂ ਵੱਧ ਕੇ ਇੱਕ ਮਹਾਨ ਖਿਡਾਰੀ ਹੋਏ ਹਨ, ਪਰ ਮੁੱਕੇਬਾਜ਼ ਮੁਹੰਮਦ ਅਲੀ ਨੂੰ 1999 ਵਿੱਚ 20ਵੀਂ ਸਦੀ ਦਾ ਮਹਾਨ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੈ। ਅਲੀ ਤਿੰਨ ਵਾਰ ਲਾਈਨਅਲ ਚੈਂਪੀਅਨਸ਼ਿਪ ਜਿੱਤਣ ਵਾਲਾ ਸੰਸਾਰ ਦਾ ਇਕਲੌਤਾ ਹੈਵੀਵੇਟ ਚੈਂਪੀਅਨ ਮੁੱਕੇਬਾਜ਼ ਸੀ। ਉਸ ਨੇ ਇਹ ਖਿਤਾਬ 1964, 1974 ਅਤੇ 1978 ਵਿੱਚ ਜਿੱਤਿਆ। ਉਹ ਜਿੰਨਾ ਤੇਜ਼ ਤਰਾਰ ਬਾਕਸਿੰਗ ਰਿੰਗ ਦੇ ਅੰਦਰ ਸੀ, ਉਨਾ ਹੀ ਐਕਟਿਵ ਉਹ ਰਿੰਗ ਦੇ ਬਾਹਰ ਵੀ ਸੀ। ਉਸ ਦਾ ਸੁਭਾਅ ਤਿੱਤਲੀ ਵਰਗਾ ਚੰਚਲ ਰਿਹਾ, ਪਰ ਰਿੰਗ ਅੰਦਰ ਉਸ ਦੇ ਮੁੱਕਿਆਂ ਦੀ ਤਾਕਤ ਮਧੂਮੱਖੀ ਦੇ ਡੰਗ ਤੋਂ ਘੱਟ ਨਹੀਂ ਸੀ, ਜੋ ਚੰਗੇ ਭਲਿਆਂ ਦੇ ਚੌਖਟੇ ਸੁਜਾਅ ਕੇ ਰੱਖ ਦਿੰਦੀ ਸੀ। ਉਹ ਫਿਜ਼ਾ ਵਿੱਚ ਉੱਡਦੀ ਆਜ਼ਾਦ ਤਿੱਤਲੀ ਵਾਂਗੂ ਕਦੇ ਇੱਕ ਜਗ੍ਹਾ ‘ਤੇ ਨਹੀਂ ਸੀ ਟਿਕਿਆ। ਅਲੀ ਜ਼ਿੰਦਗੀ ਨੂੰ ਵਹਿੰਦੇ ਪਾਣੀ ਦੀ ਤਰ੍ਹਾਂ ਜਿਉਣਾ ਚਾਹੁੰਦਾ ਸੀ। ਉਸ ਨੂੰ ਜ਼ਿੰਦਗੀ ਵਿੱਚ ਖੜੋਤ ਪਸੰਦ ਨਹੀਂ ਸੀ, ਉਸ ਦਾ ਮੰਨਣਾ ਸੀ ਕਿ ਜਿਹੜਾ ਵਿਅਕਤੀ 50 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਉਸੇ ਤਰ੍ਹਾਂ ਦੇਖਦਾ ਹੈ, ਜਿਵੇਂ ਉਸ ਨੇ 20 ਸਾਲ ਦੀ ਉਮਰ ਵਿੱਚ ਦੇਖਿਆ ਸੀ, ਇਸ ਦਾ ਮਤਲਬ ਉਸ ਨੇ ਆਪਣੀ ਜ਼ਿੰਦਗੀ ਦੇ 30 ਸਾਲ ਬਰਬਾਦ ਕਰ ਦਿੱਤੇ ਹਨ। ਉਹ ਬੜਬੋਲਾ ਵੀ ਬਹੁਤ ਸੀ, ਜਿਸ ਕਰਕੇ ਉਸ ਨੂੰ ਲੁਇਸਵਿਲ ਦਾ ‘ਲਿੱਪ’ ਕਿਹਾ ਜਾਂਦਾ ਸੀ।
ਕੈਸੀਅਸ ਮਾਰਸੇਲਸ ਕਲੇਅ ਜੂਨੀਅਰ ਦਾ ਜਨਮ 17 ਜਨਵਰੀ 1942 ਨੂੰ ਲੁਇਸਵਿਲ, ਕੈਂਟਕੀ (ਅਮਰੀਕਾ) ਵਿੱਚ ਹੋਇਆ ਸੀ। ਉਸ ਦਾ ਨਾਮ ਉਸ ਦੇ ਪਿਤਾ ਕੈਸੀਅਸ ਮਾਰਸੇਲਸ ਕਲੇਅ ਸੀਨੀਅਰ ਦੇ ਨਾਮ ‘ਤੇ ਰੱਖਿਆ ਗਿਆ ਸੀ, ਉਹ ਜੰਮਦਾ ਹੀ ਭਲਵਾਨਾਂ ਦੀ ਮੁਦਗਲ ਵਰਗਾ ਸੀ। ਉਹ ਆਪਣੇ ਹਾਣਦਿਆਂ ਤੋਂ ਉਮਰਦਰਾਜ਼ ਲਗਦਾ ਸੀ, ਜਿਸ ਕਾਰਨ ਅਕਸਰ ਹੀ ਮੁਹੰਮਦ ਅਲੀ ਦੇ ਮਾਪੇ ਚਾਈਲਡ ਕੰਸੇਸ਼ਨਲ ਟਿਕਟ ਪਿੱਛੇ ਬੱਸ ਕੰਡਕਟਰ ਨਾਲ ਬਹਿਸ ਕਰਦੇ ਰਹਿੰਦੇ ਸਨ।
ਕੈਸੀਅਸ ਕਲੇਅ ਨੂੰ ਸਭ ਤੋਂ ਪਹਿਲਾਂ ਲੁਇਸਵਿਲ ਦੇ ਇੱਕ ਪੁਲਿਸ ਅਧਿਕਾਰੀ ਅਤੇ ਮੁੱਕੇਬਾਜ਼ੀ ਕੋਚ ਜੋਅ ਮਾਰਟਿਨ ਨੇ ਮੁੱਕੇਬਾਜ਼ੀ ਵੱਲ ਪ੍ਰੇਰਿਆ ਸੀ। ਉਸ ਨੇ 12 ਸਾਲ ਦੀ ਉਮਰ ਵਿੱਚ ਮੁੱਕੇਬਾਜ਼ ਵਜੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਉਹਦਾ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਟੂਨੀ ਹੰਸੇਕਰ ਨਾਲ ਹੋਇਆ ਸੀ। 18 ਸਾਲ ਦੀ ਉਮਰ ਵਿੱਚ ਉਸ ਨੇ 1960 ਦੀਆਂ ਰੋਮ ਓਲੰਪਿਕਸ ਵਿਖੇ ਲਾਈਟ ਹੈਵੀਵੇਟ ਸ਼੍ਰੇਣੀ ਵਿੱਚ ਸੋਨ ਤਮਗਾ ਜਿੱਤਿਆ, ਪਰ ਨਸਲੀ ਵਿਤਕਰੇ ਦੇ ਚਲਦਿਆਂ ਗੁੱਸੇ ਵਿੱਚ ਆਏ ਕੈਸੀਅਸ ਕਲੇਅ ਨੇ ਆਪਣਾ ਓਲੰਪਿਕਸ ਸੋਨ ਤਮਗਾ ‘ਓਹਾਇਓ’ ਨਦੀ ਵਿੱਚ ਸੁੱਟ ਦਿੱਤਾ, ਜਦੋਂ ਉਸ ਨੂੰ ਅਤੇ ਉਸ ਦੇ ਇੱਕ ਦੋਸਤ ਨੂੰ ‘ਰੰਗਭੇਦ’ ਕਾਰਨ ਇੱਕ ਰੈਸਟੋਰੈਂਟ ਨੇ ਡਿਨਰ ਪਰੋਸਨ ਤੋਂ ਇਨਕਾਰ ਕਰ ਦਿੱਤਾ ਸੀ। ਓਲੰਪਿਕ ਚੈਂਪੀਅਨ ਕੈਸੀਅਸ ਕਲੇਅ ਨੂੰ ਇਸ ਨਸਲੀ ਵਿਤਕਰੇ ਨੇ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ। ਨਸਲੀ ਵਿਤਕਰੇ ਦੀਆਂ ਮਾਨਸਿਕ ਚੋਟਾਂ ਕਾਰਨ ਉਸ ਨੇ ਇਸਲਾਮ ਧਰਮ ਨੂੰ ਕਬੂਲਿਆ ਅਤੇ ਉਹ ਮੁਸਲਮਾਨ ਬਣ ਗਿਆ।
ਕੈਸੀਅਸ ਕਲੇਅ ਨੇ ਆਪਣੇ ਜੀਵਨ ਦਾ ਪਹਿਲਾ ਹੈਵੀਵੇਟ ਮੈਚ ਮਹਿਜ 22 ਸਾਲ ਦੀ ਉਮਰ ਵਿੱਚ ਸੋਨੀ ਲਿਸਟਨ ਖਿਲਾਫ਼ ਜਿੱਤਿਆ। ਇਹ ਮੈਚ 25 ਫਰਵਰੀ 1964 ਨੂੰ ਮਿਆਮੀ, ਫਲੋਰੀਡਾ ਵਿਖੇ ਖੇਡਿਆ ਗਿਆ। 22 ਸਾਲਾ ਕੈਸੀਅਸ ਕਲੇਅ ਨੇ ਸੱਤਵੇਂ ਦੌਰ ਦੇ ਤਕਨੀਕੀ ਨਾਕਆਊਟ ਵਿੱਚ ਵਿਸ਼ਵ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਸੋਨੀ ਲਿਸਟਨ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸੇ ਸਾਲ, ਉਸ ਨੇ ਆਪਣਾ ਮਾਪਿਆਂ ਦਾ ਦਿੱਤਾ ਨਾਮ ‘ਕੈਸੀਅਸ ਮਾਰਸੇਲਸ ਕਲੇਅ ਜੂਨੀਅਰ’ ਤਿਆਗ ਦਿੱਤਾ ਅਤੇ ਰਸਮੀ ਤੌਰ `ਤੇ ਮੁਹੰਮਦ ਅਲੀ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ।
ਆਪਣੇ ਮੁੱਕੇਬਾਜ਼ੀ ਸਫ਼ਰ ਵਿੱਚ ਮੁਹੰਮਦ ਅਲੀ ਅਤੇ ਕਲੀਵਲੈਂਡ ਵਿਲੀਅਮਜ਼ 14 ਨਵੰਬਰ 1966 ਨੂੰ ਹਿਊਸਟਨ, ਟੈਕਸਸ ਵਿੱਚ ਹੋਏ ਇੱਕ ਮੁੱਕੇਬਾਜ਼ੀ ਮੈਚ ਵਿੱਚ ਇੱਕ ਦੂਜੇ ਨਾਲ ਭਿੜੇ। ਅਲੀ ਨੇ ਤੀਜੇ ਦੌਰ ਵਿੱਚ ਤਕਨੀਕੀ ਨਾਕਆਊਟ ਰਾਹੀਂ ਬਾਊਟ ਨੂੰ ਜਿੱਤਿਆ। ਮਾਈਕ ਟਾਇਸਨ ਸਮੇਤ ਕਈ ਮਾਹਰ ਅਤੇ ਮੁੱਕੇਬਾਜ਼ ਇਸ ਲੜਾਈ ਵਿਚ ਅਲੀ ਦੇ ਪ੍ਰਦਰਸ਼ਨ ਨੂੰ ਉਸ ਦੇ ਮੁੱਕੇਬਾਜ਼ੀ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਮੰਨਦੇ ਹਨ। ਇਹ ਉਹ ਮੁਕਾਬਲਾ ਵੀ ਸੀ, ਜਿਸ ਵਿੱਚ ਅਲੀ ਨੇ ਆਪਣੇ ਮਸ਼ਹੂਰ ਫੁੱਟਵਰਕ ‘ਅਲੀ ਸ਼ਫਲ’ ਨੂੰ ਇਜਾਦ ਕਰ ਦੁਨੀਆਂ ਦੇ ਨਾਮ ਕੀਤਾ ਸੀ।
ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨੇ ਆਪਣੇ ਆਦਰਸ਼ਾਂ, ਧਾਰਮਿਕ ਵਿਸ਼ਵਾਸਾਂ ਅਤੇ ਵੀਅਤਨਾਮ ਯੁੱਧ ਦੇ ਨੈਤਿਕ ਵਿਰੋਧ ਦੇ ਕਾਰਨ 1966 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚਲਦਿਆਂ ਉਸ ਨੂੰ ਦੇਸ਼ ਵਿਰੋਧੀ ਮੰਨਿਆ ਗਿਆ ਅਤੇ ਉਸ ਤੋਂ ਸਾਰੇ ਮੁੱਕੇਬਾਜ਼ੀ ਦੇ ਖਿਤਾਬ ਖੋਹ ਲਏ ਗਏ। ਉਸ ਵਿਰੁੱਧ ਮੁਕੱਦਮਾ ਚੱਲਿਆ ਤੇ ਅਦਾਲਤ ਨੇ ਉਸ ਨੂੰ ਪੰਜ ਸਾਲ ਲਈ ਜੇਲ੍ਹ ਵਿੱਚ ਡੱਕ ਦਿੱਤਾ। ਉਸ ਨੂੰ ਦਸ ਹਜ਼ਾਰ ਡਾਲਰ ਜੁਰਮਾਨਾ ਵੀ ਭਰਨਾ ਪਿਆ। ਇਸ ਸਜ਼ਾ ਨੇ ਚੜ੍ਹਦੀ ਜਵਾਨੀ ਦੇ ਗੋਲਡਨ ਪੀਰੀਅਡ ਵਿਚ ਅਲੀ ਨੂੰ ਪੰਜ ਸਾਲ ਬਾਕਸਿੰਗ ਦੇ ਰਿੰਗ ਤੋਂ ਦੂਰ ਰੱਖਿਆ, ਪਰ ਉਸ ਨੇ ਹਾਰ ਨਹੀਂ ਮੰਨੀ। 26 ਅਕਤੂਬਰ 1970 ਨੂੰ ਤੀਜੇ ਦੌਰ ਵਿੱਚ ਅਟਲਾਂਟਾ ਵਿੱਚ ਜੈਰੀ ਕੁਆਰੀ ਨੂੰ ਹਰਾ ਕੇ ਰਿੰਗ ਵਿੱਚ ਮੁੜ ਵਾਪਸੀ ਦਾ ਬਿਗੁਲ ਵਜਾਇਆ, ਪਰ 8 ਮਾਰਚ 1971 ਵਿੱਚ ਜੋਅ ਫਰੇਜ਼ਰ ਨੇ ਨਿਊ ਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿਖੇ 15 ਰਾਊਂਡ ਤੱਕ ਚੱਲੀ ‘ਫਾਈਟ ਆਫ ਦੀ ਸੈਂਚੁਰੀ’ ਵਿੱਚ ਮੁਹੰਮਦ ਅਲੀ ਨੂੰ ਪਹਿਲੀ ਵਾਰ ਹਰਾ ਕੇ ਉਲਟ-ਫੇਰ ਕਰ ਦਿੱਤਾ।
ਅਲੀ ਦੇ ਮਸ਼ਹੂਰ ਹੈਵੀਵੇਟ ਮੁਕਾਬਲਿਆਂ ਵਿਚੋਂ ਇੱਕ ਮੁਕਾਬਲਾ 30 ਅਕਤੂਬਰ 1974 ਨੂੰ ਜਿਓਰਜ ਫੋਰਮੈਨ ਖਿਲਾਫ਼ ਹੋਇਆ, ਜਿਸ ਦਾ ਨਾਂ ‘ਰੰਬਲ ਇਨ ਦਾ ਜੰਗਲ’ ਰੱਖਿਆ ਗਿਆ। ਇਹ ਮੁਕਾਬਲਾ ਮੱਧ ਅਫ਼ਰੀਕਾ ਦੇ ਜ਼ਾਅਰੇ ਵਿੱਚ ਹੋਇਆ। ਅਲੀ, ਜੋ ਉਸ ਸਮੇਂ 32 ਸਾਲਾਂ ਦਾ ਸੀ, ਰਿੰਗ ਵਿੱਚ ਪਿੱਛੇ ਹਟ ਡਿਫੈਂਸਿਵ ਖੇਡ ਰਿਹਾ ਸੀ। ਉਸ ਦੀ ਗਤੀ ਅਤੇ ਬਲੌਕਿੰਗ ਵੀ ਪਹਿਲਾਂ ਵਾਂਗ ਨਹੀਂ ਸੀ ਦਿਖ ਰਹੀ। ਦੂਜੇ ਪਾਸੇ ਜਿਓਰਜ ਫੋਰਮੈਨ ਮਹਾਨ ਹੈਵੀਵੇਟ ਮੁੱਕੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਉਹ ਆਪਣੀ ਚੜ੍ਹਦੀ ਜਵਾਨੀ ਵਿੱਚ ਸੀ। ਫੋਰਮੈਨ, ਜੋ ਜੋਅ ਫਰੇਜ਼ਰ ਅਤੇ ਕੇਨ ਨੌਰਟਨ ਦੇ ਖਿਲਾਫ ਕੇਵਲ 2 ਗੇੜਾਂ ਵਿੱਚ ਜਿੱਤ ਦਰਜ ਕਰਕੇ ਆਇਆ ਸੀ, ਅਲੀ ਉਤੇ ਭਾਰੀ ਪੈਂਦਾ ਦਿੱਖ ਰਿਹਾ ਸੀ, ਪਰ ਅਲੀ ਨੇ 8ਵੇਂ ਗੇੜ ਵਿੱਚ ਉਸ ਨੂੰ ਹਰਾ ਦਿੱਤਾ ਤੇ ਇੱਕ ਵਾਰ ਫਿਰ ਵਿਸ਼ਵ ਦਾ ਹੈਵੀਵੇਟ ਚੈਂਪੀਅਨ ਬਣ ਗਿਆ। ਇਹ ਮੁਕਾਬਲਾ ਦੇਖਣ ਲਈ 60,000 ਲੋਕਾਂ ਨੇ ਹਾਜ਼ਰੀ ਭਰੀ ਸੀ।
‘ਥ੍ਰੀਲਾ ਇਨ ਮਨੀਲਾ’ ਸਮੋਕਿਨ ਜੋਅ ਫਰੇਜ਼ਰ ਦੇ ਖਿਲਾਫ ਤੀਜਾ ਅਤੇ ਆਖਰੀ ਮੁਕਾਬਲਾ ਸੀ, ਜੋ ਪਹਿਲੀ ਅਕਤੂਬਰ 1975 ਨੂੰ ਹੋਣਾ ਤੈਅ ਹੋਇਆ। ਅਲੀ ਨੇ ਫਰੇਜ਼ਰ ਦੇ ਹੱਥੋਂ 8 ਮਾਰਚ 1971 ਨੂੰ ‘ਫਾਈਟ ਆਫ਼ ਦਾ ਸੈਂਚੁਰੀ’ ਵਿੱਚ ਆਪਣੀ ਪਹਿਲੀ ਹਾਰ ਦਾ ਸਵਾਦ ਚੱਖਿਆ ਹੋਇਆ ਸੀ, ਪਰ 28 ਜਨਵਰੀ 1974 ਨੂੰ ਨਿਊ ਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਹੋਏ ‘ਸੁਪਰ ਫਾਈਟ 2’ ਦੇ ਮੁਕਾਬਲੇ ਵਿੱਚ ਮਹਿਜ 12 ਰਾਊਂਡਾਂ ਵਿੱਚ ਹੀ ਅਲੀ ਨੇ ਜੋਅ ਫਰੇਜ਼ਰ ਵੱਲੋਂ ਪਾਈ ਭਾਜੀ ਮੋੜ ਦਿੱਤੀ ਸੀ। ਇਹ ਦੇਖਣ ਲਈ ਕਿ ਕੌਣ ਬਿਹਤਰ ਹੈ, ‘ਥ੍ਰੀਲਾ ਇਨ ਮਨੀਲਾ’ ਤੀਸਰੀ ਅਤੇ ਆਖਰੀ ਲੜਾਈ ਸੀ। ਭਾਵੇਂ ਦੋਵੇਂ ਮੁੱਕੇਬਾਜ਼ਾਂ ਦਾ ਫਿੱਟਨੈੱਸ ਲੈਵਲ ਪਹਿਲਾਂ ਵਰਗ਼ਾ ਨਹੀਂ ਸੀ, ਪਰ ਇਸ ਮੁਕਾਬਲੇ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਦੋਹਾਂ ਮੁੱਕੇਬਾਜ਼ਾਂ ਨੇ 14ਵੇਂ ਗੇੜ ਤੱਕ ਹਿੰਮਤ ਦਿਖਾਈ, ਪਰ ਅੰਤ ਵਿੱਚ ਜੋਅ ਫ਼ਰੇਜ਼ਰ ਨੇ ਹੱਥ ਖੜ੍ਹੇ ਕਰ ਦਿੱਤੇ। ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਬੁਰੀ ਤਰ੍ਹਾਂ ਥਕਾਵਟ ਨਾਲ ਚੂਰ ਹੋਇਆ ਅਲੀ ਵੀ ਮੈਚ ਛੱਡਣ ਨੂੰ ਤਿਆਰ ਬੈਠਾ ਸੀ। ਕਿਸਮਤ ਵਜੋਂ ਜੋਅ ਨੇ ਕੁੱਝ ਸੈਕਿੰਡ ਪਹਿਲਾਂ ਹੀ ਢੇਰੀ ਢਾਹ ਲਈ। ਦੋਵੇਂ ਬਹੁਤ ਬਹਾਦਰੀ ਨਾਲ ਲੜੇ ਅਤੇ ਇਸ ਖੂਨੀ ਲੜਾਈ ਪਿਛੋਂ ਉਨ੍ਹਾਂ ਦੋਹਾਂ ਨੂੰ ਹਸਪਤਾਲ ਲਿਜਾਣਾ ਪਿਆ। ਇਸ ਮੁਕਾਬਲੇ ਨੇ ਅਲੀ ਦੇ ਇੱਕ ਮਹਾਨ ਮੁੱਕੇਬਾਜ਼ ਹੋਣ `ਤੇ ਮੋਹਰ ਲਾ ਦਿੱਤੀ ਸੀ।
ਉਮਰ ਦੇ 36ਵੇਂ ਸਾਲ ਵਿੱਚ ਅਲੀ ਨੂੰ ਲਿਓਨ ਸਪਿੰਕਸ ਨੇ ਇੱਕ ਪੇਸ਼ੇਵਰ ਮੁੱਕੇਬਾਜ਼ੀ ਮੈਚ ਲਈ ਚੁਣੌਤੀ ਦਿੱਤੀ, ਜੋ ਅਲੀ ਨੇ ਖਿੜ੍ਹੇ ਮੱਥੇ ਪ੍ਰਵਾਨ ਕਰ ਲਈ। ਇਹ ਹੈਵੀਵੇਟ ਚੈਂਪੀਅਨਸ਼ਿਪ ਮੁਕਾਬਲਾ 15 ਫਰਵਰੀ 1978 ਨੂੰ ਲਾਸ ਵੇਗਸ, ਨੇਵਾਡਾ ਵਿੱਚ ਖੇਡਿਆ ਗਿਆ। ਇਸ ਨੂੰ ਲਿਓਨ ਸਪਿੰਕਸ ਨੇ ਆਪਣੇ ਨਾਮ ਕੀਤਾ, ਪਰ ਅਲੀ ਆਪਣੇ ਸੁਭਾਅ ਮੁਤਾਬਿਕ ਕਿਸੇ ਦੀ ਪਾਈ ਭਾਜੀ ਨੂੰ ਨਹੀਂ ਸੀ ਰੱਖਦਾ। ਅਲੀ ਨੇ ਲਿਓਨ ਸਪਿੰਕਸ ਨੂੰ 15 ਸਤੰਬਰ 1978 ਵਾਲੇ ਦਿਨ ਨਿਊ ਓਰਲੀਨਜ਼ ਵਿੱਚ ਹਰਾ ਕੇ ਆਪਣਾ ਦਬਦਬਾ ਕਾਇਮ ਰੱਖਿਆ। ਇਹ ਮੈਚ ਡਬਲਯੂ. ਬੀ. ਏ. ਅਤੇ ਲਾਈਨਲ ਹੈਵੀਵੇਟ ਚੈਂਪੀਅਨਸ਼ਿਪ ਲਈ ਖੇਡਿਆ ਗਿਆ ਸੀ।
ਮੁਹੰਮਦ ਅਲੀ ਨੇ ਪ੍ਰੋਫੈਸ਼ਨਲ ਮੁੱਕੇਬਾਜ਼ੀ ਨੂੰ 1981 ਵਿੱਚ ਅਲਵਿਦਾ ਆਖ ਦਿੱਤਾ ਸੀ। ਉਸ ਵੇਲ਼ੇ ਅਲੀ ਦੀ ਉਮਰ 39 ਸਾਲ ਦੀ ਸੀ। ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਅਲੀ ਨੇ ਕਰੀਅਰ ਵਿੱਚ 61 ਮੈਚ ਖੇਡੇ, ਜਿਸ ਵਿੱਚ 56 ਜਿੱਤਾਂ ਤੇ 5 ਹਾਰਾਂ ਸ਼ਾਮਿਲ ਹਨ। ਅਲੀ ਨੇ 37 ਵਾਰ ਨਾਕਆਊਟ ਰਾਹੀਂ ਜਿੱਤ ਪ੍ਰਾਪਤ ਕਰ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ।
ਅਲੀ ਆਪਣੀ ਭੜਕਾਊ ਬਿਆਨਬਾਜ਼ੀ ਲਈ ਮਸ਼ਹੂਰ ਸੀ। ਉਹ ਆਪਣੇ ਬਿਆਨਾਂ ਵਿੱਚ ਤੁਕਬੰਦੀ ਕਰਦਾ ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਗੱਲਬਾਤ ਕਰਿਆ ਕਰਦਾ ਸੀ। ਉਹ ਆਪਣੇ ਆਪ ਨੂੰ ਮਹਾਨ ਦੱਸਦਾ ਅਤੇ ਉਸ ਵੱਲੋਂ ਅਕਸਰ ਭਵਿੱਖਵਾਣੀ ਕੀਤੀ ਜਾਂਦੀ ਸੀ ਕਿ ਉਹ ਕਿਸ ਰਾਊਂਡ ਵਿੱਚ ਆਪਣੇ ਵਿਰੋਧੀ ਨੂੰ ਨਾਕਆਊਟ ਕਰੇਗਾ। ਉਸ ਵੱਲੋਂ ਕਹੀਆਂ ਗੱਲਾਂ ਅੱਜ ਵੀ ਉਭਰਦੇ ਖਿਡਾਰੀਆਂ `ਚ ਨਵੀਂ ਊਰਜਾ ਦਾ ਸੰਚਾਰ ਕਰ ਰਹੀਆਂ ਹਨ।
ਮੁੱਕੇਬਾਜ਼ੀ ਤੋਂ ਹਟ ਕੇ ਅਲੀ ਨੇ ਦੋ ਸਟੂਡੀਓ ਐਲਬਮਾਂ ਵੀ ਬਣਾਈਆਂ ਸਨ। ਪਹਿਲੀ ਸੀ, ‘ਆਈ ਐਮ ਦੀ ਗ੍ਰੇਟੈਸਟ’ (1963) ਅਤੇ ਦੂਜੀ ਸੀ, ‘ਦਾ ਐਡਵੈਂਚਰਜ਼ ਆਫ ਅਲੀ ਐਂਡ ਹਿਜ਼ ਗੈਂਗ ਬਨਾਮ ਮਿਸਟਰ ਟੂਥ ਡਿਕੇ’ (1976)। ਦੋਹਾਂ ਐਲਬਮਾਂ ਨੂੰ ਗ੍ਰੈਮੀ ਐਵਾਰਡ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸ ਨੇ ਇੱਕ ਅਭਿਨੇਤਾ ਅਤੇ ਲੇਖਕ ਵਜੋਂ ਵੀ ਯੋਗਦਾਨ ਪਾਇਆ। ਉਸ ਦੁਆਰਾ ਦੋ ਸਵੈ-ਜੀਵਨੀਆਂ ਵੀ ਲਿਖੀਆਂ ਗਈਆਂ।
ਮੁਹੰਮਦ ਅਲੀ ਇੱਕ ਮਹਾਨ ਮੁੱਕੇਬਾਜ਼ ਹੋਣ ਦੇ ਨਾਤੇ ਇੱਕ ਚੰਗਾ ਇਨਸਾਨ ਵੀ ਸੀ, ਜਿਸ ਕਰਕੇ ਉਹ ਲੱਖਾਂ ਲੋਕਾਂ ਦਾ ਆਦਰਸ਼ ਬਣਿਆ। ਅਲੀ ਨੇ 1981 ਵਿੱਚ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਤੋਂ ਬਾਅਦ ਧਰਮ, ਪਰਉਪਕਾਰ ਅਤੇ ਮਨੁੱਖਤਾ ਦੀ ਸੇਵਾ ਵੱਲ ਧਿਆਨ ਕੇਂਦਰਤ ਕੀਤਾ। ਉਸ ਦਾ ਕਹਿਣਾ ਸੀ, “ਜੋ ਸੇਵਾ ਤੁਸੀਂ ਦੂਜਿਆਂ ਲਈ ਕਰਦੇ ਹੋ, ਉਹ ਕਿਰਾਇਆ ਹੈ, ਜੋ ਤੁਸੀਂ ਧਰਤੀ `ਤੇ ਆਪਣੇ ਸਵਰਗਾਂ ਵਿਚਲੇ ਕਮਰੇ ਲਈ ਅਦਾ ਕਰਦੇ ਹੋ।” 1984 ਵਿੱਚ ਉਹ ਬਦਕਿਸਮਤੀ ਨਾਲ ਪਾਰਕਿੰਸਨ`ਸ ਸਿੰਡਰੋਮ ਦਾ ਸ਼ਿਕਾਰ ਬਣਿਆ। ਪਾਰਕਿੰਸਨ`ਸ ਦੀ ਬਿਮਾਰੀ ਨਾਲ ਜੂਝਦੇ ਅਲੀ ਨੂੰ 2 ਜੂਨ 2016 ਵਾਲੇ ਦਿਨ ਸਕਾਟਸਡੇਲ, ਐਰੀਜ਼ੋਨਾ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਸੈਪਟਿਕ ਸਟ੍ਰੋਕ ਦੇ ਚਲਦਿਆਂ ਆਪਣੇ ਅੰਤਿਮ ਸਾਹ ਲਏ।