ਵਿਰੋਧੀ ਧਿਰ ਦੀ ਏਕਤਾ: ਲੋੜ, ਮੁੱਦੇ, ਸਮੀਕਰਣ ਤੇ ਸਮੱਸਿਆਵਾਂ

Uncategorized

ਸਾਰੀਆਂ ਪਾਰਟੀਆਂ ਆਪੋ-ਆਪਣੀ ਸਿਆਸਤ ਵਿੱਚ ਰੁੱਝੀਆਂ ਹੋਈਆਂ ਹਨ ਅਤੇ ਇਸ ਰੁਝੇਵੇਂ ਵਿੱਚ ਸੱਤਾ ਦੀ ਲਾਲਸਾ ਹੱਦੋਂ ਵੱਧ ਭਾਰੂ ਹੈ। ਭਾਵੇਂ ਸਭ ਦੇ ਆਪੋ-ਆਪਣੇ ਹਿੱਤ ਹਨ, ਪਰ ਸਭ ਨੂੰ ਆਪਣੀ ਹੋਂਦ ਬਚਾਉਣ ਦਾ ਫ਼ਿਕਰ ਵੀ ਹੈ; ਤੇ ਇਸੇ ਫ਼ਿਕਰ ਵਿੱਚ ਗੱਠਜੋੜਾਂ ਦੀ ਅਸਲ ਸਿਆਸਤ ਲੁਕੀ ਹੋਈ ਹੈ। ਲੇਖਕ ਚੰਦਰਪਾਲ ਅੱਤਰੀ ਨੇ ਇਸ ਲੇਖ ਵਿੱਚ ਦੇਸ਼ ਪੱਧਰੀ ਵਿਰੋਧੀ ਧਿਰ ਦੀ ਏਕਤਾ ਉਤੇ ਚਰਚਾ ਛੇੜਦਿਆਂ ਲਿਖਿਆ ਹੈ ਕਿ ਉਂਝ ਜੇ ਇਹ ਪਾਰਟੀਆਂ ਵਾਕਿਆ ਹੀ ਭਾਜਪਾ ਨੂੰ ਹਰਾਉਣਾ ਚਾਹੁੰਦੀਆਂ ਹਨ ਤਾਂ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ ਅਤੇ ਆਮ ਲੋਕਾਂ ਦੀ ਨਬਜ਼ ਵੀ ਪਕੜਨੀ ਪਵੇਗੀ; ਲੋਕਾਂ ਦੇ ਮੁੱਦੇ ਉਠਾਉਣੇ ਪੈਣਗੇ ਅਤੇ ਖੇਤਰੀ ਪਾਰਟੀਆਂ ਨੂੰ ਵੀ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਇਸ ਸਮਝੌਤੇ ਨੂੰ ਸਿਰੇ ਚੜ੍ਹਾਉਣਾ ਪਵੇਗਾ। ਸਪਸ਼ਟ ਕਰ ਦਈਏ ਕਿ ਕਿਹੜੀ ਪਾਰਟੀ ਕਿਸ ਸਿਆਸੀ ਧਿਰ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹਦੀ ਹੈ, ਇਸ ਵਿੱਚ ‘ਪੰਜਾਬੀ ਪਰਵਾਜ਼’ ਦੀ ਕੋਈ ਨਿੱਜੀ ਦਿਲਚਸਪੀ ਨਹੀਂ ਹੈ। ਇਹ ਲੇਖ ਸਿਆਸੀ ਪ੍ਰਸਥਿਤੀਆਂ ਉਤੇ ਨਜ਼ਰਸਾਨੀ ਕਰਨ ਅਤੇ ਵਿਚਾਰ-ਚਰਚਾ ਦੇ ਮਕਸਦ ਨਾਲ ਛਾਪਿਆ ਜਾ ਰਿਹਾ ਹੈ।

 

ਚੰਦਰਪਾਲ ਅੱਤਰੀ, ਲਾਲੜੂ

ਫੋਨ: +91-7889111988

 

ਕਿਸੇ ਵੀ ਲੋਕਤੰਤਰ ਦੇ ਵਿਕਾਸ ਲਈ ਮਜ਼ਬੂਤ ਵਿਰੋਧੀ ਧਿਰ ਓਨੀ ਹੀ ਜ਼ਰੂਰੀ ਹੁੰਦੀ ਹੈ, ਜਿੰਨੀ ਕਿ ਸਰਗਰਮ ਸੱਤਾਧਾਰੀਆਂ ਦੀ ਲੋੜ ਹੁੰਦੀ ਹੈ। ਇਸ ਸਮੇਂ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੂਰਨ ਬਹੁਮਤ ਵਾਲੀ ਸਰਕਾਰ ਹੈ, ਜੋ ਖੁਦ ਨੂੰ ਦੇਸ਼ ਪ੍ਰਤੀ ਸਭ ਤੋਂ ਵਫਾਦਾਰ ਸਰਕਾਰ ਐਲਾਨਦੀ ਹੈ। ਇਹ ਸਰਕਾਰ 2014 ਤੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਹੋਈ ਹੈ ਤੇ ਇਸ ਸਮੇਂ ਭਾਜਪਾ ਵਿੱਚ ਨਰਿੰਦਰ ਮੋਦੀ ਦੇ ਨਾਮ ਉਤੇ ਕੋਈ ਵਿਰੋਧ ਨਹੀਂ ਹੈ, ਜਦਕਿ ਦੂਜੇ ਪਾਸੇ ਵਿਰੋਧੀ ਧਿਰ ਐਨੀ ਕਮਜ਼ੋਰ ਹੈ ਕਿ ਉਸ ਕੋਲ ਖੁਦ ਨੂੰ ਵਿਰੋਧੀ ਧਿਰ ਸਾਬਤ ਕਰਨ ਵਾਲੀ ਗਿਣਤੀ ਵੀ ਨਹੀਂ ਹੈ ਤੇ ਨਾ ਹੀ ਭਵਿੱਖ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਨਾਮ ਉਤੇ ਫਿਲਹਾਲ ਕੋਈ ਸਹਿਮਤੀ ਬਣਦੀ ਨਜ਼ਰ ਆਉਂਦੀ ਹੈ। ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਭਾਜਪਾ ਨੇ ਆਪਣੀ ਸੱਜ-ਪਛਾਖੜੀ ਨੀਤੀਆਂ ਮੁਤਾਬਕ ਇੱਕ ਵਿਸ਼ੇਸ਼ ਭਾਈਚਾਰੇ ਪ੍ਰਤੀ ਕਾਫ਼ੀ ਧਾਰਮਿਕ ਨਰਮੀ ਵੀ ਵਿਖਾਈ ਹੈ ਤੇ ਉਹ ਆਪਣੀ ਇਸ ਧਾਰਮਿਕ ਨੀਤੀ ਪ੍ਰਤੀ ਸਪੱਸ਼ਟ ਵੀ ਜਾਪ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਨਾਲ ਸਬੰਧਤ ਕੁੱਝ ਪਾਰਟੀਆਂ ਅਜੇ ਧਾਰਮਿਕ, ਆਰਥਿਕ ਤੇ ਸਮਾਜਿਕ ਨੀਤੀਆਂ ਪ੍ਰਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ। ਵਿਰੋਧੀ ਧਿਰ ਦਾ ਗੱਠਜੋੜ ਬਣਾਉਣ ਦੀ ਦਿਸ਼ਾ ਵਿੱਚ ਵੱਖ-ਵੱਖ ਪਾਰਟੀਆਂ ਦੀ ਇੱਕ ਅਹਿਮ ਮੀਟਿੰਗ 23 ਜੂਨ ਨੂੰ ਬਿਹਾਰ ਦੇ ਪਟਨਾ ਵਿਖੇ ਹੋ ਚੁੱਕੀ ਹੈ, ਜਦਕਿ ਦੂਜੀ ਮੀਟਿੰਗ ਅਜੇ ਵਿਚਾਰਧੀਨ ਹੈ।

ਕੌਮੀ ਪੱਧਰ ਦੇ ਗੱਠਜੋੜ ਵਿੱਚ ਜਿੱਥੇ ਕਾਂਗਰਸ ਤੇ ਖੱਬੀਆਂ ਪਾਰਟੀਆਂ (ਕੇਰਲ ਨੂੰ ਛੱਡ ਕੇ) ਪੂਰੀ ਤਰ੍ਹਾਂ ਇੱਕਜੁੱਟ ਹਨ। ਸਮਾਜਵਾਦੀ ਪਾਰਟੀ ਕਾਂਗਰਸ ਤੋਂ ਭਾਵੇਂ ਦੂਰ ਹੈ, ਪਰ ਉਹ ਖੱਬੀਆਂ ਪਾਰਟੀਆਂ ਦੇ ਸੰਪਰਕ ਵਿੱਚ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਇਸ ਸਮੇਂ ਗੰਭੀਰ ਵਿਰੋਧਾਭਾਸ ਦਾ ਸਾਹਮਣਾ ਕਰ ਰਹੀ ਹੈ। ਇਸ ਪਾਰਟੀ ਦੇ ਆਗੂਆਂ ਵਿੱਚ ਸੱਤਾ ਦੀ ਲਾਲਸਾ ਹੱਦੋਂ ਵੱਧ ਹੈ। ਪਾਰਟੀ ਦੇ ਵਧੇਰੇ ਆਗੂ ਨਾ ਸਿਰਫ ਲੋਕਾਂ ਤੋਂ ਦੂਰ ਹੋ ਚੁੱਕੇ ਹਨ, ਸਗੋਂ ਉਹ ਵਿਚਾਰਧਾਰਾ ਪੱਖੋਂ ਵੀ ਡਾਵਾਂਡੋਲ ਹਨ। ਉੱਤਰ ਭਾਰਤ ਦੇ ਵਧੇਰੇ ਕਾਂਗਰਸੀ ਤਾਂ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ। ਉਹ ਮਹਾਤਮਾ ਗਾਂਧੀ ਦੇ ‘ਸਰਵ ਜਨ ਹਿਤਾਏ’ ਅਤੇ ਜਵਾਹਰ ਲਾਲ ਨਹਿਰੂ ਦੀ ਸਮਾਜਵਾਦੀ ਤੇ ਧਰਮ-ਨਿਰਪੱਖਤਾ ਵਾਲੀ ਲਾਈਨ ਦੇ ਨੇੜੇ-ਤੇੜੇ ਵੀ ਨਹੀਂ। ਇਸੇ ਤਰ੍ਹਾਂ ਖੱਬੀਆਂ ਪਾਰਟੀਆਂ ਦਾ ਆਧਾਰ ਵੀ ਸੁੰਗੜਿਆ ਹੋਇਆ ਹੈ। ਬੇਹੱਦ ਜ਼ਹੀਨ ਬੁੱਧੀ ਵਾਲੀ ਇਹ ਧਿਰ ਸੰਘਰਸ਼ਾਂ ਨੂੰ ਪ੍ਰਣਾਈ ਹੋਈ ਹੈ ਤੇ ਪਿਛਲੇ ਸਮੇਂ ਦੌਰਾਨ ਆਪਣੀ ਇਸ ਸੰਘਰਸ਼ ਵਾਲੀ ਲਾਈਨ `ਤੇ ਚੱਲਦਿਆਂ ਇਸ ਨੇ ਸਰਕਾਰਾਂ ਤੋਂ ਸਮਾਜ ਲਈ ਬਹੁਤ ਲੋਕ ਪੱਖੀ ਕੰਮ ਵੀ ਕਰਵਾਏ ਹਨ, ਪਰ ਬਦਕਿਸਮਤੀ ਇਹ ਹੈ ਕਿ ਉੱਤਰ ਭਾਰਤ ਵਿੱਚ ਇਸ ਪਾਰਟੀ ਕੋਲ ਸਿਰਫ ਲੀਡਰ ਹੀ ਰਹਿ ਗਏ ਹਨ। ਹਾਲਾਂਕਿ ਸਿਆਸੀ ਤਾਕਤ ਘਟਣ ਦੇ ਬਾਵਜੂਦ ਇਹ ਪਾਰਟੀ ਅਜੇ ਵੀ ਭਾਜਪਾ ਨੂੰ ਸਿੱਧਿਆਂ ਟੱਕਰਦੀ ਹੈ, ਪਰ ਇਸ ਨੂੰ ਆਪਣਾ ਲੋਕਾਈ ਵਾਲਾ ਦਾਇਰਾ ਵਧਾਉਣ ਦੀ ਸਮੱਸਿਆ ਦਰਪੇਸ਼ ਹੈ। ਇਸ ਗੱਠਜੋੜ ਵਿੱਚ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਇਸ ਸ਼ਰਤ ਉਤੇ ਆਉਣ ਦੀ ਗੱਲ ਆਖਦੀ ਹੈ ਕਿ ਜੇਕਰ ਕਾਂਗਰਸ ਪਾਰਟੀ ਖੱਬੀਆਂ ਪਾਰਟੀਆਂ ਦਾ ਸਾਥ ਛੱਡ ਦੇਵੇ ਤਾਂ ਉਹ ਗੱਠਜੋੜ ਵਿੱਚ ਸ਼ਾਮਲ ਹੋ ਜਾਵੇਗੀ, ਜਦਕਿ ਕਾਂਗਰਸ ਨੂੰ ਮਮਤਾ ਦੇ ਮੁਕਾਬਲੇ ਖੱਬੇ ਪੱਖੀ ਵਧੇਰੇ ਭਰੋਸੇਯੋਗ ਜਾਪਦੇ ਹਨ, ਕਿਉਂਕਿ ਉਨ੍ਹਾਂ ਆਪਣੇ ਸਮੁੱਚੇ ਸਿਆਸੀ ਜੀਵਨ ਦੌਰਾਨ ਕਦੇ ਵੀ ਭਾਜਪਾ ਦਾ ਸਿੱਧਾ ਸਾਥ ਨਹੀਂ ਦਿੱਤਾ, ਜਦਕਿ ਇਤਿਹਾਸ ਵਿੱਚ ਮਮਤਾ ਬੈਨਰਜੀ ਐਨ.ਡੀ.ਏ. ਦੇ ਕੋਟੇ ਤੋਂ ਰੇਲ ਮੰਤਰੀ ਰਹਿ ਚੁੱਕੀ ਹੈ। ਇਸ ਸਮੇਂ ਪੱਛਮੀ ਬੰਗਾਲ ‘ਚ ਕਾਂਗਰਸ ਦੀ ਸੂਬਾਈ ਇਕਾਈ ਵੀ ਖੱਬੇ ਪੱਖੀਆਂ ਦੀ ਸੂਬਾਈ ਲੀਡਰਸ਼ਿਪ ਨਾਲ ਸੰਤੁਸ਼ਟ ਹੈ।

ਸਮਾਜਵਾਦੀ ਪਾਰਟੀ ਵੀ ਇੱਕ ਸਮੇਂ ਤੱਕ ਭਾਜਪਾ ਪ੍ਰਤੀ ਹਮਦਰਦੀ ਰੱਖਦੀ ਸੀ, ਜਦਕਿ ਹੁਣ ਆਪਣੀ ਹੋਂਦ ਬਚਾਉਣ ਲਈ ਉਸ ਦੀ ਲਾਈਨ ਬਦਲੀ ਹੋਈ ਹੈ। ਵਿਰੋਧੀ ਕੌਮੀ ਗੱਠਜੋੜ ਵਿੱਚ ਇੱਕ ਧੜਾ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਵਾਲੇ ਲਾਲੂ ਪ੍ਰਸਾਦ ਯਾਦਵ ਤੇ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਵਾਲੇ ਨਿਤਿਸ਼ ਕੁਮਾਰ ਦਾ ਹੈ। ਹਾਲ ਦੀ ਘੜੀ ਇਹ ਧੜਾ ਵੀ ਕਾਂਗਰਸ ਦੀ ਪਿੱਠ ਉਤੇ ਜਾਪਦਾ ਹੈ। ਤਾਮਿਲਨਾਡੂ ਵਾਲਾ ਡੀ.ਐਮ.ਕੇ. ਗਰੁੱਪ ਅਤੇ ਮਹਾਰਾਸ਼ਟਰ ਦਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਪਵਾਰ ਧੜਾ ਵੀ ਕਾਂਗਰਸ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਹੈ। ਹਾਲਾਂਕਿ ਤਾਜ਼ਾ ਘਟਨਾਕ੍ਰਮ ਵਿੱਚ ਪਵਾਰ ਗਰੁੱਪ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਸ ਦਾ ਭਤੀਜਾ ਅਜੀਤ ਪਵਾਰ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨਾਲ ਰਲ ਗਿਆ। ਇਸ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਵਿਰੋਧੀ ਪਾਰਟੀਆਂ ਦੀ 13-14 ਜੁਲਾਈ ਨੂੰ ਬੰਗਲੌਰ ‘ਚ ਪ੍ਰਸਤਾਵਿਤ ਮੀਟਿੰਗ ਰੱਦ ਕਰਨੀ ਪਈ ਹੈ। ਵਿਰੋਧੀ ਧਿਰ ਦੇ ਵੱਖਰੇ ਗੱਠਜੋੜ ਵਿੱਚ ਆਮ ਆਦਮੀ ਪਾਰਟੀ ਤੇ ਤੇਲੰਗਾਨਾ ਨਾਲ ਸਬੰਧਤ ਭਾਰਤੀਆ ਰਾਸ਼ਟਰ ਸਮਿਤੀ ਵਾਲੇ ਕੇ. ਚੰਦਰਸ਼ੇਖਰ ਰਾਓ ਦੀ ਰਣਨੀਤੀ ਵੱਖਰੀ ਹੈ। ਇਹ ਦੋਵੇਂ ਪਾਰਟੀਆਂ ਕੁੱਝ ਮਾਮਲਿਆਂ ਵਿੱਚ ਕਾਂਗਰਸ ਨਾਲ ਅਤੇ ਕੁੱਝ ਵਿੱਚ ਭਾਜਪਾ ਨਾਲ ਨਜ਼ਰ ਆਉਂਦੀਆਂ ਹਨ। ਆਮ ਆਦਮੀ ਪਾਰਟੀ ਦਿੱਲੀ ਸਬੰਧੀ ਆਰਡੀਨੈਂਸ ਉਤੇ ਭਾਜਪਾ ਦੇ ਵਿਰੋਧ ਵਿੱਚ ਹੈ, ਜਦਕਿ ਇੱਕ ਸਮਾਨ ਨਾਗਰਿਕਤਾ ਕਾਨੂੰਨ ਦੇ ਮਾਮਲੇ ਵਿੱਚ ਸਿਧਾਂਤਕ ਤੌਰ ਉਤੇ ਭਾਜਪਾ ਨਾਲ ਸਹਿਮਤੀ ਪ੍ਰਗਟਾਅ ਰਹੀ ਹੈ। ਇਸ ਤੋਂ ਪਹਿਲਾਂ ਵੀ ਇਹ ਪਾਰਟੀ ਧਾਰਾ-370, ਧਾਰਾ 35-ਏ, ਐਨ.ਆਰ.ਸੀ. ਤੇ ਸੀ.ਏ.ਏ. ਦੇ ਮਾਮਲੇ ਵਿੱਚ ਵੀ ਭਾਜਪਾ ਦਾ ਪੱਖ ਪੂਰ ਚੁੱਕੀ ਹੈ। ਇਸੇ ਤਰ੍ਹਾਂ ਭਾਰਤੀਆ ਰਾਸ਼ਟਰ ਸਮਿਤੀ ਦੀ ਰਣਨੀਤੀ ਵੀ ਸਪੱਸ਼ਟ ਨਹੀਂ ਹੈ। ਵਿਰੋਧੀ ਧਿਰ ਦੇ ਇਸ ਗੱਠਜੋੜ ਪ੍ਰਤੀ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਰਵੱਈਆ ਸਭ ਤੋਂ ਵੱਖਰਾ ਹੈ। ਬਸਪਾ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਤੇ ਕੇਂਦਰ ਬਾਰੇ ਫਿਲਹਾਲ ਉਹ ਕੋਈ ਠੋਸ ਫੈਸਲਾ ਨਹੀਂ ਲੈ ਪਾ ਰਹੀ। ਹਾਲਾਂਕਿ ਇੱਕ ਸਮਾਨ ਨਾਗਰਿਕਤਾ ਕਾਨੂੰਨ ਦੇ ਮਾਮਲੇ ਵਿੱਚ ਉਹ ਭਾਜਪਾ ਨਾਲ ਸਹਿਮਤੀ ਜਤਾ ਚੁੱਕੀ ਹੈ।

ਇਹ ਤਾਂ ਗੱਠਜੋੜ ਦੀਆਂ ਸੰਭਾਵਨਾਵਾਂ ਸਨ। ਹੁਣ ਅਸੀਂ ਇਨ੍ਹਾਂ ਗੱਠਜੋੜਾਂ ਦੀ ਅਸਲ ਸਿਆਸਤ ਤੇ ਵੋਟ ਬੈਂਕ ਵੱਲ ਮੁੜਦੇ ਹਾਂ। ਇਸ ਸਮੇਂ ਫਿਰਕਾਪ੍ਰਸਤੀ ਦੇ ਮੁੱਦੇ ਉਤੇ ਭਾਵੇਂ ਕਾਂਗਰਸ ਤੇ ਖੱਬੇ ਪੱਖੀ ਇੱਕਜੁੱਟ ਨਜ਼ਰ ਆ ਰਹੇ ਹਨ, ਪਰ ਆਰਥਿਕ ਨੀਤੀ ਦੇ ਮਸਲੇ ਉਤੇ ਉਹ ਵੱਖੋ-ਵੱਖ ਹਨ। ਕਾਂਗਰਸ ਜਿੱਥੇ ਪੂਰੀ ਤਰ੍ਹਾਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੀ ਹਾਮੀ ਹੈ, ਉੱਥੇ ਹੀ ਖੱਬੇ ਪੱਖੀ ਆਰਥਿਕ ਨੀਤੀਆਂ ਦਾ ਮੁਹਾਣ ਕਿਰਤੀਆਂ ਦੇ ਹੱਕ ‘ਚ ਮੋੜਨ ਲਈ ਸਪੱਸ਼ਟ ਹਨ। ਇਸ ਕਾਰਨ ਪਹਿਲਾਂ ਵੀ ਉਨ੍ਹਾਂ ਦਾ ਕਾਂਗਰਸ ਨਾਲ ਸਮਝੌਤਾ ਟੁੱਟ ਚੁੱਕਿਆ ਹੈ। ਇਸ ਗੱਠਜੋੜ ਦੀ ਕਾਇਮੀ ਲਈ ਕਾਂਗਰਸ ਨੂੰ ਇਸ ਦਿਸ਼ਾ ਵਿੱਚ ਸਭ ਤੋਂ ਵੱਧ ਗੰਭੀਰਤਾ ਨਾਲ ਸੋਚਣਾ ਪਵੇਗਾ। ਇਸੇ ਤਰ੍ਹਾਂ ਆਰ.ਜੇ.ਡੀ. ਅਤੇ ਜੇ.ਡੀ.ਯੂ. ਪੱਛੜੀਆਂ ਜਾਤਾਂ ਦੀ ਸਿਆਸਤ ਕਰਦੇ ਹਨ, ਜਦਕਿ ਕਾਂਗਰਸ ਦਾ ਝੁਕਾਅ ਵੱਡੀਆਂ ਜਾਤਾਂ ਵੱਲ ਵੀ ਹੈ। ਆਰ.ਜੇ.ਡੀ. ਅਤੇ ਜੇ.ਡੀ.ਯੂ. ਸੂਬਾਈ ਸਿਆਸਤ ਤੱਕ ਹੀ ਸੀਮਤ ਹਨ। ਤਾਮਿਲਨਾਡੂ ਦੇ ਡੀ.ਐਮ.ਕੇ. ਵਾਲਿਆਂ ਦੇ ਆਪਣੇ ਭਾਸ਼ਾਈ ਤੇ ਹੋਰ ਮੁੱਦੇ ਹਨ, ਜਦਕਿ ਕਾਂਗਰਸ ਦੇ ਮੁੱਦੇ ਕੌਮੀ ਪੱਧਰ ਦੇ ਹਨ। ਆਮ ਆਦਮੀ ਪਾਰਟੀ ਦੀਆਂ ਖਾਹਿਸ਼ਾਂ ਵੱਡੀਆਂ ਹਨ, ਪਰ ਨਾ ਉਨ੍ਹਾਂ ਦੀ ਕੋਈ ਆਰਥਿਕ ਨੀਤੀ ਹੈ, ਨਾ ਧਾਰਮਿਕ ਤੇ ਨਾ ਕੋਈ ਵਿਦੇਸ਼ ਨੀਤੀ ਹੈ। ਬਸਪਾ ਵਾਲੇ ਦਲਿਤਾਂ ਦੀ ਸਿਆਸਤ ਕਰਦੇ ਹਨ, ਪਰ ਉਹ ਭਾਜਪਾ ਦੇ ਦਲਿਤ ਵਿਰੋਧੀ ਫੈਸਲਿਆਂ ਬਾਰੇ ਖੁੱਲ੍ਹ ਕੇ ਨਹੀਂ ਬੋਲਦੇ। ਭਾਵੇਂ ਸਭ ਦੇ ਆਪੋ-ਆਪਣੇ ਹਿੱਤ ਹਨ, ਪਰ ਸਭ ਨੂੰ ਆਪਣੀ ਹੋਂਦ ਬਚਾਉਣ ਦਾ ਫ਼ਿਕਰ ਵੀ ਹੈ। ਇਹ ਸਾਰੀਆਂ ਪਾਰਟੀਆਂ ਲੋਕਾਂ ਨੇ ਪਹਿਲਾਂ ਵੇਖੀਆਂ-ਪਰਖੀਆਂ ਹੋਈਆਂ ਹਨ। ਇਨ੍ਹਾਂ ਪਾਰਟੀਆਂ ਨੇ ਚੰਗੇ ਕੰਮ ਵੀ ਕੀਤੇ ਹਨ ਤੇ ਕੁੱਝ ਗਲਤੀਆਂ ਵੀ ਕੀਤੀਆਂ ਹੋਈਆਂ ਹਨ, ਪਰ ਫਿਰ ਵੀ ਕੀ ਕਿਸੇ ਦੇਸ਼ ਵਿੱਚ ਰਾਤੋ-ਰਾਤ ਲੀਡਰਸ਼ਿਪ ਤਿਆਰ ਹੋ ਸਕਦੀ ਹੈ?

ਉਂਝ ਜੇ ਇਹ ਪਾਰਟੀਆਂ ਵਾਕਿਆ ਹੀ ਭਾਜਪਾ ਨੂੰ ਹਰਾਉਣਾ ਚਾਹੁੰਦੀਆਂ ਹਨ ਤਾਂ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ ਤੇ ਇਹ ਸੋਚਣਾ ਪਵੇਗਾ ਕਿ ਮਹਿਜ ਇਕੱਠੇ ਹੋ ਕੇ ਉਹ ਭਾਜਪਾ ਨੂੰ ਨਹੀਂ ਹਰਾ ਸਕਦੇ। ਇਸ ਲਈ ਤਾਂ ਆਮ ਲੋਕਾਂ ਦੀ ਨਬਜ਼ ਪਕੜਨੀ ਪਵੇਗੀ। ਅੱਜ ਦੇ ਸਮੇਂ ਮੁਤਾਬਕ ਲੋਕਾਂ ਦੇ ਮੁੱਦੇ ਉਠਾਉਣੇ ਪੈਣਗੇ। ਇੱਕ ਵੱਡੀ ਸੋਚ ਤੇ ਸੰਘਰਸ਼ ਨਾਲ ਹੀ ਇਹ ਲੜਾਈ ਜਿੱਤੀ ਜਾ ਸਕਦੀ ਹੈ, ਨਾ ਕਿ ਮਹਿਜ ਇਕੱਠ ਕਰਨ ਨਾਲ। ਇਹ ਸੰਭਾਵਨਾ ਬਣੀ ਹੋਈ ਹੈ ਕਿ ਇਹ ਗੱਠਜੋੜ ਸਿਰੇ ਜ਼ਰੂਰ ਚੜ੍ਹ ਸਕਦਾ ਹੈ, ਕਿਉਂਕਿ ਇਸ ਵਿੱਚ ਕਿਸੇ ਦਾ ਸਿਆਸੀ ਦੁਸ਼ਮਣ ਕਿਸੇ ਨਾ ਕਿਸੇ ਦਾ ਦੋਸਤ ਵੀ ਹੈ। ਕਾਂਗਰਸ ਦੇ ਨਾਲ ਨਾਲ ਖੇਤਰੀ ਪਾਰਟੀਆਂ ਨੂੰ ਵੀ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਇਸ ਸਮਝੌਤੇ ਨੂੰ ਸਿਰੇ ਚੜ੍ਹਾਉਣਾ ਪਵੇਗਾ। ਇਹ ਦੇਸ਼ ਵਿਭਿੰਨਤਾ ਵਿੱਚ ਏਕਤਾ ਦਾ ਹਾਮੀ ਹੈ ਤੇ ਜਿੱਥੇ ਇਸ ਏਕਤਾ ਦੀ ਜ਼ਿੰਮੇਵਾਰੀ ਕਾਂਗਰਸ ਸਿਰ ਵੱਧ ਹੈ, ਉੱਥੇ ਖੇਤਰੀ ਪਾਰਟੀਆਂ ਨੂੰ ਵੀ ਏਕਤਾ ਕਾਇਮ ਰੱਖਣ ਲਈ ਲੜੀ ਜਾਣ ਵਾਲੀ ਇਸ ਸਿਆਸੀ ਲੜਾਈ ਵਿੱਚ ਕਾਂਗਰਸ ਦਾ ਡਟ ਕੇ ਸਾਥ ਦੇਣਾ ਪਵੇਗਾ। ਇਸ ਲੇਖ ਵਿੱਚ ਮਹਿਜ ਸਮੀਕਰਣ, ਮੁੱਦੇ, ਸਮੱਸਿਆਵਾਂ ਤੇ ਲੋੜਾਂ ਦਾ ਜ਼ਿਕਰ ਕੀਤਾ ਹੈ। ਉਂਝ ਵੀ ਕਿਸੇ ਦੇਸ਼ ਦੀ ਸਰਕਾਰ ਨੂੰ ਲੋਕ ਹਿੱਤ ‘ਚ ਸੋਚਣ ਲਈ ਉੱਥੋਂ ਦੇ ਸਰਗਰਮ ਸੱਤਾਧਾਰੀ ਸਿਆਸਤਦਾਨ ਤੇ ਵਿਰੋਧੀ ਧਿਰ ਵਾਲੇ ਹੀ ਮਜਬੂਰ ਕਰਦੇ ਹਨ। ਜੇ ਵਿਰੋਧੀ ਧਿਰ ਦਾ ਕੋਈ ਕੌਮੀ ਗੱਠਜੋੜ ਬਣਦਾ ਹੈ ਤਾਂ ਉਸ ਦੀ ਜਿੱਤ-ਹਾਰ ਸਬੰਧੀ ਫੈਸਲਾ ਜਨਤਾ ਨੇ ਹੀ ਕਰਨਾ ਹੈ।

Leave a Reply

Your email address will not be published. Required fields are marked *