ਲੰਗਰ ਦੇ ਉਪਰਾਲੇ ਕਾਰਨ ਸਿੱਖ ਭਾਈਚਾਰੇ ਦੀ ਭਰਵੀਂ ਸ਼ਲਾਘਾ

Uncategorized

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਭਾਈਚਾਰੇ ਦੇ ਅਸਾਧਾਰਣ ਸਮਰਪਣ ਅਤੇ ਅਟੁੱਟ ਸਮਰਥਨ ਲਈ ਵਿਸ਼ਵ ਧਰਮਾਂ ਦੀ ਸੰਸਦ ਦੌਰਾਨ ਭਰਵੀਂ ਸ਼ਲਾਘਾ ਕੀਤੀ ਗਈ ਹੈ। ਇਸ ਸੇਵਾ ਲਈ ਲੰਗਰ ਛਕਣ ਵਾਲੇ ਹੋਰਨਾਂ ਧਰਮਾਂ ਦੇ ਲੋਕਾਂ ਨੇ ਧੰਨਵਾਦ ਤੇ ਨਿਮਰਤਾ ਨਾਲ ਲਬਰੇਜ਼ ਆਪਣੇ ਵੱਖ ਵੱਖ ਸ਼ਬਦ ਪ੍ਰਗਟਾਏ, ਜਿਸ ਨਾਲ ਸਿੱਖ ਭਾਈਚਾਰੇ ਦਾ ਮਾਣ ਹੋਰ ਵਧਿਆ ਹੈ।

ਜ਼ਿਕਰਯੋਗ ਹੈ ਕਿ 14 ਤੋਂ 18 ਅਗਸਤ ਤੱਕ ਲਗਾਤਾਰ ਪੰਜ ਦਿਨ ਸਿੱਖ ਭਾਈਚਾਰੇ ਨੇ ਸਾਂਝੇ ਉਦਮ ਨਾਲ ਲੰਗਰ ਵਰਤਾਇਆ। ਰੋਜ਼ਾਨਾ ਗੁਰਦੁਆਰਾ ਪੈਲਾਟਾਈਨ ਤੋਂ ਲੰਗਰ ਤਿਆਰ ਹੋ ਕੇ ਸ਼ਿਕਾਗੋ ਪੁੱਜਦਾ ਰਿਹਾ। ਸਥਾਨਕ ਸੰਗਤ ਲੰਗਰ ਦੀਆਂ ਰਸਦਾਂ ਤਿਆਰ ਕਰਨ ਵਿੱਚ ਹੱਥ ਵਟਾਉਂਦੀ ਰਹੀ, ਜਿਨ੍ਹਾਂ ਵਿੱਚ ਕਾਰਸੇਵਾ ਜਥੇ ਦੇ ਮੈਂਬਰ ਵੀ ਸ਼ਾਮਲ ਸਨ। ਗੁਰੂ ਘਰ ਦੇ ਲੰਗਰੀ ਹਰਜੀਤ ਸਿੰਘ ਨੇ ਵੀ ਅਣਥੱਕ ਮਿਹਨਤ ਕੀਤੀ।

ਸ਼ਿਕਾਗੋ ਵਿੱਚ ਜਿੱਥੇ ਟੈਂਟਾਂ ਹੇਠ ਲੰਗਰ ਵਰਤਾਇਆ ਗਿਆ, ਉਥੇ ਕਰੀਬ 300 ਵਾਲੰਟੀਅਰਾਂ, ਜਿਨ੍ਹਾਂ ਵਿੱਚ ਲੰਡਨ ਤੋਂ ਨਿਸ਼ਕਾਮ ਸੇਵਾ ਜਥੇ ਦੇ 105 ਸਿੱਖ ਸੇਵਾਦਾਰ ਵੀ ਸ਼ਾਮਲ ਸਨ, ਨੇ ਪੂਰੀ ਸੇਵਾ ਭਾਵਨਾ ਤੇ ਹਲੀਮੀ ਨਾਲ ਲੰਗਰ ਛਕਣ ਆਉਣ ਵਾਲਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੜੇ ਅਦਬ ਨਾਲ ਲੰਗਰ ਛਕਾਇਆ। ਲੰਡਨ ਵਾਲੇ ਜਥੇ ਦੀ ਮੁੱਖ ਭੂਮਿਕਾ ਪੂਰਾ ਸੈੱਟਅਪ ਕਰਨ ਅਤੇ ਤਰਤੀਬਵੱਧ ਲੰਗਰ ਵਰਤਾਉਣ ਵਿੱਚ ਰਹੀ। ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕੀ ਕਮੇਟੀ ਅਤੇ ਕਾਰਸੇਵਾ ਜਥੇ ਨੇ ਲੰਡਨ ਵਾਲੇ ਜਥੇ ਨੂੰ ਹਰ ਲੋੜੀਂਦੀ ਵਸਤੂ ਮੁਹੱਈਆ ਕਰਵਾਈ। ਇੱਕ ਅੰਦਾਜ਼ੇ ਅਨੁਸਾਰ ਇਸ ਕਾਰਜ ਵਿੱਚ ਸਿੱਖ ਭਾਈਚਾਰੇ ਨੇ ਲੰਗਰ ਲਈ ਟੈਂਟ ਵਗੈਰਾ ਲਾਉਣ ਲਈ $30,000 ਦਾ ਯੋਗਦਾਨ ਪਾਇਆ।

ਲੰਗਰ ਵਾਲੀ ਥਾਂ ਮਾਹੌਲ ਹਰ ਇੱਕ ਲਈ ਅਪਣੱਤ ਭਰਪੂਰ ਤੇ ਸੇਵਾ ਭਾਵਨਾ ਵਾਲਾ ਸੀ, ਜੋ ਹੋਰਨਾਂ ਧਰਮਾਂ ਦੇ ਨੁਮਾਇੰਦਿਆਂ ਤੇ ਸ਼ਰਧਾਲੂਆਂ ਨੇ ਮਹਿਸੂਸ ਕੀਤਾ, ਜਿਸ ਕਾਰਨ ਉਹ ਸਿੱਖ ਭਾਈਚਾਰੇ ਦੇ ਇਸ ਉਪਰਾਲੇ ਨੂੰ ਵਡਿਆਉਂਦੇ ਨਹੀਂ ਸਨ ਥੱਕ ਰਹੇ। ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਮੁਫ਼ਤ ਭੋਜਨ ਦੇ ਦਿਆਲਤਾ ਦੇ ਇਸ ਕੰਮ ਨੇ ਨਾ ਸਿਰਫ਼ ਸਾਂਝੇ ਇਕੱਠ ਦੇ ਅਧਿਆਤਮਕ ਅਨੁਭਵ ਨੂੰ ਵਧਾਇਆ, ਸਗੋਂ ਹਾਜ਼ਰੀਨ ਦੇ ਦਿਲਾਂ ਅਤੇ ਰੂਹਾਂ ਨੂੰ ਵੀ ਪੋਸ਼ਣ ਦਿੱਤਾ। ਹਰ ਰੋਜ਼ ਸਿੱਖ ਭਾਈਚਾਰਾ ਚਾਰ ਤੋਂ ਪੰਜ ਹਜ਼ਾਰ ਲੋਕਾਂ ਨੂੰ ਲੰਗਰ ਛਕਾਉਂਦਾ ਰਿਹਾ, ਜੋ ਭਾਈਚਾਰਕ, ਸਮਾਨਤਾ ਅਤੇ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਮੂਰਤੀਮਾਨ ਕਰਦਾ ਹੈ। ਇਹ ਸਭ ਸਿੱਖੀ ਸਿਧਾਂਤ ਕੇ ਅੰਗ ਹਨ।

ਵਿਸ਼ਵ ਧਰਮ ਸੰਸਦ ਅਨੁਸਾਰ ਇਨ੍ਹਾਂ ਯਤਨਾਂ ਨੇ ਵਿਭਿੰਨ ਭਾਗੀਦਾਰਾਂ ਦੇ ਸਮੂਹ ਵਿੱਚ ਏਕਤਾ ਅਤੇ ਸਮਝ ਨੂੰ ਉਤਸ਼ਾਹਿਤ ਕੀਤਾ ਹੈ, ਜੋ ਸੱਭਿਆਚਾਰਕ ਤੇ ਧਾਰਮਿਕ ਹੱਦਾਂ ਤੋਂ ਪਾਰ ਹੈ। ਸਿੱਖ ਭਾਈਚਾਰੇ ਨੇ ਨਾ ਸਿਰਫ਼ ਲੋਕਾਂ ਦੇ ਢਿੱਡ ਭਰੇ, ਬਲਕਿ ਵੱਖ ਵੱਖ ਭਾਈਚਾਰਿਆਂ ਦੇ ਦਿਲਾਂ ਨੂੰ ਵੀ ਨਿੱਘਾ ਕੀਤਾ। ਵਿਸ਼ਵ ਦੇ ਧਰਮਾਂ ਦੀ ਸੰਸਦ ਦੇ ਬੋਰਡ ਆਫ਼ ਟਰੱਸਟੀਜ਼ ਦੇ ਚੇਅਰ ਨਿਤਿਨ ਅਜਮੇਰਾ ਅਨੁਸਾਰ ਸਾਰੇ ਲੋਕਾਂ ਵਿੱਚ ਸਦਭਾਵਨਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਮਰਪਣ ਅੰਤਰ-ਧਰਮ ਸਹਿਯੋਗ ਦੀ ਸ਼ਕਤੀ ਦਾ ਪ੍ਰਮਾਣ ਹੈ। ਅਸੀਂ ਵਿਸ਼ਵ ਧਰਮਾਂ ਦੀ ਪਾਰਲੀਮੈਂਟ ਨੂੰ ਇੱਕ ਸੱਚਮੁੱਚ ਪਰਿਵਰਤਨਸ਼ੀਲ ਅਤੇ ਅਭੁੱਲ ਤਜਰਬਾ ਬਣਾਉਣ ਵਿੱਚ ਅਮੁੱਲ ਭੂਮਿਕਾ ਲਈ ਸਿੱਖ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦੇ ਹਾਂ।

ਇਸੇ ਦੌਰਾਨ ਵਿਸ਼ਵ ਧਰਮਾਂ ਦੀ ਸੰਸਦ ਨਾਲ ਜੁੜੇ ਡਾ. ਬਲਵੰਤ ਸਿੰਘ ਹੰਸਰਾ ਨੂੰ ਲਿਖੇ ਇੱਕ ਪੱਤਰ ਵਿੱਚ ਮੁਸਲਿਮ ਭਾਈਚਾਰੇ ਦੇ ਖੁਤਬ ਐਮ ਉਦੀਨ (ਐਮ.ਡੀ. ਪੀਐਚ.ਡੀ.) ਨੇ ਲੰਗਰ ਦੇ ਪ੍ਰਬੰਧ ਸਬੰਧੀ ਕਿਹਾ ਹੈ ਕਿ ਸਿੱਖ ਕੌਮ ਦਾ ਧੰਨਵਾਦ ਕਰਨ ਲਈ ਉਸ ਕੋਲ ਸ਼ਬਦ ਨਹੀਂ ਹਨ। ਲੰਗਰ ਦੀ ਸੇਵਾ ਮੁੱਖ ਅਤੇ ਦਿਲਕਸ਼ ਸੀ। ਇਹ ਕੰਮ ਕਿੰਨਾ ਔਖਾ ਸੀ, ਪਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਨ੍ਹਾਂ ਪੱਤਰ ਵਿੱਚ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਵੀ ਯਾਦ ਕੀਤਾ।

 

Leave a Reply

Your email address will not be published. Required fields are marked *