ਜਸਵੀਰ ਸਿੰਘ ਸ਼ੀਰੀ
ਜਸਟਿਨ ਟਰੂਡੋ ਕੈਨੇਡਾ ਦੀ ਲਿਬਰਲ ਪਾਰਟੀ ਦੇ ਅਤਿ ਲਿਬਰਲ ਆਗੂ ਹਨ। ਇਹ ਵਿਚਾਰ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੇ ਹਨ। ਅਜਿਹੇ ਬੰਦਿਆਂ ਨੂੰ ਮਨੁੱਖ-ਮਨੁੱਖ ਵਿੱਚ ਫਰਕ ਨਹੀਂ ਦਿਸਦੇ ਹੁੰਦੇ! ਮਨੁੱਖ ਦੀਆਂ ਸਭ ਨਸਲਾਂ, ਜਾਤਾਂ, ਗੋਤਾਂ ਧਰਮਾਂ ਵਿੱਚੋਂ ਉਹ ਇਨਸਾਨ ਵੇਖ ਲੈਂਦੇ ਹਨ। ਸਾਡੇ ਵਰਗੇ ਮੁਲਕ ਵਿੱਚ ਜਿੱਥੇ ਵਿਅਕਤੀ ਚਿਹਰੇ ਮੋਹਰੇ ਅਤੇ ਕੱਪੜੇ-ਲੱਤੇ ਦੇ ਫਰਕ ਕਾਰਨ ਹੀ ਕਤਲ ਹੋ ਜਾਂਦਾ ਹੈ ਜਾਂ ਜਿਉਂਦਾ ਸਾੜ ਦਿੱਤਾ ਜਾਂਦਾ ਹੈ। ਜਿੱਥੇ ਭੀੜ ਹਰ ਆਏ ਦਿਨ ਵੱਖਰੇ ਵਿਸ਼ਵਾਸ਼ਾਂ, ਵੱਖਰੀ ਤਰ੍ਹਾਂ ਖਾਣ-ਪੀਣ ਵਾਲੇ ਬੰਦਿਆਂ ਨੂੰ ਕੋਹ ਕੋਹ ਕੇ ਮਾਰ ਦਿੰਦੀ ਹੈ, ਉਥੋਂ ਦੇ ਲੀਡਰਾਂ ਨੂੰ ਟਰੂਡੋ ਦੀ ਸਮਝ ਕਿਵੇਂ ਪਵੇ, ਬਈ ਉਹ ਕਹਿ ਕੀ ਰਿਹਾ ਹੈ? ਇਸ ਵਾਰ ਉਸ ਕੋਲੋਂ ਜਦੋਂ ਮੀਡੀਆ ਨੇ ਪੁੱਛਿਆ ਕਿ ਤੁਹਾਡੇ ਮੁਲਕ ਵਿੱਚ ਖਾਲਿਸਤਾਨੀ ਸਰਗਰਮੀਆਂ ‘ਤੇ ਰੋਕ ਕਿਉਂ ਨਹੀਂ ਲਗਦੀ ਤਾਂ ਉਸ ਨੇ ਕਿਹਾ, “ਮੇਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਵਾਰ ਵੀ ਤੇ ਕਈ ਵਾਰ ਪਹਿਲਾਂ ਵੀ ਗੱਲ ਹੋਈ ਹੈ। ਸਾਡੇ ਲਈ ਨਾਗਰਿਕਾਂ ਦੀ ‘ਫਰੀਡਮ ਆਫ ਅਕਸਪ੍ਰੈਸ਼ਨ, ਫਰੀਡਮ ਆਫ ਪੀਸਫੁਲ ਪ੍ਰੋਟੈਸਟ ਅਤੇ ਫਰੀਡਮ ਆਫ ਕਨਸਾਇੰਸ (ਜ਼ਮੀਰ ਦੀ ਆਜ਼ਾਦੀ) ਅਤੀ {ਐਕਸਟਰੀਮਲੀ} ਮਹੱਤਵਪੂਰਨ ਹੈ।”
ਅਖੀਰਲੀ ਫਰੀਡਮ ‘ਤੇ ਜ਼ਰਾ ਧਿਆਨ ਦਿਉ, ‘ਜ਼ਮੀਰ ਦੀ ਆਜ਼ਾਦੀ!’ ਸਾਡੇ ਇਥੇ ਇਹ ਸੰਵਿਧਾਨ ਵਿੱਚ ਵੀ ਨਾ ਲਿਖੀ ਹੋਵੇ ਸ਼ਾਇਦ। ਬੋਲਣ ਦੀ ਆਜ਼ਾਦੀ, ਪ੍ਰੋਟੈਸਟ ਕਰਨ ਦੀ ਆਜ਼ਾਦੀ ਨੂੰ ਉਥੇ ਸਾਡੇ ਧਾਰਮਿਕ ਅਕੀਦੇ ਜਿੰਨਾ ਮਹੱਤਵ ਦਿੱਤਾ ਜਾਂਦਾ ਹੈ। ਕੈਨੇਡੀਅਨ ਸਮਾਜ ਲਈ ਅਮੁੱਲ, ਫਰੀਡਮ ਆਫ ਅਕਸਪ੍ਰੈਸ਼ਨ ਦਾ ਸਾਡੇ ਇਥੇ ਹਾਲ ਇਹ ਹੈ ਕਿ ਇਥੇ ਆਣ ਕੇ ਅਮਰੀਕਾ ਦਾ ਰਾਸ਼ਟਰਪਤੀ ਆਪਣੇ ਨਾਲ ਆਏ ਅਮਰੀਕਾ ਦੇ ਪੱਤਰਕਾਰਾਂ ਨਾਲ ਵੀ ਗੱਲ ਨਹੀਂ ਕਰ ਸਕਿਆ! ਆਪਣੀ ਪ੍ਰੈਸ ਕਾਨਫਰੰਸ ਉਸ ਨੂੰ ਵੀਅਤਨਾਮ ਜਾ ਕੇ ਕਰਨੀ ਪਈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਮਾਮਲੇ ਵਿੱਚ ਆਮ ਨਾਗਰਿਕਾਂ ਦਾ ਕੀ ਹਾਲ ਹੁੰਦਾ ਹੋਵੇਗਾ? ਭੀੜਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ, ਵੱਖਰੇ ਧਰਮ, ਨਸਲ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਸੱਤਾ ਹਾਸਲ ਕਰਨ ਵਾਲੀਆਂ ਪਾਰਟੀਆਂ ਦੇ ਮੁਲਕ ‘ਚ ‘ਬੋਲਣ ਦੀ ਆਜ਼ਾਦੀ’, ‘ਜ਼ਮੀਰ ਦੀ ਆਜ਼ਾਦੀ’ ਕਿਸੇ ਹੋਰ ਪਲੈਨਿਟ ਦੀਆਂ ਗੱਲਾਂ ਹਨ। ਇਹ ਤਾਂ ਸਗੋਂ ਸੱਤਾਵਾਨਾਂ ਲਈ ਸਮੱਸਿਆਵਾਂ ਬਣਨਗੀਆਂ। ਚੁੱਪ ਰਹੋ ਤੇ ਹਕੂਮਤ ਦੀ ਬੱਲੇ ਬੱਲੇ ਕਰੋ, ਇਥੇ ਬੋਲਣ ਦੀ ਆਜ਼ਾਦੀ ਦਾ ਇਹੋ ਅਰਥ ਹੈ। ਬੋਲਣ ਦੀ ਆਜ਼ਾਦੀ ਦਾ ਮਤਲਬ ਵੱਖਰੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਇਹ ਰਾਜ ਕਰ ਰਹੀ ਪਾਰਟੀ ਦੇ ਬਿਲਕੁਲ ਉਲਟ ਵੀ ਹੋ ਸਕਦੇ ਹਨ। ਹਰ ਸ਼ਹਿਰੀ ਆਪਣੇ ਦਿਲ ਦੀ ਗੱਲ ਕਹਿ ਸਕੇ ਕਿ ਕਿਸੇ ਸਰਕਾਰ, ਪਾਲਿਸੀ, ਪ੍ਰੋਗਰਾਮ ਆਦਿ ਬਾਰੇ ਉਹ ਕੀ ਸੋਚਦਾ।
ਟਰੂਡੋ ਵਾਲਾ ਮੁਲਕ ਨਾਗਰਿਕ ਆਧਾਰਤ ਸਮਾਜ/ਦੇਸ਼ ਹੈ, ਜਿਵੇਂ ਸਾਡੇ ਇਥੇ ਧਰਮ ਆਧਾਰਤ ਹੈ। ਨਾਗਰਿਕ ਦੀ ਬੋਲਣ ਦੀ ਆਜ਼ਾਦੀ, ਜੋ ਗਲਤ ਸਮਝਦਾ ਹੈ ਉਹਦੇ ਵਿਰੁਧ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਅਤੇ ਆਪਣੀ ਜ਼ਮੀਰ ਨੂੰ ਆਂਚ ਨਾ ਆਉਣ ਦੇਣ ਦੀ ਆਜ਼ਾਦੀ ਦੀ ਰਾਖੀ ਨੂੰ ਉਹ ਸਰਹੱਦਾਂ ਦੀ ਰਾਖੀ ਜਿੰਨਾ ਮਹੱਤਵ ਦਿੰਦੇ ਹਨ। ਆਪਾਂ ਨੂੰ ਯਾਦ ਹੀ ਹੋਣਾ ਕਿੰਨੇ ਸਾਰੇ ਮੁਲਕਾਂ ਦੇ ਕਿੰਨੇ ਸਾਰੇ ਸ਼ਰਨਾਰਥੀਆਂ ਲਈ ਕੈਨੇਡਾ ਦੀ ਟਰੂਡੋ ਅਤੇ ਜਰਮਨੀ ਦੀ ਐਂਜਲਾ ਮਾਰਕਲ ਸਰਕਾਰ ਨੇ ਆਪਣੇ ਦੇਸ਼ਾਂ ਦੇ ਬੂਹੇ ਚੁਪੱਟ ਖੋਲ੍ਹ ਦਿੱਤੇ ਸਨ। ਆਪਣਾ ਕਲਾਵਾ ਖੋਲ੍ਹ ਕੇ ਖੜ੍ਹੇ ਹੋ ਗਏ। ਸਾਡੇ ਲਈ ਭਾਰਤੀ ਮਹਾਂਦੀਪ ਵਿੱਚੋਂ ਆਉਣ ਵਾਲੇ ਸ਼ਰਨਾਰਥੀ ਵੀ ਸਮੱਸਿਆ ਹਨ। ਅਸੀਂ ਉਨ੍ਹਾਂ ਨੂੰ ਚੁਣ-ਚੁਣ ਕੇ ਬਾਹਰ ਧੱਕਣ ਦੀ ਸੋਚ ਰਹੇ ਹਾਂ। ਜਿਹੋ ਜਿਹੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਅਮਲ ਹੋਣਗੇ, ਉਹੋ ਜਿਹੇ ਉਨ੍ਹਾਂ ਮੁਲਕਾਂ ਦੇ ਲੀਡਰਾਂ ਦੇ ਮਨ ਹੋਣਗੇ। ਅਗਾਂਹ ਉਹੋ ਜਿਹੀ ਹੀ ਸਮਾਜਕ ਸੋਝੀ ਹੋਏਗੀ। ਇਕ ਪਾਸੇ ਇਹ ਸੋਚ ਹੈ ਕਿ ਸਾਡੇ ਰਾਜ ਦੀ ਸ਼ਕਤੀ ਮਨੁੱਖ ਦੀ ਜ਼ਮੀਰ ਨੂੰ ਕਿਧਰੇ ਛੋਹ ਨਾ ਜਾਵੇ। ਇੱਥੇ ਜ਼ਮੀਰ ਪਵੇ ਢੱਠੇ ਖੂਹ ‘ਚ, ਦਾਹੜੀਆਂ, ਪੱਗਾਂ ਵਾਲੇ ਜਿਉਂਦੇ ਬੰਦੇ ਮੱਚਦੇ ਸਾਰੇ ਜਹਾਨ ਨੇ ਵੇਖੇ ਹਨ, ਹੁਣ ਵੀ ਗਾਹੇ-ਬਗਾਹੇ ਵੇਖ ਰਹੇ ਹਨ। ਪਿਛਲੀ ਵਾਰ ਜਦੋਂ ਕੈਨੇਡੀਆਨ ਪ੍ਰਧਾਨ ਆਇਆ ਸੀ ਤਾਂ ਭਾਰਤ ਸਰਕਾਰ ਦਾ ਉਸ ਪ੍ਰਤੀ ਇਸੇ ਕਿਸਮ ਦਾ ਵਿਹਾਰ ਰਿਹਾ ਸੀ। ਉਸ ਦੀ ਰਸੀਵਿੰਗ ਲਈ ਭਾਵੇਂ ਇਸ ਵਾਰ ਇੱਕ ਕੇਂਦਰ ਮੰਤਰੀ ਨੂੰ ਡੈਪਿਊਟ ਕੀਤਾ ਗਿਆ, ਪਰ ਬਾਅਦ ਵਿੱਚ ਉਹਦੀ ਹਾਲਤ ਮੇਲੇ ਵਿੱਚ ਗੁਆਚੀ ਗਾਂ ਵਰਗੀ ਹੀ ਰਹੀ। ਉਪਰੋਂ ਭਾਰਤੀ ਮੀਡੀਆ ਅਤੇ ਪਿਛਿਉਂ ਕਨਜ਼ਰਵੇਟਿਵ ਪਾਰਟੀ ਪੱਖੀ ਮੀਡੀਆ ਉਸ ਦੀ ਲਾਹ-ਪਾਹ ਕਰਨ ਲੱਗਾ।
ਸਾਡੇ ਇਥੇ ਕੋਈ ਜ਼ੁਰਮ ਕਰ ਦੇਵੇ, ਖਾਸ ਕਰਕੇ ਕਿਸੇ ਸਰਕਾਰ ਵਿਰੋਧੀ ਲਹਿਰ ਅਧੀਨ- ਭਗੌੜਾ ਹੋਣ ਦੀ ਹਾਲਤ ਵਿੱਚ ਉਸ ਦੇ ਦੂਰ ਦੇ ਰਿਸ਼ਤੇਦਾਰ ਵੀ ਚੁੱਕ ਲਏ ਜਾਂਦੇ ਹਨ। ਡੰਗਰ ਵੱਛਾ ਖੋਲ੍ਹ ਦਿੱਤਾ ਜਾਂਦਾ। ਬਾਪੂਆਂ ਦੀਆਂ ਚਿੱਟੀਆਂ ਦਾਹੜੀਆਂ, ਪੱਗਾਂ, ਚੁੰਨੀਆਂ ਥਾਣਿਆਂ ‘ਚ ਰੁਲਣ ਲਗਦੀਆਂ ਹਨ। ਦੂਜੇ ਪਾਸੇ ਟਰੂਡੋ ਦੇ ਮੂੰਹੋਂ ਸੁਣੋ, ਉਸ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਕੀ ਕਿਹਾ, “ਕਿਸੇ ਇਕ ਬੰਦੇ ਦੇ ਦੋਸ਼ ਲਈ ਸਾਰੇ ਭਾਈਚਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।” ਸਾਡੇ ਇੱਥੇ, ਖਾਸ ਕਰਕੇ ਵੋਟਾਂ ਵੇਲੇ ਪੂਰੇ ਇੱਕ ਧਰਮ ਜਾਂ ਭਾਈਚਾਰੇ ਦੇ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਲਿਆ ਜਾਂਦਾ ਹੈ। ਸਾਡੇ ਅਤੇ ਕੈਨੇਡਾ ਵਰਗੇ ਮੁਲਕਾਂ ਦੇ ਮਾਨਸਿਕ ਮੁਹਾਂਦਰੇ ਬਿਲਕੁਲ ਵੱਖਰੇ ਹਨ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ।
ਮੈਂ ਇਹ ਨਹੀਂ ਕਹਿੰਦਾ ਕਿ ਕੈਨੇਡਾ ਵਿੱਚ ਸਵਰਗ ਬਣ ਗਿਆ ਹੈ। ਉਥੇ ਵੀ ਕਨਜ਼ਰਵੇਟਿਵ ਪਾਰਟੀ ਹੈ। ਸਰਕਾਰੀ ਅਹੁਦਿਆਂ ‘ਤੇ ਕੰਮ ਕਰਦੇ ਬੰਦੇ ਨਸਲੀ ਵਿਤਕਰਾ ਵੀ ਕਰਦੇ ਹੋਣਗੇ। ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ। ਫਰਿੰਜ ਐਲੀਮੈਂਟ ਕਿਤੇ ਵੀ ਹੋ ਸਕਦਾ, ਪਰ ਕੈਨੇਡਾ ਹੀ ਦੁਨੀਆਂ ਵਿੱਚ ਅਜਿਹਾ ਮੁਲਕ ਹੈ, ਜਿਹੜਾ ਸੁਚੇਤ ਤੌਰ ‘ਤੇ ਸਹੀ ਮਾਅਨਿਆਂ ਵਿੱਚ ਮਲਟੀਕਲਚਰ ਸੁਸਾਇਟੀ ਉਸਾਰਨ ਦਾ ਯਤਨ ਕਰ ਰਿਹਾ ਹੈ ਅਤੇ ਲਿਬਰਲ ਪਾਰਟੀ ਤਬਦੀਲੀ ਦਾ ਧੁਰਾ ਹੈ। ਇਸ ਰਾਹ ਵਿੱਚ ਬਹੁਤ ਸਾਰੀਆਂ ਔਕੜਾਂ ਹਨ। ਸਾਡੇ ਵਰਗੇ ਮੁਲਕ ਹਾਲ ਦੀ ਘੜੀ ਇਸ ਦੇ ਉਲਟ ਰਾਹ ‘ਤੇ ਚੱਲ ਰਹੇ ਹਨ। ਅਸੀਂ ਕੁਦਰਤੀ ਤੌਰ ‘ਤੇ ਬਹੁ-ਸਭਿਆਚਾਰਕ ਦੇਸ਼ ਦਾ ਇਕਸਾਰ ਅਚਾਰ ਪਾਉਣ ਦਾ ਯਤਨL ਕਰ ਰਹੇ ਹਾਂ। ਇੱਕ ਦੂਜੇ ਦੇ ਉਲਟ ਵਧ ਰਹੀਆਂ ਸੱਭਿਆਤਾਵਾਂ ਦੇ ਆਗੂ ਸੰਵਾਦ ਵੀ ਰਚਾ ਸਕਦੇ ਹਾਂ, ਪਰ ਅਸੀਂ ਹਾਂ ਕਿ ਹਰ ਵਾਰ ਘਸੁੰਨ ਖਿੱਚਣ ਨੂੰ ਹੀ ਪਹਿਲ ਦਿੰਦੇ ਹਾਂ। ਜਦੋਂ ਹੋਰ ਕਿਤੇ ਜ਼ੋਰ ਨਾ ਚੱਲੇ ਤਾਂ ਟਰੂਡੇ ਵਰਗੇ ਆਗੂ ਨੂੰ ਪੰਚ ਬੌਕਸ ਬਣਾ ਲੈਂਦੇ ਹਾਂ!