ਭਾਈ ਮਰਦਾਨਾ: ਸੋਈ ਮਰਦੁ ਮਰਦੁ ਮਰਦਾਨਾ

Uncategorized

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਅਨੁਸਾਰ ਇਸ ਵਿਸ਼ੇ ਸਬੰਧੀ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਹਵਾਲੇ ਦੇਣ ਦੀ ਥਾਂ ਉਸ ਨੇ ਸਬੰਧਤ ਸਮੁੱਚੀਆਂ ਥਾਂਵਾਂ ਉਤੇ ਜਾ ਕੇ ਵੇਰਵੇ ਇਕੱਤਰ ਕੀਤੇ ਹਨ। ਉਹ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ “ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੂੰ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ…

ਅਲੀ ਰਾਜਪੁਰਾ

ਫੋਨ:+91-9417679302

ਭਾਈ ਮਰਦਾਨਾ ਜੀ ਨੂੰ ਸਿੱਖ ਜਗਤ ਅੰਦਰ ਬਹੁਤ ਹੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ 1459 ਈ. ਵਿੱਚ ਪਿਤਾ ਬਦਰਾ ਦੇ ਘਰ ਮਾਤਾ ਲੱਖੋ ਦੀ ਕੁੱਖੋਂ ਹੋਇਆ। ਮਰਦਾਨਾ ਜੀ ਦਾ ਪਿਛੋਕੜ ਮੀਰ ਆਲਮ ਘਰਾਣੇ ਤੋਂ ਹੈ। ਸਰੀਰਕ ਤੌਰ `ਤੇ ਪੂਰੀ ਤਰ੍ਹਾਂ ਰਿਸ਼ਟ-ਪੁਸ਼ਟ ਹੋਣ ਕਾਰਨ ਉਨ੍ਹਾਂ ਦਾ ਨਾਂ ‘ਮਰਦਾਨਾ’ ਰੱਖਿਆ ਗਿਆ। ਮਾਂ ਦਾ ਮੰਨਣਾ ਸੀ ਕਿ ਨਾਂਵਾਂ ਵਿੱਚ ਭਾਰੀ ਬਰਕਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਾਰੂ ਸੋਲਹੇ ਮ: 5 ਅਨੁਸਾਰ ਅਰਥ ਕੁਝ ਇਸ ਤਰ੍ਹਾਂ ਮਿਲਦਾ ਹੈ:

ਜਾ ਕਉ ਮਿਹਰ ਮਿਹਰ ਮਿਹਰਵਾਨਾ॥

ਸੋਈ ਮਰਦੁ ਮਰਦੁ ਮਰਦਾਨਾ॥ (ਅੰਗ 1084)

ਜਿਵੇਂ ਪਿੱਛੇ ਪੜ੍ਹ ਆਏ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਦਾਈ ਦੌਲਤਾਂ ਸਾਕ-ਸੰਬੰਧ ’ਚੋਂ ਮਰਦਾਨਾ ਜੀ ਦੀ ਭੈਣ ਲੱਗਦੀ ਸੀ। ਮਾਈ ਦੌਲਤਾਂ ਹੀ ਬਾਬਾ ਨਾਨਕ ਤੇ ਮਰਦਾਨਾ ਜੀ ਦੀ ਦੋਸਤੀ ਦਾ ਪੁਲ਼ ਬਣੀ, ਕਿਉਂਕਿ ਜਦੋਂ ਉਹ ਬਾਬੇ ਨਾਨਕ ਨੂੰ ਖਿਡਾਉਣ, ਦੇਖ-ਭਾਲ ਕਰਨ ਆਉਂਦੀ ਸੀ ਤਾਂ ਭਾਈ ਮਰਦਾਨਾ ਵੀ ਨਾਲ ਆ ਜਾਂਦੇ। ਇਸ ਤਰ੍ਹਾਂ ਬਾਬਾ ਨਾਨਕ ਤੇ ਭਾਈ ਮਰਦਾਨਾ ਦਾ ਆਪਸੀ ਸਨੇਹ ਬਣਿਆ। ਭਾਈ ਮਰਦਾਨਾ ਸੰਗੀਤ ’ਚ ਮਾਹਰ ਹੋਣ ਕਰਕੇ ਸੰਗੀਤ ’ਚ ਰੁਦਨ ਹੋ ਗਏ ਤੇ ਕਈ ਤਰ੍ਹਾਂ ਦੇ ਸਾਜ਼ਾਂ ਦਾ ਗਿਆਨ ਹਾਸਿਲ ਕਰ ਲਿਆ। ਦੂਜੇ ਪਾਸੇ ਬਾਬਾ ਨਾਨਕ ਪਰਮਾਤਮਾ ਦੀ ਉਸਤਤ ’ਚ ਮਹਾਨ ਸਨ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਜਾ ਪਹੁੰਚੇ ਤਾਂ ਭਾਈ ਮਰਦਾਨੇ ਨੇ ਵੀ ਉੱਥੇ ਡੇਰੇ ਲਾਏ। ਜਦਕਿ ਮਰਦਾਨਾ ਜੀ ਬਾਬਾ ਨਾਨਕ ਤੋਂ ਲਗਭਗ ਦਸ ਸਾਲ ਵੱਡੇ ਸਨ ਤੇ ਚਾਰ ਉਦਾਸੀਆਂ ਸਮੇਂ ਬਾਬੇ ਨਾਨਕ ਦੀ ਲਗਭਗ 31 ਸਾਲ ਤੇ ਮਰਦਾਨਾ ਜੀ ਦੀ ਉਮਰ 41 ਸਾਲ ਸੀ। ਭਾਈ ਮਰਦਾਨਾ ਗੁਰੂ ਜੀ ਦੇ ਸ਼ਰਧਾਲੂ ਸਨ ਤੇ ਉਨ੍ਹਾਂ ਨੇ ਗੁਰੂ ਦਿਆਂ ਸ਼ਬਦਾਂ ਨੂੰ ਭਾਈ ਫਰੰਦਾ ਜੀ ਵੱਲੋਂ ਬਣਾਈ ਛੇ ਤਾਰਾਂ ਵਾਲ਼ੀ ਰਬਾਬ (ਪ੍ਰਿੰਸੀਪਲ ਸਤਬੀਰ ਸਿੰਘ-ਬਲਿਓ ਚਿਰਾਗ) ਦਾ ਸੰਗੀਤ ਦਿੱਤਾ ਤੇ ਗੁਰੂ ਜੀ ਨੇ ਮਰਦਾਨੇ ਨੂੰ ‘ਭਾਈ’ ਕਹਿ ਕੇ ਸਤਿਕਾਰਿਆ।

ਭਲਾ ਰਬਾਬ ਵਜਾਇਦਾ ਮਜਲਸ ਮਰਦਾਨਾ ਮੀਰਾਸੀ।

(ਵਾਰਾਂ ਭਾਈ ਗੁਰਦਾਸ ਜੀ, ਵਾਰ 11, ਪਉੜੀ 13)

ਅਕਸਰ ਖ਼ੁਸ਼ੀ ’ਚ ਮਰਦਾਨਾ ਜੀ ਆਖਦੇ ਸਨ ਕਿ ਤੁਸੀਂ ਵੀ ਡੂੰਮ ਹੋ ਤੇ ਮੈਂ ਵੀ ਡੂੰਮ; ਵਿਭਿੰਨਤਾ ਇਹ ਹੈ ਕਿ ਤੁਸੀਂ ਪਰਮਾਤਮਾ ਦੇ ਡੂੰਮ ਹੋ ਤੇ ਮੈਂ ਤੁਹਾਡਾ।

ਇੱਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥

(ਵਾਰ 1, ਪਉੜੀ 35-ਭਾਈ ਗੁਰਦਾਸ ਜੀ)

ਅੰਤਿਮ ਵੇਲ਼ੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਬ੍ਰਾਹਮਣ ਦੀ ਦੇਹੀ ਜਲ ਪ੍ਰਵਾਹ ਕੀਤੀ ਜਾਂਦੀ ਹੈ। ਖੱਤਰੀ ਦੀ ਅੱਗ ਵਿੱਚ ਸਾੜੀ ਜਾਂਦੀ ਹੈ, ਸ਼ੂਦਰ ਦੀ ਦਫ਼ਨਾਈ ਜਾਂਦੀ ਹੈ, ਵੈਸ਼ ਦੀ ਪੌਣ ਵਿੱਚ ਸੁੱਟੀ ਜਾਂਦੀ ਹੈ। ਤੇਰੀ ਇੱਛਾ ਕੀ ਹੈ? ਕੀ ਕੀਤਾ ਜਾਵੇ, “ਜਲ ਪ੍ਰਵਾਹ ਕੀਤੀ ਜਾਵੇ ਕਿ ਦਫਨਾਈ ਜਾਵੇ ਜਾਂ ਅੱਗ ਵਿੱਚ ਸਾੜੀ ਜਾਵੇ” ਤਾਂ ਭਾਈ ਮਰਦਾਨੇ ਦਾ ਉੱਤਰ ਸੀ, “ਮੈਂ ਤਾਂ ਆਪਣੀ ਆਤਮਾ ਨੂੰ ਸਿਰਫ਼ ਸਰੀਰ ਦੀ ਸਾਥੀ ਸਮਝਦਾ ਹਾਂ, ਮੈਨੂੰ ਰਤਾ ਧਿਆਨ ਨਹੀਂ ਦੇਹੀ ਦਾ, ਜਿਵੇਂ ਤੁਹਾਡੀ ਇੱਛਾ।”

“ਗੁਰੂ ਜੀ ਨੇ ਕਿਹਾ ਮਰਦਾਨਿਆ, ਫਿਰ ਤੇਰੀ ਕਬਰ ਬਣਾ ਕੇ ਤੈਨੂੰ ਜਗਤ ਪ੍ਰਸਿੱਧ ਕਰ ਦਿੰਦੇ ਹਾਂ।” ਤਾਂ ਮਰਦਾਨੇ ਨੇ ਕਿਹਾ, “ਕਿਉਂ ਮਹਾਰਾਜ ਸਰੀਰ ਰੂਪੀ ਕਬਰ ’ਚੋਂ ਆਤਮਾ ਨਿਕਲ ਜਾਵੇਗੀ ਤਾਂ ਪੱਥਰ-ਮਿੱਟੀ ਦੀ ਕਬਰ ’ਚ ਕਿਉਂ ਦਫਨਾਉਣ ਲੱਗੇ ਓਂ!” ਜਾਣੀ-ਜਾਣ ਗੁਰੂ ਜੀ ਸਮਝ ਗਏ ਕਿ ਮਰਦਾਨੇ ਨੇ ਬ੍ਰਹਮ ਨੂੰ ਹਾਸਿਲ ਕਰ ਲਿਆ ਹੈ। ਗੁਰੂ ਜੀ ਨੇ ਕਿਹਾ, “ਭਾਈ ਮਰਦਾਨਿਆ, ਤੇਰੀ ਦੇਹੀ ਜਲ ਪ੍ਰਵਾਹ ਕੀਤੀ ਜਾਵੇਗੀ। ਇਸ ਲਈ ਤੂੰ ਜਾ। ਆਪਣੀ ਬਿਰਤੀ ਅਕਾਲ ਪੁਰਖ ਵਿੱਚ ਲਾ ਕੇ ਦਰਿਆ ਕੰਢੇ ਬੈਠ ਜਾ।” ਮਰਦਾਨੇ ਨੇ ਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ। ਅੰਮ੍ਰਿਤ ਵੇਲੇ ਭਾਈ ਮਰਦਾਨਾ ਜੀ ਦੀ ਆਤਮਾ ਬ੍ਰਹਮ ਵਿੱਚ ਜਾ ਮਿਲੀ। ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਭਾਈ ਮਰਦਾਨੇ ਜੀ ਦੀ ਦੇਹੀ ਨੂੰ ਜਲ ਪ੍ਰਵਾਹ ਕੀਤਾ।

ਉਂਝ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਈ ਮਰਦਾਨਾ ਜੀ ਦਾ ਇੰਤਕਾਲ ਅਫ਼ਗਾਨਿਸਤਾਨ ਦੇ ‘ਕੁਰਮ’ ਦਰਿਆ ਕੰਢੇ ਕੁਰਮ ਨਗਰ ਵਿੱਚ ਹੋਇਆ। ਭਾਈ ਮਰਦਾਨਾ ਜੀ ਦੀ ਕਬਰ ਕੁਰਮ ਦਰਿਆ ਕੰਢੇ ਅੱਜ ਵੀ ਮੌਜੂਦ ਹੈ। ਕੁਝ ਇਤਿਹਾਸਕਾਰ ਲਿਖਦੇ ਹਨ ਕਿ 1534 ਈ. ਵਿੱਚ ਰਾਵੀ ਦਰਿਆ ਕੰਢੇ ਕਰਤਾਰਪੁਰ ਵਿਖੇ ਭਾਈ ਮਰਦਾਨੇ ਨੇ ਫਾਨੀ ਸੰਸਾਰ ਨੂੰ ਅਲਵਿਦਾ ਆਖੀ। ਦੱਸਿਆ ਜਾਂਦਾ ਹੈ ਕਿ ਕੁਝ ਪਰਿਵਾਰਕ ਮੈਂਬਰ ਭਾਰਤ ਵੰਡ ਵੇਲ਼ੇ ਪਾਕਿਸਤਾਨ ਜਾ ਵਸੇ ਤੇ ਕੁਝ ਉਨ੍ਹਾਂ ਦੀ ਪੀੜ੍ਹੀ ’ਚੋਂ ਅੱਜ-ਕਲ੍ਹ ਪੰਜਾਬ ’ਚ ਹਨ। ਭਾਈ ਮਰਦਾਨਾ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸੰਤਾਲੀ ਸਾਲ (564 ਮਹੀਨੇ, 16 ਹਜ਼ਾਰ 620 ਦਿਨ) ਰਬਾਬ ਵਜਾਈ। (ਪ੍ਰੋ. ਸਾਹਿਬ ਸਿੰਘ)

ਗੁਰ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮਾਣ ਬਖ਼ਸ਼ਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸਲੋਕ ਮਰਦਾਨਾ 1 ਦੇ ਨਾਮ ਹੇਠ ਦਰਜ ਹੈ:

ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥

ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥

ਗਿਆਨੂ ਗੁੜੂਸਾਲਾਹ ਮੰਡੇ ਭਉ ਮਾਸੁ ਆਹਾਰੁ॥ (ਅੰਗ 553)

 

ਨਵਾਬ ਦੌਲਤ ਖ਼ਾਂ ਲੋਧੀ

ਲਗਭਗ 1485 ਈ. ਰਾਇ ਬੁਲਾਰ ਨੇ ਨਵਾਬ ਦੌਲਤ ਖ਼ਾਂ ਨੂੰ ਖ਼ਤ ਲਿਖ ਕੇ ਅਰਜ਼ ਕੀਤੀ, “ਜਿਸ ਜੁਆਨ ਨੂੰ ਮੈਂ, ਆਪ ਪਾਸ ਭੇਜ ਰਿਹਾ ਹਾਂ, ਤੁਸੀਂ ਉਸ ਨੂੰ ਬਹੁਤ ਆਦਰ ਨਾਲ ਚੰਗੀ ਨੌਕਰੀ ਦੇਣੀ ਹੈ।” ਨਵਾਬ ਨੇ ਬਾਬਾ ਨਾਨਕ ਜੀ ਤੋਂ ਪੜ੍ਹਾਈ ਲਿਖਾਈ ਬਾਰੇ ਪੁੱਛਿਆ। ਬਾਬਾ ਜੀ ਨੇ ਹਿੰਦੀ ਅਤੇ ਫ਼ਾਰਸੀ ਦੇ ਗਿਆਨ ਬਾਰੇ ਦੱਸਿਆ। ਜਦੋਂ ਦੌਲਤ ਖ਼ਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਮੋਦੀਖ਼ਾਨੇ ’ਚ ਕੰਮ ਕਰੋ ਤਾਂ ਬਾਬਾ ਨਾਨਕ ਜੀ ਨੇ ਕਿਹਾ, “ਤੁਸੀਂ ਲੋਕ ਕੰਨਾਂ ਦੇ ਕੱਚੇ ਹੁੰਦੇ ਓ, ਤੁਸੀਂ ਲੋਕ ਦੂਜੇ ਦੀਆਂ ਗੱਲਾਂ ਸੁਣਦੇ ਓ। ਮੈਂ ਇਸ ਲਈ ਇੱਥੇ ਕੰਮ ਨਹੀਂ ਕਰਾਂਗਾ।” ਦੌਲਤ ਖ਼ਾਂ ਇੰਨਾ ਸੁਣ ਕੇ ਬੋਲਿਆ, “ਹੇ ਨਾਨਕ, ਅਸੀਂ ਤੇਰੇ ਤੋਂ ਗੱਲਾਂ ਨਹੀਂ ਸੁਣਾਂਗੇ…।” ਨਾਨਕ ਦੇਵ ਜੀ ਨੇ ਛੇਤੀ ਕੰਮ ਕਰਨ ਦੀ ਹਾਮੀ ਭਰ ਦਿੱਤੀ। ਸਾਰੇ ਕੰਮਾਂ ਨੂੰ ਬਾਬਾ ਜੀ ਨੇ ਛੇਤੀ ਸਮਝ ਲਿਆ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਆਰੰਭ ਕਰ ਦਿੱਤਾ, ਜਿਵੇਂ (1) ਜਿਹੜੀ ਰਸਦ ਦੌਲਤ ਖ਼ਾਂ ਦੇ ਕੋਲ਼ ਜਾਂਦੀ, ਉਹੋ ਹੀ ਰਸਦ ਲੋਕਾਂ ਨੂੰ ਦਿੱਤੀ ਜਾਣ ਲੱਗੀ; (2) ਲੋਕਾਂ ਦੇ ਹਿੱਸੇ ’ਚੋਂ ਰਸਦ ਦਾ ਕੱਟਿਆ ਜਾਂਦਾ ਦਸਵਾਂ ਹਿੱਸਾ ਬੰਦ ਕਰ ਦਿੱਤਾ ਭਾਵ ਲੋਕਾਂ ਨੂੰ ਪੂਰੀ ਰਸਦ ਮਿਲਣ ਲੱਗੀ।

ਲੋਕ ਗੁਰੂ ਜੀ ਦੇ ਇਨ੍ਹਾਂ ਨੇਕ ਕੰਮਾਂ ਤੋਂ ਖ਼ੁਸ਼ ਰਹਿਣ ਲੱਗੇ। ਗੁਰੂ ਜੀ ਦੀ ਮਹਿਮਾ ਹੋਣ ਲੱਗੀ ਤਾਂ ਕਾਜ਼ੀ ਨੇ ਗੁਰੂ ਜੀ ਦੀ ਸ਼ਿਕਾਇਤ ਦੌਲਤ ਖ਼ਾਂ ਕੋਲ਼ ਕੀਤੀ। ਕੁਝ ਇਤਿਹਾਸਕਾਰਾਂ ਅਨੁਸਾਰ:

ਦੌਲਤ ਖ਼ਾਂ ਨੇ ਮੋਦੀਖਾਨੇ ਵਿਚਲੇ ਸਮਾਨ ਦੀ ਪੜਤਾਲ ਕਰਵਾਈ ਤਾਂ ਸਾਰਾ ਸਮਾਨ ਪੂਰਾ ਸੀ। ਕੰਨਾਂ ਦੇ ਕੱਚੇ ਦੌਲਤ ਖ਼ਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।

ਨਵਾਬ ਖ਼ਾਂ ਨੇ ਦੋ ਵਾਰ ਲੋਕਾਂ ਦੀਆਂ ਗੱਲਾਂ ਸੁਣੀਆਂ। ਪੜਤਾਲ ਕਰਵਾਈ ਤਾਂ ਦੋਵੇਂ ਵਾਰ ਝੂਠ ਸਾਬਿਤ ਹੋਇਆ। ਜਦੋਂ ਗੁਰੂ ਨਾਨਕ ਦੇਵ ਜੀ ਨੇ ਰੱਬ ਇੱਕ ਹੋਣ ਦਾ ਤੇ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਹੋਣ ਦਾ ਹੋਕਾ ਦਿੱਤਾ ਤਾਂ ਦੌਲਤ ਖ਼ਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਇਹ ਚਰਚਾ ਛੇੜੀ ਕਿ ਜਦ ਉਹ ਮੂਰਤੀ ਪੂਜਾ ਦੇ ਵਿਰੁੱਧ ਅਤੇ ਇੱਕ ਪਰਮਾਤਮਾ/ਅੱਲ੍ਹਾ ਨੂੰ ਮੰਨਦਾ ਹੈ ਤਾਂ ਉਹ ਮੁਸਲਮਾਨ ਹੋਣ ਦਾ ਇੱਕਰਾਰ ਕਿਉਂ ਨਹੀਂ ਕਰ ਲੈਂਦਾ? ਇਹ ਕਹਿ ਕੇ ਨਵਾਬ ਖ਼ਾਂ ਨੇ ਗੁਰੂ ਜੀ ਨੂੰ ਮਸੀਤ ’ਚ ਨਮਾਜ਼ ਪੜ੍ਹਨ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ। ਮਸੀਤ ਅੰਦਰ ਗੁਰੂ ਜੀ ਨਮਾਜ਼ ਪੜ੍ਹਨ ਲਈ ਦਾਖ਼ਲ ਹੋਏ।

ਸਾਰੇ ਸਫਾਂ ਬਣਾ ਕੇ ਨਮਾਜ਼ ਪੜ੍ਹਨ ਲੱਗੇ। ਗੁਰੂ ਜੀ ਇੱਕ ਪਾਸੇ ਖੜ੍ਹ ਗਏ। ਨਵਾਬ ਖ਼ਾਂ ਨੂੰ ਗੁਰੂ ਜੀ ਦਾ ਇਸ ਤਰ੍ਹਾਂ ਖੜ੍ਹੇ ਰਹਿਣਾ ਚੰਗਾ ਨਾ ਲੱਗਾ ਤਾਂ ਉਸਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਤਾਂ ਗੁਰੂ ਜੀ ਨੇ ਕਿਹਾ, “ਮੈਨੂੰ ਤਾਂ ਕੋਈ ਨਮਾਜ਼ੀ ਲੱਗਿਆ ਈ ਨੀ, ਮੈਂ ਨਮਾਜ਼ ਕਿਸ ਨਾਲ ਪੜ੍ਹਦਾ। ਕਾਜ਼ੀ ਦਾ ਧਿਆਨ ਆਪਣੀ ਘੋੜੀ ਦੇ ਵਿੱਚ ਸੀ, ਕਿਤੇ ਉਹ ਖੂਹ ’ਚ ਨਾ ਡਿੱਗ ਪਵੇ। ਤੁਹਾਡਾ ਆਪਣਾ ਦਿਲ ਉਸ ਸਮੇਂ ਕੰਧਾਰ ਤੋਂ ਘੋੜੇ ਖਰੀਦ ਰਿਹਾ ਸੀ। ਜਦੋਂ ਤੁਹਾਡੇ ਵਰਗੇ ਪੱਕੇ ਨਮਾਜ਼ੀਆਂ ਦਾ ਇਹ ਹਾਲ ਸੀ ਤਾਂ ਮੈਂ ਨਮਾਜ਼ ਕਿਸ ਪਿੱਛੇ ਪੜ੍ਹਦਾ।” ਗੁਰੂ ਨਾਨਕ ਨੇ ਇਨ੍ਹਾਂ ਦੀ ਦਸ਼ਾ ਨੂੰ ਦੇਖਦਿਆਂ ਕਿਹਾ ਕਿ ਬੰਦੇ ਨੂੰ ਬੰਦਗੀ ਇੱਕਾਗਰ ਚਿੱਤ ਨਾਲ ਕਰਨੀ ਚਾਹੀਦੀ ਹੈ।

ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਲਈ ਸੁਲਤਾਨਪੁਰ ਨੂੰ ਛੱਡਣ ਲੱਗੇ ਤਾਂ ਦੌਲਤ ਖ਼ਾਂ ਲੋਧੀ ਨੇ ਬੇਨਤੀ ਕੀਤੀ, “ਉਹ ਸੁਲਤਾਨਪੁਰ ਨਾ ਛੱਡਣ, ਉਨ੍ਹਾਂ ਨਾਲ ਸਾਰੇ ਨਗਰ ਅੰਦਰ ਬਰਕਤ ਹੈ।” ਗੁਰੂ ਜੀ ਨੇ ਉਪਦੇਸ਼ ਦੇ ਕੇ ਆਗਿਆ ਲਈ ਕਿ “ਸਾਧੂ ਇੱਕ ਥਾਂ ’ਤੇ ਬੱਝੇ ਨਹੀਂ ਰਹਿੰਦੇ, ਤੁਸੀਂ ਇਮਾਨਦਾਰੀ ਨਾਲ ਪਰਜਾ ਨਾਲ ਨਿਆਂ ਕਰੋ, ਅਕਾਲ ਪੁਰਖ, ਅੱਲ੍ਹਾ, ਪ੍ਰਭੂ ਮਿਹਰ ਕਰਨਗੇ।”

 

ਸਾਈਂ ਅੱਲਾ ਦਿੱਤਾ

ਵੇਈਂ ਨਦੀ ਕੰਢੇ ਸਾਈਂ ਅੱਲਾ ਦਿੱਤਾ ਦਾ ਡੇਰਾ ਸੀ, ਜਿੱਥੇ ਅੱਜ ਕੱਲ੍ਹ ਗੁਰੂ ਘਰ ਬੇਰ ਸਾਹਿਬ ਉਸਰਿਆ ਹੈ। ਦੱਸਿਆ ਜਾਂਦਾ ਹੈ ਕਿ ਸਾਈਂ ਕੋਲ਼ ਜਦੋਂ ਕੋਈ ਪੀਰ-ਫ਼ਕੀਰ ਆਉਂਦਾ ਤਾਂ ਉਹ ਉਸ ਨੂੰ ਖ਼ਰਬੂਜਾ ਜ਼ਰੂਰ ਭੇਟ ਕਰਦਾ। ਜਦੋਂ ਭੇਟ ਲੈਣ ਵਾਲਾ ਸ਼ਖ਼ਸ ਖ਼ਰਬੂਜਾ ਖਾ ਲੈਂਦਾ ਤਾਂ ਸਾਈਂ ਮੁੜ ਉਸ ਤੋਂ ਭੇਟ ਕੀਤੇ ਖ਼ਰਬੂਜੇ ਨੂੰ ਵਾਪਸ ਕਰਨ ਦੀ ਮੰਗ ਕਰਦਾ। ਉਹ ਹਰ ਆਏ ਫ਼ਕੀਰ ਨੂੰ ਇਸ ਤਰ੍ਹਾਂ ਨੀਵਾਂ ਦਿਖਾਉਂਦਾ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸਾਈਂ ਅੱਲਾ ਦਿੱਤਾ ਬਾਰੇ ਪਤਾ ਲੱਗਿਆ ਤਾਂ ਉਹ ਵੀ ਉਨ੍ਹਾਂ ਕੋਲ ਜਾ ਪਹੁੰਚੇ। ਸਾਈਂ ਅੱਲਾ ਦਿੱਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਖ਼ਰਬੂਜਾ ਭੇਟ ਕੀਤਾ। ਗੁਰੂ ਨਾਨਕ ਦੇਵ ਜੀ ਨੇ ਖ਼ਰਬੂਜਾ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਦੋ ਫਾੜੀਆਂ ਸਾਈਂ ਨੂੰ ਭੇਟ ਕੀਤੀਆਂ ਤੇ ਆਪ ਵੀ ਛਕਿਆ। ਜਦੋਂ ਖ਼ਰਬੂਜਾ ਛਕਿਆ ਜਾ ਚੁੱਕਿਆ ਸੀ ਤਾਂ ਸਾਈਂ ਨੇ ਗੁਰੂ ਜੀ ਨੂੰ ਖ਼ਰਬੂਜਾ ਵਾਪਿਸ ਕਰਨ ਲਈ ਕਿਹਾ। ਗੁਰੂ ਜੀ ਬੋਲੇ, “ਖ਼ਰਬੂਜਾ ਤਾਂ ਹੁਣ ਛਕਿਆ ਜਾ ਚੁੱਕਿਆ ਹੈ।” ਸਾਈਂ ਹੰਕਾਰ ਭਰੇ ਸ਼ਬਦਾਂ ਨਾਲ ਆਖਣ ਲੱਗਾ, “ਜੇ ਖ਼ਰਬੂਜਾ ਨਹੀਂ ਵਾਪਿਸ ਕਰ ਸਕਦੇ ਫੇਰ ਮੇਰੇ ਪੈਰੀਂ ਪੈ ਜਾਓ।” ਗੁਰੂ ਜੀ ਨੇ ਉਸ ਨੂੰ ਬੋਚਦਿਆਂ ਸਲਾਹ ਦਿੱਤੀ, “ਤੂੰ ਪਹਿਲਾਂ ਆਪਣੀਆਂ ਦੋ ਫਾੜੀਆਂ ਵਾਪਿਸ ਕਰ, ਬਾਕੀ ਅਸੀਂ ਤੈਨੂੰ ਵਾਪਿਸ ਕਰਾਂਗੇ ਤੇ ਤੈਨੂੰ ਮੁਰਸ਼ਦ ਮੰਨ ਲਵਾਂਗੇ।” ਸਾਈਂ ਆਪਣੇ ਸਵਾਲ ’ਚ ਆਪ ਫਸ ਗਿਆ ਤੇ ਆਪਣਾ ਆਸਣ ਛੱਡ ਕੇ ਗੁਰੂ ਜੀ ਦੇ ਚਰਨੀਂ ਲੱਗ ਗਿਆ। ਉਥੋਂ ਹੀ ਸਾਈਂ ਅੱਲਾ ਦਿੱਤਾ ਦਾ ਨਾਂ ਖ਼ਰਬੂਜੇ ਸ਼ਾਹ ਪਿਆ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਲਈ ਰਵਾਨਾ ਹੋਏ ਤਾਂ ਖ਼ਰਬੂਜੇ ਸ਼ਾਹ ਨੇ ਭਰੇ ਮਨ ਨਾਲ ਗੁਰੂ ਜੀ ਨੂੰ ਕਿਹਾ, “ਆਪ ਜੀ ਦੇ ਦਰਸ਼ਨਾਂ ਬਿਨਾ ਜਿਊਂਦਾ ਰਹਿਣਾ ਮੇਰੇ ਲਈ ਮੁਨਾਸਿਬ ਨਹੀਂ।” ਗੁਰੂ ਜੀ ਨੇ ਬੇਰੀ ਦੀ ਦਾਤਣ ਜ਼ਮੀਨ ਵਿੱਚ ਗੱਡ ਕੇ ਬਚਨ ਕੀਤਾ ਕਿ ਮੇਰੇ ਦਰਸ਼ਨ ਇਸ ਬੇਰੀ ਵਿੱਚੋਂ ਕਰ ਲਿਆ ਕਰ।

 

ਸੱਯਦ ਅਹਿਮਦ ਤੱਕੀ

ਲਾਹੌਰ ਵਾਸੀ ਸੱਯਦ ਅਹਿਮਦ ਤੱਕੀ ਬਹੁਤ ਜ਼ਿੱਦੀ ਤੇ ਕੱਟੜ ਵਿਚਾਰਧਾਰਾ ਦਾ ਮਾਲਕ ਸੀ। ਦੱਸਿਆ ਜਾਂਦਾ ਹੈ ਕਿ ਸਿਕੰਦਰ ਦੇ ਜ਼ੁਲਮ ਕਰਵਾਉਣ ਪਿੱਛੇ ਵੀ ਇਸਦਾ ਹੱਥ ਰਿਹਾ ਹੈ। ਸੰਤ ਕਬੀਰ ਜੀ ਨੂੰ ਗੰਗਾ ਦਰਿਆ ਵਿੱਚ ਜ਼ੰਜੀਰਾਂ ਨਾਲ ਬੰਨ੍ਹ ਕੇ ਵੀ ਇਸੇ ਨੇ ਸੁਟਵਾਇਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਲਾਹੌਰ ਪਹੁੰਚੇ ਤਾਂ ਇਹ ਮੁਲਾਣਿਆਂ ਨੂੰ ਲੈ ਕੇ ਗੁਰੂ ਜੀ ਕੋਲ਼ ਪਹੁੰਚਿਆ। ਗੁਰੂ ਜੀ ਨੂੰ ਆਪਣੀਆਂ ਕਰਾਮਾਤਾਂ ਨਾਲ਼ ਨੀਵਾਂ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਗੁਰੂ ਜੀ ਦੇ ਨਿਮਰਤਾ ਸਹਿਤ ਉਪਦੇਸ਼, ਪੰਜ ਵਕਤੀ ਨਮਾਜ਼ਾਂ ਦੀ ਹਕੀਕਤ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਲਈ ਕਿ ਪਹਿਲੀ ਨਮਾਜ਼ ‘ਸੱਚ’ ਹੈ, ਦੂਜੀ ਨਮਾਜ਼ ‘ਹਲਾਲ ਕਮਾਈ’, ਤੀਜੀ ਨਮਾਜ਼ ‘ਖੁਦਾ ਦੇ ਨਾਮ ’ਤੇ ਖੈਰਾਤ’ ਬਣਾਉਣਾ, ਚੌਥੀ ਨਮਾਜ਼ ਦਿਲ ਨੂੰ ‘ਸਾਫ਼-ਪਾਕ’ ਰੱਖਣਾ ਅਤੇ ਪੰਜਵੀ ਨਮਾਜ਼ ‘ਰੱਬ ਦੀ ਹਮਦ’ ਬਣਾਉਣਾ ਹੈ, ਤੋਂ ਸੱਯਦ ਅਹਿਮਦ ਤੱਕੀ ਬੇਹੱਦ ਪ੍ਰਭਾਵਿਤ ਹੋਇਆ। ਉਹ ਕੱਟੜਤਾ, ਜ਼ੁਲਮ-ਵੈਰ ਛੱਡ ਕੇ ਲੋਕਾਂ ਦੀ ਸੇਵਾ ਦੇ ਰਾਹ ਪੈ ਗਿਆ। ਗੁਰੂ ਨਾਨਕ ਦੇਵ ਜੀ ਨੇ ਜਿੰਨਾ ਸਮਾਂ ਲਾਹੌਰ ਵਿੱਚ ਠਹਿਰ ਕੀਤੀ, ਉਨਾ ਸਮਾਂ ਸੱਯਦ ਤੱਕੀ ਜੀ ਗੁਰੂ ਜੀ ਕੋਲ਼ ਹਾਜ਼ਰੀ ਭਰਦੇ ਰਹੇ। ਉਸ ਸਮੇਂ ਲਾਹੌਰ ਦੇ ਕਾਫ਼ੀ ਸਾਰੇ ਮੁਸਲਮਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣੇ।

Leave a Reply

Your email address will not be published. Required fields are marked *