ਬਹਾਦਰੀ ਦੀ ਗਾਥਾ

Uncategorized

ਦਿਲਜੀਤ ਸਿੰਘ ਬੇਦੀ

ਫੋਨ: +91-76579-68570

ਸਾਰਾਗੜ੍ਹੀ ਦਾ ਦਿਵਸ ਮਨਾਉਂਦਿਆਂ ਅੱਜ,

ਇੱਕੀ ਬਾਂਕੇ ਬਲਕਾਰਾਂ ਦੀ ਗੱਲ ਕਰੀਏ।

ਜਿਹਨਾਂ ਦੇਸ਼ ਖਾਤਰ ਜਾਨਾਂ ਵਾਰੀਆਂ ਸੀ,

ਓਨ੍ਹਾਂ ਜਾਂ-ਨਿਸਾਰਾਂ ਦੀ ਗੱਲ ਕਰੀਏ।

ਹੋਏ ਸਾਰੇ ਦੇ ਸਾਰੇ ਸ਼ਹੀਦ ਜਿਹੜੇ, ਓ

ਨ੍ਹਾਂ ਇੱਕੀ ਸਰਦਾਰਾਂ ਦੀ ਗੱਲ ਕਰੀਏ।

ਸਦਾ ਲਈ ਜੋ ਹੋ ਗਏ ਅਮਰ ‘ਜਾਚਕ`,

ਓਨ੍ਹਾਂ ਸਿਪਾਹ ਸਲਾਰਾਂ ਦੀ ਗੱਲ ਕਰੀਏ।

ਛੱਡਦੇ ਹੋਏ ਜੈਕਾਰੇ ਸਭ ਸਿੱਖ ਸੈਨਿਕ,

ਦੇਸ਼ ਕੌਮ ਲਈ ਹੋਏ ਕੁਰਬਾਨ ਹੈਸੀ।

ਓਨ੍ਹਾਂ ਆਪਣੀ ਜਾਨ ‘ਤੇ ਖੇਡ ਕੇ ਤੇ,

ਪਾਈ ਦੇਸ਼ ਦੀ ਜਾਨ ਵਿੱਚ ਜਾਨ ਹੈਸੀ।

(ਡਾ. ਹਰੀ ਸਿੰਘ ਜਾਚਕ)

ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਅਸਾਂਵੀ ਜੰਗ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਇਹ ਸਾਕਾ 12 ਸਤੰਬਰ 1897 ਨੂੰ ਸਮਾਨਾ ਰੇਂਜ਼ ਉਤੇ ਸਥਿਤ ਬਣੀ ਸਾਰਾਗੜ੍ਹੀ ਦੀ ਚੌਂਕੀ ਵਿਖੇ 36 ਸਿੱਖ ਰੈਜੀਮੈਂਟ ਦੇ 21 ਸਿੱਖ ਜਾਂਬਾਜ ਸਿਪਾਹੀਆਂ ਨੇ ਦਸ ਹਜ਼ਾਰ ਦੇ ਕਰੀਬ ਓਰਕਜਾਈ ਤੇ ਅਫਰੀਦੀ ਕਬਾਇਲੀਆਂ ਨਾਲ ਸਾਹਮਣਾ ਕਰਦੇ ਸਮੇਂ ਵਾਪਰਿਆ ਸੀ।

ਇਹ ਦੱਰਾ ਖੈਬਰ ਦੇ ਪ੍ਰਵੇਸ਼ ਦੁਆਰ ਉਤੇ ਸਥਿਤ ਹੋਣ ਕਾਰਨ ਵਿਦੇਸ਼ੀ ਧਾੜਵੀਆਂ ਜਾਂ ਵਿਉਪਾਰੀਆਂ ਲਈ ਲਾਭਦਾਇਕ ਹੈ ਅਤੇ ਆਰੀਅਨ ਪਰਵਾਸੀਆਂ ਨੇ ਭਾਰਤ ਵਿੱਚ ਵੱਡੇ ਪੱਧਰ ‘ਤੇ ਏਸੇ ਰਸਤੇ ਪ੍ਰਵੇਸ਼ ਕੀਤਾ। ਸਿਕੰਦਰ, ਚੰਗੇਜ਼ ਖਾਂ, ਮੁਹੰਮਦ ਗਜ਼ਨਵੀ, ਬਾਬਰ ਵੀ ਆਇਆ। ਬਾਅਦ ਵਿਚ ਬਰਤਾਨੀਆਂ ਨੇ ਇਸ ਇਲਾਕੇ ਤੋਂ ਰੂਸੀ ਦਬਦਬਾ ਖਤਮ ਕਰਨ ਲਈ 1891 ਵਿੱਚ ਸਮਾਨਾ ਰੇਜ਼ ਉਤੇ ਕਿਲ੍ਹੇ ਤੇ ਚੌਕੀਆਂ ਦੀ ਸਥਾਪਨਾ ਕੀਤੀ। 36 ਸਿੱਖ ਰੈਜੀਮੈਂਟ 23 ਮਾਰਚ 1887 ਨੂੰ ਹੋਂਦ ਵਿਚ ਆਈ। ਇਸ ਵਿੱਚ ਪੰਜਾਬ ਫਰੰਟੀਅਰ ਫੋਰਸ, ਬੰਗਾਲ ਇਨਫੈਂਟਰੀ ਦੀਆਂ 8 ਕੰਪਨੀਆਂ ਦੇ 225 ਚੌਣਵੇਂ ਬਹਾਦਰ ਸ਼ਾਮਲ ਕੀਤੇ ਗਏ; ਪਰ ਫਿਰ ਪੰਜਾਬ ਵਿਚੋਂ 8 ਮਈ 1887, ਜਨਵਰੀ 1888 ਤੇ ਫਿਰ 1891 ਵਿੱਚ ਨਵੀਂ ਭਰਤੀ ਕੀਤੀ, ਜਿਸ ਵਿੱਚ 2529 ਨੌਜਵਾਨ ਚੁਣੇ ਗਏ।

ਇਹ ਰੈਜੀਮੈਂਟ 31 ਦਸੰਬਰ 1896 ਨੂੰ ਕੋਹਾਟ ਪਹੁੰਚੀ। ਪਹਿਲੀ ਮਈ 1821 ਵਿੱਚ ਕਿਲ੍ਹਾ ਗੁਲਿਸਤਾਨ (ਕਾਵਾਗਨਰੀ) 6152 ਫੁੱਟ ਦੀ ਉਚਾਈ ਉਤੇ ਮਜ਼ਬੂਤ ਪੱਥਰਾਂ ਨਾਲ ਬਣਵਾਇਆ ਗਿਆ, ਜਿਸ ਵਿੱਚ 200 ਜਵਾਨ ਅਤੇ ਕਿਲ੍ਹਾ ਮਸਤਾਨ (ਲਾਕੱਹਰਟ) ਨੂੰ 6743 ਫੁੱਟ ਦੀ ਉਚਾਈ ਉਤੇ ਬਣਾਇਆ ਤੇ ਇਸ ਵਿੱਚ 300 ਜਵਾਨਾਂ ਦੇ ਰਹਿਣ ਦਾ ਪ੍ਰਬੰਧ ਸੀ। ਇਨ੍ਹਾਂ ਕਿਲਿ੍ਹਆ ਦੀਆਂ ਕੰਧਾਂ 12 ਤੋਂ 15 ਫੁੱਟ ਉਚੀਆਂ ਮਜ਼ਬੂਤ ਪੱਥਰਾਂ ਦੀਆਂ ਸਨ। ਪੰਜ ਮੀਲ ਦੇ ਖੇਤਰ ਵਿਚ ਪੰਜ ਚੌਂਕੀਆਂ ਵੀ ਸਥਾਪਤ ਹੋਈਆਂ। ਜੋ ਦੁਸ਼ਮਣ ਦੀ ਹਰਕਤ ਨੂੰ ਕਿਲਿ੍ਹਆਂ ਤੀਕ ਪਹੁੰਚਾੳਂੁਦੀਆਂ ਸਨ। ਲੜਾਈ ਸਮੇਂ 168 ਸਿੱਖ ਸਿਪਾਹੀ ਲਾਕੱਹਰਟ ਕਿਲ੍ਹੇ ਉਤੇ ਅਤੇ 175 ਸਿੱਖ ਸਿਪਾਹੀ ਗੁਲਿਸਤਾਨ ਮੌਜੂਦ ਸਨ। ਧਾਰਚੌਂਕੀ ਵਿੱਚ 37 ਸਿਪਾਹੀ ਤੇ ਸਰਤੋਪ ਚੌਂਕੀ ਵਿੱਚ 21 ਸਿਪਾਹੀ ਤਾਇਨਾਤ ਸਨ। ਸਾਰਾਗੜ੍ਹੀ ਵਿੱਚ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ 21 ਸਿੱੱਖ ਸਿਪਾਹੀ ਤੇ ਇੱਕ ਸਫਾਈ ਮਜ਼ਦੂਰ ਖੁਦਾਦਾਦ ਮੌਜੂਦ ਸੀ। 36 ਸਿੱਖ ਰੈਜੀਮੈਂਟ 23 ਮਾਰਚ 1887 ਨੂੰ ਕਰਨਲ ਜਿਮ ਕੁਕ ਦੀ ਕਮਾਂਡ ਹੇਠ ਜਲੰਧਰ ਛਾਉਣੀ ਵਿੱਚ ਆਰਮੀ ਦੇ ਕਲਾਜ ਨੰਬਰ 46 ਮੁਤਾਬਿਕ ਹੋਂਦ ਵਿੱਚ ਆਈ। ਇਸ ਵਿੱਚ ਪੰਜਾਬ ਫਰੰਟੀਅਰ ਫ਼ੋਰਸ ਅਤੇ ਬੰਗਾਲ ਇਨਫੈਂਟਰੀ ਦੀਆਂ 8 ਕੰਪਨੀਆਂ ਤੋਂ 225 ਚੋਣਵੇਂ ਬਹਾਦਰ ਸ਼ਾਮਲ ਕੀਤੇ ਗਏ ਤੇ 8 ਮਈ 1887 ਨੂੰ ਸਾਰੇ ਪੰਜਾਬ ਵਿੱਚੋਂ ਨਵੀਂ ਭਰਤੀ ਕੀਤੀ ਗਈ, ਜੋ ਕਿ ਕਰਨਲ ਕੂਕ ਤੇ ਕੈਪਟਨ ਐਚ.ਆਰ. ਹਲਮਸ ਦੀ ਦੇਖ-ਰੇਖ ਵਿੱਚ ਹੋਈ।

ਸਾਰੇ ਭਰਤੀ ਕੀਤੇ ਸਿੱਖਾਂ ਦਾ ਕੱਦ ਘੱਟ ਤੋਂ ਘੱਟ 5 ਫੁੱਟ 8 ਇੰਚ ਤੇ ਛਾਤੀ 36 ਇੰਚ ਚੌੜੀ ਹੁੰਦੀ ਸੀ। ਜਨਵਰੀ 1888 ਤੱਕ 912 ਜਵਾਨ ਭਰਤੀ ਹੋ ਗਏ ਤੇ 1891 ਤੱਕ ਕੁੱਲ ਭਰਤੀ 2529 ਹੋਈ। ਸਿਖਲਾਈ ਤੋਂ ਬਾਅਦ ਮਾਰਚ 1891 ਵਿੱਚ ਰੈਜੀਮੈਂਟ ਨੂੰ ਪਹਿਲਾਂ ਦਿੱਲੀ ਵਿੱਚ ਤੇ ਫਿਰ ਮਨੀਪੁਰ ਵਿੱਚ ਤਾਇਨਾਤ ਕੀਤਾ ਗਿਆ। 25 ਜੂਨ 1894 ਨੂੰ ਕਮਾਂਡਰ ਜਿਮ ਕੂਕ ਆਪਣੇ ਸਾਲ ਦਾ ਕਾਰਜਕਾਲ ਪੂਰਾ ਕਰਕੇ ਸੇਵਾ-ਮੁਕਤ ਹੋ ਗਿਆ। ਫਿਰ ਲੈਫ਼ਟੀਨੈਂਟ ਕਰਨਲ ਜੋਨ ਹਾਟਨ ਨੂੰ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਤੇ ਮੇਜਰ ਚਾਰਲਸ ਹੈਮਿਲਟਨ ਡੇਸ ਵੌਇਕਸ ਨੂੰ ਮੀਤ ਕਮਾਂਡਰ ਬਣਾਇਆ ਗਿਆ। ਪਿੰਡ ਸਾਰਾ ਵਿਖੇ 6200 ਫੁੱਟ ਦੀ ਉਚੀ ਪਹਾੜੀ ‘ਤੇ ਸਾਰਾਗੜ੍ਹੀ ਚੌਂਕੀ ਬਣਾਈ ਗਈ ਸੀ। ਮਿਸ਼ਨ ਸਾਰਾਗੜ੍ਹੀ ਦੇ ਲੇਖਕ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਬਰਤਾਨਵੀ ਫੌਜੀ ਅਧਿਕਾਰੀਆਂ ਦੀਆਂ ਚਿੱਠੀਆਂ ਦਾ ਜ਼ਿਕਰ ਕੀਤਾ ਹੈ, ਜੋ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

16 ਜਨਵਰੀ 1898 ਨੂੰ ਕਮਾਂਡਰ ਜੌਨ ਹਾਟਨ ਵੱਲੋਂ ਲਿਖੀ ਚਿੱਠੀ ਮੁਤਾਬਿਕ “ਸਮਾਨਾ ਉਤੇ ਸਾਡੀ ਅੱਧੀ ਬਟਾਲੀਅਨ (36 ਸਿੱਖ ਰੈਜੀਮੈਂਟ) ਸੱਤ ਚੌਂਕੀਆਂ ਵਿੱਚ ਵੰਡੀ ਹੋਈ ਸੀ, ਜੋ ਅੱਠ ਮੀਲ ਦੇ ਘੇਰੇ ਵਿੱਚ ਫੈਲੀ ਹੋਈ ਸੀ। ਫਿਰ ਜੇ ਸਾਡੇ ਕੋਲ ਦੋ ਪਹਾੜੀ ਤੋਪਾਂ ਹੁੰਦੀਆਂ, ਤਾਂ ਅਸੀਂ ਨਾ ਸਿਰਫ਼ ਹਾਲਾਤ ਕਾਬੂ ਕਰ ਸਕਦੇ ਸੀ, ਸਗੋਂ ਦੁਸ਼ਮਣ ਨੂੰ ਖ਼ਤਮ ਵੀ ਕਰ ਸਕਦੇ ਸੀ। ਦੁਸ਼ਮਣ ਦੀਆਂ ਗੁਰੀਲਾ ਨੀਤੀਆਂ ਅਤੇ ਵਧੀਆ ਹਥਿਆਰ ਹੋਣਾ, ਜਦਕਿ ਸਾਡੇ ਸੈਨਿਕਾਂ (ਸਾਰਾਗੜ੍ਹੀ ਵਾਲੇ) ਕੋਲ ਲੀ-ਮੈਟਫੋਰਡ ਸੀ।” 12 ਫ਼ਰਵਰੀ 1898 ਵਿੱਚ ‘ਟਾਈਮਜ਼’ ਅਖ਼ਬਾਰ ਵਿੱਚ ਛਪੀ ਜਨਰਲ ਬਿਗਸ ਦੀ ਰਿਪੋਰਟ ਮੁਤਾਬਿਕ “ਮੈਂ ਆਸ ਕਰਦਾ ਹਾਂ ਕਿ 21 ਸਿੱਖਾਂ ਦੀ ਇਸ ਵਫ਼ਾਦਾਰੀ ਤੇ ਬੇਮਿਸਾਲ ਬਹਾਦਰੀ ਨੂੰ ਬਰਤਾਨੀਆ ਦੇ ਫ਼ੌਜੀ ਇਤਿਹਾਸ ਵਿੱਚ ਖ਼ਾਸ ਥਾਂ ਦਿੰਦੇ ਹੋਏ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ।”

ਲੰਡਨ ਗਜ਼ਟ ਵਿੱਚ 11 ਫ਼ਰਵਰੀ 1898 ਨੂੰ ਗਵਰਨਰ ਜਨਰਲ ਦਾ ਬਿਆਨ ਛਪਿਆ, “36 ਸਿੱਖ ਰੈਜੀਮੈਂਟ ਦੇ ਜਵਾਨ ਕਿਲ੍ਹਾ ਲਾੱਕਹਰਟ ਤੋਂ ਬੇਮਿਸਾਲ ਬਹਾਦਰੀ ਨਾਲ ਲੜੇ ਤੇ ਸਾਰਾਗੜ੍ਹੀ ਪੋਸਟ ਤੋਂ 21 ਸਿੱਖ ਜਵਾਨਾਂ ਨੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ, ਜੋ ਬੇਮਿਸਾਲ ਦਲੇਰਾਨਾ ਲੜਾਈ ਲੜੀ ਉਹ ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਪਹਿਲੀ ਮਿਸਾਲ ਹੈ।” ਮਹਾਰਾਣੀ ਵਿਕਟੋਰੀਆ ਨੂੰ ਬਾਲਮੋਰਲ ਵਿੱਚ 16 ਸਤੰਬਰ 1897 ਨੂੰ ਟੈਲੀਗ੍ਰਾਮ ਜ਼ਰੀਏ ਫਰੰਟੀਅਰ ਦੀ ਲੜਾਈ ਦੀ ਖ਼ਬਰ ਪਹੁੰਚਾਈ ਗਈ ਤਾਂ ਉਸਨੇ ਕਿਹਾ, “ਸਿੱਖਾਂ ਨੇ ਬੇਮਿਸਾਲ ਵਫ਼ਾਦਾਰੀ ਤੇ ਬਹਾਦਰੀ ਨਾਲ 30 ਘੰਟੇ ਲਗਾਤਾਰ ਲੜਦੇ ਹੋਏ ਕਿਲ੍ਹਾ ਕਾਵਾਗਨਰੀ ਨੂੰ ਦੁਸ਼ਮਣਾਂ ਨਾਲ ਲੜਦੇ ਹੋਏ ਬਚਾਇਆ।”

13 ਜੁਲਾਈ 1898 ਨੂੰ ਸਰਕਾਰੀ ਰਿਕਾਰਡ ਵਿੱਚ ਇਹ ਦਰਜ ਕੀਤਾ ਗਿਆ, “ਕੁਈਨ ਦੀ ਸਰਕਾਰ ਇਸ (ਫ਼ਰੰਟੀਅਰ) ਵਿੱਚ ਬਰਤਾਨਵੀਂ ਤੇ ਭਾਰਤੀ ਅਫ਼ਸਰਾਂ ਤੇ ਸਿਪਾਹੀਆਂ ਵੱਲੋਂ ਵਿਖਾਈ ਗਈ ਬਹਾਦਰੀ ਦਾ ਸਨਮਾਨ ਕਰਦੀ ਹੈ ਤੇ ਖ਼ਾਸ ਕਰਕੇ 36 ਸਿੱਖ ਰੈਜੀਮੈਂਟ ਦੇ ਉਨ੍ਹਾਂ ਜਵਾਨਾਂ ਦੀ, ਜਿਨ੍ਹਾਂ ਨੇ ਆਖ਼ਰੀ ਸਾਹ ਤੱਕ ਬੇਮਿਸਾਲ ਬਹਾਦਰੀ ਵਿਖਾਉਂਦੇ ਹੋਏ ਸਾਰਾਗੜ੍ਹੀ ਪੋਸਟ ਦੀ ਰੱਖਿਆ ਕੀਤੀ। ਭਾਰਤ ਦੇ ਵਾਇਸਰਾਏ ਲਾਰਡ ਕੁਰਜੋਨ ਨੇ ਲਾਹੌਰ ਵਿੱਚ ਸਾਬਕਾ ਫ਼ੌਜੀਆਂ ਦੇ ਇੱਕ ਸਮਾਗਮ ਵਿੱਚ 6 ਅਪ੍ਰੈਲ 1899 ਨੂੰ ਆਪਣੇ ਭਾਸ਼ਣ ਵਿੱਚ ਕਿਹਾ, “ਮੈਂ ਸਿੱਖ ਕੌਮ ਉੱਤੇ ਮਾਣ ਕਰਦਾ ਹਾਂ ਕਿ ਉਨ੍ਹਾਂ ਨੇ ਬਰਤਾਨਵੀਂ ਰਾਜ ਦੇ 50 ਸਾਲਾਂ ਵਿੱਚ ਫ਼ੌਜ ਅੰਦਰ ਸੇਵਾਵਾਂ ਦਿੰਦੇ ਹੋਏ, ਜੋ ਬਹਾਦਰੀ ਵਿਖਾਈ, ਉਹ ਹੋਰ ਕੋਈ ਭਾਰਤੀ ਕੌਮ ਨਹੀਂ ਦਿਖਾ ਸਕੀ।”

1900 ਵਿੱਚ ਸਰਕਾਰ ਵੱਲੋਂ ਸਾਰਾਗੜ੍ਹੀ ਦੇ 21 ਜਾਂਬਾਜ਼ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ 500 ਰੁਪਏ ਨਕਦ ਤੇ 2-2 ਮੁਰੱਬੇ (50 ਕਿਲ੍ਹੇ) ਜ਼ਮੀਨ ਦੇ ਨਾਲ ਸਨਮਾਨ ਵਜੋਂ ‘ਇੰਡੀਅਨ ਆਰਡਰ ਆਫ਼ ਮੈਰਿਟ` ਤਗ਼ਮਾ ਦਿੱਤਾ ਗਿਆ। ਇਨ੍ਹਾਂ ਤਗ਼ਮਿਆਂ ਦੇ ਪਿਛਲੇ ਪਾਸੇ ਹਰੇਕ ਸ਼ਹੀਦ ਸਿੱਖ ਸਿਪਾਹੀ ਦਾ ਰੈਂਕ ਤੇ ਨਾਮ ਉਕਰਿਆ ਹੋਇਆ ਸੀ। ਨਵੰਬਰ 1901 ਵਿੱਚ ਕਿਲ੍ਹਾ ਲਾਕਹਰਟ ਦੇ ਕੋਲ ਅਤੇ ਮੌਜੂਦਾ ਸਮੇਂ ਓਰਕਜ਼ਾਈ ਏਜੰਸੀ ਦੇ ਹੈੱਡਕੁਆਟਰ ਦੇ ਨਾਲ ਸਾਰਾਗੜ੍ਹੀ ਦੇ 21 ਅਣਖੀ ਸੂਰਮਿਆਂ ਦੀ ਯਾਦ ਵਜੋਂ ਇੱਕ ਮਿਨਾਰ ਬਣਵਾਇਆ ਗਿਆ। ਸਮੇਂ ਦੇ ਬੀਤਣ ਨਾਲ ਇਸ ਯਾਦਗਾਰ ਦਾ ਕੁੱਝ ਕੱਟੜ ਪੰਥੀਆਂ ਵੱਲੋਂ ਕਾਫ਼ੀ ਨੁਕਸਾਨ ਕੀਤਾ ਗਿਆ। ਸਾਰਾਗੜ੍ਹੀ ਫਾਊਂਡੇਸ਼ਨ (1987 ਨੂੰ ਅੰਮ੍ਰਿਤਸਰ ਵਿਖੇ ਹੋਂਦ ਵਿੱਚ ਆਈ) ਵੱਲੋਂ ਮਾਰਚ 2017 ਵਿੱਚ ਇਸ ਮੀਨਾਰ ਦੀ ਦੁਬਾਰਾ ਮੁਰੰਮਤ ਕਰਵਾ ਕੇ 21 ਸਿੱਖਾਂ ਦੇ ਨਾਂਵਾਂ ਵਾਲੀਆਂ ਪੱਥਰ ਦੀਆਂ ਸਿੱਲ੍ਹਾਂ (ਪੰਜਾਬੀ ਅਤੇ ਉਰਦੂ ਵਿੱਚ) ਲਗਵਾਉਣ ਤੋਂ ਬਾਅਦ ਮੀਨਾਰ ਦੇ ਆਸ-ਪਾਸ 90 ਜਰਬ 47 ਫੁੱਟ ਦੇ ਰਕਬੇ ਵਿੱਚ 6 ਫੁੱਟ ਉੱਚੀ ਤੇ ਢਾਈ ਫੁੱਟ ਚੌੜੀ ਪੱਥਰਾਂ ਦੀ ਚਾਰ-ਦੀਵਾਰੀ ਕਰਵਾ ਕੇ ‘ਸਾਰਾਗੜ੍ਹੀ ਪਾਰਕ` ਦਾ ਨਿਰਮਾਣ ਕਰਵਾਇਆ ਗਿਆ ਹੈ।

16 ਅਪ੍ਰੈਲ 1902 ਨੂੰ ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦਾ ਉਦਘਾਟਨ ਕਮਾਂਡਰ-ਇਨ ਦੀ ਜਨਰਲ ਸਰ ਆਰਥਰ ਪਾਵਰ ਪਾਲਮਰ ਨੇ ਕੀਤਾ ਤੇ ਉਸ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਇਹ ਯਾਦਗਾਰ ਉਨ੍ਹਾਂ ਬਹਾਦਰ ਸਿੱਖ-ਸੂਰਬੀਰਾਂ ਦੀ ਹਮੇਸ਼ਾਂ ਯਾਦ ਦਿਵਾਏਗੀ, ਜਿਨ੍ਹਾਂ ਨੇ ਦੁਨੀਆਂ ਦੇ ਬਿਹਤਰੀਨ ਜੰਗਜੂ ਤੇ ਨਿਡਰ ਵਫ਼ਾਦਾਰ ਸਿਪਾਹੀ ਹੋਣ ਦਾ ਸਬੂਤ ਦਿੰਦੇ ਹੋਏ, ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨ ਦੀ ਥਾਂ, ਹੱਸਦੇ ਹੋਏ ਆਖ਼ਰੀ ਸਾਹ ਤੱਕ ਦੁਸ਼ਮਣ ਦਾ ਅਣਖ਼ ਨਾਲ ਮੁਕਾਬਲਾ ਕਰਦਦਿਆਂ ਮਰਨਾ ਪ੍ਰਵਾਨ ਕੀਤਾ।” ਜਨਰਲ ਨੇ ਹੋਰ ਕਿਹਾ ਕਿ “ਇਹ ਯਾਦਗਾਰ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਕੋਲ ਬਣਾਉਣ ਦਾ ਕਾਰਨ ਇਹ ਸੀ ਕਿ ਸਾਰੇ ਸਿੱਖ ਇੱਥੇ ਆਉਂਦੇ-ਜਾਂਦੇ ਵੇਖਣ ਕਿ ਬਰਤਾਨਵੀਂ ਸਾਮਰਾਜ ਸਿੱਖਾਂ ਦੀ ਬਹਾਦਰੀ ਦੀ ਹਮੇਸ਼ਾਂ ਕਦਰ ਕਰਦੀ ਹੈ ਤੇ ਰਹਿੰਦੀ ਦੁਨੀਆਂ ਤੱਕ, ਉਨ੍ਹਾਂ ਦੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।”

ਸਾਰਾਗੜ੍ਹੀ ਦੀ ਇੱਕ ਹੋਰ ਯਾਦਗਾਰ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਫ਼ਿਰੋਜ਼ਪੁਰ ਕੈਂਟ ਬਣਾਈ ਗਈ, ਜਿਸ ਦਾ ਉਦਘਾਟਨ ਜਨਵਰੀ 1904 ਨੂੰ ਸਰ ਚਾਰਲਸ ਪੇਵਜ ਨੇ ਕੀਤਾ। ਇਸ ਯਾਦਗਾਰ ਲਈ ਪਾਇਨੀਅਰ ਅਖ਼ਬਾਰ ਇਲਾਹਾਬਾਦ ਨੇ ਚੰਦਾ ਇਕੱਠਾ ਕੀਤਾ ਸੀ।

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਕਬਾਇਲੀ ਜ਼ਿਲ੍ਹਾ ਹੰਗੂ ਵਿਚਲੇ ਕਿਲ੍ਹਾ ਸਾਰਾਗੜ੍ਹੀ ਵਿਖੇ ਉੱਥੋਂ ਦੇ ਸਥਾਨਕ ਹਿੰਦੂ-ਸਿੱਖ ਭਾਈਚਾਰੇ ਵਲੋਂ ਸਾਂਝੇ ਤੌਰ ‘ਤੇ ‘ਗੁਰਦੁਆਰਾ ਸਾਰਾਗੜ੍ਹੀ ਸ੍ਰੀ ਸਿੰਘ ਸਭਾ ਹੰਗੂ ਦੀ ਉਸਾਰੀ ਕੀਤੀ ਗਈ ਹੈ, ਜਿੱਥੇ 12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਸੰਨ 1947 ਦੇ ਬਾਅਦ ਪਹਿਲੀ ਵਾਰ ਹੰਗੂ ਵਿਖੇ ਸ਼ਹੀਦਾਂ ਦੀ ਯਾਦ ‘ਚ ਗੁਰਦੁਆਰਾ ਸਥਾਪਤ ਕੀਤਾ ਗਿਆ ਹੈ। ਹੰਗੂ ‘ਚ ਮੌਜੂਦਾ ਸਮੇਂ ਹਿੰਦੂ ਸਿੱਖ ਅਤੇ ਈਸਾਈ ਭਾਈਚਾਰੇ ਦੇ ਸਿਰਫ਼ 8 ਪਰਿਵਾਰ ਰਹਿ ਰਹੇ ਹਨ। ਕਿਲ੍ਹਾ ਸਾਰਾਗੜ੍ਹੀ ਦੀਆਂ ਜਰਜਰ ਹੋ ਚੁੱਕੀਆਂ ਦੀਵਾਰਾਂ ਅੱਜ ਵੀ ਸੰਨ 1897 ਵਿੱਚ ਸ਼ਹੀਦ ਹੋਣ ਵਾਲੇ 21 ਬਹਾਦਰ ਸਿੱਖ ਫੌਜੀਆਂ ਦੀ ਸੂਰਬੀਰਤਾ ਦੀ ਗਵਾਹੀ ਭਰ ਰਹੀਆਂ ਹਨ।

Leave a Reply

Your email address will not be published. Required fields are marked *