ਕਬੱਡੀ ਕੱਪ “ਸੰਦੀਪ ਨੰਗਲ ਅੰਬੀਆਂ ਬੇਅ ਏਰੀਆ ਕੈਲੀਫੋਰਨੀਆ ਕਬੱਡੀ ਕਲੱਬ” ਨੇ ਜਿੱਤਿਆ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਵਰਲਡ ਕਬੱਡੀ ਕੱਪ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ ਅਤੇ ਦਰਸ਼ਕਾਂ ਨੇ ਕਬੱਡੀ ਦੇ ਮੁਕਾਬਲਿਆਂ ਦੇ ਨਾਲ ਨਾਲ ਗਾਇਕ ਜੈਜ਼ੀ ਬੀ ਦੇ ਅਖਾੜੇ ਦਾ ਭਰਪੂਰ ਅਨੰਦ ਮਾਣਿਆ। ਇਸ ਮੇਲੇ ਲਈ ਕਲੱਬ ਦੀ ਪ੍ਰਬੰਧਕੀ ਟੀਮ ਦੀ ਮਿਹਨਤ ਸਪੱਸ਼ਟ ਦਿਸ ਰਹੀ ਸੀ। ਮੇਲੇ ਲਈ ਜ਼ਿਆਦਾਤਰ ਪ੍ਰਬੰਧ ਪੁਖ਼ਤਾ ਸਨ, ਜਿਸ ਕਾਰਨ ਦਰਸ਼ਕ ਮੇਲੇ ਦੇ ਨਜ਼ਾਰਿਆਂ ਤੋਂ ਖੁਸ਼ ਸਨ ਅਤੇ ਪ੍ਰਬੰਧਕ ਵੀ ਮੇਲੇ ਦੀ ਸਫਲਤਾ ਤੋਂ ਬਾਗੋ ਬਾਗ ਨਜ਼ਰ ਆਏ। ਮੇਲੇ ਵਿਚ ਜਿਥੇ ਕਬੱਡੀ ਦਾ ਫਾਈਨਲ ਮੈਚ ਬੜਾ ਦਿਲਚਸਪ ਰਿਹਾ, ਉਥੇ ਗਾਇਕਾਂ ਨੂੰ ਵੀ ਆਪਣੀ ਗਾਇਕੀ ਦਾ ਮੁਜਾਹਰਾ ਕਰਨ ਲਈ ਕਾਫੀ ਸਮਾਂ ਮਿਲ ਗਿਆ। ਇਹ ਵੀ ਦਿਲਚਸਪ ਸੀ ਕਿ ਇਸ ਮੇਲੇ ਵਿੱਚ ਕਰੀਬ ਸਾਰੇ ਖੇਡ ਕਲੱਬਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਬਾਬਾ ਦਲਜੀਤ ਸਿੰਘ ਨੇ ਮੇਲੇ ਦੀ ਕਾਮਯਾਬੀ ਤੇ ਸੁਖ ਸ਼ਾਂਤੀ ਦੀ ਅਰਦਾਸ ਕੀਤੀ। ਦੁਪਹਿਰ ਦੋ ਕੁ ਵਜੇ ਤੱਕ ਮੇਲਾ ਬਹੁਤਾ ਭਰਵਾਂ ਨਹੀਂ ਸੀ, ਪਰ ਬਾਅਦ ਵਿੱਚ ਮੇਲਾ ਪੂਰੇ ਜੋਬਨ ਉਤੇ ਹੋ ਗਿਆ ਸੀ। ਮੌਸਮ ਵੀ ਸੁਹਾਵਣਾ ਰਿਹਾ, ਉਂਜ ਅਸਮਾਨ ਵਿੱਚ ਇੱਕ ਵਾਰ ਤਾਂ ਕਾਲੀਆਂ ਘਟਾਵਾਂ ਵੀ ਚੜ੍ਹ ਆਈਆਂ ਸਨ।
ਜੈਜ਼ੀ ਬੀ ਦੀ ਸਟੇਜ ਉੱਤੋਂ ਪੇਸ਼ਕਾਰੀ ਸਬੰਧੀ ਕੁਝ ਸਰੋਤੇ ਚਾਹ ਰਹੇ ਸਨ ਕਿ ਜੈਜ਼ੀ ਗਾਉਣਾ ਜਲਦੀ ਸ਼ੁਰੂ ਕਰੇ ਅਤੇ ਘੱਟੋ-ਘੱਟ ਢਾਈ-ਤਿੰਨ ਘੰਟੇ ਗਾਉਂਦਾ ਰਹੇ। ਸਿਰਫ 40-45 ਮਿੰਟ ਦੇ ਆਪਣੀ ਗਾਇਕੀ ਦੇ ਪ੍ਰਦਰਸ਼ਨ ਦੌਰਾਨ ਹੀ ਜੈਜ਼ੀ ਨੇ ਸਰੋਤਿਆਂ, ਖਾਸਕਰ ਮੁੰਡ੍ਹੀਰ ਨੂੰ ਆਪਣੇ ਗੀਤਾਂ ਦੇ ਰੰਗ ਵਿੱਚ ਰੰਗ ਲਿਆ; ਕਬੱਡੀ ਦੇ ਮੈਚਾਂ ਤੋਂ ਇਲਾਵਾ ਉਹ ਮੇਲੇ ਦਾ ਖ਼ਾਸ ਆਕਰਸ਼ਣ ਜੋ ਸੀ! ਆਪਣੀ ਗਾਇਕੀ ਦੇ ਦਮ ਉਤੇ ਅਤੇ ਕਲਾਕਾਰ ਤੇ ਸਰੋਤੇ ਵਿਚਲਾ ਫਰਕ ਮਿਟਾ ਕੇ ਉਹ ਲਗਾਤਾਰ ਗਾਉਂਦਾ ਰਿਹਾ। ਉਸ ਨੇ ਬੜੇ ਤਹੱਮਲ ਨਾਲ ਸਰੋਤਿਆਂ ਨਾਲ ਰਾਬਤਾ ਬਣਾਈ ਰੱਖਿਆ। ਨਾਲ ਹੀ ਕੁਝ ਵਿਅੰਗ ਤੇ ਨਸੀਹਤ ਭਰਪੂਰ ਗੱਲਾਂ ਦਾ ਛੱਟਾ ਵੀ ਕੇਰਿਆ ਅਤੇ ਮਾਂ ਬੋਲੀ ਪੰਜਾਬੀ ਪ੍ਰਤੀ ਹੇਜ ਵੀ ਪ੍ਰਗਟਾਇਆ।
ਭਾਰਤ ਵਿੱਚ ਸਿੱਖ ਜਥੇਬੰਦੀਆਂ ਪ੍ਰਤੀ ਬੇਰੁਖੀ ਭਰੇ ਰਵੱਈਏ ਉੱਤੇ ਉਸ ਨੇ ਤਨਜ਼ ਕੱਸੀ ਅਤੇ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ, ਪਰ ਜੇ ਕੋਈ ਜ਼ੁਲਮ ਢਾਹੇ ਤਾਂ ਪਿੱਛੇ ਵੀ ਨਹੀਂ ਹਟਦੀ। ਉਸ ਨੇ ‘ਖਾਲਸਾ ਏਡ’ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਤੇ ਭਾਈਚਾਰੇ ਨੂੰ ਉਹਦਾ ਸਾਥ ਦੇਣ ਦੀ ਗੱਲ ਕਹੀ। ਉਹ ਬੋਲਿਆ ਕਿ ਪੰਜਾਬੀਆਂ ਨੂੰ ਕੋਈ ਡਰਾ ਨਹੀਂ ਸਕਦਾ, ਪਰ ਨਾਲ ਹੀ ਸਲਾਹ ਦਿੱਤੀ ਕਿ ਆਪਸ ਵਿੱਚ ਨਾ ਲੜਿਆ ਕਰੋ। ਧਰਮਾਂ, ਜਾਤਾਂ ਪਿੱਛੇ ਨਾ ਲੜੋ ਕਿਉਂਕਿ ਇਨਸਾਨੀਅਤ ਪਹਿਲੋਂ ਹੈ। ਉਸ ਨੇ ਸਾਧਾਂ ਦੇ ਡੇਰਿਆਂ `ਤੇ ਤੁਰਨ ਨਾਲੋਂ ਮਾਂ-ਪਿਓ ਦੀ ਸੇਵਾ ਕਰਨ ਦੀ ਨਸੀਹਤ ਕਰਦਿਆਂ “ਮਾਂ” ਬਾਰੇ ਗੀਤ ਪੇਸ਼ ਕੀਤਾ। ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੋਈ “ਪਰੌਂਠੀ ਵਾਲੀ ਬੀਬੀ” ਦਾ ਜ਼ਿਕਰ ਛੋਹੰਦਿਆਂ ਜੈਜ਼ੀ ਨੇ ਕਿਹਾ ਕਿ ਟਿੱਕਟੌਕ ਬੇਸ਼ੱਕ ਵਰਤੋਂ, ਪਰ ਕੋਈ ਇੱਦਾਂ ਦਾ ਨਾ ਹੋਵੇ, ਜੋ ਆਪਣੀ ਸਿੱਖੀ ਤੇ ਆਪਣੀ ਕੌਮ ਨੂੰ ਨਿੰਦੇ। ਸਿੱਖ ਕੌਮ ਤਾਂ ਸਭ ਲਈ ਖੁੱਲ੍ਹਾ ਲੰਗਰ ਲਾ ਦਿੰਦੀ ਹੈ। ਉਹ ਜੈਜ਼ੀ ਬੀ ਤੋਂ ਜਸਵਿੰਦਰ ਸਿੰਘ ਬੈਂਸ ਬਣ ਗਿਆ ਲਗਦਾ ਸੀ।
ਇਸ ਤੋਂ ਇਲਾਵਾ ਉਸ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਇੰਜਣਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਕਿ ਇਸ ਦੀ ਦੁਨੀਆਂ ਨਕਲੀ ਹੈ। ਉਸ ਨੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਆ। ਮਾਪਿਆਂ ਅੱਗੇ ਮੂੰਹਫਟ ਬਣਨ ਵਾਲੇ ਬੱਚਿਆਂ ਦੀ ਗੱਲ ਕਰਦਿਆਂ ਉਸ ਨੇ ਤੋੜਾ ਝਾੜਿਆ ਕੇ ਅੱਜ ਕੱਲ ਬੱਚੇ 13-14 ਸਾਲ ਦੀ ਉਮਰ ਵਿੱਚ ਹੀ ਜਵਾਨ ਹੋ ਜਾਂਦੇ ਹਨ, ਜਦਕਿ ਪਹਿਲਾਂ ਜਵਾਨੀ 18-20 ਸਾਲ ਦੀ ਉਮਰੇ ਚੜ੍ਹਦੀ ਸੀ। ਉਸ ਨੇ ਬੱਚਿਆਂ ਨੂੰ ਸੁਪਨੇ ਸਿਰਜਣ ਤੇ ਉਨ੍ਹਾਂ ਨੂੰ ਪੂਰਿਆਂ ਕਰਨ ਖਾਤਿਰ ਮਿਹਨਤ ਦਾ ਪੱਲਾ ਫੜਨ ਲਈ ਪ੍ਰੇਰਿਆ। ਜੈਜ਼ੀ ਨੇ ਸਟੇਜ ਤੋਂ ਆਪਣੇ ਮੁੰਡੇ ਦਾ ਤੁਆਰਫ਼ ਵੀ ਕਰਵਾਇਆ ਅਤੇ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ਵੀ ਗੱਲਾਂ ਗੱਲਾਂ ਵਿੱਚ ਯਾਦ ਕੀਤਾ। ਉਸ ਦੀ ਟੀਮ ਦੇ ਇੱਕ ਮੈਂਬਰ ਨੇ ਕੁਲਦੀਪ ਮਾਣਕ ਦੀ ਤਸਵੀਰ ਅਤੇ “ਤੇਰੇ ਟਿੱਲੇ ਤੋਂ” ਸ਼ਬਦ ਉਕਰੇ ਵਾਲੀ ਜੈਕਟ ਪਾਈ ਹੋਈ ਸੀ।
ਜੈਜ਼ੀ ਨੇ ਸਰੋਤਿਆਂ ਨੂੰ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਬੁਲਾਉਣ ਉਪਰੰਤ “ਲੈ ਕੇ ਕਲਗੀਧਰ ਤੋਂ ਥਾਪੜਾ” ਵਾਰ ਪੇਸ਼ ਕੀਤੀ। ਉਸ ਨੇ ਸਿਰ ਰੁਮਾਲ ਨਾਲ ਢਕ ਲਿਆ ਸੀ ਅਤੇ ਪੈਰਾਂ `ਚੋਂ ਬੂਟ ਲਾਹ ਦਿੱਤੇ ਸਨ। ਜੈਜ਼ੀ ਨੇ “ਬੜੇ ਔਖੇ ਨੇ ਤਰੱਕੀ ਵਾਲੇ ਰਾਹ ਲੋਕੋ”, “ਪਾਉਣ ਭੰਗੜੇ ਤੇ ਖੇਡਣ ਕਬੱਡੀਆਂ, ਸੋਹਣੇ ਗੱਭਰੂ ਪੰਜਾਬ ਦੇ”, “ਜਿਹਨੇ ਮੇਰਾ ਦਿਲ ਲੁੱਟਿਆ”, “ਰੈਂਬੋ ਰੈਂਬੋ” ਸਮੇਤ ਕੁਝ ਹੋਰ ਗੀਤ ਗਾਏ। ਉਸ ਨਾਲ ਸੈਲਫੀਆਂ ਖਿੱਚਣ ਨੂੰ ਕਾਹਲੇ ਪਏ ਸਰੋਤਿਆਂ ਨੂੰ ਉਸ ਨੇ ਕਹਿ ਦਿੱਤਾ ਸੀ ਕਿ ਉਹ ਸਭ ਨਾਲ ਫੋਟੋਆਂ ਖਿੱਚਵਾਏਗਾ ਤੇ ਸਟੇਜ ਉੱਤੇ ਗਾਉਂਦਿਆਂ ਲੋਕਾਂ ਨਾਲ ਤਸਵੀਰਾਂ ਖਿਚਵਾਉਣ ਸਮੇਂ ਉਹਨੇ ਕੋਈ ਉਜਰ ਵੀ ਨਾ ਕੀਤਾ। ਇੱਕ ਵਾਰ ਤਾਂ ਸਟੇਜ ਉੱਤੇ ਪੂਰਾ ਘੜਮੱਸ ਪੈ ਗਿਆ ਸੀ। ਬੇਸ਼ੱਕ ਕਬੱਡੀ ਦੇ ਮੈਚ ਵੀ ਦਿਲਚਸਪ ਸਨ, ਪਰ ਅਸਲ ਅਰਥਾਂ ਵਿੱਚ ਮੇਲਾ ਜੈਜ਼ੀ ਦੇ ਨਾਂ ਹੀ ਰਿਹਾ।
ਇਸ ਤੋਂ ਪਹਿਲਾਂ ਮਹਿਮਾਨ ਗਾਇਕਾ ਜੈਨੀ ਜੌਹਲ ਨੇ ਗਾਇਕੀ ਦੀ ਸਟੇਜ ਭਖਾਈ। ਜਦੋਂ ਉਸ ਨੇ ਪੌਣਾ ਕੁ ਘੰਟਾ ਗਾ ਲਿਆ ਤਾਂ ਕੁਝ ਸਰੋਤਿਆਂ ਨੂੰ ਸ਼ੱਕ ਹੋਇਆ ਕਿ ਖ਼ੌਰੇ ਜੈਜ਼ੀ ਬੀ ਆਇਆ ਹੀ ਨਹੀਂ, ਜਿਹੜਾ ਜੈਨੀ ਜੌਹਲ ਇੰਨਾ ਸਮਾਂ ਲੰਘਾਈ ਜਾਂਦੀ ਹੈ। ਜਦੋਂ ਜੈਜ਼ੀ ਦੇ ਗਾਉਣ ਦੇ ਸਮੇਂ ਦਾ ਐਲਾਨ ਹੋਇਆ, ਤਾਂ ਕਿਤੇ ਜਾ ਕੇ ਕਈਆਂ ਨੂੰ ਯਕੀਨ ਹੋਇਆ। ਜ਼ਿਕਰਯੋਗ ਹੈ ਕਿ ਮੇਲੇ ਦਾ ਇੱਕੋ ਇੱਕ ਗਾਇਕ ਪਹਿਲਾਂ ਸਿਰਫ਼ ਜੈਜ਼ੀ ਬੀ ਹੀ ਸੀ। ਜੈਨੀ ਨੇ ਕੁਝ ਆਪਣੇ ਅਤੇ ਕੁਝ ਦੂਜੇ ਗਾਇਕਾਂ ਦੇ ਗੀਤ ਸੁਣਾਏ। ਸਿੱਧੂ ਮੂਸੇਵਾਲਾ ਦਾ ਗੀਤ “ਡਾਲਰਾਂ ਵਾਂਗੂ ਨੀਂ ਨਾਂ ਸਾਡਾ ਚੱਲਦਾ” ਵੀ ਗਾਇਆ। ਉਸ ਦੇ ਗਾਉਣ ਉਪਰੰਤ ਕੈਲੀਫੋਰਨੀਆ ਤੋਂ ਆਏ ਗਾਇਕ ਰਾਜਪਾਲ ਸੰਧੂ ਨੇ ਸਿਕੰਦਰ ਸਿੰਘ ਔਜਲਾ ਦਾ ਗੀਤ “ਹਵੇਲੀ” ਪੇਸ਼ ਕੀਤਾ। ਉਹ ਹੋਰ ਗਾਉਣਾ ਚਾਹੁੰਦਾ ਸੀ, ਪਰ ਜੈਜ਼ੀ ਦੇ ਗਾਉਣ ਦਾ ਸਮਾਂ ਲੰਘਦਾ ਜਾਂਦਾ ਸੀ।
ਗਾਇਕੀ ਦੇ ਦੌਰ ਤੋਂ ਪਹਿਲਾਂ ਕਬੱਡੀ ਦੇ ਮੈਚਾਂ ਦੁਆਲੇ ਦਰਸ਼ਕਾਂ ਦੀ ਭੀੜ ਜੁੜੀ ਹੋਈ ਸੀ। ਕਬੱਡੀ ਦੇ ਕਰੌਸ ਮੈਚਾਂ ਅਤੇ ਸੈਮੀਫਾਈਨਲ ਵਿੱਚ ਚਾਰ ਟੀਮਾਂ ਦੇ ਭੇੜ ਹੋਏ, ਜਿਨ੍ਹਾਂ ਵਿੱਚ ਬਾਬਾ ਸੰਗ ਜੀ ਮਿੱਡਵੈਸਟ ਕਬੱਡੀ ਕਲੱਬ, ਨਾਰਥ ਅਮੈਰਿਕਾ ਹਰਖੋਵਾਲ ਤੇ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਸੈਕਰਾਮੈਂਟੋ, ਸੰਦੀਪ ਨੰਗਲ ਅੰਬੀਆਂ ਬੇਅ ਏਰੀਆ ਕੈਲੀਫੋਰਨੀਆ ਕਬੱਡੀ ਕਲੱਬ ਅਤੇ ਨਿਊ ਯਾਰਕ ਕਬੱਡੀ ਕਲੱਬ ਸ਼ਾਮਲ ਸਨ।
ਸੈਮੀ ਫਾਈਨਲ ਅਤੇ ਫਾਈਨਲ ਮੈਚ ਦੌਰਾਨ ਕਬੱਡੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਜਦੋਂ ਕੋਈ ਜਾਫੀ ਕਿਸੇ ਧਾਵੀ ਨੂੰ ਡੱਕ ਲੈਂਦਾ ਜਾਂ ਕੋਈ ਧਾਵੀ ਕਿਸੇ ਜਾਫੀ ਤੋਂ ਛੁਟ ਛਲਾਂਗਾਂ ਮਾਰਦਾ ਹੰਦਿਆਂ ਵੱਲ ਨੂੰ ਵੱਧਦਾ ਤਾਂ ਨਜ਼ਾਰਾ ਦਿਲਚਸਪ ਬਣ ਜਾਂਦਾ। ਤੂਫ਼ਾਨ ਜੋਗੇਵਾਲ ਵੀ ਪੂਰਾ ਚੜ੍ਹ ਚੜ੍ਹ ਤੇ ਚਾਂਗਰਾਂ ਮਾਰਦਾ ਖੇਡ ਰਿਹਾ ਸੀ। ਕਦੇ ਕਦੇ ਤਾਂ ਇਉਂ ਜਾਪਦਾ ਸੀ, ਜਿਵੇਂ ਜ਼ੋਰ ਸਿਰਫ ਖਿਡਾਰੀਆਂ ਦਾ ਹੀ ਨਹੀਂ ਲੱਗ ਰਿਹਾ, ਸਗੋਂ ਦਰਸ਼ਕ ਵੀ ਜ਼ੋਰ ਕਰ ਰਹੇ ਹੋਣ।
ਫਾਈਨਲ ਮੈਚ ਵਿੱਚ ਸੰਦੀਪ ਨੰਗਲ ਅੰਬੀਆਂ ਬੇਅ ਏਰੀਆ ਕੈਲੀਫੋਰਨੀਆ ਕਬੱਡੀ ਕਲੱਬ ਦੇ ਪਾਲਾ ਜਲਾਲਪੁਰ, ਖੁਸ਼ੀ ਦੁੱਗਾ, ਸ਼ਮੀਰ ਖਾਨ ਤੇ ਹੈਪੀ ਸਿੱਧੜਾਂ ਵਾਲਾ ਨੇ ਜ਼ਬਰਦਸਤ ਜਕੜਜੰਦ ਲਾਏ, ਜਦਕਿ ਸੁਲਤਾਨ ਸੰਦੀਪ, ਦੁੱਲਾ ਬੱਗਾ ਪਿੰਡ, ਮੈਕਸੀਕਨ ਮੂਲ ਦੇ ਹੈਰੋ ਚਾਵੇਜ਼, ਰਾਜੂ ਕੋਟਲਾ ਭਰੀ ਤੇ ਦੱਲੀ ਦੇ ਧਾਵਿਆਂ ਦਾ ਵੀ ਖੇਡ ਮੈਦਾਨ ਵਿੱਚ ਚਰਚਾ ਸੀ। ਇਹੋ ਟੀਮ ਵਰਲਡ ਕਬੱਡੀ ਕੱਪ ਸ਼ਿਕਾਗੋ ਆਪਣੇ ਨਾਂ ਕਰਨ ਵਿੱਚ ਕਾਮਯਾਬ ਰਹੀ, ਜਦਕਿ ਸਾਂਝੇ ਤੌਰ `ਤੇ ਖੇਡੀ ਨਾਰਥ ਅਮੈਰਿਕਾ ਹਰਖੋਵਾਲ ਅਤੇ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਸੈਕਰਾਮੈਂਟੋ ਦੀ ਟੀਮ ਦੂਜੇ ਥਾਂ ਰਹੀ। ਇਸ ਟੀਮ ਦੇ ਧਾਵੀਆਂ- ਜੱਗਾ ਰੰਧਾਵਾ, ਸੇਠੀ ਹਰਖੋਵਾਲ, ਹੈਪੀ ਸੈਂਪਲੀ ਸਾਹਿਬ, ਗਗਨ ਨਾਗਰਾ ਤੇ ਮੱਖਣ ਅਲੀ ਅਤੇ ਜਾਫੀਆਂ- ਅਮਨ ਥਿਗਲੀ, ਸ਼ਿੰਦਰ ਘੜਾ, ਰੂਪੀ ਹਰਖੋਵਾਲ, ਰਣਜੀਤ ਤੇ ਬੰਟੀ ਰਾਜਪੁਰ ਭਾਈਆਂ ਨੇ ਵੀ ਚੰਗਾ ਖੇਡ ਪ੍ਰਦਰਸ਼ਨ ਕੀਤਾ। ਬਾਬਾ ਸੰਗ ਜੀ ਮਿੱਡਵੈਸਟ ਕਬੱਡੀ ਕਲੱਬ ਦੀ ਟੀਮ ਵਿੱਚ ਜਾਫੀ ਲੱਖਾ ਚੀਮਾ, ਬਾਦਲ ਕਾਰੀਸਾਰੀ, ਲੱਖਾ ਕੋਠੇ ਜੱਟਾਂ ਤੇ ਨਵਜੋਤ ਲੋਟਾ ਅਤੇ ਧਾਵੀ ਡਿੰਪੀ ਬੁਰਜਹਰੀ, ਸੋਨਾ ਕੋਟ ਗੰਗੂਰਾਏ, ਬਰਿੰਦਰ ਹਰੀਕੇ ਤੇ ਮਨੀ ਤਲਵਣ ਸ਼ਾਮਲ ਸਨ।
ਹੈਰੋ ਚਾਵੇਜ਼ ਪੂਰੀ ਦਿਆਨਤਦਾਰੀ ਨਾਲ ਖੇਡਿਆ। ਕਈਆਂ ਨੇ ਉਸ ਦੇ ਭਰਾ ਹਸੂਸ ਚਾਵੇਜ਼ ਦੀ ਮੌਤ ਉੱਤੇ ਹੈਰੋ ਨਾਲ ਅਫਸੋਸ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਦੋਵੇਂ ਭਰਾਵਾਂ ਦਾ ਅਮਰੀਕਾ ਭਰ ਦੇ ਕਬੱਡੀ ਮੇਲਿਆਂ ਵਿੱਚ ਪੂਰਾ ਨਾਂ ਵੱਜਦਾ ਰਿਹਾ ਹੈ। ਹੋਰਨਾਂ ਦੇਸ਼ਾਂ ਵਿੱਚ ਵੀ ਉਹ ਆਪਣੀ ਉਮਦਾ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਸ਼ਿਕਾਗੋ ਕਬੱਡੀ ਕੱਪ ਮੌਕੇ ਹੈਰੋ ਦੇ ਇਕੱਲੇ ਖੇਡਣ `ਤੇ ਬਹੁਤੇ ਖੇਡ ਪ੍ਰੇਮੀਆਂ ਨੇ ਹਸੂਸ ਦੀ ਖੇਡ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼ਿਕਾਗੋ ਕਬੱਡੀ ਮੇਲਿਆਂ ਵਿੱਚ ਹਸੂਸ ਚਾਵੇਜ਼ ਬੜੀ ਫੁਰਤੀ ਨਾਲ ਖੇਡਦਾ ਰਿਹਾ ਸੀ।
ਮੇਲੇ ਵਿੱਚ ਵਧੀਆ ਧਾਵੀ ਸੁਲਤਾਨ ਸੰਦੀਪ ਅਤੇ ਵਧੀਆ ਜਾਫੀ ਖ਼ੁਸ਼ੀ ਦੁੱਗਾ ਐਲਾਨੇ ਗਏ, ਜਿਨ੍ਹਾਂ ਨੂੰ ਹਜ਼ਾਰ-ਹਜ਼ਾਰ ਡਾਲਰ ਤੇ ਸਨਮਾਨ ਚਿੰਨ੍ਹ ਦਿੱਤਾ ਗਿਆ। ਹਰਦੀਪ ਸਿੰਘ (ਦੀਪਾ) ਬੰਦੇਸ਼ਾ, ਤਾਰੀ ਸੰਗ ਢੇਸੀਆਂ, ਵਿੱਕੀ ਸੰਮੀਪੁਰ, ਪਿੰਦਾ ਸੈਂਬੀ ਤੇ ਅਮਰਜੀਤ ਦੀ ਦੇਖ-ਰੇਖ ਹੇਠ ਮੈਚ ਹੋਏ। ਨੀਟੂ, ਦਵਿੰਦਰ ਕੋਚ, ਪੰਡਤ ਸੁਰਖਪੁਰ ਤੇ ਪੱਪੂ ਭਦੌੜ ਰੈਫਰੀ ਸਨ।
ਮੱਖਣ ਅਲੀ ਤੇ ਕਾਲਾ ਰਛੀਨ ਨੇ ਕਬੱਡੀ ਦੀ ਲੱਛੇਦਾਰ ਕਮੈਂਟਰੀ ਕੀਤੀ ਅਤੇ `ਕੱਲੇ `ਕੱਲੇ ਜਾਫੀ ਤੇ ਧਾਵੀ ਦਾ ਨਾਂ ਲੈ ਲੈ ਕੇ ਉਸ ਦੀ ਖੇਡ ਬਾਰੇ ਚਾਨਣਾ ਵੀ ਪਾਇਆ। ਖਿਡਾਰੀਆਂ ਦੇ ਕਬੱਡੀ ਦੇ ਦਾਅ ਪੇਚ ਵੇਖਦਿਆਂ ਡਾਲਰਾਂ ਦੇ ਇਨਾਮ ਐਲਾਨ ਹੋ ਗਏ ਸਨ ਤੇ ਸਪਾਂਸਰਾਂ ਨੇ ਜੇਬਾਂ ਹੌਲ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਕਬੱਡੀ ਖਿਡਾਰੀਆਂ ਉਤੇ ਡਾਲਰ ਵਾਰਦੇ ਸਪਾਂਸਰਾਂ ਦਾ ਵੀ ਕੁਮੈਂਟੇਟਰ ਨਾਂ ਲੈ ਰਹੇ ਸਨ। ਹਾਲਾਂਕਿ ਕਈ ਵਾਰ ਉਹ ਆਪਣੇ ਚਹੇਤਿਆਂ ਦੇ ਨਾਮ ਗਿਣਾਉਣੋਂ ਹੀ ਨਾ ਹਟਦੇ, ਪਰ ਫਿਰ ਵੀ ਉਨ੍ਹਾਂ ਦੋਹਾਂ ਨੇ ਕਬੱਡੀ ਨਾਲ ਸਬੰਧਤ ਸ਼ੇਅਰੋ ਸ਼ਾਇਰੀ ਕਰਦਿਆਂ ਕਬੱਡੀ ਦੇ ਜੱਫਿਆਂ-ਧੱਫਿਆਂ ਦਾ ਬਾਖ਼ੂਬੀ ਵਿਖਿਆਨ ਕੀਤਾ।
ਇਸ ਤੋਂ ਇਲਾਵਾ ਕਲੱਬ ਦੇ ਇੱਕ ਅਹਿਮ ਪ੍ਰਬੰਧਕ ਮੁਖਤਿਆਰ ਸਿੰਘ ਉਰਫ ਹੈਪੀ ਹੀਰ ਮੇਲਾ ਵੇਖਣ ਆਏ ਹਰ ਭਾਈਚਾਰਕ ਸੱਜਣ ਦਾ ਨਾਮ ਲੈ ਲੈ ਕੇ ਉਸ ਨੂੰ ਜੀ ਆਇਆਂ ਨੂੰ ਆਖ ਰਹੇ ਸਨ। ਇਹ ਸਭ ਵੇਖ-ਸੁਣ ਕੇ ਕੁਝ ਲੋਕ ਕਹਿ ਰਹੇ ਸਨ ਕਿ ਇਸ ਮਾਮਲੇ ਵਿੱਚ ਹੈਪੀ ਹੀਰ ਦਾ ਕੋਈ ਸਾਨੀ ਨਹੀਂ, ਸੈਂਕੜੇ ਹੀ ਨਾਂ ਉਸ ਦੀ ਜ਼ੁਬਾਨ `ਤੇ ਹਨ। ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਲੱਕੀ ਸਹੋਤਾ ਵੀ ਆਏ ਮਹਿਮਾਨਾਂ ਪ੍ਰਤੀ ਉਤਸ਼ਾਹ ਨਾਲ ਭਰੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਮਸ਼ਰੂਫ ਸਨ। ਡਾ. ਹਰਜਿੰਦਰ ਸਿੰਘ ਖਹਿਰਾ ਨੇ ਵੀ ਮੰਚ ਸੰਭਾਲੀ ਰੱਖਿਆ। ਅਜੈਬ ਸਿੰਘ ਲੱਖਣ, ਸੰਤੋਖ ਸਿੰਘ ਘੁੰਮਣ ਉਰਫ ਡੀ.ਸੀ., ਜਿੰਦੀ ਦਿਆਲ, ਨਰਿੰਦਰ ਸਿੰਘ ਸਰਾਂ, ਹਰਵਿੰਦਰ ਸਿੰਘ (ਬਿੱਲਾ) ਘੋਤੜਾ, ਜਸਕਰਨ ਸਿੰਘ ਧਾਲੀਵਾਲ, ਮਿੱਢਾ ਮਾਹਲਪੁਰ ਅਤੇ ਹੋਰ ਪ੍ਰਬੰਧਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਡਟੇ ਹੋਏ ਸਨ।
ਅਗਲੇ ਸਾਲ ਲਈ ਕਲੱਬ ਦੇ ਪ੍ਰਧਾਨ ਸੰਤੋਖ ਸਿੰਘ ਘੁੰਮਣ ਹੋਣਗੇ, ਜਿਸ ਦਾ ਐਲਾਨ ਮੇਲੇ ਦੌਰਾਨ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਦਰਸ਼ਨ ਸਿੰਘ ਧਾਲੀਵਾਲ ਨੇ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ। ਉਨ੍ਹਾਂ ਕਬੱਡੀ ਅਤੇ ਵਾਲੀਬਾਲ ਦੀਆਂ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਮੇਲੇ ਦੇ ਸਪਾਂਸਰਾਂ ਨੂੰ ਯਾਦਗਾਰੀ ਚਿੰਨ੍ਹ ਵੀ ਤਕਸੀਮ ਕੀਤੇ। ਵਾਲੀਬਾਲ ਦੇ ਮੁਕਾਬਲਿਆਂ ਵਿੱਚ ਵਾਰਿਸ ਵਾਲੀਆ ਦੀ ਵਾਰਾਸੌਕ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟੋਨੀ ਸੰਘੇੜਾ ਦੀ ਟੀਮ ਸ਼ਿਕਾਗੋ ਲਾਇਨਜ਼ ਦੂਜੇ ਨੰਬਰ ਉੱਤੇ ਰਹੀ।
ਇਹ ਕਬੱਡੀ ਕੱਪ ਸਵਰਗੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਤੇ ਸਵਰਗੀ ਹਰਭਜਨ ਸਿੰਘ ਘੁਮਾਣ ਦੀ ਯਾਦ ਵਿੱਚ ਕਰਵਾਇਆ ਗਿਆ। ਵਿਸ਼ੇਸ਼ ਮਹਿਮਾਨਾਂ ਵਿੱਚ ਘੁਮਾਣ ਭਰਾ- ਹਰਸ਼ਰਨ ਸਿੰਘ (ਹੈਰੀ) ਘੁਮਾਣ ਤੇ ਅਮਰਬੀਰ ਸਿੰਘ ਘੁਮਾਣ ਵੀ ਸ਼ਾਮਲ ਸਨ। ਅਮਰਜੀਤ ਸਿੰਘ ਢੀਂਡਸਾ ਤੇ ਲਖਬੀਰ ਸਿੰਘ ਢੀਂਡਸਾ ‘ਈਵੈਂਟ ਡਾਇਰੈਕਟਰ’ ਸਨ। ਮੇਲੇ ਦੇ ਮੁੱਖ ਮਹਿਮਾਨ ਸ਼ਿਕਾਗੋ ਵਿੱਚ ਭਾਰਤੀ ਕੌਂਸਲ ਜਨਰਲ ਸੋਮਨਾਥ ਘੋਸ਼ ਸਨ, ਪਰ ਕਿਸੇ ਹੋਰ ਸਮਾਗਮ ਵਿੱਚ ਰੁੱਝੇ ਹੋਣ ਕਾਰਨ ਉਹ ਮੇਲੇ ਦੇ ਐਨ ਅਖੀਰ ਵਿੱਚ ਪਹੁੰਚੇ। ਉਨ੍ਹਾਂ ਨਾਲ ਕੌਂਸਲ ਰਣਜੀਤ ਸਿੰਘ ਵੀ ਸਨ। ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਥੀ, ਕਾਊਂਟੀ ਬੋਰਡ ਦੀ ਪ੍ਰਧਾਨ ਟੋਨੀ ਪ੍ਰੈਕਵਿੰਕਲ ਤੇ ਹੋਰ ਮਹਿਮਾਨ ਵੀ ਉਚੇਚਾ ਪਹੁੰਚੇ।
ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਯਾਦ ਕਰਦਿਆਂ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕੁਝ ਲੋਕਾਂ ਨੇ ਸਥਾਨਕ ਸਾਬਕਾ ਕਬੱਡੀ ਖਿਡਾਰੀ ਤੇ ਖੇਡ ਪ੍ਰੇਮੀ ਰਹੇ ਮਰਹੂਮ ਲਖਵਿੰਦਰ ਸਿੰਘ (ਲੱਖਾ) ਬਿਹਾਰੀਪੁਰੀਆ ਨੂੰ ਵੀ ਯਾਦ ਕੀਤਾ। ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦੇ ਖੇਡ ਮੇਲੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਲਖਵਿੰਦਰ ਬਿਹਾਰੀਪੁਰੀਆ ਸਦੀਵੀ ਵਿਛੋੜਾ ਦੇ ਗਿਆ ਸੀ।
ਖਾਣ-ਪੀਣ ਦਾ ਖੁੱਲ੍ਹਾ ਤੇ ਵਧੀਆ ਪ੍ਰਬੰਧ ਸੀ। ਮੇਲੀਆਂ ਲਈ ਦਹੀਂ ਤੇ ਮੱਖਣ ਨਾਲ ਪਰੌਂਠੇ, ਚੌਲ਼-ਛੋਲੇ ਤੇ ਦਾਲ ਹਾਜ਼ਰ ਸਨ। ਵੈੱਜ, ਨਾਨ-ਵੈੱਜ ਤੇ ਚੀਜ਼ ਪੀਜ਼ਾ ਵੀ ਖੁੱਲ੍ਹਾ ਵਰਤਿਆ। ਇਸ ਤੋਂ ਇਲਾਵਾ ਚਾਹ ਦੇ ਨਾਲ ਪਕੌੜੇ ਤੇ ਜਲੇਬੀਆਂ ਵੀ ਸਨ। ਮੇਲੇ ਵਿੱਚ ਬੀਬੀਆਂ ਨੂੰ ਫਰੀ ਮਹਿੰਦੀ ਵੀ ਲਾਈ ਗਈ। ਛੋਟੀ ਉਮਰ ਦੇ ਮੇਲੀਆਂ ਤੋਂ ਲੈ ਕੇ ਵਡੇਰੀ ਉਮਰ ਦੇ ਮੇਲੀ ਸਵਾਦ ਲਾ ਲਾ ਕੁਲਫ਼ੀਆਂ ਖਾਂਦੇ ਵੇਖੇ ਗਏ।
ਮੇਲੇ ਵਿੱਚ ਖੁੱਲ੍ਹੀ ਦਾਰੂ ਦੇ ਦੌਰ ਦਾ ਕਈ ਸਿਆਣਿਆਂ ਨੇ ਬੁਰਾ ਮਨਾਇਆ। ਹਾਲਾਂਕਿ ਕਿਸੇ ਉਨੀ-ਇੱਕੀ ਗੱਲ ਤੋਂ ਬਚਾਓ ਹੀ ਰਿਹਾ, ਪਰ ਕਾਰਾਂ ਦੀਆਂ ਡਿੱਕੀਆਂ ਦੇ ਦੁਆਲੇ ਹੋਏ ਲੋਕਾਂ ਵਿੱਚੋਂ ਕੁਝ ਲੋਕ ਆਪਣੇ ਹੋਸ਼ ਵੀ ਖੋ ਬੈਠੇ ਸਨ। ਤੋੜ ਭੰਨਣ ਲਈ ਚਾਹ ਵਾਲੇ ਕੱਪਾਂ ਵਿੱਚ ਚਾਹ ਤੋਂ ਇਲਾਵਾ “ਸਪੈਸ਼ਲ ਚਾਹ” ਵੀ ਵਰਤ ਹੋ ਰਹੀ ਸੀ। ਮੇਲੇ ਦੇ ਅਖੀਰ ਤੱਕ ਕਈ ਮੇਲੀ ਪੂਰੇ ਹਵਾ-ਪਿਆਜ਼ੀ ਹੋਏ ਪਏ ਸਨ। ਖ਼ੈਰ! ਅਜਿਹਾ ਇਹ ਪਹਿਲਾ ਨਜ਼ਾਰਾ ਨਹੀਂ ਸੀ, ਸਗੋਂ ਸਾਰੇ ਕਬੱਡੀ ਮੇਲਿਆਂ ਵਿੱਚ ਅਜਿਹਾ ਆਮ ਹੀ ਹੁੰਦਾ ਹੈ।
ਇੰਡੀਆਨਾ ਤੋਂ ਆਇਆ ਢੋਲੀ ਕਸ਼ਮੀਰਾ ਮੇਲੇ ਵਿੱਚ ਘੁੰਮਦਾ ਢੋਲ ਉੱਤੇ ਡੱਗੇ `ਤੇ ਡੱਗਾ ਲਾ ਰਿਹਾ ਸੀ। ਕੁਝ ਬਜ਼ੁਰਗ ਵ੍ਹੀਲ ਚੇਅਰ ਉੱਤੇ ਬੈਠੇ ਮੇਲਾ ਵੇਖਣ ਪਹੁੰਚੇ ਹੋਏ ਸਨ। ਬੱਚੇ ਆਪਣੀਆਂ ਖੇਡਾਂ ਵਿੱਚ ਮਸਤ ਸਨ ਅਤੇ ਨੌਜਵਾਨ ਤੁਰ-ਫਿਰ ਕੇ ਮੇਲਾ ਵੇਖ ਰਹੇ ਸਨ।