ਦੁਬਈ: ਮਰਹਬਾ! ਮਰਹਬਾ!!

Uncategorized

ਡਾ[ ਬਲਜਿੰਦਰ ਸਿੰਘ

ਫੋਨ: +91-9815040500

ਕਹਿੰਦੇ ਨੇ ਕਾਦਿਰ ਨੇ ਜਿੱਥੇ ਕਿਤੇ ਸਾਡਾ ਦਾਣਾ ਪਾਣੀ ਖਿਲਾਰਿਆ, ਸਾਨੂੰ ਉਥੇ ਚੁਗਣ ਲਈ ਜਾਣਾ ਹੀ ਪੈਂਦਾ। ਜੂਨ ਮਹੀਨੇ ਕਦ ਆਪਣੇ ਹਿੱਸੇ ਦੇ ਦਾਣੇ ਖਬੁਜ਼ ਅਤੇ ਹੰਮਸ (ਅਰਬੀਆਂ ਦੀ ਪਸੰਦੀਦਾ ਖ਼ੁਰਾਕ) ਦੇ ਰੂਪ ਵਿੱਚ ਚੁਗਣ ਲਈ ਜਹਾਜ਼ੇ ਚੜ੍ਹਨਾ ਪਿਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ (ਅੰਮ੍ਰਿਤਸਰ) ਜਦ ਇਮੀਗ੍ਰੇਸ਼ਨ ਅਫ਼ਸਰ ਨੇ ਪਾਸਪੋਰਟ `ਤੇ ਡਿਪਾਰਚਰ ਦੀ ਮੋਹਰ ਲਾਉਂਦਿਆਂ ਆਖਿਆ, “ਕੀ ਗੱਲ ਜਨਾਬ, ਬਾਰਾਂ ਸਾਲ ਲਾ ਦਿੱਤੇ ਦੁਬਾਰਾ ਬਾਰਡਰ ਟੱਪਣ ਨੂੰ[[[?” ਗੱਲ ਸੁਣ ਮੈਂ ਥੋੜ੍ਹਾ ਥਿੜਕਿਆ ਅਤੇ ਆਸਟ੍ਰੇਲੀਆ ਤੋਂ ਵਾਪਿਸ ਆਉਣ ਵੇਲ਼ੇ ਦੇ ਸਾਲ ਗਿਣਨ ਲੱਗਾ। ਅੱਗੋਂ ਹੱਸ ਕੇ ਕਹਿੰਦਾ, “ਵੀਰ ਜੀ, ਕਿਉਂ ਉਂਗਲਾਂ ਦੇ ਪੋਟੇ ਘਸਾ ਰਹੇ Eਂ? ਤੁਹਾਡਾ ਸਾਰਾ ਵਹੀ ਖਾਤਾ ਮੇਰੇ ਕੰਪਿਊਟਰ `ਤੇ ਖੁੱਲ੍ਹਾ ਪਿਆ। ਇੱਕ ਅਕਤੂਬਰ 2011 ਨੂੰ ਤੁਸੀਂ ਆਸਟ੍ਰੇਲੀਆ ਤੋਂ ਦਿੱਲੀ ਏਅਰਪੋਰਟ ਲੈਂਡ ਕੀਤਾ ਸੀ। ਉਸ ਤੋਂ ਬਾਅਦ ਪਤਾ ਨਹੀਂ ਤੁਸੀਂ ਬਾਰਾਂ ਸਾਲ ਕਿਹੜਾ ਬਨਵਾਸ ਭੋਗਦੇ ਰਹੇ!” ਹਲਕਾ ਜਿਹਾ ਮੁਸਕਰਾਉਂਦਿਆਂ ਮੈਂ ਪਾਸਪੋਰਟ ਫੜਿਆ ਤੇ ਸ਼ਾਰਜਾਹ ਦਾ ਜਹਾਜ਼ ਲੈਣ ਲਈ ਅੱਗੇ ਵਧਿਆ ਤਾਂ ਮਨ `ਚ ਖਿਆਲ ਆਇਆ, ਚਲੋ ਬਾਰਾਂ ਸਾਲਾਂ ਬਾਅਦ ਹੀ ਸਹੀ! ਪਰ ਜੇ ਹੋਰ ਸਮਾਂ ਪੈ ਜਾਂਦਾ ਤਾਂ ਰੂੜੀ ਨਾਲੋਂ ਵੀ ਸਟੈਂਡਰਡ ਡਾਊਨ ਹੋ ਜਾਣਾ ਸੀ। ਬਲਿਹਾਰੇ ਜਾਵਾਂ ਉਸ ਕੁਦਰਤ ਦੇ ਅਤੇ ਵੱਡੇ ਬਾਈ ਨੀਟੇ ਦੇ, ਜਿਨ੍ਹਾਂ ਨੇ ਦੁਬਈ ਦੀ ਫ਼ੇਰੀ ਲਵਾਈ।

ਅਸਲ ਵਿੱਚ ਸੰਯੁਕਤ ਅਰਬ ਅਮੀਰਾਤ (ਯੂ[ਏ[ਈ[) ਦੇ ਸੱਤ ਰਾਜਾਂ ਵਿੱਚੋਂ ਦੁਬਈ ਸਭ ਤੋਂ ਵਿਲੱਖਣ ਹੈ। ਦੁਬਈ ਤੋਂ ਇਲਾਵਾ ਬਾਕੀ ਛੇ ਰਾਜ ਹਨ- ਅਬੂ ਧਾਬੀ, ਅਜਮਾਨ, ਸ਼ਾਰਜਾਹ, ਫੁਜੈਰਾਹ, ਰਸ ਅਲ ਖੈਮਾਹ ਤੇ ਉਮ ਅਲ ਕੁਵੈਨ। ਯੂ[ਏ[ਈ[ ਦੀ ਰਾਜਧਾਨੀ ਅਬੂਧਾਬੀ ਹੈ, ਜੋ ਇਸ ਦਾ ਸਭ ਤੋਂ ਵੱਡਾ ਰਾਜ ਵੀ ਹੈ।

ਦੁਬਈ ਪਹੁੰਚ ਕੇ ਜੋ ਨਜ਼ਾਰਾ ਦੇਖਣ ਨੂੰ ਮਿਿਲਆ, ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਦੁਬਈ ਬਾਰੇ ਜੋ ਪੜ੍ਹਿਆ-ਸੁਣਿਆ ਸੀ, ਉਸ ਤੋਂ ਵੀ ਕੀਤੇ ਅੱਗੇ ਇਸ ਮੁਲਕ ਨੇ ਤਰੱਕੀ ਕੀਤੀ ਹੈ। ਇਸ ਵੇਲ਼ੇ ਸਾਰੀ ਦੁਨੀਆਂ ਦੁਬਈ ਦੀ ਕਾਇਲ ਹੈ, ਇਸਦਾ ਸਿਹਰਾ ਉਨ੍ਹਾਂ ਦੇ ਖਲੀਫ਼ਾ ਸ਼ੇਖ ਮੁਹੰਮਦ ਅਲ ਮਖ਼ਤੂਮ ਨੂੰ ਜਾਂਦਾ ਹੈ, ਜਿਨ੍ਹਾਂ ਨੇ ਰੇਤ ਦੇ ਟਿੱਬਿਆਂ `ਤੇ ਆਲਮੀ ਪੱਧਰ ਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾ ਕੇ ਇਸ ਨੂੰ ਜੰਨਤ ਬਣਾ ਦਿੱਤਾ। ਸ਼ੇਖ ਮੁਹੰਮਦ ਅਲ ਮਖ਼ਤੂਮ ਤੇ ਉਨ੍ਹਾਂ ਦੇ ਫਰਜੰਦ ਸ਼ੇਖ ਹਮਦਾਨ ਬਿਨ ਮੁਹੰਮਦ ਦਾ ਇੱਕੋ ਇੱਕ ਨਿਸ਼ਾਨਾ ਹੈ, ‘Eਨਲੀ ਵਨ ਜਾਂ ਨੰਬਰ ਵਨ’, ਮਤਲਬ ਦੁਬਈ ਦੇ ਵਿੱਚ ਜੋ ਵੀ ਮੁਜੱਸਮਾ ਜਾਂ ਇਮਾਰਤ ਬਣੇ ਜਾਂ ਤਾਂ ਉਹ ਪੂਰੀ ਦੁਨੀਆਂ ਵਿੱਚ ਇੱਕ ਹੀ ਹੋਵੇ ਜਾਂ ਸਭ ਤੋਂ ਉਮਦਾ ਹੋਵੇ। ਉਨ੍ਹਾਂ ਦੀ ਏਸੇ ਸੋਚ ਨੇ ਅੱਜ ਦੁਬਈ ਵਿੱਚ ਬੁਰਜ ਖ਼ਲੀਫ਼ਾ, ਬੁਰਜ ਅਲ ਅਰਬ, ਪਾਮ ਜੁਮੇਰਾਹ, ਦੁਬਈ ਫਰੇਮ, ਫਿਊਚਰ ਮਿਊਜ਼ੀਅਮ ਵਰਗੀਆਂ ਨਾਯਾਬ ਇਮਾਰਤਾਂ ਨੂੰ ਹੋਂਦ ਵਿੱਚ ਲਿਆਂਦਾ।

ਸ਼ਾਰਜਾਹ ਏਅਰਪੋਰਟ `ਤੇ ਉਤਰਨ ਤੋਂ ਬਾਅਦ ਉਥੋਂ ਦੇ ਲੋਕਲ ਏਅਰਪੋਰਟ ਸਟਾਫ਼ ਨੇ ਸ਼ਾਨਦਾਰ ਖ਼ੈਰ ਮੱਖਦਮ ਕੀਤਾ। ਏਅਰਪੋਰਟ ਤੋਂ ਬਾਹਰ ਆਉਂਦਿਆਂ ਬਾਈ ਨੀਟੇ ਦੇ ਸਾਥੀਆਂ ਨਾਲ਼ ਉਨ੍ਹਾਂ ਦੇ ਫਲੈਟ ਵੱਲ ਨੂੰ ਚਾਲੇ ਪਾਏ। ਇਥੋਂ ਦੀਆਂ ਸੜਕਾਂ ਅਤੇ ਇਥੋਂ ਦੀਆਂ ਰਵਾਇਤੀ ਤੇ ਆਧੁਨਿਕ ਇਮਾਰਤਾਂ ਦੇਖ ਕੇ ਮਨ ਸੋਚ ਰਿਹਾ ਸਾਂ ਕਿ ‘ਥਰਡ ਵਰਲਡ ਕੰਟਰੀ’ ਭਾਰਤ ਦਾ ਸੜਕੀ ਢਾਂਚਾ ਕਦ ਇਨ੍ਹਾਂ ਵਿਕਸਿਤ ਮੁਲਕਾਂ ਜਿਹਾ ਹੋਵੇਗਾ? ਕੀ ਭਾਰਤ ਮਾਲਾ ਪ੍ਰੋਜੈਕਟ ਵਿੱਚ ਇਸ ਤਰ੍ਹਾਂ ਦੀਆਂ ਸੜਕਾਂ ਬਣ ਸਕਣਗੀਆਂ? ਯੂਨੀਵਰਸਿਟੀ ਆਫ਼ ਸ਼ਾਰਜਾਹ ਦੇ ਦਰਸ਼ਨ ਕੀਤੇ। ਫਲੈਟ ਵਿੱਚ ਪਹੁੰਚ ਕੇ ਇੰਝ ਲੱਗਾ ਜਿਵੇਂ ਮੁੜ ਆਸਟ੍ਰੇਲੀਆ ਦੇ ਸਬਰਬ ਮੂਰੂਕੇ ਵਾਲੇ ਘਰ ਪਹੁੰਚ ਗਿਆ ਹੋਵਾਂ। ਮੇਰੇ ਖ਼ਿਆਲ ਨਾਲ਼ ਇਹ ਨਜ਼ਾਰਾ ਸਿਰਫ ਆਸਟ੍ਰੇਲੀਆ ਤੇ ਦੁਬਈ ਵਰਗਾ ਹੀ ਨਹੀਂ, ਸਗੋਂ ਦੁਨੀਆਂ ਦੇ ਹਰ ਉਸ ਮੁਲਕ ਦੇ ਘਰ ਜਿਹਾ ਸੀ, ਜਿੱਥੇ ਪੰਜਾਬੀ ਮੁੰਡੇ ਵਤਨ ਤੋਂ ਦੂਰ ਇਕੱਠੇ ਰਹਿੰਦੇ ਹਨ। ਸਾਰੇ ਪਾਸੇ ਸਮਾਨ ਖਿੰਡੀਆ ਪਿਆ। ਇੱਕ ਪਾਸੇ ਬੂਟਾਂ-ਚੱਪਲਾਂ ਅਤੇ ਧੋਣ ਵਾਲੇ ਕੱਪੜਿਆਂ ਦਾ ਅੰਬਾਰ। ਰਸੋਈ ਵਿਚਲੀ ਉਥਲ-ਪੁਥਲ। ਕਾਰਨ ਇਹ ਕਿ ਏਥੇ ਸਾਰੇ ਛੜਿਆਂ ਦਾ ਡੇਰਾ- ਨਾ ਕੋਈ ਰੰਨ, ਨਾ ਕੰਨ। ਐਵੇਂ ਨ੍ਹੀਂ ਕਿਹਾ ਜਾਂਦਾ ‘ਛੜਿਆਂ ਦੀ ਜੂਨ ਬੁਰੀ!’ ਬੇਸ਼ੱਕ ਮੈਂ ਜੂਨ ਮਹੀਨੇ ਪਹੁੰਚਿਆ ਸੀ, ਪਰ ਇਨ੍ਹਾਂ ਦੇ ਤਾਂ ਬਾਰਾਂ ਮਹੀਨੇ ਆਹੀ ਹਾਲ ਰਹਿੰਦਾ। ਉਥੇ ਬਾਈ ਦੇ ਰਬਾਬ (ਮਾਲਿਕ) ਦਾ ਮੁੰਡਾ ਸਤਨਾਮ ਅਤੇ ਉਸ ਨਾਲ਼ ਦਫ਼ਤਰ ਦੇ ਦੋ ਹੋਰ ਮੁੰਡੇ ਰਹਿੰਦੇ ਸਨ।

ਮੇਰਾ ਮੰਨਣਾ ਹੈ ਕਿ ਜੇ ਤੁਸੀਂ ਕਿਤੇ ਘੁੰਮਣ ਜਾਉ ਤਾਂ ਉਥੋਂ ਦੇ ਸਥਾਨਕ ਖਾਣੇ ਦਾ ਸਵਾਦ ਜ਼ਰੂਰ ਚਖਣਾ ਚਾਹੀਦਾ ਹੈ; ਉਥੋਂ ਦੇ ਪਹਿਰਾਵੇ, ਸੱਭਿਆਚਾਰ ਨੂੰ ਆਪਣੇ ਪਿੰਡੇ ਹੰਢਾਉਣਾ ਚਾਹੀਦਾ ਹੈ ਤਾਂ ਹੀ ਤੁਸੀਂ ਆਪਣੀ ਫ਼ੇਰੀ ਦਾ ਸੰਪੂਰਨ ਲੁਤਫ਼ ਲੈ ਸਕਦੇ ਹੋ।

ਮੇਰੇ ਮਿੱਤਰ ਦੀ ਰਿਹਾਇਸ਼ ਸ਼ਾਰਜਾਹ ਹੈ ਤੇ ਦਫ਼ਤਰ ਦੁਬਈ ਵਿੱਚ, ਅਲ ਕੁਸੈਸ। ਉਥੇ ਕੰਮਕਾਜ ਨਿਬੇੜਨ ਪਿਛੋਂ ਦੁਬਈ ਮਾਲ ਅਤੇ ਬੁਰਜ ਖਲੀਫ਼ਾ ਦੇਖਣ ਤੁਰ ਪਏ, ਵਿਦੇਸ਼ੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਚੁਕੇ ਹਨ। ਕੰਪਿਊਟਰਾਇਜ਼ਡ ਪਾਰਕਿੰਗ ਵਿੱਚ ਗੱਡੀ ਪਾਰਕ ਕਰ ਦੁਬਈ ਮਾਲ ਵਿੱਚ ਪ੍ਰਵੇਸ਼ ਕਰਦਿਆਂ ਇੰਝ ਲੱਗਿਆ ਜਿਵੇਂ ਪੂਰੀ ਦੁਨੀਆਂ ਦੁਬਈ ਮਾਲ ਵਿੱਚ ਇਕੱਠੀ ਹੋ ਗਈ ਹੋਵੇ। ਮੈਨੂੰ ਬੁਰਜ ਖਲੀਫ਼ਾ ਦੇਖਣ ਦੀ ਕਾਹਲ ਸੀ। ਟਿਕਟ ਲੈ ਲਿਫਟ ਵਿੱਚ ਪਹੁੰਚੇ ਤਾਂ ਕਿਸੇ ਸਪੇਸ ਸ਼ਟਲ ਨਾਲੋਂ ਘੱਟ ਨਹੀਂ ਸੀ ਮਹਿਸੂਸ ਹੋ ਰਿਹਾ। ਲਿਫ਼ਟ 10 ਮੀਟਰ ਪ੍ਰਤੀ ਸੈਕੰਡ ਦੀ ਰਫ਼ਤਾਰ ਨਾਲ਼ 184ਵੀਂ ਮੰਜਿਲ `ਤੇ ਲੈ ਗਈ। ਜ਼ਮੀਨ `ਤੇ ਖੜ੍ਹ ਕੇ ਦੁਬਈ ਦੀਆਂ ਗਗਨ ਚੁੰਬੀ ਇਮਾਰਤਾਂ ਨੂੰ ਦੇਖ਼ ਕੇ ਧੌਣ ‘ਚ ਵਲ਼ ਪੈਂਦਾ ਸੀ। ਮੈਂ ਸੋਚ ਰਿਹਾ ਸਾਂ, ‘ਨਿਊ ਇੰਡੀਆ’ ਦੇ ਸਮਾਰਟ ਸਿਟੀ ਕਦੇ ਅਜਿਹੇ ਬਣ ਸਕਣਗੇ! ਬੁਰਜ ਖ਼ਲੀਫਾ ਅਤੇ ਦੁਬਈ ਸ਼ਹਿਰ ਦੀਆਂ ਕਈ ਸ਼ਾਨਦਾਰ ਇਮਾਰਤਾਂ ਇਮਾਰ ਕੰਪਨੀ ਦੀਆਂ ਬਣਾਈਆਂ ਹੋਈਆਂ ਹਨ। ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੇ ਹੈਲੀਕਾਪਟਰ ਵਾਲੇ ਫ਼ਾਈਟ ਸੀਨ ਵਿੱਚ ਵੀ ਇਸ ਕੰਪਨੀ ਦੇ ਕਈ ਲੋਗੋ ਦੇਖਣ ਨੂੰ ਮਿਲਦੇ ਹਨ। ਸਫ਼ਾਈ ਦੇ ਮਾਮਲੇ ‘ਚ ਤਾਂ ਦੁਬਈ ਦੇ ਕੀ ਕਹਿਣੇ! ਦਿਨ ਢਲਦਿਆਂ ਹੀ ਸਫ਼ਾਈ ਕਰਮਚਾਰੀ ਆਪਣੀ ਨਾਈਟ ਸਿਫਟ ਵਿੱਚ ਸਾਰੀਆਂ ਇਮਾਰਤਾਂ ਚਮਕਾ ਦਿੰਦੇ ਹਨ। ਉਥੋਂ ਦੇ ਕਾਨੂੰਨ ਮੁਤਾਬਿਕ ਪ੍ਰਾਪਰਟੀ ਦੇ ਮਾਲਿਕ ਕਿਸੇ ਵੀ ਇਮਾਰਤ ਨੂੰ ਤਾਂ ਛੱਡੋ ਆਪਣੀ ਗੱਡੀ ਨੂੰ ਵੀ ਗੰਦਾ ਨਹੀਂ ਰੱਖ ਸਕਦੇ; ਜੇ ਫੜੇ ਗਏ ਤਾਂ ਭਾਰੀ ਜੁਰਮਾਨਾ ਹੋ ਸਕਦਾ ਹੈ। ਦੁਬਈ ਮਾਲ ਦੇ ਨਜ਼ਾਰਿਆਂ ਦਾ ਲੁਤਫ਼ ਲੈਂਦਿਆਂ ਸ਼ਾਮ ਹੋ ਗਈ। ਸ਼ਾਮੀਂ ਦੁਬਈ ਮਾਲ ਦੇ ਸੰਗੀਤਕ ਫੁਹਾਰਿਆਂ ਦਾ ਅਨੰਦ ਮਾਣਿਆ ਅਤੇ ਬੁਰਜ ਖ਼ਲੀਫ਼ਾ ਦਾ ਲੇਜ਼ਰ ਲਾਈਟਨਿੰਗ ਸ਼ੋਅ ਦੇਖਿਆ।

ਤੀਸਰੇ ਦਿਨ ਦੀ ਸ਼ਾਮ ਨੂੰ ਡੈਜ਼ਰਟ ਸਫ਼ਾਰੀ ਲਈ ਜਾਣ ਦਾ ਪ੍ਰੋਗਰਾਮ ਬਣਾਇਆ। ਡੈਜ਼ਰਟ ਸਫ਼ਾਰੀ ਲਈ ਪਿਕ ਐਂਡ ਡਰਾਪ ਪੈਕੇਜ ਅਧੀਨ ਲਗਜ਼ਰੀ ਐਸ[ਯੂ[ਵੀ[ ਗੱਡੀਆਂ `ਚ ਬੈਠ ਦੁਬਈ ਰੈੱਡ ਸੈਂਡ ਡੈਜ਼ਰਟ (ਲਾਲ ਰੇਤ ਦਾ ਮਾਰੂਥਲ) ਵੱਲ ਪੁੱਜੇ। ਇਹ ਮਾਰੂਥਲ ਦੁਬਈ ਤੋਂ Eਮਾਨ ਵੱਲ ਜਾਣ ਵਾਲੇ ਹਾਈਵੇ `ਤੇ ਆਉਂਦਾ ਹੈ। ਜੋ ਨਜ਼ਾਰਾ ਡਿਊਨ ਬੇਸ਼ਿੰਗ (ਰੇਤ ਦੇ ਟਿੱਬਿਆਂ `ਤੇ ਗੱਡੀਆਂ ‘ਚ ਖਰਮਸਤੀ) ਵਿੱਚ ਆਇਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕੈਂਪ ਸਾਈਟ `ਤੇ ਲਜ਼ੀਜ਼ ਅਰਬੀ ਖਾਣਿਆਂ ਦੇ ਨਾਲ਼ ਕਈ ਹੋਰ ਕੁਜ਼ੀਨ ਵੀ ਸਨ। ਅਰਬੀਆਂ ਨੇ ਬੱਕਰਾ ਅਤੇ ਮੁਰਗਾ ਪੁਰਾਤਨ ਤਰੀਕੇ ਨਾਲ਼ ਰੋਸਟ ਕਰਨ ਲਾਇਆ ਹੋਇਆ ਸੀ। ਇੱਕ ਪਾਸੇ ਬੈਲੀ ਡਾਂਸ ਚੱਲ ਰਿਹਾ ਸੀ ਤੇ ਨਾਲ਼ ਮਿਸਰ ਦਾ ਸੱਭਿਆਚਾਰਕ ਤਾਨੋਰਾ ਡਾਂਸ ਵੀ। ਫਾਇਰ ਸ਼ੋਅ ਤਾਂ ਪੂਰੇ ਅਰਬ ਵਿੱਚ ਮਸ਼ਹੂਰ ਹੈ। ਸ਼ਾਂਤਮਈ ਚਾਨਣੀ ਰਾਤ ਵਿੱਚ 5 ਕਿਲੋਮੀਟਰ ਲੰਮੀ ਕੈਮਲ ਰਾਈਡ ਕੀਤੀ। ਅਰਬ ਦੀ ਡਾਚੀ `ਤੇ ਜਾਂਦੇ ਹੋਏ ਮਾਹੌਲ ਦੇ ਹਿਸਾਬ ਨਾਲ਼ ਮੋਬਾਈਲ `ਤੇ ‘ਸੱਸੀਏ ਨੀ ਤੇਰੇ ਪੁੰਨਣ ਨੂੰ[[[!’ ਗੀਤ ਚਲਾ ਲਿਆ। ਡਾਚੀ ਹੱਕਣ ਵਾਲੇ ਤੇ ਨਾਲ਼ ਦੇ ਕਈ ਵਿਦੇਸ਼ੀ ਸਾਥੀਆਂ ਨੂੰ ਭਾਵੇਂ ਇਸ ਗਾਣੇ ਦੇ ਅਲਫਾਜ਼ ਸਮਝ ਨਾ ਆਏ ਹੋਣ, ਪਰ ਉਨ੍ਹਾਂ ਨੇ ਇਸ ਦੀ ਮੌਸਿਕੀ ਦਾ ਭਰਪੂਰ ਅੰਨਦ ਮਾਣਿਆ। ਸਾਰੇ ਦਿਨ ਦੀ ਥਕਾਵਟ ਰੇਤ ਦੇ ਟਿੱਬਿਆਂ ਵਿੱਚ ਦਫ਼ਨ ਹੋ ਗਈ ਸੀ।

ਡੈਜ਼ਰਟ ਸਫ਼ਾਰੀ ਲਿਜਾਣ ਵਾਲੇ ਸਾਡੇ ਗਾਈਡ ਦਿਲਬਰ ਦੇ ਦਾਦਾ ਜਾਨ 1955 ਵਿੱਚ ਕਰਾਚੀ (ਪਾਕਿਸਤਾਨ) ਤੋਂ ਦੁਬਈ ਆ ਕੇ ਵਸ ਗਏ ਸਨ। ਦਿਲਬਰ ਦਾ ਜਨਮ ਅਤੇ ਪਰਵਰਿਸ਼ ਦੁਬਈ ਵਿੱਚ ਹੀ ਹੋਏ। ਜਦ ਉਹ ਸਾਨੂੰ ਲੈਣ ਆਇਆ ਤਾਂ ਉਸਨੇ ਸ਼ੇਖਾਂ ਵਾਲ਼ਾ ਬਾਣਾ ਪਾਇਆ ਹੋਇਆ ਸੀ। ਪਹਿਲੇ ਨਜ਼ਰੇ ਕੋਈ ਅਰਬੀ ਹੀ ਲੱਗਾ। ਮੈਂ ਉਸ ਨਾਲ਼ ਅੰਗਰੇਜ਼ੀ ਘੋਟਣ ਲੱਗਾ, ਤਾਂ ਅੱਗੋਂ ਹੱਸ ਕੇ ਪੰਜਾਬੀ ਵਿੱਚ ਕਹਿੰਦਾ, “ਬਾਦਸ਼ਾE ਮਾਂ ਬੋਲੀ ਵਿੱਚ ਗੱਲ ਕਰੋ, ਮੈਨੂੰ ਪੰਜਾਬੀ ਆਉਂਦੀ ਹੈ[[। ਯਾਰ ਜਿਨ੍ਹਾਂ ਗੋਰਿਆਂ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਭਰਾਵਾਂ ਵਿੱਚ ਵੰਡੀਆਂ ਪਾਈਆਂ, ਤੁਸੀਂ ਉਨ੍ਹਾਂ ਦੀ ਬੋਲੀ ਕਿਉਂ ਬੋਲੀ ਜਾਂਦੇ ਹੋ।” ਦਿਲਬਰ 12 ਭਾਸ਼ਾਵਾਂ ਜਾਣਦਾ ਹੈ। ਹਿੰਦੀ-ਪੰਜਾਬੀ ਤਾਂ ਬੋਲੀ ਹੀ, ਨਾਲ਼ ਰਸ਼ੀਅਨ ਤੇ ਮੈਂਡੇਰੀਨ (ਚਾਇਨੀਜ਼) ਵੀ ਬਹੁਤ ਵਧੀਆ ਬੋਲੀ। ਦਿਲਬਰ ਹੁਰਾਂ ਦੀ ਤੀਜੀ ਪੀੜੀ ਦੁਬਈ ਵਿੱਚ ਆਲਾ ਦਰਜੇ ਦੀ ਰੋਟੀ ਕਮਾ ਖਾ ਰਹੀ ਸੀ, ਪਰ ਉਹ ਹਾਲੇ ਵੀ ਦੁਬਈ ਦੇ ਪੱਕੇ ਵਸਨੀਕ ਬਣਨ ਤੋਂ ਕੋਹਾਂ ਦੂਰ ਸਨ। ਕਈ ਪਰਿਵਾਰ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਹੋਰ ਮੁਲਕਾਂ ਤੋਂ ਆ ਕੇ ਰਹਿ ਰਹੇ ਹਨ, ਪਰ ਯੂ[ਏ[ਈ[ ਦੀ ਇਮੀਗ੍ਰੇਸ਼ਨ ਪਾਲਿਸੀ ਅਧੀਨ ਬਹੁਤੇ ਕੱਚੇ ਹੀ ਹਨ। ਅਰਬੀ ਉਨ੍ਹਾਂ ਤੋਂ ਕੰਮ ਕਰਵਾਉਂਦੇ ਹਨ, ਬਣਦਾ ਮਾਣ ਸਤਿਕਾਰ ਵੀ ਦਿੰਦੇ ਹਨ, ਪਰ ਉਹ ਰਹਿੰਦੇ ਸਾਰੀ ਉਮਰ ਉਨ੍ਹਾਂ ਦੇ ਕਾਰਿੰਦੇ ਹੀ ਹਨ। ਜੇ ਕੋਈ ਗੜਬੜ ਕਰਦਾ ਹੈ ਤਾਂ ਇਥੋਂ ਦੇ ਸ਼ੁਰਤੇ (ਪੁਲਿਸ ਮੁਲਾਜ਼ਮ) ਡਿਪੋਰਟ ਕਰ ਦਿੰਦੇ ਹਨ। ਦਿਲਬਰ ਮੁਤਾਬਕ ਜੇ ਦੁਬਈ ਵਿੱਚ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਜਾਂ ਜ਼ਮੀਨ ਲੈਣੀ ਹੈ ਤਾਂ ਉਸ ਦੀ ਮਲਕੀਅਤ ਵਿੱਚ ਕਿਸੇ ਲੋਕਲ ਅਰਬੀ ਦ ਹਿੱਸੇਦਾਰੀ ਲਾਜ਼ਿਮ ਹੈ। ਇਹ ਸੁਣ ਕੇ ਮੈਂ ਪੰਜਾਬ ਬਾਬਤ ਸੋਚਣ ਲੱਗਾ, ਕਾਸ਼! ਜੇ ਸਾਡੀਆਂ ਸਰਕਾਰਾਂ ਨੇ ਆਪਣੇ ਪੰਜਾਬ ਵਿੱਚ ਵੀ ਅਜਿਹਾ ਨਿਜ਼ਾਮ ਲਾਗੂ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਵੀ ਰਬਾਬ ਬਣ ਬੈਠ ਕੇ ਖਾਇਆ ਕਰਨਾ ਸੀ।  ਯੂ[ਏ[ਈ[ ਵਿੱਚ ਰਾਜਾਂ ਨੂੰ ਪੂਰਨ ਅਧਿਕਾਰ ਹੈ ਅਤੇ ਸੈਂਟਰ ਦੀ ਬਹੁਤ ਘੱਟ ਦਖ਼ਲਅੰਦਾਜ਼ੀ ਹੈ। ਹਰ ਇੱਕ ਰਾਜ ਦਾ ਅਲੱਗ ਖ਼ਲੀਫ਼ਾ ਅਤੇ ਆਪਣਾ ਅਧਿਕਾਰ ਖੇਤਰ ਹੈ।

ਚੌਥੇ, ਪਰ ਕੁਦਰਤਨ ਜੁੰਮੇ ਵਾਲੇ ਦਿਨ ਮੈਨੂੰ ਅਬੂ ਧਾਬੀ ਵਿੱਚ ਬਣੀ ਸ਼ੇਖ ਜ਼ਾਇਦ ਗਰੈਂਡ ਮੌਸਕ ਵੇਖਣ ਦਾ ਮੌਕਾ ਮਿਿਲਆ। ਇਹ ਮਸਜਿਦ ਵਾਕਿਆ ਹੀ ਅਰਬੀ ਕਾਰੀਗਰੀ ਦਾ ਬਾਕਮਾਲ ਨਮੂਨਾ ਹੈ। ਮੈਂ ਅੱਜ ਤੱਕ ਕਿਸੇ ਮਸਜਿਦ ਦੇ ਅੰਦਰ ਜਾ ਕੇ ਨਹੀਂ ਸੀ ਵੇਖਿਆ, ਕਿਉਂਕਿ ਜਿ਼ਆਦਾਤਰ ਮਸਜਿਦਾਂ ਵਿੱਚ ਗੈਰ-ਮੁਸਲਿਮ ਲੋਕਾਂ ਦਾ ਜਾਣਾ ਵਰਜਿਤ ਹੈ, ਪਰ ਇਸ ਮਸਜਿਦ ਅੰਦਰ ਕਿਸੇ ਨੂੰ ਮਨਾਹੀ ਨਹੀਂ ਹੈ। ਮਸਜਿਦ ਅੰਦਰ ਜਾਂਦਿਆ ਇੱਕ ਪਾਸੇ ਵੁਜੂ ਕਰਨ ਲਈ ਕਾਫ਼ੀ ਸ਼ਾਨਦਾਰ ਗੁਸਲ ਬਣਿਆ ਹੈ, ਵੁਜੂ ਕਰਨ ਲਈ ਪਾਣੀ ਸ਼ਾਨਦਾਰ ਮੀਨਾਕਾਰੀ ਨਾਲ਼ ਬਣੇ ਇੱਕ ਫ਼ੁਆਰੇ ਵਿੱਚੋਂ ਨਿੱਕਲਦਾ ਹੈ। ਇੰਝ ਲੱਗ ਪ੍ਰਤੀਤ ਹੁੰਦਾ ਹੈ ਜਿਵੇਂ ਫ਼ੁਆਰੇ ਵਿੱਚੋਂ ਆਬ-ਏ-ਜ਼ਮ-ਜ਼ਮ ਜ਼ਮ ਨਿੱਕਲ ਰਿਹਾ ਹੋਵੇ। ਉਪਰ ਜਾਣ `ਤੇ ਵੱਡੀ ਈਦਗਾਹ ਦੇਖਣ ਨੂੰ ਮਿਲਦੀ ਹੈ, ਜੋ ਤਾਜ ਮਹੱਲ ਤੋਂ ਵੀ ਵਿਲੱਖਣ ਲਗਦੀ ਹੈ। ਨਮਾਜ਼ਗਾਹ ਦੇ ਅੰਦਰ ਵੀ ਗੈਰ-ਮੁਸਲਿਮ ਬਰਾਦਰੀ ਦੇ ਲੋਕਾਂ `ਤੇ ਜਾਣ ਦੀ ਰੋਕ ਨਹੀਂ। ਮੈਂ ਪਹਿਲੀ ਵਾਰ ਕਿਸੇ ਮਸਜਿਦ ਅੰਦਰ ਜੁੰਮੇ ਦੀ ਨਮਾਜ਼ ਹੁੰਦੀ ਵੇਖੀ। ਮੁਸਲਿਮ ਭਾਈਚਾਰੇ ਦੇ ਲੋਕਾਂ ਬੜੀ ਪਾਕੀਜ਼ਗੀ ਨਾਲ਼ ਨਮਾਜ਼ ਅਤਾ ਫਰਮਾ ਰਹੇ ਸਨ। ਇਸ ਮਸਜਿਦ ਹੇਠਾਂ ਮਸਜਿਦ ਦੇ ਨਿਰਮਾਣ ਕਾਲ ਨੂੰ ਦਰਸਾਉਂਦਾ ਬਹੁਤ ਵੱਡਾ ਸਬ-ਵੇ ਮਿਊਜ਼ੀਅਮ ਬਣਿਆ ਹੋਇਆ ਹੈ ਅਤੇ ਨਾਲ਼ ਹੀ ਹਰ ਤਰ੍ਹਾਂ ਦੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਵੀ ਬਣੇ ਹੋਏ ਹਨ। ਇਹ ਮਸਜਿਦ ਜੇ ਧਰਤੀ ਦੇ ਮਾਰਕਜ਼ੀ ਅਜੂਬਿਆਂ ਵਿੱਚ ਸ਼ਾਮਿਲ ਹੁੰਦੀ ਹੈ ਤਾਂ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੋਵੇਗੀ।

ਅਬੂ ਧਾਬੀ ਸ਼ਹਿਰ ਦੀਆਂ ਸੜਕਾਂ ਮੱਖਣ ਵਰਗੀਆਂ ਹਨ ਅਤੇ ਛੋਟੇ ਵਾਹਨਾਂ ਲਈ ਸਪੀਡ ਲਿਿਮਟ 140 ਕਿਲੋਮੀਟਰ ਪ੍ਰਤੀ ਘੰਟਾ ਹੈ, ਜਦਕਿ ਦੁਬਈ ਵਿੱਚ 120 ਕਿਲੋਮੀਟਰ ਪ੍ਰਤੀ ਘੰਟਾ ਹੈ। ਸਾਨੂੰ ਦੁਬਈ ਤੋਂ ਅਬੂ ਧਾਬੀ 150 ਕਿਲੋਮੀਟਰ ਜਾਣ ਨੂੰ ਡੇਢ ਕੁ ਘੰਟਾ ਮਸਾਂ ਲੱਗਿਆ। ਮਸਜਿਦ ਦੀ ਫ਼ੇਰੀ ਤੋਂ ਵਾਪਸ ਆਉਂਦਿਆਂ ਫਰਾਰੀ ਵਰਲਡ ਅਤੇ ਦੁਬਈ ਅਮੀਉਜ਼ਮੈਂਟ ਪਾਰਕ ਵੀ ਦੇਖਿਆ। ਅਬੂ ਧਾਬੀ ਤੋਂ ਵਾਪਸੀ ਵੇਲੇ ਗੁਰਦੁਆਰਾ ਗੁਰੂ ਨਾਨਕ ਦਰਬਾਰ (ਜੇਬੇਲ ਅਲੀ) ਦੇ ਦਰਸ਼ਨ ਕੀਤੇ। ਨਾਲ਼ ਹੀ ਹਿੰਦੂ ਮੰਦਿਰ ਅਤੇ ਇੱਕ ਚਰਚ ਵੀ ਬਣਿਆ ਹੋਇਆ ਹੈ। ਜੇਬੇਲ ਅਲੀ ਦੁਬਈ ਪੋਰਟ, ਜਿਸ ਨੂੰ ਫ੍ਰੀ ਜ਼ੋਨ ਪੋਰਟ ਵੀ ਕਿਹਾ ਜਾਂਦਾ ਹੈ, ਉਥੇ ਜਾ ਕੇ ਵੱਡੇ ਵੱਡੇ ਸ਼ਿਪਯਾਰਡ ਦੇਖੇ। ਦੁਬਈ ਦੇ ਵਿਕਾਸ ਵਿੱਚ ਵਪਾਰ ਅਤੇ ਵਣਜ ਦਾ ਬਹੁਤ ਵੱਡਾ ਹੱਥ ਹੈ, ਜਿਸ ਵਿੱਚ ਇਸ ਅਜ਼ੀਮ ਬੰਦਰਗਾਹ ਦਾ ਬਹੁਤ ਵੱਡਾ ਯੋਗਦਾਨ ਹੈ।

ਫਿਊਚਰ ਮਿਊਜ਼ੀਅਮ ਛੱਲੇ ਦੇ ਆਕਾਰਨੁਮਾ ਬਹੁਤ ਖੂਬਸੂਰਤ ਇਮਾਰਤ ਵਿੱਚ ਬਣਿਆ ਹੋਇਆ ਹੈ। ਇਸ ਦੀਆਂ ਸੱਤ ਮੰਜ਼ਿਲਾਂ ਹਨ। ਪੂਰੀ ਬਿਲਡਿੰਗ ਦੀਆਂ ਕੰਧਾਂ ਵਿੱਚ ਦੁਬਈ ਦੇ ਮਸ਼ਹੂਰ ਸ਼ਾਸਕਾਂ ਦੇ ਹਵਾਲੇ ਅਰਬੀ ਜ਼ੁਬਾਨ ਵਿੱਚ ਲਿਖੇ ਹੋਏ ਹਨ। ਇਹ ਦੁਬਈ ਦੇ ਮੁੱਖ ਮਾਰਗ ਸ਼ੇਖ ਜ਼ਾਇਦ ਰੋਡ ‘ਤੇ ਸਥਿਤ ਹੈ। ਇਸ ਦਾ ਫਰੇਮ ਫਾਈਬਰਗਲਾਸ ਅਤੇ ਸਟੇਨਲੈੱਸ ਸਟੀਲ ਦਾ ਬਣਿਆ ਹੋਇਆ ਹੈ। ਨੈਸ਼ਨਲ ਜੀEਗ੍ਰਾਫਿਕ ਚੈਨਲ ਇਸ ਨੂੰ ਪਹਿਲਾਂ ਹੀ ਦੁਨੀਆਂ ਦੇ 14 ਸਭ ਤੋਂ ਖੂਬਸੂਰਤ ਮਿਊਜ਼ੀਅਮਾਂ ‘ਚ ਸ਼ਾਮਲ ਕਰ ਚੁੱਕਾ ਹੈ। ਇਸ ਮਿਊਜ਼ੀਅਮ ਵਿੱਚ 2071 ਦੀ ਦੁਨੀਆਂ ਦਿਖਾਈ ਹੈ। ਭਵਿੱਖ ਦੇ ਅਜਾਇਬ ਘਰ ਦਾ ਅੰਦਰੂਨੀ ਦ੍ਰਿਸ਼ ਤੁਹਾਨੂੰ ਅਜਿਹਾ ਮਹਿਸੂਸ ਕਰਾਉਂਦਾ ਹੈ, ਜਿਵੇਂ ਤੁਸੀਂ ਟਾਈਮ ਮਸ਼ੀਨ ਰਾਹੀਂ 2071 ਵਿੱਚ ਪਹੁੰਚ ਗਏ ਹੋਵੋਂ। ਸੱਤ ਮੰਜ਼ਿਲਾਂ ਵਿੱਚ ਫੈਲੇ ਅਜਾਇਬ ਘਰ ਦੀ ਹਰ ਮੰਜ਼ਿਲ ਵੱਖ-ਵੱਖ ਸੰਕਲਪਾਂ ਨੂੰ ਸਮਰਪਿਤ ਹੈ, ਜਿਸ ਵਿੱਚ ਪੁਲਾੜ ਯਾਤਰਾ, ਜਲਵਾਯੂ ਤਬਦੀਲੀ, ਤਕਨੀਕੀ ਤਰੱਕੀ ਆਦਿ ਸ਼ਾਮਲ ਹਨ।

ਅਜਾਇਬ ਘਰ ਦੇ ਆਕਰਸ਼ਣਾਂ ਨੂੰ ਪੰਜ ਅਧਿਆਵਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਅਧਿਆਏ, ਜੋ 5ਵੀਂ ਮੰਜ਼ਿਲ ‘ਤੇ ਹੈ, ਦਾ ਨਾਮ E[ਐਸ[ਐਸ[ ਹੋਪ ਹੈ। ਇਸ ਦਾ ਦ੍ਰਿਸ਼ ਤੁਹਾਨੂੰ ਪੁਲਾੜ ਯਾਤਰਾ ਦੇ ਅਨੁਭਵ ‘ਤੇ ਲੈ ਜਾਂਦਾ ਹੈ। ਦੂਜਾ ਚੈਪਟਰ, ਹੀਲ ਇੰਸਟੀਚਿਊਟ, ਚੌਥੀ ਮੰਜ਼ਿਲ ‘ਤੇ ਸਥਿਤ ਹੈ, ਜੋ ਤੁਹਾਨੂੰ ਐਮਾਜ਼ਨ ਦੇ ਜੰਗਲਾਂ ਵਿੱਚ 2071 ਦੀ ਹਾਈਬ੍ਰਿਡ ਬਨਸਪਤੀ ਦੇ ਦਰਸ਼ਨ ਕਰਵਾਉਂਦਾ ਹੈ। ਤੀਜਾ ਚੈਪਟਰ, ਅਲ ਵਾਹ ਤੀਜੀ ਮੰਜ਼ਿਲ ‘ਤੇ, ਮੈਡੀਟੇਸ਼ਨ ਸੈਂਟਰ ਹੈ, ਜੋ ਤੁਹਾਨੂੰ-ਤੁਹਾਡੇ ਦਿਮਾਗ ਨੂੰ ਸਰੀਰ ਨਾਲ ਹੋਰ ਜੁੜਨ ਵਿੱਚ ਮਦਦ ਕਰਦਾ ਹੈ। ਅਜਾਇਬ ਘਰ ਦਾ ਆਖ਼ਰੀ ਅਧਿਆਇ ਸਿਰਫ਼ ਬੱਚਿਆਂ ਲਈ ਹੈ, ਜੋ ਭਵਿੱਖ ਨਾਇਕਾਂ ਬਾਰੇ ਦੱਸਦਾ ਹੈ। ਭਵਿੱਖ ਦਾ ਅਜਾਇਬ ਘਰ ਦੁਨੀਆਂ ਦੀਆਂ ਸਭ ਤੋਂ ਉੱਨਤ ਤਕਨੀਕਾਂ ਅਤੇ ਰੋਬੋਟਾਂ ਦੇ ਸੰਗ੍ਰਹਿ ਦਾ ਘਰ ਹੈ, ਜਿਸ ਵਿੱਚ ਅਨੇਕਾਂ ਏ[ਆਈ[ ਸੰਚਾਲਿਤ ਹਿਊਮਨਾਈਡ ਰੋਬੋਟ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਬੌਬ ਰੋਬੋਟ ਬਾਰਿਸਟਾ, ਰੋਬੋਟਿਕ ਫਲਾਇੰਗ ਪੈਂਗੁਇਨ, ਫਲਾਇੰਗ ਜੈਲੀ ਫਿਸ਼ ਅਤੇ ਰੋਬੋਟਿਕ ਡੌਗ ਸ਼ਾਮਲ ਹਨ।

ਪੰਜਵੇਂ ਦਿਨ ਬੁਰ ਦੁਬਈ ਜਾਣ ਦਾ ਪਲੈਨ ਸੀ, ਇਹ ਸ਼ਹਿਰ ਦੇ ਸਭ ਤੋਂ ਪੁਰਾਣੇ ਇਲਾਕੇ ਵਿੱਚੋਂ ਇੱਕ ਹੈ। ਦੁਬਈ ਦੇ ਇੱਕ ਸ਼ਹਿਰੀ ਮਹਾਂਨਗਰ ਵਿੱਚ ਤਬਦੀਲ ਹੋਣ ਤੋਂ ਬਹੁਤ ਪਹਿਲਾਂ, ਦੁਬਈ ਕਰੀਕ ਦੇ ਪੱਛਮ ਦਾ ਇਲਾਕਾ ਵਪਾਰ ਦਾ ਮੁੱਖ ਕੇਂਦਰ ਹੁੰਦਾ ਸੀ। ਅੱਜ ਇਹ ਰਿਹਾਇਸ਼ੀ ਅਤੇ ਆਰਥਿਕ ਗਤੀਵਿਧੀ ਦਾ ਕੇਂਦਰ ਬਣਿਆ ਹੋਇਆ ਹੈ, ਇਹ ਭਾਈਚਾਰੇ ਦੀ ਉਦਾਰਵਾਦੀ ਭਾਵਨਾ ਨੂੰ ਕਾਇਮ ਰੱਖ ਰਿਹਾ ਹੈ, ਜੋ ਇੱਥੋਂ ਦੇ ਮਲਟੀ ਕਲਚਰ ਸੱਭਿਆਚਾਰ ਦੀ ਵਿਸ਼ੇਸ਼ਤਾ ਹੈ। ਬੁਰ ਦੁਬਈ ਵਿੱਚ ਕੇਰਲਾ ਤੋਂ ਆਏ ਸੱਜਣਾਂ ਦਾ ਕਾਫ਼ੀ ਕਾਰੋਬਾਰ ਹੈ। ਵੈਸੇ ਤਾਂ ਪੂਰੇ ਦੁਬਈ ਵਿੱਚ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀਆਂ ਦੀ ਬੱਲੇ ਬੱਲੇ ਹੈ, ਪਰ ਕੇਰਲਾ ਵਾਲੇ ਤੁਹਾਨੂੰ ਹਰ ਸ਼ਾਪਿੰਗ ਮਾਲ, ਬੈਂਕਾਂ, ਅਤੇ ਨਿੱਜੀ ਰੈਸਟੋਰੈਂਟਾਂ ਵਿੱਚ ਆਮ ਮਿਲ ਜਾਣਗੇ। ਸਾਡੇ ਪੰਜਾਬੀ ਲੇਬਰ ਕੈਂਪਾਂ ਵਿੱਚ ਦਿਹਾੜੀਆਂ ਲਾਉਂਦੇ ਤੇ ਡਰਾਇਵਰੀ ਕਰਦੇ ਨਜ਼ਰ ਆਉਂਦੇ ਹਨ। ਬੁਰ ਦੁਬਈ ਵਿੱਚ ਹੀ ਦੁਬਈ ਮਿਊਜ਼ੀਅਮ ਬਣਿਆ ਹੋਇਆ ਹੈ, ਜੋ ਦੁਬਈ ਦੇ ਵਿਕਾਸ ਦੀ ਯਾਦਾਂ ਨੂੰ ਆਪਣੇ ‘ਚ ਸੰਜੋਈ ਬੈਠਾ ਹੈ। ਦੁਬਈ ਦੇ ਮਿਊਜ਼ੀਅਮ ਨੂੰ ਦੇਖ਼ ਕੇ ਮੂੰਹ `ਚੋਂ ਬੱਸ ਇਹੋ ਅਲਫਾਜ਼ ਨਿਕਲਦੇ ਹਨ, ‘ਹਿੰਮਤ ਏ ਮਰਦਾਂ, ਮਦਦ ਏ ਖ਼ੁਦਾ।’ ਦੁਬਈ ਦੇ ਸਥਾਨਕ ਬੱਦੂ, ਜੋ ਕਿਸੇ ਵੇਲ਼ੇ ਖਾਨਾਬਦੋਸ਼ ਤੇ ਸਮੁੰਦਰੀ ਲੁਟੇਰੇ ਸਨ, ਉਨ੍ਹਾਂ ਆਪਣੇ ਆਪ ਨੂੰ ਸਮੇਂ ਦਾ ਹਾਣੀ ਹੀ ਨੀ ਬਣਾਇਆ, ਸਗੋਂ ਹੁਣ ਉਨ੍ਹਾਂ ਦੀ ਤੂਤੀ ਪੂਰੇ ਸੰਸਾਰ ਵਿੱਚ ਬੋਲਦੀ ਹੈ।

ਬੁਰ ਦੁਬਈ ਦੇ ਮੀਨਾ ਬਾਜ਼ਾਰ ਦਾ ਆਨੰਦ ਮਾਣਦਿਆਂ ਅਸੀਂ ਸੋਸ਼ਲ ਮੀਡੀਆ `ਤੇ ਮਸ਼ਹੂਰ ‘ਬੜਾ ਭਾਈ, ਛੋਟਾ ਭਾਈ’ ਦੀ ‘ਜ਼ਮ ਜ਼ਮ ਇਲੈਕਟ੍ਰਾਨਿਕ’ ਵੀ ਗਏ। ਬਦਕਿਸਮਤੀ ਨਾਲ਼ ਉਹ ਸਾਨੂੰ ਉਥੇ ਨਹੀਂ ਮਿਲ਼ੇ, ਪਰ ਉਨ੍ਹਾਂ ਦੇ ਵਾਲਿਦ ਨੇ ਸਾਡਾ ਇਸਤਗਬਾਲ ਕੀਤਾ।

ਬੁਰ ਦੁਬਈ ਤੋਂ ਕਿਸ਼ਤੀ ਰਾਹੀਂ ਕਰੀਕ ਪਾਰ ਕਰਦਿਆਂ ਦੁਬਈ ਦੀ ਸਭ ਤੋਂ ਵੱਡੀ ਗੋਲਡ ਮਾਰਕਿਟ ਗੋਲਡ ਸੁਕ ਪਹੁੰਚੇ। ਇਥੋਂ ਦੇ ਜਿ਼ਆਦਾਤਰ ਸੁਨਿਆਰੇ ਭਾਰਤੀ ਹਨ। ਸੈਲਾਨੀ ਘੁੰਮਣ-ਫ਼ਿਰਨ ਦੇ ਨਾਲ-ਨਾਲ ਸੋਨਾ ਖਰੀਦਣ ਨੂੰ ਵੀ ਤਰਜੀਹ ਦਿੰਦੇ ਹਨ, ਕਿਉਂਕਿ ਦੁਬਈ ਵਿੱਚ ਟੈਕਸਾਂ `ਤੇ ਛੋਟ ਕਾਰਨ ਸੋਨੇ ਦੀਆਂ ਕੀਮਤਾਂ ਹਮੇਸ਼ਾਂ ਕਫਾਇਤੀ ਰਹੀਆਂ ਹਨ। ਗੋਲਡ ਮਾਰਕਿਟ ਵਿੱਚ ਦੁਨੀਆਂ ਦੇ ਸਭ ਤੋਂ ਵਧੀਆ ਸੋਨੇ ਦੇ ਗਹਿਿਣਆਂ ਦੇ ਡਿਜ਼ਾਈਨ ਮਿਲਣਗੇ। ਇੱਥੋਂ ਦਾ ਚਮਕਦਾਰ ਸੋਨਾ ਤੁਹਾਨੂੰ ਕਿਤੇ ਨਹੀਂ ਮਿਲੇਗਾ। ਹੋਰ ਵੀ ਬਹੁਤ ਸਾਰੇ ਬਾਜ਼ਾਰ ਹਨ। ਜੇ ਤੁਸੀਂ ਪਰਫਿਊਮ ਲਾਉਣ ਦੇ ਸ਼ੌਕੀਨ ਹੋ, ਤਾਂ ਬੁਰ ਦੁਬਈ ਦੇ ਲੋਕਲ ਬਾਜ਼ਾਰਾਂ ਦਾ ਦੌਰਾ ਜ਼ਰੂਰ ਕਰਨਾ ਚਾਹੀਦਾ ਹੈ। ਇੱਥੇ ਇੱਕ ਵਾਰ ਰਵਾਇਤੀ ਅਰਬੀ ਇੱਤਰ ਦੀ ਵਰਤੋਂ ਕਰਨ ਤੋਂ ਬਾਅਦ ਤੁਹਾਨੂੰ ਮਹਿੰਗੇ ਪਰਫਿਊਮ ਵੀ ਪਸੰਦ ਨਹੀਂ ਆਉਣਗੇ। ਅਲ ਬਹਾਰ ਮਾਰਕੀਟ ਬੁਰ ਦੁਬਈ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਵਜੋਂ ਮਸ਼ਹੂਰ ਹੈ। ਇੱਥੇ ਬਹੁਤ ਸਾਰੇ ਰਵਾਇਤੀ ਅਰਬ ਬਾਜ਼ਾਰ ਵੀ ਹਨ, ਜਿੱਥੇ ਮੇਕਅਪ ਦੇ ਸਾਰੇ ਸਮਾਨ ਮਿਲ ਜਾਣਗੇ।

ਤਰਕਾਲਾਂ ਵੇਲ਼ਾ ਯੂਨੀਵਰਸਿਟੀ ਆਫ਼ ਸ਼ਾਰਜਾਹ ਘੁੰਮਣ ਦਾ ਸੀ, ਕਿਉਂਕਿ ਗਰਮੀ ਦੇ ਚਲਦਿਆਂ ਜ਼ਿਆਦਾਤਰ ਕਲਾਸਾਂ ਅਤੇ ਖੇਡ ਗਤੀਵਿਧੀਆਂ ਸ਼ਾਮਾਂ ਨੂੰ ਹੀ ਹੋ ਰਹੀਆਂ ਸਨ। ਯੂਨੀਵਰਸਿਟੀ ਆਫ਼ ਸ਼ਾਰਜਾਹ ਬੜੀ ਖੁੱਲ੍ਹੀ-ਡੁੱਲੀ ਅਤੇ ਸਾਫ਼ ਸੁਥਰੀ ਯੂਨੀਵਰਸਿਟੀ ਹੈ। ਇੱਥੇ ਤਕਰੀਬਨ ਹਰ ਇੱਕ ਵਿਸ਼ੇ ਨੂੰ ਪੜ੍ਹਾਇਆ ਜਾਂਦਾ ਹੈ, ਦੁਨੀਆਂ ਭਰ ਤੋਂ ਨਾਮਵਰ ਪ੍ਰੋਫੈਸਰ ਇਥੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ਵਿੱਚ ਕਈ ਭਾਰਤੀ ਵੀ ਸ਼ਾਮਿਲ ਹਨ। ਯੂਨੀਵਰਸਿਟੀ ਘੁੰਮਦਿਆਂ ਕਈ ਡਿਪਾਰਟਮੈਂਟ ਦੇਖੇ ਅਤੇ ਅਧਿਆਪਕਾਂ ਤੇ ਵਿਿਦਆਰਥੀਆਂ ਨਾਲ਼ ਗੱਲਬਾਤ ਕੀਤੀ। ਵਿਿਦਆਰਥੀਆਂ ਅਤੇ ਖੋਜਾਰਥੀਆਂ ਲਈ ਦੁਨੀਆਂ ਦੀ ਹਰ ਉਮਦਾ ਸਹੂਲਤਾਂ ਯੂਨੀਵਰਸਿਟੀ ਵਿੱਚ ਮੌਜੂਦ ਸੀ। ਨਾ ਇੱਥੇ ਸੱਤਵੇਂ ਪੇਅ ਕਮਿਸ਼ਨ ਲਈ ਧਰਨੇ ਲਗਦੇ, ਨਾ ਹੀ ਗ੍ਰਾਂਟਾਂ ਦਾ ਰੌਲਾ!

ਖੇਡ ਵਿਭਾਗ ਵਿੱਚ ਵੀ ਗਰਾਊਂਡਾਂ ਅਤੇ ਹੋਰ ਖੇਡ ਸਹੂਲਤਾਂ ਆਲਮੀ ਦਰਜੇ ਦੀਆਂ ਹਨ। ਫੁੱਟਬਾਲ ਗਰਾਊਂਡ ਵਿੱਚ ਪ੍ਰੈਕਟਿਸ ਕਰਵਾਉਂਦੇ ਫੁੱਟਬਾਲ ਕੋਚ ਰਾਸ਼ੀਦ ਨਾਲ ਗੱਲਬਾਤ ਕੀਤੀ, ਕਈਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ। ਯੂਨੀਵਰਸਿਟੀ ਦੇਖ਼ ਕੇ ਲੱਗ ਰਿਹਾ ਸੀ, ਜਿਹੜੀਆਂ ਕੌਮਾਂ ਆਪਣੀ ਤਾਲੀਮ ਨੂੰ ਲੈ ਕੇ ਸੋਚਦੀਆਂ ਹਨ, ਉਨ੍ਹਾਂ ਨੂੰ ਕਾਮਯਾਬ ਹੋਣ ਤੋਂ ਕੌਣ ਰੋਕ ਸਕਦਾ!

ਅਗਲੇ ਦਿਨ ਅਲ ਏਨ ਦੁਬਈ, ਬਲੂਵਾਟਰਜ਼ ਆਈਲੈਂਡ ਵਿਖੇ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਉੱਚਾ ਫੇਰਿਸ ਵ੍ਹੀਲ ਵੇਖਣ ਗਏ। ਇਹ ਮਾਰਚ 2022 ਤੋਂ ਰੱਖ-ਰਖਾਅ ਲਈ ਬੰਦ ਕਰ ਦਿੱਤਾ ਗਿਆ ਸੀ। ਪਹਿਲਾਂ ਇਸ ਨੂੰ 2023 ਦੀ ਪਹਿਲੀ ਤਿਮਾਹੀ ਵਿੱਚ ਖੋਲ੍ਹਣ ਦਾ ਪ੍ਰਸਤਾਵ ਸੀ, ਪਰ ਕਿਸੇ ਕਾਰਨ ਨਹੀਂ ਸੀ ਚੱਲਿਆ। ਅਲ ਏਨ ਬਹੁਤ ਮਨਮੋਹਕ ਤੇ ਹਰਾ ਭਰਾ ਬੀਚ ਹੈ। ਇਹ ਦੁਬਈ ਆਉਣ ਵਾਲੇ ਸੈਲਾਨੀਆਂ ਦੀ ਪਸੰਦੀਦਾ ਥਾਂਵਾਂ ਵਿੱਚੋਂ ਇੱਕ ਹੈ। ਅਲ ਏਨ ਨੂੰ ਗਾਰਡਨ ਸਿਟੀ ਆਫ਼ ਦੁਬਈ ਵੀ ਕਿਹਾ ਜਾਂਦਾ ਹੈ। ਉਥੋਂ ਵਾਪਿਸੀ `ਤੇ ਅਸੀਂ ਬਤੂਤਾ ਮਾਲ ਗਏ। ਇਬਨ ਬਤੂਤਾ ਮਾਲ ਇੱਕ ਮੋਰੱਕੋ ਦੇ ਵਿਦਵਾਨ ਇਬਨ ਬਤੂਤਾ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜੋ ਆਪਣੀਆਂ ਯਾਤਰਾਵਾਂ ਅਤੇ ਬੁੱਧੀ ਲਈ ਜਾਣਿਆ ਜਾਂਦਾ ਹੈ। ਇਸ ਮਾਲ ਨੂੰ ਬਹੁਤ ਖੂਬਸੂਰਤੀ ਨਾਲ਼ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਖੋਜੀ ਦੇ ਜੀਵਨ ਅਤੇ ਯਾਤਰਾਵਾਂ ਨੂੰ ਸਮਰਪਿਤ ਕੁੱਲ 6 ਥੀਮ ਬਣਾਏ ਗਏ ਹਨ: ਬਤੂਤਾ ਦ ਐਂਡਾਲੁਸੀਆ ਕੋਰਟ, ਚਾਈਨਾ ਕੋਰਟ, ਮਿਸਰ ਕੋਰਟ, ਇੰਡੀਆ ਕੋਰਟ, ਪਰਸ਼ੀਆ ਕੋਰਟ ਅਤੇ ਟਿਊਨੀਸ਼ੀਆ ਕੋਰਟ। ਇਹ ਦੁਬਈ ਦੇ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਹੈ। ਮਰੀਨਾ ਕਰੂਜ਼ ਰਾਹੀਂ ਰਾਤ ਵੇਲ਼ੇ ਦੁਬਈ ਦੀਆਂ ਗਗਨ ਚੁੰਬੀ ਇਮਾਰਤਾਂ ਦੀ ਰੰਗੀਨੀਆਂ ਦਾ ਅਦਭੁੱਤ ਨਜ਼ਾਰਾ ਦੇਖਣ ਵਾਲ਼ਾ ਸੀ। ਦੁਬਈ ਮਰੀਨਾ ਫ਼ਾਰਸ ਦੀ ਖਾੜੀ ਉੱਤੇ ਬਣਾਇਆ ਗਿਆ ਨਹਿਰੀ ਸ਼ਹਿਰ ਹੈ। ਦੁਬਈ ਕਰੀਕ ਦੇ ਨਾਲ-ਨਾਲ ਕਰੂਜ਼ ਸਫ਼ਰ ਕਰਦਿਆਂ ਪਾਰਕ ਆਈਲੈਂਡ ਅਤੇ ਮਰੀਨਾ ਪ੍ਰੋਮੇਨੇਡ ਵਰਗੇ ਕੁਝ ਮਸ਼ਹੂਰ ਆਕਰਸ਼ਣਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਸੱਤਵੇਂ ਦਿਨ ਦੁਬਈ ਦੇ ਮਾਲ ਆਫ਼ ਐਮੀਰਟਸ ਵਿੱਚ ਜਾ ਕੇ ਬਰਫ਼ `ਤੇ ਸਕੀਇੰਗ ਕਰਨ ਦਾ ਪ੍ਰੋਗਰਾਮ ਸੀ। ਲਗਦਾ ਸੀ, ਜਿਵੇਂ ਅੰਟਾਰਟਿਕਾ ਪਹੁੰਚ ਗਏ ਹੋਵੋ। ਅੰਦਰ ਜਾਂਦੇ ਹੀ ਇੱਕ ਪਾਸੇ ਪੈਂਗੂਇਨ ਕੁਰਬਲ਼-ਕੁਲਬਲ਼ ਕਰਦੇ ਨਜ਼ਰ ਆਉਂਦੇ ਹਨ। ਦੁਬਈ ਮਾਲ ਦੇ ਅੰਦਰ ਸਥਿਤ ‘ਸਕੀਅ ਦੁਬਈ’ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਇਨਡੋਰ ਸਕੀਅ ਰਿਜ਼ੌਰਟ ਹੈ ਅਤੇ ਮੱਧ ਪੂਰਬ ਵਿੱਚ ਖੁੱਲ੍ਹਣ ਵਾਲਾ ਪਹਿਲਾ ਸਕੀਅ ਰਿਜ਼ੋਰਟ ਵੀ। ਇਹ 22,500 ਵਰਗ ਮੀਟਰ ਵਿੱਚ ਫੈਲਿਆ ਹੈ ਅਤੇ ਇੱਥੇ ਦੁਬਈ ਦੀ ਚੰਮ ਸਾੜਵੀਂ ਤਪਸ਼ ਦੇ ਉਲਟ ਸਾਰਾ ਸਾਲ ਤਕਰੀਬਨ 6000 ਹਜ਼ਾਰ ਟਨ ਬਰਫ਼ ਜੰਮੀ ਰਹਿੰਦੀ ਹੈ। ਕੁਦਰਤ ਦੇ ਨਿਜ਼ਾਮ ਦੇ ਉਲਟ ਦੁਬਈ ਵਰਗੀ ਗਰਮ ਜਲਵਾਯੂ ਦੇ ਵਿੱਚ ਬਰਫੀਲ਼ੇ ਇਲਾਕੇ ਦਾ ਅਹਿਸਾਸ ਆਪਣੇ ਆਪ ਵਿੱਚ ਕਾਬਿਲ-ਏ-ਤਾਰੀਫ਼ ਹੈ।

ਸ਼ਾਮ ਨੂੰ ਪਾਮ ਜੁਮੇਰਾਹ ਘੁੰਮਣ ਗਏ। ਇਹ ਫ਼ਾਰਸ ਦੀ ਖਾੜੀ ਉੱਤੇ ਬਣਾਇਆ ਗਿਆ ਟਾਪੂ ਹੈ। ਇਹ ਪਾਮ ਆਈਲੈਂਡਜ਼ ਨਾਮੀਂ ਵਿਕਾਸ ਦੀ ਇੱਕ ਵੱਡੀ ਲੜੀ ਦਾ ਹਿੱਸਾ ਹੈ, ਜਿਸ ਵਿੱਚ ਪਾਮ ਜੇਬਲ ਅਲੀ ਅਤੇ ਪਾਮ ਡੇਹਰਾ ਵੀ ਸ਼ਾਮਲ ਹਨ। ਪਾਮ ਜੁਮੇਰਾਹ ਇਸ ਸੰਸਾਰ ਦੀਆਂ ਸਭ ਤੋਂ ਮਹਿੰਗੀਆਂ ਥਾਂਵਾਂ ਵਿੱਚੋਂ ਇੱਕ ਹੈ। ਪਾਮ ਜੁਮੇਰਾਹ ਵਿੱਚ ਵਿਸ਼ਵ ਦੀਆਂ ਨਾਮਵਰ ਸ਼ਖਸੀਅਤਾਂ ਦੇ ਘਰ ਹਨ। ਭਾਰਤ ਵਿੱਚੋਂ ਸ਼ਾਹਰੁਖ ਖਾਨ ਤੇ ਅੰਬਾਨੀਆਂ ਨੇ ਸਭ ਤੋਂ ਪਹਿਲਾਂ ਇੱਥੇ ਘਰ ਖਰੀਦਿਆ ਸੀ। ਪਾਮ ਜੁਮੇਰਾਹ ਵਿੱਚ ਹੀ ਦੁਨੀਆਂ ਦਾ ਸਭ ਤੋਂ ਲਗਜ਼ਰੀ ਸੱਤ ਤਾਰਾ ਹੋਟਲ ਬੁਰਜ ਅਲ ਅਰਬ ਬਣਿਆ ਹੋਇਆ ਹੈ। ਮਨੁੱਖ ਦੁਆਰਾ ਬਣਾਏ ਪਾਮ ਆਈਲੈਂਡ ਨੂੰ 20 ਸਾਲਾਂ ਤੋਂ ਵੱਧ ਸਮਾਂ ਲਾ ਕੇ ਬਣਾਇਆ ਗਿਆ ਹੈ ਅਤੇ ਇਹ ਦੁਨੀਆਂ ਭਰ ਦੇ ਸੈਲਾਨੀਆਂ ਲਈ ਇੱਕ ਅਜੂਬਾ ਹੈ। ਇਸ ਦੀ ਵਿਸ਼ਾਲ ਬਣਤਰ ਨੂੰ ਦੇਖਣ ਲਈ ਸੈਲਾਨੀਆਂ ਨੂੰ ਹੈਲੀਕਾਪਟਰ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਲੋਕ ਇਸ ਵਿਸ਼ਾਲ ਢਾਂਚੇ ਨੂੰ ਦੇਖਣ ਲਈ ਪਲੇਨ ਜੰਪਿੰਗ ਵੀ ਕਰਦੇ ਹਨ। ਹਾਲਾਂਕਿ ਹੁਣ ਪਾਮ ਆਈਲੈਂਡ ਬਣਾਉਣ ਵਾਲੀ ਕੰਪਨੀ ਨਖੇਲ ਨੇ 52 ਮੰਜ਼ਿਲਾ ਇਮਾਰਤ ਵੀ ਬਣਾਈ ਹੈ, ਜਿਸ ‘ਤੇ ਲੋਕ ਪਾਮ ਆਈਲੈਂਡ ਦੇਖਣ ਲਈ ਚੜ੍ਹਦੇ ਹਨ। ਇਸ ਨੂੰ ਇਸ ਸਾਲ ਅਪਰੈਲ ‘ਚ ਖੋਲ੍ਹਿਆ ਗਿਆ ਹੈ ਅਤੇ ਲੋਕਾਂ ਨੇ ਇਸ ਨੂੰ ‘ਵਿਊ ਐਟ ਪਾਮ’ ਕਹਿਣਾ ਸ਼ੁਰੂ ਕਰ ਦਿੱਤਾ ਹੈ। ਪਾਮ ਜੁਮੇਰਾਹ ਦੀ ਬਾਕਮਾਲ ਇੰਜੀਨੀਅਰਿੰਗ ਨੂੰ ਵੇਖ਼ ਕੇ ਲਿਖਣ ਲਈ ਕੋਈ ਸ਼ਬਦ ਨਹੀਂ ਰਹਿ ਜਾਂਦਾ, ਇਸ ਨੂੰ ਤਾਂ ਸਿਰਫ਼ ਉਥੇ ਜਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।

ਵਕਤ ਦੀਆਂ ਸੂਈਆਂ `ਤੇ ਕਿਸੇ ਦਾ ਜ਼ੋਰ ਨਹੀਂ। ਸ਼ੇਖਾਂ ਵਲੋਂ ਵਸਾਈ ਜੰਨਤ-ਉਲ-ਫਿਰਦੌਸ ਦੁਬਈ ਵਿੱਚ ਗੁਜ਼ਰ ਰਹੇ ਹਸੀਨ ਪਲਾਂ ਨੂੰ ਪਾਵੇ ਨਾਲ਼ ਬੰਨਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ[[[। ਦੁਬਈ ਵਿੱਚੋਂ ਮੇਰਾ ਅੰਨ-ਜਲ ਵੀ ਮੁੱਕ ਚੱਲਿਆ ਸੀ। ਅੱਠਵੇਂ ਦਿਨ ਦਾ ਅੰਨ-ਜਲ ਪਾਕਿਸਤਾਨੀ ਰੈਸਟੋਰੈਂਟ ਵਿਖੇ ਛਕਿਆ, ਜਿੱਥੇ ਉਨ੍ਹਾਂ ਦੇ ਖੁਸ਼ਮਿਜਾਜ ਖਾਨਸਾਮੇ, ਜਿਸ ਨੂੰ ਸਾਰੇ ਭਾਈਆ ਆਖ ਬੁਲਾ ਰਹੇ ਸਨ, ਦੇ ਹੱਥਾਂ ਦੇ ਬਣੇ ਲਜ਼ੀਜ਼ ਪਰੌਂਠੇ ਖਾਧੇ। ਫਿਰ ਸ਼ਾਰਜਾਹ ਦੇ ਲੋਕਲ ਬਾਜ਼ਾਰ ਦੀਆਂ ਗਲੀਆਂ ਵਿੱਚ ਕਰੀਬ 5 ਕਿਲੋਮੀਟਰ ਪੈਦਲ ਯਾਤਰਾ ਕਰ ਸ਼ਰੀਕ-ਏ-ਹਯਾਤ ਨੂੰ ਖੁਸ਼ ਕਰਨ ਲਈ ਜ਼ਰੂਰੀ ਖਰੀਦ-E-ਫਰੋਖ਼ਤ ਕੀਤੀ ਅਤੇ ਮੁੜ ਫਲੈਟ ਵਿੱਚ ਆ ਪੈਕਿੰਗ ਵਿੱਚ ਰੁੱਝ ਗਿਆ। ਸ਼ਾਰਜਾਹ ਏਅਰਪੋਰਟ ਤੋਂ ਵਤਨਾਂ ਵੱਲ ਉਡਾਣ ਤਾਂ ਭਰ ਲਈ ਸੀ, ਪਰ ਮੇਰੀ ਰੂਹ ਹਾਲੇ ਵੀ ਕਿਤੇ ਨਾ ਕਿਤੇ ਦੁਬਈ ਦੇ ਮੁਖਤਲਿਫ਼ ਆਲਮੀ ਅਜੂਬਿਆਂ ਵਿੱਚ ‘ਯਾਲਾਹ ਹਬੀਬੀ’ ‘ਯਾਲਾਹ ਹਬੀਬੀ’; ‘ਮਰਹਬਾ’ ‘ਮਰਹਬਾ’ ਕਰਦੀ ਭਟਕ ਰਹੀ ਸੀ!

Leave a Reply

Your email address will not be published. Required fields are marked *