ਦਿਆਨਤਦਾਰੀ ਦਾ ਲੁਤਫ਼: ਇੰਜੀਨੀਅਰ ਬਿਕਰਮ ਸਿੰਘ ਗਰੇਵਾਲ

Uncategorized

ਉਜਾਗਰ ਸਿੰਘ

ਫੋਨ: +91 9417813072

ਸਰਕਾਰੀ ਨੌਕਰੀ ਦੌਰਾਨ ਇਮਾਨਦਾਰੀ ਤੇ ਵਚਨਬੱਧਤਾ ਅਤੇ ਲੋਕਾਂ ਨੂੰ ਇਨਸਾਫ ਦੇਣਾ ਸੱਚੇ ਸੁੱਚੇ ਅਧਿਕਾਰੀਆਂ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਰਾਜ ਦੇ ਅਰਥਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ। ਜਿਹੜੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਇਨਸਾਫ ਦਿੰਦੇ ਹਨ, ਉਨ੍ਹਾਂ ਦਾ ਬੁਢਾਪਾ ਸਾਂਤਮਈ ਗੁਜਰਦਾ ਹੈ। ਫਿਰ ਬੁਢਾਪਾ ਸਰਾਪ ਨਹੀਂ, ਸਗੋਂ ਵਰਦਾਨ ਹੁੰਦਾ ਹੈ। ਬੁਢਾਪਾ ਅਹਿਸਾਸ ਦਾ ਦੂਜਾ ਨਾਮ ਹੈ। ਜਿਹੋ ਜਿਹਾ ਇਨਸਾਨ ਸੋਚਦਾ ਹੈ, ਉਹੋ ਜਿਹਾ ਮਹਿਸੂਸ ਕਰਦਾ ਹੈ। ਮਨੁੱਖੀ ਜੀਵਨ ਪਰਮਾਤਮਾ ਵੱਲੋਂ ਇੱਕ ਵਾਰ ਦਿੱਤਾ ਤੋਹਫ਼ਾ ਹੁੰਦਾ ਹੈ। ਇਸ ਤੋਹਫ਼ੇ ਦੀ ਵਰਤੋਂ ਹਰ ਇਨਸਾਨ ਨੇ ਆਪੋ ਆਪਣੀ ਸਮਝ ਅਨੁਸਾਰ ਕਰਨੀ ਹੁੰਦੀ ਹੈ। ਜਿਹੜਾ ਇਨਸਾਨ ਮਨੁੱਖੀ ਜੀਵਨ ਨੂੰ ਉਸਾਰੂ ਸੋਚ ਨਾਲ ਵੰਗਾਰ ਸਮਝ ਕੇ ਲੈਂਦਾ ਹੈ, ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਸਥਾਪਤ ਨਿਸ਼ਾਨੇ ‘ਤੇ ਪਹੁੰਚਦਾ ਹੈ, ਜਿਹੜਾ ਇਸ ਜੀਵਨ ਨੂੰ ਭਾਰ ਸਮਝਣ ਲੱਗਦਾ ਹੈ, ਉਹ ਸੁੱਖਮਈ ਨਹੀਂ ਰਹਿ ਸਕਦਾ ਅਤੇ ਹਮੇਸ਼ਾ ਨਿਰਾਰਥਕ ਜੀਵਨ ਬਤੀਤ ਕਰਦਾ ਹੈ। ਸਕਾਰਾਤਮਕ ਸੋਚ, ਸੰਤੁਸ਼ਟਤਾ ਤੇ ਇਮਾਨਦਾਰੀ ਇਨਸਾਨ ਨੂੰ ਆਨੰਦ ਤੇ ਲੰਬੀ ਉਮਰ ਬਖ਼ਸ਼ਦੀ ਹੈ। ਬੁਢਾਪੇ ਨੂੰ ਜੇ ਇਨਸਾਨ ਸਹਿਜ ਨਾਲ ਲੈਂਦਾ ਹੋਇਆ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖੇਗਾ ਤਾਂ ਜ਼ਿੰਦਗੀ ਦਾ ਆਨੰਦ ਮਾਣੇਗਾ।

ਉਕਤ ਵਿਚਾਰਾਂ ਦੇ ਧਾਰਨੀ ਸੌ ਸਾਲ ਤੋਂ ਵੱਧ ਉਮਰ ਦੇ ਵਿਅਕਤੀ ਬਿਕਰਮ ਸਿੰਘ ਗਰੇਵਾਲ ਇਸ ਉਮਰ ਵਿੱਚ ਵੀ ਜ਼ਿੰਦਗੀ ਦਾ ਆਨੰਦ ਬਾਖ਼ੂਬੀ ਨਾਲ ਮਾਣ ਰਹੇ ਹਨ। ਉਹ 1981 ਵਿੱਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ, ਪ੍ਰੰਤੂ ਸੇਵਾ ਮੁਕਤੀ ਤੋਂ ਬਾਅਦ ਆਪਣੀ ਕਾਰ ਆਪ ਚਲਾ ਕੇ 98 ਸਾਲ ਦੀ ਉਮਰ ਤੱਕ ਗੋਲਫ ਕਲੱਬ ਚੰਡੀਗੜ੍ਹ ਵਿੱਚ ਗੋਲਫ ਖੇਡਦੇ ਰਹੇ। ਸਿਰਫ ਪਿਛਲੇ ਦੋ ਸਾਲਾਂ ਤੋਂ ਗੋਲਫ਼ ਖੇਡਣਾ ਛੱਡਿਆ ਹੈ। ਅਜੇ ਵੀ ਉਹ ਚੁਸਤ-ਫੁਰਤ, ਤੰਦਰੁਸਤ ਅਤੇ ਤੁਰਦੇ-ਫਿਰਦੇ ਹਨ। ਉਨ੍ਹਾਂ ਦੀ ਯਾਦਾਸ਼ਤ ਬਰਕਰਾਰ ਹੈ। ਇਮਾਨਦਾਰੀ ਦੀ ਆਵਾਜ਼ ਉਸੇ ਤਰ੍ਹਾਂ ਗੜ੍ਹਕਦੀ ਹੈ। 11 ਫਰਵਰੀ 2023 ਨੂੰ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਇੰਜੀਨੀਅਰਜ਼ ਅਲੂਮਨੀ ਨੇ ਬਿਕਰਮ ਸਿੰਘ ਗਰੇਵਾਲ ਨੂੰ ਬਿਹਤਰੀਨ ਜ਼ਿੰਦਗੀ ਦੇ 100 ਸਾਲ ਪੂਰੇ ਕਰਨ ਲਈ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਕੀਤਾ ਸੀ। ਉਨ੍ਹਾਂ ਨੇ ਆਪਣਾ 100ਵਾਂ ਜਨਮ ਦਿਨ 15 ਫਰਵਰੀ 2023 ਨੂੰ ਮਨਾਇਆ ਸੀ, ਉਸ ਸਮੇਂ ਲੈਫ਼ਟੀਨੈਂਟ ਕਰਨਲ ਇੰਜੀਨੀਅਰ ਸੰਜੀਵ ਕੌਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਸੀ ਕਿ “ਬਿਕਰਮ ਸਿੰਘ ਗਰੇਵਾਲ ਇੰਜੀਨੀਅਰਿੰਗ ਜਗਤ ਲਈ ਰੋਲ ਮਾਡਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਦੇ ਜੀਵਤ ਉਹ ਸਭ ਤੋਂ ਸੀਨੀਅਰ ਇੰਜੀਨੀਅਰ ਹਨ, ਜਿਨ੍ਹਾਂ ਦਿਆਨਤਦਾਰੀ ਨਾਲ ਨੌਕਰੀ ਕਰਦਿਆਂ ਜ਼ਿੰਦਗੀ ਦੇ 10 ਦਹਾਕਿਆਂ ਦਾ ਲੁਤਫ਼ ਲਿਆ ਹੈ।” ਇਸ ਲਈ ਬੁਢਾਪੇ ਨੂੰ ਜ਼ਿੰਦਗੀ ਦਾ ਆਨੰਦ ਮਾਨਣ ਦਾ ਸਭ ਤੋਂ ਵਧੀਆ ਸਮਾਂ ਸਮਝਣਾ ਚਾਹੀਦਾ ਹੈ, ਕਿਉਂਕਿ ਕੋਈ ਝਮੇਲਾ ਨਹੀਂ ਹੁੰਦਾ।

ਸਮੇਂ ਦੀ ਤਬਦੀਲੀ ਨਾਲ ਬੇਸ਼ਕ ਸਮਾਜ ਦੀਆਂ ਕਦਰਾਂ-ਕੀਮਤਾਂ ਵੀ ਬਦਲ ਜਾਂਦੀਆਂ ਹਨ। ਵਰਤਮਾਨ ਸਮੇਂ ਵਿੱਚ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਦੇ ਅਰਥ ਹੀ ਬਦਲਦੇ ਜਾ ਰਹੇ ਹਨ। ਖਾਸ ਤੌਰ `ਤੇ ਸਰਕਾਰੀ ਨੌਕਰੀ ਵਿੱਚ ਤਾਂ ਕਦਰਾਂ-ਕੀਮਤਾਂ ਵਿੱਚ ਅਣਕਿਆਸੀ ਗਿਰਾਵਟ ਆ ਗਈ ਹੈ। ਇਸ ਸਮੇਂ ਜੇ ਕੋਈ ਛੋਟਾ ਅਧਿਕਾਰੀ ਵੀ ਨੌਕਰੀ ‘ਤੇ ਨਿਯੁਕਤ ਹੋ ਜਾਵੇ ਤਾਂ ਉਹ ਵਿਭਾਗ ਵਿੱਚ ਮਨਮਾਨੀਆਂ ਕਰਨ ਨੂੰ ਪਹਿਲ ਦਿੰਦਾ ਹੈ, ਕਿਉਂਕਿ ਉਹ ਸਾਰੇ ਆਪਸ ਵਿੱਚ ਰਲ-ਮਿਲ ਜਾਂਦੇ ਹਨ। ਉਨ੍ਹਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ। ਪ੍ਰੰਤੂ ਬਿਕਰਮ ਸਿੰਘ ਗਰੇਵਾਲ ਬਹੁਤ ਹੀ ਸੀਨੀਅਰ ਸੇਵਾ ਮੁਕਤ ਅਧਿਕਾਰੀ ਹਨ, ਜਿਹੜੇ ਸਾਰੀ ਉਮਰ ਸੱਚਾਈ ਅਤੇ ਇਮਾਨਦਾਰੀ `ਤੇ ਪਹਿਰਾ ਦਿੰਦੇ ਰਹੇ ਹਨ। ਸ. ਬਿਕਰਮ ਸਿੰਘ ਗਰੇਵਾਲ, ਸੇਵਾ ਮੁਕਤ ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਪੰਜਾਬ ਹਨ। ਉਨ੍ਹਾਂ ਆਪਣੀ ਸਾਰੀ ਨੌਕਰੀ ਧੜੱਲੇ ਅਤੇ ਖ਼ੁਦਦਾਰੀ ਨਾਲ ਆਪਣੀਆਂ ਸ਼ਰਤਾਂ ‘ਤੇ ਕੀਤੀ ਅਤੇ ਨਾ ਹੀ ਕਿਸੇ ਦੀ ਈਨ ਮੰਨੀ ਅਤੇ ਨਾ ਮਨਵਾਈ ਹੈ। ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਜਾਂ ਸਿਆਸਤਦਾਨ ਦੇ ਕਹਿਣ ‘ਤੇ ਗ਼ਲਤ ਕੰਮ ਨਹੀਂ ਕੀਤਾ, ਭਾਵੇਂ ਉਨ੍ਹਾਂ ਨੂੰ ਇਸ ਕਰਕੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸੀਨੀਅਰ ਅਧਿਕਾਰੀਆਂ ਦੀ ਤਾਂ ਛੱਡੋ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਗ਼ਲਤ ਹੁਕਮਾਂ ਨੂੰ ਅਣਡਿਠ ਕਰ ਦਿੰਦੇ ਸਨ। ਕੋਈ ਵੀ ਵਿਅਕਤੀ ਛੇਤੀ ਕੀਤਿਆਂ ਉਨ੍ਹਾਂ ਕੋਲ ਕਿਸੇ ਕਿਸਮ ਦੀ ਸ਼ਿਫਾਰਸ਼ ਕਰਨ ਦੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਕੋਲ ਜਾਣ ਤੋਂ ਹੀ ਤ੍ਰਭਕਦਾ ਸੀ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਹ ਸਹੀ ਕੰਮ ਹੀ ਕਰਨਗੇ। ਜੇ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਕੋਈ ਸਮੱਸਿਆ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਸੀ, ਪ੍ਰੰਤੂ ਕੰਮ ਉਹ ਤਾਂ ਹੀ ਕਰਦੇ ਸਨ ਜੇ ਜ਼ਾਇਜ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਹੋ ਸਕਦਾ ਹੁੰਦਾ ਸੀ। ਵਿਭਾਗ ਵਿੱਚ ਉਹ ਕਿਸੇ ਨਾਲ ਨਾ ਬੇਇਨਸਾਫੀ ਕਰਦੇ ਸਨ ਅਤੇ ਨਾ ਹੀ ਕਰਨ ਦਿੰਦੇ ਸਨ। ਉਨ੍ਹਾਂ ਨੇ ਵਿਭਾਗ ਦੇ ਮੁਖੀ ਹੁੰਦਿਆਂ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ।

ਉਨ੍ਹਾਂ ਦੀ ਸਰਕਾਰੀ ਅਧਿਕਾਰੀ ਦੇ ਤੌਰ ‘ਤੇ ਵੱਖ-ਵੱਖ ਅਹੁਦਿਆਂ ਸਬ ਡਵੀਜਨਲ ਇੰਜੀਨੀਅਰ ਤੋਂ ਮੁੱਖ ਇੰਜੀਨੀਅਰ ਤੱਕ 37 ਸਾਲ ਦਾ ਕੈਰੀਅਰ ਬੇਦਾਗ਼ ਰਿਹਾ। ਲੋਕ ਨਿਰਮਾਣ ਵਿੱਚ ਸੜਕਾਂ, ਪੁਲਾਂ ਅਤੇ ਉਸਾਰੀ ਦੇ ਕੰਮ ਚਲਦੇ ਰਹਿੰਦੇ ਸਨ, ਜਦੋਂ ਉਹ ਦੌਰੇ `ਤੇ ਜਾਂਦੇ ਸਨ ਤਾਂ ਆਪਣਾ ਖਾਣਾ ਨਾਲ ਹੀ ਲੈ ਜਾਂਦੇ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਸਾਂਝਾ ਪੰਜਾਬ ਬਹੁਤ ਵੱਡਾ ਸੀ, ਕਈ ਵਾਰ ਕਈ ਰਾਤਾਂ ਬਾਹਰ ਕੱਟਣੀਆਂ ਪੈਂਦੀਆਂ ਸਨ ਤਾਂ ਉਹ ਆਪਣਾ ਬਿਸਤਰਾ, ਖਾਣੇ ਦਾ ਸਾਰਾ ਸਾਮਾਨ, ਸਟੋਵ, ਦਾਲਾਂ, ਸਬਜ਼ੀਆਂ ਅਤੇ ਆਟਾ ਨਾਲ ਹੀ ਲੈ ਜਾਂਦੇ ਸਨ। ਕਿਸੇ ਦਫ਼ਤਰ ਦੇ ਅਧਿਕਾਰੀ ਕੋਲੋਂ ਚਾਹ ਤੱਕ ਨਹੀਂ ਪੀਂਦੇ ਸਨ। ਇਥੋਂ ਤੱਕ ਕਿ ਕੋਈ ਅਧਿਕਾਰੀ ਚਾਹ ਜਾਂ ਖਾਣੇ ਬਾਰੇ ਕਹਿਣ ਦੀ ਹਿੰਮਤ ਵੀ ਨਹੀਂ ਰੱਖਦੇ ਸਨ। ਸ. ਗਰੇਵਾਲ ਦਾ ਪਰਿਵਾਰ ਉਨ੍ਹਾਂ ਦੀ ਵਿਰਾਸਤ ‘ਤੇ ਪਹਿਰਾ ਦੇ ਰਿਹਾ ਹੈ।

ਬਿਕਰਮ ਸਿੰਘ ਗਰੇਵਾਲ ਦਾ ਸਿਖਿਆ ਪ੍ਰਾਪਤ ਕਰਨ ਦਾ ਰਿਕਾਰਡ ਵੀ ਬਿਹਤਰੀਨ ਰਿਹਾ ਹੈ। ਉਹ ਹਮੇਸ਼ਾ ਹਰ ਕਲਾਸ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੁੰਦੇ ਰਹੇ। ਉਨ੍ਹਾਂ ਨੇ ਅੱਠਵੀਂ 1936 ਤੇ ਦਸਵੀਂ 1938 ਵਿੱਚ ਮਾਲਵਾ ਹਾਈ ਸਕੂਲ ਲੁਧਿਆਣਾ ਤੋਂ ਫਸਟ ਡਵੀਜਨ ਵਿੱਚ ਪਾਸ ਕਰਕੇ 1940 ਵਿੱਚ ਫੈਕਿਲਿਟੀ ਆਫ ਸਾਇੰਸ (ਐਫ. ਐਸਸੀ.) ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਫਿਰ ਉਨ੍ਹਾਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਲਈ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ। ਉਨ੍ਹਾਂ 1943 ਵਿੱਚ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਪਰੰਤ 1944 ਵਿੱਚ ਉਨ੍ਹਾਂ ਦੀ ਸਾਂਝੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਬੀ. ਐਂਡ ਆਰ.) ਵਿੱਚ ਬਤੌਰ ਸਬ ਡਵੀਜਨਲ ਇੰਜੀਨੀਅਰ ਦੀ ਚੋਣ ਹੋ ਗਈ। ਉਨ੍ਹਾਂ ਦੀ ਸਭ ਤੋਂ ਪਹਿਲੀ ਪੋਸਟਿੰਗ ਅੰਡਰ ਟਰੇਨਿੰਗ ਰਾਵਲਪਿੰਡੀ ਵਿੱਚ ਹੋਈ ਸੀ। ਉਸ ਤੋਂ ਬਾਅਦ ਜਲੰਧਰ ਵਿਖੇ ਨਿਯੁਕਤ ਹੋ ਗਏ। 1951 ਵਿੱਚ ਉਨ੍ਹਾਂ ਦੀ ਤਰੱਕੀ ਕਾਰਜਕਾਰੀ ਇਜੀਨੀਅਰ ਦੀ ਹੋ ਗਈ ਅਤੇ ਫਿਰੋਜਪੁਰ ਵਿਖੇ ਤਾਇਨਾਤ ਕਰ ਦਿੱਤੇ ਗਏ। 1963 ਵਿੱਚ ਤਰੱਕੀ ਤੋਂ ਬਾਅਦ ਸੁਪਰਇਟੈਂਡੈਂਟ ਇੰਜੀਨੀਅਰ ਬਣ ਗਏ। 1966 ਵਿੱਚ ਪੰਜਾਬ ਦੀ ਵੰਡ ਹੋਣ ਤੋਂ ਬਾਅਦ 1971 ਵਿੱਚ ਮੁੱਖ ਇਜੀਨੀਅਰ ਦੀ ਤਰੱਕੀ ਹੋ ਗਈ ਅਤੇ ਉਨ੍ਹਾਂ ਨੂੰ ਵਿਭਾਗ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ। 10 ਸਾਲ ਵਿਭਾਗ ਦੇ ਮੁਖੀ ਰਹਿਣ ਸਮੇਂ ਉਨ੍ਹਾਂ ਨੇ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਵਿਲੱਖਣ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਦੇ ਸਮੇਂ ਬਹੁਤ ਸਾਰੇ ਵਿਭਾਗੀ ਪੁਲਾਂ ਅਤੇ ਸਰਕਾਰੀ ਇਮਾਰਤਾਂ ਦੀ ਉਸਾਰੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਅਤੇ ਅੰਮ੍ਰਿਤਸਰ ਦੇ ਨਵੇਂ ਬਲਾਕਾਂ ਅਤੇ ਰੋਹਤਕ ਵਿਖੇ ਨਿਊ ਮੈਡੀਕਲ ਕਾਲਜ ਰੋਹਤਕ ਦੀਆਂ ਇਮਾਰਤਾਂ ਦੀ ਉਸਾਰੀ ਕਰਵਾਈ, ਜਿਹੜੀ ਅੱਜ ਤੱਕ ਬਿਹਤਰੀਨ ਉਸਾਰੀ ਦੀ ਤਕਨੀਕ ਦਾ ਨਮੂਨਾ ਹਨ। ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੀ ਉਸਾਰੀ ਵੀ ਕਰਵਾਈ ਸੀ। ਪਿੰਡਾਂ ਨੂੰ ਦਿਹਾਤੀ ਸੜਕਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ 37 ਸਾਲ ਦੀ ਬੇਦਾਗ਼ ਨੌਕਰੀ ਕਰਨ ਤੋਂ ਬਾਅਦ ਫਰਵਰੀ 1981 ਵਿੱਚ ਸੇਵਾ ਮੁਕਤ ਹੋਏ ਸਨ।

ਬਿਕਰਮ ਸਿੰਘ ਗਰੇਵਾਲ ਦਾ ਜਨਮ ਪਿਤਾ ਸ. ਬੂਟਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਲੁਧਿਆਣਾ ਜਿਲ੍ਹੇ ਦੇ ਲਲਤੋਂ ਪਿੰਡ ਵਿਖੇ 15 ਫਰਵਰੀ 1923 ਨੂੰ ਹੋਇਆ। ਉਨ੍ਹਾਂ ਦਾ ਵਿਆਹ ਬੀਬੀ ਨਿਰਮਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਹਰਜੀਤ ਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਹਨ। ਹਰਜੀਤ ਇਦੰਰ ਸਿੰਘ ਗਰੇਵਾਲ ਆਈ.ਏ.ਐਸ. ਅਧਿਕਾਰੀ ਸਨ, ਜਿਹੜੇ ਕਈ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰ, ਡਵੀਜਨਲ ਕਮਿਸ਼ਨਰ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਰਹੇ ਸਨ। ਅਨੂਪ ਇੰਦਰ ਸਿੰਘ ਗਰੇਵਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਹਨ। ਇੱਕ ਲੜਕੀ ਨੀਨਾ ਸਿੰਘ ਹੈ, ਜਿਹੜੀ ਬਰਜੇਸ਼ਵਰ ਸਿੰਘ ਆਈ.ਏ.ਐਸ. (ਸੇਵਾ ਮੁਕਤ) ਨੂੰ ਵਿਆਹੀ ਹੋਈ ਹੈ। ਬਰਜੇਸ਼ਵਰ ਸਿੰਘ ਭਾਰਤ ਸਰਕਾਰ ਦੇ ਕਈ ਵਿਭਾਗਾਂ ਵਿੱਚ ਸਕੱਤਰ ਰਹੇ ਹਨ।

Leave a Reply

Your email address will not be published. Required fields are marked *