ਤੇਲ/ਤੇਲੀ/ਤਿਲ

Uncategorized

ਪਰਮਜੀਤ ਢੀਂਗਰਾ

ਫੋਨ: +91-9417358120

ਤੇਲ, ਤੇਲੀ ਤੇ ਤਿਲਾਂ ਦੀ ਆਪਸੀ ਸਕੀਰੀ ਨੇ ਧਰਮ, ਮਿੱਥਾਂ, ਰੀਤਾਂ, ਰਸਮਾਂ, ਲੋਕਧਾਰਾ, ਵਿਸ਼ਵਾਸਾਂ ਤੇ ਖਾਣ-ਪੀਣ ਦੇ ਵੱਡੇ ਹਿੱਸੇ `ਤੇ ਆਪਣਾ ਸਾਮਰਾਜ ਕਾਇਮ ਕੀਤਾ ਹੋਇਆ ਹੈ ਅਤੇ ਦਿਨੋ ਦਿਨ ਇਨ੍ਹਾਂ ਦਾ ਵਿਸਥਾਰ ਹੋ ਰਿਹਾ ਹੈ।

 

ਹਰ ਭਾਸ਼ਾ ਵਿੱਚ ਕੁਝ ਸ਼ਬਦ ਅਜਿਹੇ ਹੁੰਦੇ ਹਨ, ਜੋ ਨੇੜਲੀਆਂ ਭਾਸ਼ਾਵਾਂ ਨਾਲ ਸਕੀਰੀ ਰੱਖਦੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਜਿਸ ਭਾਸ਼ਾ ਵਿੱਚ ਉਨ੍ਹਾਂ ਦੀ ਜਿੰਨੀ ਜ਼ਿਆਦਾ ਵਰਤੋਂ ਤੇ ਉਪਯੋਗਤਾ ਹੁੰਦੀ ਹੈ, ਓਨਾ ਹੀ ਉਨ੍ਹਾਂ ਦਾ ਵਿਸਥਾਰ ਹੁੰਦਾ ਜਾਂਦਾ ਹੈ। ਅਜਿਹਾ ਹੀ ਇੱਕ ਸ਼ਬਦ ਹੈ- ਤੇਲ। ਪੰਜਾਬੀ ਕੋਸ਼ਾਂ ਅਨੁਸਾਰ ਪ੍ਰਕਿਰਤ ਤੇਲ ਤੇ ਸੰ. ਤੈਲ ਤੋਂ ਇਹ ਬਣਿਆ ਹੈ, ਜਿਸ ਦਾ ਭਾਵ ਹੈ- ਬੀਆਂ ਆਦਿ ਵਿਚੋਂ ਕੱਢੀ ਥਿੰਦਿਆਈ, ਧਰਤੀ ਵਿਚੋਂ ਨਿਕਲਿਆ ਤਰਲ ਪਦਾਰਥ, ਜੋ ਬਲਣਸ਼ੀਲ ਹੁੰਦਾ ਹੈ; ਮਿੱਟੀ ਦਾ ਤੇਲ, ਪਸੀਨਾ। ਇਸ ਨਾਲ ਜੁੜਵੇਂ ਅਨੇਕਾਂ ਸ਼ਬਦ ਤੇ ਅਖਾਣ, ਮੁਹਾਵਰੇ, ਪੰਜਾਬੀ ਵਿੱਚ ਪ੍ਰਚਲਤ ਹਨ, ਜੋ ਇਸ ਦੀ ਵਿਸ਼ਾਲ ਅਰਥਸੱਤਾ ਨੂੰ ਪ੍ਰਗਟਾਉਂਦੇ ਹਨ, ਜਿਵੇਂ ਤੇਲ ਇੰਜਣ, ਗਰੀ ਦਾ ਤੇਲ, ਜੈਤੂਨ ਦਾ ਤੇਲ, ਤੇਲ ਦੇਣਾ-ਮਸ਼ੀਨਾਂ ਆਦਿ ਨੂੰ; ਤੇਲ ਫਰੋਸ਼, ਤੇਲੀ, ਤੇਲਣ, ਤੇਲੀਆ- ਤੇਲ ਵਰਗਾ ਥਿੰਦਾ ਤੇ ਚਮਕੀਲਾ, ਤੇਲੀਆ ਬੁੱਧ-ਚਤੁਰ ਤੇ ਹੁਸ਼ਿਆਰ; ਜ਼ਿਆਦਾ ਕਾਲੀ ਭਾਹ ਮਾਰਦਾ ਗੂੜ੍ਹਾ ਲਾਲ ਰੰਗ, ਇੱਕ ਜ਼ਹਿਰ, ਇੱਕ ਕਿਸਮ ਦਾ ਸੱਪ, ਇੱਕ ਬੂਟੇ ਦੀ ਜੜ੍ਹ ਵਿਚਲਾ ਜ਼ਹਿਰੀਲਾ ਪਦਾਰਥ; ਤੇਲੀਆ ਰਾਜਾ- ਤੇਲ ਵਿੱਚ ਦੇਖ ਕੇ ਪਰਾਲਬੱਧ ਦੱਸਣ ਵਾਲਾ; ਤੇਲੂ- ਤੇਲ ਦਾ, ਮੱਛੀ ਦਾ ਤੇਲ, ਸਾਨੇ ਦਾ ਤੇਲ, ਮਿੱਠਾ ਤੇਲ, ਕੌੜਾ ਤੇਲ, ਰਫਲ ਦਾ ਤੇਲ, ਤਿਲਹਣ ਦਾ ਤੇਲ, ਅਰਿੰਡੀ ਦਾ ਤੇਲ, ਲੌਂਗਾਂ ਦਾ ਤੇਲ, ਲਾਚੀਆਂ ਦਾ ਤੇਲ; ਤੇਲਕ- ਤੇਲ ਬਣਾਉਣ ਵਾਲਾ, “ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ॥” (ਭਗਤ ਕਬੀਰ ਜੀ)

ਤੇਲੜ- ਤਿੰਨਾਂ ਕੁੜੀਆਂ ਜਾਂ ਮੁੰਡਿਆਂ ਪਿੱਛੋਂ ਪੈਦਾ ਹੋਣ ਵਾਲਾ ਮੁੰਡਾ, ਤੇਲਾ- ਮਜੀਠ ਤੇ ਤੇਲ ਤੋਂ ਬਣਾਇਆ ਹੋਇਆ ਰੰਗ; ਇੱਕ ਲਾਲ ਧਾਗਾ; ਇਕ ਤਰ੍ਹਾਂ ਦਾ ਕੀੜਾ, ਜੋ ਫਸਲਾਂ ਖਰਾਬ ਕਰਦਾ ਹੈ; ਤੇਲੀਆ- ਫਸਲਾਂ ਦਾ ਇੱਕ ਰੋਗ, ਤੇਲਾ- ਗੀਟਿਆਂ ਦੀ ਖੇਡ ਦਾ ਤੀਜਾ ਪੜਾਅ, ਜਿਸ ਵਿੱਚ ਤਿੰਨ ਤਿੰਨ ਗੀਟੇ ਇਕੱਠੇ ਚੁੱਕੇ ਜਾਂਦੇ ਹਨ; ਮੰਜੀਆਂ ਦੀ ਇੱਕ ਬੁਣਤੀ, ਜਿਸ ਵਿੱਚ ਤਿੰਨ ਤਿੰਨ ਰੱਸੀਆਂ ਦਾ ਜੁੱਟ ਹੁੰਦਾ ਹੈ; ਤੇਲੀ ਅਥਵਾ ਕੋਹਲੂ ਦਾ ਬੈਲ, ਤੇਲੀ; ਮੋਚੀ- ਲੰਡੀ ਬੁੱਚੀ, ਤੇਲੀਆ ਕੁਮੈਤ- ਚਮਕੀਲਾ; ਕੁਮੈਤ ਰੰਗਾ ਘੋੜਾ। ਮੁਹਾਵਰਾ ਤੇ ਅਖਾਣ- ਤੇਲ ਸੜੇ ਤਾਂ ਘਿਓ, ਘਿਓ ਸੜੇ ਤਾਂ ਖੇਹ; ਤੇਲ ਹੱਟੀ ਦਾ, ਘਿਓ ਜੱਟੀ ਦਾ; ਤੇਲ ਕੱਢਣਾ/ਨਿਕਲਣਾ, ਤੇਲ ਖਾਣਾ ਤੇ ਗੁਲਗਲਿਆਂ ਤੋਂ ਪਰਹੇਜ਼, ਤੇਲ ਚੜ੍ਹਨਾ, ਤੇਲ ਚੜਾਉਣਾ/ਮਲਣਾ, ਹਲਦੀ ਆਦਿ ਮਿਲਾ ਕੇ ਵਟਣਾ ਮਲਣਾ, ਤੇਲ ਚੋਣਾ- ਇੱਕ ਰਸਮ, ਤੇਲ `ਚੋਂ ਕੌਡੀ ਕੱਢਣਾ, ਤੇਲ ਠਕੀਣਾ- ਕੁੜਮਾਂ ਦੇ ਆਉਣ `ਤੇ ਮੁਹਾਠਾਂ `ਤੇ ਤੇਲ ਡੋਲ੍ਹਣਾ, “ਮਸਲਤ ਸੱਦ ਸਿਆਲਾਂ ਕੀਤੀ ਕੀਕਣ ਤੇਲ ਠਕੀਣਾ।” (ਹੀਰ ਦਮੋਦਰ)

ਤੇਲ ਤਮਾਅ ਜਾ ਕੋ ਮਿਲੇ, ਤੁਰਤ ਨਰਮ ਹੋ ਜਾਏ; ਤੇਲ ਤਿਲਾਂ ਵਿੱਚੋਂ ਹੀ ਨਿਕਲਦਾ, ਰੇਤੇ `ਚੋਂ ਨਹੀਂ, ਤੇਲ ਦੀ ਕੜਾਹੀ ਵਿੱਚ ਪੈਣਾ, ਤੇਲ ਦੇਖੋ ਤੇਲ ਦੀ ਧਾਰ ਦੇਖੋ, ਤੇਲ ਨਿਚੋੜਨਾ, ਤੇਲਾਂ ਬਾਝ ਨਾ ਬਲਣ ਮਸ਼ਾਲਾਂ, ਦਰਦਾਂ ਬਾਝ ਨਾ ਹਾਈ, ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ, ਬਲਦੀ `ਤੇ ਤੇਲ ਪਾਉਣਾ, ਤੇਲੀ ਜੋੜੇ ਪਲੀ ਪਲੀ ਰਾਮ ਰੁੜਾਏ ਕੁੱਪਾ; ਤੇਲੀ ਦਾ ਤੇਲ ਬਲੇ, ਮਸ਼ਾਲਚੀ ਦਾ ਦਿਲ ਜਲੇ; ਤੇਲੀ ਦੇ ਤਿੰਨ ਮਰੇ ਉਪਰੋਂ ਟੁੱਟੀ ਲੱਠ। ਮਹਾਨ ਕੋਸ਼ ਅਨੁਸਾਰ- ਤੇਲ ਅਥਵਾ ਤੇਲੁ ਸੰ. ਤੈਲ ਭਾਵ ਤਿਲ ਦਾ ਵਿਕਾਰ, ਤਿਲਾਂ ਦੀ ਚਿਕਨਾਈ, ਹੁਣ ਸਰਸੋਂ ਆਦਿ ਦੇ ਰਸ ਨੂੰ ਵੀ ਤੇਲ ਸਦੀਦਾ ਹੈ। “ਤੇਲ ਜਲੇ ਬਾਤੀ ਠਹਰਾਨੀ” (ਭਗਤ ਕਬੀਰ ਜੀ)

ਤੇਲ ਨਾਲ ਬਹੁਤ ਸਾਰੀਆਂ ਮਿੱਥਾਂ, ਵਿਸ਼ਵਾਸ ਤੇ ਲੋਕਧਾਰਾ ਵੀ ਜੁੜੀ ਹੋਈ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਵਾਰ ਦੇਵਤੇ ਮੱਸਿਆ ਦੀ ਰਾਤ ਨੂੰ ਹਨੇਰੇ ਵਿੱਚ ਬੈਠੇ ਵਿਚਾਰ-ਵਟਾਂਦਰਾ ਕਰ ਰਹੇ ਸਨ ਕਿ ਬਸੰਤ ਰੁੱਤ ਦੀ ਦੇਵੀ ਨੇ ਸਰੋਂ ਦੇ ਬੀਜਾਂ ਵਿੱਚੋਂ ਤੇਲ ਕੱਢ ਕੇ ਦੀਵਾ ਬਾਲਿਆ। ਦੇਵਤਿਆਂ ਨੇ ਪ੍ਰਸੰਨ ਹੋ ਕੇ ਤੇਲ ਨੂੰ ਵਰ ਦਿੱਤਾ ਕਿ ਜਿੱਥੇ ਸਰੋਂ ਦੇ ਤੇਲ ਦਾ ਦੀਵਾ ਬਲੇਗਾ, ਉਥੇ ਕੋਈ ਬਦਰੂਹ ਨਹੀਂ ਆਵੇਗੀ। ਇਸੇ ਕਰਕੇ ਪ੍ਰਸੂਤ ਦੇ ਦਿਨੀਂ ਛਿਲੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਨਿਰੰਤਰ ਬਾਲਿਆ ਜਾਂਦਾ ਹੈ। ਤੇਲ ਦੇ ਦਾਨ ਨਾਲ ਦੇਵਤੇ ਪ੍ਰਸੰਨ ਹੁੰਦੇ ਹਨ। ਮਾਘੀ ਵਾਲੇ ਦਿਨ ਤਿਲਾਂ ਦਾ ਤੇਲ ਦਾਨ ਕਰਨ ਨਾਲ ਸੰਕਟ ਦੂਰ ਹੋਣ ਦਾ ਵਿਸ਼ਵਾਸ ਹੈ, ਸ਼ਨੀਵਾਰ ਸਰੋਂ ਦਾ ਤੇਲ ਦਾਨ ਕਰਨ ਨਾਲ ਸ਼ਨੀ ਗ੍ਰਹਿ ਟਲਦਾ ਹੈ, ਤੇਲ ਵਿੱਚ ਆਪਣੀ ਛਾਇਆ ਦੇਖ ਕੇ ਦਾਨ ਕਰਨ ਨਾਲ ਸਰੀਰ ਦੇ ਰੋਗ ਮਿਟਣ ਦਾ ਵਿਸ਼ਵਾਸ ਹੈ। ਜੇ ਜ਼ਮੀਨ `ਤੇ ਕਿਧਰੇ ਤੇਲ ਡੁਲਿ੍ਹਆ ਹੋਵੇ ਤਾਂ ਉਸ ਤੋਂ ਟਪਦੇ ਨਹੀਂ, ਧਾਰਨਾ ਇਹ ਹੈ ਕਿ ਤੇਲ ਡੋਲ੍ਹਣ ਵਾਲੇ ਦੇ ਦੁੱਖ ਉਸ ਨੂੰ ਚੰਬੜ ਜਾਂਦੇ ਹਨ। ਪੀਰਾਂ, ਫਕੀਰਾਂ ਦੇ ਮਜ਼ਾਰਾਂ ਅਤੇ ਮੜ੍ਹੀਆਂ `ਤੇ ਵੀਰਵਾਰ ਤੇਲ ਦੇ ਦੀਵੇ ਬਾਲੇ ਜਾਂਦੇ ਹਨ। ਤੇਲ ਕਟੋਰੀ ਇੱਕ ਟੂਣਾ ਹੈ, ਜਿਸ ਵਿੱਚ ਕਟੋਰੀ ਵਿੱਚ ਤੇਲ ਪਾ ਕੇ ਮੰਤਰ ਪੜ੍ਹ ਕੇ ਫੂਕਾਂ ਮਾਰੀਆਂ ਜਾਂਦੀਆਂ ਹਨ। ਇਹ ਟੂਣਾ ਚੋਰੀ ਹੋਈਆਂ ਵਸਤਾਂ ਦੀ ਭਾਲ ਲਈ ਕੀਤਾ ਜਾਂਦਾ ਹੈ। ਤੇਲ ਪਾਉਣਾ ਇੱਕ ਗਾਲ੍ਹ ਹੈ, ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਹੈ ਤਾਂ ਤੇਰਵੇਂ ਦਿਨ ਉਹਦੇ ਸਿਰ ਵਿੱਚ ਤੇਲ ਪਾਇਆ ਜਾਂਦਾ ਹੈ। ਵਿਆਹ ਦੀ ਰਸਮ ਵੇਲੇ ਤੇਲ ਚੋਇਆ ਜਾਂਦਾ ਹੈ ਤੇ ਅਸੀਸਾਂ ਦੇ ਗੀਤ ਗਾਏ ਜਾਂਦੇ ਹਨ, ਜਿਨ੍ਹਾਂ ਨੂੰ ਅਸੀਸੜੀਆਂ ਕਿਹਾ ਜਾਂਦਾ ਹੈ- “ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲ॥ ਦੇਹੁ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ॥” ਤੇਲ ਮੇਟ- ਬਹਾਵਲਪੁਰ ਇਲਾਕੇ ਦੀ ਵਿਆਹ ਦੀ ਇੱਕ ਰਸਮ। ਇਸ ਵਿੱਚ ਲਾੜਾ ਲਾੜੀ ਨਾਲ ਵਚਨ ਕਰਦਾ ਹੈ ਕਿ ਉਹ ਉਹਨੂੰ ਕੁਝ ਰਕਮ ਦੇਵੇਗਾ। ਇਸ ਨਾਲ ਲਾੜੀ ਆਪਣੇ ਲਈ ਤੇਲ ਤੇ ਮੇਟ ਖਰੀਦਦੀ ਹੈ।

ਉਪਰੋਕਤ ਵਿਸਥਾਰ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਤੇਲ ਸਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵਪੂਰਨ ਪਦਾਰਥ ਹੈ। ਤੇਲ ਅਸਲ ਵਿੱਚ ਸੰ. ਤਿਲ ਜਾਂ ਤਿਲ: ਸ਼ਬਦ ਤੋਂ ਬਣਿਆ ਹੈ। ਇਹ ਪੌਦਿਆਂ ਦੇ ਨਿੱਕੇ ਨਿੱਕੇ ਕਣਾਂ ਅਥਵਾ ਬੀਜਾਂ ਨੂੰ ਪੀੜ ਕੇ ਕੱਢਿਆ ਜਾਂਦਾ ਹੈ। ਸਰੀਰ `ਤੇ ਪਏ ਨਿਸ਼ਾਨ ਜਾਂ ਮੱਸਿਆਂ ਨੂੰ ਵੀ ਤਿਲ ਕਿਹਾ ਜਾਂਦਾ ਹੈ। ਜਿਵੇਂ ਗੀਤ ਹੈ- “ਤੇਰੇ ਮੁਖੜੇ ਤੇ ਕਾਲਾ ਕਾਲਾ ਤਿਲ ਵੇ, ਮੁੰਡਿਆ ਸਿਆਲਕੋਟੀਆ।” ਏਸ਼ਿਆਈ ਸਭਿਆਤਾਵਾਂ ਵਿੱਚ ਪ੍ਰਚੀਨ ਕਾਲ ਤੋਂ ਤਿਲਾਂ ਦਾ ਵਰਣਨ ਮਿਲਦਾ ਹੈ। ਅਸੀਰੀਆਈ, ਮਿਸਰ, ਹੜੱਪਾ ਸਭਿਆਤਾਵਾਂ ਦੀ ਖੁਦਾਈ ਵਿਚੋਂ ਇਸ ਤਰ੍ਹਾਂ ਦੇ ਸਬੂਤ ਮਿਲੇ ਹਨ, ਜੋ ਗਵਾਹ ਹਨ ਕਿ ਉਦੋਂ ਤਿਲਾਂ ਦੀ ਖੇਤੀ ਹੁੰਦੀ ਸੀ। ਪਿੜਾਈ ਵਿੱਚੋਂ ਨਿਕਲੇ ਪਦਾਰਥ ਨੂੰ ਸੰ. ਵਿਚ ਤੈਲਮੑ ਕਿਹਾ ਜਾਂਦਾ ਹੈ। ਪੰਜਾਬੀ ਕੋਸ਼ਾਂ ਅਨੁਸਾਰ ਤਿਲ ਤੋਂ ਹੀ ਤੇਲ ਦੀ ਵਿਉਤਪਤੀ ਹੋਈ ਹੈ। ਤਿਲ ਦਾ ਇੱਕ ਅਰਥ ਹੀ ਥਿੰਦਾ ਕੀਤਾ ਜਾਂਦਾ ਹੈ। ਪਿੰਡੇ `ਤੇ ਵਿਸ਼ੇਸ਼ ਕਰਕੇ ਔਰਤਾਂ ਠੋਡੀ `ਤੇ ਤਿਲ ਖੁਣਵਾਉਂਦੀਆਂ ਹਨ। ਅੱਖ ਦੀ ਪੁਤਲੀ ਦੇ ਕਾਲੇ ਨਿਸ਼ਾਨ ਨੂੰ ਵੀ ਤਿਲ ਕਿਹਾ ਜਾਂਦਾ ਹੈ, ਪਲ ਜਾਂ ਥੋੜ੍ਹੇ ਸਮੇਂ ਲਈ ‘ਤਿਲ ਕੁ’ ਸ਼ਬਦ ਵਰਤਿਆ ਜਾਂਦਾ ਹੈ, “ਜੇ ਕੋ ਪਾਵੈ ਤਿਲ ਕਾ ਮਾਨੁ।” ਬਾਬਾ ਫਰੀਦ ਜੀ ਦਾ ਕਥਨ ਹੈ, “ਜੇ ਜਾਣਾ ਤਿਲ ਥੋਰੜੇ ਸਮਲ ਬੁਕ ਭਰੀਂ॥” ਇਸ ਨਾਲ ਵੀ ਬਹੁਤ ਸਾਰੇ ਸ਼ਬਦ, ਮੁਹਾਵਰੇ ਤੇ ਅਖਾਣ ਜੁੜੇ ਹੋਏ ਹਨ, ਜੋ ਇਹਦੀ ਮਹੱਤਤਾ ਦੇ ਗਵਾਹ ਹਨ, ਜਿਵੇਂ ਤਿਲਸ਼ੱਕਰੀ- ਇੱਕ ਪ੍ਰਕਾਰ ਦੀ ਮਠਿਆਈ, ਤਿਲ ਸਫੈਦ, ਤਿਲ ਸਿਆਹ, ਤਿਲ ਸਮਾਨ, ਤਿਲਕੁੱਟ, ਤਿਲ ਚਾਵਲ ਜਾਂ ਤਿਲ ਚੌਲੀ; “ਹੋਏ ਨਕਾਹ ਮੱਤੇ ਹੱਥ ਆਵੇ ਮੈਨੂੰ ਵੀ ਤਿਲ ਚਾਵਲ।”

ਤਿਲ ਚੁਗਣਾ, ਤਿਲ ਜਿਤੀ, ਤਿਲ ਤਿਲਨਾ; “ਓਹੁ ਘਟੈ ਨ ਕਿਸੈ ਦੀ ਘਟਾਈ ਇਕੁ ਤਿਲੁ ਤਿਲੁ ਤਿਲਨਾ॥” (ਗੌਂਡ ਮ. ੪)

ਤਿਲਦਾਨੀ- ਦਰਜੀ ਦੀ ਸੂਈ ਧਾਗਾ ਰਖਣ ਵਾਲੀ ਥੈਲੀ, ਤਿਲ ਪੱਟੀ-ਇੱਕ ਮਠਿਆਈ, ਤਿਲ ਫੁੱਲ, ਤਿਲ ਭਰ, ਤਿਲ ਭੁੱਗਾ, ਤਿਲ ਮਾਤਰ, ਤਿਲ ਵਟਣਾ- ਉਹ ਵਟਣਾ, ਜਿਸ ਵਿੱਚ ਹੋਰ ਚੀਜ਼ਾਂ ਨਾਲ ਤਿਲ ਵੀ ਕੁੱਟੇ ਹੋਣ। ਇਸ ਨਾਲ ਜੁੜੇ ਅਖਾਣ, ਮੁਹਾਵਰੇ- ਤਿਲ ਓਟ ਪਹਾੜ, ਤਿਲ ਸੰਘਣੇ ਵਿਰਲੀ ਕਣਕ ਮੱਝਾਂ ਦੇਵਣ ਕੱਟ, ਨੂੰਹਾਂ ਦੇਣ ਕੁੜੀਆਂ ਇਹ ਚਾਰੇ ਚੌੜ ਚਪੱਟ; ਤਿਲ ਸੁਟਿਆਂ ਭੌਂ `ਤੇ ਪੈਣਾ, ਤਿਲ ਘਣਾ, ਮੋਠ ਛਿਦਰਾ, ਡੱਡ ਟੱਪ ਜਵਾਰ, ਕੋਈ ਕੋਈ ਬੂਟਾ ਵਾੜ ਦਾ ਕਦੀ ਨਾ ਆਵੇ ਹਾਰ; ਤਿਲ ਛਿੱਦੀ, ਧਾਨ ਸੰਘਣੀ, ਡੱਡ ਟੱਪ ਕਪਾਹ, ਝੁੰਬ ਮਾਰ ਰਜਾਈ ਦੀ ਮਕਈ ਦੇ ਜਾਹ; ਤਿਲ ਛਿੱਦੇ ਜੌਂ ਸੰਘਣੇ, ਡੱਡੂ ਟੱਪ ਜਵਾਰ, ਇੱਖ ਜਿਨ੍ਹਾਂ ਦੀ ਸੰਘਣੀ, ਘੋੜੇ ਹਿਣਕਣ ਯਾਰ; ਤਿਲ ਤਿਲ ਕਰਕੇ ਜੋੜਨਾ, ਤਿਲ ਤਿਲ ਕਰਕੇ ਮਰਨਾ, ਤਿਲ ਧਰਨ ਨੂੰ ਥਾਂ ਨਾ ਹੋਣੀ, ਤਿਲ ਭੁੰਜੇ ਨਾ ਡਿੱਗਣਾ, ਤਿਲਾਂ ਵਾਂਗ ਕੁੱਟਣਾ, ਤੇਲ ਤਾਂ ਤਿਲਾਂ `ਚੋਂ ਨਿਕਲਦਾ।

ਤਿਲਾਂ ਨਾਲ ਬਹੁਤ ਸਾਰੀ ਲੋਕਧਾਰਾ ਵੀ ਜੁੜੀ ਹੋਈ ਹੈ। ਇੱਕ ਮਿੱਥ ਅਨੁਸਾਰ ਤਿਲ ਵਿਸ਼ਨੂੰ ਦੇ ਉਸ ਵਾਲ ਵਿੱਚੋਂ ਉੱਗੇ, ਜੋ ਧਰਤੀ `ਤੇ ਡਿੱਗ ਕੇ ਮੌਲ ਪਿਆ। ਫਲਸਰੂਪ ਤਿਲਾਂ ਦੇ ਦਾਨ ਤੋਂ ਵਿਸ਼ਨੂੰ ਪ੍ਰਸੰਨ ਹੁੰਦਾ ਹੈ। ਇੱਕ ਹੋਰ ਮਿੱਥ ਅਨੁਸਾਰ ਤਿਲਾਂ ਦੀ ਖੇਤੀ ਸਭ ਤੋਂ ਪਹਿਲਾਂ ਪਾਰਬਤੀ ਨੇ ਬੀਜੀ। ਉਹ ਇਸਦਾ ਵਟਣਾ ਮਲ਼ ਕੇ ਨਹਾਉਂਦੀ ਹੁੰਦੀ ਸੀ। ਇਸੇ ਵਟਣੇ ਦਾ ਪੁਤਲਾ ਬਣਾ ਕੇ ਪਾਰਬਤੀ ਨੇ ਪਹਿਰੇ ਲਈ ਗਣੇਸ਼ ਸਿਰਜਿਆ ਸੀ। ਉਤਪਾਦਨ ਲਈ ਕੀਤੀਆਂ ਜਾਂਦੀਆਂ ਰੀਤਾਂ ਵਿੱਚ ਤਿਲਾਂ ਦਾ ਵਿਸ਼ੇਸ਼ ਮਹੱਤਵ ਹੈ। ਵਿਆਹ ਵੇਲੇ ਤਿਲ-ਮੇਥਰੇ ਦੀ ਰੀਤ ਕੀਤੀ ਜਾਂਦੀ ਹੈ। ਇਸ ਦਾ ਮੰਤਵ ਪੁੱਤਰ ਉਤਪਤੀ ਹੈ, ਜੇ ਕੋਈ ਨਿਰਸੰਤਾਨ ਔਰਤ ਚਾਲੀ ਦਿਨ ਚਾਲੀ ਵੱਖ ਵੱਖ ਘਰਾਂ ਵਿੱਚੋਂ ਤਿਲ ਲਿਆ ਕੇ ਫੱਕੇ ਤਾਂ ਉਹਦੇ ਘਰ ਔਲਾਦ ਦਾ ਵਿਸ਼ਵਾਸ ਹੈ। ਇੱਕ ਹੋਰ ਧਾਰਨਾ ਅਨੁਸਾਰ ਜੇ ਹਰ ਪੂਰਨਮਾਸ਼ੀ ਨੂੰ ਤਿਲਾਂ ਦਾ ਅਰਘ ਦਿੱਤਾ ਜਾਵੇ ਤਾਂ ਚੰਨ ਵਰਗਾ ਮੁੰਡਾ ਜੰਮਦਾ ਹੈ। ਹਿੰਦੂਆਂ ਦੀਆਂ ਰਸਮਾਂ ਵਿੱਚ ਤਿਲਾਂ ਦਾ ਖਾਸ ਸਥਾਨ ਹੈ, ਜਿਵੇਂ ਤਿਲਾਂ ਦਾ ਵਟਣਾ, ਇਨ੍ਹਾਂ ਦਾ ਜਲ ਇਸ਼ਨਾਨ, ਤਿਲਾਂ ਦੇ ਫੱਕੇ ਮਾਰਨੇ, ਤਿਲਾਂ ਦਾ ਹਵਨ, ਤਿਲਸ਼ੱਕਰੀ ਦਾ ਦਾਨ ਆਦਿ। ਮ੍ਰਿਤਕ ਲਈ ਜੋ ਪਿੰਡ ਤਿਆਰ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਤਿਲ ਕੁੱਟ ਕੇ ਪਾਏ ਜਾਂਦੇ ਹਨ। ਤਿਲ ਦਾਨ ਕੀਤੇ ਜਾਂਦੇ ਹਨ, ਜਾਦੂ ਟੂਣਿਆਂ ਲਈ ਵੀ ਕਾਲੇ ਤਿਲਾਂ ਦੀ ਵਰਤੋਂ ਹੁੰਦੀ ਹੈ। ਤਿਲ-ਪੱਤਰਾ ਫੁਲਕਾਰੀ ਦੀ ਇੱਕ ਕਿਸਮ ਜੋ ਘਟੀਆ ਖੱਦਰ `ਤੇ ਸਾਧਾਰਨ ਧਾਗਿਆਂ ਨਾਲ ਕੱਢੀ ਜਾਂਦੀ ਸੀ ਤੇ ਕੰਮੀ-ਕਮੀਣਾਂ ਨੂੰ ਤੋਹਫੇ ਵਜੋਂ ਤਿਲ-ਪੱਤਰੇ ਦਿੱਤੇ ਜਾਂਦੇ ਸਨ। ਲੋਹੜੀ ਵੇਲੇ ਤਿਲ ਅੱਗ ਵਿੱਚ ਸੁੱਟੇ ਜਾਂਦੇ ਹਨ। ਇਹ ਦਲਿਦਰ ਦੇ ਜਾਣ ਦੀ ਨਿਸ਼ਾਨੀ ਹੈ। ਲੋਕ ਗੀਤ ਹੈ, “ਜਿੰਨੇ ਜਠਾਣੀ ਤਿਲ ਸੁਟੇਗੀ, ਓਨੇ ਦਰਾਣੀ ਪੁੱਤ ਜੰਮੇਗੀ।” ਤਿਲਾਂਜਲੀ ਪਾਣੀ ਵਿੱਚ ਤਿਲ ਮਿਲਾ ਕੇ ਦੇਵਤਿਆਂ ਅਥਵਾ ਪਿੱਤਰਾਂ ਨਮਿੱਤ ਦਿੱਤੀ ਚੁਲੀ; ਦਾਹ ਸੰਸਕਾਰ ਤੋਂ ਮੁੜਦੇ ਲੋਕ ਖੂਹਾਂ, ਤਲਾਬਾਂ `ਤੇ ਨਹਾ ਕੇ ਮ੍ਰਿਤਕ ਨਮਿੱਤ ਤਿਲਾਂਜਲੀ ਦਿੰਦੇ ਸਨ। ਪੁਰਾਣਾਂ ਵਿੱਚ ਤਿਲੋਤਮਾ ਨਾਂ ਦੀ ਇੱਕ ਅਪਸਰਾ ਦਾ ਜ਼ਿਕਰ ਵੀ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਬ੍ਰਹਮਾ ਨੇ ਸਾਰੇ ਸੰਸਾਰ ਵਿੱਚੋਂ ਤਿਲ ਤਿਲ ਸੁੰਦਰਤਾ ਇਕੱਠੀ ਕਰਕੇ ਉਹਦੀ ਰਚਨਾ ਕੀਤੀ, ਇਸੇ ਲਈ ਉਹਦਾ ਨਾਂ ਤਿਲੋਤਮਾ ਪਿਆ। ਇਕ ਧਾਰਨਾ ਇਹ ਵੀ ਹੈ ਕਿ ਇੰਦਰ ਲੋਕ ਦੀਆਂ ਸਾਰੀਆਂ ਅਪਸਰਾਵਾਂ ਰੂਪ ਤੇ ਸੁੰਦਰਤਾ ਵਿੱਚ ਇੱਕ ਤੋਂ ਵੱਧ ਕੇ ਇੱਕ ਸਨ, ਪਰ ਇੱਕੋ ਇੱਕ ਅਜਿਹੀ ਸੁੰਦਰੀ ਸੀ ਜੋ ਰੂਪ, ਗੁਣਾਂ ਤੇ ਸੁੰਦਰਤਾ ਪੱਖੋਂ ਬੇਜੋੜ ਸੀ। ਉਹ ਤਿਲ ਤਿਲ ਸੁੰਦਰਤਾ ਜੋੜ ਕੇ ਬਣਾਈ ਗਈ ਸੀ ਅਰਥਾਤ ਤਿਲੋਤਮਾ। ਉਸ ਨੂੰ ਤ੍ਰਿਲੋਕ ਸੁੰਦਰੀ ਜਾਂ ਬ੍ਰਹਿਮੰਡੀ ਸੁੰਦਰੀ ਵੀ ਕਿਹਾ ਜਾਂਦਾ ਹੈ। ਤਿਲੋਤਮਾ ਬਾਰੇ ਇੱਕ ਹੋਰ ਮਿੱਥ ਵੀ ਪ੍ਰਚਲਿਤ ਹੈ। ਹਿਰਣਕਸ਼ਿਅਪ ਦੀ ਕੁਲ ਵਿੱਚ ਨਿਕੁੰਭ ਨਾਂ ਦਾ ਇੱਕ ਦੈਂਤ ਹੋਇਆ। ਉਹਦੇ ਦੋ ਪੁੱਤਰ ਸਨ-ਸੁੰਭ ਤੇ ਨਿਸੁੰਭ, ਦੋਵੇਂ ਇੱਕ ਸਰੀਰ ਵਿੱਚ ਦੋ ਆਤਮਾਵਾਂ ਵਾਂਗ ਰਹਿੰਦੇ ਸਨ ਤੇ ਇੱਕ ਦੂਜੇ ਨੂੰ ਅਥਾਹ ਪਿਆਰ ਕਰਦੇ ਸਨ। ਉਨ੍ਹਾਂ ਨੇ ਤ੍ਰਿਲੋਕ `ਤੇ ਰਾਜ ਕਰਨ ਦੀ ਇੱਛਾ ਨਾਲ ਵਿੰਧਿਆਂਚਲ ਪਰਬਤ `ਤੇ ਘੋਰ ਤਪੱਸਿਆ ਕੀਤੀ। ਉਨ੍ਹਾਂ ਦੇ ਤੇਜ ਨੂੰ ਦੇਖ ਕੇ ਦੇਵਤੇ ਘਬਰਾ ਗਏ ਤੇ ਹਮੇਸ਼ਾਂ ਵਾਂਗ ਬ੍ਰਹਮਾ ਦੀ ਸ਼ਰਨ ਵਿੱਚ ਆਏ। ਬ੍ਰਹਮਾ ਖੁਦ ਉਨ੍ਹਾਂ ਦੇ ਸਾਹਮਣੇ ਗਏ ਤੇ ਉਨ੍ਹਾਂ ਨੂੰ ਵਰ ਮੰਗਣ ਲਈ ਕਿਹਾ। ਦੋਹਾਂ ਨੇ ਅਮਰਾਪਦ ਮੰਗਿਆ, ਪਰ ਬ੍ਰਹਮਾ ਨੇ ਸਾਫ ਇਨਕਾਰ ਕਰ ਦਿੱਤਾ। ਤਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਰਦਾਨ ਦਿਓ ਕਿ ਇੱਕ ਦੂਸਰੇ ਨੂੰ ਛੱਡ ਕੇ ਤ੍ਰਿਲੋਕ ਵਿੱਚ ਉਨ੍ਹਾਂ ਨੂੰ ਕਿਸੇ ਕੋਲੋਂ ਮੌਤ ਦਾ ਭੈ ਨਾ ਰਹੇ। ਬ੍ਰਹਮਾ ਨੇ ਕਿਹਾ, ਠੀਕ ਹੈ। ਇਸ ਵਰਦਾਨ ਨਾਲ ਸੁੰਭ ਨਿਸੁੰਭ ਲੱਗੇ ਹੜਦੰਗ ਮਚਾਉਣ, ਦੇਵਤਿਆਂ `ਤੇ ਜ਼ੁਲਮ ਕਰਦੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ। ਦੇਵਤਿਆਂ ਨੇ ਫਿਰ ਬ੍ਰਹਮਾ ਦੇ ਦਰਬਾਰ ਵਿੱਚ ਜਾ ਕੇ ਦੁਹਾਈ ਦਿਤੀ। ਬ੍ਰਹਮਾ ਨੇ ਉਨ੍ਹਾਂ ਨੂੰ ਮਾਰਨ ਦੀ ਇੱਕ ਤਰਕੀਬ ਕੱਢ ਲਈ। ਉਨ੍ਹਾਂ ਨੇ ਵਿਸ਼ਵਕਰਮਾ ਨੂੰ ਕਿਹਾ ਕਿ ਇੱਕ ਪਰਮ ਸੁੰਦਰੀ ਦੀ ਰਚਨਾ ਕਰੋ। ਵਿਸ਼ਵਕਰਮਾ ਨੇ ਤ੍ਰਿਲੋਕ ਦੀ ਤਿਲ ਤਿਲ ਸੁੰਦਰਤਾ ਇਕੱਤਰ ਕੀਤੀ ਤੇ ਸੁੰਦਰਤਾ ਦਾ ਸ਼ਾਹਕਾਰ ਘੜ ਦਿੱਤਾ। ਬ੍ਰਹਮਾ ਨੇ ਉਸ ਨੂੰ ਪ੍ਰਾਣਵੰਤ ਕਰ ਦਿੱਤਾ ਤੇ ਨਾਂ ਤਿਲੋਤਮਾ ਰਖਿਆ ਅਤੇ ਉਹਨੂੰ ਦੋਹਾਂ ਭਰਾਵਾਂ ਕੋਲ ਜਾਣ ਦਾ ਆਦੇਸ਼ ਦਿੱਤਾ। ਦੋਵੇਂ ਉਸ `ਤੇ ਮੋਹਿਤ ਹੋ ਗਏ ਤੇ ਉਹਨੂੰ ਪਾਉਣ ਲਈ ਇੱਕ ਦੂਜੇ ਦੀ ਜਾਨ ਦੇ ਪਿਆਸੇ ਹੋ ਗਏ। ਇਸ ਤਰ੍ਹਾਂ ਸਪੱਸ਼ਟ ਹੈ ਕਿ ਤੇਲ, ਤੇਲੀ ਤੇ ਤਿਲਾਂ ਦੀ ਆਪਸੀ ਸਕੀਰੀ ਨੇ ਧਰਮ, ਮਿੱਥਾਂ, ਰੀਤਾਂ, ਰਸਮਾਂ, ਲੋਕਧਾਰਾ, ਵਿਸ਼ਵਾਸਾਂ ਤੇ ਖਾਣ-ਪੀਣ ਦੇ ਵੱਡੇ ਹਿੱਸੇ `ਤੇ ਆਪਣਾ ਸਾਮਰਾਜ ਕਾਇਮ ਕੀਤਾ ਹੋਇਆ ਹੈ ਅਤੇ ਦਿਨੋ ਦਿਨ ਇਨ੍ਹਾਂ ਦਾ ਵਿਸਥਾਰ ਹੋ ਰਿਹਾ ਹੈ।

Leave a Reply

Your email address will not be published. Required fields are marked *