ਜੰਗਲ ਕਾਨੂੰਨ ਸੋਧ ਬਨਾਮ ਜੰਗਲ ਰਾਜ!

Uncategorized

ਲੈ ਬੈਠੇਗਾ ਚੁੱਪ ਰਹਿਣਾ…

ਸੱਤਾ ਅਤੇ ਮੁਨਾਫ਼ੇ ਦੀ ਲਾਲਸਾ ਹੇਠ ਹਾਕਮ-ਜਮਾਤਾਂ ਸਾਵੇਂ ਕੁਦਰਤੀ ਪ੍ਰਬੰਧ ‘ਚ ਬੇ-ਕਿਰਕ ਦਖਲ-ਅੰਦਾਜ਼ੀ ਕਰ ਰਹੀਆਂ ਹਨ। ਇਸ ਦਾ ਕੁਢਰ ਰੂਪ ਹੁਣ ਦੇ ਹਾਕਮਾਂ ਵਲੋਂ ਪਾਸ ਕੀਤੇ ਵਣ ਰੱਖਿਆ ਸੋਧ ਬਿਲ-2023 ‘ਚ ਸਾਹਮਣੇ ਆਇਆ ਹੈ, ਜਿਸ ਨਾਲ ਗੈਰ-ਨੋਟੀਫਾਈ ਜੰਗਲ ਤਾਂ ਕੀ, ਰਾਖਵੇਂ ਜੰਗਲ ਤੱਕ ਤਿੱਖੇ ਵਢਾਂਗੇ ਹੇਠ ਆ ਜਾਣਗੇ। ਇਹ ਫਿਕਰ ਜਤਾਉਂਦਿਆਂ ਉਘੇ ਲੇਖਕ ਵਿਜੈ ਬੰਬੇਲੀ ਨੇ ਲਿਖਿਆ ਹੈ ਕਿ ਧਨ-ਕੁਬੇਰਾਂ ਦੀਆਂ ਪ੍ਰਿਤਪਾਲਕ ਅਤੇ ਅਖੌਤੀ ਵਿਕਾਸ ਦੀਆਂ ਚੁੰਧਿਆਈਆਂ ਹਾਕਮ-ਜਮਾਤਾਂ ਜੰਗਲਾਂ ਦੇ ਜੜ੍ਹੀਂ ਅੱਕ ਦੇਣ ਵੱਲ ਤੁਰੀਆਂ ਹੋਈਆਂ ਹਨ। ਪੇਸ਼ ਹੈ, ਇੱਕ ਤਰ੍ਹਾਂ ਦੇ ਜੰਗਲ ਰਾਜ ਵਿੱਚ ਜੰਗਲ ਕਾਨੂੰਨ ਸੋਧ ਸਬੰਧੀ ਜਾਣਕਾਰੀ ਭਰਪੂਰ ਲੇਖ…

 

ਇੱਕ ਭਰਪੂਰ ਦਰੱਖਤ ਸਾਲਾਨਾ 20 ਕਿਲੋ ਜ਼ਹਿਰੀਲੀ ਧੂੜ ਤੇ 80 ਕਿਲੋ ਪਾਰਾ-ਸਿੱਕਾ-ਲੀਥੀਅਮ ਨੂੰ ਹਜ਼ਮ ਕਰ ਸਕਦਾ ਹੈ ਅਤੇ ਮੌੜਵੇਂ ਰੂਪ ਵਿੱਚ 700 ਕਿਲੋ ਆਕਸੀਜਨ ਦਿੰਦਾ ਹੈ।…ਦਰੱਖਤਾਂ ਦੀ ਬੇਹੱਦ ਘਾਟ ਨਾਲ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ…। ਜੇ ਘਰ ਦੇ ਅਗਲ-ਬਗਲ 10 ਦਰੱਖਤ ਲੱਗੇ ਹੋਣ ਤਾਂ ਬੰਦੇ ਦੀ ਉਮਰ 7 ਸਾਲ ਵੱਧ ਜਾਂਦੀ ਹੈ।…ਦਰੱਖਤਾਂ ਦਾ ਰਕਬਾ ਘਟਣ ਨਾਲ ਆਲਮੀ ਤਪਸ਼ ਹੋਰ ਵਧੇਗੀ, ਗਲੇਸ਼ੀਅਰ ਤੇਜੀ ਨਾਲ ਪਿਘਲਣ ਉਪਰੰਤ ਨਦੀਆਂ ਵਿੱਚ ਪਹਿਲਾਂ ਭਾਰੀ ਹੜ੍ਹ ਆਉਣਗੇ, ਬਾਅਦ ਵਿੱਚ ਇਹ ਸੁੱਕਣ ਲੱਗਣਗੀਆਂ।

 

ਵਿਜੈ ਬੰਬੇਲੀ

ਫੋਨ: +91-9463439075

 

ਭਾਰਤ ਉੱਤੇ ਕੁਦਰਤ ਬੜੀ ਦਿਆਲ ਸੀ। ਅਸੀਂ ਕੁਦਰਤੀ ਸੋਮਿਆਂ ਵੱਲੋਂ ਹੀ ਨਹੀਂ, ਵੰਨ-ਸੁਵੰਨੀਆਂ ਰੁੱਤਾਂ ਵਜੋਂ ਵੀ ਬੜੇ ਸਰਸ਼ਾਰ ਸਾਂ। ਹੁਣ ਅਜਿਹਾ ਨਹੀਂ ਹੈ! ਕਾਰਨ ਹੈ, ਸਾਡੀ ਲਾਲਸਾ। ਅਸੀਂ ਕੁਦਰਤ ਦੀ ਕਦਰ ਅਤੇ ਮੁੜ-ਭਰਪਾਈ ਨਹੀਂ ਕੀਤੀ। ਸਿੱਟੇ ਵਜੋਂ ਭੈੜੇ ਨਤੀਜੇ ਭੁਗਤਣੇ ਪੈ ਰਹੇ ਹਨ।

ਪ੍ਰਮੁੱਖ ਕੁਦਰਤ ਸੋਮਿਆਂ ਵਿੱਚ ਜੰਗਲ ਦਾ ਉੱਤਮ ਸਥਾਨ ਹੈ। ਸਾਡੇ ਪੁਰਖੇ ਤਾਂ ਮੁੱਢ-ਕਦੀਮ ਤੋਂ ਹੀ ਕੁਦਰਤ ਦੀ ਜੈ-ਜੈਕਾਰ ਕਰਦੇ ਆ ਰਹੇ ਸਨ, ਸਬੂਤ ਵਜੋਂ ਭਾਰਤ ਦੀ ਪਹਿਲੜੀ ਮਹਾਂ-ਲਿਖਤ ਰਿਗ ਵੇਦਿਆ ਫਰੋਲੀ ਜਾ ਸਕਦੀ ਹੈ। ਅਸੀਂ, ਬਾਬੇ ਨਾਨਕ ਦੀ ਉਸ ਸੁਣਾਉਣੀ ਨੂੰ ਵੀ ਭੁੱਲ ਗਏ, ਜਿਸ ਵਿੱਚ ਪਾਣੀ ਨੂੰ ਪਿਤਾ ਅਤੇ ਧਰਤ (ਮਿੱਟੀ) ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ।

ਪਹਿਲ-ਪਲੱਕੜੇ ਪੁਰਖਿਆਂ ਤੋਂ ਬਾਅਦ ਅੰਗਰੇਜ਼ਾਂ ਨੇ ਜੰਗਲਾਂ ਦੀ ਗਹਿਰ-ਗੰਭੀਰ ਮਹੱਤਤਾ ਬੁੱਝਣ ਉਪਰੰਤ ਜੰਗਲ ਕਾਨੂੰਨ-1878 ਲਿਆਂਦਾ। ਇਸ ਤੋਂ ਪਹਿਲਾਂ ਭਾਵੇਂ ਬਹੁਤਾ ਆਪਣੇ ਮੁਫ਼ਾਦ ਹਿੱਤ ਹੀ ਸਹੀ, ਉਨ੍ਹੀਂ ਜੰਗਲ ਕਾਨੂੰਨ-1865 ਵੀ ਲਿਆਂਦਾ ਸੀ। ਸੰਨ 1927 ਵਿੱਚ ਉਹ ਜੰਗਲ-ਵੰਨਗੀਆਂ ਨੂੰ ਪ੍ਰਭਾਸ਼ਿਤ ਕਰਨ ਅਤੇ ਉਨ੍ਹਾਂ ਤਹਿਤ ਜੰਗਲਾਂ ਨੂੰ ਨੋਟੀਫਾਈ ਕਰਨ ਵੱਲ ਵਧੇ, ਜਿਸ ਨਾਲ ਜੰਗਲ ਰੱਖਿਆ ਨੂੰ ਸਿਫ਼ਤੀ ਹੁਲਾਰਾ ਮਿਲਿਆ।

ਕਈ ਕਾਰਨਾਂ ਕਰਕੇ ਗੋਰੇ ਵੀ ਸਾਰੇ ਜੰਗਲਾਂ ਦਾ ਵਰਗੀਕਰਨ ਅਤੇ ਰਾਖਵਾਂਕਰਨ ਨਹੀਂ ਸੀ ਕਰ ਸਕੇ, ਜਿਹੜਾ ਆਜ਼ਾਦੀ ਉਪਰੰਤ ਮੁਕੰਮਲ ਕਰਨਾ ਚਾਹੀਦਾ ਸੀ, ਪ੍ਰੰਤੂ ਨਹੀਂ ਕੀਤਾ ਗਿਆ। ਇਸ ਕਾਰਨ ਕੁਦਰਤੀ ਸਾਵੇਂਪਨ ਅਤੇ ਕੁਦਰਤੀ ਧਰੋਹਰਾਂ, ਜਿਨ੍ਹਾਂ ਉੱਤੇ ਹਾਕਮ-ਜਮਾਤਾਂ ਦੇ ਨੇੜੂ ਧਨ-ਕੁਬੇਰਾਂ ਦੀ ਬਾਜ਼-ਅੱਖ ਟਿਕੀ ਹੋਈ ਹੈ, ਦਾ ਨੁਕਸਾਨ-ਦਰ-ਨੁਕਸਾਨ ਹੁੰਦਾ ਰਿਹਾ।

ਆਜ਼ਾਦੀ ਉਪਰੰਤ ਵਣ ਰੱਖਿਆ ਕਾਨੂੰਨ-1980 ਆਇਆ, ਜਿਸ ਸਦਕਾ ਜੰਗਲ ਕਟਾਈ, ਜੋ ਸਾਲਾਨਾ 1.5 ਲੱਖ ਹੈਕਟੇਅਰ ਸੀ, ਘਟ ਕੇ 38 ਹਜ਼ਾਰ ਹੈਕਟੇਅਰ ਰਹਿ ਗਈ। ਦਸੰਬਰ 1996 ਵਿੱਚ ਸੁਪਰੀਮ ਕੋਰਟ ਨੇ ਜੰਗਲ ਪ੍ਰੇਮੀ ਟੀ. ਐਨ. ਗੋਦਾਵਰਮਨ ਦੀ ਅਰਜ਼ੋਈ ਉੱਤੇ ਇਸ ਕਾਨੂੰਨ ਦਾ ਦਾਇਰਾ ਤਾ-ਕਿਸਮ ਦੇ ਜੰਗਲਾਂ (ਵਣ ਕੈਟਾਗਰੀਜ਼) ਤੱਕ ਵਧਾ ਦਿੱਤਾ, ਤਾਂ ਜੋ ਜੰਗਲ ਸਥਿਰ ਰਹਿ ਸਕਣ।

ਜੰਗਲਾਂ ਦੀ ਸਥਿਤੀ ਬਾਰੇ ਰਿਪੋਰਟ-2021 ਅਨੁਸਾਰ ਦੇਸ਼ ਦੇ ਜੰਗਲਾਂ ਦਾ ਕਰੀਬ 15% ਖੇਤਰ ਹਾਲੇ ਤੀਕ ਵੀ ਰਾਖਵੇਂ ਜੰਗਲ ਵਜੋਂ ਵਰਗੀਕਰਨ ਨਹੀਂ ਕੀਤਾ ਗਿਆ। ਵਣ ਸੋਧ ਬਿਲ-2023 ‘ਤੇ ਸਾਂਝੀ ਸੰਸਦੀ ਕਮੇਟੀ ਨੇ ੳਂੁਗਲ ਰੱਖੀ ਸੀ ਕਿ ਇਸ ਨਾਲ ਵਣ ਰੱਖਿਆ ਕਾਨੂੰਨ ਦੀਆਂ ਕੁੱਝ ਮੱਦਾਂ ਨੂੰ ਬੇਹੱਦ ਪੇਤਲਾ ਕੀਤਾ ਗਿਆ ਹੈ, ਜਿਸ ਨਾਲ ਗੈਰ-ਨੋਟੀਫਾਈ ਜੰਗਲ ਤਾਂ ਕੀ, ਰਾਖਵੇਂ ਜੰਗਲ ਤੱਕ ਤਿੱਖੇ ਵਢਾਂਗੇ ਹੇਠ ਆ ਜਾਣਗੇ।

ਅਫਸੋਸ! ਧਨ-ਕੁਬੇਰਾਂ ਦੀਆਂ ਪ੍ਰਿਤਪਾਲਕ ਅਤੇ ਅਖੌਤੀ ਵਿਕਾਸ ਦੀਆਂ ਚੁੰਧਿਆਈਆਂ ਹਾਕਮ-ਜਮਾਤਾਂ ਜੰਗਲਾਂ ਦੇ ਜੜ੍ਹੀਂ ਅੱਕ ਦੇਣ ਵੱਲ ਤੁਰੀਆਂ ਹੋਈਆਂ ਹਨ। ਹੁਣ ਵਾਲੀ ਕੇਂਦਰੀ ਸਰਕਾਰ ਧਨ ਕੁਬੇਰਾਂ ਦੇ ਕੁਦਰਤੀ ਸੋਮਿਆਂ ਅਤੇ ਜੰਗਲਾਂ ਤੇ ਕਬੀਲਾਈਜ਼ ਭੌਇੰ ਉੱਤੇ ਕਬਜ਼ਿਆਂ ਦਾ ਰਾਹ ਪੱਧਰਾ ਕਰਨ ਲਈ ਸਿੱਧੇ-ਅਸਿੱਧੇ ਲਗਾਤਰ ਸਾਜ਼ਿਸ਼ਾਂ ਕਰ ਰਹੀ ਹੈ, ਪਰ ਬਰੀ ਪਹਿਲਿਆਂ ਨੂੰ ਵੀ ਨਹੀਂ ਕੀਤਾ ਜਾ ਸਕਦਾ। ਆਦਿ-ਵਾਸੀਆਂ ਦੇ ਵਿਦਰੋਹਾਂ ਨੂੰ ਇਸ ਸੰਦਰਭ ਵਿੱਚ ਵੀ ਬੁੱਝਿਆ ਜਾ ਸਕਦਾ ਹੈ।

ਸੋਧ ਬਿਲ-2023 ਬੇਹੱਦ-ਗੈਰਜ਼ਿੰਮੇਵਾਰੀ ਨਾਲ ਕਿਸੇ ਵੀ ਜੰਗਲੀ ਖਿੱਤੇ ਨੂੰ ਹੋਰ ਕਾਰਜਾਂ ਹਿੱਤ ਵਰਤਣ ਦੀ ਬੇ-ਕਿਰਕ ਆਗਿਆ ਦਿੰਦਾ ਹੈ। ਕਾਹਲੀ ਵੇਖੋ, 1996 ਤੱਕ ਦੇ ਪ੍ਰਵਾਨਗੀ ਲਈ ਪੈਂਡਿਗ ਕੇਸਾਂ ਵਿੱਚ ਤਾ-ਜੰਗਲੀ ਖਿੱਤੇ ਨੂੰ ਗੈਰ-ਜੰਗਲੀ ਖਿੱਤੇ ਵਜੋਂ ਆਗਿਆ ਦੇਣ ਸਮੇਂ ਮੁੜ-ਦਰਖਾਸਤਾਂ ਮੰਗਣ ਜਾਂ ਘੋਖਣ ਦੀ ਲੋੜ ਹੀ ਨਹੀਂ ਸਮਝੀ ਗਈ ਕਿ ਇੰਜ ਕਰਨ ਨਾਲ ਕੁਦਰਤੀ ਅਤੇ ਸਮਾਜਿਕ ਸਮਤੋਲ ਨਾਲ ਵੱਡੀ ਬੇਇਸਾਫੀ ਹੋਵੇਗੀ।

ਜੰਗਲ ਲਬਰੇਜ਼ ਕੁੱਝ ਸੂਬਿਆਂ, ਅਰਾਵਲੀ ਘਾਟ ਅਤੇ ਵਿਸ਼ੇਸ਼ ਕਰਕੇ ਪੱਛਮੀ ਤੇ ਪੂਰਬੀ ਘਾਟਾਂ ਦੇ ਕੁਦਰਤੀ ਜੰਗਲਾਂ ਅਤੇ ਉਨ੍ਹਾਂ ਪਹਾੜਾਂ, ਜਿਹੜੇ ਸਰਸਬਜ਼ ਰਕਬੇ ਤੇ ਖਣਿਜਾਂ ਵਜੋਂ ਬੇਹੱਦ ਮਾਲਾ-ਮਾਲ ਹਨ ਪ੍ਰਤੀ ਅਤੇ ਉਨ੍ਹਾਂ ਦੇ ਮੂਲ ਜਾਂ ਕੁਦਰਤੀ ਮਾਲਕਾਂ ਨਾਲ ਤਾਂ ਬੇਹੱਦ ਧ੍ਰੋਹ ਕਮਾਇਆ ਜਾ ਰਿਹਾ ਹੈ। ਮਨੀਪੁਰ ਆਦਿ ਦੁਖਾਂਤ, ਕੁੱਝ ਹੋਰ ਕਾਰਨਾਂ ਤੋਂ ਬਿਨਾਂ, ਅਜਿਹੀਆਂ ਹਰਕਤਾਂ ਦਾ ਵੀ ਸਿੱਟਾ ਹਨ।

ਅਜਿਹਾ ਕਿਉਂ? ਕਿਉਂਕਿ ਹਾਕਮ-ਜਮਾਤਾਂ ਸੱਤਾ ਅਤੇ ਮੁਨਾਫ਼ੇ ਦੀ ਲਾਲਸਾ ਹੇਠ ਸਾਵੇਂ ਕੁਦਰਤੀ ਪ੍ਰਬੰਧ ‘ਚ ਬੇ-ਕਿਰਕ ਦਖਲ-ਅੰਦਾਜ਼ੀ ਕਰ ਰਹੀਆਂ ਹਨ। ਇਸ ਦਾ ਕੁਢਰ ਰੂਪ ਹੁਣ ਦੇ ਹਾਕਮਾਂ ਵਲੋਂ ਪਾਸ ਕੀਤੇ ਵਣ ਰੱਖਿਆ ਸੋਧ ਬਿਲ-2023 ‘ਚ ਸਾਹਮਣੇ ਆਇਆ ਹੈ। ਅਸੀਂ ਬੋਲਦੇ ਹੀ ਨਹੀਂ, ਕਿਉਂਕਿ ਸਾਨੂੰ ਜੰਗਲਾਂ ਦੇ ਅਸਿੱਧੇ, ਪਰ ਨਿਹਾਇਤ ਜ਼ਰੂਰੀ ਲਾਭਾਂ ਦਾ ਨਹੀਂ ਪਤਾ।

ਅਸੀਂ ਭਾਰਤੀ ਲੋਕ, ਖਾਸ ਕਰਕੇ ਹਾਕਮ, ਇਤਿਹਾਸ ਤੋਂ ਵੀ ਸਬਕ ਨਹੀਂ ਸਿਖਦੇ। ਦਰ-ਹਕੀਕਤ ਅਸੀਂ ਇਤਿਹਾਸ ਨੂੰ ਗੂੜ੍ਹਦੇ ਨਹੀਂ, ‘ਡੰਡੌਤ-ਬੰਦਨਾ’ ਕਰਦੇ ਹਾਂ। ਅਸੀਂ ਹੱਥੀਂ ਉਜਾੜੇ ਰਾਜਿਸਥਾਨ ਦੀ ਹੋਣੀ ਭੁੱਲ ਗਏ ਹਾਂ। ਕਿਸੇ ਸਮੇਂ ਸਾਰੇ ਸਥਾਨਾਂ ‘ਚੋਂ ਰਾਜ (ਸਿਰਮੌਰ) ਸਥਾਨ ਰੱਖਦਾ ਸਰਸਬਜ਼ ਇਹ ਖਿੱਤਾ ਕੁਝ ਹੀ ਦਹਿ-ਸਦੀਆਂ ਵਿੱਚ ਉਦੋਂ ਧੂੜ ਵਿੱਚ ਬਦਲ ਗਿਆ, ਜਦ ਜੰਗਲ ਰੁੱਸ ਗਏ।

ਤਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਉਪਰੰਤ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਕਰੀਬ ਹਰ ‘ਸਲਤਨਤ’ ਦਾ ਅੰਤ ਮਾਰੂਥਲ ਦੇ ਜਨਮ ਨਾਲ ਹੋਇਆ। ਮੌਜੂਦਾ ਮਾਰੂਥਲ (ਰੇਗਿਸਤਾਨ) ਮੱਰਾਕੋ, ਅਲਜ਼ੀਰੀਆ ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੌ-ਖੋਰ ਹੈ।

ਮੈਸੋਪਟਾਮੀਆ, ਫ਼ਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ-ਉਰ, ਸੁਮੇਰੀਆ, ਬੈਬੋਲੀਨ ਅਤੇ ਅਸੀਰੀਆ ਕਈ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖ਼ਤ ਸਨ। ਕੱਲ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ। ਸਿੰਕਦਰ ਦਾ ਹਰਿਆ-ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਰਨ ਝੂਰ ਰਿਹਾ ਹੈ। ਕਿਉਂ? ਇਨ੍ਹਾਂ ਜੰਗਲਾਂ ਦੀ ਅਸਮਤ ਜੁ ਲੀਰੋ-ਲੀਰ ਕਰ ਦਿੱਤੀ ਸੀ। ਸਾਡੇ ਆਪਣੇ ਮੋਹੰਜਾਦੜੋ ਤੇ ਹੜੱਪਾ ਵਰਗੇ ਸੱਭਿਅਕ ਖਿੱਤਿਆ ਦਾ ਕੀ ਬਣਿਆ? ਜੰਗਲ ਜਰਖੇਜ਼ਤਾ, ਨਮੀ ਅਤੇ ਸਾਂਵੀ-ਵਰਖਾ ਦੇ ਬਹੁਤ ਵੱਡੇ ਵਾਹਕ ਹਨ।

‘ਸ਼ਾਇਦ’ ਸਾਨੂੰ ਨਹੀਂ ਪਤਾ; ਮਾਰੂਥਲਾਂ ਦੀ ਨਿੱਕੀ-ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ ਇੱਕ ਦਿਨ ਵਿੱਚ 179 ਤੋਂ 543 ਮਿਲੀਗ੍ਰਾਮ ਨਮੀ ਛੱਡਦੀ ਹੈ, ਜੋ ਥਾਰ ਦੀ ਖੁਸ਼ਕ ਫਿਜ਼ਾ ਨੂੰ ਸਿੱਲ੍ਹਾ ਕਰਨ ‘ਚ ਸਿਫ਼ਤੀ ਹਿੱਸਾ ਪਾਉਂਦੀ ਹੈ। ਇੱਕ ਵਰਗ ਕਿਲੋਮੀਟਰ ਘਣਾ ਜੰਗਲ ਸਾਲਾਨਾ ਪੰਜਾਹ ਹਜ਼ਾਰ ਘਣਮੀਟਰ ਪਾਣੀ ਧਰਤੀ ‘ਚ ਭੇਜਦਾ ਹੈ। ਪ੍ਰਿਥਵੀ ਉਤਲੇ ਸਾਰੇ ਪੌਦੇ, ਭਾਵੇਂ ਉਹ ਕਿਤੇ ਵੀ ਹੋਣ, ਹਰ ਵਰੇ੍ਹ 144 ਅਰਬ ਮੀਟਰਿਕ ਟਨ ਜੀਵੀ-ਪਦਾਰਥ ਪੈਦਾ ਕਰਦੇ ਹਨ। ਇਹ ਨਮੀ ਅਤੇ ਮਲੜ੍ਹ (ਪੱਤਖਾਦ) ਬਖਸ਼ ਕੇ ਧਰਤੀ ਨੂੰ ਠੰਡਾ-ਪੋਲਾ-ਨਮ ਅਤੇ ਹੜ੍ਹ-ਰੁੜ੍ਹ ਕੇ ਦੁਰੇਡੀਆਂ ਮਿੱਟੀਆਂ ਨੂੰ ਵੀ ਜਰਖੇਜ਼ ਬਣਾਉਂਦੇ ਹਨ। ਤਾ-ਧਰਾਤਲ ਅਤੇ ਖਲਾਅ ਨੂੰ ਨਮ-ਠੰਡਕ ਬਖਸ਼ਦੇ ਹਨ, ਜ਼ਹਿਰਾਂ ਚੂਸਦੇ ਤੇ ਆਕਸੀਜਨ ਛੱਡਦੇ ਹਨ।

ਇੱਕ ਵਰਗ ਕਿਲੋਮੀਟਰ ਭਰਪੂਰ ਜੰਗਲ ਹਰ ਰੋਜ਼ 3.7 ਮੀਟਰਿਕ ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿੱਚੋਂ ਲੈ ਕੇ ਆਕਸੀਜਨ ਛੱਡ ਦਿੰਦਾ ਹੈ। ਇੱਕ ਮਨੁੱਖ ਨੂੰ ਤਾ-ਉਮਰ 16 ਭਰਪੂਰ-ਰੁੱਖਾਂ ਵਲੋਂ ਕੁੱਲ ਪੈਦਾ ਕੀਤੀ ਆਕਸੀਜਨ ਲੋੜੀਂਦੀ ਹੈ। ਇੱਕ ਭਰਪੂਰ ਦਰੱਖਤ ਸਾਲਾਨਾ 20 ਕਿਲੋ ਜ਼ਹਿਰੀਲੀ ਧੂੜ ਤੇ 80 ਕਿਲੋ ਪਾਰਾ-ਸਿੱਕਾ-ਲੀਥੀਅਮ ਨੂੰ ਹਜ਼ਮ ਕਰ ਸਕਦਾ ਹੈ ਅਤੇ ਮੌੜਵੇਂ ਰੂਪ ਵਿੱਚ 700 ਕਿਲੋ ਆਕਸੀਜਨ ਦਿੰਦਾ ਹੈ।

ਕਰੋਨਾ-ਕਾਲ ਨੇ ਬੜੀਆਂ ਦੁਸ਼ਵਾਰੀਆਂ ਦਿੱਤੀਆਂ, ਪਰ ਆਕਸੀਜਨ ਦੀ ਮਹੱਤਤਾ ਦਾ ਸਬਕ ਵੀ ਪੜ੍ਹਾਇਆ। ਲੱਗਦਾ ਨਹੀਂ, ਅਸੀਂ-ਤੁਸੀਂ ਗ੍ਰਹਿਣ ਕੀਤਾ ਹੋਵੇ, ਹਾਕਮਾਂ ਤਾਂ ਬਿੱਲਕੁਲ ਹੀ ਨਹੀਂ। ਇੱਕ ਸਿਲੰਡਰ ਵਿੱਚ 9 ਕਿਲੋ ਆਕਸੀਜਨ ਹੁੰਦੀ ਹੈ। ਮਨੁੱਖੀ ਸਰੀਰ ਨੂੰ ਰੋਜ਼ਾਨਾ ਤਿੰਨ ਸਿਲੰਡਰਾਂ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਪਤਾ! ਇੱਕ ਸਿਲੰਡਰ ਆਕਸੀਜਨ ਦੀ ਕੀਮਤ 700 ਰੁਪਏ ਹੈ, ਜੋੜ ਬਣਿਆ 2100 ਰੁਪਏ ਰੋਜ਼ ਦਾ। ਭਲਾ! 65 ਸਾਲ ਦੀ ਮਨੁੱਖੀ ਔਸਤਨ ਉਮਰ ਤੱਕ ਲੋੜੀਂਦੀ ਆਕਸੀਜਨ ਦਾ ਕਿੰਨਾ ਮੁੱਲ ਬਣਿਆ? ਮੈਂ ਨਹੀਂ, ਗੁਣਾ-ਜੋੜ ਤੁਸੀਂ ਲਾਵੋਂਗੇ। ਕੀ ਰੁੱਖਾਂ ਨੇ ਕਦੇ ਮੰਗੀ ਹੈ, ਇਹ ਕੀਮਤ!

ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਤੇ ਫਿਰ ਸੰਭਾਲਣ ਵਿੱਚ ਪੌਦਿਆਂ ਦਾ ਬੜਾ ਵੱਡਾ ਯੋਗਦਾਨ ਹੈ। ਇਹੋ ਮਿੱਟੀ ਸਾਡੀ ਖੇਤੀ ਦਾ ਆਧਾਰ ਹੈ। ਵੀਰਾਨ ਤੇ ਰੁੱਖ ਵਿਹੂਣੀ ਇਕ ਏਕੜ ਭੂਮੀ ਹਰ ਵਰੇ੍ਹ 30 ਟਨ ਮਿੱਟੀ ਗੁਆ ਬਹਿੰਦੀ ਹੈ। ਹੜ੍ਹਾਂ ਕਾਰਨ ਇਹ ਖੋਰ ਹੋਰ ਵੀ ਵੱਧ ਜਾਂਦੀ ਹੈ ਅਤੇ ਮਿੱਟੀ ਦੇ ਉਪਜਾਊ ਤੱਤ ਘੁਲ ਕੇ ਰੋੜ੍ਹ ਦਾ ਹਿੱਸਾ ਬਣ ਜਾਂਦੇ ਹਨ। ਸਿਰਫ ਬਨਸਪਤੀ ਦੀਆਂ ਜੜ੍ਹਾਂ ਹੀ ਜਾਲ ਬਣ ਕੇ ਸਾਡੀ ਮਿੱਟੀ ਨੂੰ ਖੁਰਨੋ ਅਤੇ ਪਹਾੜਾਂ ਨੂੰ ਢਹਿ-ਢੇਰੀ ਹੋਣ ਤੋਂ ਬਚਾ ਸਕਦੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਦੀ ਦੋ ਹਜ਼ਾਰ ਵਰੇ੍ਹ ਪੁਰਾਣੀ ਦਾਸਤਾਂ ਅਤੇ ਅਜੋਕੇ ਜਲ-ਸਲਾਬ ਤੇ ਪਹਾੜਾਂ ਦਾ ਢਹਿ-ਢੇਰੀ ਹੋਣਾ ਅਸਲ ਵਿੱਚ ਮਨੁੱਖ ਦੇ ਪ੍ਰਤੀ ਗਲਤ ਵਿਹਾਰ ਦੀ ਹੀ ਵਿਥਿਆ ਹੈ।

ਦਰੱਖਤਾਂ ਦਾ ਰਕਬਾ ਘਟਣਾ ਵਾਤਾਵਰਣ ਲਈ ਬੜਾ ਘਾਤਕ ਹੈ। ਇਸ ਨਾਲ ਆਲਮੀ ਤਪਸ਼ ਹੋਰ ਵਧੇਗੀ, ਗਲੇਸ਼ੀਅਰ ਤੇਜੀ ਨਾਲ ਪਿਘਲਣ ਉਪਰੰਤ ਨਦੀਆਂ ਵਿੱਚ ਪਹਿਲਾਂ ਭਾਰੀ ਹੜ੍ਹ ਆਉਣਗੇ, ਬਾਅਦ ਵਿੱਚ ਇਹ ਸੁੱਕਣ ਲੱਗਣਗੀਆਂ। ਜੰਗਲਾਂ ਵਿੱਚੋਂ ਨਿਕਲਦੀਆਂ ਨਦੀਆਂ ਵੀ ਸਦਾ ਬਹਾਰ ਨਹੀਂ ਰਹਿਣਗੀਆਂ। ਦਰੱਖਤਾਂ ਦੀ ਬੇਹੱਦ ਘਾਟ ਨਾਲ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ ਅਤੇ ਮਨੁੱਖ ਦਾ ਸਰੀਰਕ ਆਕਾਰ ਵੀ ਛੋਟਾ ਹੋਣ ਲੱਗੇਗਾ। ਸੁਣੋ! ਜੇ ਘਰ ਦੇ ਅਗਲ-ਬਗਲ 10 ਦਰੱਖਤ ਲੱਗੇ ਹੋਣ ਤਾਂ ਬੰਦੇ ਦੀ ਉਮਰ 7 ਸਾਲ ਵੱਧ ਜਾਂਦੀ ਹੈ। ਚੈਨ ਅਤੇ ਸੁਹੱਪਣ ਅੱਡ, ਜਿਹੜਾ ਪਹਿਲਾਂ ਵਿਦੇਸ਼ੀਆਂ ਨੇ ਖੋਹਿਆ, ਹੁਣ ‘ਆਪਣੇ’ ਖੋਹ ਰਹੇ ਹਨ।

ਬਰਤਾਨਵੀ, ਫਰਾਂਸੀਸੀ ਅਤੇ ਡੱਚ ਸ਼ਹਿਨਸ਼ਾਹੀਆਂ ਨੇ ਆਪਣੇ ਖਿੱਤਿਆਂ ਵਿੱਚ ਤਾਂ ਰੇਗਿਸਤਾਨ ਨਹੀਂ ਸਨ ਬਣਨ ਦਿੱਤੇ, ਪਰ ਇਨ੍ਹਾਂ ਏਸ਼ੀਆ, ਅਫਰੀਕਾ, ਆਸਟ੍ਰੇਲੀਆ, ਨਿਊ ਜ਼ੀਲੈਂਡ ਅਤੇ ਉਤਰੀ ਅਮਰੀਕਾ ਦੀਆਂ ਨੌ-ਆਬਾਦੀਆਂ ਵਿੱਚ ਕੁਦਰਤੀ ਸੋਮਿਆਂ ਦਾ ਬੜਾ ਮਾਂਜਾ ਲਾਇਆ। ਕੀਨੀਆ, ਯੁਗੰਡਾ ਅਤੇ ਇਥੋਪੀਆ ਵਿੱਚ ਰੁੱਖ ਅਤੇ ਕੁਦਰਤੀ ਘਾਹ ਦੀ ਏਨੀ ਬੇਰਹਿਮੀ ਨਾਲ ਵੱਢ-ਟੁੱਕ ਕੀਤੀ ਗਈ ਕਿ ਨੀਲ ਨਦੀ ਦੇ ਸਹਿਜ ਵਹਿਣ ਨੂੰ ਵੀ ਖਤਰਾ ਪੈਦਾ ਹੋ ਗਿਆ।

ਕਦੇ ਦਜਲਾ ਅਤੇ ਫਰਾਤ ਜਿਹੀਆਂ ਨਦੀਆਂ ਨਾਲ ਸਿੰਞੇ ਜਾਣ ਵਾਲੇ ਈਰਾਕ ਅਤੇ ਅਸੀਰੀਆ, ਜੋ ਮੈਸੋਪੋਟਾਮੀਆ ਦੇ ਨਾਂ ਨਾਲ ਸਭ ਤੋਂ ਹਰੇ-ਭਰੇ ਪਰਦੇਸ ਸਨ, ਜੰਗਲਾਂ ਤੇ ਪਾਣੀ ਦੇ ਉਜਾੜੇ ਕਾਰਨ ਮਾਰੂਥਲ ਬਣੇ ਸਨ। ਇਵੇਂ ਹੀ ਅੱਯਾਸ਼ ਬੇਸਮਝੀ ਨਾਲ ਸਾਡੀਆਂ ਰਾਜਪੂਤੀ ਸ਼ਹਿਨਸ਼ਾਹੀਆਂ ਥਾਰ ਵਿੱਚ ਖਤਮ ਹੋ ਗਈਆਂ। ਅੱਜ ਰਾਜਿਸਥਾਨ ਨੂੰ ਦੁਨੀਆਂ ਦਾ ਅਤਿ ਧੁੂੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਕਈ ਰਾਜਾਂ ਅਤੇ ਕਬਾਇਲੀ ਖਿੱਤਿਆਂ ਸਮੇਤ ਇਹ ਸਥਿਤੀ ਹੁਣ ਜੰਗਲ ਰਾਖਵੇਂ ਖਿੱਤਿਆ ਵਿੱਚ ਵੀ ਪੈਦਾ ਕੀਤੀ ਜਾ ਰਹੀ ਹੈ।

‘ਸ਼ਹਿਨਸ਼ਾਹੀਆਂ’ ਨੇ ਅੱਜ ਕਾਰਪੋਰੇਟਸ (ਦੇਸੀ-ਵਿਦੇਸ਼ੀ ਨਵ-ਸਾਮਰਾਜਵਾਦ) ਦਾ ਰੂਪ ਧਾਰਨ ਕਰ ਲਿਆ ਹੈ, ਜੋ ਹਾਕਮ-ਜਮਾਤਾਂ ਦੇ ਕੰਧਾੜੇ ਚੜ੍ਹ, ਸਾਡੇ-ਤੁਹਾਡੇ ਬਰੂਹੀਂ ਆ ਬੈਠਾ ਹੈ। ਇਸ ਦਾ ਇੱਕ ਕੁਢਰ ਰੂਪ ਹੁਣ ਦੇ ਹਾਕਮਾਂ ਵਲੋਂ ਪਾਸ ਕੀਤੇ ਵਣ ਰੱਖਿਆ ਸੋਧ ਬਿਲ-2023 ਦੇ ਰੂਪ ‘ਚ ਸਾਹਮਣੇ ਆਇਆ ਹੈ। ਹਾਕਮ-ਜਮਾਤਾਂ ਸਤਾ ਦੀ ਹਾਬੜ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਮਕੜ-ਜਾਲ ਤਹਿਤ ਸਾਵੇਂ ਕੁਦਰਤੀ ਪ੍ਰਬੰਧ ‘ਚ ਲਗਾਤਾਰ ਬੇ-ਕਿਰਕ ਦਖਲ-ਅੰਦਾਜ਼ੀ ਕਰ ਰਹੀਆਂ ਹਨ। ਜਿਸ ਦਾ ਦੂਰ-ਪ੍ਰਭਾਵ ਮੌਸਮੀ ਵਿਗਾੜਾਂ ਅਤੇ ਲੋਕ-ਉਪਰਾਮਤਾ ਵਿੱਚ ਵੇਖਿਆ ਜਾ ਸਕਦਾ ਹੈ।

 

Leave a Reply

Your email address will not be published. Required fields are marked *