ਸ਼ਿਵਚਰਨ ਜੱਗੀ ਕੁੱਸਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਪਕੌੜੇ ਜਾਂ ਪਤੌੜ ਖਾਣ ਵਾਲਿਆਂ ਨੂੰ ਪਤਾ ਹੈ ਕਿ ਜੇ ਇਹ ਤੱਤੇ-ਤੱਤੇ ਹੋਣ ਤਾਂ ਖਾਣ ਦਾ ਸਵਾਦ ਵੱਖਰਾ ਹੀ ਹੁੰਦਾ ਹੈ। ਆਪਣੇ ਨਾਵਲਾਂ/ਲਿਖਤਾਂ ਵਿੱਚ ‘ਸਵਾਦ ਵਾਲੀ ਸ਼ਬਦਾਵਲੀ’ ਵਰਤਣ ਦੀ ਜੁਗਤ ਜੱਗੀ ਕੁੱਸੇ ਨੂੰ ਆਉਂਦੀ ਹੈ, ਜਿਸ ਕਾਰਨ ਉਹਦੇ ਨਾਵਲਾਂ ਦੀ ਕਸ਼ਿਸ਼ ਉਹਦੇ ਕਰਾਰੇ ਸੰਵਾਦਾਂ ਵਿੱਚ ਹੈ। ਹਥਲੇ ਸ਼ਬਦੀ-ਚਿੱਤਰ ਵਿੱਚ ਪ੍ਰਿੰ. ਸਰਵਣ ਸਿੰਘ ਨੇ ਉਸ ਬਾਰੇ ਲਿਖਿਆ ਹੈ, “ਉਸ ਦੇ ਨਾਵਲ ਤੱਤੇ ਪਕੌੜਿਆਂ ਵਾਂਗ ਵਿਕਦੇ ਨੇ…। ਉਹ ਆਪਣੀਆਂ ਲਿਖਤਾਂ ਵਿੱਚ ਪੇਂਡੂ ਤੇ ਕਿਰਸਾਣੀ ਜੀਵਨ ਨੂੰ ਸ਼ਿੱਦਤ ਨਾਲ ਚਿਤਰ ਸਕਿਆ ਹੈ… ਉਹਦੇ ਨਾਵਲ ਪੜ੍ਹਦੇ ਪਾਠਕ ਸਕਤੇ ਵਿੱਚ ਆ ਜਾਂਦੇ ਹਨ।…ਉਹਦੀ ਲਿਖਤ ਉਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਲੈ ਕੇ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਤੱਕ ਦਾ ਰੰਗ ਸਾਫ਼ ਦਿਸਦੈ।” ਪੇਸ਼ ਹੈ, ‘ਵੈੱਲੀ’ ਜਿਹੇ ਲੱਗਦੈ ਭਲੇਮਾਣਸ ਜੱਗੀ ਬਾਰੇ ਇਹ ਦਿਲਚਸਪ ਲੇਖ…
ਪ੍ਰਿੰ. ਸਰਵਣ ਸਿੰਘ
ਸ਼ਿਵਚਰਨ ਜੱਗੀ ਸਾਡੇ ਗੁਆਂਢੀ ਪਿੰਡ ‘ਕੁੱਸੇ’ ਦਾ ਜੰਮਪਲ ਹੈ। ਨਾਵਲਕਾਰ ਵਜੋਂ ਉਸ ਨੇ ਆਪਣਾ ਤੇ ਕੁੱਸੇ ਦਾ ਨਾਂ ਦੂਰ-ਦੂਰ ਤੱਕ ‘ਧੁੰਮਾ’ ਦਿੱਤਾ ਹੈ। ਉਹਦੇ ਪਾਠਕ ਅਨੇਕਾਂ ਮੁਲਕਾਂ ਵਿੱਚ ਖਿੱਲਰੇ ਹਨ, ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੋਵੇਗੀ। ਉਹਦੇ ਨਾਵਲ ਅਨਾਰੀ ਬੰਬਾਂ ਵਾਂਗ ਫੱਟਦੇ ਹਨ, ਜੋ ਪਾਠਕਾਂ ਦੀਆਂ ਅੱਖਾਂ ਚੁੰਧਿਆ ਦਿੰਦੇ ਹਨ। ਉਹ ਮਲਵਈ ਵਾਰਤਾਲਾਪ ਦਾ ਦਿਲਚਸਪ ਲੇਖਕ ਹੈ। ਉਸ ਦੇ ਨਾਵਲ ਤੱਤੇ ਪਕੌੜਿਆਂ ਵਾਂਗ ਵਿਕਦੇ ਨੇ। ਬੇਸ਼ਕ ਹੁਣ 58 ਸਾਲਾਂ ਦਾ ਬੰਦਾ ਬਣ ਗਿਐ, ਪਰ ਮੇਰੇ ਵਰਗੇ ‘ਵੱਡ-ਉਮਰਿਆਂ’ ਲਈ ਅਜੇ ‘ਨਿਆਣਾ’ ਹੀ ਹੈ। ਮੈਥੋਂ ਪੱਚੀ ਸਾਲ ਛੋਟਾ ਜੁ ਹੋਇਆ? ਨਿਆਣਿਆਂ ਨਾਲ ਵੱਡੇ ਲਾਡ-ਬਾਡੀਆਂ ਕਰ ਲੈਂਦੇ ਹਨ, ਇਸ ਲਈ ਮੇਰੀਆਂ ਗੱਲਾਂ ਦਾ ਗੁੱਸਾ ਨਹੀਂ ਕਰੇਗਾ।
ਉਹਦੀ ਬੇਬੇ ਨੇ ਪਤਾ ਨਹੀਂ ਉਹਨੂੰ ਕੀ ਖਾ ਕੇ ਜੰਮਿਆ, ਉਹ ਜੰਮਣ ਤੋਂ ਹੀ ਧੂੜਾਂ ਪੱਟੀ ਆਉਂਦੈ! ਜਿੱਧਰ ਪੈਂਦੈ, ‘ਧੰਨ-ਧੰਨ’ ਕਰਵਾਈ ਜਾਂਦੈ। ਨਿੱਕੀ ਉਮਰੇ ਹੀ ਉਹ ਲਿਖਣ ਲੱਗ ਪਿਆ, ਤੇ ਲਿਖ-ਲਿਖ ਨਾਵਲਾਂ-ਕਹਾਣੀਆਂ ਦੇ ‘ਬੋਹਲ’ ਲਾ ਦਿੱਤੇ। ਅਜੇ ਕਿਹੜਾ ਬੱਸ ਐ? ਜੁਆਕ ਨੌਈਂ ਮਹੀਨੀਂ ਜੰਮਦੈ, ਤੇ ਉਹ ਵੀ ਸਾਲ ਦੋ ਸਾਲਾਂ ਦੀ ਵਿੱਥ ਪਾ ਕੇ, ਪਰ ਉਹ ਛੇਈਂ ਮਹੀਨੀਂ ਨਵਾਂ ਨਾਵਲ ‘ਜਮਾ’ ਦਿੰਦੈ! ਚੌਵੀ ਨਾਵਲ, ਪੰਜ ਕਹਾਣੀ-ਸੰਗ੍ਰਹਿ, ਤਿੰਨ ਹਾਸ ਵਿਅੰਗ, ਚਾਰ ਅੰਗਰੇਜ਼ੀ ਨਾਵਲ, ਇੱਕ ਕਾਵਿ-ਸੰਗ੍ਰਹਿ ਤੇ ਇੱਕ ਨਿਬੰਧ-ਸੰਗ੍ਰਹਿ ਤਾਂ ਛਪ ਵੀ ਚੁੱਕੇ ਨੇ। ਕੀ ਕਹੀਏ ਇਹੋ ਜਿਹੇ ‘ਅਸਤਰ’ ਨੂੰ?
ਉਹਦਾ ਕੱਦ ਸਮੱਧਰ ਹੈ, ਚਿਹਰਾ ਚੌਰਸ ਤੇ ਅੱਖਾਂ ਮੋਟੀਆਂ। ਮੂੰਹ ਬਾਘੜ ਬਿੱਲੇ ਵਰਗਾ ਹੈ। ਮੁੱਛਾਂ ਨਿੱਕੀਆਂ, ਬੁੱਲ੍ਹ ਮੀਚਵੇਂ ਤੇ ਦਾੜ੍ਹੀ ਕਤਰਵੀਂ ਰੱਖੀ ਹੈ। ਕੁਝ ਵੀ ਹੋਵੇ ਵੇਖਣ ਨੂੰ ਉਹ ‘ਵੈੱਲੀ’ ਵੱਧ ਲੱਗਦੈ ਤੇ ਭਲਾਮਾਣਸ ਘੱਟ। ਉਂਜ ਹੈ ਭਲਾਮਾਣਸ, ਜਿਸ ਕਰ ਕੇ ਅੱਜ ਤੱਕ ਕਿਸੇ ਨਾਲ ਕੋਈ ਪੰਗਾ ਲੈਂਦਾ ਨਹੀਂ ਸੁਣਿਆ। ਉਹਦੇ ਮੂੰਹੋਂ ‘ਗੁਰੂ ਕਿਰਪਾ’ ਤੇ ‘ਤਵ ਪ੍ਰਸ਼ਾਦਿ’ ਨਿਕਲਦਾ ਤਾਂ ਵਾਰ-ਵਾਰ ਹੈ, ਪਰ ਉਹ ਓਨਾ ਸੁਭਾਵਿਕ ਨਹੀਂ ਲੱਗਦਾ, ਜਿੰਨੀਆਂ ਉਸ ਦੀਆਂ ‘ਗਾਲ੍ਹਾਂ’ ਸੁਭਾਵਿਕ ਲੱਗਦੀਆਂ। ਗਾਲ੍ਹਾਂ ਦਾ ਪ੍ਰਸ਼ਾਦ ਤਾਂ ਉਹ ਆਪਣੀਆਂ ਲਿਖਤਾਂ ਵਿੱਚ ਵੀ ਵਰਤਾਉਣੋ ਨਹੀਂ ਸੰਗਦਾ। ਸ਼ਾਇਦ ਇਸੇ ਕਾਰਨ ਕਈ ਪਾਠਕ ਉਸ ਨੂੰ ਯਥਾਰਥਵਾਦੀ ਨਾਵਲਕਾਰ ਕਹਿੰਦੇ ਹਨ। ਉਹ ਆਖਦਾ ਹੈ, “ਜੇ ਉਹਦਾ ਪਾਤਰ ਹੋਵੇ ਈ ਗਾਲ੍ਹਾਂ ਕੱਢਣ ਵਾਲਾ, ਤਾਂ ਉਹ ਉਹਦੇ ਮੂੰਹੋਂ ਸ਼ਬਦ ਹਜ਼ਾਰੇ ਕਿਵੇਂ ਕਹਾ ਦੇਵੇ?”
ਜੱਗੀ ਖ਼ੁਦ ਪਿੰਡ ਦੀ ਸੱਥ ਦਾ ਸ਼ਿੰਗਾਰ ਰਿਹਾ ਹੈ, ਦਿਸਚਸਪ ਟੋਟਕੇ ਸੁਣਾਉਣ ਵਾਲਾ। ਉਹਦੀਆਂ ਗੱਲਾਂ ਖਿੜੇ ਅਮਲੀਆਂ ਵਰਗੀਆਂ ਹਨ। ਪੰਜਾਬ ਦੇ ਠਾਣਿਆਂ ਵਿੱਚ ਕਈ ਪੁਲਸੀਏ ਆਇਆਂ ਗਿਆਂ ਦਾ ‘ਸਵਾਗਤ’ ਮਾਂ-ਭੈਣ ਦੀਆਂ ‘ਫਿਲੌਰੀ ਗਾਲ੍ਹਾਂ’ ਨਾਲ ਕਰਦੇ ਹਨ, ਤੇ ਇਹੋ ਕੁਝ ਫਿਰ ਠਾਣਿਓਂ ‘ਸਿੱਖਿਆ’ ਲੈਣ ਵਾਲੇ ਕਰਨ ਲੱਗ ਜਾਂਦੇ ਹਨ। ਜੱਗੀ ਠਾਣੇ ਜਾ ਕੇ ਈ ਇਹ ਸਾਰਾ ਕੁਛ ਸਿੱਖਿਆ। ਸਕੂਲ `ਚ ਪੜ੍ਹਦਿਆਂ ਉਹਨੇ ਕਿੱਥੋਂ ਸਿੱਖ ਲੈਣਾ ਸੀ? ਪੁਲਸੀਆਂ ਤੇ ਵੈਲੀਆਂ ਬਦਮਾਸ਼ਾਂ ਦੀਆਂ ਗਾਲ੍ਹਾਂ ਨਾਲ ਉਹਦੇ ਨਾਵਲਾਂ ਦੇ ਪਾਤਰ ਜਿਉਂਦੇ ਜਾਗਦੇ ਲੱਗਦੇ ਹਨ। ਉਹਦੇ ਨਾਵਲਾਂ ਦੀ ਕਸ਼ਿਸ਼ ਉਹਦੇ ਕਰਾਰੇ ਸੰਵਾਦਾਂ ਵਿੱਚ ਹੈ। ਗਾਲ੍ਹ-ਮੰਦੇ ਨਾਲ ਰੰਗੇ ਬੋਲਾਂ ਵਿੱਚ।
ਉਹ ਪੀਣ ਖਾਣ ਵਾਲਿਆਂ ਦੀ ਮਹਿਫ਼ਿਲ, ਤੇ ਠਾਣਿਆਂ ਦੀ ਕੁੱਟ ਦੇ ਦ੍ਰਿਸ਼ ਬੜੇ ਜਾਨਦਾਰ ਚਿਤਰਦਾ ਹੈ। ਦਾਰੂ ਦੇ ਨਸ਼ੇ, ਆਸ਼ਕਾਂ ਦੇ ਇਸ਼ਕ, ਕਾਮੁਕ ਛੇੜ-ਛਾੜ, ਛੜੇ ਛਾਂਟਾਂ ਦੀ ਜਿਣਸੀ ਭੁੱਖ, ਅਣਖੀ ਬੰਦਿਆਂ ਦੀ ਨਾਬਰੀ, ਬਦਲੇ ‘ਚ ਕਤਲ, ਪੁਲਸੀਆਂ ਦੀਆਂ ਗਾਲ੍ਹਾਂ ਤੇ ਤਸ਼ੱਦਦ, ਮਾਰ ਧਾੜ ਤੇ ਬਲਾਤਕਾਰ ਦੇ ਦ੍ਰਿਸ਼ ਅਜਿਹੇ ਨੁਸਖੇ ਹਨ, ਜੋ ਉਹ ਆਪਣੇ ਨਾਵਲਾਂ ਵਿੱਚ ਆਮ ਵਰਤਦੈ। ਉਹਦਾ ਹਰ ਨਾਵਲ ਜਾਸੂਸੀ ਨਾਵਲ ਵਾਂਗ ਪੜ੍ਹਿਆ ਜਾਂਦੈ। ਵਿੱਚੋਂ ਕੁਛ ਨਿਕਲੇ ਭਾਵੇਂ ਨਾ ਨਿਕਲੇ, ਪਰ ਪੜ੍ਹ ਕੇ ਸੁਆਦ ਆ ਜਾਂਦੈ। ਇਹੋ ਕਾਰਨ ਹੈ ਕਿ ਉਹ ਬਹੁਤ ਵੱਡੀ ਗਿਣਤੀ ਵਿੱਚ ਪੜ੍ਹਿਆ ਜਾ ਰਿਹੈ। ਉਹਦੀ ਲਿਖਤ ਉਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਲੈ ਕੇ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਤੱਕ ਦਾ ਰੰਗ ਸਾਫ਼ ਦਿਸਦੈ।
ਪਹਿਲਾਂ ਉਹਦੀ ਲਿਖਤ ਦਾ ਰੰਗ ਹੀ ਵੇਖੀਏ। ਪੁਲਿਸ ਦਾ ਤਸ਼ੱਦਦ ਉਹ ਇਉਂ ਦਿਖਾਉਂਦੈ:
-ਧੱਤੂ ਅਤੇ ਸੱਤ ਹੋਰ ਸਿਪਾਹੀਆਂ ਨੇ ਪੀੜਾਂ ਗਰਾਸੇ ਸੁੱਖੀ ਹੋਰੀਂ ‘ਬੁੱਚੜਖਾਨੇ’ ਵਿੱਚ ਘੜ੍ਹੀਸ ਲਏ। ਊਠ ਜਿੱਡਾ ਧੱਤੂ ਨਿਰਾ ਦੈਂਤ ਨਜ਼ਰ ਆਉਂਦਾ ਸੀ। ਦੇਸੀ ਦਾਰੂ ਦੀ ਪੂਰੀ ਬੋਤਲ ਡਕਾਰ ਕੇ ਉਹ ਮੁਜ਼ਰਮ ਦੁਆਲੇ ਹੁੰਦਾ ਤਾਂ ਕਹਿੰਦੇ ਕਹਾਉਂਦੇ ਬਦਮਾਸ਼ ਉਹਦੇ ਅੱਗੇ ਬਹੁੜੀਆਂ ਘੱਤ ਜਾਂਦੇ। ਜਦ ਉਹ ਇੱਕ ਲੱਤ `ਤੇ ਲੱਤ ਧਰ ਕੇ ਦੂਜੀ ਨੂੰ ਉਪਰ ਉਗਾਸ ਕੇ ਮੁਜ਼ਰਮ ਦੇ ਚੱਡੇ ਪਾੜਦਾ ਤਾਂ ਨਾਲ ਦੀ ਨਾਲ ਕਹਿੰਦਾ, “ਲੈ ਬਈ ਮਿੱਤਰਾ, ਜਦੋਂ ਜੁਗਨੀ ਕਲਕੱਤੇ ਪਹੁੰਚਣ ਲੱਗੀ ਤਾਂ ਆਪੇ ਈ ਬੋਲ ਪਈਂ, ਮੈਂ ਹੁਣ ਕੁਛ ਨਹੀਂ ਬੋਲਣਾ।” ਥੋੜ੍ਹ-ਦਿਲੇ ਤਾਂ ਝੱਟ ਹੀ ਮਿਆਂਕ ਉਠਦੇ।
-ਉਹ ਬੋਹੜ ਵਾਂਗ ਫੈਲਰਿਆ ਸੁੱਖੀ ਹੋਰਾਂ ਦੁਆਲੇ ਖੜ੍ਹਾ ਸੀ, “ਲਓ ਬਈ ਮਿੱਤਰੋ ਹੁਣ ਕਸ ਲਓ ਯ੍ਹਾਂਘੀਏ। ਮੈ ਥੋਨੂੰ ਆਖ਼ਰੀ ਵਾਰ ਦੋਸਤਾਂ ਵਾਂਗੂੰ ਬੋਲਣ ਦਾ ਮੌਕਾ ਦਿੰਨੈਂ। ਫੇਰ ਨਾ ਆਖਿਓ ਬਈ ਦੱਸਿਆ ਨਹੀਂ। ਜੇ ਕੁਛ ਦੱਸਣੈ ਤਾਂ ਹੁਣੇ ਦੱਸ ਦਿਓ, ਫੇਰ ਅੱਧੇ ਕੁ ਘੰਟੇ ਨੂੰ ਤਾਂ ਮੈਨੂੰ ਸੁਣਨਾ ਬੰਦ ਹੋ ਜਾਣੈ!” ਦਾਰੂ ਦੀ ਬੋਤਲ ਮੂੰਹ ਲਾ ਕੇ ਉਸ ਨੇ ਅੱਧੀ ਸੂਤ ਧਰੀ ਅਤੇ ਫਿਰ ਵੱਡਾ ਸਾਰਾ ਡਕਾਰ ਮਾਰਿਆ। ਲਾਹਣ ਦੀ ਬੂਅ ਦੂਰ-ਦੂਰ ਤੱਕ ਫੈਲ ਗਈ। ਲੂੰਬੜ ਦੀ ਪੂਛ ਜਿੱਡੀਆਂ ਮੁੱਛਾਂ ਤੋਂ ਦਾਰੂ ਦੇ ਛਿੱਟੇ ਸਪਰੇਅ ਵਾਂਗ ਦੂਰ-ਦੂਰ ਤੱਕ ਬੁੜ੍ਹਕੇ।
-”ਪਹਿਲਾਂ ਤੂੰ ਆ ਬਈ ਪ੍ਰੋਫੈਸਰਾ, ਤੂੰ ਦੇਖ ਹੁਣ ਸਾਡੀ ਪੜ੍ਹਾਈ ਦੇ ਰੰਗ। ਅਸੀਂ ਸਵੇਰ ਤੱਕ ਬੀ. ਏ. ਪਾਸ ਕਰਵਾ ਕੇ ਛੱਡਦੇ ਐਂ।” ਧੱਤੂ ਨੇ ਪ੍ਰੋਫੈਸਰ ਨੂੰ ਅਲਫ਼ ਨੰਗਾ ਕਰ ਲਿਆ। ਲੱਤਾਂ, ਬਾਹਾਂ ਅਤੇ ਅੱਖਾਂ ਬੰਨ੍ਹ ਕੇ ਉਸ ਨੂੰ ਇਕੱਲੀਆਂ ਬਾਹਾਂ ਆਸਰੇ ਛੱਤ ਨਾਲ ਟੰਗ ਦਿੱਤਾ। ਪ੍ਰੋਫੈਸਰ ਦੇ ਮੋਢਿਆਂ ਦੇ ਜੜਾਕੇ ਪੈਣ ਲੱਗ ਪਏ ਅਤੇ ਅੱਖਾਂ ਅੱਗੇ ਹਨੇਰ ਛਾ ਗਿਆ। ਸੁੱਖੀ ਦਾ ਇਸ ਤੋਂ ਵੀ ਬੁਰਾ ਹਾਲ ਸੀ। ਉਹ ਅੱਖਾਂ ਅਤੇ ਪੈਰ ਨਰੜ ਕੇ ਮੂਧਾ ਸੁੱਟਿਆ ਹੋਇਆ ਸੀ। ਦੋਵੇਂ ਹੱਥਾਂ ‘ਤੇ ਖੁਰੀਆਂ ਵਾਲੇ ਬੂਟਾਂ ਸਮੇਤ ਪੁਲਸੀਏ ਚੜ੍ਹੇ ਹੋਏ ਸਨ। ਇੱਕ ਸਿਪਾਹੀ ਵਾਲ ਖਿੱਚੀ ਖੜ੍ਹਾ ਸੀ ਅਤੇ ਧੱਤੂ ਖੁੱਚਾਂ ਵਿਚਕਾਰ ਘੋਟਣਾ ਰੱਖ ਕੇ ਲੱਤਾਂ ਬੜੀ ਤਾਕਤ ਨਾਲ ਮੋੜੀ ਜਾ ਰਿਹਾ ਸੀ। ਸੁੱਖੀ ਦਾ ਸਰੀਰ ਜਿਵੇਂ ਘੁਲਾੜੀ ਵਿੱਚ ਦਿੱਤਾ ਹੋਇਆ ਸੀ। ਉਸ ਦਾ ਸਾਰਾ ਪਿੰਡਾ ਮੁੜ੍ਹਕੇ ਨਾਲ ‘ਤਰ’ ਸੀ। ਪੀੜ ਸਿੱਧੀ ਦਿਲ ਨੂੰ ਜਾਂਦੀ ਸੀ।
-ਲਾਲੀ ਦੀਆਂ ਲੱਤਾਂ ਦਾ ‘ਐਂਗਲ’ ਬਣਾ ਕੇ ਪੁੱਠਾ ਟੰਗਿਆ ਹੋਇਆ ਸੀ। ਗੁਪਤ ਅੰਗਾਂ `ਤੇ ਬਿਜਲੀ ਦਾ ਕਰੰਟ ਲਾਇਆ ਜਾ ਰਿਹਾ ਸੀ। ਉਸ ਦੇ ਕੇਸ ਪਸੀਨੇ ਨਾਲ ਨੁੱਚੜ ਰਹੇ ਸਨ। ਲਗਾਤਾਰ ਡੰਡਾ ਉਸ ਦੇ ਗੋਡਿਆਂ `ਤੇ ਵਰ੍ਹ ਰਿਹਾ ਸੀ। ਗੱਲ ਕੀ ਸਾਰੇ ਮੱਛੀਓਂ ਮਾਸ ਕੀਤੇ ਜਾ ਰਹੇ ਸਨ। ਧੱਤੂ ਨੇ ਬੋਤਲ ਜੜ੍ਹੀਂ ਲਾ ਕੇ ਤਿੰਨਾਂ ਨੂੰ ਹੀ ਬਿਜਲੀ ਦੇ ‘ਸ਼ਾਟ’ ਲਾਉਣੇ ਸ਼ੁਰੂ ਕਰ ਦਿੱਤੇ। ਸਾਰੇ ਨਿਢਾਲ ਸਨ। ਸ਼ਾਟ ਲੱਗਣ ਨਾਲ ਨਿਰਬਲ ਸਰੀਰ ਇੱਕ ਵਾਰ ਹੀ ਕੱਟੀਂਦੇ ਬੱਕਰੇ ਵਾਂਗ ਹਰਕਤ ਕਰਦੇ ਅਤੇ ਫਿਰ ਲੁੜਕ ਜਾਂਦੇ।
-ਬੇਹੋਸ਼ ਹੋਏ ਪ੍ਰੋਫੈਸਰ ਨੂੰ ਰੱਸੇ ਨਾਲੋਂ ਲਾਹ ਕੇ ਹੇਠਾਂ ਸੁੱਟ ਦਿੱਤਾ। ਛਾਤੀ ਦੀਆਂ ਨਸਾਂ ਖਿੱਚੀਆਂ ਜਾਣ ਕਾਰਨ ਉਸ ਦੇ ਮੂੰਹ ‘ਚੋਂ ਖੂਨ ਤੁਰ ਪਿਆ ਸੀ। ਦਾੜ੍ਹੀ ਖੂਨ ਨਾਲ ਭਿੱਜ ਗਈ ਸੀ। ਜਦ ਪ੍ਰੋਫੈਸਰ ਨੂੰ ਹੋਸ਼ ਆਈ ਤਾਂ ਉਸ ਨੂੰ ਫਿਰ ਟੰਗ ਦਿੱਤਾ ਗਿਆ। ਹੁਣ ਮੂੰਹ ਦੇ ਨਾਲ ਨੱਕੋਂ ਵੀ ਲਹੂ ਵਗ ਪਿਆ ਸੀ।
-ਸਵੇਰ ਦੇ ਚਾਰ ਵਜੇ ਤੱਕ ਲਗਾਤਾਰ ਕਸਾਖਾਨਾ ਜਾਰੀ ਰਿਹਾ। ਪੰਜ ਵਜੇ ਧੱਤੂ ਤਿੰਨਾਂ ਤੋਂ ਕੋਰੇ ਕਾਗਜ਼ ਉਤੇ ਦਸਤਖ਼ਤ ਕਰਵਾਉਣ ਵਿੱਚ ਕਾਮਯਾਬ ਹੋ ਗਿਆ। ਪੋਰੀ-ਪੋਰੀ ਭੰਨੇ ਸੁੱਖੀ ਹੋਰੀਂ ਫਿਰ ਅੰਦਰ ਲਿਆ ਸੁੱਟੇ। ਉਨ੍ਹਾਂ ਦਾ ਇਤਨਾ ਬੁਰਾ ਹਾਲ ਸੀ ਕਿ ਮੂੰਹੋਂ ਦਰਦ ਭਰੀ ‘ਹੂੰਗਰ’ ਵੀ ਨਹੀਂ ਸੀ ਨਿਕਲਦੀ।
ਤਸ਼ੱਦਦ ਦਾ ਇੱਕ ਹੋਰ ਦ੍ਰਿਸ਼:
-ਬਲਤੇਜ ਦਾ ਇੱਕ ਪੱਟ, ਤਕਰੀਬਨ ਅੱਧਾ ਫੁੱਟ ਪਾੜ ਕੇ ਵਿੱਚ ਲਾਲ ਮਿਰਚਾਂ ਪਾ ਕੇ ਮੁੜ ਸਿਓਂ ਦਿੱਤਾ ਗਿਆ ਸੀ। ਗੁਰਜੀਤ ਦੇ ਦੋਨੋਂ ਹੱਥਾਂ ਅਤੇ ਪੈਰਾਂ ਦੇ ਨਹੁੰ ਜਮੂਰਾਂ ਨਾਲ ਖਿੱਚ ਦਿੱਤੇ ਗਏ ਸਨ। ਬਾਬੇ ਦਾ ਡਰਾਈਵਰ ਡਾਂਗਾਂ ਨਾਲ ਪਿੰਜਿਆ ਜਾ ਰਿਹਾ ਸੀ। ਲਹੂ-ਲੁਹਾਣ ਜ਼ਖ਼ਮਾਂ ਉਪਰ ਸਾਰੀ ਰਾਤ ਡੰਡਾ ਵਰ੍ਹਦਾ ਰਹਿੰਦਾ ਸੀ। ਪੀੜਾਂ ਦੇ ਪਰੋਏ ਉਹ ਫਿਰ ਵੀ ਟੱਸ ਤੋਂ ਮੱਸ ਨਹੀਂ ਹੋਏ ਸਨ। ਅੱਧ-ਮਰੇ ਮੁੰਡਿਆਂ ਨੂੰ ਆਪਣਾ ਅੰਤ ਨਜ਼ਦੀਕ ਆ ਰਿਹਾ ਪ੍ਰਤੀਤ ਹੁੰਦਾ ਸੀ। ਉਨ੍ਹਾਂ ਨੂੰ ਸਾਥੀਆਂ ਦੇ ਟਿਕਾਣਿਆਂ ਅਤੇ ਅਸਲੇ ਦੀ ਆਮਦ ਬਾਰੇ ਪੁੱਛਿਆ ਜਾ ਰਿਹਾ ਸੀ। ਪਰ ਕਿਸੇ ਨੇ ਕੋਈ ਗੱਲ ਪੱਲੇ ਨਹੀਂ ਪਾਈ ਸੀ।
-”ਤੁਸੀਂ ਬੋਲਦੇ ਨਹੀਂ ਓਏ? ਮੈਂ ਕੁੱਤਾ ਐਂ ਜਿਹੜਾ ਐਨੇ ਦਿਨਾਂ ਦਾ ਭੌਂਕੀ ਜਾਨੈਂ?” ਠਾਣੇਦਾਰ ਨੇ ਬਲਤੇਜ ਹੋਰਾਂ ਨੂੰ ਡਾਂਗ ਲੈ ਕੇ ਪਾਗ਼ਲਾਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ। ਮੁੰਡਿਆਂ ਦੇ ਪਾੜੇ ਸਰੀਰ ਲਾਟਾਂ ਵਾਂਗ ਮੱਚਣ ਲੱਗ ਪਏ। ਪੀੜ ਦੀ ਲਾਟ ਸਿੱਧੀ ਦਿਲ ਨੂੰ ਜਾਂਦੀ ਸੀ। ਪਰ ਉਨ੍ਹਾਂ ਨੇ ਚੁੱਪ ਨਾ ਤੋੜੀ। ਠਾਣੇਦਾਰ ਭੂਸਰੇ ਸਾਹਨ ਵਾਂਗ ਡਰਾਈਵਰ ਵੱਲ ਨੂੰ ਮੁੜਿਆ, “ਇਹਨੂੰ ਭੈਣ ਚੋ… ਨੂੰ ਦੋ-ਫਾੜ ਕਰ ਦਿਓ।” ਉਸ ਨੇ ਔਰੰਗਜ਼ੇਬੀ ਹੁਕਮ ਦਿੱਤਾ। ਹੁਕਮ ਤਾਮੀਲ ਕੀਤਾ ਗਿਆ। ਦੋਨੋਂ ਜੀਪਾਂ ਵੱਖ-ਵੱਖ ਦਿਸ਼ਾਵਾਂ ਵੱਲ ਬੜੀ ਤੇਜ਼ੀ ਨਾਲ ਦੌੜੀਆਂ ਅਤੇ ਸਖ਼ਤ ਫੱਟੜ ਡਰਾਈਵਰ ਵਿਚਾਲਿਓਂ ‘ਪਾੜ’ ਦਿੱਤਾ ਗਿਆ। ਜ਼ਿੰਦਾ! ਉਸ ਦੀ ਆਖ਼ਰੀ ਭਿਆਨਕ ਚੀਕ ਮੂੰਹ ਅੰਦਰ ਹੀ ਮਰ ਗਈ। ਦੋ-ਫਾੜ ਹੋਇਆ ਸਰੀਰ ਤੜਫੀ ਜਾ ਰਿਹਾ ਸੀ। ਲਹੂ ਦਾ ਛੱਪੜ ਲੱਗ ਗਿਆ। ਹਿਰਦੇਵੇਧਕ ਦ੍ਰਿਸ਼ ਵੇਖ ਕੇ ਬਲਤੇਜ ਹੋਰਾਂ ਦੀ ਰੂਹ ਕੰਬ ਉੱਠੀ। ਉਨ੍ਹਾਂ ਸਾਹਮਣੇ ਬਲੀ ਸ਼ਹੀਦ ਭਾਈ ਮਤੀ ਦਾਸ ਦੁਬਾਰਾ ਆਰੇ ਨਾਲ ਚੀਰਿਆ ਗਿਆ ਸੀ। ਪੁਰਾਤਨ ਇਤਿਹਾਸ ਫਿਰ ਦੁਹਰਾਇਆ ਗਿਆ ਸੀ। ਬਲਤੇਜ ਨੂੰ ਪਤਾ ਨਹੀਂ ਕੀ ਸੁੱਝਿਆ? ਉਸ ਨੇ ਉੱਠ ਕੇ ਠਾਣੇਦਾਰ ਦੇ ਨੱਕ `ਤੇ ਮੁੱਕੀ ਮਾਰੀ। ਨੱਕ ਵਿੱਚੋਂ ਲਹੂ ਤੁਰ ਪਿਆ। ਠਾਣੇਦਾਰ ਨੇ ਪਿਸਟਲ ਦਾ ਸਾਰਾ ਮੈਗਜ਼ੀਨ ਬਲਤੇਜ `ਤੇ ਖਾਲੀ ਕਰ ਦਿੱਤਾ। ਟਿਕੀ ਰਾਤ ਵਿੱਚ ਜਨੌਰਾਂ ਨੇ ਹਾਲ-ਦੁਹਾਈ ਮਚਾ ਦਿੱਤੀ। ਬਲਤੇਜ ਧਰਤੀ `ਤੇ ਢੇਰੀ ਹੋ ਗਿਆ। ਇੱਕੋ ਸਾਹ ਚੱਲੀਆਂ ਗੋਲੀਆਂ ਨੇ ਕਹਿਰ ਵਰ੍ਹਾਅ ਦਿੱਤਾ ਸੀ। ਬਲਤੇਜ ਦੀ ਛਾਤੀ ਭਰਾੜ ਹੋ ਗਈ ਸੀ। ਹਿੱਕੋਂ ਲਹੂ ਖਾਲ ਵਾਂਗ ਵਗੀ ਜਾ ਰਿਹਾ ਸੀ।…
—
ਅਜਿਹੇ ਵਰਣਨ ਵਿੱਚ ਹਿੰਸਕ ਫਿਲਮਾਂ ਵਾਲੀ ਖਿੱਚ ਹੁੰਦੀ ਹੈ। ਫਿਲਮਾਂ ਵਿੱਚ ਮਾੜ ਧਾੜ ਵੀ ਇਸੇ ਲਈ ਕਰਾਈ ਜਾਂਦੀ ਹੈ ਕਿ ਦਰਸ਼ਕ ਸਕਤੇ ਵਿੱਚ ਆਏ ਰਹਿਣ। ਜੱਗੀ ਕੁੱਸੇ ਦੇ ਨਾਵਲ ਪੜ੍ਹਦਿਆਂ ਵੀ ਪਾਠਕ ਸਕਤੇ ਵਿੱਚ ਆ ਜਾਂਦੇ ਹਨ। ਉਹ ਜਾਣ ਬੁੱਝ ਕੇ ਆਸ਼ਕੀ ਵਾਰਤਾਲਾਪ ਤੇ ਤਸ਼ੱਦਦ ਦੇ ਦ੍ਰਿਸ਼ ਆਪਣੀ ਗਲਪ ਵਿੱਚ ਲਿਆਉਂਦਾ ਹੈ, ਤਾਂ ਕਿ ਉਹਦੀ ਲਿਖਤ ਪਾਠਕਾਂ ਨੂੰ ਧੂਹ ਪਾਈ ਰੱਖੇ। ਉਹ ਅਨੇਕਾਂ ਪਾਤਰਾਂ ਨੂੰ ‘ਤੀਵੀਆਂ ਦੇ ਭੁੱਖੇ’ ਦਰਸਾਉਂਦਾ ਹੈ, ਜੋ ਕਾਫੀ ਹੱਦ ਤੱਕ ‘ਹਕੀਕਤ’ ਹੈ। ਉਨ੍ਹਾਂ ਦੀ ਵਾਰਤਾਲਾਪ ਵੀ ਪਾਠਕਾਂ ਨੂੰ ਬੰਨ੍ਹੀ ਰੱਖਦੀ ਹੈ। ਨਮੂਨਾ ਵੇਖੋ:
-ਅਗਲੇ ਦਿਨ ਦੁਪਹਿਰ ਨੂੰ ਠਾਣੇਦਾਰ ਆਪਣੇ ਲਾਮ ਲਸ਼ਕਰ ਨਾਲ ਕਰਨਲ ਦੀ ਕੋਠੀ ਆ ਗਿਆ। ਕੁੱਕੜਾਂ ਦੀਆਂ ਧੌਣਾਂ ਮਰੋੜੀਆਂ ਗਈਆਂ, ਬੋਤਲਾਂ ਖੁੱਲ੍ਹ ਗਈਆਂ। ਕਮਲੇ ਹੋਏ ਸਿਪਾਹੀ ਲਾਹਣ ਧੂਹੰਦੇ ਰਹੇ। ਕਰਨਲ ਤੇ ਠਾਣੇਦਾਰ ਇੱਕ ਵੱਖਰੇ ਕਮਰੇ ਵਿੱਚ ਬੈਠੇ ਪੀ ਰਹੇ ਸਨ। ਦਾਰੂ ਪੀਂਦਿਆਂ ਅਤੇ ਕੁੱਕੜ ਚੱਬਦਿਆਂ ਉਨ੍ਹਾਂ ਨੂੰ ਸ਼ਾਮ ਦੇ ਚਾਰ ਵੱਜ ਗਏ।
-”ਯਾਰ ਕਰਨਲ ਕਹਿੰਦੈ ਪਰਲੀ ਕੋਠੀ ‘ਚ ਬੁੜ੍ਹੀਐਂ। ਕਿਸੇ ਦੇ ਦਰਸ਼ਣ ਈ ਪਾ ਲਈਏ?” ਇੱਕ ਸ਼ਰਾਬੀ ਸਿਪਾਹੀ ਨੇ ਢਿਲਕੀ ਹੋਈ ਮੁੱਛ ਉਂਗਲ ਦੇ ਹੋੜੇ ਨਾਲ ਉਪਰ ਚੁੱਕ ਕੇ ਦੂਜੇ ਸਿਪਾਹੀ ਨੂੰ ਕਿਹਾ।…
-”ਚੱਲ ਯਾਰ ਕਰੀਏ ਬੇਗੋ ਨਾਰ ਦੇ ਦੀਦਾਰੇ, ਇਹਦੇ ਨਾਲ ਕਿਉਂ ਜਿਦੀ ਜਾਨੈਂ? ਉਹ ਤਾਂ ਸ਼ਰਾਬੀ ਐ, ਤੂੰ ਤਾਂ ਚੰਗਾ ਭਲਾ ਐਂ।” ਪਹਿਲੇ ਸਿਪਾਹੀ ਨੇ ਬੋਤਲ ਵਿੱਚੋਂ ਮੱਕੀ ਦਾ ਗੁੱਲ ਖਿੱਚਦਿਆਂ ਕਿਹਾ।
ਤਿੰਨੇ ਸ਼ਰਾਬੀ ਹੋਏ ਬਲਦ ਮੂਤਣੀਆਂ ਪਾਉਂਦੇ ਅੱਗੜ-ਪਿੱਛੜ ਹੋ ਤੁਰੇ। ਚੌਥਾ ਬੈਠਾ ਰਿਹਾ।
ਇੱਕ ਸਿਪਾਹੀ ਨੇ ਵਿਚਕਾਰਲਾ ਦਰਵਾਜ਼ਾ ਖੜਕਾਇਆ। ਦਰਵਾਜ਼ੇ ਕੋਲ ਖੜ੍ਹਾ ਉਹ ਬਲਦ ਵਾਂਗ ਝੂਲ ਰਿਹਾ ਸੀ।
ਦਰਵਾਜ਼ਾ ਲਾਲੀ ਨੇ ਖੋਲਿ੍ਹਆ। ਪੁਲੀਸ ਆਈ ਦੀ ਉਸ ਨੂੰ ਅਗਾਊਂ ਹੀ ਖ਼ਬਰ ਸੀ। ਦਿਲਬਾਗ਼, ਪ੍ਰੋਫ਼ੈਸਰ, ਪ੍ਰਗਟ ਤੇ ਸੁੱਖੀ ਅੰਦਰ ਸੁੱਤੇ ਪਏ ਸਨ।
“ਕੀ ਗੱਲ ਐ ਬਾਈ ਜੀ?” ਲਾਲੀ ਅੱਧ ਖੁੱਲ੍ਹੇ ਦਰਵਾਜ਼ੇ ਵਿੱਚ ਅੜਿਆ ਜਿਹਾ ਖੜ੍ਹਾ ਸੀ।
“ਮੂਤਣੈਂ…।” ਸਿਪਾਹੀ ਨੇ ਦਰਵਾਜ਼ਾ ਧੱਕ ਕੇ ਵਿਹੜੇ ਵਿੱਚ ‘ਘੁਸਣ’ ਦੀ ਕੋਸ਼ਿਸ਼ ਕੀਤੀ।
“ਬਾਥ ਰੂਮ ਬਾਈ ਜੀ ਔਧਰ ਐ।” ਲਾਲੀ ਨੇ ਦਰਵਾਜ਼ਾ ਰੋਕਿਆ ਹੋਇਆ ਸੀ।
“ਪਰ੍ਹੇ ਹਟ ਸਾਲਾ ਕੁੱਤੇ ਦਾ, ਅਸੀਂ ਕਰਨਲ ਦੇ ਮਹਿਮਾਨ ਐਂ। ਤੂੰ ਸਾਨੂੰ ਰੋਕਦੈਂ?”
“ਪਰ ਬਾਈ ਜੀ ਇੱਧਰ ਤਾਂ ਬੁੜ੍ਹੀਆਂ ਰਹਿੰਦੀਐਂ, ਤੁਸੀਂ ਔਧਰ ਈ ਪਿਸ਼ਾਬ ਕਰ ਲਵੋ।”
ਲਾਲੀ ਨੂੰ ਖੁੜਕ ਗਈ ਸੀ ਕਿ ਇਹ ਸ਼ਰਾਬੀ ਹੋਏ ਮਾਰੇ ਜਾਣਗੇ ਅਤੇ ਠੋਸ ‘ਟਿਕਾਣਾ’ ਹੱਥੋਂ ਜਾਂਦਾ ਲੱਗੇਗਾ। ਇਸ ਲਈ ਉਹ ਬੜੀ ਸੂਝ ਤੇ ਨਰਮਾਈ ਨਾਲ ਗੱਲ ਮੁੱਠੀ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਮਾਰ ਖਾਂ ਮੇਰੇ ਸਾਲ਼ੇ ਦੇ ਦੋ ਗੱਤਲੇ ‘ਚ।” ਦੂਸਰਾ ਸਿਪਾਹੀ ਦਰਵਾਜ਼ੇ ਨੂੰ ਧੱਕਾ ਦੇ ਕੇ ਵਿਹੜੇ ਵਿੱਚ ਆ ਗਿਆ। ਉਹਦੀਆਂ ਰੱਤੀਆਂ ਅੱਖਾਂ ‘ਬੇਗੋਨਾਰ’ ਦੀ ਭਾਲ ਵਿੱਚ ‘ਘੁਕੀ’ ਜਾ ਰਹੀਆਂ ਸਨ।
“ਤੂੰ ਤਾਂ ਹਰਾਮਦਿਆ ਕਹਿੰਦਾ ਸੀ ਅੰਦਰ ਬੁੜ੍ਹੀਐਂ, ਇੱਥੇ ਤਾਂ ਕੋਈ ਵੀ ਨਹੀਂ।” ਇੱਕ ਨੇ ਲਾਲੀ ਦੇ ਚਪੇੜ ਮਾਰੀ, ਤਾਂ ਲਾਲੀ ਦਾ ਰੋਹ ਭੜਕ ਪਿਆ। ਉਸ ਨੇ ਹਨੇਰੀ ਵਾਂਗ ਦਰਵਾਜ਼ੇ ਦੀ ਅਰਲ ਬੰਦ ਕਰ ਦਿੱਤੀ ਅਤੇ ਸੁੱਖੀ ਹੋਰਾਂ ਨੂੰ ਜਗਾਇਆ। ਸਾਰਿਆਂ ਨੇ ਅਸਾਲਟਾਂ ਧੂਹ ਲਈਆਂ।
“ਕੀ ਗੱਲ ਐ ਓਏ ਭੈਣ ਦਿਆ ਖਸਮਾਂ ਆਬਦੀ ਦਿਆ?” ਪੈਂਦੀ ਸੱਟੇ ਸੁੱਖੀ ਨੇ ਸਿਪਾਹੀ ਦੇ ਥੱਪੜ ਜੜ ਦਿੱਤੇ।
ਸਿਪਾਹੀ ਭੂਸਰ ਗਿਆ, “ਲਿਆ ਓਏ ਦਲੀਪ ਅਸਲਾ ਚੁੱਕ ਕੇ, ਇਹਦੀ ਮਾਂ ਦੀ…।” ਅਜੇ ਗਾਲ੍ਹ ਸਿਪਾਹੀ ਦੇ ਮੂੰਹ ਵਿੱਚ ਹੀ ਸੀ ਕਿ ਸੁੱਖੀ ਨੇ ਬੰਦੇ ਖਾਣੀ ਦਾ ਮੂੰਹ ਖੋਲ੍ਹ ਦਿੱਤਾ। ਬਰੱਸਟ ਤਿੰਨਾਂ ਵਿੱਚ ਦੀ ਲੰਘ ਗਿਆ। ਤਿੰਨੇ ਸਿਪਾਹੀ ਭਰਾੜ ਹੋ ਗਏ। ਵਿਹੜੇ ਦੇ ਫਰਸ਼ `ਤੇ ਖੂਨ ਦਾ ਛੱਪੜ ਲੱਗ ਗਿਆ।…
ਸੰਵਾਦਾਂ ਦਾ ਐਸਾ ਅੰਦਾਜ਼ ਹੈ ਸ਼ਿਵਚਰਨ ਜੱਗੀ ਦੇ ਨਾਵਲਾਂ ਦਾ।
—
ਸ਼ਿਵਚਰਨ ਜੱਗੀ ਦਾ ਜਨਮ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪੰਡਤ ਬ੍ਰਹਮਾ ਨੰਦ ਦੇ ਘਰ ਪਹਿਲੀ ਅਕਤੂਬਰ 1965 ਨੂੰ ਹੋਇਆ। ਉਨ੍ਹਾਂ ਦਿਨਾਂ ਵਿੱਚ 5 ਸਤੰਬਰ ਤੋਂ 18 ਸਤੰਬਰ ਤੱਕ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋ ਕੇ ਹਟੀ ਸੀ। ਹਵਾਈ ਜਹਾਜ਼ਾਂ ਦੀਆਂ ਆਵਾਜ਼ਾਂ ਉਸ ਨੇ ਮਾਂ ਦੇ ਪੇਟ ਵਿੱਚ ਸੁਣੀਆਂ ਹੋਣਗੀਆਂ। ਜੱਗੀ ਨੇ ਪ੍ਰਾਇਮਰੀ ਦੀ ਪੜ੍ਹਾਈ ਕੁੱਸੇ ਦੇ ਸਕੂਲ ‘ਚੋਂ ਕੀਤੀ ਤੇ ਦਸਵੀਂ ਤੱਕ ਤਖਤੂਪੁਰੇ ਦੇ ਖ਼ਾਲਸਾ ਹਾਈ ਸਕੂਲ ਵਿੱਚ ਪੜ੍ਹਿਆ। ਪੜ੍ਹਾਈ ਵਿੱਚ ਨਾ ਉਹ ਬਹੁਤਾ ਹੁਸ਼ਿਆਰ ਸੀ ਤੇ ਨਾ ਕਮਜ਼ੋਰ। ਬਚਪਨ ਵਿੱਚ ਪੜ੍ਹਾਈ ਦੇ ਨਾਲ ਮਾਲ ਡੰਗਰ ਚਾਰਨ ਤੇ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣ ਦਾ ਤਜ਼ਰਬਾ ਹੁੰਦਾ ਗਿਆ। ਇਹੋ ਕਾਰਨ ਹੈ ਕਿ ਉਹ ਆਪਣੀਆਂ ਲਿਖਤਾਂ ਵਿੱਚ ਪੇਂਡੂ ਤੇ ਕਿਰਸਾਣੀ ਜੀਵਨ ਨੂੰ ਸ਼ਿੱਦਤ ਨਾਲ ਚਿਤਰ ਸਕਿਆ ਹੈ।
ਦਸਵੀਂ ਕਰ ਕੇ ਉਹ ਡੀ. ਐੱਮ. ਕਾਲਜ ਮੋਗੇ ਵਿੱਚ ਪੜ੍ਹਨ ਲੱਗਾ ਸੀ ਕਿ ਪਿੰਡਾਂ ਵਿੱਚ ਪੁਲਿਸ ਦੇ ਛਾਪੇ ਪੈਣ ਲੱਗੇ। ਗਰਮ ਖ਼ਿਆਲੀ ਹੋਣ ਅਤੇ ਪੀ.ਐੱਸ.ਯੂ. ਦੇ ਸਟੇਜੀ ਡਰਾਮਿਆਂ ਵਿੱਚ ‘ਨਕਸਲਵਾੜੀਏ’ ਦਾ ਰੋਲ ਕਰਨ ਕਾਰਨ ਜੱਗੀ ਕੁੱਸਾ ਦੀ ਵੀ ‘ਪੁੱਛ-ਗਿੱਛ’ ਹੋਣ ਲੱਗੀ। ਮਾਪਿਆਂ ਦਾ `ਕੱਲਾ ਪੁੱਤ ਹੋਣ ਕਾਰਨ ਘਰਦਿਆਂ ਨੂੰ ਵੱਧ ਫ਼ਿਕਰ ਹੋਇਆ ਕਿ ਹੋਰਨਾਂ ਕਾਲਜੀਏਟਾਂ ਵਾਂਗ ਉਹਨੂੰ ਵੀ ਪੁਲੀਸ ਨਾ ‘ਵਲ੍ਹੇਟ’ ਲਵੇ। ਦੋ ਵਾਰ ਉਹ ਠਾਣੇ ਦੇ ‘ਦਰਸ਼ਨ’ ਕਰ ਵੀ ਆਇਆ ਤੇ ਪੁਲਸੀਆਂ ਦੀ ਬੋਲਬਾਣੀ ਵੀ ਸਿੱਖ ਗਿਆ। ਮਾਪਿਆਂ ਨੇ ਜੱਗੀ ਨੂੰ ਵਿਦੇਸ਼ ਭੇਜਣ ਵਿੱਚ ਹੀ ਬਚਾਅ ਸਮਝਿਆ। ਕਾਲਜ ਦੀ ਪੜ੍ਹਾਈ ਵਿੱਚੇ ਛੁਡਵਾ ਕੇ ਉਸ ਨੂੰ 2 ਅਕਤੂਬਰ 1983 ਨੂੰ ਗੋਰਿਆਂ ਦੇ ਅੱਤ ਖ਼ੂਬਸੂਰਤ ਮੁਲਕ ਆਸਟਰੀਆ ਪੁਚਾ ਦਿੱਤਾ।
ਤਦ ਤੱਕ ਉਹਦੀ ਉਮਰ ਭਾਵੇਂ 18 ਸਾਲ ਦੀ ਹੀ ਸੀ, ਪਰ ਉਹ ਕਵਿਤਾ ਕਹਾਣੀ ਨੂੰ ਮੂੰਹ ਮਾਰਨ ਲੱਗ ਪਿਆ ਸੀ। ਚੜ੍ਹਦੀ ਜੁਆਨੀ ਵਿੱਚ ਪਿੰਡ, ਪੰਜਾਬ ਅਤੇ ਕਿਸੇ ‘ਸ਼ੋਖ਼ ਚਿਹਰੇ’ ਦੇ ਵਿਛੋੜੇ ਨੇ ਉਹਦੇ ਮਨ ਵਿੱਚ ਵਤਨ ਦੀ ਤੜਪ ਵਧਾ ਦਿੱਤੀ। ਉਹ ਪੰਜਾਬ ਤੋਂ ਪੰਜਾਬੀ ਦੀਆਂ ਕਿਤਾਬਾਂ, ਖ਼ਾਸ ਕਰ ਕੇ ਨਾਵਲ ਮੰਗਵਾ ਕੇ ਪੜ੍ਹਨ ਲੱਗਾ। ਕੁੱਸੇ ਰਹਿੰਦਿਆਂ ਉਹ ਕਰਮਜੀਤ ਕੁੱਸਾ, ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ ਤੇ ਬੂਟਾ ਸਿੰਘ ਸ਼ਾਦ ਦੇ ਨਾਵਲ ਪੜ੍ਹ ਚੁੱਕਾ ਸੀ। ਸ਼ਾਦ ਦੇ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਤੋਂ ਉਹ ਵਧੇਰੇ ਪ੍ਰਭਾਵਿਤ ਹੋਇਆ। ਆਸਟਰੀਆ ਦੇ ਸ਼ਹਿਰ ਸਾਲਜ਼ਬਰਗ ਵਿੱਚ ਰਹਿੰਦਿਆਂ ਉਸ ਨੇ ਕੰਪਿਊਟਰ ਦੀ ਪੜ੍ਹਾਈ ਕੀਤੀ ਤੇ ਕੰਪਿਊਟਰ ਮਾਹਿਰ ਬਣਨ ਦੇ ਨਾਲ ਜਰਮਨ ਭਾਸ਼ਾ ਵੀ ਸਿੱਖ ਗਿਆ। ਅੰਗਰੇਜ਼ੀ ਤਾਂ ਉਸ ਨੇ ਪੰਜਾਬ ਵਿੱਚ ਹੀ ਸਿੱਖ ਲਈ ਸੀ। ਆਸਟਰੀਆ ਵਿੱਚ ਜਰਮਨ ਭਾਸ਼ਾ ਵੀ ਸਿੱਖ ਲਈ। ਆਪਣੀ ਲਿਆਕਤ ਨਾਲ ਉਹ ਆਸਟਰੀਅਨ ਅਤੇ ਜਰਮਨ ਬਾਰਡਰ ਪੁਲਿਸ ਵਿੱਚ ਇੱਕ ਅਹਿਮ ਅਹੁਦੇ ‘ਤੇ ਜਾ ਲੱਗਿਆ। ਇਸ ਸਭ ਕਾਸੇ ਨੇ ਉਸ ਨੂੰ ਗਲੋਬਲੀ ਜਾਣਕਾਰੀ ਨਾਲ ਲੈੱਸ ਕਰ ਦਿੱਤਾ। ਉਸ ਨੇ ਪਹਿਲਾ ਨਾਵਲ ‘ਜੱਟ ਵੱਢਿਆ ਬੋਹੜ ਦੀ ਛਾਂਵੇਂ’ ਲਿਖਿਆ, ਜੋ ਪਾਠਕਾਂ ਦੇ ਪਸੰਦ ਆ ਗਿਆ, ਤੇ ਫਿਰ ਚੱਲ ਸੋ ਚੱਲ ਹੋ ਗਈ…।
ਉਸ ਨੇ ਆਪਣੇ ਨਾਵਲਾਂ ਦੇ ਨਾਂ ਆਮ ਬੋਲ ਚਾਲ ਵਿੱਚ ਮਕਬੂਲ ਲੋਕੋਕਤੀਆਂ, ਲੋਕ ਗੀਤਾਂ, ਕਾਵਿ ਪੰਗਤੀਆਂ ਤੇ ਗੁਰਬਾਣੀ ਦੀਆਂ ਟੂਕਾਂ ‘ਤੇ ਰੱਖੇ, ਜੋ ਲੋਕਾਂ ਦੇ ਮੂੰਹ ਚੜ੍ਹਦੇ ਗਏ ਅਤੇ ਜੱਗੀ ਕੁੱਸਾ ਸਟਾਰ ਨਾਵਲਕਾਰ ਵਜੋਂ ਉੱਭਰ ਕੇ ਸਾਹਮਣੇ ਆਇਆ। ਮਿਸਾਲ ਵਜੋਂ ਏਤੀ ਮਾਰ ਪਈ ਕੁਰਲਾਣੇ, ਤਵੀ ਤੋਂ ਤਲਵਾਰ ਤੱਕ, ਊਠਾਂ ਵਾਲੇ ਬਲੋਚ, ਲੱਗੀ ਵਾਲੇ ਕਦੇ ਨਾ ਸੌਂਦੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਪੁਰਜਾ ਪੁਰਜਾ ਕਟਿ ਮਰੈ, ਹਾਜੀ ਲੋਕ ਮੱਕੇ ਨੂੰ ਜਾਂਦੇ, ਗੋਰਖ ਦਾ ਟਿੱਲਾ, ਉੱਜੜ ਗਏ ਗਰਾਂ, ਕੁੱਲੀ ਨੀ ਫ਼ਕੀਰ ਦੀ ਵਿੱਚੋਂ, ਬਾਰ੍ਹੀਂ ਕੋਹੀਂ ਬਲਦਾ ਦੀਵਾ, ਕੋਈ ਲੱਭੋ ਸੰਤ ਸਿਪਾਹੀ ਨੂੰ, ਬਾਝ ਭਰਾਵੋਂ ਮਾਰਿਆ, ਅੱਖੀਆਂ ‘ਚ ਤੂੰ ਵਸਦਾ, ਰੂਹ ਲੈ ਗਿਆ ਦਿਲਾਂ ਦਾ ਜਾਨੀ, ਸੱਚ ਆਖਾਂ ਤਾਂ ਭਾਂਬੜ ਮੱਚਦਾ, ਡਾਚੀ ਵਾਲਿਆ ਮੋੜ ਮੁਹਾਰ ਵੇ, ਬੋਦੀ ਵਾਲਾ ਤਾਰਾ ਚੜ੍ਹਿਆ, ਇੱਕ ਮੇਰੀ ਅੱਖ ਕਾਸ਼ਣੀ, ਦਿਲਾਂ ਦੀ ਜੂਹ, ਆਦਿ…। ਉਸ ਦੇ ਨਾਵਲ ਆਮ ਕਰ ਕੇ ਪਹਿਲਾਂ ਲੜੀਵਾਰ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਹਨ, ਤੇ ਫਿਰ ਕਿਤਾਬੀ ਰੂਪ ਵਿੱਚ। ਇਉਂ ਉਹ ਪਹਿਲਾਂ ਹੀ ਪ੍ਰਸਿੱਧ ਹੋ ਜਾਂਦੇ ਹਨ।
ਕੰਪਿਊਟਰ ਮਾਹਿਰ ਹੋਣ ਕਾਰਨ ਉਹ ਇੰਟਰਨੈੱਟ ਉਤੇ ਵੀ ਛਾ ਗਿਆ ਤੇ ਇਨਫਰਮੇਸ਼ਨ ਟੈਕਨਾਲੋਜੀ ਦੀ ਹੋਰਨਾਂ ਲੇਖਕਾਂ ਦੇ ਮੁਕਾਬਲੇ ਵੱਧ ਵਰਤੋਂ ਕਰਨ ਲੱਗਾ। ਉਸ ਦੀਆਂ ਵੀਡੀਓਜ਼ ਦਾ ਵੀ ਕੋਈ ਲੇਖਾ ਨਹੀਂ। ਆਸਟਰੀਆ ‘ਚ ਰਹਿਣ ਪਿੱਛੋਂ ਉਹ ਇੰਗਲੈਂਡ ਦਾ ਵਸਨੀਕ ਬਣ ਗਿਆ ਹੈ, ਤੇ ਪੰਜਾਬ ਦਾ ਗੇੜਾ ਮਾਰਦਾ ਰਹਿੰਦਾ ਹੈ। ਮਾਂ ਬਾਪ ਚਲਾਣੇ ਕਰ ਗਏ। ਹੁਣ ਤਾਂ ਫ਼ਿਲਮਾਂ ਵਾਲੇ ਵੀ ਉਹਤੋਂ ਫਿਲਮਾਂ ਤੇ ਡਾਇਲਾਗ ਲਿਖਾਉਣ ਲਈ ਉਹਦੇ ਮਗਰ-ਮਗਰ ਫਿਰਦੇ ਹਨ। ਅੱਜ ਕੱਲ੍ਹ ਉਸ ਦੀ ਲਿਖੀ ਵੈੱਬ-ਸੀਰੀਜ਼ ‘ਨੈੱਟਫਲਿੱਕਸ’ ਲਈ ਬਣ ਰਹੀ ਹੈ, ਜੋ ਛੇ ਭਾਸ਼ਾਵਾਂ ਵਿੱਚ ‘ਡੱਬ’ ਹੋਵੇਗੀ। ਉਸ ਦਾ ਇੱਕ ਪੈਰ ਲੰਡਨ, ਦੂਜਾ ਵੈਨਕੂਵਰ ਅਤੇ ਸਾਨ ਫ਼ਰਾਂਸਿਸਕੋ ਜਾਂ ਮੁੰਬਈ ਰਹਿੰਦਾ ਹੈ। ਕੋਈ ਪਤਾ ਨਹੀਂ ਉਹ ਫ਼ਿਲਮੀ ਦੁਨੀਆਂ ਵਿੱਚ ਹੀ ਜਾ ਵੜੇ? ਜਾਵੇ ਉਹ ਕਿਤੇ ਵੀ, ਪਰ ਰਹੇਗਾ ਸਾਡੇ ਗੁਆਂਢੀ ਪਿੰਡ ‘ਕੁੱਸੇ’ ਦਾ ਹੀ। ਕੁੱਸਾ ਉਹਦਾ ‘ਬੇਸ’ ਹੈ, ਉਹਦਾ ‘ਰੰਨ ਵੇਅ’, ਜਿੱਥੋਂ ਉਸ ਨੇ ਉਡਾਰੀਆਂ ਭਰੀਆਂ ਹਨ। ਮੇਰੀਆਂ ਸ਼ੁਭ ਇਛਾਵਾਂ ਹਨ ਕਿ ਉਹ ਹੋਰ ਉੱਚੀਆਂ ਉਡਾਰੀਆਂ ਲਾਵੇ, ਹੋਰ ਨਾਮ ਕਮਾਵੇ, ਪਰ ਪੈਰ ਜ਼ਮੀਨ ‘ਤੇ ਹੀ ਰੱਖੇ। ਸਦਾ ਚੜ੍ਹਦੀ ਕਲਾ ‘ਚ ਰਹੇ ਤੇ ਕਦੇ ਨਿਰਾਸ਼ ਨਾ ਹੋਵੇ। ਅਜੇ ਉਹਤੋਂ ਬੜੀਆਂ ਆਸਾਂ ਹਨ।