ਪਰਮਜੀਤ ਢੀਂਗਰਾ
ਫੋਨ: +91-9417358120
ਕੁਦਰਤ ਨਾਲ ਜੁੜੇ ਵਰਤਾਰਿਆਂ ਦੇ ਜਦੋਂ ਨਾਮਕਰਨ ਕੀਤੇ ਗਏ ਤਾਂ ਉਨ੍ਹਾਂ ਦੇ ਗੁਣ, ਲੱਛਣਾਂ ਅਥਵਾ ਵਿਸ਼ੇਸ਼ਤਾਈਆਂ ਨੂੰ ਧਿਆਨ ਵਿੱਚ ਰੱਖਿਆ ਗਿਆ। ਜਿੰਨਾ ਕਿਸੇ ਵਰਤਾਰੇ ਨਾਲ ਮਨੁੱਖ ਡੂੰਘਾ ਜੁੜਿਆ, ਓਨਾ ਉਹਦਾ ਅਰਥ ਘੇਰਾ ਵਧਦਾ ਗਿਆ। ਅਜਿਹਾ ਹੀ ਇੱਕ ਸ਼ਬਦ ਹੈ-ਚੰਦਰਮਾ, ਚੰਨ, ਚੰਦ, ਚਾਣਨੀ। ਨਿਰੁਕਤ ਕੋਸ਼ ਅਨੁਸਾਰ ਚੰਦ: ਰਾਤ ਨੂੰ ਚਮਕਣ ਵਾਲਾ ਇੱਕ ਗ੍ਰਹਿ, ਪਿਆਰਾ ਬਾਲਕ, ਪ੍ਰੀਤਮ, ਪ੍ਰਾ.ਚੰਦ, ਹਿੰਦੀ ਚਾਂਦ, ਬੰਗਾ। ਚਾਂਦ, ਮਰਾ.ਚਾਂਦ, ਸਿੰਧੀ-ਚੰਡਰੁ, ਸੰ. ਚੰਦਰਾ, ਚਮਕਦਾ, ਭਾਰੋਪੀ ਚਮਕਣਾ, ਅੰਗ। ਕੈਂਡਲ ਲਾਤ. ਕੈਂਡ, ਭਾਵ ਚਮਕਣਾ, ਉਜਾਲਾ, ਲਹਿੰ.ਚੰਦਰ, ਚੰਦ ਦਾ ਵਿਕਸਤ ਰੂਪ-ਚੰਨ, ਚਾਂਦੀ, ਚੰਦਨ, ਚਾਂਦਨੀ, ਚੰਦੋਆ; ਚੰਦਰਮਾ ਤੇ ਮੋਮਬੱਤੀ ਦੋਵੇਂ ਰਾਤ ਨੂੰ ਰੁਸ਼ਨਾਉਂਦੇ ਹਨ ਅਰਥਾਤ ਦੀਪਕ ਦਾ ਕੰਮ ਦਿੰਦੇ ਹਨ, “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ॥” ਫਾਰਸੀ ਚੰਦ=ਕਦੋਂ ਤੱਕ, ਕਿੰਨਾ, ਜੋ ਕੁਝ, ਥੋੜ੍ਹਾ; ਚੰਦਾ=ਕਿਸੇ ਅਖਬਾਰ ਆਦਿ ਦੀ ਮਾਸਕ ਜਾਂ ਸਾਲਾਨਾ ਕੀਮਤ, ਉਗਰਾਹੀ ਗਈ ਰਕਮ, ਦਾਨ ਆਦਿ।
ਪੰਜਾਬੀ ਕੋਸ਼ਾਂ ਅਨੁਸਾਰ ਚੰਦ ਜਾਂ ਚੰਨ ਦਾ ਅਰਥ ਚੰਦਰਮਾ ਭਾਵ ਚਮਕਣਾ, ਰਾਤ ਨੂੰ ਰੁਸ਼ਨਾਉਣ ਵਾਲਾ ਗ੍ਰਹਿ, ਸੋਹਣਾ ਆਦਮੀ, ਪਿਆਰਾ ਬਾਲਕ, ਬਰੰਜੀ ਦੇ ਫੁੱਲ, ਪਸ਼ੂਆਂ ਦੇ ਮੱਥੇ ਦਾ ਸਫੈਦ ਫੁੱਲ, ਇੱਕ ਗਹਿਣਾ, ਉਹ ਨਿਸ਼ਾਨ ਜੋ ਚਾਂਦਮਾਰੀ ਦੇ ਕੇਂਦਰ ਵਿੱਚ ਹੁੰਦਾ ਹੈ, ਇੱਕ ਦੀ ਸੰਖਿਆ ਦਾ ਬੋਧਕ ਚੰਦਰਮਾ ਨੂੰ ਮੰਨਿਆ ਜਾਂਦਾ ਹੈ, “ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ” (ਗੁਪ੍ਰਸੂ), ਇਸ ਦੇ ਕਈ ਸਜਾਤੀ ਸ਼ਬਦ ਵੀ ਹਨ-ਚੰਦਰ ਗ੍ਰਹਿਣ, ਚੰਦਰਯਾਨ, ਚੰਦ ਕੌਰ, ਚੰਦਤਾਰਾ, ਚੰਦਾ ਮਾਮਾ, ਚੰਦਾ ਸਿੰਘ, ਚੰਦਨ, ਚੰਦਊਆ, ਚੰਦ ਕੌਡਾ (ਸਿਰ ਦਾ ਇੱਕ ਗਹਿਣਾ), ਚੰਦਨਹਾਰ (ਗਹਿਣਾ), ਚੰਦਰ ਸਾਗਰ-ਕਸ਼ੀਰ ਸਾਗਰ ਦੀ ਉਪਾਧੀ, ਉਹ ਥਾਂ ਜਿਥੇ ਚੰਦ ਸਭ ਤੋਂ ਪਹਿਲਾਂ ਚੜ੍ਹਦਾ ਹੈ, ਚੰਦਰ ਕਲਾ-ਚੰਦ ਦਾ ਸੋਲ੍ਹਵਾਂ ਹਿੱਸਾ, ਇੱਕ ਕਿਸਮ ਦੀ ਮਠਿਆਈ, ਚੰਦਰ ਕਾਂਤਾ-ਇੱਕ ਪ੍ਰਕਾਰ ਦਾ ਜਵਾਹਰ ਜੋ ਸੂਰਜ ਦੀਆਂ ਕਿਰਨਾਂ ਦੇ ਜੰਮ ਜਾਣ ਨਾਲ ਪੈਦਾ ਹੁੰਦਾ ਹੈ ਤੇ ਚੰਦ ਦੀਆਂ ਕਿਰਣਾਂ ਪੈਣ ਨਾਲ ਪਿਘਲ ਜਾਂਦਾ ਹੈ; ਚੰਦਰ ਘਿਰਣ, ਚੰਦਰ ਬਦਰ, ਚੰਦ ਰਾਤ, ਚੰਦਰ ਲੋਕ, ਚੰਦਰ ਲੇਖਾ, ਚੰਦਰਵੰਸ਼, ਚੰਦਰਵੰਸ਼ੀ, ਚੰਦਰਸੇਨੀ ਹਾਰ (ਨੌ ਲੱਖਾ ਹਾਰ), ਚੰਦਰਸੈਣ-ਚੰਦਰਾ, ਭੈੜਾ, ਸ਼ਰਾਰਤੀ, ਚੰਦਰਹਾਸ-ਤਲਵਾਰ, ਖੜਗ, ਰਾਵਣ ਦੀ ਤਲਵਾਰ ਜੋ ਉਸਨੂੰ ਸ਼ਿਵਜੀ ਤੋਂ ਮਿਲੀ, ਚੰਦਰ ਗੁਪਤ-ਮੌਰੀਆ ਵੰਸ਼ ਦਾ ਰਾਜਾ, ਚੰਦਰਪੁਣਾ, ਚੰਦਰਬੰਸ, ਚੰਦਰ ਬਦਨ-ਜਿਸਦਾ ਮੂੰਹ ਚੰਦਰਮਾ ਵਰਗਾ ਹੋਵੇ, ਚੰਦਰਭਾਗਾ-ਰਾਧਾ ਦੀ ਪਿਆਰੀ ਸਹੇਲੀ, ਝਣਾਂ ਦਾ ਪੁਰਾਣਾ ਨਾਂ, ਚੰਦਰਭਾਗਾ, ਚੰਦਰਭਾਨ-ਬਦਨਸੀਬ (ਜੋਤਿਸ਼ ਅਨੁਸਾਰ ਚੰਦਰਮਾ ਤੇ ਸੂਰਜ ਅਮਾਵਸ ਨੂੰ ਇਕੱਠੇ ਹੁੰਦੇ ਹਨ, ਉਸ ਸਮੇਂ ਜੰਮਿਆ ਵਿਅਕਤੀ), ਚੰਦਰਮਲਿਕਾ-ਗੁਲਦਾਊਦੀ, ਚੰਦਰਮੁਖੀ-ਚੰਨ ਵਰਗੇ ਮੂੰਹ ਵਾਲੀ ਔਰਤ, ਨੀਲੋਫਰ; ਚੰਦਰੀ-ਇੱਕ ਗਾਲ੍ਹ, ਊਠਾਂ ਦੀ ਇੱਕ ਬਿਮਾਰੀ ਜਿਸ ਵਿੱਚ ਪਿਲਕਰੇ ਹੋ ਕੇ ਫਿੱਸ ਜਾਂਦੇ ਹਨ; ਚੰਦਾਕੀ-ਚਾਣਨੀ “ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦ ਚੰਦਾਕੀ”(ਧਨਾਸਰੀ ਮ. ੪), ਚੰਦੂਆ, ਚੰਦੂਮਾਜਰਾ, ਚੰਦੇਰੀ-ਰਾਜਪੂਤਾਂ ਦੀ ਇੱਕ ਜਾਤੀ, ਚੰਦੋਇਆ, ਚੰਦੋਵ।
ਇਸ ਨਾਲ ਜੁੜੇ ਕੁਝ ਅਖਾਣ ਮੁਹਾਵਰੇ ਵੀ ਮਿਲਦੇ ਹਨ-ਚੰਦ ‘ਤੇ ਥੁੱਕਣਾ, ਚੰਦ ਚੜ੍ਹ ਜਾਣਾ, ਚੰਦ ਚੜ੍ਹਨਾ, ਚੰਦ ਚੜ੍ਹੇ ਤਦ ਪਰਵਾਨ, ਚੰਦ ਨੂੰ ਤਿਨਕਾ ਪਰਵਾਨ, ਚੰਦ ਨੂੰ ਪਰਵਾਰ ਲੱਗਣਾ, ਚਾਰ ਚੰਦ ਲਾਉਣਾ। ਚੰਨ- ਬਨੇਰਾ, ਚੰਦ, ਚੰਦਰਮਾ, ਟੋਪੀ ਦਾ ਉਪਰਲਾ ਸਿਰਾ, ਚੰਨ ਗ੍ਰਹਿਣ; ਇਸ ਤੋਂ ਬਣੇ ਕਈ ਸ਼ਬਦ ਮਿਲਦੇ ਹਨ-ਚੰਨ ਦਾ ਟੁਕੜਾ, ਚੰਨ ਦੀ ਟਿੱਕੀ, ਚਣਨਾਠੀ- “ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥” (ਗੂਜਰੀ ਮ. ੧) ਇਸ ਨਾਲ ਜੁੜੇ ਕਈ ਮੁਹਾਵਰੇ ਅਖਾਣ ਮਿਲਦੇ ਹਨ-ਚੰਨ ਚੜ੍ਹਨਾ, ਚੰਨ ਚੜ੍ਹ ਜਾਣਾ, ਚੰਨ ‘ਤੇ ਥੁਕਣਾ, ਚੰਨ ਦਾ ਗੋਡਾ ਮਾਰਨਾ ਆਦਿ। ਚਾਂਦ ਰਾਜਾ, ਚਾਂਦਵਾਸੀ, ਚਾਂਦਾ ਅਥਵਾ ਚਾਂਦਾਗੜ੍ਹ, ਚਾਂਦਾ ਗਿਰਿ, ਚਾਂਦਰ, ਚਾਂਦਰਮਾਸ, ਚਾਂਦਰਾਇਣ, ਚਾਂਦਣਾ, ਚਾਂਦਣੀ, ਚਾਂਦਣੀ ਚੌਂਕ, ਚਾਂਦ ਰਾਣੀ, ਚਾਂਦਮਾਰੀ ਇਹਦੇ ਸਜਾਤੀ ਹਨ। ਇਸ ਨਾਲ ਬਹੁਤ ਸਾਰੀ ਲੋਕਧਾਰਾ ਵੀ ਜੁੜੀ ਹੋਈ ਹੈ। ਚੰਨ ਪੁਣਛ ਦੇ ਇਲਾਕੇ ਵਿੱਚ ਮਾਹੀਏ ਤੇ ਢੋਲੇ ਵਰਗਾ ਇੱਕ ਲੋਕ ਕਾਵਿ ਰੂਪ ਹੈ। ਇਸ ਵਿਚਲੀ ਵੇਦਨਾ ਪੱਥਰਾਂ ਨੂੰ ਪਿਘਲਾ ਦਿੰਦੀ ਹੈ। ਜਿਵੇਂ-ਚੰਨਾ ਮਾਹੜਿਆ ਬਣਾਂ ਵਿੱਚ ਬੋਲਦੀਆਂ ਕਾਗਣੀ, ਸੁਖਾਂ ਵਾਲੀ ਸੁੱਤੀ ਏ ਤੇ ਦੁਖਾਂ ਵਾਲੀ ਜਾਗਣੀ, ਗਏ ਪ੍ਰਦੇਸੀਆ, ਚੰਨਾ ਰੱਬ ਮੇਲੇ।”
ਇਸ ਕਾਵਿ ਰੂਪ ਬਾਰੇ ਇੱਕ ਦੰਦ ਕਥਾ ਵੀ ਪ੍ਰਚਲਤ ਹੈ: ਪੁਣਛ ਦੇ ਨੇੜੇ ਮੁਜ਼ਫਰਾਬਾਦ ਵੱਲ ਜਾਂਦਿਆਂ ਰਾਹ ਵਿੱਚ ਇੱਕ ਪਹਾੜ ਆਉਂਦਾ ਹੈ, ਜਿਸ ਨੂੰ ਗੰਗਾ ਚੋਟੀ ਕਹਿੰਦੇ ਹਨ। ਇਥੇ ਇੱਕ ਮੁਟਿਆਰ ਭੇਡਾਂ ਬੱਕਰੀਆਂ ਚਰਾਉਂਦੀ ਸੀ। ਉਹਦਾ ਇਸ਼ਕ ਇਸ ਇਲਾਕੇ ਦੇ ਇੱਕ ਆਜੜੀ ਗੱਭਰੂ ਨਾਲ ਹੋ ਗਿਆ। ਪਹਿਲੀ ਸੰਸਾਰ ਜੰਗ ਵਿੱਚ ਉਹ ਫੌਜ ਵਿੱਚ ਭਰਤੀ ਹੋ ਕੇ ਮੁਹਾਜ ‘ਤੇ ਚਲਾ ਗਿਆ। ਇਸਦੀ ਖਬਰ ਜਦੋਂ ਆਜੜਨ ਨੂੰ ਹੋਈ ਤਾਂ ਉਹ ਵਿਯੋਗ ਵਿੱਚ ਪਾਗਲ ਹੋ ਗਈ। ਇਸ ਵਿਯੋਗ ਵਿੱਚੋਂ ਇਹ ਕਾਵਿ ਰੂਪ ਪੈਦਾ ਹੋਇਆ। ਚੰਨ ਨਾਲ ਬਹੁਤ ਸਾਰੀਆਂ ਮਨੌਤਾਂ, ਰੀਤਾਂ, ਭਰਮ, ਵਹਿਮ, ਮਿੱਥਕ ਕਥਾਵਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਨਵਾਂ ਚੰਨ ਵੇਖਣਾ ਸ਼ੁਭ ਮੰਨਿਆ ਜਾਂਦਾ ਹੈ, ਨਵੀਂ ਵਿਆਹੀ ਔਰਤ ਨੂੰ ਨਵੇਂ ਚੰਨ ਦੇ ਮੂੰਹ ਲਾਇਆ ਜਾਂਦਾ ਹੈ, ਨਵੇਂ ਚੰਨ ਨੂੰ ਮੱਥਾ ਟੇਕਣ ਨਾਲ ਸਾਰਾ ਮਹੀਨਾ ਚੰਗਾ ਬੀਤਦਾ ਹੈ; ਮੁਲਤਾਨੀ ਹਿੰਦੂ ਨਵੇਂ ਚੰਨ ਵੱਲ ਧਾਗੇ ਸੁੱਟਦੇ ਹਨ, ਧਾਰਨਾ ਹੈ ਕਿ ਉਹ ਬਦਲੇ ਵਿੱਚ ਚਾਂਦੀ ਦੇਵੇਗਾ। ਭਾਦੋਂ ਦੀ ਚੌਥ ਦਾ ਚੰਨ ਮੱਥੇ ਲੱਗਣਾ ਅਸ਼ੁਭ ਮੰਨਿਆ ਜਾਂਦਾ ਹੈ, ਚੰਨ ਦੀ ਔਰਤਾਂ ਨੂੰ ਗਰਭਿਤ ਕਰਨ ਦੀ ਧਾਰਨਾ ਵੀ ਮਿਲਦੀ ਹੈ। ਚੰਨ ਵਿੱਚ ਜੋ ਕਾਲੇ ਧੱਬੇ ਹਨ ਉਨ੍ਹਾਂ ਬਾਰੇ ਕਿਆਸ ਕੀਤਾ ਜਾਂਦਾ ਹੈ ਕਿ ਮੁੱਢ ਕਦੀਮ ਤੋਂ ਬੁੱਢੀ ਮਾਈ ਓਥੇ ਬੈਠੀ ਚਰਖਾ ਕੱਤ ਰਹੀ ਹੈ।
ਬੋਧੀ ਕਥਾਵਾਂ ਅਨੁਸਾਰ ਮਹਾਤਮਾ ਬੁੱਧ ਨੇ ਆਪਣੇ ਕਿਸੇ ਪਿਛਲੇ ਜਨਮ ਵਿੱਚ ਆਪਣੇ ਆਪ ਨੂੰ ਖਰਗੋਸ਼ ਦੇ ਰੂਪ ਵਿੱਚ ਦੇਵਤਾ-ਮੁਖੀ ਸਾਕਾ ਨੂੰ ਭੇਟ ਕੀਤਾ ਸੀ। ਸਾਕਾ ਮੁਨੀ ਨੇ ਚੰਨ ‘ਤੇ ਉਸ ਖਰਗੋਸ਼ ਦਾ ਚਿੱਤਰ ਉਲੀਕ ਦਿੱਤਾ। ਇਸੇ ਲਈ ਚੰਨ ਨੂੰ ਸਸਾਨਕਾ ਭਾਵ ਖਰਗੋਸ਼ ਦੇ ਨਿਸ਼ਾਨ ਵਾਲਾ ਵੀ ਕਿਹਾ ਜਾਂਦਾ ਹੈ। ਇੱਕ ਮਿੱਥ ਅਨੁਸਾਰ ਕਿਹਾ ਜਾਂਦਾ ਹੈ ਕਿ ਚੰਨ ਦੇ ਉਦੇ ਹੋਣ ਤੋਂ ਪਹਿਲਾਂ ਰਸ ਨਾਂ ਦੀ ਕੋਈ ਚੀਜ਼ ਦੁਨੀਆ ਵਿੱਚ ਨਹੀਂ ਸੀ, ਨਾ ਹੀ ਔਰਤਾਂ-ਮਰਦਾਂ ਵਿੱਚ ਆਪਸੀ ਖਿੱਚ ਸੀ, ਨਾ ਕੋਈ ਜ਼ਾਇਕਾ ਸੀ। ਪ੍ਰਭੂ ਨੇ ਰਸ ਪੈਦਾ ਕਰਨ ਲਈ ਹੀ ਚੰਨ ਦੀ ਉਤਪਤੀ ਕੀਤੀ। ਚੰਨ ਦੀ ਪੂਜਾ ਦਾ ਵੀ ਵਿਧਾਨ ਹੈ। ਰਿਗਵੇਦ ਵਿੱਚ ਚੰਦਰਮਾ ਦਾ ਸੋਮ ਨਾਲ ਏਕੀਕਰਣ ਕੀਤਾ ਗਿਆ ਹੈ। ਨੌਂ ਗ੍ਰਹਿਆਂ ਵਿਚੋਂ ਹੋਣ ਕਰਕੇ ਪ੍ਰਾਚੀਨ ਕਾਲ ਤੋਂ ਜੋਤਿਸ਼ ਵਿੱਚ ਇਹਦੀ ਸਰਦਾਰੀ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪਿੱਤਰ ਚੰਨ ‘ਤੇ ਵਾਸ ਕਰਦੇ ਹਨ, ਇਸ ਲਈ ਪਿੱਤਰ ਪੂਜਾ ਵਿੱਚ ਇਹਨੂੰ ਸ਼ਾਮਿਲ ਕੀਤਾ ਜਾਂਦਾ ਹੈ। ਚੰਨ ਨੂੰ ਓਸਾਧਪਤੀ ਅਥਵਾ ਪੌਦਿਆਂ ਦਾ ਸਵਾਮੀ ਮੰਨਿਆ ਜਾਂਦਾ ਹੈ। ਇਸ ਲਈ ਇਹਨੂੰ ਉਤਪਾਦਨ ਨਾਲ ਜੋੜਿਆ ਜਾਂਦਾ ਹੈ। ਕਈ ਲੋਕ ਨਵਾਂ ਚੰਨ ਵੇਖ ਕੇ ਉਸ ਵੱਲ ਚਾਂਦੀ ਦਾ ਸਿੱਕਾ ਸੁੱਟਦੇ ਹੋਏ “ਸ਼ੇਰ ਖਤ” ਮਲਦੇ ਹਨ। ਚੌਥ, ਅਸ਼ਟਮੀ, ਇਕਾਦਸ਼ੀ, ਪੂਰਨਮਾਸ਼ੀ ਨੂੰ ਚੰਨ ਦੀ ਪੂਜਾ ਤੇ ਵਰਤਾਂ ਦਾ ਵਿਧੀ ਵਿਧਾਨ ਮਿਲਦਾ ਹੈ। ਸੱਸੀ ਤੇ ਇੰਦਰ ਗੌਤਮ ਰਿਖੀ ਦੀ ਮਿੱਥ ਵੀ ਚੰਦਰਮਾ ਨਾਲ ਜੁੜੀ ਹੋਈ ਹੈ।
ਚੰਦ/ਚੰਦਰਮਾ ਸ਼ਬਦ ਦਾ ਪਾਸਾਰਾ ਸੰਸਕ੍ਰਿਤ ਤੋਂ ਲੈ ਕੇ ਯੂਰਪੀ ਭਾਸ਼ਾਵਾਂ ਤੱਕ ਮਿਲਦਾ ਹੈ। ਸੰਸਕ੍ਰਿਤੀ ਵਿੱਚ /ਮਾ/ ਧਾਤੂ ਦਾ ਅਰਥ ਹੈ- ਕਿਰਨ, ਚਮਕ, ਚਮਕਣ ਵਾਲੀ ਚੀਜ਼, ਰਿਸ਼ਮ, ਉਜਾਲਾ, ਸੁੰਦਰਤਾ ਆਦਿ। ਇਹ ਸਾਰੇ ਗੁਣ ਚੰਨ ਵਿਚ ਮਿਲਦੇ ਹਨ। ਇਸ /ਮਾ/ ਤੋਂ ਚੰਦਰਮਾ ਬਣਿਆ ਹੈ। /ਚੰਦ/ ਧਾਤੂ ਤੋਂ ਬਣੇ ਚੰਦਰ ਵਿੱਚ ਚਮਕ ਅਥਵਾ ਚਮਕੀਲੇ ਦਾ ਭਾਵ ਹੈ। ਬਿਨਾ ਚੰਦ ਤੋਂ ਰਾਤ ਲਈ ਸੰਸਕ੍ਰਿਤ ਵਿੱਚ /ਅਮਾ/ ਸ਼ਬਦ ਹੈ। ਇਸ ਵਿੱਚ /ਅ+ਮਾ/ ਅਰਥਾਤ ਜਦੋਂ ਚੰਦਰਮਾ ਹਾਜ਼ਰ ਨਹੀਂ। ਇਸ ਤੋਂ ਬਣੇ ਹਨ- ਅਮਾਵਸ, ਅਮਾਵਸੀ, ਮੱਸਿਆ। ਮਾਪਣ ਦੇ ਅਰਥਾਂ ਵਿੱਚ ਵੀ ਸੰਸਕ੍ਰਿਤ ਦੀ ਧਾਤੂ /ਮਾ/ ਧਾਤੂ ਦਾ ਜਨਮ ਚੰਦਰਮਾ ਦੇ /ਮਾ/ ਤੋਂ ਹੋਇਆ ਹੈ। ਚੰਦਰਮਾ ਦੀਆਂ ਕਲਾਵਾਂ ਦੇ ਵਧਣ-ਘਟਣ ਨਾਲ ਕਾਲਗਿਣਤੀ ਦਾ ਅਰੰਭ ਹੋਇਆ। /ਮਾ/ ਦੇ ਪੂਰਨ ਹੋਣ ‘ਤੇ ਪੂਰਨਮਾਸ਼ੀ ਬਣਿਆ। ਇਸੇ ਤਰ੍ਹਾਂ ਅੰਗਰੇਜ਼ੀ ਦਾ ‘ਮੋਨੋ’ ਸ਼ਬਦ ਦੇਖਿਆ ਜਾ ਸਕਦਾ ਹੈ। ਇਸ ਵਿੱਚ ਇਕਹਿਰੇ, ਇਕਲੌਤੇ ਦੇ ਭਾਵ ਹਨ। ਇਹਦੀ ਵਿਓਤਪਤੀ ਗਰੀਕ ਦੇ ‘ਮੈਨੋਸ’ ਤੋਂ ਹੋਈ ਹੈ, ਜਿਸ ਵਿੱਚ ਦੁਰਲੱਭ ਜਾਂ ਵਿਰਲੇ ਦੇ ਭਾਵ ਪਏ ਹਨ। ਅਕਾਸ਼ ਵਿੱਚ ਚੰਦਰਮਾ ਦੀ ਸਥਿਤੀ ਵੀ ਦੁਰਲੱਭ ਤੇ ਵਿਸ਼ੇਸ਼ ਹੈ। ਪੂਰਵ ਵੈਦਿਕ ਵਿੱਚ /ਮਾ/ ਭਾਵ ਚੰਦਰਮਾ ਤੋਂ ਬਣੇ /ਮਾਸ:/ ਵਾਂਗ ਹੀ ਯੂਰਪ ਵਿੱਚ ਮੂਨ ਤੋਂ ਮਹੀਨਾ ਬਣਿਆ ਹੈ।
ਅੰਗਰੇਜ਼ੀ ਵਿੱਚ ਮਹੀਨੇ ਲਈ ਮੰਥ ਸ਼ਬਦ ਮਿਲਦਾ ਹੈ। ਫਾਰਸੀ ਵਿੱਚ ਮਾਸ ਜਾਂ ਮਾਹ ਪ੍ਰਚਲਤ ਹੈ। ਚੰਦ ਨੂੰ ਵੀ ਮਾਹ ਕਿਹਾ ਜਾਂਦਾ ਹੈ। ਇਸ ਤੋਂ ਮਹਿਤਾਬ ਭਾਵ ਚਮਕਦਾਰ ਚਿਹਰੇ ਵਾਲਾ ਬਣਿਆ। ਮਹਿਤਾਬ ਇੱਕ ਕਿਸਮ ਦੀ ਫੁੱਲਝੜੀ ਵੀ ਹੈ। ਮਾਹਰੁਖ ਭਾਵ ਚੰਦ ਵਰਗਾ ਮੁਖੜਾ। ਫਾਰਸੀ ਵਿੱਚ ਮਾਹਨਾਮਾ ਮਾਸਿਕ ਪੱਤਰ ਨੂੰ ਕਹਿੰਦੇ ਹਨ। ਮਾਹਵਾਰੀ ਸ਼ਬਦ ਇਹਦਾ ਸਜਾਤੀ ਹੈ। ਮਹੀਨਾ ਸ਼ਬਦ ਇਸ ਮਾਸ ਦੀ ਦੇਣ ਹੈ। ਚੰਦਰਮਾ ਲਈ ਅੰਗਰੇਜ਼ੀ ਵਿੱਚ ਮੂਨ ਸ਼ਬਦ ਮਿਲਦਾ ਹੈ। ਓਲਡ ਅੰਗਰੇਜ਼ੀ ਵਿੱਚ ਮੋਨਾ, ਓਲਡ ਜਰਮੈਨਿਕ ਵਿੱਚ ਮੇਨਾਨ, ਜਰਮੈਨਿਕ ਵਿੱਚ ਮਾਨ, ਗਰੀਕ ਵਿੱਚ ਮੇਨੇ, ਸੰਸਕ੍ਰਿਤ /ਮਾ/ਮਾਸ:/, ਸਲੋਵਾਨੀ ਵਿੱਚ ਮੇਸੇਸਿ, ਲੈਟਿਨ ਵਿੱਚ ਮੈਨੇਸਿਸ, ਓਲਡ ਆਇਰਿਸ਼ ਵਿੱਚ ਮੀ ਆਦਿ। ਚੰਨ ਤੋਂ ਹੀ ਚਾਂਦਨੀ ਜਾਂ ਚਾਣਨੀ ਸ਼ਬਦ ਬਣੇ ਹਨ। ਚਾਂਦਨੀ ਦੀ ਚੰਦਨ ਨਾਲ ਸਕੀਰੀ ਹੈ। ਸੰਸਕ੍ਰਿਤ ਵਿੱਚ ਚੰਦਨ ਸ਼ਬਦ ਦੀ ਵਿਓਤਪਤੀ ਚੰਦਨ: ਤੋਂ ਹੋਈ ਹੈ, ਇਸ ਵਿੱਚ ਚਮਕ, ਪ੍ਰਸੰਨਤਾ, ਖੁਸ਼ੀ ਦੇ ਭਾਵ ਹਨ। ਚੰਦ ਤੋਂ ਪਹਿਲਾਂ ਅਸਲ ਵਿੱਚ ਚੰਦਰ ਸ਼ਬਦ ਬਣਿਆ ਜਿਸਦਾ ਅਰਥ ਹੈ ਅਕਾਸ਼। ਇਸ ਅਕਾਸ਼ ਵਿੱਚ ਚੰਦ ਕੀਮਤੀ ਗ੍ਰਹਿ ਹੈ। ਚੰਦਰ: ਦੇ ਕਈ ਅਰਥ ਮਿਲਦੇ ਹਨ ਜਿਵੇਂ ਪਾਣੀ, ਸੋਨਾ, ਕਪੂਰ, ਮੋਰਪੰਖ ਦੀ ਟਿੱਕੀ। ਇਸ ਚੰਦਰ ਤੋਂ ਹੀ ਕਈ ਸ਼ਬਦ ਬਣੇ ਹਨ-ਚੰਦਾ, ਚੰਦਰਿਕਾ, ਚਾਂਦਨੀ, ਚੰਦੂ, ਚੰਦਨਾਂਚਲ, ਚੰਦਨਗਿਰੀ, ਚੰਦਣ ਆਦਿ। ਚੰਦਰਵੰਸ਼ੀ ਹੋਣ ਕਰਕੇ ਰਾਮ ਨਾਲ ਚੰਦਰ ਲਾਇਆ ਜਾਂਦਾ ਹੈ। ਚਾਣਨ ਮੱਲ, ਚਾਣਨ ਰਾਮ ਹੋਰ ਨਾਂ ਵਾਚਕ ਹਨ। ਅੱਜ ਕੱਲ੍ਹ ਵਿਗਿਆਨੀ ਚੰਦਰਮਾ ‘ਤੇ ਵਸੇਬੇ ਦੀਆਂ ਯੋਜਨਾਵਾਂ ਬਣਾ ਰਹੇ ਹਨ ਤੇ ਉਥੇ ਪਲਾਟ ਕੱਟੇ ਜਾ ਰਹੇ ਹਨ। ਭਾਰਤ ਦਾ ਚੰਦਰਯਾਨ ਅੱਜ ਕੱਲ੍ਹ ਚੰਦਰਮਾ ‘ਤੇ ਹੈ। ਇਸ ਤੋਂ ਚੰਦਰਮਾ ਬਾਰੇ ਕਈ ਨਵੀਆਂ ਜਾਣਕਾਰੀਆਂ ਮਿਲਣ ਦੀ ਆਸ ਕੀਤੀ ਜਾ ਰਹੀ ਹੈ। ਚੰਦਰਮਾ ਨਾਲ ਜੁੜੇ ਇਸ ਵਿਸ਼ਾਲ ਪਸਾਰੇ ਤੋਂ ਇਹਦੀ ਮਹੱਤਤਾ ਉਜਾਗਰ ਹੁੰਦੀ ਹੈ।