ਗਿਆਨ ਅਤੇ ਪਿਆਰ

Uncategorized

ਔਸਕਾਰ ਵਾਲਡੇ

ਤਰਜਮਾਨ: ਅਮਰੀਕ ਸਿੰਘ

ਫੋਨ: 224-289-1825

ਕਈ ਸਦੀਆਂ ਦੀ ਗੱਲ ਹੈ ਕਿ ਇੱਕ ਲੜਕਾ ਬਚਪਨ ਤੋਂ ਹੀ ਰੱਬ ਦੇ ਗਿਆਨ ਨਾਲ ਭਰਿਆ ਹੋਇਆ ਸੀ। ਉਹਦੇ ਸ਼ਹਿਰ ਦੇ ਲੋਕ ਉਹਨੂੰ ਸੁਆਲ ਕਰਦੇ ਤੇ ਉਹਦਾ ਜੁਆਬ ਜੋ ਕੇ ਸਿਆਣਪ ਨਾਲ ਭਰਪੂਰ ਹੁੰਦਾ, ਸੁਣ ਕੇ ਹੈਰਾਨ ਹੋ ਜਾਂਦੇ।

ਫਿਰ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਚੋਲਾ ਪੁਆਇਆ ਅਤੇ ਉਸ ਦਾ ਮੱਥਾ ਚੁੰਮਿਆ ਤੇ ਕਿਹਾ ਕਿ ਦੁਨੀਆਂ ਵਿੱਚ ਜਾ ਅਤੇ ਰੱਬ ਬਾਰੇ ਲੋਕਾਂ ਨੂੰ ਦੱਸ, ਕਿਉਂਕਿ ਉਸ ਵੇਲੇ ਰੱਬ ਦਾ ਗਿਆਨ ਲੋਕਾਂ ਕੋਲ ਅਧੂਰਾ ਸੀ ਜਾਂ ਬਿਲਕੁਲ ਵੀ ਨਹੀਂ ਪਤਾ ਸੀ; ਛੋਟੇ ਦੇਵੀ-ਦੇਵਤਿਆਂ ਨੂੰ ਹੀ ਪੂਜਦੇ ਸਨ। ਇਹ ਛੋਟੇ ਰੱਬ ਇਨਸਾਨਾਂ ਦੀ ਪ੍ਰਵਾਹ ਨਹੀਂ ਸਨ ਕਰਦੇ, ਸਿਰਫ ਪੈਸੇ ਬਟੋਰਦੇ ਸਨ।

ਉਹ ਸੂਰਜ ਚੜ੍ਹਦੇ ਵੱਲ ਮੂੰਹ ਕਰਕੇ ਚੱਲ ਪਿਆ, ਹੱਥ ਵਿੱਚ ਪਾਣੀ ਨਾਲ ਭਰਿਆ ਪੱਕੀ ਮਿੱਟੀ ਦਾ ਲੋਟਾ, ਲੱਕ ਲੰਗੋਟ ਬੰਨਿਆ ਹੋਇਆ ਅਤੇ ਰੱਬ ਦੀ ਉਸਤਤ ਕਰਦਾ ਟੁਰਦਾ ਰਿਹਾ। ਫਿਰ ਉਹ ਇੱਕ ਅਜੀਬ ਦੇਸ਼ ਪਹੁੰਚਿਆ, ਜਿਥੇ ਕਈ ਸ਼ਹਿਰ ਸਨ। ਉਸ ਨੇ ਗਿਆਰਾਂ ਸ਼ਹਿਰ ਪਾਰ ਕੀਤੇ। ਕਈ ਸ਼ਹਿਰ ਵਾਦੀਆਂ ਵਿੱਚ ਸਨ, ਕੁਝ ਦਰਿਆਵਾਂ ਦੇ ਕੰਢਿਆਂ `ਤੇ ਸਨ ਅਤੇ ਕੁਝ ਪਹਾੜੀਆਂ `ਤੇ ਸਨ। ਹਰ ਸ਼ਹਿਰ ਦੇ ਲੋਕ ਉਹਦੇ ਪਿੱਛੇ ਚਲਦੇ ਰਹੇ ਕਿ ਇੱਕ ਵੱਡਾ ਹਜੂਮ ਬਣ ਗਿਆ। ਕਈ ਰਾਜੇ ਵੀ ਉਸ ਦੇ ਚੇਲੇ ਬਣ ਗਏ, ਪਰ ਮੰਦਰਾਂ, ਮਸੀਤਾਂ ਅਤੇ ਗੁਰਦੁਆਰਿਆਂ `ਤੇ ਚੜ੍ਹਾਵਾ ਅੱਧਾ ਵੀ ਨਾ ਰਿਹਾ। ਬਹੁਤ ਘੱਟ ਲੋਕ ਇਨ੍ਹਾਂ ਧਰਮ ਅਸਥਾਨਾਂ `ਤੇ ਹੁਣ ਜਾਂਦੇ।

ਫਿਰ ਵੀ ਹੋਰ ਲੋਕ ਉਹਦੇ ਪਿੱਛੇ ਹਜੂਮ ਵਿੱਚ ਮਿਲ ਕੇ ਜਾਣ ਲੱਗ ਪਏ, ਪਰ ਉਸ ਲੜਕੇ (ਜੋ ਹੁਣ ਬੁਢਾ ਹੋ ਗਿਆ ਸੀ) ਉਸ ਦੀ ਖੁਸ਼ੀ ਘਟਦੀ ਅਤੇ ਉਦਾਸੀ ਵਧਦੀ ਗਈ। ਉਸ ਨੂੰ ਪਤਾ ਲੱਗ ਗਿਆ, ਕਿਉਂ ਉਸ ਦੀ ਖੁਸ਼ੀ ਘਟ ਰਹੀ ਹੈ; ਕਿਉਂਕਿ ਉਹ ਰੱਬ ਬਾਰੇ ਗਿਆਨ ਵੰਡਦਾ ਰਿਹਾ ਸੀ, ਜੋ ਗਿਆਨ ਹੁਣ ਉਸ ਕੋਲ ਘਟ ਗਿਆ ਸੀ। ਲੋਕਾਂ ਦੇ ਹਜੂਮ ਨੂੰ ਹੁਣ ਉਹਨੇ ਰੱਬ ਦਾ ਗਿਆਨ ਦੇਣਾ ਬੰਦ ਕਰ ਦਿੱਤਾ ਅਤੇ ਜੋ ਥੋੜ੍ਹਾ ਕੁ ਬਚਿਆ ਸੀ, ਉਸ ਨੇ ਸਾਂਭ ਕੇ ਰੱਖ ਲਿਆ। ਲੋਕ ਤਰਲੇ ਕਰਦੇ ਕਿ ਉਨ੍ਹਾਂ ਨੂੰ ਗਿਆਨ ਦਿਓ, ਪਰ ਉਹ ਬੁੱਢਾ ਸੰਨਿਆਸੀ ਕਹਿੰਦਾ, ਨਹੀਂ ਦੇਵਾਂਗਾ! ਹੋਰ ਗੱਲਾਂ ਕਰ ਸਕਦੇ ਹਾਂ। ਲੋਕ ਉਸ ਅੱਗੇ ਸਿਰ ਝੁਕਾਉਂਦੇ ਅਤੇ ਤਰਲੇ ਕਰਦੇ ਕਿ ਸਾਨੂੰ ਰੱਬ ਬਾਰੇ ਦਸੋ, ਪਰ ਉਹ ਨਾ ਮੰਨਦਾ।

ਉਸ ਨੇ ਨੀਵਾਂ ਹੋ ਕੇ ਹੱਥਾਂ ਉਪਰ ਸਿਰ ਧਰਿਆ ਅਤੇ ਰੋ ਕੇ ਆਪਣੀ ਆਤਮਾ ਨੂੰ ਪੁਛਿਆ, “ਇਹ ਕੀ ਹੋ ਰਿਹਾ ਹੈ ਮੇਰੇ ਨਾਲ। ਮੈਂ ਡਰ ਅਤੇ ਉਦਾਸੀ ਨਾਲ ਭਰਦਾ ਜਾ ਰਿਹਾ ਹਾਂ ਅਤੇ ਮੈਨੂੰ ਸਭ ਕੋਲੋਂ ਡਰ ਲੱਗ ਰਿਹਾ ਹੈ।”

ਉਸ ਦੀ ਆਤਮਾ ਨੇ ਸੁਣਿਆ ਅਤੇ ਜੁਆਬ ਵਿੱਚ ਬੋਲੀ, “ਰੱਬ ਨੇ ਤੈਨੂੰ ਆਪਣੇ ਗਿਆਨ ਨਾਲ ਭਰ ਦਿੱਤਾ ਸੀ, ਪਰ ਤੂੰ ਲੋਕਾਂ ਵਿੱਚ ਵੰਡ ਦਿੱਤਾ ਹੈ; ਬੜਾ ਥੋੜ੍ਹਾ ਹੀ ਆਪਣੇ ਕੋਲ ਰੱਖਿਆ ਹੈ। ਮੁੱਕਦੀ ਗੱਲ, ਜੋ ਸਿਆਣਪ ਅਤੇ ਗਿਆਨ ਵੰਡਦਾ ਹੈ, ਉਹ ਆਪਣੇ ਆਪ ਨੂੰ ਲੁਟਾ ਰਿਹਾ ਹੈ। ਕੀ ਤੂੰ ਰੱਬ ਤੋਂ ਸਿਆਣਾ ਹੈ? ਕੀ ਰੱਬ ਲੋਕਾਂ ਨੂੰ ਆਪ ਗਿਆਨ ਨਹੀਂ ਦੇ ਸਕਦਾ? ਰੱਬ ਉਨ੍ਹਾਂ ਨੂੰ ਗਿਆਨ ਦਿੰਦਾ ਹੈ, ਜੋ ਗਿਆਨ ਦੀ ਕਦਰ ਕਰਦੇ ਹਨ। ਤੇਰੇ ਵਾਂਗੂੰ, ਰੱਬ ਜੀ ਐਵੇਂ ਨਹੀਂ ਵੰਡੀ ਜਾਂਦੇ ਅੰਨੇ ਵਾਹ। ਕਦੀ ਤੂੰ ਭਰਿਆ ਹੋਇਆ ਸੀ, ਪਰ ਹੁਣ ਥੋੜ੍ਹਾ ਜਿਹਾ ਸੰਭਾਲ ਕੇ ਰੱਖ।” ਅਤੇ ਉਹ ਰੋ ਕੇ ਕਹਿ ਰਿਹਾ ਸੀ, “ਹੁਣ ਮੈਂ ਰੱਬ ਬਾਰੇ ਕੋਈ ਗੱਲ ਨਹੀਂ ਕਰਾਂਗਾ। ਕਦੀ ਮੈਂ ਭਰਿਆ ਅਤੇ ਖੁਸ਼ ਸੀ। ਜੋ ਮੈਂ ਗਿਆਨ ਲੁਟਾ ਦਿੱਤਾ ਹੈ, ਸਮਝੋ ਮੈਂ ਆਪਣੇ ਆਪ ਨੂੰ ਲੁੱਟ ਲਿਆ ਹੈ।”

ਉਸ ਦੇ ਚੇਲੇ ਉਦਾਸ ਹੋ ਕੇ ਘਰਾਂ ਨੂੰ ਮੁੜ ਗਏ ਅਤੇ ਕਈ ਰਸਤੇ ਵਿੱਚ ਹੀ ਦਮ ਤੋੜ ਗਏ। ਹੁਣ ਉਹ ਸੰਨਿਆਸੀ ਚੰਦਰਮਾ ਵੱਲ ਮੂੰਹ ਕਰਕੇ ਚੱਲ ਪਿਆ ਅਤੇ ਇਕ ਰੇਗਿਸਤਾਨ ਵਿੱਚ ਪਹੁੰਚ ਗਿਆ। ਸਾਹਮਣੇ ਹਰਾ ਖੁੱਲ੍ਹਾ ਮੈਦਾਨ ਸੀ ਅਤੇ ਦੂਰ ਇੱਕ ਸੁੰਦਰ ਸ਼ਹਿਰ ਨਜ਼ਰ ਆਉਂਦਾ ਸੀ। ਉਥੇ ਉਸ ਨੇ ਇੱਕ ਕੁਟੀਆ ਬਣਾ ਲਈ ਅਤੇ ਰਹਿਣ ਲੱਗ ਪਿਆ। ਇੱਕ ਚੌਟਾਈ `ਤੇ ਸੌਂਦਾ ਅਤੇ ਹਰ ਵੇਲੇ ਇਹ ਅਰਦਾਸ ਕਰਦਾ ਕਿ ਰੱਬ ਜੀ, ਮੈਨੂੰ ਪਹਿਲਾਂ ਦੀ ਤਰ੍ਹਾਂ ਭਰ ਦਿਓ, ਪਰ ਇਹ ਨਾ ਹੋਇਆ। ਇੱਕ ਸ਼ਾਮ ਨੂੰ ਜਦ ਉਹ ਸੰਨਿਆਸੀ ਆਪਣੀ ਚੌਟਾਈ `ਤੇ ਬੈਠਾ ਸੀ, ਉਸ ਦੇ ਸਾਹਮਣਿਓਂ ਇੱਕ ਸੁੰਦਰ ਚਿਹਰੇ ਦਾ ਮਾਲਕ, ਪਰ ਸ਼ੈਤਾਨ ਮਨ ਵਾਲਾ ਮੁੰਡਾ ਲੰਘਿਆ। ਮੁੰਡੇ ਦੇ ਹੱਥ ਵਿੱਚ ਕੁਝ ਨਹੀਂ ਸੀ, ਖਾਲੀ ਸਨ। ਉਸ ਦੇ ਸ਼ਾਮ ਨੂੰ ਹੱਥ ਖਾਲੀ ਹੁੰਦੇ ਅਤੇ ਦੁਪਹਿਰ ਵੇਲੇ ਉਸ ਦੇ ਹੱਥਾਂ ਵਿੱਚ ਪੈਸੇ, ਹੀਰੇ ਤੇ ਜਵਾਹਰਾਤ ਹੁੰਦੇ, ਕਿਉਂਕਿ ਉਹ ਲੁਟੇਰਾ ਸੀ ਅਤੇ ਵਪਾਰੀਆਂ ਨੂੰ ਲੁੱਟ ਲੈਂਦਾ ਸੀ। ਸੰਨਿਆਸੀ ਉਸ ਮੁੰਡੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਦਾ, ਪਰ ਉਸ ਮੁੰਡੇ ਨਾਲ ਕੋਈ ਗੱਲ ਨਾ ਕਰਦਾ। ਸੰਨਿਆਸੀ ਜਾਣ ਚੁਕਾ ਸੀ ਕਿ ਜੇ ਉਸ ਨੇ ਗਿਆਨ ਦੀ ਕੋਈ ਗੱਲ ਮੁੰਡੇ ਨਾਲ ਕੀਤੀ ਤਾਂ ਉਹ ਆਪ ਗਿਆਨ ਤੋਂ ਖਾਲੀ ਹੋ ਜਾਵੇਗਾ।

ਇੱਕ ਦਿਨ ਜਵਾਨ ਮੁੰਡਾ ਦੁਪਹਿਰ ਦੇ ਬਾਅਦ ਹੀਰੇ, ਜਵਾਹਰਾਤ ਅਤੇ ਪੈਸੇ ਹੱਥ ਵਿੱਚ ਫੜੀ ਸੰਨਿਆਸੀ ਦੀ ਕੁਟੀਆ ਦੇ ਅੱਗੇ ਜੋਰ ਨਾਲ ਪੈਰ ਮਾਰ ਕੇ ਗੁੱਸੇ ਨਾਲ ਲਾਲ ਪੀਲਾ ਹੋ ਕੇ ਕਹਿਣ ਲੱਗਾ, “ਉਹ! ਸੰਨਆਸੀ ਤੂੰ ਇਸ ਤਰ੍ਹਾਂ ਮੇਰੇ ਵੱਲ ਕਿਉਂ ਵੇਖਦਾ ਹੈਂ? ਤੇਰੀਆਂ ਅੱਖਾਂ ਵਿੱਚ ਕੀ ਹੈ? ਮੈਂ ਜਾਣਨਾ ਚਾਹੁੰਦਾ ਹਾਂ। ਇਸ ਤਰ੍ਹਾਂ ਕਿਸੇ ਬੰਦੇ ਨੇ ਮੇਰੇ ਵੱਲ ਕਦੇ ਨਹੀਂ ਤੱਕਿਆ ਹੈ। ਇਹ ਮੈਨੂੰ ਚੁਭਦਾ ਹੈ ਅਤੇ ਮੈਂ ਪ੍ਰੇਸ਼ਾਨ ਹੁੰਦਾਂ ਹਾਂ।”

ਸੰਨਿਆਸੀ ਨੇ ਕਿਹਾ, “ਮੈਂ ਤੇਰੇ ਵੱਲ ਜਦੋਂ ਵੇਖਦਾ ਹਾਂ, ਤੇਰੀਆਂ ਅੱਖਾਂ ਵਿੱਚੋਂ ਮੈਨੂੰ ਤਰਸ ਨਜ਼ਰ ਆਉਂਦਾ ਹੈ।” ਜਵਾਨ ਮੁੰਡਾ ਹੱਸਿਆ ਅਤੇ ਉਸ ਨੇ ਬੜੇ ਅਪਮਾਨ ਭਰੇ ਲਫਜ਼ਾਂ ਵਿੱਚ ਸੰਨਿਆਸੀ ਨੂੰ ਕਿਹਾ, “ਦੱਸ ਤੇਰੇ ਕੋਲ ਕੀ ਹੈ? ਮੇਰੇ ਕੋਲ ਹੀਰੇ, ਜਵਾਹਰਾਤ ਤੇ ਪੈਸੇ ਹਨ। ਸੰਨਿਆਸੀ ਤੇਰੇ ਕੋਲ ਕੁਟੀਆ ਹੈ ਅਤੇ ਤੂੰ ਚੌਟਾਈ ਉਪਰ ਸੌਂਦਾ ਹੈਂ। ਤੂੰ ਮੇਰੇ `ਤੇ ਕੀ ਤਰਸ ਕਰ ਸਕਦਾ ਹੈ? ਕੀ ਵਜਾਹ ਹੈ ਤੇਰੇ ਕੋਲ ਮੇਰੇ `ਤੇ ਤਰਸ ਕਰਨ ਲਈ?

ਸੰਨਿਆਸੀ ਨੇ ਕਿਹਾ, “ਹਾਂ ਹੈ ਕੋਈ ਵਜਾਹ। ਤੇਰੇ ਕੋਲ ਰੱਬ ਬਾਰੇ ਗਿਆਨ ਨਹੀਂ ਹੈ।” ਮੁੰਡੇ ਨੇ ਕੁਟੀਆ ਦੇ ਮੂੰਹ ਅੱਗੇ ਆ ਕੇ ਕਿਹਾ, “ਕੀ ਰੱਬ ਦਾ ਗਿਆਨ ਹੀਰੇ, ਜਵਾਹਰਾਤ ਨਾਲੋਂ ਚੰਗਾ ਹੈ?” ਸੰਨਿਆਸੀ ਨੇ ਕਿਹਾ, “ਬਿਲਕੁਲ! ਹੀਰੇ, ਜਵਾਹਰਾਤਾਂ ਨਾਲੋਂ ਚੰਗਾ ਹੈ। ਮੈਂ ਗਲਤੀ ਕੀਤੀ, ਗਿਆਨ ਵੰਡਦਾ ਗਿਆ ਅਤੇ ਹੁਣ ਬਹੁਤ ਥੋੜ੍ਹਾ ਕੁ ਰਹਿ ਗਿਆ ਹੈ, ਜੋ ਹਾਲੇ ਵੀ ਹੀਰੇ ਜਵਾਹਰਾਤਾਂ ਨਾਲੋਂ ਬਹੁਤ ਚੰਗਾ ਹੈ।” ਜਦੋਂ ਮੁੰਡੇ ਨੇ ਇਹ ਸੁਣਿਆ ਤਾਂ ਉਸ ਨੇ ਤਲਵਾਰ ਕੱਢ ਲਈ ਅਤੇ ਸੰਨਿਆਸੀ ਨੂੰ ਕਿਹਾ, “ਉਹ ਗਿਆਨ ਮੈਨੂੰ ਦੇ ਦੇ, ਨਹੀਂ ਤਾਂ ਮੈਂ ਤੈਨੂੰ ਜਰੂਰ ਵੱਢ ਦਿਆਂਗਾ।” ਸੰਨਿਆਸੀ ਨੇ ਆਪਣੀਆਂ ਬਾਹਾਂ ਖਲਾਰ ਕੇ ਕਿਹਾ, “ਅੱਛਾ! ਜੇ ਤੇਰੀ ਇੱਛਾ ਹੈ ਤਾਂ ਤੂੰ ਮੈਨੂੰ ਵੱਢ ਦੇ, ਪਰ ਮੈਂ, ਜੋ ਥੋੜ੍ਹਾ ਗਿਆਨ ਰੱਬ ਬਾਰੇ ਬਚਿਆ ਹੈ, ਤੈਨੂੰ ਨਹੀਂ ਦੇਵਾਂਗਾ।”

ਜਵਾਨ ਲੁਟੇਰਾ ਸੰਨਿਆਸੀ ਦੇ ਅੱਗੇ ਗੋਡੇ ਟੇਕ ਕੇ ਬੈਠ ਗਿਆ, ਪਰ ਸੰਨਿਆਸੀ ਨੇ ਰੱਬ ਬਾਰੇ ਕੋਈ ਗੱਲ ਨਾ ਕੀਤੀ ਅਤੇ ਨਾ ਹੀ ਗਿਆਨ ਦੀ ਗੱਲ ਕੀਤੀ। ਜਵਾਨ ਲੁਟੇਰਾ ਉਠ ਪਿਆ ਅਤੇ ਬੋਲਿਆ, “ਅੱਛਾ ਸੰਨਿਆਸੀ ਤੇਰੀ ਮਰਜੀ। ਮੈਂ ਸ਼ਹਿਰ ਨੂੰ ਜਾਂਦਾ ਹਾਂ, ਹੀਰੇ ਜਵਾਹਰਾਤ ਤੇ ਪੈਸਿਆਂ ਨਾਲ ਸ਼ਹਿਰ ਵਿੱਚ ਰਾਤ ਨੂੰ ਰੰਗਰਲੀਆਂ ਮਨਾਵਾਂਗਾ। ਉਹ ਜਲਦੀ ਸ਼ਹਿਰ ਵੱਲ ਨੂੰ ਚੱਲ ਪਿਆ। ਸੰਨਿਆਸੀ ਚੀਕਿਆ, ਜਵਾਨ ਮੁੰਡੇ ਦੇ ਪਿੱਛੇ ਦੌੜਿਆ ਅਤੇ ਉਸ ਨੂੰ ਵਾਪਸ ਕੁਟੀਆ ਲੈ ਆਇਆ। ਸੰਨਿਆਸੀ ਨੇ ਬੜੇ ਵਾਸਤੇ ਪਾਏ ਕਿ ਹੇ ਜਵਾਨ ਮੁੰਡੇ, ਤੂੰ ਸ਼ਹਿਰ ਨਾ ਜਾ। ਪਾਪ ਨਾ ਕਮਾ। ਜਵਾਨ ਮੁੰਡੇ ਨੇ ਵਾਰ ਵਾਰ ਆਖਿਆ ਕਿ ਮੈਂ ਨਹੀਂ ਜਾਂਦਾ, ਪਰ ਤੈਨੂੰ ਰੱਬ ਦਾ ਗਿਆਨ, ਜੋ ਤੂੰ ਕਹਿੰਦਾ ਹੈ ਕਿ ਹੀਰੇ, ਜਵਾਹਰਾਤ ਅਤੇ ਪੈਸਿਆ ਨਾਲੋਂ ਵੀ ਵਡਮੁੱਲਾ ਹੈ, ਉਹ ਦੇਣਾ ਪਵੇਗਾ। ਸੰਨਿਆਸੀ ਨੇ ਕਿਹਾ, “ਉਹ! ਰੱਬ ਦੇ ਵਾਸਤੇ ਮੈਂ ਨਹੀਂ ਦੇਵਾਂਗਾ; ਪਰ ਹੋਰ ਜੋ ਮਰਜੀ ਮੰਗ ਲੈ, ਭਾਵੇਂ ਮੇਰੀ ਜਾਨ ਲੈ ਲੈ।”

ਉਹ ਜਵਾਨ ਲੁਟੇਰਾ ਸੰਨਿਆਸੀ ਦਾ ਜੁਆਬ ਸੁਣ ਕੇ ਬੜਾ ਹੱਸਿਆ ਅਤੇ ਉਥੋਂ ਸ਼ਹਿਰ ਵੱਲ ਚੱਲ ਪਿਆ। ਸੰਨਿਆਸੀ ਹਰ ਹਾਲਤ ਵਿੱਚ ਜਵਾਨ ਲੁਟੇਰੇ ਨੂੰ ਪਾਪ ਤੋਂ ਬਚਾਉਣਾ ਚਾਹੁੰਦਾ ਸੀ ਅਤੇ ਉਸ ਨੇ ਜਵਾਨ ਲੁਟੇਰੇ ਨੂੰ ਕੁੜਤੇ ਦੀ ਕੰਨੀ ਤੋਂ ਫੜ ਲਿਆ ਅਤੇ ਕਿਹਾ, “ਆਪਣੇ ਹੱਥ ਖੋਲ੍ਹ ਤੇ ਮੇਰੀ ਗਰਦਨ ਦੇ ਦੁਆਲੇ ਲਪੇਟ ਦੇ, ਆਪਣੇ ਕੰਨ ਮੇਰੇ ਬੁੱਲਾਂ ਦੇ ਕੋਲ ਕਰ ਅਤੇ ਮੈਂ ਬਚਿਆ ਹੋਇਆ ਗਿਆਨ ਤੈਨੂੰ ਦੇ ਦਿੰਦਾ ਹਾਂ।”

ਸੰਨਿਆਸੀ ਨੇ ਗਿਆਨ ਦੇ ਦਿੱਤਾ, ਪਰ ਆਪ ਉਹ ਜ਼ਮੀਨ ਉਪਰ ਡਿੱਗ ਪਿਆ। ਮੁੰਡਾ ਵਾਪਸ ਆਪਣੇ ਘਰ ਚਲਾ ਗਿਆ ਅਤੇ ਫਿਰ ਕਦੀ ਵੀ ਸ਼ਹਿਰ ਨਾ ਗਿਆ। ਸੰਨਿਆਸੀ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਅਤੇ ਉਸ ਨੇ ਇੱਕ ਉਚਾ, ਭੂਰੇ ਵਾਲਾਂ ਵਾਲਾ ਅਤੀ ਸੁੰਦਰ ਇਨਸਾਨ ਆਪਣੇ ਕੋਲ ਖਲੋਤਾ ਵੇਖਿਆ। ਉਸ ਇਨਸਾਨ ਨੇ ਸੰਨਿਆਸੀ ਨੂੰ ਫੜ ਕੇ ਉਠਾਇਆ ਅਤੇ ਜੱਫੀ ਵਿੱਚ ਲੈ ਕੇ ਬੋਲਿਆ, “ਓ ਸੰਨਿਆਸੀ ਪਹਿਲਾਂ ਮੈਂ ਤੈਨੂੰ ਗਿਆਨ ਦਿੱਤਾ ਸੀ; ਹੁਣ ਮੈਂ ਤੈਨੂੰ ਪਿਆਰ ਦਿੰਦਾ ਹਾਂ, ਤੂੰ ਕਿਉਂ ਰੋਂਦਾ ਹੈਂ? ਸੰਨਿਆਸੀ ਨੂੰ ਚੁੰਮ ਕੇ ਉਸ ਇਨਸਾਨ ਨੇ ਕਿਹਾ, “ਇਸ ਪਿਆਰ ਨੂੰ ਜਿੰਨਾ ਵੀ ਵੰਡੇਗਾ, ਇਹ ਪਿਆਰ ਮੁੱਕੇਗਾ ਨਹੀਂ, ਸਗੋਂ ਵਧੇਗਾ।”

Leave a Reply

Your email address will not be published. Required fields are marked *