ਕੀ ‘ਹਿੰਦੂ’ ਪਹਿਲੇ ‘ਪੰਜ ਪਿਆਰੇ’ ਸਨ?

Uncategorized

1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਪਹਿਲੇ ‘ਪੰਜ ਪਿਆਰਿਆਂ’ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਖਾਲਸਾ ਸਾਜਿਆ ਸੀ, ਉਸ ਨੂੰ ਧਿਆਨਗੋਚਰੇ ਰੱਖਦਿਆਂ ਕੀ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਕਈ ਮਨਘੜਤ ਗੱਲਾਂ ਅੰਕਿਤ ਕਰ ਕੇ ਨਵਾਂ ਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੇ ਹਿੰਦੂਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1699 ਦੀ ਵਿਸਾਖੀ ਤੱਕ ਗੁਰੂ ਕਾਲ ਦੀ ਘਾਲਣਾ ਨਾਲ ਤਿਆਰ ਕੀਤੇ ਸਿੱਖ ਕਿੱਥੇ ਸਨ? ਇਹ ਸਵਾਲ ਲੇਖਕ ਸ. ਗੁਰਚਰਨਜੀਤ ਸਿੰਘ ਲਾਂਬਾ ਨੇ ਆਪਣੇ ਇਸ ਲੇਖ ਵਿੱਚ ਉਠਾਏ ਹਨ ਅਤੇ ਨਾਲ ਹੀ ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਇਸ ਦੀ ਵਿਚਾਰ ਜ਼ਰੂਰੀ ਹੈ ਤਾਂ ਜੋ ਸਹੀ ਤੱਥ ਪੇਸ਼ ਕੀਤੇ ਜਾ ਸਕਣ। ਇਹ ਲੇਖ ਪਾਠਕਾਂ ਦੀ ਜਾਣਕਾਰੀ ਹਿੱਤ ਇੱਕ ਪ੍ਰਤੀਕਰਮ ਵਜੋਂ ਛਾਪ ਰਹੇ ਹਾਂ, ਜੋ ਕਿ ਸ. ਤਰਲੋਚਨ ਸਿੰਘ ਨਾਂ ਦੇ ਲੇਖਕ ਵਲੋਂ ਹਿੰਦੀ ਦੇ ਇੱਕ ਅਖਬਾਰ ਵਿੱਚ ਛਪਵਾਇਆ ਗਿਆ ਹੈ।

 

ਗੁਰਚਰਨਜੀਤ ਸਿੰਘ ਲਾਂਬਾ

ਸਅਨਟਸਿਪਅਹਿ@ਗਮiਅਲ।ਚੋਮ

“ਪਾਂਚ ਹਿੰਦੂ ਹੀ ਪਹਲੇ ‘ਪੰਜ ਪਿਆਰੇ` ਸਜੇ ਥੇ।” ਇਸ ਸਿਰਲੇਖ ਵਾਲਾ ਇੱਕ ਬਹੁਤ ਹੀ ਵਿਵਾਦਤ ਅਤੇ ਅਣਲੋੜੀਂਦਾ ਲੇਖ ਸ. ਤਰਲੋਚਨ ਸਿੰਘ ਦੇ ਨਾਮ ਹੇਠ ਵੱਡੀ ਗਿਣਤੀ ਵਿੱਚ ਗਸ਼ਤ ਕਰ ਰਿਹਾ ਹੈ। ਇਸ ਨੇ ਪੰਥਕ ਹਲਕਿਆਂ ਵਿੱਚ ਹਲਚਲ ਪੈਦਾ ਕੀਤੀ ਹੈ, ਪਰ ਧਾਰਮਿਕ ਅਤੇ ਇਤਿਹਾਸਕ ਪੱਖੋਂ ਇਹ ਸਰਾਸਰ ਬੇ-ਬੁਨਿਆਦ ਤੇ ਗ਼ਲਤ ਲੇਖ ਹੈ। ਇਹ ਕਿਉਂ ਅਤੇ ਕਿਸ ਮਕਸਦ ਨਾਲ ਲਿਖਿਆ ਜਾਂ ਲਿਖਵਾਇਆ ਗਿਆ ਹੈ, ਕਿਹਾ ਨਹੀਂ ਜਾ ਸਕਦਾ? ਪਰ ਜੇ ਇਸ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਵਿੱਚ ਕਈ ਭਰਮ ਭੁਲੇਖੇ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਕਿਸੇ ਸਿੱਖ ਵੱਲੋਂ ਲਿਖਿਆ ਅਤੇ ਪ੍ਰਸਾਰਿਆ ਗਿਆ ਹੈ। ਇਸ ਵਿੱਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਕਈ ਮਨਘੜਤ ਗੱਲਾਂ ਅੰਕਿਤ ਕਰ ਕੇ ਨਵਾਂ ਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਇਸ ਦੀ ਵਿਚਾਰ ਜ਼ਰੂਰੀ ਹੈ ਤਾਂ ਕਿ ਸਹੀ ਤੱਥ ਪੇਸ਼ ਕੀਤੇ ਜਾ ਸਕਣ।

ਸਿੱਖ ਪੰਥ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ। ਇਸ ਕ੍ਰਿਸ਼ਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਬਧ ਕੀਤਾ,

ਤਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ॥

ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ॥4॥

ਤਿਨ ਇਹ ਕਲ ਮੋ ਧਰਮ ਚਲਾਯੋ॥

ਸਭ ਸਾਧਨ ਕੋ ਰਾਹੁ ਬਤਾਯੋ॥

ਜੋ ਤਾ ਕੇ ਮਾਰਗ ਮਹਿ ਆਏ॥

ਤੇ ਕਬਹੂੰ ਨਹਿ ਪਾਪ ਸੰਤਾਏ॥5॥

ਉਪਰੰਤ ਨੌਂ ਗੁਰੂ ਸਾਹਿਬਾਨ ਨੇ ਇਸ ਮਹਿਲ ਨੂੰ ਸੁਦ੍ਰਿੜ ਕੀਤਾ। ਫ਼ਿਰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਇਸ ਨੂੰ ਸੰਪੂਰਨ ਕੀਤਾ ਅਤੇ ਇਸ ਤਰ੍ਹਾਂ ਗੁਰੂ ਪੰਥ ਵਿੱਚ ਤਬਦੀਲ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਹੀ ਸਿੱਖ ਅਤੇ ਸਿੱਖੀ ਪੂਰੀ ਤਰ੍ਹਾਂ ਸੁਦ੍ਰਿੜ ਅਤੇ ਸੰਸਥਾਗਤ ਹੋ ਚੁਕੇ ਸਨ। ਹੁਣ ਜੇ ਹਿੰਦੂਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1699 ਦੀ ਵਿਸਾਖੀ ਤੱਕ ਗੁਰੂ ਕਾਲ ਦੀ ਘਾਲਣਾ ਨਾਲ ਤਿਆਰ ਕੀਤੇ ਸਿੱਖ ਕਿੱਥੇ ਸਨ? ਇਸ ਲੇਖ ਮੁਤਾਬਿਕ ਤਾਂ 1469 ਤੋਂ 1699 ਤਕ ਦੀ ਸਾਰੀ ਘਾਲਣਾ ਹੀ ਅਲੋਪ ਕਰ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਸੀਸ ਭੇਟ ਕਰਨ ਵਾਲੇ ਮਹਾਨ ਸੂਰਬੀਰ ਪੰਜ ਪਿਆਰੇ ਗੁਰੂ ਕੇ ਅਨਿਨ ਸਿੱਖ ਸਨ। ਉਨ੍ਹਾਂ ਨੂੰ ਹਿੰਦੂ ਕਹਿਣਾ ਮਹਾਨ ਯੋਧਿਆਂ ਨੂੰ ਸਿੱਖੀ ਤੋਂ ਮਹਿਰੂਮ ਕਰਨਾ ਅਤੇ ਬਹੁਤ ਵੱਡੀ ਧਾਰਮਿਕ ਅਵੱਗਿਆ ਹੈ।

ਗੁਰੂ ਨਾਨਕ ਦੇਵ ਜੀ ਨੇ ਤਾਂ ਪਹਿਲੇ ਜਾਮੇ ਵਿੱਚ ਹੀ ਸਿੱਖ ਬਣਨ ਲਈ ਸ਼ਰਤ ਰੱਖ ਦਿੱਤੀ ਸੀ,

ਜਉ ਤਉ ਪ੍ਰੇਮ ਖੇਲਣ ਕਾ ਚਾਉ॥

ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰ ਧਰੀਜੈ॥

ਸਿਰੁ ਦੀਜੈ ਕਾਣਿ ਨ ਕੀਜੈ॥20॥

(ਮ. 1, ਅੰਗ 1412)

ਇਸ ਤਰ੍ਹਾਂ ਜਿਹੜੇ ਵੀ ਗੁਰੂ ਸਾਹਿਬ ਦੇ ਮਾਰਗ ‘ਤੇ ਆਏ, ਉਹ ਗੁਰੂ ਕੇ ਸਿੱਖ ਸਨ ਅਤੇ ਉਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ,

ਸੁਣੀ ਪੁਕਾਰਿ ਦਾਤਾਰ ਪ੍ਰਭੁ

ਗੁਰੁ ਨਾਨਕ ਜਗ ਮਾਹਿ ਪਠਾਇਆ।

ਚਰਨ ਧੋਇ ਰਹਰਾਸਿ ਕਰਿ

ਚਰਣਾਮ੍ਰਿਤੁ ਸਿਖਾਂ ਪੀਲਾਇਆ।

ਬਿਲਕੁਲ ਇਸੇ ਤਰਜ਼ ‘ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਚਨ ਨੂੰ ਨੰਗੀ ਸ੍ਰੀ ਸਾਹਿਬ ਲੈ ਕੇ ਸਿੱਖਾਂ ਦੇ ਸਿਰ ਦੀ ਮੰਗ ਕੀਤੀ ਸੀ ਕਿ ਜੋ ਵੀ ਇਸ ਪ੍ਰੇਮ ਦੇ ਮਾਰਗ ‘ਤੇ ਤੁਰਨਾ ਚਾਹੁੰਦੇ ਹਨ, ਜੋ ਵੀ ਪਿਆਰੇ ਅਖਵਾਉਣਾ ਚਾਹੁੰਦੇ ਹਨ, ਉਹ ਆਪਣਾ ਸੀਸ ਭੇਟ ਕਰਨ। ਇਸ ਤਰ੍ਹਾਂ ਚਰਣਾਮ੍ਰਿਤ ਤੋਂ ਖੰਡੇ ਦੀ ਪਾਹੁਲ ਦਾ ਸਫ਼ਰ ਤੈਅ ਪਾਇਆ ਗਿਆ।

ਇੱਥੇ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਸੀ ਅਤੇ ਸਿੱਖ ਸੰਗਤਾਂ ਹੀ ਜੁੜੀਆਂ ਸਨ।

ਦੋਹਰਾ- ਭਯੋ ਮੇਲ ਜਬਿ ਅਨੰਦਪੁਰਿ ਚਹੁਦਿਸ਼ਿ ਤੇ ਸਿਖ ਆਇ॥

ਭਈ ਭੀਰ ਦੀਰਘ ਤਹਾਂ ਦਰਸ ਚਾਹਿ ਅਧਿਕਾਇ॥1॥ ਰੁਤ 3, ਅਧਿਆਇ 17

ਇਸ ਮੁਕਾਮ ਤਕ ਪਹੁੰਚਣ ਲਈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਥਾਂ ਥਾਂ ਧਰਮਸਾਲਾ ਅਤੇ ਸੰਗਤਾਂ ਕਾਇਮ ਕੀਤੀਆਂ। ਜਿਵੇਂ ਛੋਟੀ ਸੰਗਤ, ਬੜੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ ਆਦਿ ਅਤੇ ਇਹ ਸਿਲਸਿਲਾ ਬਾਅਦ ਵਿੱਚ ਵੀ ਗੁਰੂ ਕਾਲ ਵਿੱਚ ਜਾਰੀ ਰਿਹਾ। ਇਨ੍ਹਾਂ ਸੰਗਤਾਂ ਨੂੰ ਪੱਕੇ ਤੌਰ ‘ਤੇ ਧੁਰੇ ਨਾਲ ਜੋੜਨ ਲਈ ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਤ ਕੀਤੀਆਂ ਅਤੇ ਮਸੰਦ ਥਾਪੇ।

ਗੁਰੂ ਸਾਹਿਬ ਦੇ ਮਾਰਗ ਨੂੰ ਅਪਣਾਉਣ ਵਾਲੇ ਸਿੱਖ ਅਖਵਾਏ। ਇਹ ਸ਼ਬਦ ਸਿੱਖ ਕਿਸੇ ਵੇਦ, ਪੁਰਾਣ, ਸ਼ਾਸਤ੍ਰ ਵਿੱਚ ਨਹੀਂ ਸੀ; ਪਰ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋ ਕੇ ਸਿੱਖ, ਗੁਰਸਿੱਖ, ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਪਰੰਪਰਾ ਵਿੱਚ ਇਹ ਲਫ਼ਜ਼ ਪੂਰੀ ਤਰ੍ਹਾਂ ਮਕਬੂਲ ਹੋ ਗਿਆ।

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ

ਗਾਵਹੁ ਸਚੀ ਬਾਣੀ॥ (ਮ. 3, ਅੰਗ 920)

ਸੋ ਸਿਖੁ ਸਖਾ ਬੰਧਪੁ ਹੈ ਭਾਈ

ਜਿ ਗੁਰ ਕੇ ਭਾਣੇ ਵਿਚਿ ਆਵੈ॥

(ਮ. 3, ਅੰਗ 602)

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ

ਸੋ ਭਲਕੇ ਉਠਿ ਹਰਿ ਨਾਮੁ ਧਿਆਵੈ॥

ਉਦਮੁ ਕਰੇ ਭਲਕੇ ਪਰਭਾਤੀ

ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

(ਮ. 4, ਅੰਗ 306)

ਗੁਰੂ ਨਾਨਕ ਦੇਵ ਜੀ ਵਲੋਂ ਲਾਏ ਗੁਰਸਿੱਖੀ ਦੇ ਬੂਟੇ ਦੀ ਮਹਿਕ ਇੰਨੀ ਫੈਲ ਚੁੱਕੀ ਸੀ ਕਿ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸਿੱਖਾਂ ਦੀ ਭਗਤ ਮਾਲਾ ਵਿੱਚ ਕਰੀਬ ਦੋ ਸੌ ਸਿੱਖਾਂ ਦਾ ਜ਼ਿਕਰ ਹੈ ਅਤੇ ਹਰ ਇੱਕ ਨੂੰ ਭਾਈ ਲਫ਼ਜ਼ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਾਹਾਦੁਰ ਜੀ ਦੇ ਹੁਕਮਨਾਮੇ ਮੌਜੂਦ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬ ਨੇ ਗੁਰਸਿੱਖਾਂ ਦੇ ਨਾਮ ਅੰਕਿਤ ਹਨ। ਹੋਰ ਤਾਂ ਹੋਰ ਗੁਰੂ ਹਰਗੋਬਿੰਦ ਜੀ ਨੇ ਆਪਣੇ ਹੁਕਮਨਾਮੇ ਵਿੱਚ ਸਿੱਖਾਂ ਬਾਰੇ ਲਿਖਿਆ ਹੈ ਕਿ ਤੁਸੀਂ ਮੇਰਾ ਖਾਲਸਾ ਹੋ। ਖਾਲਸਾ ਉਸ ਜ਼ਮੀਨ ਨੂੰ ਕਿਹਾ ਜਾਂਦਾ ਹੈ, ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ ਅਤੇ ਜਿਸ ‘ਤੇ ਕੋਈ ਮਾਲੀਆ, ਟੈਕਸ ਜਾਂ ਲਗਾਨ ਨਾ ਹੇਵੇ।

ਇਹ ਗੱਲ ਨਿਰਵਿਵਾਦਤ ਰੂਪ ਵਿੱਚ ਸਹੀ ਹੈ ਕਿ ਸ਼ੁਰੂ ਸ਼ੁਰੂ ਵਿੱਚ ਸਿੱਖੀ ਦੀ ਪਨੀਰੀ ਵਿੱਚ ਵੱਡਾ ਯੋਗਦਾਨ ਦੇਣ ਵਾਲੇ ਹਿੰਦੂ ਹੀ ਸਨ। ਪਰ ਉਹ ਸਿੰਘ ਸਜੇ ਸਨ, ਸਿੱਖਾਂ ਦੀਆਂ ਕੁਰਬਾਨੀਆਂ, ਆਚਰਣ ਅਤੇ ਦੂਸਰਿਆਂ ਲਈ ਆਪਾਂ ਵਾਰਨ ਦੇ ਜਜ਼ਬੇ ਤੋਂ ਪ੍ਰਭਾਵਤ ਹੋ ਕੇ। ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਇੱਕ ਵਾਰ ਸਿੰਘ ਸਜ ਜਾਣ ਤੋਂ ਬਾਅਦ ਸਿੱਖੀ ਦਾ ਤਿਆਗ ਕਰਨ ਵਾਲਾ ਪਤਿਤ ਹੁੰਦਾ ਹੈ, ਸਹਿਜਧਾਰੀ ਜਾਂ ਹਿੰਦੂ ਨਹੀਂ।

ਇਸ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਇਸਲਾਮ, ਮਸੀਹੀ ਜਾਂ ਯਹੂਦੀ ਧਰਮਾਂ ਦਾ ਮੁੱਢ ਅਤੇ ਸ੍ਰੋਤ, ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ, ਉਨ੍ਹਾਂ ਦੇ ਪੈਗੰਬਰ ਵੀ ਸਾਂਝੇ ਹਨ, ਪਰ ਉਨ੍ਹਾਂ ਦੀ ਅੱਡਰੀ ਹਸਤੀ ‘ਤੇ ਕਦੀ ਵਿਵਾਦ ਨਹੀਂ ਹੋਇਆ। ਦੂਸਰੇ ਪਾਸੇ ਸਿੱਖ ਅਤੇ ਹਿੰਦੂ ਧਰਮ ਗ੍ਰੰਥ ਵੱਖ ਵੱਖ ਹਨ। ਪਰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਪੁਰਾਤਨ ਮਿਥਿਹਾਸਕ ਪਾਤਰਾਂ ਨੂੰ ਅੰਕਿਤ ਕੀਤਾ। ਪੌਰਾਣਿਕ ਗਾਥਾਵਾਂ ਦੇ ਹਵਾਲੇ ਦਿੱਤੇ, ਪਰ ਸ਼ਰਤ ਸਿਰਫ਼ ਇੱਕ ਸੀ ਕਿ ਸਭ ਦਾ ਕਰਤਾ ਪੁਰਖ ਅਤੇ ਪੂਜਣਯੋਗ ਹਸਤੀ ਜਾਂ ਸਤੁਤੀ ਕੇਵਲ ਇੱਕ ਦੀ ਹੀ ਹੈ।

ਗੁਰੂ ਕਾਲ ਦੌਰਾਨ ਹੀ ਸਿੱਖ ਪੰਥ ਦੇ ਨਿਆਰੇਪਨ ਨੂੰ ਗੁਰੂ ਸਾਹਿਬਾਨ ਨੇ ਨਿਰਣਾਇਕ ਤੌਰ ‘ਤੇ ਪਰਪੱਕ ਕਰ ਦਿੱਤਾ ਸੀ। ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਆਪਣੀ ਪੁਸਤਕ ਦੀ ਸਿੱਖਸ ਵਿੱਚ ਅੰਕਿਤ ਕੀਤਾ ਹੈ,

ਠਹੲ ਾੋਲੋੱਨਿਗ ਟਹਅਟ ਂਅਨਅਕ ਹਅਦ ਚਰੲਅਟੲਦ ਨਿ ਹਸਿ ਲiਾੲ ਟਮਿੲ ਚੋੁਲਦ ਅਟ ਬੲਸਟ ਬੲ ਦੲਸਚਰਬਿੲਦ ਅਸ ਅ ਗਰੋੁਪ ਦਸਿਸੲਨਟਨਿਗ ਾਰੋਮ ਬੋਟਹ ੍ਹਨਿਦੁਸਿਮ ਅਨਦ ੀਸਲਅਮ।

(ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੀ ਜਿਹੜੇ ਪੈਰੋਕਾਰ ਬਣਾਏ ਸਨ, ਉਨ੍ਹਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਇਲਸਾਮ ਅਤੇ ਹਿੰਦੂ ਮਤ ਤੋਂ ਵੱਖ ਕਰ ਲਿਆ ਸੀ।)

ਗੁਰੂ ਦੇਵ ਜੀ ਨੇ ਆਪਣਾ ਨਿਸ਼ਾਨਾ ਸਪਸ਼ਟ ਕੀਤਾ,

ਬਿਸਰਿ ਗਈ ਸਭ ਤਾਤਿ ਪਰਾਈ॥

ਜਬ ਤੇ ਸਾਧਸੰਗਤਿ ਮੋਹਿ ਪਾਈ॥੧॥ ਰਹਾਉ॥

ਨਾ ਕੋ ਬੈਰੀ ਨਹੀ ਬਿਗਾਨਾ

ਸਗਲ ਸੰਗਿ ਹਮ ਕਉ ਬਨਿ ਆਈ॥੧॥

ਇਸ ਮਹਾਂ ਵਾਕ ਨੂੰ ਗੁਰੂ ਸਾਹਿਬਾਨ ਨੇ ਅਮਲੀ ਰੂਪ ਵਿੱਚ ਤਨ ‘ਤੇ ਹੰਢਾਇਆ। ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮਾਨ ਔਰਤਾਂ ਤੇ ਹੁੰਦੇ ਜ਼ੁਲਮਾਂ ਨੂੰ ਵੇਖ ਕੇ ਹਾਅ ਦਾ ਨਾਅਰਾ ਮਾਰਿਆ,

ਮੁਸਲਮਾਨੀਆ ਪੜਹਿ ਕਤੇਬਾ

ਕਸ਼ਟ ਮਹਿ ਕਰਹਿ ਖੁਦਾਇ ਵੇ ਲਾਲੇ॥

ਜਾਤਿ ਸਨਾਤੀ ਹੋਰਿ ਹਿਦਵਾਣੀਆ

ਏਹਿ ਭੀ ਲੇਖੈ ਲਾਇ ਵੇ ਲਾਲੋ॥

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ

ਰਤੁ ਕਾ ਕੁੰਗੂ ਪਾਇ ਵੇ ਲਾਲੇ॥1॥

(ਮ. 1, ਅੰਗ 723)

ਇੰਨਾ ਹੀ ਨਹੀਂ, ਗੁਰੂ ਤੇਗ ਬਹਾਦੁਰ ਜੀ ਨੇ ਤਾਂ ਤਿਲਕ ਅਤੇ ਜੰਞੂ ਦੀ ਰਾਖੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਬਾਅਦ ਵਿੱਚ ਗੁਰੂ ਕੇ ਖਾਲਸੇ ਨੇ ਇਸ ਪਿਰਤ ਨੂੰ ਜਾਨਾਂ ਹੂਲ ਕੇ ਜਾਰੀ ਰਖਿਆ।

ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ, ਜਾ ਤੇ ਛੂਟ ਗਯੋ ਭ੍ਰਮ ਉਰ ਕਾ, ਤਿਸ ਆਗੈ ਹਿੰਦੂ ਕਿਆ ਤੁਰਕਾ॥ ਇਸ ਤਰ੍ਹਾਂ ਬਿਨਾ ਕਿਸੇ ਭੇਦ ਭਾਵ ਦੇ ਕੇਵਲ ਇਨਸਾਨੀਅਤ ਦੇ ਨਾਤੇ ਆਪਾ ਵਾਰਨ ਦਾ ਇਤਿਹਾਸ ਰਚਿਆ; ਪਰ ਇਸ ਦੇ ਨਾਲ ਹੀ ਆਪਣੀ ਨਿਆਰੀ ਹਸਤੀ ਨੂੰ ਵੀ ਕਾਇਮ ਰਖਿਆ। ਗੁਰਵਾਕ ਹੈ,

ਭੈਰਉ ਮਹਲਾ ੫॥

ਵਰਤ ਨ ਰਹਉ ਨ ਮਹ ਰਮਦਾਨਾ॥

ਤਿਸੁ ਸੇਵੀ ਜੋ ਰਖੈ ਨਿਦਾਨਾ॥੧॥

ਏਕੁ ਗੁਸਾਈ ਅਲਹੁ ਮੇਰਾ॥

ਹਿੰਦੂ ਤੁਰਕ ਦੁਹਾਂ ਨੇਬੇਰਾ॥੧॥ ਰਹਾਉ॥

ਹਜ ਕਾਬੈ ਜਾਉ ਨ ਤੀਰਥ ਪੂਜਾ॥

ਏਕੋ ਸੇਵੀ ਅਵਰੁ ਨ ਦੂਜਾ॥੨॥

ਪੂਜਾ ਕਰਉ ਨ ਨਿਵਾਜ ਗੁਜਾਰਉ॥

ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥੩॥

ਨਾ ਹਮ ਹਿੰਦੂ ਨ ਮੁਸਲਮਾਨ॥

ਅਲਹ ਰਾਮ ਕੇ ਪਿੰਡੁ ਪਰਾਨ॥੪॥

ਕਹੁ ਕਬੀਰ ਇਹੁ ਕੀਆ ਵਖਾਨਾ॥

ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥੫॥੩॥

ਸੋ ਇਹ ਕਹਿਣਾ ਕਿ ਪਹਿਲੇ ਪੰਜ ਪਿਆਰੇ ਹਿੰਦੂ ਸਨ, ਸਰਾਸਰ ਗ਼ਲਤ ਹੈ ਅਤੇ ਕਿਸੇ ਵਿਸ਼ੇਸ਼ ਮਕਸਦ ਨਾਲ ਕਹੀ ਗਈ ਹੈ। ਇਹ ਪੰਥਕ ਪਿੜ ਵਿੱਚ ਉਤੇਜਨਾ ਪੈਦਾ ਕਰਨ ਸਿੱਖ ਹੋਂਦ ‘ਤੇ ਪ੍ਰਹਾਰ ਕਰਨ ਵਾਲਾ ਬਿਆਨ ਹੈ। ਅੰਮ੍ਰਿਤ ਦਾ ਅਧਿਕਾਰੀ ਹਰ ਪ੍ਰਾਣੀ ਮਾਤਰ ਹੈ, ਪਰ ਅੰਮ੍ਰਿਤ ਛਕਣ ਲਈ ਕੁਝ ਬੁਨਿਆਦੀ ਸ਼ਰਤਾਂ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲੀ ਹੈ, ਉਸ ਦਾ ਸਾਬਤ ਸੂਰਤ ਹੋਣਾ। ਇਸ ਲਈ ਗੈਰ ਸਿੱਖ ਤੋਂ ਸਿੰਘ ਸਜਣ ਵਿਚਕਾਰ ਇੱਕ ਪੜਾਅ ਸਿੱਖ ਹੋਣ ਦਾ ਹੈ। ਹਿੰਦੂ ਤੋਂ ਸਿੰਘ ਸਜਣ ਲਈ ਕੁਝ ਮਹੀਨੇ ਦਾ ਸਮਾਂ ਲਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਗੁਰੂ, ਸਿੱਖ, ਸੰਗਤ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਕਥਾ-ਕੀਰਤਨ, ਸਿੱਖ ਮਰਯਾਦਾ, ਸਚਿਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਨਿਸ਼ਾਨ, ਨਗਾਰੇ, ਲੰਗਰ ਆਦਿ ਸਾਰੇ ਸਿਧਾਂਤ, ਪਰੰਪਰਾਵਾਂ ਪੱਕੇ ਪੈਰੀ ਹੋ ਚੁੱਕੀਆਂ ਸਨ। ਅੰਮ੍ਰਿਤ ਪ੍ਰਾਪਤੀ ਦਾ ਰਾਹ ਤਟ ਫਟ ਨਹੀਂ ਹੁੰਦਾ। ਇਸ ਲਈ ਦ੍ਰਿੜ ਇਰਾਦੇ, ਤਿਆਰੀ ਅਤੇ ਸਮੇਂ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਗੁਰਮਤਿ ਅਤੇ ਗੁਰਸਿੱਖੀ ਨੂੰ ਦ੍ਰਿੜ ਹੋ ਚੁੱਕੇ ਪੰਜ ਪਿਆਰਿਆਂ ‘ਤੇ ਹੀ ਅੰਮ੍ਰਿਤ ਦੀ ਇਲਾਹੀ ਦਾਤ ਦੀ ਬਖਸ਼ਿਸ਼ ਹੋਈ। ਇਸ ਤੋਂ ਸਪਸ਼ਟ ਹੈ ਕਿ ਗੁਰੂ ਕਲਗੀਧਰ ਪਿਤਾ ਨੇ ਗੁਰ ਸੰਗਤ ਨੂੰ ਖਾਲਸਾ ਬਣਾਇਆ। ਸੋ ਗੁਰੂ ਤੋਂ ਸਿੱਖ ਬਣੇ, ਸਿੱਖ ਤੋਂ ਸੰਗਤਾਂ ਬਣੀਆਂ ਅਤੇ ਸੰਗਤ ਤੋਂ ਖਾਲਸਾ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥1॥ (ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ , ਭਾਈ ਗੁਰਦਾਸ ਦੋਇਮ)। ਧਰਮ ਦੇ ਖੇਤਰ ਵਿੱਚ ਇੱਕ ਨੁਕਤਾ ਅਹਿਮ ਹੈ ਕਿ ਆਪਣਾ ਛੱਡੋ ਨਾ, ਦੂਜੇ ਦਾ ਛੇੜੋ ਨਾ।

ਮੇਰੇ ਤਾਇਆ ਜੀ, ਸੂਬੇਦਾਰ ਮੇਜਰ ਹਰਬੰਸ ਸਿੰਘ ਫੌਜ ਵਿੱਚ ਸਨ। ਉਨ੍ਹਾਂ ਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਉਹ ਹਿੰਦੂਆਂ ਨੂੰ ਸਿੱਖ ਬਣਾਉਂਦੇ ਹਨ। ਕਮਾਂਡਰ ਅੰਗਰੇਜ਼ ਸੀ। ਉਸਨੇ ਸ਼ਿਕਾਇਤ ਕਰਤਾ ਨੂੰ ਸਵਾਲ ਕੀਤਾ ਕਿ ਇੱਕ ਹਿੰਦੂ ਨੂੰ ਸਿੱਖ ਬਣਾਉਣ ਲਈ ਘਟੋ ਘਟ ਕਿਤਨਾ ਸਮਾਂ ਚਾਹੀਦਾ ਹੈ। ਜਵਾਬ ਸੀ, ਤਿੰਨ ਮਹੀਨੇ। ਅੰਗਰੇਜ਼ ਨੇ ਪੁਛਿਆ ਕਿ ਇੱਕ ਸਿੱਖ ਨੂੰ ਹਿੰਦੂ ਬਣਾਉਣ ਲਈ ਕਿਤਨਾ ਸਮਾਂ ਚਾਹੀਦਾ ਹੈ। ਜਵਾਬ ਸੀ, ਇੱਕ ਮਿੰਟ। ਕਮਾਂਡਰ ਨੇ ਕਿਹਾ ਕਿ ਕੀ ਹਰਬੰਸ ਸਿੰਘ ਕੋਲ ਕੋਈ ਐਸੀ ਥਾਂ ਹੈ, ਜਿੱਥੇ ਉਹ ਕਿਸੇ ਬੰਦੇ ਨੂੰ ਤਿੰਨ ਮਹੀਨੇ ਆਪਣੇ ਕਬਜ਼ੇ ਵਿੱਚ ਰੱਖ ਸਕੇ?

ਇਕ ਬਹੁਤ ਹੀ ਮਹੱਤਵ ਪੂਰਣ ਗਵਾਹੀ ਹੈ। ਸੰਮਤ 1756 ਦੀ ਪਾਵਨ ਵੈਸਾਖੀ ਵਾਲੇ ਦਿਨ ਜਦੋਂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੇ ਕਿਸੇ ਵੀ ਆਮ ਸਿਰ ਦੀ ਮੰਗ ਨਹੀਂ ਕੀਤੀ, ਬਲਕਿ ਆਵਾਜ਼ ਦਿੱਤੀ ਕਿ ਮੈਨੂੰ ਜ਼ਰੂਰਤ ਆ ਪਈ ਹੈ। ਕੀ ਕੋਈ ਮੇਰਾ ਬਹੁਤ ਪਿਆਰਾ ਸਿੱਖ ਹੈ, ਜੋ ਇਸੇ ਵੇਲੇ ਮੈਨੂੰ ਅਪਣਾ ਸੀਸ ਦੇ ਦੇਵੇ। ਇੱਥੇ ਗੁਰੂ ਜੀ ਨੇ ਕਿਸੇ ਸਿੱਖ ਦੇ ਸਿਰ ਦੀ ਮੰਗ ਕੀਤੀ। ਭਾਈ ਸੰਤੋਖ ਸਿੰਘ ਜੀ ਗਵਾਹੀ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਕਿਹਾ,

ਕੋ ਸਿਖ ਪ੍ਰਿਯ ਮੁਝ ਦੇਇ ਸੁ ਦਾਨਾ। ਕਰਹਿ ਕਾਜ ਅਰਪਹਿ ਨਿਜ ਪ੍ਰਾਨਾ।

ਦੇਹ ਅਹੰ ਕਹੁ ਤਜਿ ਕਰਿ ਦੂਰ।

ਧੀਰਜ ਥਰਿ ਦੇ ਸੀਸ ਹਜੂਰ॥36॥

(ਰੁੱਤ 3, ਅਧਿਆਇ 17)

 

ਇਕ ਵਾਰ ਫ਼ਿਰ ਆਵਾਜ਼ ਆਈ,

ਅਤਿ ਪ੍ਰਿਯ ਸਿਖ ਅਹੈ ਕੋ ਮੇਰਾ?

ਅਪਨੋ ਸੀਸ ਦੇਹਿ ਇਸ ਬੇਰਾ ।

ਕਾਰਜ ਪਰੑਯੋ ਆਨ ਇਸ ਕਾਲਾ।

ਪੁਰਵ ਹਿ ਸਿਰ ਦੇ ਅਬਹਿ ਬਿਸਾਲਾ॥33॥

(ਰੁੱਤ 3, ਅੰਸੂ 17)

ਇਸੇ ਤਰ੍ਹਾਂ ਤੀਸਰੀ ਵਾਰ ਵੀ ਗੁਰੂ ਸਾਹਿਬ ਜੀ ਨੇ ਸਿੱਖ ਦੇ ਸਿਰ ਦੀ ਮੰਗ ਕੀਤੀ।

ਧੁਨਿ ਊਚੀ ਪੁਨ ਗੁਰੂ ਉਚਾਰਾ।

ਔਰ ਦੇਇ ਸਿਰ ਕੋ ਸਿਖ ਪੑਯਾਰਾ॥

ਕਾਰਜ ਪਰੑਯੋ ਆਨ ਕਰਿ ਮੇਰਾ।

ਸਿਰ ਦੀਨੇ ਬਿਨ ਹੋਹਿ ਨ ਹੇਰਾ॥3॥

(ਰੁੱਤ 3, ਅੰਸੂ 18)

ਯਾਨਿ ਵਾਰ ਵਾਰ ਸਿੱਖ ਦੇ ਸਿਰ ਦੀ ਮੰਗ ਕੀਤੀ ਸੀ। ਉਪਰੰਤ ਜਿਹੜਾ ਖਾਲਸਾ ਗੁਰੂ ਸਾਹਿਬ ਨੇ ਸਾਜਿਆ ਸੀ, ਉਸਦਾ ਜ਼ਿਕਰ ਭਾਈ ਗੁਰਦਾਸ ਦੋਇਮ ਜੀ ਵਾਰ 41 ਵਿੱਚ ਕਰਦੇ ਹਨ,

ਨਿਜ ਪੰਥ ਚਲਾਇਓ ਖਾਲਸਾ। ਧਰਿ ਤੇਜ ਕਰਾਰਾ।

ਸਿਰ ਕੇਸ ਧਾਰਿ ਕਰ ਖੜਗ ਕੋ ਸਭ ਦੁਸਟ ਪਛਾਰਾ॥

ਸੀਲ ਜਤ ਕੀ ਕਛ ਪਹਰਿ ਪਕੜਿਓ ਹਥਿਆਰਾ।

ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ।…

ਇਉ ਤੀਸਰ ਮਜਹਬ ਖਾਲਸਾ, ਉਪਜਿਓ ਪਰਧਾਨਾ।

ਜਿਨਿ ਗੁਰ ਗੋਬਿੰਦ ਕੇ ਹੁਕਮ ਸਿਉ, ਗਹ ਖੜਗ ਦਿਖਾਨਾ।

ਇਤਿਹਾਸ ਗਵਾਹ ਹੈ ਕਿ ਬਾਅਦ ਵਿੱਚ ਘੱਲੂਘਾਰਿਆਂ ਵੇਲੇ ਵੀ ਕੇਸਾਂ ਵਾਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਹੀ ਅੱਸੀ ਅੱਸੀ ਰੁਪਏ ਪੈਂਦੇ ਸਨ। ਕਿਸੇ ਹੋਰ ਆਮ ਸਿਰ ਦੇ ਨਹੀਂ।

ਉਕਤ ਵਿਵਾਦਤ ਲੇਖ ਵਿੱਚ ਇੱਕ ਹੋਰ ਹਾਸੋ ਹੀਣੀ ਗੱਲ ਲਿਖੀ ਗਈ ਹੈ, ਨਾਦਿਰਸ਼ਾਹ ਔਰ ਅਬਦਾਲੀ ਕੇ ਜੁਲਮੋਂ ਸੇ ਬਚਾਨੇ ਕੇ ਲਿਏ ਸਿਖੋਂ ਕੀ ਸਹਾਇਤਾ ਕੌਨ ਕਰਤਾ ਥਾ? ਇਹ ਤਾਂ ਸਾਰੇ ਦੇ ਸਾਰੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਹਰਕਤ ਹੈ। ਨਾਦਰ ਦੇ ਹਮਲਿਆਂ ਬਾਰੇ ਉਸ ਸਮੇਂ ਮਸ਼ਹੂਰ ਲੋਕ ਅਖਾਣ ਸੀ, ਛਈ ਰੰਨ ਗਈ ਬਸਰੇ, ਮੋੜੀਂ ਮੋੜੀਂ ਭਾਈ ਕਛ ਵਾਲਿਆ। ਅਤੇ ਭਾਗੇ ਜਾ ਰਹੇ ਦੁੱਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ। ਨਾਦਰ ਦਾ ਜ਼ਿਕਰ ਕੀਤਾ ਹੈ ਤਾਂ ਪੰਥ ਪ੍ਰਕਾਸ਼ ਵਿੱਚ ਉਸਦੇ ਹਵਾਲੇ ਨਾਲ ਲਿਖਿਆ ਹੈ, ਉਸਨੇ ਪੁਛਿਆ ਕਿ ਸਿੱਖ ਸਭ ਤੋਂ ਵੱਧ ਕਿਹੜੀ ਗੱਲ ‘ਤੇ ਖ਼ਫਾ ਹੁੰਦੇ ਹਨ। ਤਾਂ ਲਾਹੌਰ ਦੇ ਸੂਬੇਦਾਰ ਨੇ ਕਿਹਾ ਸੀ ਕਿ ਹਿੰਦੂ ਕਹੇ ਤੇ ਖਿਝਤ ਵਧੇਰਾ। ਮੁਗਲਾਂ, ਦੁੱਰਾਨੀਆਂ, ਰੰਘੜਾਂ, ਪਠਾਣਾਂ, ਪਹਾੜੀ ਹਿੰਦੂ ਰਾਜਿਆਂ ਨਾਲ ਹੱਕ ਅਤੇ ਇਨਸਾਫ਼ ਲਈ ਖਾਲਸੇ ਨੇ ਲੋਹਾ ਲਿਆ। ਅਗਰ ਇਹ ਨਾ ਹੁੰਦਾ ਤਾਂ ਭਾਈ ਸੰਤੋਖ ਸਿੰਘ ਇਹ ਨਾ ਲਿਖਦੇ,

ਛਾਇ ਜਾਤੇ ਏਕਤਾ ਅਨੇਕਤਾ ਬਿਲਾਇ ਜਾਤੀ,

ਹੋਵਤੀ ਕੁਚੀਲਤਾ ਕਿਤਾਬਿਨ ਕੁਰਾਨ ਕੀ।

ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ,

ਬਰਨ ਗਰੱਕ ਜਾਤੇ ਸਹਿਤ ਬਿਧਾਨ ਕੀ।

ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ,

ਰੀਤਿ ਮਿਟ ਜਾਤੀ ਕਥਾ ਬੇਦਨਿ ਪੁਰਾਨ ਕੀ।

ਸ੍ਰੀ ਗੁਰੂ ਗੁਬਿੰਦ ਸਿੰਘ ਪਾਵਨ ਪਰਮ ਸੂਰ,

ਮੂਰਤਿ ਨ ਹੋਤੀ ਜਉ ਪੈ ਕਰੁਨਾ ਨਿਧਾਨ ਕੀ॥27॥

(ਰੁਤਿ 5, ਅਧਿਆਇ 52)

ਪਰ ਇਹ ਕੁਰਬਾਨੀਆਂ ਸਿੱਖਾਂ ਨੇ ਕਿਸੇ ‘ਤੇ ਅਹਿਸਾਨ ਲਈ ਨਹੀਂ ਕੀਤੀਆਂ। ਇਹ ਉਨ੍ਹਾਂ ਦਾ ਧਾਰਮਿਕ ਫ਼ਰਜ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਹੀ ਬਰਕਤ ਸੀ ਕਿ ਸੋਮਨਾਥ ਦੇ ਮੰਦਰ ਦੇ ਦਰਵਾਜੇ ਗਜ਼ਨੀ ਤੋਂ ਵਾਪਸ ਲਿਆਂਦੇ ਗਏ ਅਤੇ ਅਬਦਾਲੀ ਦੇ ਚੰਗੁਲ ‘ਚੋਂ ਭਾਰਤ ਦੀ ਅਜ਼ਮਤ ਨੂੰ ਆਜ਼ਾਦ ਕਰਾ ਕੇ ਉਨ੍ਹਾਂ ਦੇ ਘਰੀਂ ਸੁਰਖਿਅਤ ਪਹੁੰਚਾਇਆ ਗਿਆ। ਧਾਰਮਿਕ ਤੌਰ ‘ਤੇ ਵਿਚਾਰਿਆ ਜਾਏ ਤਾਂ ਸਾਰੀ ਮਾਨਵਤਾ ਦਾ ਮਾਲਕ, ਖਾਲਕ, ਸਿਰਜਣਹਾਰ ਕੇਵਲ ਇੱਕ ਹੀ ਹੈ, ਜਿਸਨੂੰ ਕਿਸੇ ਨੇ ਵਸੁਧੇਵ ਕੁਟੰਬਕਮ ਅਤੇ ਕਿਸੇ ਨੇ ਰੱਬੁਲ ਆਲਮੀਨ ਕਹਿ ਦਿੱਤਾ। ਗੁਰਬਾਣੀ ਦਾ ਫੁਰਮਾਨ ਹੈ,

ਹਿੰਦੂ ਤੁਰਕ ਕਹਾ ਤੇ ਆਏ

ਕਿਨਿ ਏਹ ਰਾਹ ਚਲਾਈ॥

ਦਿਲ ਮਹਿ ਸੋਚਿ ਬਿਚਾਰਿ ਕਵਾਦੇ

ਭਿਸਤ ਦੋਜਕ ਕਿਨਿ ਪਾਈ॥1॥ ਆਸਾ

ਇਸ ਲਈ ਮਸਲਾ ਕੇਵਲ ਲਿਖਣ, ਪੜ੍ਹਨ, ਬੋਲਣ ਅਤੇ ਪ੍ਰਚਾਰਨ ਦਾ ਨਹੀਂ, ਬਲਕਿ ਮੰਨਣ ਅਤੇ ਮੰਨ ਕੇ ਅਮਲ ਕਰਨ ਦਾ ਹੈ।

ਇਸ ਵਿਵਾਦਤ ਲੇਖ ਵਿੱਚ ਇੱਕ ਹੋਰ ਸੰਵਿਧਾਨਕ ਨੁਕਤੇ ਧਾਰਾ 25 ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੁਖਦੀ ਰਗ ਵਾਲੀ ਧਾਰਾ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਅਤੇ ਸਿੱਖਾਂ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਮੁਨਕਰ ਹੈ। ਸੁਘੜ ਲਿਖਾਰੀ ਨੇ ਸਿੱਖ ਕੌਮ ਦੀ ਇਸ ਅਹਿਮ ਮੰਗ ਨੂੰ ਬਹੁਤ ਹੀ ਨਿਗੂਣਾ ਜਿਹਾ ਦਰਸਾ ਕੇ ਲਿਖਿਆ ਹੈ, ਉਸਮੇਂ ਸਿੱਖ, ਜੈਨੀ ਵਾ ਬੋਧੋਂ ਕੋ ਹਿੰਦੂ? ਸੇ ਜੋੜ ਦਿਯਾ ਗਯਾ। ਵਿਧਾਨਕਾਰ ਡਾ. ਅੰਬੇਦਕਰ ਥੇ। ਇਸ ਧਾਰਾ ਕੇ ਕਾਰਣ ਹਮ ਯੇ ਅਰਥ ਨਹੀਂ ਨਿਕਾਲ ਸਕਤੇ ਕਿ ਸੰਵਿਧਾਨ ਵਾਲੇ ਸਿਖੋਂ ਕੇ ਵਿਰੁੱਧ ਥੇ? ਉਨਕਾ ਕੋਈ ਇਰਾਦਾ ਹਮਾਰੇ ਵਿਪਰੀਤ ਨਹੀਂ ਥਾ। ਸੰਵਿਧਾਨ ਮੇਂ ਸ਼ੋਧ ਕਰਨੇ ਵਾਲੀ ਕਮੇਟੀ ਨੇ ਇਸ ਮਦ ਕੋ ਬਦਲਨੇ ਕੀ ਸਿਫਾਰਿਸ਼ ਕਰ ਦੀ ਹੈ। ਪੰਚਾਂ ਦਾ ਕਿਹਾ ਸਿਰ ਮੱਥੇ। ਪਰਨਾਲਾ ਉੱਥੇ ਦਾ ਉੱਥੇ।

ਇਹ ਠੀਕ ਹੈ ਕਿ ਦੋ ਦਹਾਕੇ ਪਹਿਲਾਂ ਦੇ ਪ੍ਰਧਾਨ ਮੰਤਰੀ ਕਾਰਜ ਕਾਲ ਵਿੱਚ ਸਰਕਾਰ ਵਲੋਂ ਨਿਯੁਕਤ ਵੈਂਕਟਾਚਲੀਆ ਕਮੀਸ਼ਨ ਨੇ ਧਾਰਾ 25 ਵਿੱਚ ਸੋਧ ਦੀ ਸਿਫਾਰਿਸ਼ ਕੀਤੀ ਸੀ, ਪਰ ਸਵਾਲ ਹੈ ਕਿ ਇਸ ਨਿਗੂਣੀ ਜਿਹੀ ਮੰਗ ਨੂੰ ਵੀ ਲਾਗੂ ਕਰਨ ਲਈ ਸਰਕਾਰ ਨੂੰ ਕਿਤਨੇ ਦਹਾਕੇ ਹੋਰ ਚਾਹੀਦੇ ਹਨ? ਕਾਰਨ ਸਪਸ਼ਟ ਹੈ ਕਿ ਸਿੱਖਾਂ ਨੂੰ ਧਾਰਮਿਕ ਤੌਰ ‘ਤੇ ਆਜ਼ਾਦ ਨਹੀਂ ਹੋਣ ਦੇਣਾ।

ਇਸ ਵਿਵਾਦਤ ਲੇਖ ਵਿੱਚ ਵੱਡਾ ਦਾਅਵਾ ਕੀਤਾ ਗਿਆ ਹੈ ਕਿ, ਮੈਨੇ (ਤਰਲੋਚਨ ਸਿੰਘ) ਲਿਖਤੀ ਰੂਪ ਮੇਂ ਆਰ।ਐਸ।ਐਸ। ਸੇ ਬਯਾਨ ਲਿਯਾ ਥਾ ਕਿ ਸਿੱਖ ਏਕ ਅਲਗ ਧਰਮ ਹੈ ਤਥਾ ਵਹ ਉਸੇ ਮਾਨਤੇ ਹੈਂ। ਕਈ ਮੁਸਲਮਾਨ ਹਮੇਂ ਅਪਨਾ ਭਾਈ ਕਹਿਤੇ ਹੈਂ ਤੋਂ ਕਯਾ ਹਮ ਉਨਹੇਂ ਐਸਾ ਕਹਿਨੇ ਸੇ ਮਨਾ ਕਰ ਦੇਂ? ਜ਼ਬਾਨੀ ਕਲਾਮੀ ਤਾਂ ਠੀਕ ਹੈ। ਪਰ ਕੀ ਆਰ। ਐਸ। ਐਸ। ਵਲੋਂ ਐਸੀ ਕੋਈ ਲਿਖਤ ਹੈ? ਜੇ ਹੈ ਤਾਂ ਉਸਨੂੰ ਸਾਂਝੀ ਕਰਨ ਵਿੱਚ ਦਿੱਕਤ ਕੀ ਹੈ? ਬਾਵਜੂਦ ਇਸਦੇ ਸਵਾਲ ਇਹ ਹੈ ਕਿ ਕੀ ਇਸ ਲੇਖਕ ਨੂੰ ਸਾਵਰਕਰ ਅਤੇ ਹੋਰ ਹਮ ਖਿਆਲ ਲਿਖਾਰੀਆਂ ਦੀਆਂ ਲਿਖਤਾਂ ਨਜ਼ਰ ਨਹੀਂ ਆਉਂਦੀਆਂ, ਜਿਨ੍ਹਾਂ ਵਿੱਚ ਸਿੱਖਾਂ ਨੂੰ ਸਪਸ਼ਟ ਤੌਰ ‘ਤੇ ਹਿੰਦੂ ਲਿਖਿਆ ਜਾਂਦਾ ਹੈ।

ਦੂਸਰੀ ਗੱਲ ਜੇ ਮੁਸਲਮਾਨ, ਹਿੰਦੂ, ਜੈਨੀ, ਬੋਧੀ, ਈਸਾਈ ਜਾਂ ਕੋਈ ਹੋਰ ਵੀ ਸਿੱਖਾਂ ਨੂੰ ਆਪਣਾ ਭਰਾ ਕਹਿੰਦੇ ਹਨ ਤਾਂ ਸਿੱਖਾਂ ਨੂੰ ਉਸ ‘ਤੇ ਇਤਰਾਜ਼ ਕਿਉਂ ਹੋਏਗਾ! ਗੁਰੂ ਸਾਹਿਬਾਨ ਵਲੋਂ ਬਖਸ਼ੀ ਸਿੱਖਾਂ ਦੀ ਆਜ਼ਾਦ ਧਾਰਮਿਕ ਹਸਤੀ ਹੈ, ਪਰ ਜੇ ਮੁਸਲਮਾਨ ਵੀ ਸਿੱਖਾਂ ਨੂੰ ਮੁਸਲਮਾਨ ਕਹਿਣਗੇ ਤਾਂ ਨਿਸ਼ਚਿਤ ਤੌਰ ‘ਤੇ ਇਸ ਉਤੇ ਇਤਰਾਜ਼ ਹੋਏਗਾ। ਸਿੱਖ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਪਸ਼ਟ ਹੁਕਮ ਹੈ,

ਜਬ ਲਗ ਖਾਲਸਾ ਰਹੇ ਨਿਆਰਾ॥

ਤਬ ਲਗ ਤੇਜ ਦੀਉ ਮੈਂ ਸਾਰਾ॥

ਜਬ ਇਹ ਗਹੈ ਬਿਪਰਨ ਕੀ ਰੀਤ॥

ਮੈਂ ਨ ਕਰਉਂ ਇਨ ਕੀ ਪ੍ਰਤੀਤ॥

ਅੰਤ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਦਾ ਕਥਨ ਬਹੁਤ ਹੀ ਮਾਕੂਲ ਹੈ ਕਿ ਹਿੰਦੂ ਅਤੇ ਸਿੱਖ ਗਾਂ ਤੇ ਮੱਝ ਦੀ ਨਿਆਈਂ ਕਿੱਲੇ ਨਾਲ ਬੱਧੇ ਹੋਏ ਇੱਕ ਖੁਰਲੀ ਵਿਚੋਂ ਪੱਠੇ ਖਾਈ ਜਾਣ। ਜੇ ਇਹ ਇਸ ਬਹਿਸ ਵਿੱਚ ਪੈ ਗਏ ਕਿ ਮੱਝ ਗਾਂ ਕਿਉਂ ਨਹੀਂ ਅਤੇ ਗਾਂ ਕਿਉਂ ਗਾਂ ਹੈ, ਤਾਂ ਸ਼ਾਇਦ ਖੁਰਲੀ ਹੀ ਨਾ ਸਾਹਮਣਿਓਂ ਚੁੱਕੀ ਜਾਏ।

Leave a Reply

Your email address will not be published. Required fields are marked *