ਪਰਮਜੀਤ ਢੀਂਗਰਾ
ਫੋਨ: +91-9417358120
ਸਾਡੇ ਨੇੜਲੇ ਜੀਵਾਂ ਵਿੱਚ ਕੀੜੀ/ਕੀੜਾ/ਕਾਢਾ ਪ੍ਰਮੁੱਖ ਜੀਵ ਹਨ। ਇਨ੍ਹਾਂ ਨਾਲ ਮਨੁੱਖ ਦਾ ਬੜਾ ਨੇੜਲਾ ਸਬੰਧ ਹੈ। ਕਿਸੇ ਚੀਜ਼ ਦੇ ਬਹੁਤ ਛੋਟੇ ਜਿਹੇ ਆਕਾਰ ਨਾਲ ਤੁਲਨਾ ਕਰਨ ਵੇਲੇ ਕਿਹਾ ਜਾਂਦਾ ਹੈ, `ਕੀੜੀ ਜਿੰਨਾ।` ਸੁਸਤ ਚਾਲ ਨਾਲ ਵੀ ਕੀੜੀ ਦੀ ਤੋਰ ਨੂੰ ਤੁਲਨਾਇਆ ਜਾਂਦਾ ਹੈ। ਕੀੜੀ ਜਾਂ ਕੀੜੇ ਵਾਂਗ ਮਸਲ ਦੇਣ ਦੀ ਉਕਤੀ ਵੀ ਮਸ਼ਹੂਰ ਹੈ। ਪੰਜਾਬੀ ਕੋਸ਼ਾਂ ਅਨੁਸਾਰ ਕੀੜੀ ਦਾ ਅਰਥ ਹੈ- *ਸੰ. ਕੀਟ ਜਾਂ ਕੀੜਾ। ਕੀੜੀ ਕਾਢਾ ਅਤੇ ਕੀੜ ਕੜਾਂਗਾ- ਬੱਚਿਆਂ ਦੀਆਂ ਖੇਡਾਂ, ਜੋ ਛੂਹਣ-ਛੁਹਾਣ ਦੀਆਂ ਖੇਡਾਂ ਵਿੱਚ ਆਉਂਦੀਆਂ ਹਨ। ਕੀੜੀ ਮਾਰ- ਕਿਰਮ ਨਾਸ਼ਕ ਇੱਕ ਬੂਟੀ, ਜੋ ਪਿੰਡੇ ਨੂੰ ਚੰਬੜਨ ਵਾਲੇ ਕੀੜੇ ਮਾਰ ਦਿੰਦੀ ਹੈ। ਕੱਕੀ ਕੀੜੀ, ਭੂਰੀ ਕੀੜੀ- ਕੀੜੀ ਦੀ ਇੱਕ ਕਿਸਮ, ਜਿਸ ਦਾ ਰੰਗ ਭੂਰਾ ਹੁੰਦਾ ਹੈ, ਇਹ ਕਾਲੀ ਕੀੜੀ ਨਾਲੋਂ ਛੋਟੀ ਪਰ ਵਧੇਰੇ ਜ਼ਹਿਰੀਲੀ ਹੁੰਦੀ ਹੈ। ਕਾਲੀ ਕੀੜੀ- ਕੀੜੀ ਦੀ ਇੱਕ ਹੋਰ ਕਿਸਮ, ਜਿਸ ਦਾ ਰੰਗ ਕਾਲਾ ਹੁੰਦਾ ਹੈ ਤੇ ਇਹ ਭੂਰੀ ਕੀੜੀ ਨਾਲੋਂ ਵੱਡੀ ਤੇ ਜ਼ਹਿਰੀਲੀ ਹੁੰਦੀ ਹੈ। ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਕੀੜੀ ਦਾ ਆਟਾ ਡੁੱਲ੍ਹਣ ਦੀ ਉਕਤੀ ਵਰਤੀ ਜਾਂਦੀ ਹੈ। ਇਸ ਨਾਲ ਜੁੜੇ ਕਈ ਮੁਹਾਵਰੇ ਤੇ ਅਖਾਣ ਵੀ ਮਿਲਦੇ ਹਨ- ਕੀੜੀ ਦੇ ਖੰਭ ਨਿਕਲ ਆਉਣਾ, ਕੀੜੀ ਦੀ ਮੌਤ ਆਉਂਦੀ ਹੈ ਤਾਂ ਉਹਨੂੰ ਖੰਭ ਨਿਕਲ ਆਉਂਦੇ ਹਨ, ਕੀੜੀ ਨੂੰ ਮੂਤਰ ਦਾ ਹੀ ਹੜ੍ਹ ਬੜਾ। “ਸ੍ਰੀ ਗੁਰੂ ਗ੍ਰੰਥ ਸਾਹਿਬ-ਜੀਵ ਜੰਤੂ ਪੌਦਾ ਕੋਸ਼” ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਕੀੜੀ ਤੋਂ ਇਲਾਵਾ ਇਹਦੇ ਲਈ ਕੀਟ, ਕੀੜਾ, ਕੀਰੀ, ਕਿਰਮ, ਕੀਰਾ, ਪਪੀਲਕਾ, ਕਿਰਮਾਇਣਾ ਤੇ ਕਿਰਮ ਵਰਗੇ ਸ਼ਬਦ ਵਰਤੇ ਹਨ; ਇਹ ਅਸਲ ਵਿੱਚ ਕੀਟ ਜਗਤ ਨਾਲ ਸਬੰਧਤ ਜੀਵਾਂ ਦੀ ਇੱਕ ਲੜੀ ਹੈ। ਗੁਰਬਾਣੀ ਵਿੱਚ ਇਨ੍ਹਾਂ ਦੀ ਵਰਤੋ ਦੇਖੀ ਜਾ ਸਕਦੀ ਹੈ:
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥
ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ॥
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪ੍ਰਗਾਸਿ॥
ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ॥
ਨਵੇਂ ਮਹਾਨ ਕੋਸ਼ ਵਿੱਚ ਇਹਦੇ ਅਰਥ- ਕੀੜਾ/ਕੀੜੀ-ਕੀਟ, ਜਰਮ, ਕੀੜੀ, ਮਕੌੜਾ, ਸਿਉਂਕ, ਦੀਮਕ, ਅਦਨਾ, ਤੁੱਛ ਆਦਿ ਕੀਤੇ ਹਨ।
ਕੀੜੀ-ਅਫਗਾਨਾ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਠਾਣੀ ਪਿੰਡ। ਕੀੜਗਰਾਮ ਇੱਕ ਪ੍ਰਾਚੀਨ ਨਗਰ, ਜਿਸ ਦਾ ਜ਼ਿਕਰ ਜਨਮ ਸਾਖੀਆਂ ਵਿੱਚ ਮਿਲਦਾ ਹੈ। ਲੋਕਧਾਰਾ ਵਿੱਚ ਹਿੰਦੂ ਵਰਣਾਂ ਵਾਂਗ ਕੀੜੀਆਂ ਦੀਆਂ ਚਾਰ ਜਾਤਾਂ ਮੰਨੀਆਂ ਜਾਂਦੀਆਂ ਹਨ- ਲਾਲ ਕੀੜੀਆਂ ਬ੍ਰਾਹਮਣ ਜਾਤੀ ਦੀਆਂ, ਭੂਰੀਆਂ ਵੈਸ਼ ਜਾਤੀ ਦੀਆਂ, ਚਿੱਟੀਆਂ ਖਤਰੀ ਜਾਤੀ ਦੀਆਂ ਤੇ ਕਾਲੀਆਂ ਚਮਾਰ ਜਾਤੀ ਦੀਆਂ। ਕੀੜੀਆਂ ਨੂੰ ਤਿਲਚੌਲੀ ਪਾਉਣੀ ਬੜਾ ਪੁੰਨ ਦਾ ਕਰਮ ਮੰਨਿਆ ਜਾਂਦਾ ਹੈ। ਹਿੰਦੂ ਤੇ ਖਾਸ ਕਰਕੇ ਜੈਨੀ ਖਾਸ ਖਾਸ ਦਿਨ ਤਿਉਹਾਰਾਂ `ਤੇ ਕੀੜੀਆਂ ਦੇ ਭੌਣਾਂ `ਤੇ ਤਿਲਚੌਲੀ ਬਿਖੇਰਦੇ ਹਨ। ਇਹ ਧਾਰਨਾ ਹੈ ਕਿ ਇਹ ਸਭ ਵਸਤੂਆਂ ਉਨ੍ਹਾਂ ਦੇ ਪਿੱਤਰਾਂ ਨੂੰ ਪਹੁੰਚਦੀਆਂ ਹਨ। ਜਿੰਨਾ ਕਿਸੇ ਅੰਨ ਦੇ ਨਾਲ ਕੀੜੀਆਂ ਆਪਣਾ ਭੰਡਾਰ ਭਰਦੀਆਂ ਹਨ, ਓਨਾ ਉਨ੍ਹਾਂ ਦੇ ਪਿੱਤਰਾਂ ਦਾ ਭੰਡਾਰ ਭਰਦਾ ਹੈ। ਕੀੜੀਆਂ ਦੀਆਂ ਖੁੱਡਾਂ ਤੋੜਨਾ ਜਾਂ ਉਨ੍ਹਾਂ ਨੂੰ ਭਰਨਾ ਮਹਾਂ ਪਾਪ ਮੰਨਿਆ ਜਾਂਦਾ ਹੈ। ਕੀੜੀਆਂ ਦਾ ਭੌਣ ਟੱਪਿਆ ਨਹੀਂ ਜਾਂਦਾ ਤਾਂ ਜੋ ਉਹ ਮਿੱਧੀਆਂ ਨਾ ਜਾਣ।
ਕੀੜੀਆਂ ਬਾਰੇ ਕਈ ਲੋਕ ਕਥਾਵਾਂ ਵੀ ਮਿਲਦੀਆਂ ਹਨ। ਪੁਰਾਤਨ ਜਨਮ ਸਾਖੀ ਦੀ ਇੱਕ ਸਾਖੀ ਅਨੁਸਾਰ ਕੀੜੀਆਂ ਦੇ ਇੱਕ ਲਸ਼ਕਰ ਨੇ ਬਾਦਸ਼ਾਹ ਦੀ ਸਾਰੀ ਫੌਜ ਤਬਾਹ ਕਰ ਦਿੱਤੀ ਸੀ। ਕੀੜਾ, ਕੀੜੀ ਦਾ ਪੁਲਿੰਗ। ਪੰਜਾਬੀ ਕੋਸ਼ਾਂ ਅਨੁਸਾਰ-ਜਾਨਵਰਾਂ ਦੀ ਚੌਥੀ ਸ਼੍ਰੇਣੀ, ਉਹ ਜੀਵ ਜੋ ਘਿਸੜ ਕੇ ਚਲਦੇ ਹਨ- ਕੀੜਾ ਥਾਪਿ ਦੇਇ ਪਾਤਸਾਹੀ॥ ਇਸ ਨਾਲ ਜੁੜੇ ਸ਼ਬਦ ਜਿਵੇਂ ਕੀੜਾ ਜਿਹਾ, ਕੀਟ ਪਤੰਗਾ, ਕੀੜਾ ਲੱਗਣਾ, ਕੀੜੇ ਪੈਣ (ਦੁਰ ਅਸੀਸ), ਕੀੜੇ ਮਕੌੜੇ, ਮੈਲੇ ਦਾ ਕੀੜਾ, ਕੀੜੇ ਪਾਉਣਾ, ਕੀੜੇ ਕੱਢਣਾ; ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ- ਕੀੜਾ ਸੁੰਘ ਜਾਣਾ, ਕੀੜਾ ਛੁਹ ਜਾਣਾ, ਕੀੜਿਆਂ ਤੋਂ ਘੀ ਸੁੱਕਣਾ, ਕੀੜਿਆਂ ਦੇ ਭੌਣ `ਤੇ ਬਿਠਾਉਣਾ ਆਦਿ। ਕੀੜੇ ਦਾ ਸਗੋਤੀ ਕੀਟ ਹੈ। ਇਸ ਤੋਂ ਕਈ ਸ਼ਬਦ ਬਣੇ ਹਨ, ਜਿਵੇਂ ਕੀਟ ਪਖਾਣੀ- ਪੱਥਰ ਦਾ ਕੀੜਾ; ਕੀਟ ਵਿਗਿਆਨ (ਓਨਟੋਮੋਲੋਗੇ), ਕੀਟ ਵਿਗਿਆਨੀ, ਕੀਟੀ, ਕਿਟਾਣੂ (ਬੈਕਟੀਰੀਆ), ਕੀੜੀ ਨੂੰ ਸੰਸਕ੍ਰਿਤ ਵਿੱਚ ਚੀਂਟੀ ਕਿਹਾ ਜਾਂਦਾ ਹੈ। ਇਹਦੀ ਵਿਓਤਪਤੀ ਸੰਸਕ੍ਰਿਤ ਦੀ ‘ਚੁੰਟੑ` ਧਾਤੂ ਤੋਂ ਹੋਈ ਹੈ। ਚੁੰਟੑ ਧਾਤੂ ਦਾ ਅਰਥ ਹੈ- ਖਿੱਚਣਾ, ਸਤਾਉਣਾ, ਕਸ਼ਟ ਦੇਣਾ, ਦਬਾਉਣਾ, ਨੋਚਣਾ, ਖੁਰਚਣਾ, ਖਰੋਚਣਾ ਆਦਿ। ਚੁੰਟਿਕਾ ਤੋਂ ਚੀਂਟੀ ਸ਼ਬਦ ਬਣਿਆ ਹੈ। ਕੀੜੀ ਜਾਂ ਚੀਂਟੀ ਦਾ ਅਗਲਾ ਹਿੱਸਾ ਸੂਈ ਦੀ ਨੋਕ ਵਾਂਗ ਤਿੱਖਾ ਹੁੰਦਾ ਹੈ, ਜਿਸ ਨੂੰ ਚੁਭੋ ਕੇ ਉਹ ਪੌਦਿਆਂ, ਜੀਵਾਂ ਤੇ ਖਾਣ ਵਾਲੀਆਂ ਵਸਤਾਂ ਵਿਚੋਂ ਆਪਣਾ ਹਿੱਸਾ ਪ੍ਰਾਪਤ ਕਰਦੀ ਹੈ। ਇਸੇ ਚੁਭਣ ਕਰਕੇ ਅਸੀਂ ਕਹਿੰਦੇ ਹਾਂ ਕਿ ਕੀੜੀ ਲੜ ਗਈ। ਜਦੋਂ ਅਸੀਂ ਸਰੀਰ ਨੂੰ ਦੇਰ ਤੱਕ ਇੱਕ ਪਾਸੇ ਰੱਖੀ ਰੱਖਦੇ ਹਾਂ ਤੇ ਪਾਸਾ ਬਦਲਣ ਵੇਲੇ ਲੱਗਦਾ ਹੈ ਜਿਵੇਂ ਕੀੜੀਆਂ ਰੀਂਗ ਰਹੀਆਂ ਹੋਣ ਜਾਂ ਸੂਈਆਂ ਚੁਭ ਰਹੀਆਂ ਹੋਣ। ਕਾਰਨ ਹੁੰਦਾ ਹੈ ਕਿ ਖੂਨ ਦਾ ਦੌਰਾ ਘਟਣ ਨਾਲ ਸੰਵੇਦਨਾ ਘੱਟ ਜਾਂਦੀ ਹੈ। ਕੀੜੀ ਜਾਂ ਚੀਂਟੀ ਦੇ ਲੜਨ ਦਾ ਅੰਦਾਜ਼ ਚਿਮਟੀ ਜਾਂ ਚੂੰਢੀ ਵੱਢਣ ਵਰਗਾ ਹੁੰਦਾ ਹੈ।
ਚਿਕੋਟੀ, ਚੁੰਮਟੀ ਸ਼ਬਦਾਂ ਦੀ ਵਿਓਤਪਤੀ ਵੀ ਚੁੰਟੑ ਤੋਂ ਹੀ ਹੋਈ ਹੈ। ਲੋਹੇ ਦੀਆਂ ਦੋ ਮਜਬੂਤ ਪੱਤੀਆਂ ਵਾਲਾ ਇੱਕ ਸੰਦ ਰਸੋਈ ਵਿੱਚ ਆਮ ਹੁੰਦਾ ਹੈ, ਜਿਸ ਨੂੰ ਚਿਮਟਾ ਕਿਹਾ ਜਾਂਦਾ ਹੈ। ਦੰਦਾਂ ਵਾਲੇ ਡਾਕਟਰਾਂ ਜਾਂ ਸੁਨਿਆਰਿਆਂ ਕੋਲ ਚਿਮਟੀ ਵੀ ਹੁੰਦੀ ਹੈ। ਕਾਰ ਦੇ ਥੱਲੇ ਵੀ ਚਿਮਟਾ ਲੱਗਿਆ ਹੁੰਦਾ ਹੈ। ਚਿਮਟਾ ਇੱਕ ਪ੍ਰਸਿੱਧ ਪੰਜਾਬੀ ਲੋਕ ਸਾਜ ਵੀ ਹੈ। ਚਿਮਟਾ ਵਜਾਉਣਾ ਮੁਹਾਵਰਾ ਵੀ ਹੈ। ਲੋਕ ਗੀਤ ਗਾਉਣ ਵਾਲਿਆਂ, ਫਕੀਰਾਂ, ਸੂਫੀਆਂ, ਪੀਰਾਂ ਦਾ ਇਹ ਪਸੰਦੀਦਾ ਸਾਜ ਹੈ। ਚੋਟ ਸ਼ਬਦ ਦੀ ਵੀ ਇਸ ਚੁੰਟੑ ਨਾਲ ਸਕੀਰੀ ਹੈ। ਚੁੰਟੑ ਵਿੱਚ ਨੋਚਣ ਖਰੋਚਣ ਦੇ ਭਾਵ ਹਨ, ਜਦਕਿ ਚੋਟ ਦਾ ਭਾਵ ਨੁਕਸਾਨ ਪਹੁੰਚਣਾ, ਕਸ਼ਟ ਹੋਣਾ ਆਦਿ ਹੈ। ਚੋਟ ਤੋਂ ਚੋਟਿਲ ਸ਼ਬਦ ਬਣਿਆ, ਜਿਸ ਦਾ ਅਰਥ ਹੈ- ਜ਼ਖਮੀ ਹੋਣਾ।
ਕਈ ਭਾਰਤੀ ਭਾਸ਼ਾਵਾਂ ਜਿਵੇਂ ਮਰਾਠੀ ਆਦਿ ਵਿੱਚ ਚੀਂਟਾ-ਚੀਂਟੀ ਨੂੰ ਮੁੰਗਾ-ਮੁੰਗੀ ਜਾਂ ਮੁੰਗਲਾ-ਮੁੰਗਲੀ ਕਿਹਾ ਜਾਂਦਾ ਹੈ। ਮੁੰਗਾ ਜਾਂ ਮੁੰਗੀ ਸ਼ਬਦ ਦਰਾਵੜੀ ਮੂਲ ਦਾ ਹੈ। ਦੱਖਣੀ ਯੂਰਪ ਦੇ ਮੈਡੀਟਰੇਨਿਅਨ ਇਲਾਕੇ ਦੀਆਂ ਜ਼ਿਆਦਾਤਰ ਭਾਸ਼ਾਵਾਂ ਵਿੱਚ ਕੀੜੀ ਜਾਂ ਚੀਂਟੀ ਲਈ ਫੌਰਮਿਕਾ (ਾਂੋਰਮਚਿਅ) ਸ਼ਬਦ ਜਾਂ ਇਹਦੇ ਨਾਲ ਮਿਲਦਾ-ਜੁਲਦਾ ਫ੍ਰੈਂਚ-ਫੌਮੀ, ਸਪੈਨਿਸ਼-ਫਰੌਮਿਗਾ, ਕੋਰਸੀਕਨ-ਫੁਰਮੀਕੁਲਾ ਆਦਿ ਵਰਤੇ ਜਾਂਦੇ ਹਨ। ਹੋ ਸਕਦਾ ਹੈ, ਲਾਲ ਜਾਂ ਭੂਰੀਆਂ ਕੀੜੀਆਂ ਲਈ ਕਿਸੇ ਸਮੇਂ ਇਹ ਸ਼ਬਦ ਵਰਤਿਆ ਜਾਂਦਾ ਹੋਵੇ। ਕਿਹਾ ਜਾਂਦਾ ਹੈ ਕਿ ਛੋਟੀ ਜਿਹੀ ਕੀੜੀ ਹਾਥੀ ਨੂੰ ਪਛਾੜ ਸਕਦੀ ਹੈ। ਸੰਸਕ੍ਰਿਤ ਵਿੱਚ ਹਾਥੀ ਤੇ ਕੀੜੀ ਦੀ ਨਾ ਸਿਰਫ਼ ਰਾਸ਼ੀ ਇੱਕ ਹੈ, ਸਗੋਂ ਦੋਵਾਂ ਦੇ ਨਾਂ ਵੀ ਇੱਕ ਹੀ ਮੂਲ ਤੋਂ ਜਨਮੇ ਹਨ। ਸੰਸਕ੍ਰਿਤ ਵਿੱਚ ਕੀੜੀ ਜਾਂ ਚੀਂਟੀ ਨੂੰ ਪਿਪੀਲ:, ਅਥਵਾ ਪਿਪੀਲੀ ਵੀ ਕਿਹਾ ਜਾਂਦਾ ਹੈ। ਇਹ ਬਣੇ ਹਨ ਸੰਸਕ੍ਰਿਤ ਦੀ ਪੀਲੑ ਧਾਤੂ ਤੋਂ, ਜਿਸ ਵਿੱਚ ਸੂਖਮਤਾ, ਲਘੂ ਦੇ ਭਾਵ ਪਏ ਹਨ। ਇਹਦਾ ਇੱਕ ਅਰਥ ਅਣੂ ਜਾਂ ਸਮੂਹ ਵੀ ਕੀਤਾ ਜਾਂਦਾ ਹੈ। ਸ੍ਰਿਸ਼ਟੀ ਅਣੂਆਂ ਦਾ ਸਮੂਹ ਹੈ। ਕੀੜੀ ਅਥਵਾ ਚੀਂਟੀ ਥਲਚਰਾਂ ਵਿੱਚੋਂ ਸੂਖਮ ਜੀਵ ਹੈ। ਕੀੜੇ ਅਥਵਾ ਚੀਂਟੇ ਲਈ ਸੰਸਕ੍ਰਿਤ ਵਿੱਚ ਪਿਪੀਲਕ:, ਪਿਲੁਕ: ਵਰਗੇ ਸ਼ਬਦ ਮਿਲਦੇ ਹਨ। ਬੰਗਲਾਦੇਸ਼ ਤੇ ਬੰਗਾਲ ਵਿੱਚ ਕੀੜੀ ਲਈ ਪਿਪੀਲਕਾ ਸ਼ਬਦ ਮਿਲਦਾ ਹੈ। ਸ਼ਤਰੰਜ ਦੀ ਖੇਡ ਵਿੱਚ ਮੋਹਰਿਆਂ ਦੇ ਨਾਂਵਾਂ ਵਿੱਚ ਫੀਲ: ਜਾਂ ਫੀਲੇ ਮਿਲਦੇ ਹਨ। ਇਹ ਫਾਰਸੀ ਦਾ ਸ਼ਬਦ ਹੈ, ਜੋ ਅਵੇਸਤਾ ਦੇ ਪਿਲੂ: ਤੋਂ ਬਣਿਆ ਹੈ। ਸੰਸਕ੍ਰਿਤ ਵਿੱਚ ਵੀ ਇਹੀ ਰੂਪ ਹੈ। ਇਸ ਵਿੱਚ ਅਣੂ, ਕੀਟ, ਹਾਥੀ, ਫੁੱਲ, ਤਾੜ ਦੇ ਰੁੱਖਾਂ ਦੇ ਝੁੰਡ ਆਦਿ ਦੇ ਭਾਵ ਮਿਲਦੇ ਹਨ। ਫਾਇਲੇਰੀਆ ਇੱਕ ਘਾਤਕ ਰੋਗ ਹੈ, ਜਿਸ ਵਿੱਚ ਪੈਰ ਸੁਜ ਕੇ ਸਖਤ ਹੋ ਜਾਂਦੇ ਹਨ। ਇਸ ਰੋਗ ਦਾ ਆਮ ਪ੍ਰਚਲਤ ਨਾਂ ਫੀਲ ਪਾਂਵ ਹੈ, ਜਿਸ ਵਿੱਚ ਹਾਥੀ ਦੇ ਪੈਰ ਝਲਕਦੇ ਹਨ। ਮਹਾਵਤ ਲਈ ਫੀਲਵਾਨ ਸ਼ਬਦ ਦੀ ਵੀ ਇਸ ਨਾਲ ਸਕੀਰੀ ਹੈ। ਇਸ ਤਰ੍ਹਾਂ ਕੀੜੀ ਵਰਗੇ ਛੋਟੇ ਜਿਹੇ ਜੀਵ ਦੇ ਨਾਂ ਨਾਲ ਗੂੜ੍ਹੇ ਤੇ ਸੂਖਮ ਅਰਥਾਂ ਵਾਲੇ ਘੇਰੇ ਜੁੜੇ ਹੋਏ ਹਨ।
—
* ਸੰ. (ਸੰਸਕ੍ਰਿਤ)