ਮਾਉਈ ਵਿੱਚ ਚੀਜ਼ਾਂ ਹੀ ਨਹੀਂ, ਜ਼ਿੰਦਗੀ ਦੇ ਅਹਿਸਾਸ ਵੀ ਸੜੇ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਚਰਚਿਤ ਕਿਸੇ ਗੱਲ ਨੂੰ ਲੈ ਕੇ ਆਮ ਕਹਿ ਦਿੰਦੇ ਹਾਂ, “ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ।” ਪਰ ਜਦੋਂ ਸੱਚਮੁੱਚ ਜੰਗਲ ਦੀ ਅੱਗ ਫੈਲਦੀ ਹੈ ਤਾਂ ਉਹ ਆਪਣੀ ਲਪੇਟ ਵਿੱਚ ਆਈ ਕਿਸੇ ਸ਼ੈਅ ਨੂੰ ਨਹੀਂ ਬਖਸ਼ਦੀ; ਅੱਗ ਤਾਂ ਪਾਣੀਆਂ ਨੂੰ ਵੀ ਲੱਗ ਜਾਂਦੀ ਹੈ। ਅੱਗ ਤਾਂ ਅੱਗ ਹੈ, ਕਾਬੂ ਪਾ ਕੇ ਰੱਖ ਲਿਆ ਜਾਵੇ ਤਾਂ ਸੁਜੱਗ ਵਰਤੋਂ ਕਰ ਸਕਦੇ ਹਾਂ, ਪਰ ਕਾਬੂ ਤੋਂ ਬਾਹਰ ਹੋਈ ਨਹੀਂ ਕਿ ਤਬਾਹੀ ਦਾ ਮੰਜ਼ਰ ਸਿਰਜ ਦਿੰਦੀ ਹੈ। ਅੱਗ ਵਿੱਚ ਸਿਰਫ ਚੀਜ਼ਾਂ ਹੀ ਨਹੀਂ ਸੜਦੀਆਂ ਸਗੋਂ ਅਹਿਸਾਸ, ਸੁਪਨੇ ਤੇ ਜ਼ਿੰਦਗੀ ਦੇ ਉਹ ਸੁਨਹਿਰੇ ਪਲ ਵੀ ਸੜ-ਬਲ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਬਸ਼ਰ ਦਾ ਸਾਧਨ ਬਣਾ ਲਿਆ ਹੁੰਦਾ ਹੈ। ਸਭ ਕੁਝ ਅੱਖਾਂ ਮੂਹਰੇ ਸੜ ਜਾਣਾ ਬੜਾ ਤਕਲੀਫਦੇਹ ਹੁੰਦਾ ਹੈ; ਕੋਲਮ ਜਿਹੇ ਦਿਲ ਉਤੇ ਵੱਡੇ ਪੱਥਰਾਂ ਦਾ ਭਾਰ ਮਹਿਸੂਸ ਹੋਣ ਲੱਗਦਾ ਹੈ ਤੇ ਸੰਸਾਰ ਦੇ ਨਜ਼ਾਰੇ ਦੇਖਦੀਆਂ ਅੱਖਾਂ ਵਿੱਚ ਅੱਗ ਦੀ ਲਾਲੀ ਉਤਰ ਆਉਂਦੀ ਹੈ, ਜੋ ਰੜਕਦੀ ਤਾਂ ਹੈ ਹੀ, ਅੱਥਰੂਆਂ ਨੂੰ ਵੀ ਸੁਕਾ ਦਿੰਦੀ ਹੈ। ਆਬਾਦ ਜ਼ਿੰਦਗੀ ਖਿਲਾਫ ਅੱਗ ਦੇ ਭਾਂਬੜ ਸੱਥਰ ਹੀ ਤਾਂ ਵਿਛਾ ਦਿੰਦੇ ਹਨ! …ਤੇ ਪਿੱਛੇ ਰਹਿ ਜਾਂਦਾ ਹੈ ਦਰਦਾਂ, ਝੋਰਿਆਂ ਭਰਿਆ ਵਕਤ!
1947 ਦੀ ਭਾਰਤ-ਪਾਕਿ ਵੰਡ ਫਿਰਕਾਪ੍ਰਸਤੀ ਦੀਆਂ ਅੱਗਾਂ ਵੰਡਦੀ ਵੰਡਦੀ ਕਿੰਨਾ ਕੁਝ ਖੋਹ ਕੇ ਲੈ ਗਈ ਸੀ। ਧਰਮ ਦੀ ਆੜ ਹੇਠ ਫਿਰਕਾਪ੍ਰਸਤੀ ਦੀ ਅੱਗ ਦਾ ਸੇਕ ਸਦੀਆਂ ਤੱਕ ਰਹਿੰਦਾ ਹੈ। ਜਦੋਂ 1984 ਵਿੱਚ ਨਫਰਤ ਦੀ ਅੱਗ ਲੱਗੀ ਸੀ, ਤਾਂ ਉਦੋਂ ਵੀ ਬੜਾ ਕੁਝ ਸੜ ਕੇ ਸੁਆਹ ਹੋ ਗਿਆ ਸੀ। ਸਰਹੱਦਾਂ ਉਤੇ ਤਾਂ ਅੱਗ ਦੇ ਭਾਂਬੜ ਮੱਚਦੇ ਹੀ ਰਹਿੰਦੇ ਹਨ।
ਹਿਟਲਰ ਦੇ ਅੰਦਰ ਸੁਲਘਦੀ ਅੱਗ ਨੇ ਕਿੰਨਾ ਕੁਝ ਰਾਖ ਕਰ ਦਿੱਤਾ ਸੀ। ਗੈਸ ਚੈਂਬਰਾਂ ਵਿੱਚ ਸਾੜ ਦਿੱਤੇ ਗਏ ਬੇਦੋਸ਼ੇ ਲੋਕ ਜਾਂ ਹੀਰੋਸੀਮਾ-ਨਾਗਾਸਾਕੀ ਉਤੇ ਵਰ੍ਹੀ ਪ੍ਰਮਾਣੂ ਦੀ ਅੱਗ ਕਿਸ ਨੂੰ ਭੁੱਲੀ ਹੈ! ਸੰਸਾਰ ਯੁੱਧਾਂ ਜਾਂ ਸਮੇਂ ਸਮੇਂ ਹੋਈਆਂ ਖ਼ਾਨਾਜੰਗੀਆਂ ਦੌਰਾਨ, ਉਨ੍ਹਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਪ੍ਰਤੱਖ ਤੌਰ `ਤੇ ਲੱਗੀਆਂ ਅੱਗਾਂ ਤਾਂ ਇੱਕ ਪਾਸੇ, ਪਰ ਕਰੋੜਾਂ ਹੀ ਮਨਾਂ ਦੀ ਧਰਾਤਲ ਉੱਤੇ ਪਹੁੰਚੇ ਸੇਕ ਨੇ ਜੋ ਜਜ਼ਬਾਤ ਲੂਹੇ, ਉਸ ਦਾ ਲੇਖਾ-ਜੋਖਾ ਕੋਈ ਕਿੰਝ ਕਰੇ!
ਫਿਰਕੂ ਨਫਰਤ, ਬਦਜ਼ਨੀ, ਹੈਵਾਨੀਅਤ ਦੀਆਂ ਹਿਰਦੇਵੇਦਕ ਅੱਗ ਦੀਆਂ ਲਾਟਾਂ ਨਾਲ ਵਲੂੰਦਰਿਆ ਮਨੀਪੁਰ ਅਤੇ ਫਿਰ ਹਰਿਆਣਾ ਸੂਬੇ ਦਾ ਨੂਹ ਇਲਾਕਾ ਤਾਂ ਤਾਜ਼ਾ ਮਿਸਾਲਾਂ ਹਨ। ਖ਼ੈਰ! ਤੰਗ-ਸੋਚਾਂ ਵਾਲੇ ਸਮਰਥਕਨੁਮਾ ਅਨਸਰਾਂ ਵੱਲੋਂ ਲਾਈਆਂ ਅਜਿਹੀਆਂ ਅੱਗਾਂ ਦੀ ਤਫ਼ਸੀਲ ਵੱਡੀ ਤੇ ਵਸੀਹ ਹੈ, ਖਾਸਕਰ ਲੋਕਤੰਤਰੀ ਪ੍ਰਣਾਲੀ ਦਾ ਦਮ ਭਰਦੇ ਮੁਲਕ ਵਿੱਚ!
ਇਸ ਦੇ ਉਲਟ ਕੁਦਰਤ ਦੇ ਕਹਿਰ ਸਮੇਂ ਅਮਰੀਕਾ ਦੀ ਸਟੇਟ ਹਵਾਈ ਵਿੱਚ ਮਾਉਈ ਟਾਪੂ `ਤੇ ਅੱਗ ਲੱਗਣ ਕਾਰਨ ਜੋ ਤਬਾਹੀ ਮੱਚੀ, ਕਿਵੇਂ ਇਸ ਨੂੰ ਉਹ ਲੋਕ ਭੁੱਲ ਸਕਦੇ ਹਨ, ਜਿਨ੍ਹਾਂ ਦੇ ਮਹਿੰਗੇ ਘਰ-ਬਾਰ, ਕਾਰੋਬਾਰ, ਵਸਤਾਂ ਅਤੇ ਜੀਵਨ ਭਰ ਦੀ ਹੋਰ ਪੂੰਜੀ ਸੜ ਕੇ ਰਾਖ ਦੀਆਂ ਢੇਰੀਆਂ ਵਿੱਚ ਬਦਲ ਗਈ। ਸੁੱਕੀ ਗਰਮੀਆਂ ਅਤੇ ਤੇਜ਼ ਹਵਾਵਾਂ ਦੇ ਤੂਫਾਨ ਕਾਰਨ ਮਾਉਈ ਦੇ ਜੰਗਲਾਂ ਵਿੱਚ ਅੱਗ ਭੜਕ ਉੱਠੀ। ਫਰੰਟ ਸਟ੍ਰੀਟ, ਲਹੈਨਾ ਦੇ ਦਿਲ ਅਤੇ ਟਾਪੂ ਦੇ ਆਰਥਿਕ ਕੇਂਦਰ `ਤੇ ਲਗਭਗ ਹਰ ਇਮਾਰਤ ਤਬਾਹ ਹੋ ਗਈ। ਕੁਝ ਹਿੱਸਿਆਂ ਵਿੱਚ ਫੈਲਦੀ ਫੈਲਦੀ ਅੱਗ ਅਗਾਂਹ ਅਗਾਂਹ ਵਧਦੀ ਗਈ ਤੇ ਤਬਾਹੀ ਮਚਾਉਂਦੀ ਗਈ। ਅੱਗ `ਤੇ ਕਾਬੂ ਪਾਉਣ ਲਈ ਆਮ ਲੋਕ ਆਪਣੇ ਪੱਧਰ ਉੱਤੇ ਅਤੇ ਫਿਰ ਅੱਗ ਬੁਝਾਊ ਦਸਤੇ ਚਾਰਾਜੋਈਆਂ ਕਰਦੇ ਰਹੇ।
ਤਬਾਹੀ ਦਾ ਬਿਰਤਾਂਤ ਇਹ ਕਿ ਮਨੁੱਖੀ ਜਾਨਾਂ ਤੋਂ ਇਲਾਵਾ ਧੂੰਏਂ ਤੇ ਅੱਗ ਦੀਆਂ ਲਪਟਾਂ ਨਾਲ ਜੀਵ-ਜੰਤੂ, ਜਾਨਵਰ ਅਤੇ ਹੋਰ ਪੰਛੀ ਵੀ ਮਾਰੇ ਗਏ। ਇਤਿਹਾਸਕ ਲਹੈਨਾ ਦੇ ਪ੍ਰਤੀਕ ਬੋਹੜ ਦਾ ਦਰੱਖਤ ਸੜ ਗਿਆ ਹੈ। ਸੜੀਆਂ ਹੋਈਆਂ ਕਾਰਾਂ ਦਾ ਇੱਕ ਭਿਆਨਕ ਦ੍ਰਿਸ਼ ਸੀ, ਜੋ ਅੱਗ ਤੋਂ ਬਚ ਨਹੀਂ ਸਕੀਆਂ। ਅੱਗ ਨੇ ਜ਼ਿੰਦਗੀ ਦੇ ਅਨਛੁਹੇ ਪਹਿਲੂਆਂ ਤੱਕ ਵੀ ਰਸਾਈ ਕੀਤੀ ਹੈ ਤੇ ਫ਼ਿਲਹਾਲ ਇਸ ਦੇ ਮਾਇਨੇ ਬਦਲ ਦਿੱਤੇ ਹਨ। ਮਰੇ ਹੋਏ ਲੋਕਾਂ ਦੀ ਖੋਜ ਵਿੱਚ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲਈ ਗਈ। ਜਿਨ੍ਹਾਂ ਨੇ ਆਪਣਾ ਸਭ ਕੁਝ ਗੁਆ ਲਿਆ, ਰੱਬ ਤੋਂ ਉਨ੍ਹਾਂ ਦਾ ਭਰੋਸਾ ਜਿਹਾ ਉਠ ਗਿਆ ਹੈ। ਜਿਨ੍ਹਾਂ ਦੀਆਂ ਸੱਜਰੀਆਂ ਖੁਸ਼ੀਆਂ ਨੂੰ ਲਾਂਭੂ ਲੱਗ ਗਏ ਹਨ, ਉਹ ਦਰਦ ਕਿੱਥੇ ਲੁਕਾ ਲੈਣ! ਪੀੜਤ ਲੋਕ ਸੜੇ ਤੇ ਟੁੱਟੇ ਹੋਏ ਘਰਾਂ ਅਤੇ ਤਬਾਹ ਹੋਏ ਜਨ-ਜੀਵਨ ਦਾ ਦ੍ਰਿਸ਼ ਦੇਖ ਕੇ ਬੇਹੱਦ ਮਸੋਸੇ ਹੋਏ ਹਨ।
ਇਹ ਨਹੀਂ ਹੈ ਕਿ ਲੋਕਾਂ ਨੇ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜਦੋਂ ਹਾਲਾਤ ਤਾਕਤਵਾਰ ਬਣ ਜਾਣ ਤਾਂ ਪੱਲੇ ਬੇਵਸੀ ਤੇ ਨਮੋਸ਼ੀ ਆ ਪੈਂਦੀ ਹੈ। ਲੋਕਾਂ ਨੇ ਮਹਿਸੂਸ ਕੀਤਾ ਕਿ ਉਹ ਖ਼ਤਰੇ ਵਿੱਚ ਸਨ, ਜਦੋਂ ਉਨ੍ਹਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਜਾਂ ਨੇੜੇ ਦੇ ਧਮਾਕੇ ਸੁਣੇ। ਫਿਰ ਲੋਕਾਂ ਨੂੰ ਅੱਗ ਵਾਲੀਆਂ ਥਾਂਵਾਂ ਤੋਂ ਕੱਢਣਾ ਦੇ ਹੀਲੇ ਸ਼ੁਰੂ ਹੋਏ ਤੇ ਰਾਹਤ ਯਤਨਾਂ ਦੀ ਪ੍ਰਕਿਰਿਆ ਜਾਰੀ ਹੋ ਗਈ। ਆਫ਼ਤ ਜ਼ੋਨ ਦੇ ਖੇਤਰਾਂ ਵਿੱਚ ਕੁਝ ਲੋਕਾਂ ਦੇ ਜਾਣ ਅਤੇ ਪ੍ਰਤੀਬੰਧਿਤ, ਖਤਰਨਾਕ, ਸਰਗਰਮ ਜਾਂਚ ਵਾਲੀਆਂ ਥਾਂਵਾਂ ਵਿੱਚ ਦਾਖਲ ਹੋਣ ਤੋਂ ਆਵਾਜਾਈ ਰੋਕ ਦਿੱਤੀ ਗਈ ਤੇ ਕਰਫਿਊ ਵਰਗੇ ਹਾਲਾਤ ਬਣ ਗਏ।
ਮਾਉਈ ਦੇ ਵਸਨੀਕਾਂ ਦੀਆਂ ਸੜ ਚੁੱਕੀਆਂ ਕਾਰਾਂ ਤੇ ਹੋਰ ਵਾਹਨ; ਘਰਾਂ ਅਤੇ ਕਾਰੋਬਾਰਾਂ ਦੇ ਬਲਾਕ ਤੋਂ ਬਾਅਦ ਬਲਾਕ; ਸੜਦੇ ਹੋਏ ਟੈਲੀਫੋਨ ਤੇ ਬਿਜਲੀ ਦੇ ਖੰਭਿਆਂ ਸਮੇਤ ਭਿਆਨਕ ਤਪਸ਼ ਨਾਲ ਧਰਤੀ, ਸੜਕਾਂ, ਫੁੱਟਪਾਥ, ਦਰਖਤ, ਇਮਾਰਤਾਂ, ਕੱਚ ਦੀਆਂ ਬੋਤਲਾਂ ਨਾਲ ਭਰਿਆ ਇੱਕ ਟਰੱਕ ਅਤੇ ਹੋਰ ਖ਼ਾਸ ਤੇ ਨਿੱਕ-ਸੁੱਕ ਅੱਗ-ਬੁਰਦ ਹੋ ਗਏ। ਹੇਠ ਝੁਕੀਆਂ ਇਮਾਰਤਾਂ ਦੀਆਂ ਛੱਤਾਂ ਦੇ ਪਿੰਜਰ ਦੇ ਅਵਸ਼ੇਸ਼, ਜੋ ਅੱਗ ਦੀ ਲਪੇਟ ਵਿੱਚ ਆ ਗਏ ਸਨ ਅਤੇ ਬੰਦਰਗਾਹ `ਤੇ ਕਿਸ਼ਤੀਆਂ ਝੁਲਸ ਗਈਆਂ ਤੇ ਜਲਣ ਦੀ ਬਦਬੂ ਬਣੀ ਰਹੀ। ਹੱਸਦੀ-ਵੱਸਦੀ ਆਬਾਦੀ ਦਾ ਮੁਹਾਂਦਰਾ ਵਿਗੜ ਕੇ ਕਰੂਪ ਹੋ ਗਿਆ, ਜੋ ਸਿਰਫ ਮਾਲੀ ਨੁਕਸਾਨ ਦਾ ਹੀ ਗਵਾਹ ਨਹੀਂ, ਡੂੰਘੀ ਮਾਨਸਿਕ ਪੀੜ ਵੀ ਦਿੰਦਾ ਹੈ। ਇੱਕ ਅਪਾਰਟਮੈਂਟ ਕੰਪਲੈਕਸ ਦੇ ਨੁਕਸਾਨ ਬਾਰੇ ਇੱਕ ਵਸਨੀਕ ਦੀਆਂ ਭਾਵਨਾਵਾਂ ਸਨ ਕਿ ਇਹ ਸ਼ਾਨਦਾਰ ਸੀ, ਪਰ (ਅੱਗ ਕਾਰਨ) ਇਹ ਤੇਜ਼ੀ ਨਾਲ ਤਬਾਹ ਹੋ ਗਿਆ।
ਜ਼ਿਕਰਯੋਗ ਹੈ ਕਿ ਜੰਗਲ ਦੀ ਅੱਗ ਦਹਾਕਿਆਂ ਵਿੱਚ ਰਾਜ ਦੀ ਸਭ ਤੋਂ ਘਾਤਕ ਕੁਦਰਤੀ ਆਫ਼ਤ ਹੈ, ਜੋ 1960 ਦੀ ਸੁਨਾਮੀ ਨੂੰ ਵੀ ਪਛਾੜਦੀ ਹੈ, ਜਿਸ ਵਿੱਚ 61 ਲੋਕ ਮਾਰੇ ਗਏ ਸਨ। 1946 ਵਿੱਚ ਇੱਕ ਹੋਰ ਵੀ ਘਾਤਕ ਸੁਨਾਮੀ, ਜਿਸ ਨੇ ਵੱਡੇ ਟਾਪੂ ਉੱਤੇ 150 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ, ਨੇ ਖੇਤਰ-ਵਿਆਪੀ ਐਮਰਜੈਂਸੀ ਦੇ ਹਾਲਾਤ ਪੈਦਾ ਕਰ ਦਿੱਤੇ ਸਨ। ਜੰਗਲ ਦੀ ਅੱਗ ਕਾਰਨ ਹਵਾਈ ਇਤਿਹਾਸ ਵਿੱਚ ਇਹ ਦੂਜੀ ਸਭ ਤੋਂ ਮਹਿੰਗੀ ਤਬਾਹੀ ਹੋਣ ਦਾ ਅਨੁਮਾਨ ਹੈ। ਕੈਲੀਫੋਰਨੀਆ ਵਿੱਚ 2018 ਦੇ ਕੈਂਪ ਫਾਇਰ ਤੋਂ ਬਾਅਦ ਅਮਰੀਕਾ ਵਿੱਚ ਜੰਗਲ ਦੀ ਅੱਗ ਸਭ ਤੋਂ ਘਾਤਕ ਹੈ, ਜਿਸ ਵਿੱਚ ਕਾਫੀ ਲੋਕ ਮਾਰੇ ਗਏ ਸਨ ਅਤੇ ਪੈਰਾਡਾਈਜ਼ ਸ਼ਹਿਰ ਤਬਾਹ ਹੋ ਗਿਆ ਸੀ।
ਅੱਗ ਦੀ ਤਾਜ਼ਾ ਆਫ਼ਤ ਸਬੰਧੀ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਹਵਾਈ ਐਮਰਜੈਂਸੀ ਪ੍ਰਬੰਧਨ ਰਿਕਾਰਡਾਂ ਵਿੱਚ ਕੋਈ ਸੰਕੇਤ ਨਹੀਂ ਮਿਲਿਆ ਕਿ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣ ਤੋਂ ਪਹਿਲਾਂ ਚੇਤਾਵਨੀ ਦੇ ਸਾਇਰਨ ਵੱਜੇ ਸਨ। ਇਸ ਦੀ ਬਜਾਏ ਅਧਿਕਾਰੀਆਂ ਨੇ ਮੋਬਾਈਲ ਫੋਨਾਂ, ਟੈਲੀਵਿਜ਼ਨਾਂ ਅਤੇ ਰੇਡੀਓ ਸਟੇਸ਼ਨਾਂ ਨੂੰ ਚੇਤਾਵਨੀਆਂ ਭੇਜੀਆਂ, ਪਰ ਖਦਸ਼ਾ ਹੈ ਕਿ ਵਿਆਪਕ ਬਿਜਲੀ ਅਤੇ ਸੈਲੂਲਰ ਸੇਵਾਵਾਂ ਵਿੱਚ ਵਿਘਨ ਪੈ ਜਾਣ ਕਾਰਨ ਉਨ੍ਹਾਂ ਦੀ ਪਹੁੰਚ ਸੀਮਤ ਹੋ ਗਈ ਸੀ। ਅਟਾਰਨੀ ਜਨਰਲ ਦੇ ਦਫ਼ਤਰ ਅਨੁਸਾਰ ਜੰਗਲ ਦੀ ਅੱਗ ਦੇ ਦੌਰਾਨ ਤੇ ਬਾਅਦ ਵਿੱਚ ਫੈਸਲੇ ਲੈਣ ਅਤੇ ਜ਼ਰੂਰੀ ਨੀਤੀਆਂ ਦੀ ਇੱਕ ਵਿਆਪਕ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਖੋਜ ਅਤੇ ਬਚਾਅ ਕਾਰਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਦਾ ਖਦਸ਼ਾ ਪ੍ਰਗਟਾਇਆ ਹੈ।