ਅਦਾਲਤ/ਕਚਹਿਰੀ: ਪੈਣ ਜਿਨ੍ਹਾਂ ਨੂੰ ਤਰੀਕਾਂ…

Uncategorized

ਸ਼ਾਇਦ ਅਦਾਲਤ ਉਹ ਥਾਂ ਨਹੀਂ ਹੈ, ਜਿੱਥੇ ਤੁਸੀਂ ਅਸਲ ਵਿੱਚ ਜਾਣਾ ਚਾਹੁੰਦੇ ਹੋ; ਪਰ ਅਦਾਲਤ ਇੱਕ ਅਜਿਹੀ ਥਾਂ ਹੈ, ਜਿੱਥੇ ਨਿਆਂ ਦਾ ਅਹਿਸਾਸ ਹੁੰਦਾ ਹੈ। ਸਮਾਜਿਕ ਰੁਤਬੇ ਦੀ ਪਰਵਾਹ ਕੀਤੇ ਬਿਨਾ, ਜੋ ਵੀ ਵਿਅਕਤੀ ਅਦਾਲਤ ਵਿੱਚ ਜਾਂਦਾ ਹੈ, ਉਸ ਨੂੰ ਸਨਮਾਨ ਅਤੇ ਨਿਰਪੱਖਤਾ ‘ਤੇ ਭਰੋਸਾ ਕਰਨ ਦਾ ਅਧਿਕਾਰ ਹੈ। ਸਮਾਜਿਕ ਜੀਵਨ ਵਿੱਚ ਨਿਆਂ ਪ੍ਰਣਾਲੀ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਆਧੁਨਿਕ ਇਮਾਰਤਾਂ ਦੇ ਨਿਰਮਾਣ ਲਈ ਫੰਡ ਅਲਾਟ ਕਰਦੀਆਂ ਹਨ। ਹਾਲਾਂਕਿ ਬਹੁਤ ਸਾਰੀਆਂ ਇਮਾਰਤਾਂ ਇੰਨੀਆਂ ਸੁੰਦਰ ਹਨ ਕਿ ਤੁਸੀਂ ਘੱਟੋ-ਘੱਟ ਇੱਕ ਗਾਈਡ ਟੂਰ ਦੇ ਨਾਲ ਉਨ੍ਹਾਂ ਦਾ ਦੌਰਾ ਕਰਨਾ ਚਾਹ ਸਕਦੇ ਹੋ। ਇਸੇ ਲਈ ਸੈਲਾਨੀ ਕੁਝ ਸ਼ਹਿਰਾਂ ਵਿਚ ਵਿਸ਼ੇਸ਼ ਤੌਰ ‘ਤੇ ਇਮਾਰਤਸਾਜ਼ੀ ਕਲਾ ਦੇ ਨਮੂਨੇ ਦੇਖਣ ਆਉਂਦੇ ਹਨ, ਜਿਨ੍ਹਾਂ ਵਿਚ ਅਦਾਲਤਾਂ ਵੀ ਸ਼ਾਮਲ ਹਨ; ਪਰ ਜੇ ਅਦਾਲਤਾਂ ਵਿੱਚ ਹੀ ਇਨਸਾਫ ਨਹੀਂ ਤਾਂ ਇਨ੍ਹਾਂ ਦੀ ਸੁੰਦਰਤਾ ਕਿਸ ਕੰਮ! ਪੇਸ਼ ਹੈ, ਸ਼ਬਦ ‘ਅਦਾਲਤ/ਕਚਹਿਰੀ’ ਬਾਰੇ ਪਰਮਜੀਤ ਢੀਂਗਰਾ ਦਾ ਲੇਖ ਅਤੇ ਸੰਸਾਰ ਪ੍ਰਸਿੱਧ ਕੁਝ ਅਦਾਲਤਾਂ ਬਾਰੇ ਸੰਖੇਪ ਜਾਣਕਾਰੀ…

 

ਆਦਿ ਕਾਲ ਤੋਂ ਨਿਆਂ ਪ੍ਰਣਾਲੀ ਕਿਸੇ ਨਾ ਕਿਸੇ ਰੂਪ ਵਿੱਚ ਕੰਮ ਕਰਦੀ ਆ ਰਹੀ ਹੈ। ਜਦੋਂ ਮਨੁੱਖ ਨੇ ਪਹਿਲਾ ਜੁਰਮ ਕੀਤਾ ਹੋਵੇਗਾ ਤਾਂ ਉਦੋਂ ਹੀ ਸਮਾਜ ਦੇ ਸਿਆਣਿਆਂ ਨੇ ਸਿਰ ਜੋੜ ਕੇ ਇਹਦੇ ਬਾਰੇ ਸੋਚਿਆ ਹੋਵੇਗਾ ਕਿ ਜੇ ਜੁਰਮਾਂ ਨੂੰ ਰੋਕਣਾ ਹੈ ਤਾਂ ਇਹਦੇ ਲਈ ਇਕ ਨਿਯਮਾਵਲੀ ਤੇ ਦੰਡ ਵਿਧਾਨ ਜ਼ਰੂਰੀ ਹੈ। ਪੁਰਾਤਨ ਕਾਬਾਇਲੀ ਸਮਾਜਾਂ ਵਿੱਚ ਵੀ ਨਿਆਂ ਤੇ ਦੰਡ ਵਿਧਾਨ ਮਿਲਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਦੰਡ ਕਬੀਲੇ ਵਿੱਚੋਂ ਛੇਕੇ ਜਾਣ ਦਾ ਹੈ। ਹੌਲੀ ਹੌਲੀ ਨਿਆਂ ਪ੍ਰਣਾਲੀ ਲਈ ਅਦਾਲਤ ਤੇ ਕਚਹਿਰੀ ਵਰਗੇ ਸ਼ਬਦ ਇਜਾਦ ਕੀਤੇ ਗਏ। ਰਾਜਾਸ਼ਾਹੀ ਵੇਲੇ ਹਰ ਰਾਜੇ ਕੋਲ ਦੰਡ ਹੁੰਦਾ ਸੀ, ਜਿਸ ਦਾ ਅਰਥ ਸੀ ਕਿ ਉਹਦੇ ਕੋਲ ਨਿਆਂ ਕਰਨ ਤੇ ਦੰਡ ਦੇਣ ਦੀ ਤਾਕਤ ਹੈ। ਉਹਦੀ ਇਹ ਤਾਕਤ ਆਖਰੀ ਮੰਨੀ ਜਾਂਦੀ ਸੀ। ਰਾਜਿਆਂ ਵਿੱਚ ਵੀ ਨਿਆਂ ਪਸੰਦ ਤੇ ਜ਼ਾਲਮ ਦੀਆਂ ਦੋ ਸ਼੍ਰੇਣੀਆਂ ਏਸੇ ਆਧਾਰ ‘ਤੇ ਬਣੀਆਂ।

ਪੰਜਾਬੀ ਨਿਰੁਕਤ ਕੋਸ਼ ਅਨੁਸਾਰ ਅਦਾਲਤ ਦਾ ਅਰਥ ਹੈ- ਆਦਲ, ਭਾਵ ਅਦਲ ਕਰਨ ਵਾਲਾ, ਨਿਆਂਕਾਰੀ; ਮੂਲ ਅਰਥ ‘ਉਚਿਤ ਕੰਮ ਕਰਨ ਵਾਲਾ‘, ਇਕ ਸਮਾਨ ਦ੍ਰਿਸ਼ਟੀ ਵਾਲਾ। ਅਰਬੀ ਆਦਿਲ, ਨਿਆਂਕਾਰ, ਮੁਨਸਿਫ਼, ਇਅਤਦਾਲ ਭਾਵ ਇੱਕ ਸਮਾਨ ਹੋਣਾ, ਬਰਾਬਰ ਹੋਣਾ, ਗਰਮੀ ਸਰਦੀ ਵਿੱਚ ਇਕ ਸਮਾਨ, ਮੱਧ ਮਾਰਗ, ਸੰਜਮ ਆਦਿ। ਅਦਾਲਤ- ਇਨਸਾਫ ਦੀ ਥਾਂ, ਕਚਹਿਰੀ। ਫ਼ਾਰਸੀ ਕੋਸ਼ ਅਨੁਸਾਰ ਅਦਾਲਤ: ਇਨਸਾਫ਼ ਕਰਨਾ, ਬਰਾਬਰੀ, ਨਿਆਂਕਾਰ ਹੋਣਾ, ਮੁਨਸਿਫ਼ ਹੋਣਾ, ਗਵਾਹੀਯੋਗ ਹੋਣਾ, ਇਨਸਾਫ਼ ਦੀ ਥਾਂ, ਕਚਹਿਰੀ ਆਦਿ। ਅਰਬੀ-ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ ਅਦਾਲਤ= ਇਨਸਾਫ਼, ਇਨਸਾਫ਼ ਦੀ ਕਚਹਿਰੀ, ਕੋਰਟ, ਨਿਆਂਇਆਲਾ, ਇਹ ਸ਼ਬਦ ਅਦਲ ਤੋਂ ਬਣਿਆ ਹੈ, ਜਿਸ ਦੇ ਸ਼ਬਦੀ ਅਰਥ ਹਨ- ਬਰਾਬਰੀ, ਇਨਸਾਫ਼; ਭਾਵ ਅਰਥ ਹਨ- ਨਿਆਂ ਕਰਨ ਵਾਲਾ ਅਸਥਾਨ, ਝਗੜੇ ਮੁਕਾਉਣ ਤੇ ਇਨਸਾਫ ਕਰਨ ਵਾਲਾ ਮਹਿਕਮਾ। ਅਦਾਲਤੀ-ਅਦਾਲਤ ਨਾਲ ਸੰਬੰਧਿਤ ਜਿਵੇਂ ਅਦਾਲਤੀ ਕਾਰਵਾਈ, ਅਦਾਲਤੀ ਇਸ਼ਤਿਹਾਰ, ਅਦਾਲਤੀ ਹੁਕਮ ਆਦਿ। ਮਹਾਨ ਕੋਸ਼ ਵਿੱਚ ਵੀ ਲਗਪਗ ਇਹੋ ਜਿਹੇ ਅਰਥ ਕੀਤੇ ਗਏ ਹਨ, ਜਿਵੇਂ-ਅਦਲ ਸੰ.ਘ੍ਰਿਤ ਅ.ਅਦਲ ਸੰਗਿਆ ਨਿਆਂਓ “ਅਦਲ ਕਰੇ ਗੁਰੁ ਗਿਆਨ ਸਮਾਨਾ” (ਮਾਰੂ ਸੋਲਹੇ ਮ. ੧)

ਪ੍ਰਮੇਸ਼ਵਰ, ਕਰਤਾਰ, ਤੁਲਯਤਾ, ਸਮਾਨਤਾ, ਮਾਪ,ਮਿਣਤੀ, ਅਦਲੀ ਨਿਆਂ ਕਰਨ ਵਾਲਾ, ਜੱਜ, “ਅਦਲੀ ਹੋਇ ਬੈਠਾ ਪ੍ਰਭੁ ਆਪਿ”

(ਗਉੜੀ ਮਹਲਾ ੫) ਪੰਜਾਬੀ ਕੋਸ਼ ਅਨੁਸਾਰ ਅਦਲ- ਨਿਆਂਓ, ਇਨਸਾਫ਼; ਅਦਲੀ- ਨਿਆਂਕਾਰੀ, ਜੱਜ, ਮੈਜਿਸਟ੍ਰੇਟ, ਮੁਨਸਿਫ਼।

ਨਿਰਾਰਥ ਸ਼ਬਦ, ਜੋ ਬਦਲ ਨਾਲ ਚਲਦਾ ਹੈ। ਅਦਲਾ-ਬਦਲੀ, ਬਦਲਾਅ, ਵਟਾਂਦਰਾ, ਵੱਟਾ-ਸੱਟਾ, ਕਿਸੇ ਕਾਰਵਾਈ ਦੀ ਜਵਾਬੀ ਕਾਰਵਾਈ। ਅਦਲੀ- ਹੀਰ ਦੇ ਕਿੱਸੇ ਵਿੱਚ ਇੱਕ ਹਾਕਮ ਦਾ ਨਾਂ, ਜਿਸ ਦੇ ਸਾਹਮਣੇ ਹੀਰ ਤੇ ਰਾਂਝੇ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਗਿਆ; ਇਨਸਾਫ਼ ਕਰਨ ਵਾਲਾ। ਬਅਦਾਲਤ- ਕਚਹਿਰੀ, ਇਨਸਾਫ਼ ਕਰਨ ਦੀ ਥਾਂ। ਇਸ ਨਾਲ ਕਈ ਉਕਤੀਆਂ ਤੇ ਮੁਹਾਵਰੇ ਵੀ ਜੁੜੇ ਹੋਏ ਹਨ। ਅਦਾਲਤ ਕਰਨਾ- ਅਦਾਲਤ ਦਾ ਕੰਮ ਕਾਰ ਕਰਨਾ, ਅਦਾਲਤ ਘਰ, ਅਦਾਲਤ ਚੜ੍ਹਨਾ, ਮੁਕੱਦਮਾ ਕਰਨਾ, ਅਦਾਲਤ ਦਾ ਦਰ ਖੁੱਲ੍ਹਾ ਹੋਣਾ, ਅਦਾਲਤ ਦੇ ਕੁੱਤੇ ਆਦਿ। ਮੂਲ ਰੂਪ ‘ਚ ਅਦਲ ਵਿੱਚ ਬਦਲ ਸ਼ਬਦ ਭਾਵ ਬਦਲਾਅ ਦਾ ਦਖਲ ਹੈ। ਇਹ ਸੈਮਟਿਕ ਭਾਸ਼ਾ ਪਰਿਵਾਰ ਵਿੱਚੋਂ ਨਿਕਲਿਆ ਹੋਣ ਕਰਕੇ ਇਹਦੀ ਸਕੀਰੀ ਅਰਬੀ ਭਾਸ਼ਾ ਨਾਲ ਹੈ। ਮੂਲ ਅਰਬੀ ਵਿੱਚ ਇਹਦੇ ਤੋਂ ਤਬਾਦਲਾ ਸ਼ਬਦ ਬਣਿਆ ਹੈ। ਅਰਬੀ ਦੀ ਇਕ ਧਾਤੂ ਹੈ: ਅ-ਦ-ਲ/ ਜਿਸ ਤੋਂ ਅਦਲਾ ਸ਼ਬਦ ਨਿਰਮਤ ਹੋਇਆ ਹੈ। ਅਰਬੀ ਵਿੱਚ ਇਹਦਾ ਭਾਵ ਹੈ- ਚੀਜ਼ਾਂ ਨੂੰ ਟਿਕਾਣੇ ਸਿਰ ਰੱਖਣਾ। ਨਿਆਂ ਪੂਰਵਕ ਤਰੀਕੇ ਨਾਲ ਕੀਤਾ ਗਿਆ ਕੰਮ ਵੀ ਅਦਾਲਾ ਅਖਵਾਉਂਦਾ ਹੈ।

ਅਦਲਾ-ਬਦਲੀ ਵਿੱਚ ਜਿਥੇ ਅਦਾਲ ਦਾ ਅਰਥ ਪਰਿਵਰਤਣ ਜਾਂ ਫੇਰ ਬਦਲ ਨਜ਼ਰ ਆਉਂਦਾ ਹੈ, ਉਥੇ ਅਦਾਲਤ ਸ਼ਬਦ ਵਿੱਚ ਇਹਦੀ ਵਿਆਪਕਤਾ ਨਜ਼ਰ ਆਉਂਦੀ ਹੈ। ਅਦਾਲਤ ਉਹੀ ਥਾਂ ਜਾਂ ਸਥਾਨ ਹੈ, ਜਿਥੇ ਨਿਆਂ ਕੀਤਾ ਜਾਂਦਾ ਹੈ। ਨਿਆਂ ਕੀ ਹੈ? ਤੱਥਾਂ ਨੂੰ ਉਚਿਤ ਪਰਿਪੇਖ ਵਿੱਚ ਨਿਰਖਣਾ/ਪਰਖਣਾ, ਘੋਖ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ। ਅਦਲ ਤੋਂ ਬਣੇ ਅਦਾਲਾ ਸ਼ਬਦ ਦੀ ਵਰਤੋਂ ਕਈ ਭਾਸ਼ਾਵਾਂ ਵਿੱਚ ਮਿਲਦੀ ਹੈ। ਹਿਬਰੂ ਵਿੱਚ ਇਕ ਇ.ਲਿੰ.ਵਾ. ਸ਼ਬਦ ਅਦਾਲੀਆ ਮਿਲਦਾ ਹੈ, ਜਿਸ ਦਾ ਅਰਥ ਹੈ- ਪ੍ਰਭੂ ਦੀ ਸ਼ਰਨ ਵਿੱਚ, ਜੋ ਵੱਡਾ ਨਿਆਂਕਾਰੀ ਹੈ। ਹਿਬਰੂ ਤੋਂ ਜਰਮਨ ਵਿੱਚ ਇਹਦੀ ਆਮਦ ਹੋਈ ਹੈ, ਜਿਥੇ ਇਹਦਾ ਰੂਪ ਹੈ- ਅਡੇਲ, ਅਡੇਲੀਆ।

ਸੈਮਟਿਕ ਮੂਲ ਦੀ ਇਕ ਹੋਰ ਧਾਤੂ ਹੈ: ਬ-ਦ-ਲ/ ਜਿਸ ਤੋਂ ਬਦਲ, ਬਦਾਲਾ, ਬਦਲਾ ਵਰਗੇ ਸ਼ਬਦ ਬਣੇ ਹਨ। ਇਹਦੇ ਮੂਲ ਵਿੱਚ ਆਦਾਨ-ਪ੍ਰਦਾਨ, ਤਬਦੀਲੀ, ਲੈਣ-ਦੇਣ ਵਰਗੇ ਭਾਵ ਪਏ ਹਨ। ਪ੍ਰਚੀਨ ਕਾਲ ਵਿੱਚ ਲੈਣ-ਦੇਣ ਵਟਾਂਦਰੇ ਦੇ ਰੂਪ ਵਿੱਚ ਹੁੰਦਾ ਸੀ। ਇਸ ਬਦਾਲ ਜਾਂ ਬਦਲ ਵਿੱਚ ਇਹੀ ਭਾਵ ਪਏ ਹਨ। ਉਰਦੂ ਸ਼ਬਦ ਬਦਲੇ ਦਾ ਭਾਵ ਹੈ, ਵੈਰ ਕੱਢਣਾ। ਬਦਲੇ ਦਾ ਇਹੀ ਅਸੰਤੁਲਨ ਅਦਾਲਤ ਵਿੱਚ ਜਾ ਕੇ ਨਿਆਂ ਦੀ ਦੇਵੀ ਦੀ ਤੱਕੜੀ ਵਿੱਚ ਤੋਲਿਆ ਜਾਂਦਾ ਹੈ। ਅਦਲ ਦਾ ਇਕ ਅਰਥ ਤੱਕੜੀ ਹੈ। ਇਸੇ ਅਦਲ, ਅਦਾਲਤ ਦੀ ਸਕੀਰੀ ਕਚਹਿਰੀ ਨਾਲ ਹੈ। ਮਹਾਨ ਕੋਸ਼ ਅਨੁਸਾਰ ਕਚਹਿਰੀ ਸੰ.ਕੁਤਸਿਤ ਹਰੀ ਕੁਤਸਿਤ (ਨਿੰਦਤ) ਕਰਮ ਦੇ ਹਰਣ ਅਥਵਾ ਮਿਟਾਉਣ ਵਾਲੀ, ਅਦਾਲਤ ਦੇ ਬੈਠਣ ਦੀ ਥਾਂ।

ਪੰਜਾਬੀ ਕੋਸ਼ ਅਨੁਸਾਰ-ਕਚਹਿਰੀ, ਸੰ.; ਕਕਸ਼ਿਆ- ਉਹ ਹਾਤਾ, ਜਿੱਥੇ ਬਹੁਤ ਸਾਰੀਆਂ ਅਦਾਲਤਾਂ ਲਗਦੀਆਂ ਹਨ, ਉਹ ਥਾਂ ਜਿੱਥੇ ਇਨਸਾਫ਼ ਮਿਲੇ, ਅਦਾਲਤ ਦਾ ਕਮਰਾ, ਜੱਜ ਦਾ ਕਮਰਾ, ਦਰਬਾਰ, ਇਜਲਾਸ, ਬਰਾਦਰੀ ਦਾ ਇਕੱਠ, ਜੋ ਕਿਸੇ ਝਗੜੇ ਦਾ ਫੈਸਲਾ ਕਰੇ। ਇਸ ਨਾਲ ਅਨੇਕਾਂ ਉਕਤੀਆਂ ਤੇ ਮੁਹਾਵਰੇ ਜੁੜੇ ਹੋਏ ਹਨ, ਜੋ ਇਹਦੀ ਸਪੇਸ ਨਿਰਧਾਰਤ ਕਰਦੇ ਹਨ, ਜਿਵੇਂ ਕਚਹਿਰੀ ਕਰਨਾ, ਕਚਹਿਰੀ ਚੜ੍ਹਨਾ/ਚਾੜ੍ਹਨਾ, ਕਚਹਿਰੀ ਦਾ ਕੁੱਤਾ, ਕਚਹਿਰੀ ਬਰਖਾਸਤ ਹੋਣਾ/ਕਰਨਾ, ਕਚਹਿਰੀ ਲਾਉਣਾ, ਕਚਹਿਰੀ ਵਿੱਚ ਲੜਨਾ, ਭਰੀ ਕਚਹਿਰੀ, ‘ਤੇਰੀ ਗੁੱਤ ‘ਤੇ ਕਚਹਿਰੀ ਲੱਗਦੀ, ਦੂਰੋਂ ਦੂਰੋਂ ਆਉਣ ਮਾਮਲੇ’, ਭੂਆ-ਭਤੀਜੀ ਲੜੀਆਂ ਵਿੱਚ ਕਚਹਿਰੀ ਦੇ, ਕਚਹਿਰੀਆਂ ‘ਚ ਮੇਲੇ ਲੱਗਦੇ ਆਦਿ।

ਮੂਲ ਰੂਪ ਵਿੱਚ ਕਚਹਿਰੀ ਸ਼ਬਦ ਬਣਿਆ ਹੈ ਸੰਸਕ੍ਰਿਤ ਦੇ ‘ਕ੍ਰਿਤਗ੍ਰਹਿ’ ਤੋਂ, ਜਿਸ ਦਾ ਅਰਥ ਹੈ- ਅਦਾਲਤ। ਇਹ ਦੋ ਸ਼ਬਦਾਂ ਦੀ ਸੰਧੀ ਹੈ: ਕ੍ਰਿਤ+ਗ੍ਰਹਿ, ਇਹਦੀ ਇੱਕ ਲੜੀ ਬਣਦੀ ਹੈ: ਕ੍ਰਿਤਗ੍ਰਹ~ਕੱਚਘਰ~ਕੱਚਹਰ, ਇਸ ਤੋਂ ਹੀ ਇਹ ਕਚਹਿਰੀ ਵਿੱਚ ਢਲ ਗਿਆ। ਸੰਸਕ੍ਰਿਤ ਦੀ ‘ਕਰੂ’ ਧਾਤੂ ਵਿੱਚ ਮੂਲ ਅਰਥ ਕਰਮ ਅਥਵਾ ਕਿਰਿਆ ਹੈ, ਜਿਸ ਦਾ ਭਾਵ ਹੈ ਕਰਨਾ। ਇਸ ਤੋਂ ਕਈ ਸ਼ਬਦ ਬਣੇ ਹਨ, ਜਿਵੇਂ ਅੰਗੀਕ੍ਰਿਤ ਭਾਵ ਅੰਗੀਕਾਰ। ਅਤੀਕ੍ਰਿਤ ਭਾਵ ਵੱਧ ਜਾਣਾ, ਜ਼ਿਆਦਾ। ਇਸ ਤੋਂ ਅਤੀਕ੍ਰਮਣ ਵਰਗੇ ਸ਼ਬਦ ਬਣੇ। ਕ੍ਰਿਤ ਦਾ ਅਰਥ ਹੈ- ਕਰਨਾ, ਉਚਿਤ, ਠੀਕ। ਇਹੀ ਨਿਆਂ ਮੰਨਿਆ ਗਿਆ ਹੈ। ਇਸ ਲਈ ਕ੍ਰਿਤਗ੍ਰਹ ਨੂੰ ਕਚਹਿਰੀ ਦੀ ਸੰਗਿਆ ਮਿਲ ਗਈ। ਕੋਰਟ-ਕਚਹਿਰੀ ਦੀ ਸੰਧੀ ਕਰਕੇ ਦੋ ਵੱਖ ਵੱਖ ਭਾਸ਼ਾਵਾਂ ਦੇ ਸ਼ਬਦਾਂ ਨੂੰ ਸਾਂਝਾ ਅਰਥ ਦੇ ਦਿੱਤਾ ਗਿਆ। ਇਸ ਦੇ ਅਰਥ ਅਦਾਲਤ ਤੇ ਇਜਲਾਸ ਕੀਤੇ ਗਏ। ਇਜਲਾਸ ਮੂਲ ਰੂਪ ਵਿੱਚ ਅਰਬੀ ਦੇ ਸ਼ਬਦ ਅਜਲਾਸ ਦਾ ਰੂਪਾਂਤਰ ਹੈ। ਇਹ ‘ਜਲਸ:’ ਤੋਂ ਬਣਿਆ ਹੈ, ਇਹਦੀ ਮੂਲ ਅਰਬੀ ਧਾਤੂ ‘ਜ-ਲ-ਸ’ ਹੈ। ਇਹ ਸਮੂਹਵਾਚਕ ਧਾਤੂ ਹੈ, ਜਿਸ ਦਾ ਅਰਥ ਹੈ- ਮਹਿਫਲ, ਸਭਾ, ਬੈਠਕ, ਗੋਸ਼ਟੀ, ਅਯੋਜਨ। ਇਸ ਵਿੱਚ ‘ਮ’ ਉਪਸਰਗ ਲਾ ਕੇ ਮਜਲਿਸ ਸ਼ਬਦ ਬਣਦਾ ਹੈ, ਜਿਸ ਦੇ ਅਰਥ ਇਕੱਠ, ਸਭਾ, ਗੋਸ਼ਟੀ, ਕਮੇਟੀ ਆਦਿ ਬਣਦੇ ਹਨ। ਇਸੇ ਕੜੀ ਵਿੱਚ ਜਲੂਸ ਸ਼ਬਦ ਆ ਜਾਂਦਾ ਹੈ, ਜਿਸ ਦਾ ਅਰਥ ਹੈ- ਇਕੱਠ ਜਾਂ ਸਮੂਹ ਦੀ ਯਾਤਰਾ। ਜਲਸ: ਵਿੱਚ ‘ਇ’ ਲੱਗਣ ਨਾਲ ਇਜਲਾਸ ਸ਼ਬਦ ਬਣਦਾ ਹੈ, ਜਿਸ ਦਾ ਅਰਥ ਪੰਚਾਇਤ, ਇਕੱਠ, ਬੈਠਕ ਆਦਿ ਹੈ।

ਅਦਾਲਤ/ਕਚਹਿਰੀ ਦਾ ਸਗੋਤੀ ਅੰਗਰੇਜ਼ੀ ਕੋਰਟ ਹੈ, ਜਿਸ ਦਾ ਅਰਥ ਹੈ- ਘਿਰੀ ਹੋਈ ਥਾਂ। ਤੇਰ੍ਹਵੀਂ ਸਦੀ ਦੇ ਨੇੜੇ-ਤੇੜੇ ਨਿਆਂ ਲਈ ਕੋਰਟ ਸ਼ਬਦ ਪ੍ਰਚਲਿਤ ਹੋਇਆ। ਅੱਜ ਕੱਲ੍ਹ ਕੋਰਟਸ਼ਿਪ, ਕੋਰਟ ਮੈਰਿਜ, ਕੋਰਟ ਰੂਮ, ਹਾਈਕੋਰਟ, ਸੁਪਰੀਮ ਕੋਰਟ, ਸੈਸ਼ਨ ਕੋਰਟ, ਲੋਅਰ ਕੋਰਟ, ਕੋਰਟ ਦਾ ਫੈਸਲਾ, ਕੋਰਟ ਦੇ ਆਰਡਰ ਵਰਗੇ ਅਨੇਕਾਂ ਸ਼ਬਦ ਪ੍ਰਚਲਿਤ ਹੋ ਗਏ ਹਨ। ਇਸ ਤਰ੍ਹਾਂ ਅਦਾਲਤ, ਕਚਹਿਰੀ ਸ਼ਬਦਾਂ ਦਾ ਲੰਮਾ ਚੌੜਾ ਕੁਨਬਾ ਹੈ ਤੇ ਇਸ ਨਾਲ ਹਰ ਰੋਜ਼ ਨਵੇਂ ਸ਼ਬਦ ਬਣ ਰਹੇ ਹਨ, ਜੋ ਇਹਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ।

_______________________________________

ਬੈਲਜੀਅਮ ਦਾ ‘ਪੈਲੇਸ ਆਫ਼ ਜਸਟਿਸ’

ਬ੍ਰਸੇਲ, ਬੈਲਜੀਅਮ: ਇਹ ਇਮਾਰਤ 19ਵੀਂ ਸਦੀ ਵਿੱਚ ਬਣੀ ਸਭ ਤੋਂ ਵੱਡੀ ਇਮਾਰਤ ਮੰਨੀ ਜਾਂਦੀ ਹੈ, ਜਿਸ ਦਾ ਖੇਤਰ 52 ਹਜ਼ਾਰ ਸਕੁਏਅਰ ਮੀਟਰ ਕਵਰ ਕਰਦਾ ਹੈ। ਉਸਾਰੀ ਲਈ ਬ੍ਰਸੇਲਜ਼ ਵਿੱਚ ਇੱਕ ਪੂਰਾ ਖੇਤਰ ਸਾਫ਼ ਕਰਨਾ ਪਿਆ। ਇਸ ਦੀ ਉਸਾਰੀ ਦਾ ਕੰਮ 20 ਸਾਲ ਚੱਲਿਆ। ਮੁੱਖ ਹਾਲ ਦੀ ਉਚਾਈ 97.5 ਮੀਟਰ ਹੈ।

ਕੁਝ ਬੈਲਜੀਅਨਾਂ ਦੁਆਰਾ ਬ੍ਰਸੇਲਜ਼ ਵਿੱਚ ‘ਪੈਲੇਸ ਆਫ਼ ਜਸਟਿਸ’ ਪ੍ਰਾਜੈਕਟ ਦੇ ਲੇਖਕ ਜੋਸੇਫ ਪੌਲਾਰਡ ਨੂੰ “ਗੈਰ-ਪ੍ਰੋਫੈਸ਼ਨਲ ਆਰਕੀਟੈਕਟ” ਦਾ ਨਾਮ ਦਿੱਤਾ ਗਿਆ, ਜੋ ਸਭ ਤੋਂ ਵੱਧ ਸੈਂਸਰਸ਼ਿਪ ਉਪਨਾਮ ਹੈ। ਸਥਾਨਕ ਲੋਕਾਂ ਦੀ ਨਕਾਰਾਤਮਕ ਪ੍ਰਤੀਕਿਰਿਆ ਇਸ ਤੱਥ ਦੇ ਕਾਰਨ ਸੀ ਕਿ ਇਸ ਦੇ ਨਿਰਮਾਣ ਲਈ ਲਗਭਗ 3 ਹਜ਼ਾਰ ਨਿੱਜੀ ਘਰ ਢਾਹ ਦਿੱਤੇ ਗਏ ਸਨ। ਅਧਿਕਾਰੀਆਂ ਨੇ ਬੇਦਖਲ ਕੀਤੇ ਲੋਕਾਂ ਨੂੰ ਨਵੇਂ ਮਕਾਨ ਮੁਹੱਈਆ ਕੀਤੇ, ਪਰ ਫਿਰ ਵੀ ਮਹਿਲ ਦੇ ਖੁੱਲ੍ਹਣ ਤੋਂ ਅਗਲੇ ਦਿਨ, ਅਖ਼ਬਾਰਾਂ ਨੇ ਰਿਪੋਰਟ ਦਿੱਤੀ ਕਿ ਸ਼ਹਿਰ ਦੇ ਲੋਕਾਂ ਨੇ ਨਿਆਂਪਾਲਿਕਾ ਦੇ ਪ੍ਰਤੀਕ ਨੂੰ ‘ਅਪਵਿੱਤਰ’ ਕਰਾਰ ਦਿੱਤਾ ਹੈ।

ਉਸਾਰੀ ਲਈ ਜਗ੍ਹਾ ਨੂੰ ਗਲਗਨਬਰਗ ਪਹਾੜੀ ‘ਤੇ ਹੋਣ ਕਾਰਨ ਚੁਣਿਆ ਗਿਆ ਸੀ, ਯਾਨਿ ਗੈਲੋਜ਼ ਹਿੱਲ, ਜਿੱਥੇ ਮੱਧ ਯੁੱਗ ਤੋਂ ਮੌਤ ਦੀ ਸਜ਼ਾ ਦਿੱਤੀ ਗਈ ਸੀ। ਅੱਜ, ‘ਪੈਲੇਸ ਡੀ ਜਸਟਿਸ’ ਵਿੱਚ ਕੈਸੇਸ਼ਨ ਦੀ ਅਦਾਲਤ ਹੈ। ਕਈ ਸਾਲਾਂ ਤੋਂ ਇਮਾਰਤ ਨੂੰ ਸਕੈਫੋਲਡਿੰਗ ਨਾਲ ਢਕਿਆ ਗਿਆ ਹੈ; ਵੱਡੇ ਪੱਧਰ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਗੁੰਬਦ ਸੁਨਹਿਰੀ ਝਾਲ ਨਾਲ ਚਮਕਿਆ ਹੈ। ਉਪਰਲੀ, ਖੁੱਲ੍ਹੀ ਗੈਲਰੀ ਤੋਂ ਬ੍ਰਸੇਲਜ਼ ਦਾ ਇੱਕ ਸੁੰਦਰ ਪੈਨੋਰਾਮਾ ਖੁੱਲ੍ਹਦਾ ਹੈ।

ਸ਼ਾਨਦਾਰ ਢਾਂਚਾ ਬੇਬੀਲੋਨ ਜ਼ਿਗਗੁਰਟ ਦੀ ਯਾਦ ਦਿਵਾਉਂਦਾ ਹੈ, ਹੌਲੀ ਹੌਲੀ ਨਵੇਂ ਸੰਯੁਕਤ ਬੈਲਜੀਅਮ ਦਾ ਪ੍ਰਤੀਕ ਬਣ ਗਿਆ।

 

ਜਸਟਿਜ਼ਪਲਾਸਟ (ਮਿਊਨਿਖ, ਜਰਮਨੀ)

ਇਸ ਇਮਾਰਤ ਨੂੰ ਜਰਮਨੀ ਦੀ ਸਭ ਤੋਂ ਖੂਬਸੂਰਤ ਇਮਾਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਕੇਂਦਰੀ ਰੇਲਵੇ ਸਟੇਸ਼ਨ ਅਤੇ ਰਾਇਲ ਸਕੁਏਅਰ ਦੇ ਵਿਚਕਾਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਅਦਾਲਤ ਨੇ ਪਹਿਲੀ ਵਾਰ 1886 ਵਿੱਚ ਆਪਣੇ ਦਰਵਾਜ਼ੇ ਖੋਲ੍ਹੇ ਸਨ। ਇਮਾਰਤ ਵਿੱਚ 67 ਮੀਟਰ ਉੱਚਾ ਕੱਚ ਦਾ ਇੱਕ ਵਿਸ਼ਾਲ ਗੁੰਬਦ ਹੈ।

ਪ੍ਰਾਜੈਕਟ ਦਾ ਲੇਖਕ ਆਰਕੀਟੈਕਟ ਫ੍ਰੀਡਰਿਕ ਵਾਨ ਥਿਰਸ਼ ਸੀ, ਜਿਸ ਨੇ ਨਵ-ਬੈਰੋਕ ਸ਼ੈਲੀ ਵਿੱਚ ਪੁਨਰਜਾਗਰਣ ਦੇ ਤੱਤਾਂ ਨੂੰ ਜੋੜ ਕੇ ਇਮਾਰਤ ਨੂੰ ਡਿਜ਼ਾਈਨ ਕੀਤਾ ਸੀ। ਹਾਲਾਂਕਿ ਕੋਰਟਹਾਊਸ ਨਾ ਸਿਰਫ ਇੱਕ ਆਰਕੀਟੈਕਚਰਲ ਅਤੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਤੋਂ, ਸਗੋਂ ਇੱਕ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਦਿਲਚਸਪ ਹੈ: ਇੱਥੇ ਨਾਜ਼ੀ-ਵਿਰੋਧੀ ਸਮੂਹ ‘ਵ੍ਹਾਈਟ ਰੋਜ਼’ ਦੇ ਮੈਂਬਰਾਂ ਦੇ ਵਿਰੁੱਧ ਇੱਕ ਮੁਕੱਦਮਾ ਚਲਾਇਆ ਗਿਆ ਸੀ। ਪੈਲੇਸ ਆਫ਼ ਜਸਟਿਸ `ਚ ਸੰਗੀਤਕਾਰ ਲੋਥਰ ਬਰੂਨੇਟ ਦੀ ਸਾਬਕਾ ਪਤਨੀ ਵੀਰਾ ਬਰੂਨੇਟ, ਜਿਸ ਨੂੰ ਆਪਣੇ ਪ੍ਰੇਮੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਦਾ ਮੁਕੱਦਮਾ ਵੀ ਚੱਲਿਆ।

 

‘ਨੂਰਮਬਰਗ ਨਿਆਂ ਦਾ ਪੈਲੇਸ’

ਇਸ ਤੋਂ ਇਲਾਵਾ ਜਰਮਨੀ ਦਾ ‘ਨੂਰਮਬਰਗ ਨਿਆਂ ਦਾ ਪੈਲੇਸ’ ਟਰਾਇਲਾਂ ਲਈ ਮਸ਼ਹੂਰ ਹੈ। ਇਸਦਾ ਨਿਰਮਾਣ 1916 ਵਿੱਚ ਪੂਰਾ ਹੋਇਆ ਸੀ। ਇਮਾਰਤ ਦਾ ਅੰਦਰੂਨੀ ਖੇਤਰ ਲਗਭਗ 65 ਹਜ਼ਾਰ ਸਕੁਏਅਰ ਮੀਟਰ ਹੈ। ਇੱਥੇ ਨਾਜ਼ੀ ਪਾਰਟੀ ਦੀਆਂ ਕਾਂਗਰਸਾਂ ਨਿਯਮਿਤ ਤੌਰ ‘ਤੇ ਹੁੰਦੀਆਂ ਸਨ, ਜਿਸ ਲਈ ਨੂਰਮਬਰਗ ਨੂੰ ‘ਰੀਕ ਪਾਰਟੀ ਦੀਆਂ ਕਾਂਗਰਸਾਂ ਦਾ ਸ਼ਹਿਰ’ ਕਿਹਾ ਜਾਂਦਾ ਸੀ। ਮੁਕੱਦਮੇ ਦੀ ਸਮਾਪਤੀ ਤੋਂ ਬਾਅਦ ਮਹਿਲ ਦੀ ਇਮਾਰਤ ਅਮਰੀਕੀ ਪ੍ਰਸ਼ਾਸਨ ਦੀ ਜਾਇਦਾਦ ਰਹੀ। 20 ਸਾਲ ਬਾਅਦ 30 ਜੂਨ 1961 ਨੂੰ ਇਸਨੂੰ ਪੱਛਮੀ ਜਰਮਨੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਪਿੱਛੋਂ ਜੱਜ ਦੇ ਬੈਂਚ ਦੇ ਉੱਪਰ ਇੱਕ ਵੱਡਾ ਕਰਾਸ ਲਟਕਾਇਆ ਗਿਆ ਸੀ। ਉਦੋਂ ਤੋਂ ਬਾਵੇਰੀਅਨ ਨਿਆਂ ਪ੍ਰਣਾਲੀ ਇਸਦੀ ਵਰਤੋਂ ਅਦਾਲਤੀ ਸੁਣਵਾਈਆਂ ਕਰਨ ਲਈ ਕਰ ਰਹੀ ਹੈ।

ਨੂਰਮਬਰਗ ਟ੍ਰਾਇਲਸ ਦੇ ਇਤਿਹਾਸ ਦਾ ਅਜਾਇਬ ਘਰ ਪੈਲੇਸ ਆਫ਼ ਜਸਟਿਸ 2010 ਵਿੱਚ ਖੋਲਿ੍ਹਆ ਗਿਆ ਸੀ। ਮਿਊਜ਼ੀਅਮ ਬਣਾਉਣ ‘ਤੇ 4.2 ਮਿਲੀਅਨ ਯੂਰੋ ਖਰਚ ਕੀਤੇ ਗਏ ਸਨ। ਬਾਵੇਰੀਆ ਦੀ ਰਾਜ ਸਰਕਾਰ ਅਤੇ ਜਰਮਨੀ ਦੀ ਸੰਘੀ ਸਰਕਾਰ ਵੱਲੋਂ ਫੰਡ ਪ੍ਰਦਾਨ ਕੀਤੇ ਗਏ ਸਨ।

 

ਪੈਲੇਸ ਡੀ ਜਸਟਿਸ (ਪੈਰਿਸ, ਫਰਾਂਸ)

ਪੈਰਿਸ ਦੀਆਂ ਸਾਰੀਆਂ ਥਾਂਵਾਂ ਵਿੱਚੋਂ ਪੈਲੇਸ ਆਫ਼ ਜਸਟਿਸ ਵਿਸ਼ੇਸ਼ ਧਿਆਨ ਦਾ ਹੱਕਦਾਰ ਹੈ। ਇਹ 4 ਹੈਕਟੇਅਰ ਦੇ ਖੇਤਰ ਦੇ ਨਾਲ ਇੱਕ ਵੱਖਰੇ ਜ਼ਿਲ੍ਹੇ ‘ਤੇ ਕਬਜ਼ਾ ਕਰਦਾ ਹੈ, ਜੋ ਟਾਪੂ ਦਾ ਲਗਭਗ ਅੱਧਾ ਹਿੱਸਾ ਬਣਾਉਂਦਾ ਹੈ। ਇੱਥੇ, ਕਈ ਇਮਾਰਤਾਂ ਵਿੱਚ, ਜੋ ਇੱਕ ਵੱਖਰਾ ਮਹਿਲ ਕੰਪਲੈਕਸ ਹੈ। ਇੱਥੇ ਕੈਸੇਸ਼ਨ ਤੇ ਅਪੀਲ ਦੀ ਅਦਾਲਤ ਅਤੇ ਨਾਲ ਹੀ ਕਈ ਵਿਭਾਗੀ ਸੰਸਥਾਵਾਂ ਸਥਿਤ ਹਨ।

ਫਰਾਂਸ ਦੇ ਗਠਨ ਤੋਂ ਲੈ ਕੇ ਚਾਰ ਸਦੀਆਂ ਤੱਕ ਇੱਥੇ ਸੀਟ ਪੈਲੇਸ ਸੀ, ਜੋ ਫਰਾਂਸੀਸੀ ਰਾਜਿਆਂ ਦਾ ਨਿਵਾਸ ਸੀ। ਚਾਰਲਸ ਪੰਜਵਾਂ ਇੱਥੇ ਰਹਿਣ ਵਾਲਾ ਆਖਰੀ ਬਾਦਸ਼ਾਹ ਸੀ। ਉਸਦੇ ਬਾਅਦ ਰਿਹਾਇਸ਼ ਨੂੰ ਹੋਟਲ ਸੇਂਟ ਪਾਲ ਅਤੇ ਫਿਰ ਲੂਵਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅੱਜ ਫਰਾਂਸ ਦੀ ਸਮੁੱਚੀ ਨਿਆਂ ਪ੍ਰਣਾਲੀ ਇੱਥੇ ਕੇਂਦਰਿਤ ਹੈ, ਜਿਸ ਨੂੰ ਸ਼ਹਿਰ ਦੇ ਅੰਦਰ ਇੱਕ ਹੋਰ ਸ਼ਹਿਰ ਕਿਹਾ ਜਾ ਸਕਦਾ ਹੈ। ਇੱਥੋਂ ਤੱਕ ਕਿ ਇਸਦੀ ਆਪਣੀ ਅਪਰਾਧਿਕ ਪੁਲਿਸ ਵੀ ਹੈ। ਪੈਲੇਸ ਡੀ ਜਸਟਿਸ 13ਵੀਂ-20ਵੀਂ ਸਦੀ ਦੀਆਂ ਆਰਕੀਟੈਕਚਰਲ ਸ਼ੈਲੀਆਂ ਦਾ ਇੱਕ ਜੈਵਿਕ ਮਿਸ਼ਰਣ ਹੈ।

 

ਅੰਤਰਰਾਸ਼ਟਰੀ ਅਦਾਲਤ (ਹੇਗ, ਨੀਦਰਲੈਂਡ)

ਪੀਸ ਪੈਲੇਸ, ਜੋ ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਅਤੇ ਸਥਾਈ ਅਦਾਲਤ ਦੀ ਸਰਕਾਰੀ ਰਿਹਾਇਸ਼ ਹੈ, ਨੂੰ 20ਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕੀ ਉਦਯੋਗਪਤੀ ਐਂਡਰਿਊ ਕਾਰਨੇਗੀ ਦੇ ਦਾਨ ਨਾਲ ਬਣਾਇਆ ਗਿਆ ਸੀ। ਇਹ 7 ਹੈਕਟੇਅਰ ਪਾਰਕ ਦੇ ਕੇਂਦਰ ਵਿੱਚ ਸਥਿਤ ਹੈ। ਇਮਾਰਤ ਦੀ ਇੱਕ ਪਛਾਣਯੋਗ ਵਿਸ਼ੇਸ਼ਤਾ 80 ਮੀਟਰ ਉੱਚਾ ਘੜੀ ਟਾਵਰ ਹੈ।

ਇਸ ਵਿੱਚ ਜਨਤਕ ਅੰਤਰਰਾਸ਼ਟਰੀ ਕਾਨੂੰਨ ਬਾਰੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ, ਨਾਲ ਹੀ ਅੰਤਰਰਾਸ਼ਟਰੀ ਅਦਾਲਤ ਦੇ ਇਤਿਹਾਸ ਤੇ ਗਤੀਵਿਧੀਆਂ ਦਾ ਅਜਾਇਬ ਘਰ ਅਤੇ ਮਹਿਲ ਵਿੱਚ ਕੰਮ ਕਰਨ ਵਾਲੀਆਂ ਹੋਰ ਸੰਸਥਾਵਾਂ ਹਨ। ਅੰਦਰੂਨੀ ਤੱਤ ਲੱਕੜ ਦੀਆਂ ਮੂਰਤੀਆਂ, ਰੰਗੀਨ ਕੱਚ ਦੀਆਂ ਖਿੜਕੀਆਂ, ਮੋਜ਼ੇਕ, ਟੇਪੇਸਟ੍ਰੀਜ਼ ਅਤੇ ਕਲਾ ਦੇ ਹੋਰ ਟੁਕੜੇ ਹਨ, ਜੋ ਦੋ ਹੇਗ ਕਾਨਫਰੰਸਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੁਆਰਾ ਦਾਨ ਕੀਤੇ ਗਏ ਹਨ ਤੇ ਵਿਸ਼ਵ ਸਭਿਆਚਾਰਾਂ ਦੀ ਵਿਭਿੰਨਤਾ ਦਾ ਪ੍ਰਤੀਕ ਹਨ।

 

ਕੁਆਲਾਲੰਪੁਰ ਕੋਰਟਹਾਊਸ

ਕੁਆਲਾਲੰਪੁਰ ਕੋਰਟ ਬਿਲਡਿੰਗ ਦੁਨੀਆਂ ਦਾ ਸਭ ਤੋਂ ਵੱਡਾ ਕੋਰਟਹਾਊਸ ਹੈ। ਵਾਸਤਵ ਵਿੱਚ ਇਹ ਇੱਕ ਪੂਰਾ ਕੰਪਲੈਕਸ ਹੈ, ਜੋ ਕਰੀਬ 12 ਹੈਕਟੇਅਰ ਦੇ ਖੇਤਰ ਨੂੰ ਕਵਰ ਕਰਦਾ ਹੈ। ਇਸ ਪ੍ਰਾਜੈਕਟ ਨੂੰ ਬਣਾਉਣ ਵਿੱਚ 3 ਸਾਲ ਲੱਗੇ। ਇਮਾਰਤ ਵਿੱਚ ਸਿਵਲ ਕੋਰਟ ਆਫ ਫਸਟ ਇੰਸਟੈਂਸ, 21 ਫੌਜਦਾਰੀ ਅਦਾਲਤ ਦੇ ਹਾਲ, 26 ਮੈਜਿਸਟ੍ਰੇਟ ਸੁਣਵਾਈ ਕਮਰੇ ਅਤੇ 30 ਪਰਿਵਾਰਕ ਅਦਾਲਤ ਦੇ ਕਮਰੇ ਹਨ। ਇਸ ਤੋਂ ਇਲਾਵਾ, ਇੱਥੇ ਇੱਕ ਲਾਇਬ੍ਰੇਰੀ, ਇੱਕ ਮਨੋਰੰਜਨ ਖੇਤਰ ਅਤੇ ਇੱਕ ਪਾਰਕ ਹੈ। ਉਸਾਰੀ ਦੀ ਲਾਗਤ $76.3 ਮਿਲੀਅਨ ਹੋਣ ਦਾ ਅਨੁਮਾਨ ਹੈ।

 

ਭਾਰਤ ਦੀ ਸੁਪਰੀਮ ਕੋਰਟ

ਭਾਰਤ ਦੀ ਸੁਪਰੀਮ ਕੋਰਟ ਭਾਰਤ ਦੇ ਗਣਰਾਜ ਦੀ ਸਰਵਉੱਚ ਨਿਆਂਇਕ ਅਥਾਰਟੀ ਅਤੇ ਸਰਵਉੱਚ ਅਦਾਲਤ ਹੈ। ਇਹ 26 ਜਨਵਰੀ 1950 ਨੂੰ ਹੋਂਦ ਵਿੱਚ ਆਈ ਅਤੇ ਇਹ ਤਿਲਕ ਮਾਰਗ, ਨਵੀਂ ਦਿੱਲੀ ‘ਤੇ ਸਥਿਤ ਹੈ। ਇਸ ਵਿੱਚ 27.6 ਮੀਟਰ ਉੱਚਾ ਗੁੰਬਦ ਅਤੇ ਇੱਕ ਵਿਸ਼ਾਲ ਕਾਲੋਨੇਡ ਵਰਾਂਡਾ ਹੈ। ਸੁਪਰੀਮ ਕੋਰਟ ਭਾਰਤ ਵਿੱਚ ਸਾਰੇ ਸਿਵਲ ਅਤੇ ਫੌਜਦਾਰੀ ਕੇਸਾਂ ਲਈ ਅਪੀਲ ਦੀ ਅੰਤਿਮ ਅਦਾਲਤ ਹੈ। ਇਸ ਕੋਲ ਨਿਆਂਇਕ ਸਮੀਖਿਆ ਦੀ ਸ਼ਕਤੀ ਵੀ ਹੈ। ਸੁਪਰੀਮ ਕੋਰਟ, ਜਿਸ ਵਿੱਚ ਭਾਰਤ ਦੇ ਚੀਫ਼ ਜਸਟਿਸ ਅਤੇ ਵੱਧ ਤੋਂ ਵੱਧ 33 ਸਾਥੀ ਜੱਜ ਸ਼ਾਮਲ ਹੁੰਦੇ ਹਨ, ਜਿਨ੍ਹਾਂ ਕੋਲ ਮੂਲ, ਅਪੀਲੀ ਅਤੇ ਸਲਾਹਕਾਰੀ ਅਧਿਕਾਰ ਖੇਤਰਾਂ ਦੇ ਰੂਪ ਵਿੱਚ ਵਿਆਪਕ ਸ਼ਕਤੀਆਂ ਹੁੰਦੀਆਂ ਹਨ। ਇਸ ਦੇ ਫੈਸਲੇ ਹੋਰ ਭਾਰਤੀ ਅਦਾਲਤਾਂ ਦੇ ਨਾਲ-ਨਾਲ ਕੇਂਦਰ ਅਤੇ ਰਾਜ ਸਰਕਾਰਾਂ ‘ਤੇ ਪਾਬੰਦ ਹਨ।

ਸਿਖਰਲੀ ਸੰਵਿਧਾਨਕ ਅਦਾਲਤ ਹੋਣ ਦੇ ਨਾਤੇ ਇਹ ਮੁੱਖ ਤੌਰ ‘ਤੇ ਵੱਖ-ਵੱਖ ਰਾਜਾਂ ਦੀਆਂ ਹਾਈ ਕੋਰਟਾਂ ਅਤੇ ਟ੍ਰਿਬਿਊਨਲਾਂ ਦੇ ਫੈਸਲਿਆਂ ਵਿਰੁੱਧ ਅਪੀਲਾਂ ਦਾ ਨਿਪਟਾਰਾ ਕਰਦੀ ਹੈ। ਇੱਕ ਸਲਾਹਕਾਰ ਅਦਾਲਤ ਦੇ ਰੂਪ ਵਿੱਚ ਇਹ ਉਨ੍ਹਾਂ ਮਾਮਲਿਆਂ ਦੀ ਸੁਣਵਾਈ ਕਰਦੀ ਹੈ, ਜਿਨ੍ਹਾਂ ਦਾ ਭਾਰਤ ਦੇ ਰਾਸ਼ਟਰਪਤੀ ਦੁਆਰਾ ਹਵਾਲਾ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *